ਮਾਹੀਆ

'ਮਾਹੀਆ' ਲੋਕ ਪ੍ਰਤਿਭਾ ਦੇ ਮੁੱਢ ਕਦੀਮੀਂ ਸਰੋਦੀ ਸੋਮਿਆਂ ਵਿੱਚੋਂ ਵਿਕਸਤ ਹੋਇਆ ਛੋਟੀ ਸਿਨਫ਼ ਦਾ ਲੋਕ ਕਾਵਿ-ਰੂਪ ਹੈ ਜਿਸ ਨੇ ਮਨੁੱਖੀ ਪਿਆਰ, ਰਿਸ਼ਤਿਆਂ ਦੀ ਸਦੀਵੀ ਮੁਹੱਬਤ ਅਤੇ ਅਪਣੱਤ ਨੂੰ ਆਪਣੇ ਵਿੱਚ ਸਮੋਇਆ ਹੋਇਆ ਹੈ। ਅਸਲ ਵਿਚ 'ਮਾਹੀਆ' ਪਿਆਰ ਗੀਤ ਹੈ ਜਿਸ ਨੂੰ ਬਹੁਤ ਹੀ ਸਰਲ ਅਤੇ ਸਾਦਾ ਭਾਸ਼ਾ ਵਿੱਚ ਸ਼ਿੰਗਾਰ ਰਸ ਅਤੇ ਕਰੁਣਾ ਰਸ ਦੀ ਚਾਸ਼ਨੀ ਵਿੱਚ ਗਲੇਫ਼ ਕੇ ਲੋਕ ਪ੍ਰਤਿਭਾ ਨੇ ਸਿਰਜਿਆ ਹੈ। ਇਹ ਪੰਜਾਬ ਦੀਆਂ ਸਾਰੀਆਂ ਉਪ ਬੋਲੀਆਂ ਵਿੱਚ ਰਚਿਆ ਹੋਇਆ ਮਿਲਦਾ ਹੈ। ਮੁਲਤਾਨ, ਸਿਆਲਕੋਟ, ਪੋਠੋਹਾਰ ਅਤੇ ਜੰਮੂ ਦੇ ਪਹਾੜੀ ਖੇਤਰਾਂ ਵਿੱਚ ਇਹ ਪੁਰਾਤਨ ਕਾਲ ਤੋਂ ਹੀ ਲੋਕਪ੍ਰਿਆ ਰਿਹਾ ਹੈ। ਇਨ੍ਹਾਂ ਸਾਰੇ ਖੇਤਰਾਂ ਵਿਚ ਇਸ ਦਾ ਰੂਪ ਵਿਧਾਨ ਤੇ ਗਾਉਣ ਦੀ ਪ੍ਰਥਾ ਇਕਸਾਰ ਹੈ।

ਮਾਹੀ ਦੇ ਸ਼ਾਬਦਕ ਅਰਥ ਮੱਝਾਂ ਚਰਾਉਣ ਵਾਲ਼ਾ ਹਨ। ਰਾਂਝਾ ਬਾਰਾਂ ਵਰ੍ਹੇ ਹੀਰ ਲਈ ਮੱਝਾਂ ਚਰਾਉਂਦਾ ਰਿਹਾ ਹੈ ਜਿਸ ਕਰਕੇ ਹੀਰ ਉਸ ਨੂੰ ਮਾਹੀ ਆਖ ਕੇ ਬੁਲਾਉਂਦੀ ਸੀ। ਹੀਰ ਰਾਂਝੇ ਦੀ ਪ੍ਰੀਤ ਕਥਾ ਦਾ ਪੰਜਾਬ ਦੇ ਜਨ ਜੀਵਨ ’ਤੇ ਅਮਿੱਟ ਪ੍ਰਭਾਵ ਪਿਆ ਹੈ, ਜਿਸ ਕਰਕੇ ਮਾਹੀ ਸ਼ਬਦ ਦਾ ਪਦਨਾਮ ਮਹਿਬੂਬ ਅਤੇ ਪਤੀ ਲਈ ਪ੍ਰਚਲਤ ਹੋ ਗਿਆ। ਪੰਜਾਬ ਦੀ ਮੁਟਿਆਰ ਆਪਣੇ ਮਹਿਬੂਬ ਨੂੰ ਬੜੇ ਚਾਅ ਨਾਲ 'ਮਾਹੀਆ' ਆਖ ਕੇ ਸੱਦਦੀ ਹੈ।[1]

ਮਾਹੀਆ ਗੀਤ-ਰੂਪ ਦਾ ਅਪਣਾ ਰੂਪ ਵਿਧਾਨ ਹੈ। ਕਰਤਾਰ ਸਿੰਘ ਸ਼ਮਸ਼ੇਰ ਅਨੁਸਾਰ ਇਸ ਦੀਆਂ ਤਿੰਨ ਤੁਕਾਂ ਹੁੰਦੀਆਂ ਹਨ ਪਰ ਡਾਕਟਰ ਵਣਜਾਰਾ ਬੇਦੀ ਅਨੁਸਾਰ ਇਹ ਛੋਟੇ ਆਕਾਰ ਦਾ ਦੋ ਸਤਰਾਂ ਦਾ ਗੀਤ ਹੈ। ਪਹਿਲੀ ਸਤਰ ਆਕਾਰ ਵਿੱਚ ਦੂਜੀ ਸਤਰ ਨਾਲੋਂ ਅੱਧੀ ਹੁੰਦੀ ਹੈ। ਦੂਜੀ ਸਤਰ ਦੇ ਦੋ ਤੁਕਾਂਗ ਹੁੰਦੇ ਹਨ। ਇਨ੍ਹਾਂ ਦੋ ਤੁਕਾਂਗਾਂ ਨੂੰ ਕਈ ਦੋ ਸਤਰਾਂ ਮੰਨ ਕੇ ਮਾਹੀਏ ਦੀਆਂ ਤਿੰਨ ਤੁਕਾਂ ਗਿਣਦੇ ਹਨ। ਕਰਤਾਰ ਸਿੰਘ ਸ਼ਮਸ਼ੇਰ ਦੇ ਸ਼ਬਦਾਂ ਵਿੱਚ ਮਾਹੀਏ ਦਾ ਰੂਪ ਵਿਧਾਨ ਇਸ ਪ੍ਰਕਾਰ ਹੈ: ਸਾਧਾਰਨ ਤੱਤ ਇਸ ਦੀਆਂ ਤਿੰਨ ਤੁਕਾਂ ਹਨ। ਪਹਿਲੀ ਤੁਕ ਵਿੱਚ ਕੋਈ ਦ੍ਰਿਸ਼ਟਾਂਤ ਹੁੰਦਾ ਹੈ। ਕਲਾ ਦੇ ਪੱਖ ਤੋਂ ਉੱਤਮ ਪ੍ਰਕਾਰ ਦੇ ਮਾਹੀਆ ਲੋਕ ਗੀਤਾਂ ਵਿੱਚ ਪਹਿਲੀ ਤੁਕ ਵੀ ਓਨੀ ਹੀ ਅਰਥਪੂਰਨ ਦੇ ਭਾਵਪੂਰਨ ਹੁੰਦੀ ਹੈ, ਜਿੰਨੀਆਂ ਕੁ ਬਾਕੀ ਦੀਆਂ ਤੁਕਾਂ। ਕਈਆਂ ਵਿੱਚ ਇਹ ਤੁਕ ਨਿਰਾਰਥਕ ਹੀ ਹੁੰਦੀ ਹੈ ਅਤੇ ਅਨੁਪਰਾਸ ਮੇਲਣ ਲਈ ਹੀ ਵਰਤੀ ਜਾਂਦੀ ਹੈ। ਜਜ਼ਬੇ ਦੀ ਤਸਵੀਰ ਹੇਠਲੀਆਂ ਦੋ ਤੁਕਾਂ ਵਿੱਚ ਖਿੱਚੀ ਹੁੰਦੀ ਹੈ। ਪਹਿਲੀ ਅਤੇ ਤੀਜੀ ਤੁਕ ਦਾ ਅਨੁਪਰਾਸ ਮਿਲਦਾ ਹੈ। ਵਿਚਲੀ ਤੁਕ ਕੁਝ ਛੋਟੀ ਹੁੰਦੀ ਹੈ। ਇਨ੍ਹਾਂ ਦੋ ਤੁਕਾਂ ਵਿੱਚ ਜਜ਼ਬਿਆਂ ਨੂੰ ਠੋਸ ਚਿੱਤਰਾਂ ਵਿੱਚ ਸਾਕਾਰ ਕਰਨਾ ਹੁੰਦਾ ਹੈ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕੁੱਜੇ ਵਿੱਚ ਦਰਿਆ ਨੂੰ ਬੰਦ ਕਰਨਾ ਇਨ੍ਹਾਂ ਲੋਕ ਕਲਾਕਾਰਾਂ ਦੀ ਪ੍ਰਤਿਭਾ ਹੈ। ਜਜ਼ਬਿਆਂ ਨੂੰ ਸਾਕਾਰ ਕਰਨ ਲਈ ਜਿਹੜੇ ਚਿੱਤਰ ਖਿੱਚੇ ਜਾਂਦੇ ਹਨ, ਉਨ੍ਹਾਂ ਵਿਚਲੀ ਘਟਨਾ ਦੀ ਚੋਣ ਪ੍ਰਤਿਭਾ ਦੀ ਅਸਲ ਕਸੌਟੀ ਹੈ।[2]

ਪੰਜਾਬ ਵਿੱਚ ਵਿਸ਼ੇਸ਼ ਕਰਕੇ ਧਨ ਪੋਠੋਹਾਰ ਵਿੱਚ ਮਾਹੀਏ ਦਾ ਇੱਕ ਹੋਰ ਰੂਪ ਵੀ ਪ੍ਰਚਲਤ ਹੈ, ਜਿਸ ਨੂੰ 'ਬਾਲ੍ਹੋ ਮਾਹੀਏ' ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਇਹ ਰੂਪ ਕਿਸੇ ਸਮੇਂ ਬੜਾ ਪ੍ਰਚਲਤ ਹੋਇਆ ਸੀ। ਬਾਲ੍ਹੋ ਗੁੱਜਰਾਂਵਾਲੇ ਦੀ ਰਹਿਣ ਵਾਲ਼ੀ ਇੱਕ ਸੁੰਦਰ ਮੁਟਿਆਰ ਸੀ ਜਿਸ ਦਾ ਪਿਆਰ ਮੁਹੰਮਦ ਅਲੀ ਨਾਂ ਦੇ ਗੱਭਰੂ ਨਾਲ਼ ਸੀ, ਜਿਸ ਨੂੰ ਉਹ ਪਿਆਰ ਨਾਲ਼ 'ਮਾਹੀਆ' ਸੱਦਿਆ ਕਰਦੀ ਸੀ। ਦੋਹਾਂ ਦਾ ਆਪੋ ਵਿੱਚ ਅਮੁੱਕ ਪਿਆਰ ਸੀ ਤੇ ਰੱਬ ਨੇ ਇਨ੍ਹਾਂ ਦੋਹਾਂ ਨੂੰ ਹੁਸਨ ਦੇ ਨਾਲ਼ ਆਵਾਜ਼ ਵੀ ਸੁਰੀਲੀ ਬਖ਼ਸ਼ੀ ਸੀ। ਇਨ੍ਹਾਂ ਦੋਹਾਂ ਨੇ ਮਾਹੀਏ ਦੀਆਂ ਨਵੀਆਂ ਧੁਨਾਂ ਪ੍ਰਚਲਤ ਕੀਤੀਆਂ, ਜੋ ਸਵਾਲਾਂ-ਜਵਾਬਾਂ ਵਿੱਚ ਹਨ। ਇੱਕ ਟੱਪੇ ਵਿੱਚ ਬਾਲ੍ਹੋ ਦਾ ਨਾਂ ਆਉਂਦਾ ਹੈ ਤੇ ਦੂਜੇ ਵਿੱਚ ਮਾਹੀਆ ਸ਼ਬਦ ਆਉਂਦਾ ਹੈ। ਇਸ ਵਿੱਚ ਹੁਸਨ ਇਸ਼ਕ ਦੀ ਚਰਚਾ ਹੁੰਦੀ ਹੈ ਜਿਵੇਂ:-

ਹੱਟੀਆਂ 'ਤੇ ਫੀਤਾ ਈ
ਸੱਚ ਦੱਸ ਨੀਂ ਬਾਲ੍ਹੋ
ਕਦੇ ਯਾਦ ਵੀ ਕੀਤਾ ਈ

ਮੈਂ ਖੜ੍ਹੀ ਆਂ ਵਿੱਚ ਬੇਲੇ
ਕਸਮ ਖ਼ੁਦਾ ਦੀ ਮਾਹੀਆ
ਯਾਦ ਕਰਨੀ ਆਂ ਹਰ ਵੇਲੇ

ਇਹ ਸਵਾਲਾਂ-ਜਵਾਬਾਂ ਵਾਲ਼ਾ ਮਾਹੀਆਂ ਅੱਜ ਵੀ 'ਬਾਲ੍ਹੋ-ਮਾਹੀਆ' ਦੇ ਨਾਂ ਨਾਲ਼ ਪ੍ਰਸਿੱਧ ਹੈ।[3]

ਅਸਲ ਵਿਚ 'ਮਾਹੀਆ' ਜਜ਼ਬਿਆਂ ਭਰਪੂਰ ਕਾਵਿ-ਰੂਪ ਹੈ ਜਿਸ ਵਿੱਚ ਮੁੱਖ ਤੌਰ 'ਤੇ ਰੁਮਾਂਚਿਕ ਵਿਸ਼ਿਆਂ ਨੂੰ ਹੀ ਰੂਪਮਾਨ ਕੀਤਾ ਗਿਆ ਹੈ। ਇਸ ਵਿੱਚ ਮੁਹੱਬਤ ਦੀਆਂ ਕੂਲ੍ਹਾਂ ਵਹਿ ਰਹੀਆਂ ਹਨ। ਇਨ੍ਹਾਂ ਗੀਤਾਂ ਵਿੱਚ ਪੰਜਾਬ ਦੀ ਮੁਟਿਆਰ ਆਪਣੇ ਮਾਹੀਏ ਦੇ ਹੁਸਨ ਦੇ ਵਾਰੇ ਜਾਂਦੀ ਹੋਈ ਉਸ ਲਈ ਆਪਣੀ ਬੇਪਨਾਹ ਮੁਹੱਬਤ ਦਾ ਇਜ਼ਹਾਰ ਹੀ ਨਹੀਂ ਕਰਦੀ ਬਲਕਿ ਸ਼ਿਕਵਿਆਂ, ਨਿਹੋਰਿਆਂ ਦੇ ਬਾਣਾਂ ਅਤੇ ਵਿਛੋੜੇ ਦੇ ਸੱਲ੍ਹਾਂ ਦਾ ਵਰਣਨ ਵੀ ਬੜੇ ਅਨੂਠੇ ਅਤੇ ਦਰਦੀਲੇ ਬੋਲਾਂ ਵਿੱਚ ਕਰਦੀ ਹੈ:-

ਕੋਠੇ 'ਤੇ ਖਲੋ ਮਾਹੀਆ
ਤੂੰ ਫੁੱਲ ਤੋਰੀਏ ਦਾ
ਮੈਂ ਤੇਰੀ ਖ਼ੁਸ਼ਬੋ ਮਾਹੀਆ

ਪਿਆਰ ਤਾਂ ਇੱਕ ਰੱਬੀ ਦਾਤ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ:-

ਪੱਤੇ ਪਿੱਪਲਾਂ ਦੇ ਹਿਲਦੇ ਨੇ
ਰੱਬ ਜਦੋਂ ਮਿਹਰ ਕਰੇ
ਓਦੋਂ ਦੋ ਦਿਲ ਮਿਲਦੇ ਨੇ

ਜਾਤ-ਪਾਤ ਦੀਆਂ ਦੀਵਾਰਾਂ ਵੀ ਮੁਹੱਬਤਾਂ ਦੇ ਵਹਿਣਾਂ ਅੱਗੇ ਵਹਿ ਟੁਰਦੀਆਂ ਹਨ:-

ਕਾਲਾ ਫੁੰਮਣ ਪਰਾਂਦੇ ਦਾ
ਅਸਾਂ ਤੇਰੀ ਜਾਤ ਨਾ ਪੁੱਛੀ
ਪੱਲਾ ਫੜ ਲਿਆ ਜਾਂਦੇ ਦਾ

ਮਾਹੀ ਵੀ ਹੁਣ ਉਸ ਲਈ ਸਭੋ ਕੁਝ ਏ। ਉਸ ਦੇ ਤੁਲ ਦੁਨੀਆਂ 'ਚ ਕੋਈ ਹੋਰ ਸ਼ੈਅ ਨਹੀਂ:-

ਰਿਹਾ ਚਮਕ ਸਤਾਰਾ ਈ
ਓਡਾ ਮੈਨੂੰ ਹੋਰ ਕੋਈ ਨਾ
ਜਿੱਡਾ ਮਾਹੀ ਪਿਆਰਾ ਈ

ਮਾਹੀਏ ਦੀ ਹਰ ਸ਼ੈਅ ਉਸ ਨੂੰ ਪਿਆਰੀ ਲੱਗਦੀ ਏ:-

ਫੁੱਲਾ ਵੇ ਗੁਲਾਬ ਦਿਆ
ਤੈਨੂੰ ਸੀਨੇ ਨਾਲ਼ ਲਾਵਾਂ
ਮੇਰੇ ਮਾਹੀਏ ਦੇ ਬਾਗ਼ ਦਿਆ

ਕਦੋਂ ਉਸ ਨਾਲ਼ ਮਿਲਾਪ ਹੋਵੇ, ਦਿਲ ਵਸਲ ਲਈ ਤੜਪ ਰਿਹਾ ਹੈ:-

ਬਾਗੇ ਵਿੱਚ ਆ ਮਾਹੀਆਂ
ਨਾਲ਼ੇ ਸਾਡੀ ਗੱਲ ਸੁਣ ਜਾ
ਨਾਲ਼ੇ ਘੜਾ ਵੀ ਚੁਕਾ ਮਾਹੀਆ

ਕਿੰਨੀ ਨਾਜ਼ੁਕ ਖਿਆਲੀ ਹੈ, ਇਨ੍ਹਾਂ ਬੋਲਾਂ ਵਿੱਚ:-

ਛਤਰੀ ਦੀ ਛਾਂ ਕਰ ਲੈ
ਚਿੱਥੇ ਮਾਹੀ ਆਪ ਵਸੇਂ
ਉੱਥੇ ਸਾਡੀ ਵੀ ਥਾਂ ਕਰ ਲੈ

ਉਹ ਤਾਂ ਆਪਣੇ ਮਾਹੀ ਲਈ ਸੈਆਂ ਜ਼ਫਰ ਝੱਲਣ ਲਈ ਤਤਪਰ ਹੈ:-

ਫੁੱਲਾਂ ਦੀ ਫਲਾਈ ਮਾਹੀਆ

ਇਕ ਤੇਰੀ ਜਿੰਦ ਬਦਲੇ
ਜਿੰਦ ਕੰਡਿਆਂ 'ਤੇ ਪਾਈ ਮਾਹੀਆ

ਉਹ ਤਾਂ ਆਪਣੇ ਮਹਿਬੂਬ ਲਈ ਆਪਣੀ ਜਿੰਦੜੀ ਦਾ ਹਰ ਕਿਣਕਾ ਕੁਰਬਾਨ ਕਰਨ ਲਈ ਤਿਆਰ ਹੈ:-

ਚਿੱਟਾ ਵੇ ਗੁਦਾਮ ਹੋਸੀ
ਜੀਂਦਿਆਂ ਨੌਕਰ ਤੇਰੀ ਵੇ
ਮੋਇਆਂ ਮਿੱਟੀ ਵੀ ਗ਼ੁਲਾਮ ਹੋਸੀ

ਉਸ ਨੂੰ ਤਾਂ ਮਾਹੀਏ ਵਿਚੋਂ ਰੱਬ ਦੇ ਦੀਦਾਰ ਹੁੰਦੇ ਨੇ। ਕਿੰਨੀ ਇੰਤਹਾ ਹੈ ਮੁਹੱਬਤ ਦੀ:-

ਨਾ ਲਿਖਿਆ ਮਿਟਦਾ ਏ
ਮੈਨੂੰ ਤਾਂ ਰੱਬ ਮਾਹੀਆ
ਬਸ ਤੇਰੇ 'ਚੋਂ ਦਿਸਦਾ ਏ

ਮਾਹੀ ਦੇ ਮਿਲਾਪ ਨਾਲ਼ ਉਹ ਸ਼ਰਸ਼ਾਰ ਹੋ ਜਾਂਦੀ ਹੈ:-

ਪਾਣੀ ਨਹਿਰਾਂ ਦਾ ਵਗਦਾ ਏ
ਅੱਜ ਮੇਰਾ ਮਾਹੀ ਮਿਲਿਆ
ਭੁੰਜੇ ਪੈਰ ਨਾ ਲੱਗਦਾ ਏ

ਮੋਹ-ਮੁਹੱਬਤਾਂ ਭਰੀ ਮੁਟਿਆਰ ਨਾਲ਼ ਦੋ ਬੋਲ ਸਾਂਝੇ ਕਰਨ ਲਈ ਮਾਹੀਆ ਵੀ ਅਪਣੀ ਤੜਪ ਦਾ ਪ੍ਰਗਟਾਵਾ ਕਿਉਂ ਨਾ ਕਰੇ:-

ਲਾਡਾਂ ਨਾਲ਼ ਪਲੀਏ ਨੀ
ਮਿੱਠੀ-ਮਿੱਠੀ ਗੱਲ ਕਰ ਜਾ
ਮਿਸ਼ਰੀ ਦੀਏ ਡਲ਼ੀਏ ਨੀਂ

ਉਹ ਉਸ ਦੀ ਮਹੱਬਤ ਅਤੇ ਹੁਸਨ 'ਤੇ ਵਾਰੇ-ਵਾਰੇ ਜਾਂਦਾ ਹੈ:-

ਚੰਦ ਚੜ੍ਹਿਆ ਲੋਈ ਵਾਲ਼ਾ
ਤੂੰ ਮੇਰੀ ਬੁਲਬੁਲ ਨੀ
ਮੈਂ ਫੁੱਲ ਖ਼ੁਸ਼ਬੋਈ ਵਾਲ਼ਾ

ਬੇਮੁਹੱਬਤੇ ਸਮਾਜ ਵਿੱਚ ਇਸ਼ਕ ਪਾਲਣਾ ਕਿਹੜਾ ਸੌਖਾ ਏ:-

ਪਾਣੀ ਖਾਰੇ ਨੇ ਸਮੁੰਦਰਾਂ ਦੇ
ਨੀ ਯਾਰੀ ਤੇਰੀ ਦੋ ਦਿਨ ਦੀ
ਮਿਹਣੇ ਖੱਟ ਲਏ ਉਮਰਾਂ ਦੇ

ਕਦੀ-ਕਦੀ ਜਦੋਂ ਮਾਹੀ ਨੂੰ ਆਪਣੇ ਪਿਆਰ ਦਾ ਵਸਲ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਵੀ ਮਿਹਣਾ ਮਾਰਦਾ ਹੈ:-

ਕੰਨੀਂ ਬੁੰਦੇ ਪਾਏ ਹੋਏ ਨੇ
ਸਾਡੇ ਨਾਲ਼ੋਂ ਬਟਨ ਚੰਗੇ
ਜਿਹੜੇ ਹਿੱਕ ਨਾਲ਼ ਲਾਏ ਹੋਏ ਨੇ

ਪੁਰਾਣੇ ਸਮਿਆਂ ਵਿੱਚ ਗੱਭਰੂਆਂ ਨੂੰ ਰੁਜ਼ਗਾਰ ਲਈ ਦੂਰ-ਦਰਾਡੇ ਜਾਣਾ ਪੈਂਦਾ ਸੀ। ਕਈ-ਕਈ ਵ ਉਹ ਆਪਣੇ ਘਰਾਂ ਨੂੰ ਨਹੀਂ ਸੀ ਪਰਤਦੇ, ਜਿਸ ਕਾਰਨ ਆਪਣੇ ਪਿਆਰਿਆਂ ਦੇ ਵਿਛੋੜੇ ਦੇ ਪਲਾਂ ਨੂੰ ਸਹਿਣਾ ਅਸਹਿ ਹੋ ਜਾਂਦਾ ਸੀ। ਵਿਯੋਗ ਦੇ ਇਨ੍ਹਾਂ ਪਲਾਂ ਨੂੰ ਪੰਜਾਬ ਦੀ ਮੁਟਿਆਰ ਨੇ ਬੜੇ ਦਰਦੀਲੇ ਬੋਲਾਂ ਨਾਲ ਬਿਆਨ ਕੀਤਾ ਹੈ:-

ਦੋ ਪੱਤਰ ਅਨਾਰਾਂ ਦੇ
ਮਾਹੀਏ ਦੇ ਹਿਜ਼ਰ ਸੜਾਂ
ਹੋ ਗਏ ਢੇਰ ਅੰਗਿਆਰਾਂ ਦੇ

ਚੁੰਨੀ ਹੋ ਗਈ ਲੀਰਾਂ ਵੇ
ਆ ਕੇ ਅੱਖੀਂ ਵੇਖ ਚੰਨਾਂ
ਹੋਇਆ ਹਾਲ ਫ਼ਕੀਰਾਂ ਵੇ

ਤੰਦੂਰੀ ਤਾਈ ਹੋਈ ਆ
ਬਾਲਣ ਹੱਡੀਆਂ ਦਾ
ਰੋਟੀ ਇਸ਼ਕੇ ਦੀ ਲਾਈ ਹੋਈ ਆ

ਕਾਈ ਵੜ੍ਹਿਆ ਈ ਚੰਨ ਮਾਹੀਆ
ਇਸ਼ਕੇ ਦੀ ਕਸਕ ਬੁਰੀ ਵੇ
ਪਿੰਜਰ ਛੋਡਿਆ ਈ ਭੰਨ ਮਾਹੀਆ

ਸੈਂਕੜਿਆਂ ਦੀ ਗਿਣਤੀ ਵਿਚ ਇਹ ਗੀਤ ਲੋਕ ਮਾਨਸ ਦੇ ਹਿਰਦਿਆਂ ਵਿਚ ਵਸੇ ਹੋਏ ਹਨ। ਇਨ੍ਹਾਂ ਗੀਤਾਂ ਵਿਚ ਵਰਤੀਆਂ ਤਸਬੀਹਾਂ ਆਲ਼ੇ-ਦੁਆਲ਼ੇ ਵਿਚੋਂ ਹੀ ਲਈਆਂ ਗਈਆਂ ਹਨ। ਕਿਧਰੇ-ਕਿਧਰੇ ਸੂਖ਼ਮ ਬਿੰਬਾਂ ਨੂੰ ਵੀ ਵਰਤੋਂ ਵਿਚ ਲਿਆਂਦਾ ਗਿਆ ਹੈ। ਮਧੁਰ ਸੁਰ ਵਿਚ ਗਾਏ ਜਾਣ ਵਾਲ਼ੇ ਇਨ੍ਹਾਂ ਗੀਤਾ ਦੇ ਬੋਲ ਸਰੋਤੇ ਦੇ ਧੁਰ ਅੰਦਰ ਲਹਿ ਜਾਂਦੇ ਹਨ ਤੇ ਉਹ ਇਕ ਅਨੂਠਾ ਤੇ ਅਗੰਮੀ ਸੁਆਦ ਮਾਣਦਾ ਹੋਇਆ ਆਪਣੇ ਆਪ ਵਿਚ ਲੀਨ ਹੋ ਜਾਂਦਾ ਹੈ।

  1. *ਪੰਜਾਬ ਦਾ ਲੋਕ ਸਾਹਿਤ ਪੰਨਾ-385
  2. * 'ਨੀਲੀ ਤੇ ਰਾਵੀਂ', ਪੰਨਾ-222
  3. ** 'ਪੰਜਾਬ ਦਾ ਲੋਕ ਸਾਹਿਤ, ਪੰਨਾ-385, 386, 387