ਸੁਹਾਗ

ਵਿਆਹ ਦਾ ਅਵਸਰ ਪੰਜਾਬੀਆਂ ਲਈ ਅਦੁੱਤੀ ਮਹੱਤਤਾ ਰਖਦਾ ਹੈ। ਇਹ ਉਹਨਾਂ ਦੀ ਜ਼ਿੰਦਗੀ ਵਿਚ ਕਈ ਪਰਕਾਰ ਦੀਆਂ ਮਾਨਸਿਕ ਰਾਹਤਾਂ ਅਤੇ ਰੰਗੀਨੀਆਂ ਲੈ ਕੇ ਆਉਂਦਾ ਹੈ। ਇਸ ਲਈ ਸਮੂਹ ਪੰਜਾਬੀ ਵਿਆਹ ਦੇ ਅਵਸਰ ਨੂੰ ਬੜੀ ਤੀਬਰਤਾ ਨਾਲ਼ ਉਡੀਕਦੇ ਹਨ। ਵਿਆਹ ਕਿਸੇ ਦੇ ਘਰ ਹੁੰਦਾ ਹੈ ਚਾਅ ਸਾਰੇ ਸ਼ਰੀਕੇ ਨੂੰ ਚੜ੍ਹ ਜਾਂਦਾ ਹੈ। ਹਰ ਪਾਸੇ ਖ਼ੁਸ਼ੀਆਂ ਦਾ ਮਾਹੌਲ ਸਿਰਜਿਆ ਜਾਂਦਾ ਹੈ। ਵਿਆਹ ਦੀਆਂ ਵਖ-ਵਖ ਰੀਤਾਂ ਸਮੇਂ ਗਾਏ ਜਾਂਦੇ ਲੋਕ ਗੀਤ ਸੁਹਾਗ, ਘੋੜੀਆਂ, ਸਿਠਣੀਆਂ, ਹੇਅਰੇ ਅਤੇ ਛੰਦ ਪਰਾਗੇ ਆਦਿ ਗੀਤ ਰੂਪ ਵਿਆਹ ਸਮਾਗਮਾਂ ਵਿਚ ਖ਼ੁਸ਼ੀਆਂ ਖੇੜਿਆਂ ਅਤੇ ਮੌਜ ਮਸਤੀ ਦਾ ਸੰਚਾਰ ਕਰਦੇ ਹਨ।

ਸੁਹਾਗ ਅਤੇ ਘੋੜੀਆਂ ਵਿਆਹ ਦੇ ਪ੍ਰਮੁੱਖ ਲੋਕ ਗੀਤ ਹਨ। ਧੀ ਵਾਲ਼ੇ ਘਰ ਸੁਹਾਗ ਗਾਏ ਜਾਂਦੇ ਹਨ ਅਤੇ ਮੁੰਡੇ ਵਾਲ਼ੇ ਘਰ ਘੋੜੀਆਂ ਗਾਉਣ ਦੀ ਪਰੰਪਰਾ ਹੈ। ਵਿਆਹ ਵਾਲ਼ੇ ਦਿਨ ਤੋਂ ਇਕ ਮਹੀਨਾ ਪਹਿਲਾਂ ਮੁੰਡੇ ਕੁੜੀ ਦੇ ਘਰਾਂ ਵਿਚ ਗਾਉਣ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਗਾਉਣ ਬਠਾਉਣਾ ਆਖਦੇ ਹਨ। ਰਾਤ ਸਮੇਂ ਰੋਟੀ ਟੁਕ ਨਬੇੜਨ ਮਗਰੋਂ ਗਲ਼ੀ ਗੁਆਂਢ ਅਤੇ ਸ਼ਰੀਕੇ ਦੀਆਂ ਕੁੜੀਆਂ ਤੇ ਤੀਵੀਆਂ ਵਿਆਹ ਵਾਲ਼ੇ ਘਰ ਆ ਕੇ ਘੋੜੀਆਂ ਤੇ ਸੁਹਾਗ ਗਾ ਕੇ ਕੋਈ ਸਮਾਂ ਬੰਨ੍ਹ ਦੇਂਦੀਆਂ ਹਨ। ਆਮ ਕਰਕੇ ਜਨਾਨੀਆਂ ਇਹ ਗੀਤ ਜੋਟੇ ਬਣਾ ਕੇ ਲੰਬੀ ਹੇਕ ਨਾਲ਼ ਗਾਉਂਦੀਆਂ ਹਨ। ਕਈ ਵਾਰ ਸਮੂਹਕ ਰੂਪ ਵਿਚ ਵੀ ਗਾ ਲੈਂਦੀਆਂ ਹਨ। ਇਹਨਾਂ ਤੋਂ ਬਿਨਾਂ ਹੋਰ ਗੀਤ ਵੀ ਵਖ ਵਖ ਰੀਤਾਂ ਸਮੇਂ ਗਾਏ ਜਾਂਦੇ ਹਨ ਜਿਨ੍ਹਾਂ ਨੂੰ ਸ਼ਗਨਾਂ ਦੇ ਗੀਤ ਆਖਦੇ ਹਨ।

ਸੁਹਾਗ ਔਰਤਾਂ ਦੇ ਮਨੋਭਾਵਾਂ ਦੀ ਤਰਜਮਾਨੀ ਕਰਨ ਵਾਲ਼ੇ ਗੀਤ ਹਨ। ਮੂਲ ਰੂਪ ਵਿਚ ਪੰਜਾਬੀ ਸੱਭਿਆਚਾਰ ਕਿਸਾਨੀ ਸਭਿਆਚਾਰ ਹੈ। ਮਰਦ ਦੀ ਸਰਦਾਰੀ ਕਾਰਨ ਔਰਤ ਸਦੀਆਂ ਤੋਂ ਦਬੀ ਰਹੀ ਹੈ- ਪੇਕੇ ਘਰ ਵਿਚ ਉਸ ਨੂੰ ਕਈ ਇਕ ਪਰਿਵਾਰਕ ਅਤੇ ਸਮਾਜਿਕ ਬੰਦਸ਼ਾਂ ਵਿਚ ਰਹਿਣਾ ਪੈਂਦਾ ਹੈ ਉਹ ਆਪਣੇ ਮਨ ਦੀ ਗਲ ਖੋਹਲਕੇ ਨਾ ਆਪਣੇ ਬਾਬਲ ਨਾਲ਼ ਕਰ ਸਕਦੀ ਹੈ ਨਾ ਪਰਿਵਾਰ ਦੇ ਹੋਰ ਜੀਆਂ ਨਾਲ਼। ਸਹੁਰੇ ਘਰ ਵਿਚ ਵੀ ਉਸ ਨੂੰ ਸੈਆਂ ਸਮਾਜੀ ਬੰਦਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਆਹ ਦੇ ਅਵਸਰ ਤੇ ਗਾਏ ਜਾਂਦੇ ਸੁਹਾਗ ਗੀਤ ਉਸ ਨੂੰ ਆਪਣੇ ਦਿਲ ਦੀ ਦਾਸਤਾਨ ਬਿਆਨ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇਹਨਾਂ ਦੀ ਸਿਰਜਣਾ ਔਰਤ ਨੇ ਆਪ ਕੀਤੀ ਹੈ। ਇਹ ਸੰਬੋਧਨੀ ਗੀਤ ਹਨ

ਜਿਨ੍ਹਾਂ ਵਿਚ ਧੀ ਆਪਣੇ ਮਨ ਦੀ ਗਲ ਕਹਿਣ ਲਈ ਆਪਣੀ ਮਾਂ ਜਾਂ ਦਾਦੀ ਨੂੰ ਸੰਬੋਧਿਤ ਹੁੰਦੀ ਹੈ ਅਤੇ ਅਪਣੇ ਵਰ, ਸਹੁਰਾ ਪਰਿਵਾਰ, ਦਾਜ ਦਹੇਜ ਅਤੇ ਹੋਰ ਲਾਭ ਯੁਕਤ ਕਾਰਜਾਂ ਲਈ ਅਪਣੇ ਦਾਦੇ, ਬਾਬਲ, ਭਰਾ ਅਤੇ ਮਾਮੇ ਨੂੰ ਮੁਖਾਤਿਬ ਹੋ ਕੇ ਅਪਣੀਆਂ ਭਾਵਨਾਵਾਂ ਅਤੇ ਇਛਾਵਾਂ ਦਾ ਇਜ਼ਹਾਰ ਕਰਦੀ ਹੈ!

ਮਧ ਕਾਲ ਤੋਂ ਹੀ ਧੀ ਦਾ ਜਨਮ ਪੰਜਾਬੀ ਸਮਾਜ ਲਈ ਬਦਸ਼ਗਨਾ ਮੰਨਿਆ ਜਾਂਦਾ ਰਿਹਾ ਹੈ। ਮੁੰਡੇ ਦੇ ਜਨਮ ਦੀ ਖ਼ਬਰ ਸੁਣਨ ਦੀ ਥਾਂ ਕੁੜੀ ਦੇ ਜਨਮ ਦੀ ਕਨਸੋ ਸੁਣਕੇ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਜਾਂਦੀ ਹੈ:-

ਨੱਤੀਆਂ ਘੜਾਈਆਂ ਰਹਿ ਗੀਆਂ
ਦਿਨ ਚੜ੍ਹਦੇ ਨੂੰ ਜੰਮਪੀ ਤਾਰੋ

ਸਭ ਚਾਅ ਮਧੋਲੇ ਜਾਂਦੇ ਹਨ! ਪੰਜਾਬ ਦੀ ਧੀ ਜਿਸ ਨੂੰ ਸਦਾ 'ਪਰਾਇਆ ਧਨ' ਆਖਕੇ ਦੁਰਕਾਰਿਆ ਜਾਂਦਾ ਰਿਹਾ ਹੈ ਆਪਣੇ ਜਨਮ ਕਾਰਨ ਪੈਦਾ ਹੋਏ ਪਰਿਵਾਰ ਦੇ ਸੋਗੀ ਮਾਹੌਲ ਨੂੰ ਸਹਿਜ ਕਰਨ ਲਈ ਬੜੇ ਦਰਦੀਲੇ ਬੋਲਾਂ ਨਾਲ਼ ਸੁਹਾਗ ਦੇ ਬੋਲ ਬੋਲਦੀ ਹੈ:-

ਬੀਬੀ ਦਾ ਜਰਮਿਆ
ਬੀਬੀ ਦੇ ਬਾਬੇ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਬਾਬਾ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਖਾ

ਬੀਬੀ ਦਾ ਜਰਮਿਆ
ਬੀਬੀ ਦੇ ਬਾਬਲ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਬਾਬਾਲ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਖਾ

ਉਹਨਾਂ ਸਮਿਆਂ ਵਿਚ ਪੰਜਾਬ ਦੀ ਆਰਥਕ ਹਾਲਤ ਬਹੁਤੀ ਚੰਗੀ ਨਹੀਂ ਸੀ! ਸੰਜਾਈ ਦੇ ਸਾਧਨ ਸੀਮਤ ਸਨ- ਮਾਰੂ ਜ਼ਮੀਨਾਂ....ਬਾਰਸ਼ਾਂ ਤੇ ਬਹੁਤਾ ਨਿਰਭਰ ਸੀ... ਮਾੜੇ ਆਰਥਕ ਹਾਲਾਤ ਕਾਰਨ ਧੀਆਂ ਦੀ ਪਰਵਰਿਸ਼ ਵਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ। ਜਦੋਂ ਧੀ ਰੁਲ਼ ਖੁਲ਼ ਕੇ ਮੁਟਿਆਰ ਹੋ ਜਾਣੀ....ਮਾਪਿਆ ਨੂੰ ਉਹਨੂੰ ਦਰੋਂ ਤੋਰਨ ਦਾ ਸੰਸਾ ਲੱਗ ਜਾਣਾ... ਦਾਜ ਦਹੇਜ ਤੇ ਬਰਾਤ ਦੀ ਸਾਂਭ ਸੰਭਾਲ ਦੇ ਖਰਚੇ ਦਾ ਫਿਕਰ ਉਹਨਾਂ ਦੀ ਨੀਂਦ ਉਡਾ ਦੇਂਦਾ। ਧੀ ਲਈ ਵਰ ਦੀ ਭਾਲ਼ ਸ਼ੁਰੂ ਹੋ ਜਾਣੀ। ਇਸ ਸਬੰਧੀ ਧੀਆਂ ਦੀ ਕੋਈ ਰਾਏ ਨਹੀਂ ਸੀ ਲੈਂਦਾ। ਦਾਦਾ, ਬਾਬਲ, ਭਰਾ ਤੇ ਮਾਮਾ ਜਿਹੋ ਜਹੇ ਪਰਿਵਾਰ ਦਾ ਮਾੜਾ ਚੰਗਾ ਵਰ ਲਭ ਲੈਂਦੇ ਉਹ ਉਹਨਾਂ ਦੀ ਚੋਣ ਅੱਗੇ ਆਪਣੀ ਧੌਣ ਨਿਵਾ ਦੇਂਦੀ। ਕਈ ਵਾਰ ਨਾਈ ਅਤੇ ਪਾਂਧੇ ਵੀ ਕੁੜੀ ਦਾ ਰਿਸ਼ਤਾ ਜੋੜ ਆਉਂਦੇ। ਧੀਆਂ ਦੇ ਵੀ ਆਪਣੇ ਅਰਮਾਨ ਹਨ, ਭਾਵਨਾਵਾਂ ਹਨ ਭਾਵੇਂ ਉਹ ਖੁਲ੍ਹ ਕੇ ਆਪਣੇ ਦਿਲ ਦੀ ਗਲ ਨਹੀਂ ਸੀ ਕਰ ਸਕਦੀਆਂ ਪਰੰਤੂ ਉਹ ਆਪਣੇ ਵਰ ਅਤੇ ਸਹੁਰੇ ਪਰਿਵਾਰ ਦੀ ਚੋਣ ਸੰਬੰਧੀ ਚਾਹਿਤ ਦਾ ਪ੍ਰਗਟਾਵਾ ਸੁਹਾਗ ਗੀਤਾਂ ਦੇ ਮਾਧਿਅਮ ਰਾਹੀਂ ਕਰ ਲੈਂਦੀਆਂ ਸਨ:-

ਵਰ ਜੁ ਟੋਲਣ ਚੱਲਿਆ ਪਿਓ ਮੇਰਿਆ
ਰਾਜੇ ਬਨਸੀਆ
ਪੱਲੇ ਬੰਨ੍ਹ ਲੈ ਬਾਬਲਾ ਦੰਮ ਵੇ
ਚੋਪੜ ਖੇਲਦੇ ਦੋ ਜਣੇ
ਪਿਓ ਮੇਰਿਆ ਰਾਜੇ ਬੰਸੀਆ ਵੇ
ਇਕੋ ਜੇਹੀੜੇ ਛੈਲ ਵੇ
ਇਕ ਦੇ ਹੱਥ ਬੰਸਰੀ
ਦੂਜੇ ਹੱਥ ਮੋਰ ਵੇ
ਬੱਜਣ ਲੱਗੀ ਬੰਸਰੀ
ਕੂਕਣ ਲਗੇ ਮੋਰ ਵੇ
ਗੋਰਾ ਗੋਰਾ ਮੈਂ ਵਰਾਂ
ਕਾਲ਼ੇ ਜੇਹੀੜੇ ਕੋਈ ਹੋਰ ਵੇ

ਗੋਰੇ ਤੇ ਛੈਲ ਛਬੀਲ਼ੇ ਵਰ ਦੀ ਚਾਹਤ ਉਪਰੰਤ ਹਰ ਮੁਟਿਆਰ ਚਾਹੁੰਦੀ ਹੈ ਕਿ ਉਸ ਦਾ ਸਹੁਰਾ ਪਰਿਵਾਰ ਪਰੀ ਪੂਰਨ ਅਤੇ ਰੱਜਿਆ ਪੁੱਜਿਆ ਹੋਵੇ:-



ਦਈਁ ਵੇ ਬਾਬਲਾ ਓਸ ਘਰੇ
ਜਿੱਥੇ ਸੱਸ ਭਲੀ ਪ੍ਰਧਾਨ
ਤੇ ਸਹੁਰਾ ਥਾਣੇਦਾਰ ਹੋਵੇ
ਸੱਸ ਨੂੰ ਸੱਦਣ ਸ਼ਰੀਕਣੀਆਂ
ਸਹੁਰਾ ਕਚਿਹਰੀ ਦਾ ਮਾਲਕ
ਬਾਬਲਾ ਤੇਰਾ ਪੁੰਨ ਹੋਵੇ

ਦਈਁ ਵੇ ਬਾਬਲਾ ਓਸ ਘਰੇ
ਜਿੱਥੇ ਸੱਸੂ ਦੇ ਬਾਹਲੜੇ ਪੁੱਤ
ਬਾਬਲ ਤੇਰਾ ਪੁੰਨ ਹੋਵੇ
ਇਕ ਮੰਗਦੀ ਇਕ ਵਿਆਂਮਦੀ
ਮੈਂ ਸ਼ਾਦੀਆਂ ਵੇਖਾਂਗੀ ਨਿੱਤ
ਬਾਬਲ ਤੇਰਾ ਪੁੰਨ ਹੋਵੇ

ਦਈਁ ਵੇ ਬਾਬਲਾ ਓਸ ਘਰੇ
ਜਿੱਥੇ ਕਾਲ਼ੀਆਂ ਬੂਰੀਆਂ ਸਤ

ਮੈਂ ਇਕ ਚੋਮਦੀ ਇਕ ਜਮਾਂਮਦੀ
ਮੇਰਾ ਚਾਟੀਆਂ ਦੇ ਵਿਚ ਹੱਥ
ਬਾਬਲ ਤੇਰਾ ਪੁੰਨ ਹੋਵੇ
ਦਈਁ ਵੇ ਬਾਬਲਾ ਓਸ ਘਰੇ
ਜਿੱਥੇ ਘਾੜਤ ਘੜੇ ਸੁਨਿਆਰ
ਮੈਂ ਇਕ ਪਾਮਦੀ ਇਕ ਲਾਂਹਮਦੀ
ਮੇਰਾ ਡੱਬਿਆਂ ਦੇ ਵਿਚ ਹੱਥ
ਬਾਬਲ ਤੇਰਾ ਪੁੰਨ ਹੋਵੇ

ਦਈਁ ਵੇ ਬਾਬਲਾ ਓਸ ਘਰੇ
ਜਿੱਥੇ ਦਰਜ਼ੀ ਸੀਵੇ ਪਟ
ਇਕ ਪਾਮਾਂ ਇਕ ਰੰਗਾਮਾਂ
ਵੇ ਮੇਰਾ ਸੰਦੂਖਾਂ ਦੇ ਵਿਚ ਹੱਥ
ਬਾਬਲਾ ਤੇਰਾ ਪੁੰਨ ਹੋਵੇ
ਤੇਰਾ ਹੋਵੇ ਵੱਡੜਾ ਜੱਸ
ਬਾਬਲ ਤੇਰਾ ਪੁੰਨ ਹੋਵੇ

ਉਹ ਇਹ ਵੀ ਲੋਚਦੀ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਿਚ ਸੱਸ ਸਹੁਰੇ ਤੋਂ ਇਲਾਵਾ ਜੇਠ ਜਠਾਣੀ ਅਤੇ ਨਣਦ ਨਣਦੋਈਆ ਵੀ ਹੋਣ:-

ਉਰੇ ਨਾ ਟੋਲ਼ੀਂ ਬਾਬਾ ਪਰੇ ਨਾ ਟੋਲ਼ੀਂ
ਟੋਲ਼ੀਂ ਵੇ ਬਾਬਾ ਧੁਰ ਜਗਰਾਵੀਂ
ਸੱਸ ਵੀ ਟੋਲ਼ੀਂ ਬਾਬਾ ਸਹੁਰਾ ਵੀ ਟੋਲ਼ੀਂ ਵੇ
ਟੋਲ਼ੀਂ-ਸਭ ਪਰਿਵਾਰੇ
ਸੱਸ ਵੀ ਟੋਲ਼ੀਂ ਬੀਬੀ ਸਹੁਰਾ ਵੀ ਟੋਲ਼ਿਆ ਨੀ
ਟੋਲ਼ਿਆ ਨੀ ਸਭ ਪਰਿਵਾਰੇ
ਜੇਠ ਵੀ ਟੋਲ਼ੀਂ ਬਾਬਾ ਜਠਾਣੀ ਵੀ ਟੋਲ਼ੀਂ ਵੇ
ਟੋਲ਼ੀਂ ਸਭ ਪਰਿਵਾਰੇ
ਜੇਠ ਵੀ ਟੋਲਿਆ ਬੀਬੀ ਜਠਾਣੀ ਵੀ ਟੋਲ਼ੀਂ ਨੀ
ਟੋਲਿਆ ਨੀਂ ਸਭ ਪਰਿਵਾਰੇ
ਨਣਦ ਵੀ ਟੋਲ਼ੀਂ ਬਾਬਾ ਨਣਦੋਈਆਂ ਵੀ ਟੋਲ਼ੀਂ
ਟੋਲ਼ੀਂ ਸਭ ਪਰਿਵਾਰੇ
ਨਣਦੀ ਵੀ ਟੋਲ਼ੀਂ ਬੀਬੀ ਨਣਦੋਈਆਂ ਵੀ ਟੋਲ਼ਿਆ ਨੀ
ਟੋਲਿਆ ਨੀ ਸਭ ਪਰਿਵਾਰੇ

ਉਹ ਇਹ ਵੀ ਲੋਚਦੀ ਹੈ ਕਿ ਉਹਦਾ ਸਹੁਰਾ ਪਿੰਡ ਉਹਦੇ ਪੇਕੇ ਪਿੰਡ ਤੋਂ ਬਹੁਤਾ ਦੂਰ ਨਾ ਹੋਵੇ। ਉਹਨਾਂ ਵੇਲਿਆਂ ਵਿਚ ਆਵਾ ਜਾਈ ਦੇ ਸਾਧਨ ਸੀਮਤ ਸਨ। ਸੜਕਾਂ ਨਹੀਂ ਸਨ ਬਣੀਆਂ, ਕੱਚੇ ਰਾਹ ਨਦੀਆਂ ਨਾਲ਼ਿਆਂ ਤੇ ਕੋਈ ਪੁਲ ਨਹੀਂ- ਦੁਸ਼ਵਾਰ ਰਾਹਾਂ ਕਾਰਨ ਸਹੁਰੀਂ ਬੈਠੀਂ ਧੀ ਨੂੰ ਵਰ੍ਹਿਆਂ ਵੱਧੀ ਕੋਈ ਮਿਲ਼ਣ ਨਹੀਂ ਸੀ ਜਾਂਦਾ- ਵਿਚਾਰੀ ਝੂਰਦੀ ਰਹਿੰਦੀ ਇਸੇ ਲਈ ਉਹ ਆਪਣੇ ਬਾਬਲ ਨੂੰ ਬਹੁਤੀ ਦੂਰ ਰਿਸ਼ਤਾ ਕਰਨ ਤੋਂ ਹੋੜਦੀ ਹੈ:-

ਮੈਂ ਤੈਨੂੰ ਵਰਜਦੀ ਬਾਬਲਾ ਵੇ
ਧੀਆਂ ਦੂਰ ਨਾ ਦਈਏ
ਦੂਰਾਂ ਦੀਆਂ ਵਾਟਾਂ ਲੰਮੀਆਂ
ਵੇ ਸਾਥੋਂ ਤੁਰਿਆ ਨਾ ਜਾਵੇ
ਤੁਰਦੀ ਆਂ ਛਮ ਛਮ ਰੋਨੀ ਆਂ
ਵੇ ਨੈਣੀਂ ਨੀਂਦ ਨਾ ਆਵੇ

ਪੇਕਿਆਂ ਤੋਂ ਬਹੁਤੀ ਦੂਰ ਮਜਬੂਰੀ ਬਸ ਰਿਸ਼ਤਾ ਕਰਨ ਲਈ ਉਹ ਆਪਣੇ ਬਾਬਲ ਅਤੇ ਭਰਾ ਦੀ ਚੋਣ ਤੇ ਸਹੀ ਪਾ ਦੇਂਦੀ ਹੈ:-

ਲੰਬੀਏ ਨੀ ਲੰਝੀਏ ਲਾਲ ਖਜੂਰੇ
ਕੀਹਨੇ ਵਰ ਟੋਲ਼ਿਆ ਨੀ ਦੂਰੇ
ਬਾਬਲ ਤਾਂ ਮੇਰਾ ਦੇਸ਼ਾਂ ਦਾ ਰਾਜਾ
ਜੀਹਨੇ ਵਰ ਟੋਲ਼ਿਆ ਨੀ ਦੂਰੇ

ਲੰਬੀਏ ਨੀ ਲੰਝੀਏ ਲਾਲ ਖਜੂਰੇ
ਕੀਹਨੇ ਵਰ ਟੋਲ਼ਿਆ ਨੀ ਦੂਰੇ
ਵੀਰਨ ਮੇਰਾ ਰਾਜੇ ਦਾ ਨੌਕਰ
ਜੀਹਨੇ ਵਰ ਟੋਲ਼ਿਆ ਨੀ ਦੂਰੇ

ਕੋਈ ਮੁਟਿਆਹ ਨਹੀਂ ਚਾਹੁੰਦੀ ਕਿ ਉਸ ਦਾ ਘਰ ਵਾਲ਼ਾ ਸਰੀਰਕ ਪੱਖੋਂ ਊਣਾ ਹੋਵੇ। ਕਾਣੇ ਅਤੇ ਕਾਲ਼ੇ ਵਰ ਦੀ ਚੋਣ ਤੇ ਉਹ ਬਿਟਰ ਜਾਂਦੀ ਹੈ:-

ਤੂੰ ਰਤਨ ਵਰਿੱਕ ਲੈ ਨੀ ਮੇਰੀ ਬੀਬੀ
ਤੈਂ ਅੱਗੋਂ ਕਿਉਂ ਨਾ ਦੱਸਿਆ ਵੇ ਮੇਰੇ ਬਾਬਾ
ਇਹ ਰਤਨ ਕਾਲ਼ਾ ਏ ਵੇ ਮੇਰਿਆ ਬਾਬਾ

ਤੂੰ ਰਤਨ ਵਰਿੱਕ ਲੈ ਨੀ ਮੇਰੀਏ ਧੀਏ
ਤੈਂ ਅੱਗੋਂ ਕਿਉਂ ਨਾ ਦੱਸਿਆ ਵੇ ਮੇਰੇ ਬਾਬਾ
ਇਹ ਰਤਨ ਕਾਣਾ ਏ ਵੇ ਮੇਰਿਆ ਬਾਬਾ

ਜਦੋਂ ਉਸ ਨੂੰ ਅਪਣੇ ਮਨ ਪਸੰਦ ਦਾ ਵਖਤਾਵਰ, ਕ੍ਰਿਸ਼ਨ ਘਣਈਏ ਅਤੇ ਸਿਰੀ ਰਾਮ ਜਿਹਾ ਛੈਲ ਛਬੀਲਾ ਵਰ ਪ੍ਰਾਪਤ ਹੋ ਜਾਂਦਾ ਹੈ ਤਾਂ ਉਸ ਦੀ ਖ਼ੁਸ਼ੀ ਦਾ ਪਾਰਾਵਾਰ ਨਹੀਂ ਰਹਿੰਦਾ। ਜਿੱਥੇ ਉਹ ਆਪਣੇ ਪਿਤਾ ਦੀ ਚੋਣ ਤੇ ਵਾਰੇ ਵਾਰੇ ਜਾਂਦੀ ਹੈ ਓਥੇ ਉਹ ਆਪਣੇ ਦਿਲ ਜਾਨੀ ਲਈ ਸੈਆਂ ਖਾਤਰਾਂ ਕਰਦੀ ਹੈ:-

ਬੀਬੀ ਦਾ ਬਾਬਲ ਚਤਰ ਸੁਣੀਂਦਾ
ਪਰਖ ਵਹ ਟੋਲ਼ਿਆ
ਕਾਗਤਾਂ ਦਾ ਲਖਊਆ
ਰੁਪਈਆ ਉਹਦਾ ਰੋਜ਼ ਦਾ
ਦਿੱਲੀ ਦਾ ਏ ਰਾਜਾ
ਮੁਹੱਲੇ ਦਾ ਚੌਧਰੀ
ਹਾਥੀ ਤਾਂ ਝੂਲਣ ਉਹਦੇ ਬਾੜੇ
ਘੋੜੇ ਤਾਂ ਹਿਣਕਣ ਧੌਲਰੀਂ
ਬੀਬੀ ਦਾ ਬਾਬਲ ਚਤੁਰ ਸੁਣੀਂਦਾ
ਪਰਖ ਵਰ ਟੋਲ਼ਿਆ

ਮਨ ਦਾ ਮੀਤ ਉਹਦੀ ਨੀਂਦ ਉਡਾ ਕੇ ਲੈ ਜਾਂਦਾ ਹੈ:-

ਉਠ ਸਵੇਰੇ ਮੈਂ ਪਾਧੇ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਸਾਹਾ ਸਧਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ

ਉਠ ਸਵੇਰੇ ਮੈਂ ਦਰਜ਼ੀ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਸੂਟ ਸਮਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ

ਉਠ ਸਵੇਰੇ ਮੈਂ ਲਲਾਰੀ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਚੀਰਾ ਰੰਗਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ

ਧੀ ਦੇ ਵਿਆਹ ਦੇ ਕਾਰਜ ਨੂੰ ਪਵਿੱਤਰ ਤੇ ਪੁੰਨ ਵਾਲ਼ਾ ਕਾਰਜ ਸਮਝਿਆ ਜਾਂਦਾ ਸੀ। ਓਦੋਂ ਆਨੰਦ ਕਾਰਜ ਦੀ ਰਸਮ ਸ਼ੁਰੂ ਨਹੀਂ ਸੀ ਹੋਈ ਪੰਡਤ-ਪਾਧੇ ਬੇਦੀ ਦੇ ਦੁਆਲੇ ਲਾੜੇ ਲਾੜੀ ਦੀਆਂ ਭੁਆਂਟਣੀਆਂ ਦੇ ਕੇ ਇਹ ਰਸਮ ਅਦਾ ਕੀਤੀ ਜਾਂਦੀ ਸੀ। ਇਸ ਰਸਮ ਨੂੰ ਸਾਹਾ ਸਧਾਉਣ ਦੀ ਰਸਮ ਕਹਿੰਦੇ ਸਨ। ਇਸ ਬਦਲੇ ਪੰਡਤ ਪਾਂਧੇ ਨੂੰ ਗਊਆਂ ਦਾਨ ਵਜੋਂ ਦੇਣ ਦਾ ਰਿਵਾਜ਼ ਸੀ ਤੇ ਧੀਆਂ ਦੇ ਦਾਨ ਜਮਾਈ ਲੈਂਦੇ ਸਨ:-

ਬੇਦੀ ਦੇ ਅੰਦਰ ਮੇਰਾ ਬਾਬਾ ਬੁਲਾਵੇ
ਸੱਦਿਆਂ ਬਾਝ ਕਿਉਂ ਨੀ ਆਉਂਦਾ
ਵੇ ਰੰਗ ਰਤੜਿਆ ਕਾਨ੍ਹਾਂ
ਗਊਆਂ ਦੇ ਦਾਨ ਪਾਧੇਂ ਪੰਡਤ ਲੈਂਦੇ
ਧੀਆਂ ਦੇ ਦਾਨ ਜਮਾਈ
ਵੇ ਰੰਗ ਰਤੜਿਆ ਕਾਨ੍ਹਾ
ਦਿੱਤੜੇ ਦਾਨ ਕਿਉਂ ਨੀ ਲੈਂਦਾ
ਵੇ ਰੰਗ ਰਤੜਿਆ ਕਾਨ੍ਹਾ

ਵਿਆਹ ਜਾਤ ਬਰਾਦਰੀ ਵਿਚ ਹੀ ਕੀਤੇ ਜਾਂਦੇ ਸਨ। ਉੱਚ ਜਾਤੀ ਦੇ ਲੋਕ ਨਿਮਨ ਜਾਤੀ ਦੀ ਧੀ ਨਾਲ਼ ਵਿਆਹ ਨਹੀਂ ਸੀ ਕਰਵਾਉਂਦੇ। ਬੋਪਾਂ ਨਾਂ ਦਾ ਇਕ ਬੜਾ ਹਰਮਨ ਪਿਆਰਾ ਸੁਹਾਗ ਗੀਤ ਹੈ ਜਿਸ ਵਿਚ ਰਣ ਸਿੰਘ ਨਾਂ ਦਾ ਉੱਚ ਜਾਤੀ ਦਾ ਗਭਰੂ ਪਾਣੀ ਭਰਨ ਗਈ ਬੋਪਾਂ ਦਾ ਪਲੜਾ ਚੁੱਕ ਦੇਂਦਾ ਹੈ ਤੇ ਬੋਪਾਂ ਅਪਣੇ ਆਪ ਨੂੰ ਨੀਵੀਂ ਜਾਤ ਦੀ ਆਖ ਕੇ ਅਪਣਾ ਖਹਿੜਾ ਛੁਡਾ ਲੈਂਦੀ ਹੈ। ਜਦੋਂ ਰਣ ਸਿੰਘ ਨੂੰ ਪਤਾ ਲਗਦਾ ਹੈ ਕਿ ਬੋਪਾਂ ਰਾਜੇ ਦੀ ਬੇਟੀ ਹੈ ਤਾਂ ਉਹ ਉਸ ਨਾਲ਼ ਵਿਆਹ ਕਰਵਾਉਣ ਲਈ ਤਤਪਰ ਹੋ ਜਾਂਦਾ ਹੈ:-

ਉੱਚਾ ਸੀ ਬੁਰਜ ਲਾਹੌਰ ਦਾ
ਵੇ ਬੋਪਾਂ ਪਾਣੀ ਨੂੰ ਗਈ ਆ
ਜਦ ਬੋਪਾਂ ਪਾਨੜਾ ਭਰ ਮੁੜੀ
ਰਣ ਸਿੰਘ ਪਲੜਾ ਚੱਕਿਆ ਵੇ
ਨਾ ਚੱਕੀਂ ਪਲੜਾ ਰਣ ਸਿਆਂ
ਬੋਪਾਂ ਜਾਤ ਕੁਜਾਤੇ

ਰਣ ਸਿੰਘ ਪੁਛਦਾ ਪਾਂਧੇ ਤੇ ਪੰਡਤਾਂ ਨੂੰ
ਵੇ ਬੋਪਾਂ ਕੀਹਦੀ ਐ ਜਾਈ
ਪਾਂਧੇ ਤੇ ਪੰਡਤ ਸੱਚ ਦੱਸਿਆ
ਵੇ ਬੋਪਾਂ ਰਾਜੇ ਦੀ ਜਾਈ
ਸਦਿਓ ਬਾਬਲ ਦੇ ਪਾਂਧੇ ਨੂੰ
ਵੇ ਮੇਰਾ ਸਾਹਾ ਸਧਾਇਓ ਵੇ
ਸਦਿਓ ਬਾਬਲ ਦੇ ਨਾਈ ਨੂੰ
ਵੇ ਮੇਰੀ ਚਿਠੀ ਤੁਰਾਇਓ ਵੇ
ਸਦਿਓ ਬਾਬਲ ਦੇ ਸੁਨਿਆਰੇ ਨੂੰ
ਵੇ ਮੇਰਾ ਗਹਿਣਾ ਘੜਾਇਓ ਵੇ
ਸਦਿਓ ਬਾਬਲ ਦੇ ਦਰਜੀ ਨੂੰ

ਮੇਰਾ ਸੂਟ ਸਮਾਇਓ ਵੇ
ਸਦਿਓ ਬਾਬਲ ਦੇ ਮੋਚੀ ਨੂੰ
ਮੇਰਾ ਜੋੜਾ ਸਮਾਇਓ ਵੇ

ਉਹਨਾਂ ਸਮਿਆਂ ਵਿਚ ਕੁੜੀਆਂ ਦੇ ਵਿਆਹ ਛੋਟੀ ਉਮਰ ਵਿਚ ਹੀ ਕਰ ਦੇਂਦੇ ਸਨ ਤੇ ਮੁਕਲਾਵੇ ਕੁੜੀ ਦੇ ਭਰ ਜੁਆਨ ਹੋਣ ਤੇ ਤੋਰੇ ਜਾਂਦੇ ਸਨ- ਆਰਥਕ ਮਜਬੂਰੀਆਂ ਕਾਰਨ ਅਪਣੀ ਧੀ ਦਾ ਮੁਕਲਾਵਾ ਤੋਰਨ ਵਿਚ ਮਾਪਿਆਂ ਵਲੋਂ ਬੇਲੋੜੀ ਦੇਰੀ ਹੋ ਜਾਂਦੀ ਸੀ ਜਿਸ ਕਾਰਨ ਉਸ ਦੇ ਚਾਅ ਅਧੂਰੇ ਰਹਿ ਜਾਂਦੇ ਸਨ। ਇਕ ਗੀਤ ਵਿਚ ਧੀ ਆਪਣੀ ਮਾਂ ਨੂੰ ਮੁਕਲਾਵਾ ਤੋਰਨ ਲਈ ਆਖਦੀ ਹੈ:-

ਦੇ ਦੇ ਮਾਏਂ ਅਜ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਁ ਜੀਵੇ
ਦੇ ਦੇ ਮਾਏਂ ਅਜ ਮੁਕਲਾਵਾ ਨੀ

ਜੇ ਤੇਰੇ ਘਰ ਹੈਨੀ ਮੌਲ਼ੀ
ਬਾਣ ਦੀਆਂ ਰੱਸੀਆਂ ਮੰਗਾਂ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਁ ਜੀਵੇ

ਜੇ ਤੇਰੇ ਘਰ ਹੈਨੀ ਲੱਡੂਏ
ਮੈਨੂੰ ਕੱਲੀਓ ਸ਼ਕਰ ਮੰਗਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਁ ਜੀਵੇ

ਜੇ ਤੇਰੇ ਘਰ ਹੈਨੀ ਮਹਿੰਦੀ
ਮੈਨੂੰ ਅੱਸਰ ਝੋਟੀ ਦਾ ਗੋਹਾ ਮੰਗਾਂ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ

ਜੇ ਤੇਰੇ ਘਰ ਹੈਨੀ ਕੱਪੜੇ
ਮੈਨੂੰ ਬੋਰੀ ਦਾ ਪੱਲੜ ਸਮਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਁ ਜੀਵੇ

ਜਦੋਂ ਵਿਆਹ ਦਾ ਕਾਰਜ ਸਿਰ ਤੇ ਹੋਵੇ ਤਾਂ ਮੰਦਹਾਲੀ ਕਾਰਨ ਚਿੰਤਾ ਵਿਚ ਗਰੱਸੇ ਬਾਬੇ ਤੇ ਬਾਬਲ ਦੀ ਨੀਂਦ ਖੰਭ ਲਾ ਕੇ ਉਡ ਜਾਂਦੀ ਹੈ:-

ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਤੇਰਾ ਬਾਬਾ
ਉਠ ਵੇ ਬਾਬਾ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਧੀਏ
ਨੈਣੀਂ ਨੀਂਦ ਨਾ ਆਵੇ
ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਬਾਬਲ ਤੇਰਾ
ਨਾ ਸੁੱਤਾ ਨਾ ਜਾਗਾਂ ਧੀਏ
ਨੈਣੀਂ ਨੀਂਦ ਨਾ ਆਵੇ

ਧੀ ਦੇ ਮਾਪੇ ਚਾਹੇ ਕਿੰਨੇ ਵੀ ਬਖਤਾਵਰ ਹੋਣ ਪਰੰਤੂ ਉਹਨਾਂ ਦੀ ਸਥਿਤੀ ਧੀ ਦੇ ਸਹੁਰਿਆਂ ਨਾਲੋਂ ਦੁਜੈਲੀ ਹੁੰਦੀ ਹੈ। ਧੀ ਦਾ ਬਾਬਾ ਤੇ ਬਾਬਲ ਗਲ਼ ਵਿਚ ਪੱਲਾ ਪਾ ਕੇ ਉਸ ਦਾ ਸਾਹਾ ਸਧਾਉਂਦੇ ਹਨ:-

ਪਾਲਕੀਆਂ ਤੋਂ ਉਠ ਮੇਰੇ ਬਾਬਾ
ਬੀਬੀ ਦਾ ਸਾਹਾ ਸਧਾ
ਬੀਬੀ ਦਾ ਬਾਬਾ ਕਦੇ ਨਾ ਨਿਮਿਆ
ਬੀਬੀ ਆਣ ਨਿਮਾਇਆ
ਤੂੰ ਹੱਥ ਬੰਨ੍ਹ ਮੇਰੇ ਬਾਬਾ
ਹੱਥ ਬੰਨ੍ਹਣੇ ਆਏ

ਪਾਲਕੀਆਂ ਤੋਂ ਉਠ ਮੇਰੇ ਬਾਬਲ
ਬੀਬੀ ਦਾ ਸਾਹਾ ਸਧਾ
ਬੀਬੀ ਦਾ ਬਾਬਲ ਕਦੇ ਨਾ ਨਿਮਿਆ
ਬੀਬੀ ਆਣ ਨਿਮਾਇਆ
ਤੂੰ ਹੱਥ ਬੰਨ੍ਹ ਮੇਰੇ ਬਾਬਲ
ਹੱਥ ਬੰਨ੍ਹਣੇ ਆਏ

ਧੀ ਦੀ ਡੋਲੀ ਤੋਰਨ ਦਾ ਦ੍ਰਿਸ਼ ਅਤਿ ਕੁਰਣਾਮਈ ਹੁੰਦਾ ਹੈ। ਉਸ ਦੀਆਂ ਸਹੇਲੀਆਂ ਦਰਦੀਲੇ ਗੀਤ ਗਾ ਕੇ ਸਾਰੇ ਮਾਹੌਲ ਨੂੰ ਸੋਗੀ ਬਣਾ ਦੇਂਦੀਆਂ ਹਨ। ਉਹ ਸਹੁਰਿਆਂ ਅੱਗੇ ਅਪਣੀ ਹਲੀਮੀ ਤੇ ਬੇ ਬਸੀ ਦਾ ਇਜ਼ਹਾਰ ਕਰਦੀਆਂ ਹਨ:-

ਜੇ ਅਸੀਂ ਦਿੱਤੀ ਮੋਠਾਂ ਦੀ ਮੁੱਠੀ
ਮੋਤੀ ਕਰਕੇ ਜਾਣਿਓਂ ਜੀ
ਜੇ ਅਸੀਂ ਦਿੱਤਾ ਪਾਣੀ ਦਾ ਛੰਨਾ
ਦੁਧੂਆ ਕਰਕੇ ਜਾਣਿਓਂ ਜੀ
ਜੇ ਅਸੀਂ ਦਿੱਤਾ ਖੱਦਰ ਚੌਂਸੀ

ਰੇਸ਼ਮ ਕਰਕੇ ਜਾਣਿਓਂ ਜੀ
ਜੇ ਸਾਡੀ ਬੀਬੀ ਮੋਟਾ ਕੱਤੇ
ਨਿੱਕਾ ਕਰਕੇ ਜਾਣਿਓਂ ਜੀ
ਜੇ ਸਾਡੀ ਬੀਬੀ ਕੰਮ ਵਿਗਾੜੇ
ਅੰਦਰ ਬੜ ਸਮਝਾਇਓ ਜੀ

ਵਿਦਾ ਹੋ ਰਹੀ ਧੀ ਦਾ ਰੁਦਨ ਝੱਲਿਆ ਨੀ ਜਾਂਦਾ:-

ਲੈ ਚੱਲੇ ਬਾਬਲਾ ਲੈ ਚੱਲੇ ਵੇ
ਲੈ ਚੱਲੇ ਦੇਸ ਪਰਾਏ
ਬਾਬਲਾ ਤੇੇਰੀ ਲਾਡਲੀ ਵੇ
ਆਲ਼ੇ ਛੋਡੀਆਂ ਗੁੱਡੀਆਂ
ਮੇਰਾ ਤਿ੍ੰਜਣ ਛੋਡਿਆ ਛੋਪ
ਬਾਬਲਾ ਤੇਰੀ ਲਾਡਲੀ ਵੇ

ਉਹ ਕੇਵਲ ਅਜ ਦੀ ਰਾਤ ਰੱਖਣ ਲਈ ਬਾਬਲ ਅੱਗੇ ਲੇਲੜ੍ਹੀ ਕੱਢਦੀ ਹੈ ਪਰੰਤੂ ਬਾਬਲ ਵੀ ਮਜਬੂਰ ਹੈ:-

ਬਾਬਲ ਵਿਦਾ ਕਰੇਂਦਿਆ
ਮੈਨੂੰ ਰੱਖ ਲੈ ਅਜ ਦੀ ਰਾਤ ਵੇ
ਮੈਂ ਕਿੱਕਣ ਰੱਖਾਂ ਧੀਏ ਮੇਰੀਏ
ਮੈਂ ਤਾਂ ਸਜਣ ਸਦਾ ਲਏ ਆਪ ਨੀ

ਧੀ ਨੂੰ ਵਿਦਾ ਕਰਕੇ ਮਾਪਿਆਂ ਦਾ ਗ਼ਮਗ਼ੀਨ ਹੋਣਾ ਸੁਭਾਵਿਕ ਹੀ ਹੈ ਪਰੰਤੂ ਵਾਰੇ ਜਾਈਏ ਧੀ ਦੇ ਜਿਹੜੀ ਉਹਨਾਂ ਦੀ ਦਿਲਗੀਰੀ ਨੂੰ ਨਾ ਸਹਾਰਦੀ ਹੋਈ ਏਸ ਸਾਰੇ ਵਰਤਾਰੇ ਨੂੰ ਆਪਣੀ ਹੋਣੀ ਦਸ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ। ਗੀਤ ਦੇ ਦਰਦੀਲੇ ਬੋਲ ਸਰੋਤਿਆਂ ਦੇ ਧੁਰ ਅੰਦਰ ਲਹਿ ਜਾਂਦੇ ਹਨ ਤੇ ਅੱਖੀਆਂ ਨਮ ਹੋ ਜਾਂਦੀਆਂ ਹਨ:-

ਸੋਨੇ ਦੀ ਸੱਗੀ ਮਾਪਿਓ
ਉੱਤੇ ਪਾਏ ਜੰਜੀਰ ਵੇ
ਤੁਸੀਂ ਕਿਉ ਬੈਠੇ ਮਾਪਿਓ
ਦਿਲ ਦਿਲਗੀਰ ਵੇ
ਖਾਊਂਗੀ ਕਿਸਮਤ ਮਾਪਿਓ
ਪਹਿਨੂੰਗੀ ਤਕਦੀਰ ਵੇ

ਸੈਂਕੜਿਆਂ ਦੀ ਗਿਣਤੀ ਵਿਚ ਸ਼ੁਹਾਗ ਗੀਤ ਪ੍ਰਾਪਤ ਹਨ। ਇਹਨਾਂ ਨੂੰ ਭਾਸ਼ਾ ਵਿਗਿਆਂਨ, ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦੀ ਦ੍ਰਿਸਟੀ ਤੋਂ ਵਾਚਣ ਦੀ ਲੋੜ ਹੈ। ਇਹਨਾਂ ਵਿਚ ਪੰਜਾਬੀ ਸਭਿਆਚਾਰ ਅਤੇ ਸੰਸਕ੍ਰਿਤੀ ਦੇ ਅਵਸ਼ੇਸ਼ ਸਮੋਏ ਹੋਏ ਹਨ।