ਦੋਹੇ

ਲੋਕ ਦੋਹਾ ਪੰਜਾਬੀ ਸਭਿਆਚਾਰ ਤੇ ਸੰਸਕ੍ਰਿਤੀ ਦਾ ਅਣਵਿਧ ਮੋਤੀ ਹੈ। ਇਹ ਪੰਜਾਬੀ ਲੋਕ-ਕਾਵਿ ਦਾ ਬਹੁਤ ਪੁਰਾਣਾ ਰੂਪ ਹੈ ਜਿਸ ਰਾਹੀਂ ਅਧਿਆਤਮਕ ਅਤੇ ਸਦਾਚਾਰਕ ਕਵਿਤਾ ਦਾ ਸੰਚਾਰ ਬਹੁਤ ਵੱਡੀ ਮਾਤਰਾ ਵਿਚ ਹੋਇਆ ਹੈ। ਭਾਰਤੀ ਸਾਹਿਤ ਵਿਚ ਦਾਰਸ਼ਨਿਕ ਅਤੇ ਸਦਾਚਾਰਕ ਵਿਚਾਰਾਂ ਦੇ ਪ੍ਰਗਟਾਅ ਲਈ ਇਸ ਕਾਵਿ-ਰੂਪ ਦੀ ਵਰਤੋਂ ਪੁਰਾਤਨ ਸਮੇਂ ਤੋਂ ਹੀ ਕੀਤੀ ਜਾਂਦੀ ਰਹੀ ਹੈ। ਕਬੀਰ, ਸ਼ੇਖ ਫਰੀਦ ਅਤੇ ਗੁਰੂ ਸਾਹਿਬਾਨ ਦੀ ਬਾਣੀ ਕਾਫੀ ਮਾਤਰਾ ਵਿਚ ਦੋਹਿਆਂ ਦੇ ਰੂਪ ਵਿਚ ਉਪਲਬਧ ਹੈ। ਦੋਹਾ ਲੋਕ ਪਰੰਪਰਾ ਦਾ ਅਨਿੱਖੜਵਾਂ ਅੰਗ ਹੋਣ ਕਰਕੇ ਪੰਜਾਬ ਦੇ ਮੱਧਕਾਲੀਨ ਕਿੱਸਾਕਾਰਾਂ ਅਤੇ ਕਵੀਸ਼ਰਾਂ ਨੇ ਵੀ ਇਸ ਕਾਵਿ ਰੂਪ ਨੂੰ ਆਪਣੀਆਂ ਕਾਵਿ ਰਚਨਾਵਾਂ ਵਿਚ ਵਰਤਿਆ ਹੈ। ਪੰਜਾਬੀ ਲੋਕ ਮਾਨਸ ਨੇ ਵੀ ਇਸ ਕਾਵਿ ਰੂਪ ਨੂੰ ਆਪਣੇ ਮਨੋਭਾਵਾਂ ਅਤੇ ਵਿਚਾਰਾਂ ਦੇ ਪ੍ਰਗਟਾਅ ਦਾ ਮਾਧਿਅਮ ਬਣਾਇਆ ਹੈ। ਦੋਹਾ ਗਿਆਨ ਦਾ ਗੀਤ ਹੈ ਜਿਸ ਨੂੰ ਸਮਝਣ ਅਤੇ ਮਾਣਨ ਲਈ ਡੂੰਘੀ ਸੋਚ ਅਤੇ ਚੇਤੰਨ ਦਿਮਾਗ ਦੀ ਲੋੜ ਹੈ:-

ਉੱਚਾ ਬੁਰਜ ਲਾਹੌਰ ਦਾ
ਕੋਈ ਵਿਚ ਤੋਤੇ ਦੀ ਖੋਡ
ਦੋਹਾ ਗੀਤ ਗਿਆਨ ਦਾ
ਜੀਹਨੂੰ ਗੂਹੜੇ ਮਗਜ਼ ਦੀ ਲੋੜ

ਦੋਹਿਆਂ ਵਿਚ ਡੂੰਘੀ ਵਿਚਾਰ ਪੇਸ਼ ਕੀਤੀ ਗਈ ਹੈ:-

ਉੱਚਾ ਬੁਰਜ ਲਾਹੌਰ ਦਾ

ਕੋਈ ਵੱਡੇ ਰਖਾਏ ਬਾਰ
ਦੋਹਾ ਗੀਤ ਗਿਆਨ ਦਾ
ਜੀਹਦੀ ਡੂੰਘੀ ਹੋਵੇ ਵਿਚਾਰ

ਇਹ ਇਕ ਅਜਿਹਾ ਕਾਵਿ ਰੂਪ ਹੈ ਜਿਸ ਨੂੰ ਸਾਰਾ ਜਹ ਨ ਗਾਉਂਦਾ ਹੈ। ਐਨੀ ਹਰਮਨ ਪਿਆਰਤਾ ਹੈ ਦੋਹੇ ਦੀ:-

ਤੈਨੂੰ ਰੂਪ ਦਿੱਤਾ ਕਰਤਾਰ ਨੇ
ਨੀ ਕਾਹਦਾ ਕਰੇਂ ਗੁਮਾਨ
ਦੋਹਾ ਗੀਤ ਗਿਆਨ ਦਾ
ਜੀਹਨੂੰ ਗਾਵੇ ਕੁਲ ਜਹਾਨ

ਜਨ ਸਾਧਾਰਨ ਨੇ ਹੀ ਦੋਹੇ ਦੀ ਸਿਰਜਣਾ ਕੀਤੀ ਹੈ। ਇਸ ਦੀ ਸਿਰਜਣ ਪ੍ਰਕਿਰਿਆ ਬਾਰੇ ਦੋਹਾ ਆਪ ਗਵਾਹੀ ਦੇਂਦਾ ਹੈ:-

ਕਿਥੋਂ ਦੋਹਾ ਜਰਮਿਆਂ
ਕਿਥੋਂ ਲਿਆ ਬਣਾ
ਕੌਣ ਦੋਹੇ ਦਾ ਬਾਪ ਐ
ਕੌਣ ਦੋਹੇ ਦੀ ਮਾਂ

ਪ੍ਰਸ਼ਨ ਦਾ ਉੱਤਰ ਵੀ ਦੋਹਾ ਆਪ ਹੀ ਮੋੜਦਾ ਹੈ:-

ਦਿਲ 'ਚੋਂ ਦੋਹਾ ਜਰਮਿਆਂ
ਚਿੱਤ 'ਚੋਂ ਲਿਆ ਬਣਾ
ਸੂਰਜ ਦੋਹੇ ਦਾ ਬਾਪ ਐ
ਧਰਤੀ ਦੋਹੇ ਦੀ ਮਾਂ

ਇਸੇ ਭਾਵਨਾ ਨੂੰ ਪ੍ਰਗਟਾਉਣ ਵਾਲ਼ੇ ਦੋ ਹੋਰ ਦੋਹੇ ਪ੍ਰਸ਼ਨ ਉੱਤਰ ਦੇ ਰੂਪ ਵਿਚ ਪੇਸ਼ ਹਨ:

ਕਿਥੋਂ ਦੋਹਾ ਸਿੱਖਿਆ ਨੀ ਮੇਲਣੇ
ਕਿਥੋਂ ਚੜ੍ਹਾਇਆ ਨੀ ਅਗਾਸ
ਕੌਣ ਦੋਹੇ ਦੀ ਮਾਈ ਐ
ਨੀ ਕੌਣ ਦੋਹੇ ਦਾ ਬਾਪ

ਢਿੱਡੋਂ ਦੋਹਾ ਸਿੱਖਿਆ ਨੀ ਸਖੀਏ
ਮਨੋ ਚੜ੍ਹਾਇਆ ਨੀ ਅਗਾਸ
ਜੀਭ ਦੋਹੇ ਦੀ ਮਾਈ ਐ
ਤੇ ਮੁਖ ਦੋਹੇ ਦਾ ਬਾਪ

ਦੋਹਾ ਲਾਉਂਦੀ ਹੋਈ ਕੋਈ ਜਣੀ ਆਪਣੀ ਸੂਝ ਦਾ ਪ੍ਰਗਟਾਵਾ ਇਕ ਹੋਰ ਦੋਹੇ ਰਾਹੀਂ ਕਰਦੀ ਹੈ:-

ਮੂੰਹ 'ਚੋਂ ਦੋਹਾ ਉਗਿਆ ਭੈਣੇ
ਮੈਂ ਤਾਂ ਬਣਾਇਆ ਇਹਨੂੰ ਨੀ ਆਪ
ਜੀਭ ਤਾਂ ਇਹਦੀ ਮਾਈ ਐ
ਕੋਈ ਬੋਲ ਨੀ ਇਹਦਾ ਬਾਪ

ਦੋਹਾ ਅਥਵਾ ਦੋਹਰਾ ਇਕ ਮਾਤ੍ਰਿਕ ਛੰਦ ਹੈ ਜਿਸ ਦੇ ਦੋ ਚਰਣ (ਤੁਕਾਂ) ਤੇ 24 ਮਾਤਰਾਂ ਹੁੰਦੀਆਂ ਹਨ, ਪਹਿਲਾ ਵਿਸ਼ਰਾਮ 13 ਪਰ ਦੂਜਾ 11 ਪਰ ਅੰਤ ਗੁਰੂ ਲਘੂ। ਇਕ-ਇਕ ਤੁਕ ਦੇ ਦੋ ਦੋ ਚਰਨ ਮੰਨ ਕੇ ਪਹਿਲੇ ਅਤੇ ਤੀਜੇ ਚਰਣ ਦੀਆਂ 13 ਮਾਤਰਾਂ, ਦੂਜੇ ਅਤੇ ਚੌਥੇ ਚਰਣ ਦੀਆਂ ਗਿਆਰਾਂ ਗਿਆਰਾਂ ਮਾਤਰਾਂ ਹੁੰਦੀਆਂ ਹਨ।* ਦੋਹਾ ਕਾਵਿਕ ਦ੍ਰਿਸ਼ਟੀ ਤੋਂ ਛੋਟੇ ਆਕਾਰ ਦਾ ਸੁਤੰਤਰ ਤੇ ਮੁਕੰਮਲ

*ਭਾਈ ਕਾਨ੍ਹ ਸਿੰਘ, 'ਮਹਾਨ ਕੋਸ਼', ਤੀਜਾ ਸੰਸਕ੍ਰਣ, ਪੰਨਾ- 6521)

ਕਾਵਿ ਰੂਪ ਹੈ। ਪੰਜਾਬ ਦੇ ਲੋਕ ਮਾਨਸ ਨੇ ਅਪਣੇ ਮਨੋਭਾਵਾਂ ਦੇ ਪ੍ਰਗਟਾਅ ਲਈ ਇਸ ਕਾਵਿ ਰੂਪ ਨੂੰ ਬੜੀ ਸ਼ਿੱਦਤ ਨਾਲ਼ ਗਾਂਵਿਆ ਹੈ। ਲੋਕ ਦੋਹੇ ਅਤੇ ਲੋਕ ਦੋਹੜੇ ਦੇ ਰੂਪ ਵਿਚ ਇਹ ਪੰਜਾਬ ਦੇ ਕਣ ਕਣ ਵਿਚ ਰਮਿਆ ਹੋਇਆ ਹੈ। ਦੋਹਿਆਂ ਦੇ ਰਚਣਹਾਰਿਆਂ ਦੇ ਨਾਵਾਂ ਥਾਵਾਂ ਦਾ ਵੀ ਕੋਈ ਅਤਾ ਪਤਾ ਨਹੀਂ। ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਇਹ ਵੀ ਜਨ ਸਮੂਹ ਦੀ ਦੇਣ ਹਨ। ਇਹਨਾਂ ਵਿਚ ਪੰਜਾਬੀਆਂ ਦੇ ਮਨੋਭਾਵਾਂ, ਉਦਗਾਰਾਂ, ਖ਼ੁਸ਼ੀਆਂ- ਗ਼ਮੀਆਂ, ਵਿਛੋੜੇ ਦੇ ਸੱਲਾਂ ਅਤੇ ਵੈਰਾਗ ਦੀਆਂ ਕੂਲ੍ਹਾਂ ਵਹਿ ਰਹੀਆਂ ਹਨ। ਇਹ ਮੁਹੱਬਤਾਂ ਦੇ ਗੀਤ ਹਨ, ਇਸ਼ਕ ਮਜ਼ਾਜੀ ਦੀ ਬਾਤ ਪਾਉਂਦੇ ਹਨ, ਦਰਸ਼ਨ ਤੇ ਸਦਾਚਾਰ ਦੀ ਗੁੜ੍ਹਤੀ ਦੇਂਦੇ ਹਨ, ਇਹਨਾਂ ਵਿਚ ਪੰਜਾਬ ਦੀ ਲੋਕ ਚੇਤਨਾ ਵਿਦਮਾਨ ਹੈ। ਇਹਨਾਂ ਵਿਚ ਪੰਜਾਬੀਆਂ ਦੀ ਸੁਹਜ-ਆਤਮਕ ਬੋਧ ਦੇ ਝਲਕਾਰੇ ਨਜਰੀ ਪੈਂਦੇ ਹਨ। ਅਸਲ ਵਿਚ ਲੋਕ ਦੋਹੇ ਪੰਜਾਬੀ ਲੋਕ ਸਾਹਿਤ ਦੇ ਮਾਣਕ ਮੋਤੀ ਹਨ ਜਿਨ੍ਹਾਂ ਵਿਚ ਪੰਜਾਬ ਦੀ ਸਦਾਚਾਰਕ, ਦਾਰਸ਼ਨਿਕ ਅਤੇ ਰੁਮਾਂਚਿਕ ਜ਼ਿੰਦਗੀ ਧੜਕਦੀ ਹੈ। ਇਹ ਤਾਂ ਪੰਜਾਬ ਦੇ ਸਾਦੇ ਮੁਰਾਦੇ 'ਗੁਣੀਆਂ' ਦੀ ਬਹੁਮੁੱਲੀ ਤੇ ਬਹੁਭਾਂਤੀ ਦੇਣ ਹਨ ਜਿਨ੍ਹਾਂ ਵਿਚ ਪੰਜਾਬ ਦੀ ਆਤਮਾ ਦੇ ਖੁੱਲ੍ਹੇ ਦੀਦਾਰੇ ਹੁੰਦੇ ਹਨ।

ਦੋਹਾ ਲੰਬੀ ਹੇਕ ਅਤੇ ਠਰ੍ਹਾ ਨਾਲ਼ ਗਾਉਣ ਵਾਲ਼ਾ ਕਾਵਿ ਰੂਪ ਹੈ। ਇਸ ਨੂੰ ਗਾਉਣ ਦਾ ਅਤੇ ਸੁਣਨ ਦਾ ਅਨੂਠਾ ਤੇ ਅਗੰਮੀ ਸੁਆਦ ਹੈ। ਆਮ ਤੌਰ ਤੇ ਟਿਕੀ ਹੋਈ ਰਾਤ ਵਿਚ ਦੋਹੇ ਲਾਏ ਜਾਂਦੇ ਹਨ। ਦੋਹੇ ਗਾਉਣ ਨੂੰ ਦੋਹੇ ਲਾਉਣਾ ਆਖਿਆ ਜਾਂਦਾ ਹੈ। ਪੰਜਾਬ ਦੇ ਪਿੰਡਾਂ ਵਿਚ ਇਹਨਾਂ ਨੂੰ ਗਾਉਣ ਦੀ ਆਮ ਪਰੰਪਰਾ ਸੀ। ਤੜਕਸਰ ਔਰਤਾਂ ਨੇ ਚੱਕੀਆਂ ਝੋ ਦੇਣੀਆਂ, ਕੋਈ ਦੁਧ ਰਿੜਕਦੀ, ਮਰਦ ਤਾਰਿਆਂ ਦੀ ਛਾਵੇਂ ਹਲ਼ ਜੋੜ ਕੇ ਤੁਰ ਜਾਂਦੇ, ਕਿਧਰੇ ਹਲਟ ਚਲਦੇ। ਬਲਦਾਂ ਅਤੇ ਬੋਤਿਆਂ ਦੀਆਂ ਘੁੰਗਰਾਲਾਂ ਦੀ ਛਣਕਾਰ ਨਾਲ਼ ਇਕ ਅਨੂਠਾ ਰਾਗ ਉਤਪੰਨ ਹੋ ਜਾਣਾ। ਘੁੰਗਰੂਆਂ, ਟੱਲੀਆਂ ਅਤੇ ਹਲਟ ਦੇ ਕੁੱਤੇ ਦੀ ਟਕ-ਟਕ ਨਾਲ਼ ਤਾਲ਼ ਦੇਂਦੇ ਹਾਲ਼ੀ ਅਤੇ ਨਾਕੀ ਵਜਦ ਵਿਚ ਆ ਕੇ ਦੋਹੇ ਲਾਉਣ ਲੱਗ ਜਾਂਦੇ। ਟਿਕੀ ਹੋਈ ਰਾਤ 'ਚ ਦੋਹਿਆਂ ਦੇ ਦਰਦੀਲੇ ਬੋਲਾਂ ਨਾਲ਼ ਵਿਸਮਾਦ ਭਰਪੂਰ ਸਮਾਂ ਬੰਨ੍ਹਿਆਂ ਜਾਣਾ। ਦੂਰੋਂ ਕਿਸੇ ਹੋਰ ਨਾਕੀ (ਨੱਕੇ ਛੱਡਣ ਵਾਲ਼ਾ) ਨੇ ਦੋਹਾ ਸੁਣ ਕੇ ਦੋਹੇ ਦਾ ਉੱਤਰ ਦੋਹੇ ਵਿਚ ਮੋੜਨਾ। ਸ਼ਾਂਤ ਵਾਤਾਵਰਣ ਵਿਚ ਬ੍ਰਿਹਾ ਦੀਆਂ ਕੂਲ੍ਹਾਂ ਵਹਿ ਟੁਰਨੀਆਂ। ਕਿਸੇ ਬ੍ਰਿਹਾ ਕੁਠੇ ਦੇ ਬੋਲ ਵਾਵਾਂ ਵਿਚ ਘੁਲ ਜਾਣੇ:-

ਕੱਲਰ ਦੀਵਾ ਮੱਚਦਾ
ਬਿਨ ਬੱਤੀ ਬਿਨ ਤੇਲ
ਨਹੀਂ ਰੱਬਾ ਚੱਕ ਲੈ
ਨਹੀਂ ਕਰਾ ਦੇ ਮੇਲ

ਅੱਗੋਂ ਕਿਸੇ ਹੋਰ ਨੇ ਦੋਹਾ ਲਾਉਣਾ:-

ਪੁਛ ਕੇ ਨਾ ਪੈਂਦੇ ਮਾਮਲੇ
ਨਿਹੁੰ ਨਾ ਲਗਦਾ ਜ਼ੋਰ
ਗੱਲਾਂ ਕਰਨ ਸੁਖਾਲੀਆਂ
ਔਖੇ ਪਾਲਣੇ ਬੋਲ

ਕਿਸੇ ਨੇ ਸੁਪਨੇ ਵਿਚ ਮਿਲ਼ੇ ਦਿਲਜਾਨੀ ਦੀ ਬਾਤ ਪਾਉਣੀ ਤੇ ਸੁਪਨੇ ਨੂੰ ਸੁਲਤਾਨ ਦੀ ਉਪਾਧੀ ਦੇਦਿਆ ਦੋਹਾ ਲਾਉਣਾ:-

ਸੁਪਨਿਆਂ ਤੂੰ ਸੁਲਤਾਨ ਹੈਂ
ਉੱਤਮ ਤੇਰੀ ਜਾਤ
ਸੈ ਵਰਸਾਂ ਦੇ ਵਿਛੜੇ
ਆਣ ਮਲਾਵੇ ਰਾਤ
ਹੋਰ
ਸੁਪਨਿਆਂ ਤੈਨੂੰ ਕਤਲ ਕਰਾਵਾਂ
ਮੇਰਾ ਝੋਰੇ ਪਾ ਲਿਆ ਚਿੱਤ
ਰਾਤੀਂ ਸੁੱਤੇ ਦੋ ਜਣੇ
ਦਿਨ ਚੜ੍ਹਦੇ ਨੂੰ ਇਕ

ਅੱਗੋਂ ਕਿਸੇ ਜੋਗੀ ਦਾ ਭੇਸ ਧਾਰ ਕੇ ਮਿਲ਼ਣ ਆਏ ਆਪਣੇ ਦਿਲ ਦੇ ਮਹਿਰਮ ਨੂੰ ਯਾਦ ਕਰਨਾ:

ਉੱਚਾ ਬੁਰਜ ਲਾਹੌਰ ਦਾ
ਕੋਈ ਖੜੀ ਸੁਕਾਵਾਂ ਕੇਸ
ਯਾਰ ਦਖਾਈ ਦੇ ਗਿਆ
ਕਰਕੇ ਭਗਵਾਂ ਭੇਸ

ਕਿੰਨੀ ਤੜਪ ਹੈ ਮਾਹੀ ਦੇ ਮਿਲਾਪ ਲਈ:-

ਉੱਚਾ ਬੁਰਜ ਲਾਹੌਰ ਦਾ
ਹੇਠ ਵਗੇ ਦਰਿਆ
ਮੈਂ ਮਛਲੀ ਦਰਿਆ ਦੀ
ਤੂੰ ਬਗਲਾ ਬਣ ਕੇ ਆ

ਇਸ਼ਕ ਕਮਾਉਣਾ ਤੇ ਨਿਭਾਉਣਾ ਹਾਰੀ ਸਾਰੀ ਦੇ ਵਸ ਦਾ ਰੋਗ ਨਹੀਂ। ਇਸ਼ਕ ਦੀ ਖੇਡ ਵਿਚ ਸਿਰ-ਧੜ ਦੀ ਬਾਜ਼ੀ ਲਾਉਣੀ ਪੈਂਦੀ ਹੈ। ਦਿਲ ਗੁਰਦੇ ਵਾਲ਼ੇ ਹੀ ਇਸ ਦਾ ਮੁਲ ਪਾਉਂਦੇ ਹਨ, ਕਾਇਰ ਤੇ ਕਮੀਨੇ ਲੋਕਾਂ ਨੇ ਭਲਾ ਇਸ਼ਕ ਮੁਸ਼ਕ ਦੀ ਸਾਰ ਕਿਥੋਂ ਲੈਣੀ ਹੋਈ:-

ਇਸ਼ਕ ਨਗੀਨਾ ਸੋਈ ਸਮਝਣ
ਜੋ ਹੋਵਣ ਆਪ ਨਗੀਨੇ



ਇਸ਼ਕ ਮੁਸ਼ਕ ਦੀ ਸਾਰ ਕੀ ਜਾਨਣ
ਕਾਇਰ ਲੋਕ ਕਮੀਨੇ

ਕਿਸੇ ਪ੍ਰਦੇਸੀ ਨਾਲ਼ ਇਸ਼ਕ ਕਰਨਾ ਜਾਂ ਨਿਹੁੰ ਲਾਉਣਾ ਚੰਗਾ ਵੀ ਹੈ ਤੇ ਮੰਦਾ ਵੀ। ਗੱਲ ਭਾਵਨਾ ਦੀ ਹੈ:-

ਨਾਲ਼ ਪ੍ਰਦੇਸੀ ਨਿਹੁੰ ਨਾ ਲਾਈਏ
ਭਾਵੇਂ ਲੱਖ ਸੋਨੇ ਦਾ ਹੋਵੇ
ਇਕ ਗੱਲੋਂ ਪ੍ਰਦੇਸੀ ਚੰਗਾ
ਜਦ ਯਾਦ ਕਰੇ ਤਾਂ ਰੋਵੇ

ਦੋਸਤ ਮਿੱਤਰ ਦੀ ਸਹੀ ਪਛਾਣ ਅਤੇ ਕਦਰ ਦਾ ਮੁਲ ਕੋਈ ਪਾਰਖੂ ਅੱਖ ਹੀ ਪਾ ਸਕਦੀ ਹੈ:-

ਲਾਲ ਵੀ ਕੱਚ ਦਾ,
ਮਣਕਾ ਵੀ ਕੱਚ ਦਾ,
ਰੰਗ ਇਕੋ ਹੈ ਦੋਹਾਂ ਦਾ
ਜ਼ੌਹਰੀ ਕੋਲੋਂ ਪਰਖ ਕਰਾਈਏ
ਫਰਕ ਸੈਂਕੜੇ ਕੋਹਾਂ ਦਾ

ਦੋਹੇ ਕੇਵਲ ਮਨੋਰੰਜਨ ਹੀ ਪ੍ਰਦਾਨ ਨਹੀਂ ਕਰਦੇ ਬਲਕਿ ਇਹਨਾਂ ਰਾਹੀਂ ਸੱਚਿਆਰਾ ਜੀਵਨ ਜੀਣ ਅਤੇ ਸਦਾਚਾਰਕ ਕਦਰਾਂ ਕੀਮਤਾਂ ਨੂੰ ਅਪਣਾਉਣ ਦੀ ਜਾਚ ਦੀ ਦੱਸੀ ਗਈ ਹੈ। ਸੁਖੀ ਪਰਿਵਾਰਕ ਜੀਵਨ ਲਈ ਮਰਦ ਨੂੰ ਪਰਾਈ ਔਰਤ ਤੋਂ ਕੁਝ ਫਾਸਲਾ ਰੱਖਣ ਲਈ ਸੁਝਾ ਹੈ:-

ਉੱਚਾ ਮਹਿਲ ਬਰੋਬਰ ਮੋਰੀ
ਦੀਵਾ ਕਿਸ ਵਿਧ ਧਰੀਏ
ਨਾਰ ਬਗਾਨੀ ਆਦਰ ਥੋੜ੍ਹਾ
ਗਲ਼ ਲਗ ਕੇ ਨਾ ਮਰੀਏ

ਮਨੁੱਖ ਨੂੰ ਆਪਣੀ ਹਉਮੈ ਨੂੰ ਮਾਰਨ ਅਤੇ ਕੁਦਰਤ ਨੂੰ ਮਾਣਨ ਲਈ ਆਖਿਆ ਗਿਆ ਹੈ:-

ਮੈਂ ਮੇਰੀ ਨੂੰ ਮਾਰ ਕੇ
ਨਿੱਕੀ ਕਰਕੇ ਕੁੱਟ
ਭਰੇ ਖ਼ਜ਼ਾਨੇ ਨੂਰ ਦੇ
ਲਾੜਾ ਬਣ ਬਣ ਲੁੱਟ

ਆਧੁਨਿਕ ਮਨੁੱਖ ਮਾਤਰ ਨੂੰ ਮਿੱਟੀ ਦੇ ਦੀਵੇ ਦਾ ਪ੍ਰਤੀਕ ਵਰਤ ਕੇ ਉਸ ਨੂੰ ਆਪਣੀ ਹੋਣੀ ਦਾ ਅਹਿਸਾਸ ਵੀ ਕਰਵਾਇਆ ਹੈ:-

ਸੁਣ ਮਿੱਟੀ ਦਿਆ ਦੀਵਿਆ
ਕੈਸੀ ਤੇਰੀ ਲੋ

ਇਕ ਦਿਨ ਦੇਵੇਂ ਰੌਸ਼ਨੀ
ਇਕ ਦਿਨ ਜਾਣਾ ਗੁੱਲ ਹੋ

ਅਨੇਕਾਂ ਦੋਹਿਆਂ ਰਾਹੀਂ ਅਜੋਕੇ ਮਨੁੱਖ ਨੂੰ ਜੀਵਨ ਦੀਆਂ ਅਟੱਲ ਸਚਾਈਆਂ ਤੋਂ ਜਾਣੂੰ ਕਰਵਾਉਣ ਦਾ ਯਤਨ ਕੀਤਾ ਗਿਆ ਹੈ:-

ਅਕਲ ਬਿਨ ਰੂਪ ਖਰਾਬ ਹੈ
ਜਿਉਂ ਗੇਂਦੇ ਦੇ ਫੁੱਲ
ਬਾਲ਼ ਚਲੀ ਝੜ ਜਾਣਗੇ
ਕਿਨੇ ਨੀ ਲੈਣੇ ਮੁੱਲ

ਮਨੁੱਖ ਦੇ ਅਮੋੜ ਸੁਭਾਅ ਅਤੇ ਭੈੜੀਆਂ ਵਾਦੀਆਂ ਨੂੰ ਸੰਕੇਤਕ ਰੂਪ ਵਿਚ ਇਹ ਦੋਹਾ ਬਿਆਨ ਕਰਦਾ ਹੈ:-

ਕੜਕ ਨਾ ਜਾਂਦੀ ਕੁੱਪਿਓਂ
ਰਹਿੰਦੇ ਤੇਲ ਭਰੇ
ਕਿੱਕਰ ਜੰਡ ਕਰੀਰ ਨੂੰ
ਪਿਓਂਦ ਕੌਣ ਕਰੇ

ਇਸੇ ਭਾਵਨਾ ਦਾ ਇਕ ਹੋਰ ਦੋਹਾ ਹੈ:-

ਬੁਰਾ ਗ਼ਰੀਬ ਦਾ ਮਾਰਨਾ
ਬੁਰੀ ਗ਼ਰੀਬ ਦੀ ਹਾ
ਗਲ਼ੇ ਬੱਕਰੇ ਦੀ ਖਲ ਨਾ
ਲੋਹਾ ਭਸਮ ਹੋ ਜਾ

ਥਾਂ ਥਾਂ ਉਸਰੇ ਸੰਤਾਂ-ਬਾਬਿਆਂ ਦੇ ਗਿਆਨ ਵੰਡਦੇ ਅਖੌਤੀ ਡੇਰਿਆਂ ਤੇ ਵਿਅੰਗ ਕਸਦਾ ਹੈ ਇਹ ਦੋਹਾ:-

ਮੁੱਲਾਂ ਮਿਸਰ ਮਸ਼ਾਲਚੀ
ਤਿੰਨੇ ਇਕ ਸਮਾਨ
ਹੋਰਨਾਂ ਨੂੰ ਚਾਨਣ ਕਰਨ
ਆਪ ਹਨ੍ਹੇਰੇ ਜਾਣ

ਅਜੋਕਾ ਮਨੁੱਖ ਐਨੀਆਂ ਸੁਖ ਸਹੂਲਤਾਂ ਹੋਣ ਦੇ ਬਾਵਜੂਦ ਮਾਨਸਿਕ ਭਟਕਣਾ ਦਾ ਸ਼ਿਕਾਰ ਹੋ ਚੁੱਕਾ ਹੈ। ਕਿਧਰੇ ਸਬਰ ਸੰਤੋਖ ਨਹੀਂ । ਪੈਸਾ, ਧਨ ਦੌਲਤ ਅਤੇ ਸ਼ੁਹਰਤ ਦੀ ਹੋੜ ਲੱਗੀ ਹੋਈ ਹੈ, ਪਰੰਤੂ ਪੰਜਾਬ ਦਾ ਸਾਧਾਰਨ ਦੋਹਾਕਾਰ ਉਸ ਨੂੰ ਪੰਛੀਆਂ ਅਤੇ ਦਰਵੇਸ਼ਾਂ ਵਰਗਾ ਜੀਵਨ ਜੀਣ ਦਾ ਸੁਝਾਅ ਦੇਂਦਾ ਹੈ:-

ਪੱਲੇ ਰਿਜ਼ਕ ਨਾ ਬੰਨ੍ਹਦੇ
ਪੰਛੀ ਤੇ ਦਰਵੇਸ਼
ਜਿਨ੍ਹਾਂ ਤਕਵਾ ਰੱਬ ਦਾ
ਤਿਨ੍ਹਾਂ ਰਿਜ਼ਕ ਹਮੇਸ਼

ਫਕੀਰੀ ਵਾਲ਼ੀ ਜ਼ਿੰਦਗੀ ਜੀਣੀ ਕਿਹੜਾ ਸੌਖੀ ਹੈ। ਕੋਈ ਸੂਰਮਾ ਹੀ ਇਹ ਰਾਹ ਅਪਣਾ ਸਕਦਾ ਹੈ:

ਔਖੀ ਰਮਜ਼ ਫਕੀਰੀ ਵਾਲ਼ੀ
ਚੜ੍ਹ ਸੂਲੀ ਤੇ ਬਹਿਣਾ
ਦਰ ਦਰ ਤੇ ਟੁਕੜੇ ਮੰਗਣੇ
ਮਾਈਏ ਭੈਣੇ ਕਹਿਣਾ

ਮਸ਼ੀਨੀ ਸਭਿਅਤਾ ਦੇ ਵਿਕਾਸ ਕਾਰਨ ਖੇਤੀ ਦੇ ਰੰਗ-ਢੰਗ ਬਦਲ ਗਏ ਹਨ। ਨਾ ਖੂਹ ਰਹੇ ਹਨ ਨਾ ਬਲਦਾਂ ਦੀਆਂ ਟੱਲੀਆਂ, ਨਾ ਦੋਹੇ ਲਾਉਣ ਦੀ ਪਰੰਪਰਾ। ਹੁਣ ਖੇਤਾਂ ਵਿਚ ਟਰੈਕਟਰ ਧੁਕ-ਧੁਕ ਕਰ ਰਹੇ ਹਨ ਤੇ ਖੂਹਾਂ ਦੀ ਥਾਂ ਟਿਉਬਵੈਲਾਂ ਨੇ ਮੱਲ ਲਈ ਹੈ। ਹੁਣ ਕੋਈ ਕਿਸਾਨ ਰਾਤਾਂ ਨੂੰ ਖੇਤਾਂ 'ਚ ਕੰਮ ਨਹੀਂ ਕਰਦਾ, ਨਾ ਹੀ ਦੋਹੇ ਲਾਉਂਦਾ ਹੈ। ਪੰਜਾਬ ਦੇ ਪੇਂਡੂ ਜੀਵਨ ਵਿਚੋਂ ਦੋਹੇ ਲਾਉਣ ਦੀ ਪਰੰਪਰਾ ਦੇ ਸਮਾਪਤ ਹੋਣ ਕਾਰਨ ਇਸ ਦੀ ਸਿਰਜਣ ਪ੍ਰਕਿਰਿਆ ਵੀ ਸਮਾਪਤ ਹੋ ਗਈ ਹੈ। ਅਜੇ ਵੀ ਪੰਜਾਬ ਦੇ ਪਿੰਡਾਂ ਵਿਚ ਸੈਂਕੜੇ ਅਜਿਹੇ ਹਾਲ਼ੀ ਪਾਲ਼ੀ ਮੌਜੂਦ ਹਨ ਜਿਨ੍ਹਾਂ ਨੇ ਸੈਂਕੜਿਆਂ ਦੀ ਗਿਣਤੀ ਵਿਚ ਦੋਹਿਆਂ ਨੂੰ ਆਪਣੀ ਹਿੱਕੜੀ ਵਿਚ ਸਾਂਭਿਆ ਹੋਇਆ ਹੈ। ਜੇਕਰ ਸਮੇਂ ਸਿਰ ਇਹਨਾਂ ਨੂੰ ਸੰਭਾਲਿਆ ਨਾ ਗਿਆ ਤਾਂ ਇਹ ਵੀ ਬੀਤੇ ਦੀ ਧੂੜ ਵਿਚ ਗੁਆਚ ਜਾਣਗੇ। ਇਹਨਾਂ ਬੇਸ਼ਕੀਮਤ ਹੀਰਿਆਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡੀ ਮੁਲਵਾਨ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ।