ਸ਼ਗਨਾਂ ਦੇ ਗੀਤ (2012)
 ਸੁਖਦੇਵ ਮਾਦਪੁਰੀ
57832ਸ਼ਗਨਾਂ ਦੇ ਗੀਤ2012ਸੁਖਦੇਵ ਮਾਦਪੁਰੀ

ਲੋਕਗੀਤਾਂ ਦੀਆਂ ਕੂਲ੍ਹਾਂ
ਸ਼ਗਨਾਂ ਦੇ ਗੀਤ

ਪੰਨਾ

ਲੇਖਕ ਦੀਆਂ ਹੋਰ ਰਚਨਾਵਾਂ:

ਲੋਕ ਗੀਤ
ਗਾਉਂਦਾ ਪੰਜਾਬ (1959), ਫੁੱਲਾਂ ਭਰੀ ਚੰਗੇਰ (1979), ਖੰਡ ਮਿਸ਼ਰੀ ਦੀਆਂ ਡਲੀਆਂ (2003), ਲੋਕ ਗੀਤਾਂ ਦੀ ਸਮਾਜਿਕ ਵਿਆਖਿਆ (2003), ਨੈਣੀਂ ਨੀਂਦ ਨਾ ਆਵੇ (2004), ਕਿੱਕਲੀ ਕਲੀਰ ਦੀ (2008), ਸ਼ਾਵਾ ਨੀ ਬੰਬੀਹਾ ਬੋਲੇ (2008), ਬੇਲੀਆਂ ਦਾ ਪਾਵਾਂ ਬੰਗਲਾ (2009), ਕਲਰ ਦੀਵਾ ਮੱਚਦਾ (2010)
ਲੋਕ ਕਹਾਣੀਆਂ
ਜ਼ਰੀ ਦਾ ਟੋਟਾ (1957), ਨੈਣਾਂ ਦੇ ਵਣਜਾਰੇ (1962), ਭਾਰਤੀ ਲੋਕ ਕਹਾਣੀਆਂ (1991), ਬਾਤਾਂ ਦੇਸ ਪੰਜਾਬ ਦੀਆਂ (2003), ਦੇਸ ਪ੍ਰਦੇਸ ਦੀਆਂ ਲੋਕ ਕਹਾਣੀਆਂ (2006), ਜਿਨ੍ਹਾਂ ਵਣਜ ਦਿਲਾਂ ਦੇ ਕੀਤੇ (2012)
ਲੋਕ ਬੁਝਾਰਤਾਂ
ਲੋਕ ਬੁਝਾਰਤਾਂ (1956), ਪੰਜਾਬੀ ਬੁਝਾਰਤਾਂ (1979), ਪੰਜਾਬੀ ਬੁਝਾਰਤ ਕੋਸ਼(2007)
ਪੰਜਾਬੀ ਸਭਿਆਚਾਰ
ਪੰਜਾਬ ਦੀਆਂ ਲੋਕ ਖੇਡਾਂ (1976), ਪੰਜਾਬ ਦੇ ਮੇਲੇ ਅਤੇ ਤਿਓਹਾਰ (1995), ਆਓ ਨੱਚੀਏ (1995), ਮਹਿਕ ਪੰਜਾਬ ਦੀ (2004), ਪੰਜਾਬ ਦੇ ਲੋਕ ਨਾਇਕ (2005), ਪੰਜਾਬ ਦੀਆਂ ਵਿਰਾਸਤੀ ਖੇਡਾਂ (2005), ਪੰਜਾਬੀ ਸਭਿਆਚਾਰ ਦੀ ਆਰਸੀ (2006), ਲੋਕ ਸਿਆਣਪਾਂ (2007)
ਨਾਟਕ
ਪਰਾਇਆ ਧਨ (1962)
ਜੀਵਨੀ
ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ (1995)
ਬਾਲ ਸਾਹਿਤ
ਜਾਦੂ ਦਾ ਸ਼ੀਸ਼ਾ (1962), ਕੇਸੂ ਦੇ ਫੁੱਲ (1962), ਸੋਨੇ ਦਾ ਬੱਕਰਾ (1962), ਬਾਲ ਕਹਾਣੀਆਂ (1992), ਆਓ ਗਾਈਏ (1992), ਮਹਾਂਬਲੀ ਰਣਜੀਤ ਸਿੰਘ (1995), ਨੇਕੀ ਦਾ ਫ਼ਲ (1995)
ਅਨੁਵਾਦ
ਵਰਖਾ ਦੀ ਉਡੀਕ (1993), ਟੋਡਾ ਤੇ ਟਾਹਰ (1994), ਤਿਤਲੀ ਤੇ ਸੂਰਜਮੁਖੀਆਂ (1994)

ਪੰਨਾ

ਲੋਕਗੀਤਾਂ ਦੀਆਂ ਕੂਲ੍ਹਾਂ

ਸ਼ਗਨਾਂ ਦੇ ਗੀਤ

ਸੁਖਦੇਵ ਮਾਦਪੁਰੀ

ਪੰਨਾ

ISBN: 978-81-924288-4-0
Price: 150/-



Lokgeetan Dian Kuhlan
Shagnan De Geet
by
Sukhdev Madpuri
H.No. 2, St. No. 9, Samadhi Road, Khanna,
Distt. Ludhiana, Punjab (INDIA)-141401.
Ph: 01628-224704
Mobile: 094630-34472


2012
Shruti Pocket Books
S.C.O. 26-27, Sector 34 A, Chandigarh-160022
Ph. 0172-5077427, 5077428. 5098761
Type Setting & Design PCIS
Printed & bound at Unistar Books Pvt. Ltd.
301, Industrial Area, Phase-9.
S.A.S. Nagar, Mohali-Chandigarh (India)
Mob: 98154-71219

© 2012 Author
Produced and bound in India

All rights reserved
This book is sold subject to the condition that it shall not, by way of trade or otherwise, be lent, resold, hired out, or otherwise circulated without the publisher's prior written consent in any form of hinding or cover other than that in which it is published and without a similar condition including this condition being imposed on the subsequent purchaser and without limiting the rights under copyright reserved above, no part of this publication may be reproduced, stored in or introduced into a retrieval system, or transmitted in any form or by any means (electronic, mechanical, photocopying, recording or otherwise), without the prior written permission of both the copyright owner and the above-mentioned publisher of this book.

ਪੰਜਾਬ ਦੀ ਨੌਜਵਾਨ
ਪੀੜ੍ਹੀ ਨੂੰ
ਜੋ
ਆਪਣੀ ਵਿਰਾਸਤ ਨਾਲੋਂ
ਟੁੱਟ ਰਹੀ ਹੈ

ਤਤਕਰਾ

* ਦੋ ਸ਼ਬਦ

9

* ਸਿਰੜ-ਸਿਦਕ ਤੇ ਸੁਹਿਰਦਤਾ ਦੀ ਮੂਰਤ

11

ਰੰਗਲਾ ਬਚਪਨ

* ਲੋਰੀਆਂ

15

* ਕਿੱਕਲੀ

22

* ਥਾਲ਼

28

ਮੁਹੱਬਤ ਦੀਆਂ ਕੂਲ੍ਹਾਂ

* ਲੰਬੇ ਗੌਣ-ਬਿਰਹੜੇ

35

* ਗਿੱਧੇ ਦੀਆਂ ਬੋਲੀਆਂ

43

* ਦੋਹੇ

57

* ਮਾਹੀਆ

64

ਸ਼ਗਨਾਂ ਦੇ ਗੀਤ

* ਸੁਹਾਗ

69

* ਘੋੜੀਆਂ

79

* ਸਿਠਣੀਆਂ

92

* ਹੇਅਰੇ

106

* ਆਉਂਦੀ ਕੁੜੀਏ ਜਾਂਦੀ ਕੁੜੀਏ

114

* ਛੰਦ ਪਰਾਗੇ

125

ਅਨੁਸ਼ਠਾਨ

* ਸਾਵੇਂ

129

* ਗੁੱਗੇ ਤੇ ਸੀਤਲਾ ਮਾਤਾ ਦੇ ਗੀਤ

139

* ਸਾਂਝੀ ਦੇ ਗੀਤ

143

* ਲੋਹੜੀ ਦੇ ਗੀਤ

151

ਅੰਤਿਕਾ

* ਲੇਖਕ ਨਾਲ਼ ਮੁਲਾਕਾਤ

158

* ਪੁਸਤਕ ਸੂਚੀ

173

ਦੋ-ਸ਼ਬਦ

ਲੋਕ ਗੀਤ ਕਿਸੇ ਵਿਸ਼ੇਸ਼ ਭੂਗੋਲਿਕ ਖਿੱਤੇ ਵਿਚ ਵਸਦੇ ਲੋਕਾਂ ਦੇ ਹਾਵਾਂਭਾਵਾਂ, ਉਦਗਾਰਾਂ, ਗ਼ਮੀਆਂ ਖ਼ੁਸ਼ੀਆਂ ਅਤੇ ਉਮੰਗਾਂ ਦਾ ਪ੍ਰਗਟਾਵਾ ਹੀ ਨਹੀਂ ਕਰਦੇ ਬਲਕਿ ਉਹਨਾਂ ਦੇ ਸਮਾਜਿਕ ਅਤੇ ਸਭਿਆਚਾਰਕ ਜੀਵਨ ਦੀ ਗਾਥਾ ਵੀ ਬਿਆਨ ਕਰਦੇ ਹਨ। ਇਹਨਾਂ ਵਿਚ ਕਿਸੇ ਜਨ ਸਮੂਹ ਅਥਵਾ ਜਾਤੀ ਦੇ ਪਰੰਪਰਾਗਤ, ਸਾਂਸਕ੍ਰਿਤਕ ਅਤੇ ਸਭਿਆਚਾਰਕ ਤੱਤ ਸਮੋਏ ਹੁੰਦੇ ਹਨ। ਇਹਨਾਂ ਦਾ ਕੇਵਲ ਸਾਹਿਤਕ ਮਹੱਤਵ ਹੀ ਨਹੀਂ ਬਲਕਿ ਇਹਨਾਂ ਨੂੰ ਸਭਿਆਚਾਰਕ ਅਤੇ ਲੋਕ-ਧਾਰਾਈ ਦ੍ਰਿਸ਼ਟੀ ਤੋਂ ਵੀ ਸਮਝਣ ਦੀ ਲੋੜ ਹੈ। ਇਹ ਜੀਵਨ ਦੇ ਜੀਵਨ ਮੁੱਲਾਂ, ਸਰੋਕਾਰਾਂ, ਸਾਕਾਦਾਰੀ ਸੰਬੰਧਾਂ ਅਤੇ ਮਾਨਵੀ ਰਿਸ਼ਤਿਆਂ ਦੇ ਪ੍ਰਮਾਣਿਕ ਵਾਹਨ ਹਨ। ਇਹਨਾ ਵਿਚ ਜਨ ਜੀਵਨ ਦੀ ਆਤਮਾ ਵਿਦਮਾਨ ਹੈ।

ਪੰਜਾਬ ਦੇ ਲੋਕ ਗੀਤਾਂ ਵਿਚ ਪੰਜਾਬੀਆਂ ਦਾ ਜਨ ਜੀਵਨ ਧੜਕਦਾ ਹੈ। ਇਹ ਉਹਨਾਂ ਦੀ ਕਲਾਤਮਕ ਸਿਰਜਣਾ ਦਾ ਸੁਹਜ-ਆਤਮਕ ਪ੍ਰਗਟਾਵਾ ਹਨ।

ਪੰਜਾਬ ਦੇ ਲੋਕ ਗੀਤ ਅਨੇਕਾਂ ਗੀਤ-ਰੂਪਾਂ ਵਿਚ ਪ੍ਰਾਪਤ ਹਨ। ਲੋਰੀਆਂ, ਥਾਲ, ਕਿਕਲੀ ਦੇ ਗੀਤ, ਸੁਹਾਗ, ਘੋੜੀਆਂ, ਸਿਠਣੀਆਂ, ਹੇਅਰੇ , ਆਉਂਦੀ ਕੁੜੀਏ ਜਾਂਦੀ ਕੁੜੀਏ, ਗਿੱਧੇ ਦੀਆਂ ਲੰਬੀਆਂ ਤੇ ਇਕ ਲੜੀਆਂ ਬੋਲੀਆਂ, ਦੋਹੇ, ਮਾਹੀਆ ਅਤੇ ਲੰਬੇ ਗਾਉਣ ਪੰਜਾਬੀ ਲੋਕ ਗੀਤਾਂ ਦੇ ਭਿੰਨ ਭਿੰਨ ਰੂਪ ਹਨ।

ਫਰਵਰੀ 2012 ਵਿਚ ਅਕਾਸ਼ਬਾਣੀ ਜਲੰਧਰ ਦੇ ਪ੍ਰੋਡਿਊਸਰ ਦੇਵਿੰਦਰ ਜੌਹਲ ਹੋਰਾਂ ਮੈਨੂੰ ਅਕਾਸ਼ਬਾਣੀ ਲਈ ਪੰਜਾਬੀ ਲੋਕ ਗੀਤਾਂ ਦੀਆਂ ਵੱਖ-ਵੱਖ ਵੰਨਗੀਆਂ ਦੇ ਗੀਤ ਰੂਪਾਂ ਬਾਰੇ ਰੇਡੀਓ ਫੀਚਰ ਤਿਆਰ ਕਰਨ ਲਈ ਸੱਦਾ ਦਿੱਤਾ ਤਾਂ ਜੋ ਇਹਨਾਂ ਗੀਤ ਰੂਪਾਂ ਨੂੰ ਮਾਹਰ ਕਲਾਕਾਰਾਂ ਪਾਸੋਂ ਪੇਸ਼ ਕਰਵਾਕੇ ਉਹਨਾਂ ਨੂੰ ਸੰਭਾਲਿਆ ਜਾ ਸਕੇ! ਅਕਾਸ਼ਬਾਣੀ ਲਈ ਮੈਂ ਗੀਤ ਰੂਪਾਂ ਮਾਹੀਆ, ਦੋਹੇ, ਕਿਕੱਲੀ, ਥਾਲ, ਸਿਠਣੀਆਂ ਅਤੇ ਹੇਰਿਆ ਬਾਰੇ ਫੀਚਰ ਲਿਖ ਕੇ ਭੇਜੇ। ਅਕਾਸ਼ ਬਾਣੀ ਜਲੰਧਰ ਲਈ ਕੀਤੇ ਕਾਰਜ ਤੋਂ ਪ੍ਰੇਰਨਾ ਲੈ ਕੇ ਮੈਂ ਪੰਜਾਬੀ ਲੋਕ ਗੀਤਾਂ ਦੇ ਤਕਰੀਬਨ ਸਾਰਿਆਂ ਹੀ ਗੀਤ ਰੂਪਾਂ ਬਾਰੇ ਪੁਸਤਕ ਤਿਆਰ ਕਰਨ ਦੀ ਵਿਓਂਤ ਬਣਾਈ ਤਾਂ ਜੋ ਲੋਕ ਸਾਹਿਤ ਦੇ ਪਾਠਕਾਂ ਅਤੇ ਲੋਕਧਾਰਾ ਦੇ ਖੋਜਾਰਥੀਆਂ ਲਈ ਲੋੜੀਂਦੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ! ਇਸ ਕਾਰਜ ਦੀ ਵਿਓਂਤ ਅਤੇ ਪ੍ਰੇਰਨਾ ਲਈ ਮੈਂ ਦੇਵਿੰਦਰ ਜੌਹਲ ਪ੍ਰੋਡਿਊਸਰ, ਅਕਾਸ਼ਬਾਣੀ ਜਲੰਧਰ ਦਾ ਦਿਲੀ ਤੌਰ ਤੇ ਸ਼ੁਕਰਗੁਜ਼ਾਰ ਹਾਂ।

ਮੈਨੂੰ ਆਸ ਹੈ ਇਹ ਪੁਸਤਕ ਪੰਜਾਬੀ ਪਾਠਕਾਂ ਨੂੰ ਜਿੱਥੇ ਆਪਣੀ ਮੁਲਵਾਨ ਵਿਰਾਸਤ ਨਾਲ਼ ਜੋੜੇਗੀ ਉਥੇ ਉਹਨਾਂ ਨੂੰ ਸੁਹਜ-ਆਤਮਕ ਆਨੰਦ ਵੀ ਪ੍ਰਦਾਨ ਕਰੇਗੀ।

ਮਿਤੀ: 15 ਅਗਸਤ, 2012

ਸੁਖਦੇਵ ਮਾਦਪੁਰੀ
ਸਮਾਧੀ ਰੋਡ,
ਖੰਨਾ-141401

ਸਿਰੜ-ਸਿਦਕ ਤੇ ਸੁਹਿਰਦਤਾ ਦੀ ਮੂਰਤ

ਸੁਖਦੇਵ ਮਾਦਪੁਰੀ

(ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ, ਕੇਨੈਡਾ ਵਲੋਂ "ਕੌਮਾਂਤਰੀ ਮਨਜੀਤ ਯਾਦਗਾਰੀ ਐਵਾਰਡ’’ 2010 ਪ੍ਰਦਾਨ ਕਰਨ ਸਮੇਂ ਪੜ੍ਹਿਆ ਗਿਆ)

1935 ਦੇ ਵਰ੍ਹੇ ਜੇਠ ਮਹੀਨੇ ਦੇ ਕਿਸੇ ਤਪਦੇ ਦਿਨ, ਜ਼ਿਲਾ-ਲੁਧਿਆਣਾ, ਤਹਿਸੀਲ-ਸਮਰਾਲਾ ਦੇ ਪਿੰਡ ਮਾਦਪੁਰ ਵਿਖੇ ਬਾਪੂ ਦਿਆ ਸਿੰਘ ਦੇ ਘਰ ਬੇਬੇ ਸੁਰਜੀਤ ਕੌਰ ਦੀ ਕੁੱਖੋਂ ਸੁਖਦੇਵ ਸਿੰਘ ਦਾ ਜਨਮ ਹੋਇਆ ਸੀ। ਰਾਮਪੁਰੀਆਂ ਦੀ ਅੱਲ ਸਦਕਾ ਹੀ ਬਾਅਦ ਵਿਚ ਸੁਖਦੇਵ ਸਿੰਘ ਆਪਣੇ ਆਪ ਨੂੰ ਸੁਖਦੇਵ ਮਾਦਪੁਰੀ ਲਿਖਣ ਲੱਗ ਪਿਆ।

ਪਿੰਡ ਮਾਦਪੁਰ ਦੇ ਪ੍ਰਾਇਮਰੀ ਸਕੂਲ ’ਚੋਂ ਚੌਥੀ ਪਾਸ ਕਰਕੇ, ਖਾਲਸਾ ਹਾਈ ਸਕੂਲ ਜਸਪਾਲੋਂ ਤੋਂ ਦਸਵੀਂ ਤੇ ਫਿਰ ਖਾਲਸਾ ਹਾਈ ਸਕੂਲ ਕੁਰਾਲੀ ਤੋਂ ਜੇ.ਬੀ.ਟੀ. ਕਰਕੇ ਲੁਧਿਆਣਾ ਜ਼ਿਲੇ ਦੇ ਇਕ ਨਿੱਕੇ ਜਿਹੇ ਪਿੰਡ ਢਿੱਲਵਾਂ ਵਿਖੇ 19 ਸਾਲ ਦੀ ਉਮਰੇ ਹੀ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਆ ਲੱਗਿਆ। ਇਹ ਸੁਭਾਗਾ ਦਿਨ 19 ਮਈ, 1954 ਸੀ। ਇਸੇ ਹੀ ਦਿਨ ਤਪਦੀ ਹਿਕੜੀ 'ਚ ਬੋਲਦੇ ਹਾੜ ਫੁੱਟਣ ਲੱਗ ਪਏ। ਇਹ ਹਾੜ ਜੋ ਉਸ ਕਦੇ ਦੁੱਧ ਦੇ ਦੰਦਾਂ ਦੀ ਉਮਰੇ ਅਚੇਤ ਮਨ ਨਾਲ਼ ਸੁਣੇ ਸਨ। ਇਥੇ ਹੀ, ਇਨ੍ਹਾਂ ਹੀ ਦਿਨਾਂ ਵਿਚ ਸੁਖਦੇਵ ਦੀ ਸ਼ਬਦਾਂ ਨਾਲ਼ ਦੋਸਤੀ ਪਈ ਤੇ ਸਾਹਿਤ ਦੀ ਪੜ੍ਹਾਈ ਦੇ ਰਾਹ ਤੁਰ ਪਿਆ। ਅਜਿਹਾ ਤੁਰਿਆ ਕਿ ਰੁਕਣ ਦਾ ਨਾਂ ਨਹੀਂ ਲਿਆ। ਐਮ.ਏ. ਪੰਜਾਬੀ ਕੀਤੀ। 1954 ਤੋਂ 1978 ਤਕ 24 ਸਾਲ ਸਕੂਲ ਵਿਚ ਬੱਚਿਆਂ ਦੀ ਉਂਗਲ ਫੜ ‘ਤੋਰਾਂ ਮਾਈ’ ਦਾ ਕਾਰਜ ਨਿਭਾਉਂਦਾ ਰਿਹਾ। 1978 ਤੋਂ 80 ਤਕ 'ਪੰਜਾਬ ਸਕੂਲ ਸਿਖਿਆ ਬੋਰਡ' ਵਿਚ ਬਤੌਰ ਵਿਸ਼ਾ ਮਾਹਰ ਸੇਵਾ ਨਿਭਾਈ। 1980 ਤੋਂ 1993 ਤਕ ਸਿਖਿਆ ਬੋਰਡ ਦੇ ਬੱਚਿਆਂ ਲਈ ਨਿਕਲਦੇ ਪਰਚਿਆਂ 'ਪੰਖੜੀਆਂ' ਅਤੇ 'ਪ੍ਰਾਇਮਰੀ ਸਿਖਿਆ' ਦਾ ਸੰਪਾਦਨ ਕੀਤਾ। 'ਪੰਜਾਬ ਸਕੂਲ ਸਿਖਿਆ ਬੋਰਡ' ਮੋਹਾਲੀ ਤੋਂ ਹੀ ਉਹ ਬਤੌਰ ਸਹਾਇਕ ਡਾਇਰੈਕਟਰ ਸੇਵਾ ਨਿਵਿਰਤ ਹੋਇਆ ਅਤੇ 1993 ਤੋਂ 1996 ਤਕ 'ਪੰਜਾਬੀ ਬਾਲ ਸਾਹਿਤ ਪ੍ਰਾਜੈਕਟ' ਦੇ ਸੰਚਾਲਕ ਵਜੋਂ ਕਾਰਜ ਕੀਤਾ।

1954 ਵਿਚ ਹੀ ਢਿਲਵਾਂ ਵਿਖੇ ਇਕ ਦਿਨ ਲੋਕ-ਗੀਤ ਇਕੱਠੇ ਕਰਨ ਦਾ ਸੁਝਾਅ ਉਸ ਦੀ ਅੰਤਰ-ਆਤਮਾ ਨੇ ਦਿੱਤਾ। ਉਸ ਸੋਚਿਆ "ਮਨਾਂ ਬਾਪੂ, ਬੇਬੇ ਤੇ ਤਾਈ ਨੇ ਆਖਰ ਮਰ ਜਾਣੈਂ, ਨਾਲ਼ ਹੀ ਇਹ ਗੀਤ ਵੀ ਮੁੱਕ ਜਾਣਗੇ। ਕਿਉਂ ਨਾ ਇਨ੍ਹਾਂ ਨੂੰ ਕਿਸੇ ਕਾਪੀ ਤੇ ਲਿਖ ਲਵਾਂ...." ਉਸ ਦੀ ਅੰਦਰਲੀ ਆਵਾਜ਼ ਨੇ ਕਾਪੀ ਤੇ ਕਲਮ ਉਹਦੇ ਹੱਥ ਫੜਾ ਦਿੱਤੀ।

ਹੁਣ ਉਹਦੇ ਚੇਤਿਆਂ ਵਿਚ ਬਚਪਨ ਘੁੰਮਣ ਲੱਗਾ। ਆਟਾ ਪੀਂਹਦੀ ਤੇ ਚਰਖਾ ਕੱਤਦੀ ਬੇਬੇ ਤੇ ਨਾਲ਼ ਹੀ ਗੁਣਗੁਣਾਉਂਦੀ ਕਿਸੇ ਲੋਕ-ਗੀਤ ਦੀਆਂ ਸਤਰਾਂ। ਤਾਈ ਪੰਜਾਬ ਕੌਰ ਪੀਹੜੀ ਤੇ ਬੈਠੀ ਅਟੇਰਨ ਟੇਰਦੀ, ਵੇਲਣੇ ਤੇ ਕਪਾਹ ਵੇਲਦੀ ਅਤੇ ਧਾਰਾਂ ਕੱਢਦੀ ਬਿਰਹਾ ਦਾ ਗੀਤ ਗਾਉਂਦੀ ਤੇ ਹਵਾਵਾਂ ਨੂੰ ਦੰਦਲਾਂ ਪੈ ਪੈ ਜਾਂਦੀਆਂ ਕਿਉਂਕਿ ਤਾਇਆ ਰਣ ਸਿੰਘ ਵਿਸ਼ਵ ਯੁੱਧ ਵਿਚ ਪਰਦੇਸਾਂ 'ਚ ਜੂਝ ਰਿਹਾ ਸੀ। ਹਲਟ ਹੱਕਦਿਆਂ, ਨੱਕੇ ਮੋੜਦਿਆਂ ਬਾਪੂ ਦੀਆਂ ਹੇਕਾਂ ਹਿੱਕ ਵਿਚ ਧਸਦੀਆਂ ਰਹੀਆਂ। ਵਿਆਹਾਂ, ਮੰਗਣਿਆਂ 'ਤੇ ਔਰਤਾਂ ਦਾ ਗੀਤ ਗਾਉਣਾ, ਆਪਣੇ ਹੀ ਰੁਦਨ ਨੂੰ ਆਵਾਜ਼ ਦੇਣੀ, ਬੋਲੀਆਂ ਦਾ ਕਬੂਤਰ ਵਾਂਗ ਫੜ-ਫੜਾਕੇ ਉੱਡਣਾ ਉਹਦੇ ਚੇਤਿਆਂ 'ਚ ਮੂਕ ਇਤਿਹਾਸ ਦੇ ਬਾਬ ਬਣਦੇ ਰਹੇ।

ਤੇ ਸੁਖਦੇਵ ਨੇ ਇਕ ਸਾਲ ਵਿਚ ਵੱਡੇ ਅਕਾਰ ਦੀ ਕਾਪੀ ਉੱਤੇ 1231 ਲੋਕ-ਗੀਤ ਉਤਾਰ ਲਏ। ਸਫ਼ਰ ਫਿਰ ਵੀ ਜਾਰੀ, ਅਗਲੀ ਕਾਪੀ ਸ਼ੁਰੂ ਹੋਈ....ਭਰੀ ਗਈ....ਸ਼ਫ਼ਰ ਫਿਰ ਵੀ ਜਾਰੀ।

ਉਹ ਕਹਿੰਦਾ ਇਹ ਗੌਣ ਸਦੀਆਂ ਪੁਰਾਣੇ ਪੰਜਾਬ ਦੇ ਸਮਾਜਿਕ ਇਤਿਹਾਸ ਦੀਆਂ ਬਾਤਾਂ ਪਾਉਂਦੇ ਨੇ। ਜਿਹੜੀ ਦੁੱਖਾਂ ਭਰੀ ਤੇ ਔੜਾਂ ਮਾਰੀ ਜ਼ਿੰਦਗੀ ਪੰਜਾਬ ਦੀ ਔਰਤ ਨੇ ਭੋਗੀ ਹੈ, ਇਹ ਉਸ ਦਾ ਇਤਿਹਾਸਕ ਦਸਤਾਵੇਜ਼ ਹਨ। ਆਪਣੀ ਵੇਦਨਾ ਨੂੰ ਬਿਆਨ ਕਰਦੇ ਇਹਨਾਂ ਗੀਤਾਂ ਨੂੰ ਔਰਤ ਨੇ ਖ਼ੁਦ ਸਿਰਜਿਆ ਹੈ। ਆਪਣਾ ਖੂਨ ਸਿੰਜ ਸਿੰਜ ਕੇ। ਇਹ ਉਸ ਦੀ ਧੁਰ ਅੰਦਰੋਂ ਨਿਕਲ਼ੀ ਵਿਲਕਣੀ ਦੀਆਂ ਹੂਕਾਂ ਹਨ। ਧੂਹ ਪਾਉਂਦੀਆਂ ਦਿਲ਼ ਦੀਆਂ ਆਵਾਜ਼ਾਂ। ਜਦੋਂ ਉਹ ਇਹਨਾਂ ਨੂੰ ਸੁਰ ਵਿਚ ਗਾਉਂਦੀਆਂ ਹਨ ਤਾਂ ਚਾਰੇ ਬੰਨੇ ਸਿਸਕੀਆਂ ਤੇ ਹਉਕੇ ਸੁਣਾਈ ਦਿੰਦੇ ਹਨ।

ਮਾਦਪੁਰੀ ਦਾ ਪਹਿਲਾ ਲੇਖ ਨਵੰਬਰ-ਦਸੰਬਰ 1954 ਦੇ 'ਪੰਜਾਬੀ ਦੁਨੀਆਂ' ਵਿਚ ਛਪਿਆ। ਪਿਆਰਾ ਸਿੰਘ ਪਦਮ ਦਾ ਪਹਿਲਾ ਥਾਪੜਾ ਕੰਧੇ ਤੇ ਆਣ ਟਿਕਿਆ। ਉਦੋਂ ਇਸ ਸਿਰੜੀ ਦੀ ਉਮਰ ਮਸਾਂ 20 ਸਾਲ ਦੀ ਸੀ। ਫਿਰ ਇਕ ਗੀਤ ਬਾਰੇ ਤਬਸਰਾ 'ਜਾਗ੍ਰਤੀ' ਵਿਚ ਛਪਿਆ। ਦੂਜਾ ਥਾਪੜਾ ਕੁਲਵੰਤ ਸਿੰਘ ਵਿਰਕ ਨੇ ਜਨਵਰੀ 1955 ਵਿਚ ਦਿੱਤਾ। ਫਿਰ ਤਾਂ ਸਿਰੜੀ ਦੀ ਤੋਰ ਤੂਫ਼ਾਨ ਬਣ ਗਈ। ਹਿੱਕੜੀ 'ਚ ਉਤਸ਼ਾਹ, ਨੈਣਾਂ 'ਚ ਕਰ ਗੁਜ਼ਰਨ ਦੀ ਰੀਝ, ਕਲਮ ਨੂੰ ਸੇਧ ਮਿਲ਼ ਗਈ, ਫਿਰ ਗੀਤਾਂ ਦੇ ਨਾਲ਼ ਨਾਲ਼ ਲੋਕ ਕਹਾਣੀਆਂ, ਲੋਕ ਬੁਝਾਰਤਾਂ, ਅਖਾਣਾਂ, ਅਲੋਪ ਹੋ ਰਹੀਆਂ ਵਿਰਾਸਤੀ ਖੇਡਾਂ, ਬਾਲ-ਸਾਹਿਤ ਦੀ ਸਿਰਜਣਾ ਕਿੰਨੇ ਹੀ ਫਰੰਟ, ਉਸ ਦੇ ਸਾਹਮਣੇ ਖੁੱਲ੍ਹ ਗਏ। ਉਹ ਹਰ ਫਰੰਟ ਤੇ ਮੱਲਾਂ ਮਾਰਦਾ ਰਿਹਾ। ਜੇ ਹੁਣ ਉਹਦਾ ਸੰਦੂਕ ਫਰੋਲੀਏ ਤਾਂ:-

ਲੋਕ ਗੀਤਾਂ ਦੀਆਂ- 9 ਪੁਸਤਕਾਂ
ਲੋਕ ਕਹਾਣੀਆਂ ਦੀਆਂ- 5

ਲੋਕ ਬੁਝਾਰਤਾਂ ਦੀਆਂ-3
ਪੰਜਾਬੀ ਸਭਿਆਚਾਰ ਬਾਰੇ-6
ਬਾਲ-ਸਾਹਿਤ ਦੀਆਂ-7
ਅਨੁਵਾਦ ਦੀਆਂ-3
ਇਕ ਨਾਟਕ ਤੇ ਇਕ ਜੀਵਨੀ

35 ਪੁਸਤਕ ਰੂਪੀ ਦਰੀਆਂ ਤੇ ਖੇਸ ਉਹਦੇ ਸੰਦੂਕ ਦੀ ਸ਼ਾਨ ਹਨ।

ਆਪਣੀ ਰੇਵੀਆ ਤੋਰ ਤੁਰਦੇ ਆ ਰਹੇ ਸੁਖਦੇਵ ਮਾਦਪੁਰੀ ਨੇ ਪੰਜਾਬੀ ਮਾਨਸ ਦੇ ਅਨਮੋਲ ਖਜ਼ਾਨਿਆਂ ਨੂੰ ਲੱਭਿਆ ਹੀ ਨਹੀਂ, ਇਕੱਤਰ ਹੀ ਨਹੀਂ ਕੀਤਾ, ਫਰੋਲਿਆ ਹੀ ਨਹੀਂ, ਬਲਕਿ ਸਾਡੀ ਪੀੜ੍ਹੀਆਂ ਦੀ ਕਮਾਈ ਹੋਈ ਦੌਲਤ ਨੂੰ, ਲੋਕਤਾ ਦੀ ਬੇਪਨਾਹ ਖੁਸ਼ਨੁਮਾਈ ਦੇ ਅਨਮੋਲ ਖ਼ਜ਼ਾਨਿਆਂ ਨੂੰ ਪੁਸਤਕਾਂ ਦੀਆਂ ਪੱਤਲਾਂ ਵਿਚ ਸਜਾਇਆ ਹੈ। ਬਕੌਲ ਪ੍ਰਿੰ. ਅਮਰਜੀਤ ਕੌਰ ਦੇ 'ਅਤੀਤ ਦੀ ਬੇਪਨਾਹ ਦੌਲਤ ਨੂੰ ਸੰਭਾਲ ਲੈਣਾ ਅਤੇ ਪਰਪੰਰਾ ਨੂੰ ਕਰੀਨੇ ਨਾਲ਼ ਸਜਾ ਦੇਣਾ ਕਿਸੇ ਆਹਰ, ਕਿਸੇ ਲਗਨ, ਕਿਸੇ ਲਿੱਲ੍ਹ ਵਿਚ ਜੁਟੀ ਪ੍ਰਤਿਭਾ ਦੇ ਵੱਸ ਦਾ ਹੀ ਰੋਗ ਹੈ।'

ਅੱਧੀ ਤੋਂ ਵੱਧ ਸਦੀ ਹੋ ਗਈ ਹੈ ਇਸ ਯਾਤਰੀ ਨੂੰ ਤੁਰਦਿਆਂ ਪਰ ਹਾਲੇ ਵੀ ਇਹਦੀਆਂ ਪਾਤਲੀਆਂ ਵਿਚ ਥਕਾਵਟ ਨਹੀਂ ਆਈ, ਪਿੰਜਣੀਆਂ ਨੂੰ ਅਕੜਾਅ ਨਹੀਂ ਪਿਆ। 1954 ਤੋਂ ਸਾਹਿਤ ਦੇ ਅਧਿਐਨ ਅਤੇ ਸੰਕਲਨ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਸੀ। ਹੁਣ ਤਕ ਨਿਰੰਤਰ ਲਗਨ ਅਤੇ ਸਿਦਕ ਨਾਲ਼ ਲੋਕ ਸਾਹਿਤ ਦੀ ਸਾਂਭ-ਸੰਭਾਲ, ਵਿਆਖਿਆ ਅਤੇ ਮੌਲਿਕ ਸਾਹਿਤ ਦੀ ਸਿਰਜਣਾ ਮੱਠੀ ਨਹੀਂ ਪਈ। ਬਾਲ-ਸਾਹਿਤ ਦੀ ਸਿਰਜਣਾ ਵਿਚ ਵੀ ਜ਼ਿਕਰ ਯੋਗ ਪੈੜਾਂ ਉਲੀਕਣ ਦਾ ਸਿਹਰਾ ਵੀ ਮਾਦਪੁਰੀ ਦੇ ਸਿਰ ਹੈ।

ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂਬਰ ਅਤੇ ਸਲਾਹਕਾਰ ਵਜੋਂ ਵੀ ਕਾਰਜਸ਼ੀਲ ਰਹੇ। ਮੈਂਬਰ ਰਾਜ ਸਲਾਹਕਾਰ ਬੋਰਡ ਭਾਸ਼ਾ ਵਿਭਾਗ ਪੰਜਾਬ, ਮੈਂਬਰ ਸਲਾਹਕਾਰ ਕਮੇਟੀ ਅਕਾਸ਼ਬਾਣੀ ਜਲੰਧਰ, ਮੈਂਬਰ ਔਡੀਸ਼ਨ ਕਮੇਟੀ ਫੋਕ ਮਿਊਜ਼ਕ-ਅਕਾਸ਼ਬਾਣੀ ਜਲੰਧਰ ਵਿਸ਼ੇਸ਼ ਉਲੇਖਨੀਯ ਹਨ। ਪੰਜਾਬ ਸਰਕਾਰ ਵਲੋਂ "ਸ਼੍ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ" (1995) ਤੋਂ ਬਿਨਾਂ ਦਰਜਨ ਤੋਂ ਉਪਰ ਵੱਖ ਵੱਖ ਸੰਸਥਾਵਾਂ ਤੇ ਸਾਹਿਤਕ ਅਦਾਰਿਆਂ ਵਲੋਂ ਸਨਮਾਨਿਤ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਵੀ "ਸ. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ" ਮਿਲ ਚੁਕਿਆ ਹੈ।

ਸੁਖਦੇਵ ਮਾਦਪੁਰੀ ਨੇ ਲੋਕਧਾਰਾ ਦੇ ਖੇਤਰ ਵਿਚ ਮਾੜਚੂ ਜਿਹਾ ਹੁੰਦਿਆਂ ਵੀ ਇਕ ਵੱਡੀ ਸੰਸਥਾ ਜਿੰਨਾ ਕੰਮ ਕੀਤਾ ਹੈ। ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਇਸ ਸਿਰਜਣ-ਹਾਰੇ ਨੇ ਲੋਕ-ਸਾਹਿਤ ਦੀ ਸੰਭਾਲ-ਸੰਕਲਨ ਤੋਂ ਬਿਨਾਂ ਉਸ ਦੇ ਪ੍ਰਮਾਣਿਕ ਪਾਠਾਂ ਨੂੰ ਤਿਆਰ ਕਰਨ ਦਾ ਬੀੜਾ ਵੀ ਚੁੱਕਿਆ, ਤੇ ਕਮਾਲ ਇਹ ਹੈ ਕਿ ਬਿਨਾਂ ਕਿਸੇ ਸਰਪ੍ਰੱਸਤੀ ਦੇ, ਬਿਨਾਂ ਕਿਸੇ ਵਿਤੀ ਯੋਗਦਾਨ ਦੇ। ਸਰਕਾਰੀ ਤੇ ਨਿਜੀ ਸੰਸਥਾਵਾਂ ਅਜਿਹੇ ਯਾਤਰੂ ਨੂੰ ਕਦੋਂ ਹੁੰਗਾਰਾ ਭਰਦੀਆਂ ਹਨ। ਪਰ ਅੱਜ ਸੁਖਦੇਵ ਮਾਦਪੁਰੀ ਆਪਣੀ ਅਣਖ, ਗ਼ੈਰਤ ਤੇ ਕੰਮ ਸਦਕਾ ਪੂਰੀ ਸੰਸਥਾ ਬਣਕੇ ਖੜ੍ਹਾ ਹੈ।

ਆਖਰੀ ਗੱਲ: ਜਦੋਂ ਢਿਲਵਾਂ ਸਕੂਲ ਵਿਚ 19 ਵਰ੍ਹਿਆਂ ਦਾ ਮੁੱਛ ਫੁੱਟ, ਸੁਖਦੇਵ ਅਧਿਆਪਕ ਲੱਗਿਆ ਹੋਵੇਗਾ, ਉਦੋਂ ਭਰ ਜੁਆਨ ਗੱਭਰੂ ਹੋਵੇਗਾ। ਪਰ ਜਿਸ ਕਾਰਜ ਦੇ ਲੜ ਲੱਗਿਆ, ਸਿਰੜ, ਸਿਦਕ ਤੇ ਸੁਹਿਰਦਤਾ ਨਾਲ਼ ਤੁਰਿਆ ਤਾਂ ਆਹ ਸਾਡੇ ਸਾਹਮਣੇ ਬੈਠਾ ਪੌਣਾ-ਕੁ-ਬੰਦਾ ਨਜ਼ਰ-ਆਉਂਦਾ ਹੈ। ਪਰ ਦੋਸਤੋ, ਇਸ ਦੇ ਕੰਮ ਦੀ ਸਾਰਥਿਕਤਾ ਜਿਸ ਉਪਰ ਹੁਣ ਅਸੀਂ ਮਾਣ ਕਰਦੇ ਹਾਂ, ਤੇ ਇਸੇ ਮਾਣ ਕਾਰਨ ਅੱਜ 'ਮਨਜੀਤ ਕੌਮਾਂਤਰੀ ਸਾਹਿਤ ਪੁਰਸਕਾਰ' ਲੈਂਦਿਆਂ ਇਹ ਸਾਡੇ ਸਾਰਿਆਂ ਤੋਂ ਉੱਚਾ ਤੇ ਲੰਮ-ਲੰਮੇਰਾ ਲਗਦਾ ਹੈ। ਏਸ ਦੀ ਇਸ ਉੱਚਤਾ ਨੂੰ ਸਾਡਾ ਸਾਰਿਆਂ ਦਾ ਸਲਾਮ!


ਪ੍ਰੋ: ਰਵਿੰਦਰ ਭੱਠਲ
ਜਨਰਲ ਸਕੱਤਰ (ਸਾਬਕਾ)
ਪੰਜਾਬੀ ਸਾਹਿਤ ਅਕਾਡਮੀ,
ਲੁਧਿਆਣਾ