ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਸੱਸ ਦਾ ਐਬੀ ਪੁੱਤ

"ਪੁੱਤ ਤੇਰਾ ਵੈਲੀ ਸੱਸੀਏ, ਕੀਹਦੇ ਹੋਂਸਲੇ ਲੰਮਾਂ ਤੰਦ ਪਾਵਾਂ" - ਓਸ ਦਿਲੇ ਦੀ ਹੂਕ ਏ ਜਿਸ ਦੀਆਂ ਮੱਖਣ ਜਹੀਆਂ ਗੋਰੀਆਂ ਬਾਹਵਾਂ ਵਿੱਚ ਪਾਈਆਂ ਰਾਂਗਲੀਆਂ ਵੰਗਾਂ ਨੂੰ, ਕਿਸੇ ਵੈਲੀ ਪਤੀ ਦੇ ਖਰਵੇ ਹੱਥ ਭੰਨਣ ਲੱਗੇ ਕਿਰਕ ਨਹੀਂ ਕਰਦੇ। ਅਨੇਕਾਂ ਗੀਤਾਂ ਰਾਹੀਂ ਵੈਲੀ ਅਤੇ ਐਬੀ ਪਤੀ ਹੱਥੋਂ ਤੰਗ ਆਈ ਮੁਟਿਆਰ ਆਪਣੇ ਦਿਲ ਦੀ ਹਵਾੜ ਕਢਦੀ ਹੈ।

ਕਈ ਵਾਰ ਮਾਪੇ, ਜਾਣਦੇ ਹੋਏ ਵੀ ਵੱਡੇ ਘਰ ਦੇ ਲਾਲਚ ਵਿੱਚ ਆ ਕੇ ਆਪਣੀ ਮਲੂਕ ਜਿਹੀ ਧੀ ਨੂੰ ਕਿਸੇ ਸ਼ਰਾਬੀ ਦੇ ਲੜ ਲਾ ਦਿੰਦੇ ਹਨ। ਉਹਨਾਂ ਦੀ ਸੋਚਣੀ ਹਾਂ ਪੱਖੀ ਹੁੰਦੀ ਹੈ। ਉਹ ਸਮਝਦੇ ਹਨ ਕਿ ਵਿਆਹ ਤੋਂ ਬਾਅਦ ਜੁੰਮੇਵਾਰੀ ਪੈਣ ਤੇ ਮੁੰਡਾ ਆਪੇ ਸੁਧਰ 'ਜਾਵੇਗਾ। ਪਰੰਤੂ ਸੁਖ ਦੀ ਥਾਂ ਧੀ ਨੂੰ ਜਿਹੋ ਜਿਹਾ ਜੀਵਨ ਬਿਤਾਉਣਾ ਪੈਂਦਾ ਹੈ ਉਸ ਬਾਰੇ ਉਹ ਗਿੱਧੇ ਦੇ ਪਿੜ ਵਿੱਚ ਆਪਣੇ ਮਾਪਿਆਂ ਨੂੰ ਉਲਾਂਭਾ ਦਿੰਦੀ ਹੈ: -

ਸੁਣ ਵੇ ਤਾਇਆ
ਸੁਣ ਵੇ ਚਾਚਾ
ਚੁਣ ਵੇ ਬਾਬਲ ਲੋਭੀ
ਦਾਰੂ ਪੀਣੇ ਨੂੰ -
ਮੈਂ ਕੂੰਜ ਕਿਉਂ ਡੋਬੀ!

ਹੁਣ ਮਾਪਿਆਂ ਨੂੰ ਕੀ। ਉਹਨਾਂ ਆਪਣਾ ਫਰਜ਼ ਪੂਰਾ ਕਰ ਦਿੱਤਾ, ਕੁੜੀ ਵਿਆਹ ਦਿੱਤੀ -- ਅੱਗੇ ਕੁੜੀ ਦੇ ਭਾਗ! ਪਰ ਕੂੰਜ ਕੁਰਲਾਉਂਦੀ ਰਹਿੰਦੀ ਏ - ਆਪਣੇ ਸ਼ਰਾਬੀ ਪਤੀ ਅੱਗੇ ਵਾਸਤੇ ਪਾਉਂਦੀ ਹੈ, ਪਿਆਲਾ ਭੰਨਣ ਦੀ ਕੋਸ਼ਸ਼ ਕਰਦੀ ਏ ਕਿ ਉਹ ਸ਼ਰਾਬ ਨਾ ਪੀਵੇ – ਪਰ ਅੱਗੋਂ ਛੱਡਣ ਦਾ ਡਰ ਤੇ ਮਜਬੂਰੀਆਂ ...

ਦਾਰੂ ਪੀਤਿਆਂ ਸਿੰਘਾ ਤੈਨੂੰ ਕੀ ਵਡਿਆਈ
ਭਲਾ ਜੀ ਤੇਰੇ ਮੁਖ ਪਰ ਜਰਦੀ ਆਈ
ਦਾਰੂ ਪੀਤਿਆਂ ਨਾਜੋ ਸਭ ਵੱਡਿਆਈ
ਭਲਾ ਨੀ ਮੇਰੇ ਨੈਣਾਂ ਦੀ ਜੋਤ ਸਵਾਈ
ਭੰਨਾ ਪਿਆਲਾ ਭੰਨ ਟੁਕੜੇ ਜੀ ਕਰਦਾਂ
ਭਲਾ ਜੀ ਤੇਰੀ ਦਾਰੂ ਦੀ ਅਲਖ ਮੁਕਾਈ
ਤੈਨੂੰ ਵੀ ਛੱਡਾਂ ਨਾਜੋ ਹੋਰ ਵਿਆਹਾਂ
ਭਲਾ ਨੀ ਜਿਹੜੀ ਭਰੇ ਪਿਆਲਾ ਦਾਰੂ ਦਾ
ਮੈਨੂੰ ਨਾ ਛੋੜੀਂ ਸਿੰਘਾਂ ਹੋਰ ਨਾ ਵਿਆਹੀਂ
ਭਲਾ ਜੀ ਤੇਰੇ ਪਿਆਲੇ ਦੀ ਜੜਤ ਜੜਾਈ

ਔਰਤ ਦੇ ਦਰਦ ਨੂੰ ਭਲਾ ਕੌਣ ਮਹਿਸੂਸੇ। ਖਬਰ੍ਹੇ ਪਤੀ ਅਗਲੀ ਨੂੰ ਬਾਹੋਂ ਫੜਕੇ ਦਰੋਂ ਬਾਹਰ ਕਰ ਦੇਂਦੇ ਹਨ: -

ਘਰ ਛੱਡਦੇ ਕਮਜ਼ਾਤੇ
ਮੇਰੇ ਸ਼ਰਾਬੀ ਦਾ

ਵਿਚਾਰੀ ਆਪਣੀ ਸੱਸ ਨੂੰ ਆਪਣੇ ਪਤੀ ਬਾਰੇ ਦਸਦੀ ਹੈ ਅਤੇ ਸਮਝਾਉਣ ਲਈ ਤਰਲੇ ਪਾਉਂਦੀ ਹੈ: -

ਸਮਝਾ ਲੈ ਬੁੜੀਏ ਆਪਣੇ ਪੁੱਤ ਨੂੰ
ਨਿਤ ਠੇਕੇ ਇਹ ਜਾਂਦਾ
ਭਰ ਭਰ ਪੀਵੇ ਜਾਮ ਪਿਆਲੇ
ਫੀਮ ਬੁਰਕੀਏਂ ਖਾਂਦਾ
ਘਰ ਦੀ ਸ਼ਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਂਦਾ
ਘਰ ਦੀ ਨਾਰੀ ਬੁਰਛੇ ਵਰਗੀ
ਨਿਤ ਮਿਹਰੀ ਦੇ ਜਾਂਦਾ
ਲੱਗਿਆ ਇਸ਼ਕ ਬੁਰਾ -
ਬਿਨ ਪੌੜੀ ਚੜ੍ਹ ਜਾਂਦਾ।

ਇਕ ਕਿਸਾਨ ਪਾਸ ਉਤਨੀ ‘ਕੁ ਜ਼ਮੀਨ ਮਸੀਂ ਹੁੰਦੀ ਏ ਜਿਸ ਨਾਲ ਉਹ ਘਰ ਦਾ ਖ਼ਰਚ ਤੋਰ ਸਕੇ। ਫ਼ਸਲ ਨਾਲ ਤਾਂ ਕਈ ਵਾਰੀ ਮਾਮਲੇ ਹੀ ਮਸੀਂ ਤੁਰਦੇ ਹਨ। ਸ਼ਰਾਬੀ ਜਟ ਦੀ ਨਿਗਾਹ ਰੁਪਏ ਖ਼ਤਮ ਹੋਣ ਤੇ ਆਪਣੀ ਵਹੁਟੀ ਦੇ ਗਹਿਣਿਆਂ ਆ ਟਿਕਦੀ ਹੈ। ਅਜਿਹੇ ਪਤੀ ਦੀ ਵਹੁਟੀ ਆਪਣੀ ਮਾਂ ਅੱਗੇ ਦੁਖ ਫੋਲਦੀ ਹੈ: -

ਸੱਗੀ ਮੰਗਦਾ ਮਾਏਂ
ਫੁਲ ਮੰਗਦਾ ਨਾਲੇ
ਨਾਲੇ ਮੰਗਦਾ ਮਾਏਂ
ਅਧੀਆ ਸ਼ਰਾਬ ਦਾ।

ਸੱਗੀ ਦੇ ਦੇ ਧੀਏ
ਫੁਲ ਦੇ ਦੇ ਨਾਲੇ
ਮੱਥੇ ਮਾਰ ਧੀਏ ਠੇਕੇਦਾਰ ਦੇ

ਕਾਂਟੇ ਮੰਗਦਾ ਮਾਏਂ
ਬਾਲੀਆਂ ਮੰਗਦਾ ਨਾਲੇ
ਨਾਲੇ ਮੰਗਦਾ ਮਾਏਂ
ਅਧੀਆ ਸ਼ਰਾਬ ਦਾ
ਕਾਂਟੇ ਦੇ ਦੇ ਧੀਏ
ਬਾਲੀਆਂ ਦੇ ਦੋ ਨਾਲੇ
ਮੱਥੇ ਮਾਰ ਧੀਏ ਠੇਕੇਦਾਰ ਦੇ

ਸ਼ਰਾਬ ਕਈ ਐਬਾਂ ਦੀ ਜੜ੍ਹ ਹੋਇਆ ਕਰਦੀ ਹੈ - ਸ਼ਰਾਬ ਪੀ ਕੇ ਲੋਕੀ ਕੀ ਕੀ ਨੀ ਕਰਦੇ। ਕੂੰਜ ਕੁਰਲਾਵੇ ਨਾ ਤੇ ਹੋਰ ਕੀ ਕਰੇ:-

ਟੁੱਟ ਪੈਣਾ ਤਾਂ ਜੂਆ ਖੇਡਦਾ
ਕਰਦਾ ਅਜਬ ਬਹਾਰਾਂ
ਮਾਸ ਸ਼ਰਾਬ ਕਦੇ ਨੀ ਛੱਡਦਾ
ਦੇਖ ਓਸ ਦੀਆਂ ਕਾਰਾਂ
ਗਹਿਣੇ ਕਪੜੇ ਲੈ ਗਿਆ ਸਾਰੇ
ਕੂਕਾਂ ਕਹਿਰ ਦੀਆਂ ਮਾਰਾਂ
ਜੋ ਚਾਹੇ ਤਾਂ ਸੋਟਾ ਫੇਰੇ
ਦੁਖੜੇ ਨਿਤ ਸਹਾਰਾਂ
ਚੋਰੀ ਯਾਰੀ ਦੇ ਵਿੱਚ ਪੱਕਾ

ਨਿਤ ਪਾਵਾਂ ਫਟਕਾਰਾਂ
ਕਦੀ ਕਦਾਈਂ ਘਰ ਜੇ ਆਏ
ਮਿੰਨਤਾਂ ਕਰ ਕਰ ਹਾਰਾਂ
ਛੱਡਦੇ ਵੇਲਾਂ ਨੂੰ -
ਲੈ ਲੈ ਤੱਤੀ ਦੀਆਂ ਸਾਰਾਂ

ਪਰ ਐਬੀ ਪਤੀ ਨੂੰ ਆਪਣੀ ਪਤਨੀ ਦੇ ਜਜ਼ਬਿਆਂ ਦਾ ਅਹਿਸਾਸ ਨਹੀਂ। ਉਹ ਤੱਤੀ ਦੀ ਸਾਰ ਲੈਣ ਦੀ ਥਾਂ ਹੋਰ ਸਤਾਉਂਦਾ ਹੈ:-

ਸੱਸੇ ਨੀ ਘਰ ਦਾ ਪਾਣੀ ਤੱਤਾ ਛੱਡ ਜਾਂਦਾ
ਜਾ ਬਗਾਨੇ ਨਾਉਂਦਾ ਨੀ
ਲੋਕਾਂ ਭਾਣੇ ਚਤਰ ਸੁਣੀਂਦਾ
ਮੈਂ ਬੜਾ ਮੂਰਖ ਦੇਖਿਆ ਨੀ
ਜਦ ਮੈਂ ਦੇਖਾਂ ਮੱਥੇ ਤਿਉੜੀ
ਲੇਖ ਬੰਦੀ ਦੇ ਖੋਟੇ ਨੀ ... ...
ਸੱਸੇ ਨੀ ਘਰ ਦੀ ਰੋਟੀ ਪੱਕੀ ਛੱਡ ਜਾਂਦਾ
ਜਾ ਬਗਾਨੇ ਖਾਂਦਾ ਨੀ
ਲੋਕਾਂ ਭਾਣੇ ਚਤਰ ਸੁਣੀਦਾ
ਮੈਂ ਬੜਾ ਮੂਰਖ ਦੇਖਿਆ ਨੀ
ਜਦ ਮੈਂ ਦੇਖਾਂ ਮੱਥੇ ਤਿਉੜੀ
ਲੇਖ ਬੰਦੀ ਦੇ ਖੋਟੇ ਨੀ ... ...

ਜੂਏ ਵਿੱਚ ਤਾਂ ਕੁਝ ਵੀ ਬਚਦਾ ਨਹੀਂ: -

ਚੰਨ ਚਾਨਣੀ ਰਾਤ
ਡਿਓੜੀ ਪਰ ਡੇਰਾ ਲਾਲ ਲਾਇਆ
ਪਹਿਲੀ ਤਾਂ ਬਾਜ਼ੀ ਖੇਡ ਵੇ
ਤੂੰ ਸਿਰ ਦੀ ਕਲਗੀ ਹਾਰ ਆਇਆ
ਦੂਜੀ ਤਾਂ ਬਾਜ਼ੀ ਖੇਡ ਵੇ
ਤੂੰ ਸਿਰ ਦਾ ਚੀਰਾ ਹਾਰ ਆਇਆ
ਚੀਰਾ ਤਾਂ ਰੰਗਾਂ ਦਾ ਜਾਨੀ ਹੋਰ ਵੇ
ਕਲਗੀ ਪਰ ਮੇਰੀ ਪ੍ਰੀਤ ਲੱਗੀ}}

ਆਖਰ ਅਜਿਹੇ ਪਤੀ ਦੀ ਪਤਨੀ ਆਪਣੇ ਐਬੀ ਪਤੀ ਨੂੰ ਫਿਟਕਾਰਾਂ ਪਾਉਣ ਤੇ ਮਜਬੂਰ ਹੋ ਜਾਂਦੀ ਹੈ। ਕਿੰਨੀ ਕਸਕ ਹੈ ਇਨ੍ਹਾਂ ਬੋਲਾਂ ਵਿੱਚ :-

ਕਦੇ ਨਾ ਪਹਿਨੇ ਤੇਰੇ ਸੂਹੇ ਕੇ ਸੋਸਨੀ
ਕਦੇ ਨਾ ਪਹਿਨੇ ਤਿੰਨ ਕਪੜੇ
ਵੇ ਮੈਂ ਕਿੱਕਣ ਵਸਾਂ
ਖਾਂਦਾ ਨਿੱਤ ਬੱਕਰੇ

ਉਹ ਬੜੀ ਅਧੀਨਗੀ ਨਾਲ਼ ਸਮਝਾਉਂਦੀ ਵੀ ਹੈ: -

ਨਹੀਂ ਲੰਘਣੇ ਘਰਾਂ ਦੇ ਲਾਂਘੇ
ਛੱਡਦੇ ਵੈਲਦਾਰੀਆਂ

ਪਰ ਸ਼ਰਾਬ ਦੀ ਪਿਆਲੀ ਵਸਦੇ ਰਸਦੇ ਘਰ ਦਾ ਨਾਸ ਕਰ ਦੇਂਦੀ ਏ।

ਕੋਈ ਵੀ ਮੁਟਿਆਰ ਇਹ ਨਹੀਂ ਚਾਹੁੰਦੀ ਕਿ ਉਸ ਦਾ ਗੱਭਰੂ ਸ਼ਰਾਬੀ ਹੋਵੇ, ਐਬੀ ਹੋਵੇ। ਇਸ ਲਈ ਓਹ ਅਲਬੇਲੀ ਮੁਟਿਆਰ ਸ਼ਰਾਬੀ ਗੱਭਰੂ ਦੇ ਹੱਥ ਆਪਣੇ ਰਾਂਗਲੇ ਲੜ ਨੂੰ ਛੂਹਣ ਨਹੀਂ ਦੇਂਦੀ -

ਬੀਬਾ ਵੇ ਬਾਗ ਲਵਾਨੀਆਂ ਪੰਜ ਬੂਟੇ
ਹੁਣ ਦੇ ਗੱਭਰੂ ਸਭ ਝੂਠੇ
ਛੋਡ ਸ਼ਰਾਬੀਆ ਲੜ ਮੇਰਾ
ਅਸਾਂ ਨਾ ਦੇਖਿਆ ਘਰ ਤੇਰਾ
ਨੈਣਾਂ ਦੇ ਮਾਮਲੇ ਘੇਰੀਆਂ ਵੇ

ਬਾਗ਼ ਵੇ ਲਵਾਨੀਆਂ ਪੰਜ ਦਾਣਾ
ਐਸ ਜਹਾਨੋਂ ਕੀ ਲੈ ਜਾਣਾ
ਛੋਡ ਸ਼ਰਾਬੀਆ ਲੜ ਮੇਰਾ
ਅਸੀਂ ਨਾ ਜਾਣਦੇ ਘਰ ਤੇਰਾ
ਨੈਣਾਂ ਦੇ ਮਾਮਲੇ ਘੇਰੀਆਂ ਵੇ

ਕਈਆਂ ਨੂੰ ਅਫ਼ੀਮੀ ਅਤੇ ਪੋਸਤੀ, ਅਮਲੀ ਟੱਕਰ ਜਾਂਦੇ ਹਨ। ਅਮਲੀ, ਓਹ ਵੀ ਡੋਡੇ ਪੀਣ ਵਾਲੇ, ਪੋਸਤੀ ਦੀਆਂ ਕਰਤੂਤਾਂ ਤੋਂ ਭਲਾ ਕੌਣ ਨਹੀਂ ਵਾਕਿਫ਼:

ਪੋਸਤ ਪੀਂਦੜਾ ਮਾਏਂ
ਪੰਜ ਸੇਰ ਰੋਜ਼ ਨੀ
ਸੱਗੀ ਮੇਰੀ ਬੇਚਲੀ
ਚੂੜਾ ਲੈ ਗਿਆ ਉਠਾ
ਪੋਸਤ ਪੀਂਦੜਾ ਮਾਏਂ
ਪੰਜ ਸੇਰ ਰੋਜ਼ ਨੀ।

ਗਹਿਣੇ ਤਾਂ ਇਕ ਪਾਸੇ ਰਹੇ ਇਹ ਅਮਲੀ ਆਪਣੇ ਘਰਾਂ ਚੋਂ ਚੋਰੀ ਛਿਪੇ ਭਾਂਡੇ ਵੀ ਖਿਸਕਾ ਲੈਂਦੇ ਹਨ। ਅਮਲੀ ਦੀ ਵਹੁਟੀ ਸੁਪਨੇ ਵਿੱਚ ਵੀ ਆਪਣੇ ਪਤੀ ਨੂੰ ਭਾਂਡੇ ਚੋਰੀ ਚੁਕਦੇ ਹੀ ਵੇਖਦੀ ਹੈ। ਕੇਡੀ ਤਰਸਯੋਗ ਹਾਲਤ ਹੈ ਅਮਲੀਆਂ ਦੀਆਂ ਵਹੁਟੀਆਂ ਦੀ:-

ਸੁੱਤੀ ਪਈ ਨੇ ਪੱਟਾਂ ਤੇ ਹੱਥ ਮਾਰੇ ਭਾਂਡਿਆਂ 'ਚ ਹੈਨੀ ਬੇਲੂਆ</poem>

ਕਿਸੇ ਦੇਸ਼ ਦੇ ਗੱਭਰੂ ਹੀ ਓਸ ਦੇਸ਼ ਨੂੰ ਖੁਸ਼ਹਾਲ ਬਨਾਉਣ ਵਾਲੇ ਹੁੰਦੇ ਹਨ - ਪਰ ਜਿੱਥੇ ਗੱਭਰੂ ਹੀ ਅਫ਼ੀਮੀ ਬਣ ਜਾਣ-ਓਥੇ ਭੰਗ ਹੀ ਭੁਜਣੀ ਹੋਈ: -

ਕਿਉਂ ਨੀ ਬਚਨੀਏਂ

ਮੀਂਹ ਨੀ ਪੈਂਦਾ ਸੁੱਕੀਆਂ ਵਗਣ ਜ਼ਮੀਨਾਂ ਰੁੱਖੀ ਤੂੜੀ ਖਾ ਡੰਗਰ ਹਾਰਗੇ ਗੱਭਰੂ ਗਿਝਗੇ ਫੀਮਾਂ ਤੇਰੀ ਬੈਠਕ ਨੇ -

ਪਟਿਆ ਕਬੂਤਰ ਚੀਨਾ</poem>

ਸਿਗਰਟਾਂ ਪੀਣ ਵਾਲੇ ਪਤੀ ਦੀ ਚੂੜੇ ਵਾਲੀ ਵੀ ਸੁਖੀ ਨਹੀਂ। ਓਸ ਦੇ ਗਹਿਣੇ ਵੀ ਬਾਣੀਏ ਦੀ ਹੱਟੀ ਦਾ ਸ਼ੰਗਾਹ ਬਣ ਜਾਂਦੇ ਹਨ - ਕਿੰਨਾ ਮੋਹ ਹੁੰਦਾ ਹੈ ਗਹਿਣਿਆਂ ਦਾ ਔਰਤਾਂ ਨੂੰ -

ਬਾਬੂ ਜੀ ਤੇਰੀ ਸਿਗਰਟ ਨੇ

ਤੇਰੀ ਸਿਗਰਟ ਨੇ ਮੈਂ ਪੱਟੀ

ਪੀ ਪੂਕੇ ਵਿਹੜੇ ਵਿੱਚ ਸੁਟ ਗਿਆ</poem>

ਬਾਣੀਏ ਦੀ ਜਲਗੀ ਹੱਟੀ
ਬਾਬੂ ਜੀ ਤੇਰੀ ਸਿਗਰਟ ਨੇ
ਤੇਰੀ ਸਿਰਗਟ ਨੇ ਮੈਂ ਪੱਟੀ
ਗਲ ਵਿੱਚ ਜਿਹੜਾ ਕੰਠਾ ਸੀਗਾ
ਉਹ ਵੀ ਧਰਤਾ ਹੱਟੀ
ਬਾਬੂ ਜੀ ਤੇਰੀ ਸਿਗਰਟ ਨੇ
ਤੇਰੀ ਸਿਗਰਟ ਨੇ ਮੈਂ ਪੱਟੀ
ਸਿਰ ਦੀ ਮੇਰੀ ਸੱਗੀ ਸੀਗੀ
ਓਹ ਵੀ ਧਰਤੀ ਹੱਟੀ
ਬਾਬੂ ਜੀ ਤੇਰੀ ਸਿਗਰਟ ਨੇ
ਤੇਰੀ ਸਿਗਰਟ ਨੇ ਮੈਂ ਪੱਟੀ

ਕਿੰਨਾ ਭੈੜਾ ਅਸਰ ਹੈ ਸਾਡੇ ਲੋਕ ਜੀਵਨ ਤੇ ਇਨ੍ਹਾਂ ਮਾਰੂ ਨਸ਼ਿਆਂ ਦਾ। ਪ੍ਰੇਮ ਦਾ ਨਸ਼ਾ ਹੀ ਇਕ ਅਜਿਹਾ ਨਸ਼ਾ ਹੈ ਜਿਸ ਨਾਲ ਸਭ ਤੋਂ ਜਿਆਦਾ ਸਰੂਰ ਆਉਂਦਾ ਏ। ਕਿੰਨੇ ਭਾਗਾ ਵਾਲੇ ਹਨ ਉਹ ਜਿਊੜੇ ਜਿਹੜੇ ਇਕ ਦੂਜੇ ਲਈ ਮੁਹੱਬਤ ਦਾ ਨਸ਼ਾ ਬਣ ਜਾਣ ਲਈ ਉਤਾਵਲੇ ਹਨ: -

ਦੁਧ ਬਣ ਜਾਨੀ ਆਂ
ਮਲਾਈ ਬਣ ਜਾਨੀ ਆਂ
ਗਟਾ ਗਟ ਪੀ ਲੈ ਵੇ
ਨਸ਼ਾ ਬਣ ਜਾਨੀ ਆਂ

ਇਸ਼ਕ ਨਾਲ ਰੱਤੇ ਸਰੀਰ ਬਿਨਾਂ ਪੀਤਿਆਂ ਹੀ ਖੀਵੇ ਰਹਿੰਦੇ ਹਨ: -

ਹੁਸਨ ਚਰਾਗ ਜਿੰਨਾ ਦੇ ਦੀਦੇ
ਉਹ ਕਿਉਂ ਬਾਲਣ ਦੀਵੇ
ਇਸ਼ਕ ਜਿਨ੍ਹਾਂ ਦੇ ਹੱਡੀ ਰੱਚਿਆ
ਉਹ ਬਿਨਾਂ ਸ਼ਰਾਬੋਂ ਖੀਵੇ।