ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਰੱਖੋੂ ਤੇਰੇ ਚੀਰੇ ਦੀ ਲਾਜ
ਰੱਖੂੰ ਤੇਰੇ ਚੀਰੇ ਦੀ ਲਾਜ
ਹਰ ਦੇਸ਼ ਦੇ ਇਤਿਹਾਸ, ਸਭਿਆਚਾਰ ਅਤੇ ਕੌਮੀ ਚਰਿੱਤਰ ਆਦਿ ਨੂੰ ਉਸ ਦੇਸ਼ ਦੇ ਲੋਕ ਸਾਹਿਤ ਵਿਚੋਂ ਹੀ ਸਹੀ ਰੂਪ ਵਿੱਚ ਜਾਣਿਆਂ ਜਾ ਸਕਦਾ ਹੈ। ਇਹ ਉਹ ਵੱਡਮੁਲਾ ਖ਼ਜ਼ਾਨਾ ਹੈ ਜੋ ਸਾਨੂੰ ਆਪਣੇ ਵੱਡੇ ਵਡੇਰਿਆਂ ਪਾਸੋਂ ਵਿਰਾਸਤ ਵਿੱਚ ਮਿਲਦਾ ਹੈ। ਹਰ ਕੋਈ ਆਪਣੇ ਵਿਰਸੇ ਤੇ ਮਾਣ ਕਰਦਾ ਹੈ, ਕਰਨਾ ਵੀ ਚਾਹੀਦਾ ਹੈ, ਪਰ ਕਰੇਗਾ ਉਹੀ ਜਿਸ ਦਾ ਵਿਰਸਾ ਅਮੀਰ ਹੋਵੇਗਾ, ਸਤਿਕਾਰਯੋਗ ਹੋਵੇਗਾ।
ਪੰਜਾਬ ਦੇ ਲੋਕ ਗੀਤ ਇਕੱਤਰ ਕਰਦਿਆਂ ਮੈਨੂੰ ਅਨੇਕਾਂ ਅਜਿਹੇ ਗੀਤ ਮਿਲੇ ਹਨ ਜਿਨ੍ਹਾਂ ਉਤੇ ਸਾਡੇ ਸੱਚੇ ਸੁੱਚੇ ਇਖਲਾਕ ਅਤੇ ਚਰਿੱਤਰ ਦੀ ਛਾਪ ਹੈ। ਉਹ ਅੱਜ ਦੇ ਗੀਤ ਨਹੀਂ, ਸਦੀਆਂ ਪੁਰਾਣੇ ਹਨ, ਪਰ ਹਨ ਚਸ਼ਮੇ ਦੇ ਪਾਣੀ ਵਾਂਗ ਸੱਜਰੇ! ਇਹ ਗੀਤ ਕਿਸੇ ਇਤਿਹਾਸਕਾਰ ਨੇ ਨਹੀਂ ਰਚੇ। ਇਤਿਹਾਸਕਾਰ ਤਾਂ ਕਈ ਵਾਰ ਨਿੱਜੀ ਕਾਰਨਾਂ ਕਰਕੇ ਪੱਖ ਪੂਰ ਲੈਂਦੇ ਹਨ। ਇਹ ਤਾਂ ਪੰਜਾਬ ਦੇ ਸਾਦ-ਮੁਰਾਦੇ ਲੋਕਾਂ ਦੀ ਦੇਣ ਹਨ ਜੋ ਪੀੜ੍ਹੀਓ ਪੀੜ੍ਹੀ ਸਾਡੇ ਤੱਕ ਪੁਜੇ ਹਨ।
ਇਹ ਜੁੱਗਾਂ ਦੀਆਂ ਬਾਤਾਂ ਪਾਉਂਦੇ ਹਨ। ਵੰਨਗੀ ਲਈ ਸੈਆਂ ਵਿਚੋਂ ਤਿੰਨ ਲੋਕ ਗੀਤ ਹਾਜ਼ਰ ਹਨ।
ਪਹਿਲਾ ਗੀਤ ਅਠ੍ਹਾਰਵੀਂ ਸਦੀ ਦਾ ਹੈ। ਉਸ ਸਮੇਂ ਮੁਗਲ ਸਰਕਾਰ ਵਲੋਂ ਪਰਜਾ ਉਪਰ ਕੀਤੇ ਜਾਂਦੇ ਅੱਤਿਆਚਾਰਾਂ ਦਾ ਵਰਣਨ ਇਸ ਗੀਤ ਵਿੱਚ ਆਉਂਦਾ ਹੈ। ਗੀਤ ਦੇ ਬੋਲ ਦੱਸਦੇ ਹਨ ਕਿ ਕਿਵੇਂ ਮੁਗਲ ਸਰਕਾਰ ਦੇ ਕਰਮਚਾਰੀ/ ਅਧਿਕਾਰੀ ਸੋਹਣੀਆਂ ਔਰਤਾਂ ਨੂੰ ਜ਼ੋਰੀਂ ਖੋਹ ਕੇ ਲੈ ਜਾਂਦੇ ਸਨ ਪ੍ਰੰਤੂ ਸਾਡੇ ਦੇਸ ਦੀਆਂ ਮੁਟਿਆਰਾਂ ਧਰਮ ਤੋਂ ਨਹੀਂ ਸਨ ਡੋਲਦੀਆਂ, ਉਹ ਆਪਣੇ ਸਤਿ ਨੂੰ ਸਿਰ ਦੀ ਕੁਰਬਾਨੀ ਦੇ ਕੇ ਪਾਲਦੀਆਂ ਸਨ।
ਇਸ ਗੀਤ ਦੀ ਨਾਇਕਾ ‘ਸੁੰਦਰੀ’ ਨੂੰ ਮੁਗਲ ਚੁੱਕ ਕੇ ਲੈ ਜਾਂਦੇ ਹਨ। ਉਹ ਆਪਣੇ ਚੁੱਕੇ ਜਾਣ ਬਾਰੇ ਇਕ ਰਾਹੀ ਦੇ ਹੱਥ ਆਪਣੇ ਬਾਬਲ, ਭਰਾ ਅਤੇ ਪਤੀ ਨੂੰ ਸੁਨੇਹਾ ਘੱਲਦੀ ਹੈ। ਉਹ ਤਿੰਨੇ ਮੁਗਲ ਦੀਆਂ ਮਿੰਨਤਾ ਕਰਦੇ ਹਨ, ਰੁਪਏ ਪੇਸ਼ ਕਰਦੇ ਹਨ। ਪਰ ਉਹ ਉਸ ਸੋਹਣੀ ਔਰਤ ਨੂੰ ਨਹੀਂ ਛੱਡਦਾ। ਬਾਬਲ ਅਤੇ ਵੀਰਾ ਧਾਹੀਂ ਮਾਰ ਮਾਰ ਰੋਂਦੇ ਹਨ। ਸੁੰਦਰੀ ਡੋਲਦੀ ਨਹੀਂ।
ਉਹ ਮੁਗਲ ਨੂੰ ਨਦੀ ਤੋਂ ਪਾਣੀ ਭਰਕੇ ਲਿਆਉਣ ਵਾਸਤੇ ਘੱਲ ਦਿੰਦੀ ਹੈ ਤੇ ਆਪ ਮਗਰੋਂ ਚਿਖਾ ਨੂੰ ਅੱਗ ਲਵਾ ਲੈਂਦੀ ਹੈ ਤੇ ਢੋਲੀ ਨੂੰ ਆਖਦੀ ਹੈ ਕਿ ਉਹ ਢੋਲ ਵਜਾ ਕੇ ਸਾਰੀ ਲੁਕਾਈ ਨੂੰ ਦੱਸ ਦੇਵੇ ਕਿ ਮੁਗਲ ਦੀ ਚੁਰਾਈ ਹੋਈ ਨਾਰ ਸਤਿ ਨੂੰ ਬਚਾਉਣ ਲਈ ਚਿਖਾ ਵਿੱਚ ਜਲ ਗਈ ਹੈ: -
ਮੁਗਲਾਂ ਨੇ ਘੋੜਾ ਪੀੜਿਆ
ਸੁੰਦਰੀ ਪਾਣੀ ਨੂੰ ਜਾਵੇ
ਜਾ ਵੇ ਸਪਾਹੀਆ ਵੇ ਜ਼ੁਲਮਾਂ।
ਸੱਸ ਜੁ ਪੇਕੇ ਉਠਗੀ
ਸਹੁਰਾ ਗਿਆ ਸੀ ਗਰਾਏਂ
ਨਣਦ ਖੇਡਣ ਉਠ ਗਈ
ਵੇ ਮੁਗਲਾਂ ਲਈ ਸੀ ਚੁਰਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਕੋਠੇ ਚੜ੍ਹਕੇ ਦੇਖਦੀ ਇਕ ਰਾਹੀ ਵੀ ਜਾਵੇ
ਰਾਹ ਜਾਂਦਿਆ ਰਾਹੀ ਮੁਸਾਫਰਾ
ਇਕ ਸੁਨੇਹੜਾ ਲੈ ਜਾ
ਬਾਪ ਮੇਰੇ ਨੂੰ ਆਖਣਾ
ਧੀ ਮੁਗਲਾਂ ਲਈ ਵੇ ਚੁਰਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਰਾਹ ਜਾਂਦਿਆ ਰਾਹੀ ਮੁਸਾਫਰਾ
ਇਕ ਸੁਨੇਹੜਾ ਲੈ ਜਾ
ਵੀਰ ਮੇਰੇ ਨੂੰ ਆਖਣਾ
ਭੈਣ ਮੁਗਲਾਂ ਲਈ ਵੇ ਚੁਰਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਰਾਹ ਜਾਂਦਿਆ ਰਾਹੀ ਮੁਸਾਫਰਾ
ਇਕ ਸੁਨੇਹੜਾ ਲੈ ਜਾ
ਪਤੀ ਮੇਰੇ ਨੂੰ ਆਖਣਾ
ਗੋਰੀ ਮੁਗਲਾਂ ਲਈ ਵੇ ਚੁਰਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਬਾਬਲ ਘੋੜਾ ਪੀੜਿਆ
ਮਗਰੇ ਵੀਰਨ ਵੀ ਆ
ਬਾਬਲ ਉਤਰਿਆ ਚੌਂਤਰੇ
ਵੀਰਨ ਇਮਲੀ ਦੀ ਛਾਂ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਆਹ ਲੈ ਮੁਰਲਾ ਮੁਗਲ ਦਿਆ ਬੇਟਿਆ
ਘੋੜਾ ਡੇਢ ਹਜ਼ਾਰ
ਹੱਥ ਬੰਨ੍ਹ ਕਰਦਾ ਬੇਨਤੀ
ਧੀ ਨੂੰ ਲਵਾਂਗਾ ਛਡਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਨਾ ਲਵਾਂ ਤੇਰਾ ਘੋੜਾ
ਨਾ ਮੰਨਾਂ ਤੇਰੀ ਬੇਨਤੀ
ਸੁੰਦਰ ਸੋਹਣੀ ਸਾਥੋਂ ਛੋਡੀ ਨਾ ਜਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਆਹ ਲੈ ਮੁਗਲਾ ਮੁਗਲ ਦਿਆ ਬੇਟਿਆ
ਬੋਰੀ ਡੇਢ ਹਜ਼ਾਰ
ਹੱਥ ਬੰਨ੍ਹ ਕਰਦਾਂ ਬੇਨਤੀ
ਭੈਣ ਨੂੰ ਲਵਾਂਗਾ ਛੁਡਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਨਾ ਲਵਾਂ ਤੇਰੀਆ ਬੋਰੀਆਂ
ਨਾ ਮੰਨਾ ਤੇਰੀ ਬੇਨਤੀ
ਸੁੰਦਰ ਸੋਹਣੀ ਸਾਥੋਂ ਛੋਡੀ ਨਾ ਜਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਆਹ ਲੈ ਮੁਗਲਾ ਮੁਗਲ ਦਿਆ ਬੇਟਿਆ
ਹੀਰੇ ਚਾਰ ਹਜ਼ਾਰ
ਹੱਥ ਬੰਨ੍ਹ ਕਰਦਾ ਬੇਨਤੀ
ਗੋਰੀ ਨੂੰ ਲਵਾਂ ਛੁਡਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਨਾ ਲਵਾਂ ਤੇਰੇ ਹੀਰੇ
ਨਾ ਮੰਨਾਂ ਤੇਰੀ ਬੇਨਤੀ
ਸੁੰਦਰ ਸੋਹਣੀ ਸਾਥੋਂ ਛੋਡੀ ਨਾ ਜਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਬਾਬਲ ਬਹਿ ਕੇ ਰੋ ਪਿਆ
ਵੀਰਨ ਮਾਰੀ ਸੀ ਧਾਹ
ਕੰਤ ਹਰਾਮੀ ਹੱਸ ਪਿਆ
ਨਵੀਂ ਵਿਆਹੁਣੇ ਦਾ ਚਾਅ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਜਾ ਬਾਬਲ ਘਰ ਆਪਣੇ
ਰੱਖੂੰ ਤੇਰੀ ਦਾੜ੍ਹੀ ਦੀ ਲਾਜ
ਅੰਨ ਨਾ ਖਾਵਾਂ ਮੁਗਲ ਦਾ
ਭਾਵੇਂ ਭੁੱਖੀ ਮਰ ਜਾਂ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਜਾ ਵੀਰਨ ਘਰ ਆਪਣੇ
ਰੱਖੂੰ ਤੇਰੋ ਚੀਰੇ ਦੀ ਲਾਜ
ਜਲ ਨਾ ਪੀਵਾਂ ਮੁਗਲ ਦਾ
ਮੈਂ ਪਿਆਸੀ ਮਰ ਜਾਂ
ਜਾ ਵੇ ਸਪਾਹੀਆ ਵੇ ਜ਼ਾਲਮਾ
ਜਾ ਕੰਤ ਘਰ ਆਪਣੇ
ਰੱਖੂੰ ਉਨ੍ਹਾਂ ਲਾਵਾਂ ਦੀ ਲਾਜ
ਅੰਗ ਨਾ ਛੋਹਾਂ ਮੁਗਲ ਦਾ
ਭਾਵੇਂ ਉਣੀਂਦੀ ਮਰ ਜਾਂ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਬਾਬਲ ਬਹਿ ਕੇ ਰੋ ਪਿਆ
ਵੀਰੇ ਮਾਰੀ ਸੀ ਧਾਹ
ਕੰਤ ਹਰਾਮੀ ਹੱਸ ਪਿਆ
ਨਵੀਂ ਵਿਆਹੁਣੇ ਦਾ ਚਾਅ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਜਾ ਵੇ ਮੁਗਲਾ ਮੁਗਲ ਦਿਆ ਬੇਟਿਆ
ਘੜਾ ਪਾਣੀ ਦਾ ਲਿਆ
ਊਠੀਂ ਵੇ ਬਾਬਲ ਬੇਟਿਆ
ਡੱਬੀ ਸੀਖਾਂ ਦੀ ਲਿਆ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਉਠੀਂ ਵੇ ਢੋਲੀ ਡੱਗਾ ਵੀ ਲਾ
ਜਲ ਗਈ ਮੁਗਲ ਪਠਾਣ ਦੀ
ਜਿਹੜੀ ਲਈ ਸੀ ਚੁਰਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।
ਉਪਰੋਕਤ ਲੋਕ ਗੀਤ ਮੈਨੂੰ ਆਪਣੇ ਪਿੰਡਾਂ (ਮਾਦਪੁਰ ਜ਼ਿਲਾ ਲੁਧਿਆਣਾ) ਮਾਈ ਬੱਸੋਂ ਪਾਸੋਂ ਮਿਲਿਆ ਸੀ। ਇਸ ਗੀਤ ਦੇ ਕਈ ਹੋਰ ਰੂਪਾਂਤਰ ਵੀ ਹਨ।
ਭਾਈ ਵੀਰ ਸਿੰਘ ਨੇ ਆਪਣਾ ਪਹਿਲਾ ਇਤਿਹਾਸਕ ਨਾਵਲ 'ਸੁੰਦਰੀ' ਇਸ ਗੀਤ ਦੇ ਇਕ ਰੁਪਾਂਤਰ ਦੇ ਆਧਾਰ ਤੇ ਹੀ ਲਿਖਿਆ ਸੀ। ਇਹ ਰੂਪਾਂਤਰ 'ਸੁੰਦਰੀ' ਨਾਵਲ ਦੇ ਮੁੱਢ ਵਿੱਚ ਦਰਜ ਹੈ।
ਪੰਜਾਬ ਤੋਂ ਬਿਨਾਂ ਕਈ ਹੋਰ ਪ੍ਰਾਂਤਾਂ ਵਿੱਚ ਵੀ ਇਸ ਲੋਕ ਗੀਤ ਨਾਲ ਮਿਲਦੇ ਜੁਲਦੇ ਇਤਿਹਾਸਕ ਗੀਤ ਪ੍ਰਾਪਤ ਹਨ। ਸ੍ਰੀ ਰਾਮ ਨਰੇਸ਼ ਤ੍ਰਿਪਾਠੀ ਨੇ 'ਹਮਾਰਾ ਗ੍ਰਾਮ ਸਾਹਿਤ' ਵਿੱਚ ਇਸੇ ਭਾਵ ਦਾ ਇਕ ਗੀਤ ਪੇਸ਼ ਕੀਤਾ ਹੈ। ਜੋ ਉਹਨਾਂ ਨੂੰ ਬਾਰਾਂ ਬਾਂਕੀ ਤੋਂ ਪ੍ਰਾਪਤ ਹੋਇਆ ਸੀ। ਗੀਤ ਦਾ ਭਾਵ ਇਸ ਤਰ੍ਹਾਂ ਹੈ ਕਿ ਸੱਤ ਭੈਣਾਂ ਦੌਲੀ ਦੇ ਘਾਟ 'ਤੇ ਸਰਕੰਡੇ ਚੀਰ ਰਹੀਆਂ ਸਨ। ਐਨੇ 'ਚ ਮੁਗਲਾਂ ਦਾ ਲਸ਼ਕਰ ਆ ਕੇ ਉਨ੍ਹਾਂ ਵਿਚੋਂ 'ਚੰਦਾ' ਨਾਮੀ ਸੁੰਦਰੀ ਨੂੰ ਪਕੜ ਕੇ ਲੈ ਗਿਆ।
ਚੰਦਾ ਦੇ ਪਿਤਾ ਨੇ ਉਸ ਨੂੰ ਛੁਡਾਉਣ ਲਈ ਰੁਪਿਆਂ ਦੀ ਪੇਸ਼ਕਸ਼ ਕੀਤੀ ਪਰ ਮੁਗਲ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਉਹ ਚੰਦਾ ਨੂੰ ਡੋਲੀ 'ਚ ਪਾ ਕੇ ਆਪਣੇ ਘਰ ਲੈ ਗਿਆ। ਚੰਦਾ ਮੁਗਲ ਨੂੰ ਅੱਗ ਬਾਲਣ ਲਈ ਕਹਿੰਦੀ ਹੈ ਤੇ ਫੇਰ ਢੇਰ ਸਾਰੀਆਂ ਲੱਕੜਾਂ ਦੀ ਚਿਖਾ ਬਣਾ ਕੇ ਜਲ ਮਰਦੀ ਹੈ।
ਗੀਤ ਦੀਆਂ ਅੰਤਲੀਆਂ ਤੁਕਾਂ ਦਾ ਭਾਵ ਹੈ 'ਚੰਦਾ ਦੀ ਚਿਖਾ ਇੰਜ ਭੜਕ ਉਠੀ ਕਿ ਸਾਰੇ ਘਰ ਵਿੱਚ ਧੂਆਂ ਭਰ ਗਿਆ। ਮੁਗਲ ਦੀ ਦਾੜ੍ਹੀ ਜਲ ਗਈ ਤੇ ਉਹ ਵੀ ਮਰ ਗਿਆ।'
ਇਸੇ ਵਿਸ਼ੇ ਨਾਲ ਸਬੰਧਤ ਇਕ ਬ੍ਰਿਜ ਲੋਕ ਗੀਤ ਸ਼੍ਰੀ ਕ੍ਰਿਸ਼ਨ ਦਾਸ ਨੇ ਆਪਣੀ ਹਿੰਦੀ ਪੁਸਤਕ 'ਲੋਕ ਗੀਤੋਂ ਕੀ ਸਮਾਜਿਕ ਵਿਆਖਿਆ' ਦੇ ਪੰਨਾ 155 ਤੋਂ 158 'ਤੇ ਦਰਜ ਕੀਤਾ ਹੈ। ਇਸ ਗੀਤ ਦੀ ਨਾਇਕਾ 'ਚੰਦਰਾਵਾਲੀ' ਹੈ। ਉਹ ਵੀ ਆਪਣੇ ਆਪ ਨੂੰ ਚਿਖਾ ਵਿੱਚ ਜਲਾ ਲੈਂਦੀ ਹੈ।
ਹੋ ਸਕਦਾ ਹੈ ਭਾਰਤ ਦੇ ਹੋਰਨਾਂ ਪ੍ਰਾਂਤਾਂ ਵਿੱਚ ਵੀ ਇਹ ਗੀਤ ਪ੍ਰਚੱਲਤ ਹੋਵੇ। ਇਸ ਸੰਬੰਧੀ ਤੁਲਨਾਤਮਕ ਅਧਿਐਨ ਦੀ ਲੋੜ ਹੈ।
ਦੂਜਾ ਗੀਤ ਵੀ ਮੁਗਲ ਰਾਜ ਸਮੇਂ ਦਾ ਹੀ ਹੈ। ਇਸ ਗੀਤ ਵਿੱਚ ਇਕ ਮੁਗਲ ਕਰਮਚਾਰੀ ਦੁਧ ਵੇਚਣ ਆਈ ਗੁਜਰੀ ਤੇ ਡੋਰੇ ਸੁਟਦਾ ਹੈ। ਪਰ ਉਹ ਆਨੀਂ ਬਹਾਨੀਂ ਦਿਨ ਚੜ੍ਹਾਕੇ ਆਪਣੇ ਸੱਤ ਨੂੰ ਬਚਾ ਲੈਂਦੀ ਹੈ। ਗੀਤ ਦੇ ਬੋਲ ਹਨ: -
ਕਿਤਨਾ ' ਕ ਤੇਰਾ ਦੁਧੀਆ
ਕੈ ਰੁਪਏ ਸੇਰ ਨੀ ਮਾਨੋ
ਪਾਈਆ 'ਕ ਮੇਰਾ ਦੁਧੀਆ
ਪੰਜ ਰੁਪਏ ਸੇਰ ਵੇ ਮੁਗਲਾ
ਪੰਜ ਦੇ ਭਾਵੇਂ ਦਸ ਲੈ ਲੈ
ਨੀ ਤੂੰ ਤੰਬੂ ਅੰਦਰ ਆ।
ਤੰਬੂ ਅੰਦਰ ਕਿਕਣ ਆਵਾਂ
ਮੇਰੀ ਸੱਸ ਉਡੀਕੇ ਵੇ ਮੁਗਲਾ
ਸੱਸ ਤੇਰੀ ਨੂੰ ਅੰਨ੍ਹੀ ਕਰਾਂ
ਕੰਨਾਂ ਤੇ ਕਰਾਂ ਬੋਲੀ
ਨੀ ਤੂੰ ਤੰਬੂ ਅੰਦਰ ਆ
ਤੰਬੂ ਅੰਦਰ ਕਿਕਣ ਆਵਾਂ
ਮੇਰੀ ਨਣਦ ਉਡੀਕੇ ਵੇ ਮੁਗਲਾ
ਨਣਦ ਤੇਰੀ ਨੂੰ ਸਹੁਰੇ ਘੱਲਾਂ
ਚੁੰਨੀਆਂ ਰੰਗਾਵਾਂ ਚਾਰ
ਨੀ ਤੂੰ ਤੰਬੂ ਅੰਦਰ ਆ
ਤੰਬੂ ਅੰਦਰ ਕਿਕਣ ਆਵਾਂ
ਮੇਰਾ ਮਾਹੀ ਉਡੀਕੇ ਵੇ ਮੁਗਲਾ
ਮਾਹੀ ਤੇਰੇ ਨੂੰ ਵਿਆਹ ਦੇਵਾਂ
ਦੋ ਆਪਾਂ ਦੋ ਉਹ ਚਾਰ
ਨੀ ਮਾਨੋ ਤੂੰ ਤੰਬੂ ਅੰਦਰ ਆ
ਤੰਬੂ ਅੰਦਰ ਕਿਕਣ ਆਵਾਂ ਵੇ ਮੁਗਲਾ
ਮੇਰਾ ਬਾਲਕ ਰੋਵੇ ਵੇ
ਬਾਲਕ ਤੇਰੇ ਨੂੰ ਦੁਧ ਪਲਾਵਾਂ
ਝੂਲੇ ਦੇਵਾਂ ਝੁਲਾ
ਨੀ ਮਾਨੋ ਤੰਬੂ ਅੰਦਰ ਆ
ਦਿਨ ਚੜ੍ਹ ਗਿਆ ਪਹੁ ਫਟ ਗਈ
ਮੈਂ ਕਿਹੜੇ ਬਹਾਨੇ ਆਵਾਂ ਵੇ ਮੁਗਲਾ
ਪੰਜੇ ਲੈ ਲੈ ਕਪੜੇ ਪੰਜੇ ਲੈ ਹੱਥਿਆਰ
ਤੂੰ ਰਲਜਾ ਸਪਾਹੀਆਂ ਦੇ ਨਾਲ ਨੀ ਮਾਨੋਂ
ਇਸ ਪਰਕਾਰ ਗੁਜਰੀ ਮੁਗਲ ਪਾਸੋਂ ਆਪਣੇ ਆਪ ਨੂੰ ਬਚਾ ਲੈਂਦੀ ਹੈ।
ਤੀਜੇ ਗੀਤ ਵਿੱਚ ਬੜੀ ਅਸਚਰਜ ਘਟਨਾ ਵਾਪਰਦੀ ਹੈ। ਇਕ ਭੈਣ ਦਾ ਵੀਰ ਬੜਿਆਂ ਸਾਲਾਂ ਮਗਰੋਂ ਘਰ ਪਰਤਦਾ ਹੈ - ਭੈਣ ਨਿੱਕੀ ਜਹੀ ਸੀ ਜਦੋਂ ਉਹ ਖੱਟੀ ਕਰਨ ਲਈ ਘਰੋਂ ਤੁਰ ਗਿਆ ਸੀ। ਭੈਣ ਵੀਰ ਨੂੰ ਪਿੰਡੋਂ ਬਾਹਰ ਹੀ ਮਿਲ ਪੈਂਦੀ ਹੈ। ਦੋਨੋ ਇਕ ਦੂਜੇ ਤੋਂ ਅਣਜਾਣ ਹਨ। ਵੀਰ ਭੈਣ ਦੇ ਹੁਸਨ ਤੇ ਮਾਇਲ ਹੋ ਜਾਂਦਾ ਹੈ। ਅਗੋਂ ਭੈਣ ਆਪਣੇ ਇਖਲਾਕ ਦਾ ਪ੍ਰਗਟਾਵਾ ਵਾਰਤਾਲਾਪ ਰਾਹੀਂ ਕਰਦੀ ਹੈ। ਗੀਤ ਇਸ ਪਰਕਾਰ ਤੁਰਦਾ ਹੈ: -
ਚੱਲ ਨਣਦੇ ਨੀ ਪਾਣੀ ਨੂੰ ਚੱਲੀਏ
ਵੀਰਨ ਡੋਲਾ ਉਥੇ ਆ ਉਤਰਿਆ
ਸੁਣ ਕੁੜੀਏ
ਨੀ ਤੇਰੀ ਬੋਲੀ ਮਲੂਕ
ਤੈਂ ਪਰ ਸਾਹਿਬਾਂ ਦਾ ਰੂਪ
ਆਖੇਂ ਤਾਂ ਤੈਨੂੰ ਨੈਣੀਂ ਪਾ ਨੀ ਲਈਏ
ਨੈਣੀਂ ਵੇ ਭੈਣਾਂ ਨੂੰ ਪਾ
ਮਾਵਾਂ ਨੂੰ ਪਾ
ਨਾਰ ਬਗਾਨੀ ਨੈਣੀਂ ਨਾ ਵੇ ਪਾਈਏ
ਸੁਣ ਕੁੜੀਏ
ਨੀ ਤੇਰੀ ਬੋਲੀ ਮਲੂਕ
ਤੈਂ ਪਰ ਸਾਹਿਬਾਂ ਦਾ ਰੂਪ
ਆਖੇ ਤਾਂ ਤੈਨੂੰ ਬਾਹੀਂ ਪਾ ਨੀ ਲਈਏ
ਬਾਹੀਂ ਚੂੜੇ ਦਾ ਜ਼ੋਰ
ਚੂੜੇ ਵਾਲੇ ਦਾ ਜ਼ੋਰ
ਨਾਰ ਬਗਾਨੀ ਬਾਹੀਂ ਨਾ ਵੇ ਪਾਈਏ
ਸੁਣ ਕੁੜੀਏ
ਨੀ ਤੇਰੀ ਬੋਲੀ ਮਲੂਕ
ਹੈਂ ਪਰ ਸਾਹਿਬਾਂ ਦਾ ਰੂਪ
ਆਖੇਂ ਤਾਂ ਤੈਨੂੰ ਗਲ ਪਾ ਨੀ ਲਈਏ
ਗੱਲ ਹਾਰਾਂ ਦਾ ਜ਼ੋਰ
ਹਮੇਲਾਂ ਦਾ ਜ਼ੋਰ
ਨਾਰ ਬਗਾਨੀ ਗਲ ਨਾ ਵੇ ਪਾਈਏ
ਤੂੰ ਕਹਿੜੇ ਰਾਜੇ ਦੀ ਧੀ
ਤੂੰ ਕਹਿੜੇ ਰਾਜੇ ਦੀ ਭੈਣ
ਕਹਿੜੇ ਕੰਤ ਦੀ ਤੈਨੂੰ ਨਾਰ ਕਹੀਏ ਨੀ
ਮੈਂ ਦੇਵਾ ਸਿੰਘ ਰਾਜੇ ਦੀ ਧੀ
ਬੁਧ ਸਿੰਘ ਰਾਜੇ ਦੀ ਭੈਣ
ਮੈਂ ਆਪਣੇ ਕੰਤ ਦੀ ਨਾਰੀ ਵੇ
ਚਲ ਬੀਬੀ ਆਪਾਂ ਗੰਗਾ ਨੂੰ ਚਲੀਏ
ਗੰਗਾ ਜਮਨਾਂ ਨੂੰ ਚਲਈਏ
ਉਥੇ ਦੂਸ਼ਨ ਲਾਹਕੇ ਆਈਏ ਨੀ
ਇਹ ਹੈ ਸਾਡਾ ਵਿਰਸਾ। ਏਸ ਵਿਰਸੇ ਨੂੰ ਅਸਾਂ ਗੁਆਣਾ ਨਹੀਂ ਸਗੋਂ ਏਸ ਤੇ ਮਾਣ ਕਰਨਾ ਹੈ। ਇਹ ਸਭ ਤਦੇ ਹੀ ਹੋ ਸਕੇਗਾ ਜੇਕਰ ਅਸੀਂ ਆਪਣੇ ਇਖਲਾਕ ਨੂੰ ਉੱਚਾ ਤੇ ਸੁੱਚਾ ਰੱਖਾਂਗੇ।