ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਰਿਸ਼ਤਾ ਨਣਦ ਭਰਜਾਈ ਦਾ

"ਉਹ ਘਰ ਨਹੀਂ ਵਸਦੇ, ਜਿਥੇ ਨਣਦਾਂ ਦੀ ਸਰਦਾਰੀ ਕਿਸੇ ਸਾਧਾਰਨ ਘਟਨਾ ਤੋਂ ਉਪਜਿਆ ਗੀਤ ਨਹੀਂ। ਇਸ ਗੀਤ ਦੇ ਪਛੋਕੜ ਵਿੱਚ ਅਨੇਕਾਂ ਲੋਕ-ਗੀਤ ਨਣਦ ਭਰਜਾਈ ਦੀ ਖਿਚੋਤਾਣ ਨੂੰ ਉਲੀਕਦੇ, ਲੋਕ-ਦਿਲਾਂ ਦੀਆਂ ਧੜਕਦੀਆਂ ਹੋਈਆਂ ਹਿਕੜੀਆਂ ਦੇ ਅਰਮਾਨਾਂ ਦੀ ਤਰਜਮਾਨੀ ਕਰਦੇ ਆ ਰਹੇ ਹਨ। ਸੱਸ ਨੂੰਹ ਵਾਂਗ ਨਣਦ-ਭਰਜਾਈ ਦੇ ਗੀਤਾਂ ’ਚ ਬਹੁਗਿਣਤੀ ਲੜਾਈ ਝਗੜਿਆਂ ਦੀ ਹੀ ਹੈ। ਜੇਕਰ ਨਣਦ ਦਾ ਛੋਟਾ ਵੀਰਾ ਵਿਆਹਿਆ ਹੋਵੇ ਜਾਂ ਕਈ ਭਰਾਵਾਂ ਦੀ ਇਕੋ ਇਕ ਵੱਡੀ ਜਾਂ ਜਵਾਨ ਭੈਣ ਹੋਵੇ ਤਾਂ ਉਹਦੀ ਘਰ ਵਿੱਚ ਮੁਖ਼ਤਿਆਰੀ ਚਲਦੀ ਹੈ। ਸੱਸ ਸਦਾ ਆਪਣੀ ਧੀ ਦਾ ਪੱਖ ਪੂਰ ਕੇ ਉਹਦਾ ਮਾਣ ਵਧਾਉਂਦੀ ਹੈ। ਦੋਨੋਂ ਬਗਾਨੀ ਧੀ ਨੂੰ ਇਕ ਕਾਮੀ ਸਮਝਦੀਆਂ ਹਨ, ਜਿਸ ਦੇ ਸਦਕਾ ਹਰ ਗਲ ਤੇ ਝਗੜਾ ਸ਼ੁਰੂ ਹੋ ਜਾਂਦਾ ਹੈ।

ਲੜਾਈ ਝਗੜਿਆਂ ਦੀ ਨੌਬਤ ਇਕ ਦਮ ਨਹੀਂ ਆ ਜਾਂਦੀ। ਨਾਲ਼ੇ ਸਾਰੀਆਂ ਨਣਦਾਂ ਲੜਾਕੀਆਂ ਹੀ ਨਹੀਂ ਹੁੰਦੀਆਂ। ਨਣਦਾਂ ਸੁੱਖਾਂ ਸੁਖ ਕੇ ਵੀਰੇ ਦਾ ਵਿਆਹ ਰਚਾਉਂਦੀਆਂ ਹਨ ਅਤੇ ਸਤਿਕਾਰ ਨਾਲ਼ ਭਾਬੋ ਨੂੰ, ਹਸਦੀਆਂ ਟਪਦੀਆਂ ਜੀ ਆਇਆਂ ਨੂੰ ਆਖਦੀਆਂ ਹਨ: -

ਨਿੱਕੇ ਨਿੱਕੇ ਬਾਲਿਆਂ ਦੀ
ਛੱਤ ਮੈਂ ਛਤਾਉਨੀ ਆਂ
ਉੱਚਾ ਰਖਦੀ ਬਾਰ
ਭਾਬੋ ਆ ਬੜ ਨੀ
ਘੁੰਮਦੇ ਲਹਿੰਗੇ ਨਾਲ਼
ਭਾਬੋ ਆ ਬੜ ਨੀ।

ਕੁਆਰੀ ਨਣਦ ਤੇ ਭਾਬੋ ਵਿਸ਼ੇਸ਼ ਕਰਕੇ ਇੱਕੋ ਹਾਣ ਦੀਆਂ ਹੀ ਹੁੰਦੀਆਂ ਹਨ। ਦੋਨਾਂ ਦੇ ਅਰਮਾਨ ਵੀ ਜਵਾਨ ਹੁੰਦੇ ਹਨ। ਜਵਾਨੀ ਦਾ ਇਸ਼ਕ ਟਕੋਰਾਂ ਮਾਰ ਰਸ ਮਾਣਦੀ ਹੈ:-

ਨਣਦੇ ਮੋਰਨੀਏ
ਤੇਰੇ ਮਗਰ ਬੰਦੂਕਾਂ ਵਾਲੇ

ਉਹ ਜਵਾਨੀ ਵੀ ਕਾਹਦੀ ਹੋਈ ਜੋ ਬਦਲਾ ਨਾ ਲਵੇ। ਬਿੱਲੀਆਂ ਅੱਖੀਆਂ ਵਾਲੀ ਭਾਬੋ ਨੂੰ ਸੁਰਮਾਂ ਪਾਂਦੀ ਤੱਕ ਅਪਣਾ ਬਦਲਾ ਚੁਕਾਉਂਦੀ ਹੈ:-

ਸੁਰਮਾਂ ਕਹਿਰ ਦੀ ਗੋਲੀ
ਬਿੱਲੀਆਂ ਅੱਖੀਆਂ ਨੂੰ

ਬਿੱਲੀਆਂ ਅੱਖੀਆਂ ਵਾਲੀ ਭਾਬੋ ਮੋਰਨੀ ਨਣਦ ਦੀ ਹਰ ਹਰਕਤ ਤਾੜਦੀ ਹੈ:

ਨਣਦੇ ਮੋਰਨੀਏ
ਘੜਾ ਵਿੱਚ ਮੁੰਡਿਆਂ ਦੇ ਭੰਨਿਆ

ਜਵਾਨ ਹੁਸਨ ਬਹਾਨੇ ਘੜਨ ਵਿੱਚ ਵੀ ਤਾਂ ਉਸਤਾਦ ਹੁੰਦਾ ਹੈ:-

ਭਾਬੋ ਮੇਰੇ ਵੱਸ ਨਾ ਰਹੀ
ਘੜਾ ਫੁਟ ਗਿਆ ਸੁੱਥਣ ਪਟ ਹੋਗੀ।

ਜੇਕਰ ਨਣਦ ਅਪਣੇ ਵੀਰੇ ਤੋਂ ਪੰਜ ਸਤ ਵਰ੍ਹੇ ਛੋਟੀ ਹੋਵੇ ਤਾਂ ਵੱਡੀ ਭਾਬ ਬਚਪਨ ਅਤੇ ਜੁਆਨੀ ਦੇ ਦੁਮੇਲ ਤੇ ਖੜੀ ਛੋਟੀ ਨਣਦ ਦੀ ਪੂਰਨ ਰਾਖੀ ਰਖਦੀ ਹੈ:-

ਚਿੱਟੇ ਗੂਠੜੇ ਦੁਖੱਲੀ ਜੁੱਤੀ ਪਾਕੇ
ਕਿੱਥੇ ਚੱਲੀ ਬੀਬੀ ਨਣਦੇ

ਨਣਦ ਅੱਗੋ ਕਾਰਨ ਦੱਸ ਦੇਂਦੀ ਹੈ: -

ਹੱਥ ਪੂਣੀਆਂ ਢਾਕ ਪੁਰ ਚਰਖਾ
ਤ੍ਰਿੰਜਣੀ ਕੱਤਣ ਚੱਲੀ।

ਸੂਝਵਾਨ ਭਾਬੋ ਨਣਦ ਨੂੰ ਬੇ-ਮੁਹਾਰੀ ਹੁੰਦੀ ਤਕ, ਉਸ ਨੂੰ ਸਮਝਾਉਣ ਵਿੱਚ ਕੋਈ ਕਸਰ ਨਹੀਂ ਛੱਡਦੀ:

ਭਾਈ ਤਾਂ ਤੇਰੇ ਸ਼ਰਮਾਂ ਰਖਦੇ
ਤੂੰ ਨਾ ਸ਼ਰਮ ਨੂੰ ਜਾਣੇਂ
ਜਿੰਨੀਆਂ ਪੁਣੀਆਂ ਘਰੋਂ ਲਜਾਵੇਂ
ਓਨੀਆਂ ਮੋੜ ਲਿਆਵੇਂ,
ਪੱਟਤੀ ਸ਼ੁਕੀਨੀ ਨੇ
ਤੰਦ ਚਰਖੇ ਨਾ ਪਾਵੇਂ।

ਭਾਬੋ ਦੇ ਤਾਹਨਿਆਂ ਤੋਂ ਡਰਦੀ ਨਣਦ ਆਪਣੇ ਛੈਲ ਛਬੀਲੇ ਚੀਰੇ ਵਾਲੇ ਨੂੰ ਅਪਣੀ ਗਲੀ ਆਉਣ ਤੋਂ ਰੋਕੋ ਨਾ ਤੇ ਹੋਰ ਕੀ ਕਰੇ :-

ਸੋਹਣੇ ਜਿਹੇ ਚੀਰੇ ਵਾਲਿਆ
ਸਾਡੀ ਗਲੀਓਂ ਨਾ ਆਈਂ,
ਵੇ ਚੰਦਾ ਵਿਹੜੇ ਪੈਰ ਨਾ ਪਾਈਂ,
ਜਲ ਜਲ ਮਰਨ ਗੁਆਂਢਣਾਂ
ਤਾਹਨੇ ਦੇਊ ਭਰਜਾਈ,
ਵੇ ਚੰਦਾ, ਗਾਲਾਂ ਦੇਊ ਸਾਡੀ ਮਾਈ ... ...

ਪਰ ਕਈ ਵਾਰੀ ਨਣਦ ਭਰਜਾਈ ਨੂੰ 'ਸਹਿਤੀ ਤੇ ਹੀਰ' ਵਾਲਾ ਪਾਰਟ ਵੀ ਅਦਾ ਕਰਨਾ ਪੈਂਦਾ ਹੈ: -

ਅੰਬਾਂ ਤੇ ਤੂਤੀਂ ਠੰਡੀ ਛਾਂ
ਕੋਈ ਪ੍ਰਦੇਸੀ ਜੋਗੀ ਆਣ ਲੱਥੇ
ਚਲ ਨਣਦੇ ਪਾਣੀ ਨੂੰ ਚੱਲੀਏ
ਪਾਣੀ ਦੇ ਪੱਜ ਜੋਗੀ ਦੇਖੀਏ ਨੀ
ਕਿੱਥੇ ਰੱਖਾਂ ਨਣਦੇ ਡੋਲ ਨੀ
ਕਿੱਥੇ ਤਾਂ ਖੜ ਕੇ ਜੋਗੀ ਦੇਖੀਏ ਨੀ
ਨੀਵੇਂ ਤਾਂ ਧਰਦੇ ਭਾਬੋ ਡੋਲ ਨੀ
ਉੱਚੇ ਤਾਂ ਖੜ ਕੇ ਜੋਗੀ ਦੇਖੀਏ ਨੀ
ਇਸ ਜੋਗੀ ਦੇ ਲੰਬੇ ਲੰਬੇ ਕੇਸ ਨੀ
ਦਹੀਓਂ ਕਟੋਰੇ ਜੋਗੀ ਨ੍ਹਾਂਵਦਾ ਸੀ
ਇਸ ਜੋਗੀ ਦੇ ਚਿੱਟੇ ਚਿੱਟੇ ਦੰਦ ਨੀ
ਦਾਤਣ ਤੇ ਕੁਰਲੀ ਜੋਗੀ ਕਰ ਰਿਹਾ ਸੀ

ਇਸ ਜੋਗੀ ਦੇ ਸੋਹਣੇ ਸੋਹਣੇ ਨੈਣ ਨੀ

ਸੁਰਮਾਂ ਸਲਾਈ ਜੋਗੀ ਪਾਂਵਦਾ ਸੀ ਚਲ ਨੀ ਭਾਬੋ ਘਰ ਨੂੰ ਚੱਲੀਏ ਨੀ ਸੱਸ ਉਡੀਕੇ ਨੂੰਹੋਂ ਆ ਘਰੇ ਸੱਸਾਂ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ ਮੈਂ ਮਨ ਰੱਖਾਂ ਵਲ ਜੋਗੀ ਦੇ ਨੀ ਚਲ ਨੀ ਭਾਬੋ ਘਰ ਨੂੰ ਚੱਲੀਏ ਸਹੁਰਾ ਉਡੀਕੇ ਨੂੰਹੇਂ ਆ ਘਰੇ ਸਹੁਰੇ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ ਮੈਂ ਮਨ ਰੱਖਾਂ ਵਲ ਜੋਗੀ ਦੇ ਨੀ ਮਰ ਵੇ ਜੋਗੀ ਕਿਸੇ ਹੋਰ ਦੇਸ ਵੇ ਤੂੰ ਮੇਰੀ ਚੈਂਚਲ ਭਾਬੋ ਮੋਹ ਲਈ ਵੇ ਮਰਨ ਨੀ ਨਣਦੇ ਤੇਰੇ ਵੀਰੜੇ ਇਹ ਪ੍ਰਦੇਸੀ ਜੋਗੀ ਕਿਉਂ ਮਰੇ।

ਨਵੀਂ ਬਹੂ ਮੁਕਲਾਵੇ ਆਈ ਸੱਸ ਧਰਤੀ ਪੈਰ ਨਾ ਲਾਵੇ ਲੈ ਨੀ ਨੂੰਹੇ ਰੋਟੀ ਖਾ ਲੈ ਨੂੰਹ ਸੰਗਦੀ ਨਾ ਖਾਵੇ ਪਿਛਲੇ ਯਾਰ ਦਾ ਕਰਦੀ ਹੇਰਵਾ ਕੀਹਨੂੰ ਆਖ ਸੁਣਾਵੇ ਰੋਂਦੀ ਭਾਬੋ ਦੇ -

ਨਣਦ ਬੁਰਕੀਆਂ ਪਾਵੇ</poem>

ਇਹੋ ਜਿਹੀ ਹੀਰ ਭਾਬੋ ਨੂੰ ਰਾਂਝੇ ਹੋਰੀਂ ਮਿਲਣ ਆਉਂਦੇ ਹਨ ਤੇ ਅੱਗੋਂ ਮੋਰਨੀ ਨਣਦ ਰਾਹੇ ਦਾ ਰੋੜਾ ਬਣਦੀ ਹੈ: -

ਮੇਰੀ ਨਣਦ ਮੰਨਣ ਨਾ ਦੇਵੇ
ਰਾਮ ਸਤ ਮਿੱਤਰਾਂ ਦੀ

ਤਾਹਨੇਜ਼ਨੀ ਹੋਣ ਦਾ ਸਦਕਾ ਤੇ ਕੁਝ ਵੀਰ ਪ੍ਰੇਮ ਦੇ ਵੰਡੇ ਜਾਣ ਦੇ ਕਾਰਨ ਨਣਦ ਭਰਜਾਈ ਤੋਂ ਦੂਰ ਦੂਰ ਰਹਿਣ ਲੱਗ ਪੈਂਦੀ ਹੈ ਅਤੇ ਮਾੜੀ ਮਾੜੀ ਗਲ ਤੇ ਲੜਾਈ ਦੀ ਸੂਹਣ ਖੜੀ ਰਖਦੀ ਹੈ: -

ਤੂੰਬਾ ਮੇਰੀ ਜਾਨ ਕੁੜੇ, ਤੂੰਬਾ
ਜਦੋਂ ਤੂੰਬੇ ਨੂੰ ਤੋੜਨ ਲੱਗੀ
ਸੂਲ ਟੁੱਟੀ ਗਿਠ ਚਾਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੇ ਤੂੰਬਾ
ਜਦ ਤੂੰਬੇ ਨੂੰ ਛਿਲਣ ਲੱਗੀ
ਬਿਲਕ ਲਹੀ ਪਟ ਚਾਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੋ ਤੂੰਬਾ
ਜਦ ਤੂੰਬੇ ਨੂੰ ਤੜਕਣ ਲੱਗੀ
ਮੁਸ਼ਕ ਗਿਆ ਸੰਸਾਰ ਕੁੜੇ, ਤੂੰਬਾ
ਤੂੰਬਾ, ਮੇਰੀ ਜਾਨ ਕੁੜੇ ਤੂੰਬਾ
ਜਦ ਤੂੰਬੇ ਨੂੰ ਖਾਵਣ ਲੱਗੇ
ਨਣਦੀ ਨੂੰ ਰਹਿ ਗਿਆ ਥੋੜ੍ਹਾ ਕੁੜੇ, ਤੂੰਬਾ
ਤੂੰਬਾ, ਮੇਰੀ ਜਾਨ ਕੁੜੇ, ਤੂੰਬਾ
ਭੱਜੀ ਭੱਜੀ ਨਣਦੀ ਬਾਪ ਕੋਲ ਜਾਂਦੀ ਏ
ਭਾਬੋ ਨੂੰ ਕਰਦੋ ਬਾਹਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੇ, ਤੂੰਬਾ
ਕਿੱਕਣ ਕੱਢਾਂ ਧੀਏ ਮੇਰੀਏ
ਪੈਸੇ ਸੁੱਟੇ ਚਾਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੇ, ਤੂੰਬਾ
ਨੱਠੀ ਨੱਠੀ ਨਣਦੀ ਮਾਂ ਕੋਲ ਜਾਂਦੀ ਏ
ਭਾਬੋ ਨੂੰ ਕਰਦੋ ਬਾਹਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੇ, ਤੂੰਬਾ
ਕਿੱਕਣ ਕੱਢਾਂ ਧੀਏ ਮੇਰੀਏ
ਪਾਣੀ ਪੀਤਾ ਵਾਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੇ, ਤੂੰਬਾ
ਭੱਜੀ ਭੱਜੀ ਨਣਦੀ ਵੀਰ ਕੋਲ ਜਾਂਦੀ ਏ
ਭਾਬੋ ਨੂੰ ਕਰਦੋ ਬਾਹਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੇ, ਤੂੰਬਾ
ਕਿੱਕਣ ਕੱਢਾਂ ਭੈਣ ਮੇਰੀਏ
ਮੈਂ ਲਾਵਾਂ ਲਈਆਂ ਚਾਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੇ, ਤੂੰਬਾ

ਤੂੰਬਾ ਮੇਰੀ ਜਾਨ ਕੁੜੇ ਤੂੰਬਾ

ਭਾਬੋ ਵੀ ਇਹੋ ਜਿਹੀ ਨਣਦ ਨੂੰ ਕਦੋਂ ਚੰਗਾ ਆਖ ਸਕਦੀ ਹੈ

ਭੰਨਤਾ ਹੱਥੀ ਤੋਂ ਚਰਖਾ
ਨਣਦ ਬਛੇਰੀ ਨੇ

ਇਹੋ ਜਿਹੀ ਨਣਦ ਨਹੀਂ ਚਾਹੁੰਦੀ ਕਿ ਵੀਹਾ ਭਾਬੋ ਨੂੰ ਲਾਡਲੀ ਬਣਾਕੇ ਰੱਖੇ।

ਇਸੇ ਲਈ ਵਰਜਦੀ ਹੈ:
ਅੱਟੀ ਅੱਟੀ ਵੇ ਵੀਰਾ
ਸੂਤ ਦੀ ਅੱਟੀ
ਮੈਂ ਕੀ ਜਾਣਦੀ ਵੀਰਾ
ਭਾਬੋ ਮਾਝੇ ਦੀ ਜੱਟੀ
ਔਖਾ ਹੋਵੇਂਗਾ ਵੀਰਾ
ਭਾਬੋ ਲਾਡਲੀ ਰੱਖੀ
ਵਿਆਹ ਕਰਵਾ ਲਾਂਗਾ ਬੀਬੀ
ਭਾਰੀ ਲੈ ਦੂੰਗਾ ਚੱਕੀ
ਪੇਕੀਂ ਉੱਠ ਜੂ ਵੀਰਾ
ਤੇਰੀ ਚੱਕੀ ਦੀ ਥੱਕੀ

ਜਿਹੜੇ ਘਰਾਂ 'ਚ ਨਣਦਾਂ ਹੀ ਮੁਖ਼ਤਿਆਰ ਹੁੰਦੀਆਂ ਹਨ, ਓਥੇ ਭਰਜਾਈਆਂ ਉਨ੍ਹਾਂ ਹੱਥੋਂ ਅਤੀ ਹੀ ਤੰਗ ਰਹਿੰਦੀਆਂ ਹਨ। ਇਕ ਵੀਰਾ ਸਹੁਰੀਂ ਬੈਠੀ ਭੈਣ ਨੂੰ ਪੇਕੇ ਲਿਜਾਣ ਲਈ ਆਉਂਦਾ ਹੈ। ਭੈਣ ਆਗਿਆ ਲੈਣ ਵਜੋਂ ਆਪਣੀ ਸੱਸ ਕੋਲ ਜਾਂਦੀ ਹੈ। ਅਗੋਂ ਸੱਸ ਸਹੁਰੇ ਕੋਲ, ਸਹੁਰਾ ਜੇਠ ਕੋਲ, ਜੇਠ ਜਠਾਣੀ ਕੋਲ, ਜਠਾਣੀ ਪਤੀ ਕੋਲ ਅਤੇ ਪਤੀ ਨਣਦ ਕੋਲ ਘਲ ਦੇਂਦਾ ਹੈ। ਪਰ ਅਗੋਂ ਨਣਦ ਘਰ ਦੇ ਸਾਰੇ ਕੰਮ ਗਿਣਾ ਦੇਂਦੀ ਹੈ। ਇਸ ਤਰ੍ਹਾਂ ਸਹੁਰੇ ਰਹਿੰਦੀ ਭੈਣ ਨੂੰ ਆਪਣਾ ਸੋਨੇ ਜਿਹਾ ਵੀਰ-ਦਿਲ ਦੀਆਂ ਦਿਲ ਵਿੱਚ ਰਖ ਸੱਖਣਾ ਮੋੜਨਾ ਪੈਂਦਾ ਹੈ।

ਸੱਸੇ ਅਟੇਰਨ ਟੈਰਦੀਏ
ਨੀ ਅਜ ਘਰ ਆਇਆ ਵੀਰ
ਸੋਨੇ ਦਾ ਤੀਰ
ਕੰਨ੍ਹੇ ਤਲਵਾਰ, ਘੋੜੇ ਅਸਵਾਰ

ਮੈਂ ਜਾਨੀਆਂ ਨੀ ਪਿਓ ਕੇ

ਮੇਰਾ ਕੀ ਪੁਛਣਾ ਨੌਹੇ ਨੀ
ਸਹੁਰੇ ਨੂੰ ਪੁਛਕੇ ਜਾਈਂ
ਪੁਛਾਕੇ ਜਾਈਂ
ਤੂੰ ਫੇਰ ਨੀ ਆਉਣਾ ਨੀ

ਸਹੁਰਿਆ ਬਾਣ ਬਟੇਂਦਿਆ
ਜੀ ਅਜ ਘਰ ਆਇਆ ਵੀਰ
ਸੋਨੇ ਦਾ ਤੀਰ
ਕੰਨ੍ਹੇ ਤਲਵਾਰ, ਘੋੜੇ ਅਸਵਾਰ
ਮੈਂ ਜਾਨੀਆਂ ਜੀ ਪਿਓਕੇ

ਮੇਰਾ ਕੀ ਪੁਛਣਾ ਨੌਹੇਂ ਨੀ
ਆਪਣੇ ਜੇਠ ਨੂੰ ਪੁਛਕੇ ਜਾਈਂ
ਪੁਛਾਕੇ ਜਾਈਂ
ਤੈਂ ਫੇਰ ਨਾ ਆਉਣਾ ਨੀ

ਜੇਠਾ ਖੁੰਡੀਂ ਬੈਠਿਆ ਵੇ
ਅਜ ਘਰ ਆਇਆ ਵੀਰ
ਸੋਨੇ ਦਾ ਤੀਰ
ਕੰਨ੍ਹੇ ਤਲਵਾਰ, ਘੋੜੇ ਅਸਵਾਰ
ਮੈਂ ਜਾਨੀਆਂ ਜੀ ਪਿਓਕੇ

ਮੇਰਾ ਕੀ ਪੁਛਣਾ ਭਰਜਾਈਏ ਨੀ
ਆਪਣੀ ਜਠਾਣੀ ਨੂੰ ਪੁਛਕੇ ਜਾਈਂ
ਪੁਛਾਕੇ ਜਾਈਂ
ਤੈਂ ਫੇਰ ਨਾ ਆਉਣਾ ਨੀ

ਜਠਾਣੀਏਂ ਚੱਕੀ ਪੀਂਹਦੀਏ
ਨੀ ਅਜ ਘਰ ਆਇਆ ਵੀਰ
ਸੋਨੇ ਦਾ ਤੀਰ

ਕੰਨ੍ਹੇ ਤਲਵਾਰ, ਘੋੜੇ ਅਸਵਾਰ
ਨੀ ਮੈਂ ਜਾਨੀਆਂ ਪਿਓਕੇ
ਮੇਰਾ ਕੀ ਪੁਛਣਾ ਦਰਾਣੀਏਂ ਨੀ
ਆਪਣੇ ਦੇਵਰ ਨੂੰ ਪੁਛਕੇ ਜਾਈਂ
ਪੁਛਾਕੇ ਜਾਈਂ
ਤੋਂ ਫੇਰ ਨਾ ਆਉਣਾ ਨੀ

ਦੇਵਰਾ ਖਿਦੋ ਖੂੰਡੀ ਖੇਡਦਿਆ
ਵੇ ਅਜ ਘਰ ਆਇਆ ਵੀਰ
ਸੋਨੇ ਦਾ ਤੀਰ
ਕੰਨ੍ਹੇ ਤਲਵਾਰ, ਘੋੜੇ ਅਸਵਾਰ
ਮੈਂ ਜਾਨੀਆਂ ਪਿਓਕੇ

ਮੇਰਾ ਕੀ ਪੁਛਣਾ ਭਾਬੀਏ ਨੀ
ਆਪਣੇ ਕੰਤ ਨੂੰ ਪੁਛਕੇ ਜਾਈਂ
ਪੁਛਾਕੇ ਜਾਈਂ
ਤੈਂ ਫੇਰ ਨਾ ਆਉਣਾ ਨੀ

ਕੰਤਾ ਤਾਈਂ ਖੇਡਦਿਆ
ਅਜ ਘਰ ਆਇਆ ਵੀਰ
ਸੋਨੇ ਦਾ ਤੀਰ
ਕੰਨ੍ਹੇ ਤਲਵਾਰ, ਘੋੜੇ ਅਸਵਾਰ
ਜੀ ਮੈਂ ਜਾਨੀਆਂ ਪਿਓਕੇ

ਮੇਰਾ ਕੀ ਪੁਛਣਾ ਗੋਰੀਏ ਨੀ
ਆਪਣੀ ਨਣਦ ਨੂੰ ਪੁਛਕੇ ਜਾਈਂ
ਪੁਛਾ ਕੇ ਜਾਈਂ
ਤੈਂ ਫੇਰ ਨਾ ਆਉਣਾ ਨੀ

ਨਣਦੇ ਤ੍ਰਿੰਜਣੀ ਕੱਤਦੀਏ
ਨੀ ਅਜ ਘਰ ਆਇਆ ਵੀਰ

ਸੋਨੇ ਦਾ ਤੀਰ
ਕੰਨ੍ਹੇ ਤਲਵਾਰ, ਘੋੜੇ ਅਸਵਾਰ
ਨੀ ਮੈਂ ਜਾਨੀਆਂ ਪਿਓਕੇ

ਭਾਬੋ ਜਿੰਨੇ ਘਰ ਦੇ ਦਾਣੇ
ਪੀਹ ਕੇ ਜਾਈਂ
ਪਿਹਾ ਕੇ ਜਾਈਂ
ਤੈਂ ਫੇਰ ਨਾ ਆਉਣਾ ਨੀ
ਜਿੰਨਾ ਘਰ ਦਾ ਪਾਣੀ
ਭਰਕੇ ਜਾਈਂ
ਭਰਾ ਕੇ ਜਾਈਂ
ਤੈਂ ਫੇਰ ਨਾ ਆਉਣਾ ਨੀ
ਜਿੰਨੀ ਘਰ ਦੀ ਰੂੰ
ਕੱਤ ਕੇ ਜਾਈਂ
ਕਤਾ ਕੇ ਜਾਈਂ
ਤੈਂ ਫੇਰ ਨਾ ਆਉਣਾ ਨੀ
ਜਿੰਨਾ ਘਰ ਦਾ ਗੋਹਾ ਕੂੜਾ
ਕਰਕੇ ਜਾਈਂ
ਕਰਾਕੇ ਜਾਈਂ
ਤੈਂ ਫੇਰ ਨਾ ਆਉਣਾ ਨੀ
ਜਿਨੀਆਂ ਘਰ ਦੀਆਂ ਰੋਟੀਆਂ
ਪਕਾ ਕੇ ਜਾਈਂ
ਪਕਵਾ ਕੇ ਜਾਈਂ
ਤੈਂ ਫੇਰ ਨਾ ਆਉਣਾ ਨੀ

ਜਾ ਵੀਰਨਾ ਘਰ ਆਪਣੇ
ਮੇਰੀ ਨਣਦੀ ਦਾ ਮਰ ਗਿਆ ਅੱਬਾ
ਮੈਂ ਤੂੜੀ ਵਿੱਚ ਦੱਬਾ
ਮੈਂ ਫੇਰ ਨਾ ਆਉਣਾ ਵੇ

ਕੁਆਰੀ ਨਣਦ ਹੱਥੋਂ ਤੰਗ ਆਈ ਭਾਬੋ ਸਬਰ ਨਾ ਕਰੋ ਤੇ ਕੀ ਕਰੇ:

ਦੁੱਖ ਦੇਣੀਏ ਛੋਟੀਏ ਨਣਦੇ
ਅੱਗੇ ਤੇਰੇ ਆਉਣ ਗੀਆਂ

ਅਤੇ

ਨਣਦੇ ਦੁੱਖ ਦੇਣੀਏਂ
ਤੈਨੂੰ ਤੋਰ ਕੇ ਕਦੇ ਨੀ ਨੋਂ ਲੈਣਾ

ਦੁੱਖ ਦੇਣੀ ਨਣਦ ਨੂੰ ਭਾਬੋ ਹਰ ਹੀਲੇ ਸਹੁਰੀਂ ਤੋਰਨਾ ਚਾਹੁੰਦੀ ਹੈ। ਵਿਚਾਰੀ ਤਰਲੇ ਕਰਦੀ ਹੈ ਨਾਲੇ ਲਾਲਚ ਨਾਲ਼ ਵੀ ਭਰਮਾਉਂਦੀ ਹੈ। ਕਿੰਨਾ ਦਰਦ ਹੈ ਭਰਜਾਈ ਦੇ ਇਨ੍ਹਾਂ ਬੋਲਾਂ ਵਿੱਚ: -

ਨਣਦੇ ਜਾ ਸਹੁਰੇ
ਭਾਵੇਂ ਲੈਜਾ ਕੰਨਾਂ ਦੇ ਬਾਲੇ

ਜਿਵੇਂ ਕਿਵੇਂ ਕਰਕੇ ਬੂਹੇ ਬੈਠੀ ਨਣਦ ਦਾ ਮੁਕਲਾਵਾ ਤੋਰ ਦਿੱਤਾ ਜਾਂਦਾ ਹੈ। ਭਰਜਾਈ ਖਿੜੇ ਫੁੱਲ ਵਾਂਗ ਖਿੜ ਜਾਂਦੀ ਹੈ:-

ਮੇਰੀ ਨਣਦ ਚੱਲੀ ਮੁਕਲਾਵੇ
ਪਿਪਲੀ ਦੇ ਪੱਤ ਵਰਗੀ

ਮੇਰੀ ਨਣਦ ਚੱਲੀ ਮੁਕਲਾਵੇ
ਅਲਸੀ ਦੇ ਫੁੱਲ ਵਰਗੀ

ਲਾਡਲੀਆਂ ਨਣਦਾਂ ਸਹੁਰੀਂ ਜਾਕੇ ਵੀ ਸੁਖ ਨਹੀਂ ਗੁਜਾਰਦੀਆਂ, ਭਾਬੇ ਦੀ ਹਰ ਸੋਹਣੀ ਸ਼ੈ ਤੇ ਅੱਖ ਰਖਦੀਆਂ ਹਨ ਅਤੇ ਆਪਣੇ ਕਬਜ਼ੇ ਵਿੱਚ ਲੈਣ ਲਈ ਆ ਵੀਰਨ ਦਾ ਬੂਹਾ ਖੜਕਾਉਂਦੀਆਂ ਹਨ: - ਆ ਮੇਰੀ ਨਣਦੇ ਬੈਠ ਪਲੰਘ ਪਰ

ਭਾਬੋ ਮੈਂ ਡੋਰੀਏ ਨੂੰ ਆਈ,
ਡੋਰੀਆਂ ਮੈਂ ਕਦੇ ਨਾ ਦੇਮਾਂ
ਮੰਗ ਵੀਰਨ ਤੋਂ ਮੈਸਾਂ।

ਮੈਸਾਂ ਮੇਰੇ ਘਰੇ ਬਥੇਰੀਆਂ
ਭਾਬੋ ਮੈਂ ਡੋਰੀਏ ਨੂੰ ਆਈ

ਨਣਦੇ ਮੈਂ ਡੋਰੀਆ ਕਦੇ ਨਾ ਦੇਮਾਂ
ਤੂੰ ਮੰਗ ਵੀਰਨ ਤੋਂ ਮਾਇਆ

ਭਾਬੋ ਮਾਇਆ ਮੇਰੇ ਘਰੇ ਬਥੇਰੀ
ਭਾਬੋ ਮੈਂ ਡੋਰੀਏ ਨੂੰ ਆਈ

ਛੀ ਮਹੀਨੇ ਮੈਂ ਕੱਤਿਆ ਤੂੰਬਿਆ
ਛੀ ਮਹੀਨੇ ਲਲਾਰੀ ਰੰਗਿਆ,
ਛੀ ਮਹੀਨੇ ਜੁਲਾਹੇ ਰਖਿਆ,
ਨਣਦੇ ਮੈਂ ਤੋਰੀਆ ਕਦੇ ਨਾ ਦੋਮਾਂ

ਭਾਬੋ ਮਰ ਜਾਣ ਤੇਰੇ ਭਾਈ ਭਤੀਜੇ,
ਉਜੜ ਜਾਵੇ ਖੇੜਾ ਤੇਰੇ ਬਾਪ ਦਾ,
ਮੁੜ ਘਰ ਤੇਰੇ ਪੈਰ ਨਾ ਪਾਮਾਂ

ਸੁਣ ਵੇ ਰਾਹੀਆਂ ਭਾਈਆ,
ਮੇਰੀ ਦੇਖੀ ਹੋਵੇ ਨਣਦ ਰਸੀਲੀ

ਕਿਹੋ ਜਹੀ ਤੇਰੀ ਨਣਦ ਰਸੀਲੀ
ਕਿਹੋ ਜੇਹਾ ਤੇਰਾ ਨਣਦੋਈਆ

ਗੋਰੀ ਜਹੀ ਮੇਰੀ ਨਣਦ ਰਸੀਲੀ
ਸਾਂਵਲਾ ਨਣਦੋਈਆ

ਆ ਮੇਰੀ ਨਣਦੀ ਬੈਠ ਪਲੰਘ ਪੁਰ
ਤੂੰ ਡੋਰੀਆ ਲੈ ਜਾਈਂ

ਜੀਵਨ ਤੇਰੇ ਭਾਈ ਭਤੀਜੇ
ਸੁਖੀ ਵਸੇ ਤੇਰੇ ਬਾਪੂ ਦਾ ਖੇੜ

ਪੇਕਿਆਂ ਤੋਂ ਆਈ ਹਰ ਚੀਜ਼ ਤੇ ਔਰਤਾਂ ਅਪਣਾ ਖ਼ਾਸ ਹੱਕ ਸਮਝਦੀਆਂ ਹੀ ਹਨ। ਪਰ ਕਈ ਵਾਰੀ ਸਹੁਰੀਂ ਬੈਠੀ ਨਣਦ ਜੋ ਆਪਣੇ ਖੁਲ੍ਹ ਦਿਲੇ ਵੀਰ ਪਾਸੋਂ ਮੱਝਾਂ ਲੈ ਜਾਵੇ ਤਾਂ ਭਰਜਾਈਆਂ ਇਸ ਨੂੰ ਚੰਗਾ ਨਹੀਂ ਸਮਝਦੀਆਂ:ਵੀਰ ਮੱਝੀਆਂ ਦੇ ਸੰਗਲ ਫੜਾਵੇ ਭਾਬੋ ਮੱਥੇ ਪਾਵੇ ਤਿਊੜੀਆਂ

ਇਥੇ ਹੀ ਬਸ ਨਹੀਂ ਕਈ ਤਾਂ ਨਣਦ ਦੇ ਵੀਰੇ ਤੇ ਪੂਰਾ ਕਬਜ਼ਾ ਜਮਾ ਲੈਂਦੀਆਂ ਹਨ। ਵੀਰਾ ਸਹੁਰੀਂ ਗਈ ਭੈਣ ਦੀ ਘਟ ਹੀ ਸਾਰ ਲੈਂਦਾ ਹੈ:

ਭਾਬੋ ਦੀਆਂ ਮੰਨ ਵੀਰਨਾ ਇਕ ਦੇਵੀਂ ਸੇਰ ਪੰਜੀਰੀ

ਭਾਬੇ ਵੀ ਹੁਣ ਸਹੁਰੀਂ ਬੈਠੀ ਨਣਦ ਤੋਂ ਗਿਣ ਗਿਣ ਬਦਲੇ ਲੈਂਦੀ ਹੈ। ਨਣਦ ਦਾ ਭਾਬੋ ਦੇ ਕਬਜ਼ੇ ਹੇਠ ਆਇਆ ਵੀਰਾ ਨਾ ਮਿਲਣ ਹੀ ਆਉਂਦਾ ਹੈ ਅਤੇ ਨਾਹੀਂ ਭੈਣ-ਪਿਆਰ ਵੰਡਾਉਂਦਾ ਹੈ। ਭਾਬੋ ਨੂੰ ਨਣਦ ਗਾਲਾਂ ਤੇ ਗਾਲਾਂ ਦੇਂਦੀ ਹੈ: -

ਚੰਦਰੇ ਘਰਾਂ ਦੀਆਂ ਆਈਆਂ ਭੈਣਾਂ ਨਾਲ਼ੋਂ ਭਾਈ ਤੋੜ ਲੈ

ਪਰ ਸਾਰੀਆਂ ਨਣਦਾਂ ਭਰਜਾਈਆਂ ਇਕੋ ਜਿਹੀਆਂ ਨਹੀਂ ਹੁੰਦੀਆਂ। ਕਈ ਮਿੱਠਤ ਅਤੇ ਸਹਿਨਸ਼ੀਲਤਾ ਦਾ ਸਦਕਾ ਇਕ ਦੂਜੀ ਨੂੰ ਅਸੀਸਾਂ ਦੇਂਦੀਆਂ ਹਨ:-

ਜੁਗ ਜੁਗ ਜੀਉਣ ਸਕੀਆਂ ਭਰਜਾਈਆਂ ਪਾਣੀ ਮੰਗੇ ਦੁਧ ਦਿੰਦੀਆਂ