ਲੋਹੜੀ

ਲੋਹੜੀ ਪੰਜਾਬੀਆਂ ਦਾ ਹਰਮਨ ਪਿਆਰਾ ਤਿਉਹਾਰ ਹੈ। ਇਹ ਤਿਉਹਾਰ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਪੰਜਾਬ ਦੇ ਪੇਂਡੂ ਜੀਵਨ ਵਿੱਚ ਇਸ ਤਿਉਹਾਰ ਦੀ ਬਹੁਤ ਮਹੱਤਤਾ ਹੈ। ਇਹ ਤਿਉਹਾਰ 1947 ਤੋਂ ਬਾਅਦ ਪੰਜਾਬ ਦਾ ਨਾ ਹੋ ਕੇ ਸਾਰੇ ਭਾਰਤ ਦਾ ਹੀ ਬਣ ਗਿਆ ਹੈ। ਦੇਸ ਦੇ ਵੰਡਾਰੇ ਕਾਰਨ ਪੰਜਾਬੀ ਭਾਰਤ ਦੇ ਵਖਰੇ ਵਖਰੇ ਖੇਤਰਾਂ ਵਿੱਚ ਜਾ ਵਸੇ ਹਨ। ਜਿਥੇ ਵੀ ਉਹ ਰਹਿੰਦੇ ਹਨ ਲੋਹੜੀ ਨੂੰ ਬੜੇ ਚਾਅ ਤੇ ਮਲ੍ਹਾਰ ਨਾਲ ਮਨਾਉਂਦੇ ਹਨ। ਲੋਹੜੀ ਦਾ ਤਿਉਹਾਰ ਮਨਾਉਣ ਸੰਬੰਧੀ ਕਈ ਵੈਦਕ ਪਰੰਪਰਾਵਾਂ, ਪੁਰਾਣਕ ਮਾਣਤਾਵਾਂ ਅਤੇ ਲੌਕਿਕ ਧਾਰਨਾਵਾਂ ਪਰਚਲਿਤ ਹਨ।

ਕਿਹਾ ਜਾਂਦਾ ਹੈ ਕਿ ਹੋਲਿਕਾ ਅਤੇ ਲੋਹੜੀ ਹਰਨਾਕਸ਼ ਦੀਆਂ ਦੋ ਭੈਣਾਂ ਸਨ। ਇਹਨਾਂ ਭੈਣਾਂ ਨੂੰ ਇਹ ਵਰ ਪਰਾਪਤ ਸੀ ਕਿ ਅੱਗ ਉਹਨਾਂ ਨੂੰ ਸਾੜ ਨਹੀਂ ਸਕਦੀ। ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਸੀ। ਉਹ ਰੱਬ ਦਾ ਭਗਤ ਸੀ। ਉਹ ਆਪਣੇ ਪਿਤਾ ਹਰਨਾਕਸ਼ ਦੀ ਥਾਂ ਈਸ਼ਵਰ ਦੀ ਪੂਜਾ ਕਰਿਆ ਕਰਦਾ ਸੀ ਜਿਸ ਕਰਕੇ ਹਰਨਾਕਸ਼ ਉਹਨੂੰ ਘਿਰਣਾ ਕਰਦਾ ਸੀ ਅਤੇ ਮਰਵਾਉਣਾ ਚਾਹੁੰਦਾ ਸੀ। ਹਰਨਾਕਸ਼ ਨੇ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਜਲਦੀ ਹੋਈ ਚਿਖਾ ਵਿੱਚ ਬੈਠ ਜਾਵੇ। ਉਹ ਜਲਦੀ ਹੋਈ ਚਿਖਾ ਵਿੱਚ ਬੈਠ ਗਈ। ਉਹ ਆਪ ਤਾਂ ਜਲ ਗਈ ਪਰੰਤੂ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਾ ਹੋਇਆ। ਇਸ ਮਗਰੋਂ ਹਰਨਾਕਸ਼ ਨੇ ਲੋਹੜੀ ਨੂੰ ਵੀ ਅਜਿਹਾ ਹੀ ਕਰਨ ਲਈ ਕਿਹਾ। ਉਹ ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਚਿਖਾ ਵਿੱਚ ਜਾ ਬੈਠੀ ਪਰੰਤੂ ਲੋਹੜੀ ਆਪ ਜਲ ਗਈ ਤੇ ਪ੍ਰਹਿਲਾਦ ਬਚ ਗਿਆ। ਉਦੋਂ ਤੋਂ ਸਾਰੇ ਲੋਕ ਆਪਣੀ ਲੰਮੇਰੀ ਉਮਰ ਦੀ ਕਾਮਨਾ ਕਰਨ ਲਈ ਲੋਹੜੀ ਬਾਲਣ ਲੱਗੇ ਤਾਂ ਜੋ ਉਹਨਾਂ ਸਾਰਿਆਂ ਦੀ ਉਮਰ ਪ੍ਰਹਿਲਾਦ ਵਾਂਗ ਲੰਮੀ ਹੋਵੇ। ਇਸ ਦਿਨ ਭੈਣਾਂ ਆਪਣੇ ਭਰਾਵਾਂ ਲਈ ਤੇ ਮਾਪੇ ਆਪਣੇ ਬੱਚਿਆਂ ਦੀ ਉਮਰ ਲੰਮੇਰੀ ਹੋਣ ਲਈ ਪ੍ਰਾਰਥਨਾਵਾਂ ਕਰਦੇ ਹਨ।

ਕਈ ਕਹਿੰਦੇ ਹਨ ਕਿ ਲੋਹੜੀ ਦੀ ਕਹਾਣੀ ਉਸ ਲੋਹਨੀ ਦੇਵੀ ਨਾਲ਼ ਸੰਬੰਧ ਰਖਦੀ ਹੈ ਜਿਸ ਨੇ ਇਕ ਭੈੜੇ ਦੈਂਤ ਨੂੰ ਜਲਾ ਕੇ ਰਾਖ ਕਰ ਦਿੱਤਾ ਸੀ। ਤਦ ਤੋਂ ਲੋਕੀ ਉਹਦੀ ਯਾਦ ਨੂੰ ਸੁਲਗਾ ਸੁਲਗਾ ਕੇ ਯਾਦ ਕਰਦੇ ਹਨ।

ਪੰਜਾਬ ਵਿੱਚ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿੱਚ ਸੁੰਦਰ ਮੁੰਦਰੀਏ ਨਾਂ ਦਾ ਇਕ ਲੋਕ ਗੀਤ ਬੜਾ ਪ੍ਰਸਿਧ ਹੈ ਜੋ ਲੋਹੜੀ ਦੇ ਪਛੋਕੜ ਨਾਲ਼ ਜੁੜੀ ਇੱਕ ਕਹਾਣੀ ਬਿਆਨ ਕਰਦਾ ਹੈ। ਇਹ ਕਹਾਣੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਦੁੱਲਾ ਭੱਟੀ ਨਾਮੇ ਡਾਕੂ ਨਾਲ਼ ਸੰਬੰਧ ਰੱਖਦੀ ਹੈ।

ਸੁੰਦਰ ਮੁੰਦਰੀਏ ਦਾ ਗੀਤ ਇਸ ਪ੍ਰਕਾਰ ਹੈ: -

ਸੁੰਦਰ ਮੁੰਦਰੀਏ - ਹੋ
ਤੇਰਾ ਕੌਣ ਵਿਚਾਰਾ - ਹੋ
ਦੁੱਲਾ ਭੱਟੀ ਵਾਲਾ - ਹੋ
ਦੁੱਲੇ ਧੀ ਵਿਆਹੀ - ਹੋ
ਸੇਰ ਸ਼ੱਕਰ ਪਾਈ - ਹੋ
ਕੁੜੀ ਦੇ ਬੋਝੇ ਪਾਈ - ਹੋ
ਕੁੜੀ ਦਾ ਲਾਲ ਪਟਾਕਾ - ਹੋ
ਕੁੜੀ ਦਾ ਸਾਲੂ ਪਾਟਾ - ਹੋ
ਸਾਲੂ ਕੌਣ ਸਮੇਟੇ - ਹੋ
ਚਾਚਾ ਗਾਲੀ ਦੇਸੇ - ਹੋ
ਚਾਚੇ ਚੂਰੀ ਕੁੱਟੀ - ਹੋ
ਜੀਮੀਦਾਰਾਂ ਲੁੱਟੀ - ਹੋ
ਜ਼ੀਮੀਂਦਾਰ ਸਦਾਓ - ਹੋ
ਗਿਣ ਗਿਣ ਪੋਲੇ ਲਾਓ - ਹੋ
ਇਕ ਪੋਲਾ ਘਸ ਗਿਆ - ਹੋ
ਜ਼ੀਮੀਂਦਾਰ ਵਹੁਟੀ ਲੈ ਕੇ ਨਸ ਗਿਆ - ਹੋ
ਹੋ- ਹੋ-ਹੋ-ਹੋ-ਹੋ-ਹੋ-ਹੋ

ਕਿਹਾ ਜਾਂਦਾ ਹੈ ਕਿ ਇਕ ਪਿੰਡ ਵਿੱਚ ਇਕ ਗਰੀਬ ਬ੍ਰਾਹਮਣ ਰਹਿੰਦਾ ਸੀ। ਉਸ ਦੇ ਦੋ ਮੁਟਿਆਰ ਧੀਆਂ ਸਨ-ਸੁੰਦਰੀ ਤੇ ਮੁੰਦਰੀ। ਉਹ ਦੋਨੋਂ ਮੰਗੀਆਂ ਹੋਈਆਂ ਸਨ ਪਰੰਤੂ ਗਰੀਬੀ ਕਾਰਨ ਉਹ ਉਹਨਾਂ ਦਾ ਵਿਆਹ ਨਹੀਂ ਸੀ ਕਰ ਸਕਿਆ। ਉਸ ਇਲਾਕੇ ਦਾ ਮੁਸਲਮਾਨ ਹਾਕਮ ਬੜਾ ਨਿਰਦਈ ਸੀ। ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਚੁੱਕ ਕੇ ਲੈ ਜਾਇਆ ਕਰਦਾ ਸੀ। ਉਸ ਹਾਕਮ ਨੂੰ ਸੁੰਦਰੀ ਮੁੰਦਰੀ ਦੇ ਹੁਸਨ ਦੀ ਕਨਸ ਮਿਲੀ। ਉਹਨੇ ਇਹਨਾਂ ਨੂੰ ਜ਼ੋਰੀਂ ਚੁੱਕਣ ਦੀ ਵਿਉਂਤ ਬਣਾ ਲਈ। ਇਸ ਗਲ ਦੀ ਭਿਣਕ ਗ਼ਰੀਬ ਬ੍ਰਾਹਮਣ ਨੂੰ ਵੀ ਪੈ ਗਈ ਉਹਨੇ ਕੁੜੀਆਂ ਦੇ ਸਹੁਰੇ ਘਰ ਜਾ ਕੇ ਆਖਿਆ ਕਿ ਸੁੰਦਰੀ ਮੁੰਦਰੀ ਨੂੰ ਬਿਨਾਂ ਵਿਆਹ ਦੇ ਹੀ ਆਪਦੇ ਘਰ ਲੈ ਜਾਣ। ਪਰੰਤੂ ਉਹ ਨਾ ਮੰਨੇ। ਉਹ ਹਾਕਮ ਤੋਂ ਡਰਦੇ ਸਨ ਤੇ ਬਿਨਾਂ ਵਿਆਹ ਤੋਂ ਕੁੜੀਆਂ ਆਣੇ ਘਰ ਲੈ ਜਾਣ ਲਈ ਰਾਜ਼ੀ ਨਾ ਹੋਏ। ਬਾਹਮਣ ਪਾਸ ਉਸ ਸਮੇਂ ਦੋ ਕੱਠੇ ਵਿਆਹ ਕਰਨ ਦੀ ਪਰੋਖੋਂ ਨਹੀਂ ਸੀ। ਉਹ ਨਿਰਾਸ਼ ਹੋਇਆ ਘਰ ਨੂੰ ਮੁੜ ਗਿਆ। ਰਾਹ ਵਿੱਚ ਜੰਗਲ ਪੈਂਦਾ ਸੀ ਜਿੱਥੇ ਦੁੱਲਾ ਭੱਟੀ ਨਾਂ ਦਾ ਇੱਕ ਡਾਕੂ ਰਹਿੰਦਾ ਸੀ। ਇਸ ਡਾਕੂ ਤੋਂ ਸਾਰੇ ਡਰਦੇ ਸਨ। ਦੁੱਲਾ ਭੱਟੀ ਗ਼ਰੀਬਾਂ ਦਾ ਬੜਾ ਹਮਦਰਦ ਸੀ, ਉਹ ਗਰੀਬਾਂ ਨੂੰ ਕੁਝ ਨਹੀਂ ਸੀ ਆਖਦਾ, ਅਮੀਰਾਂ ਨੂੰ ਲੁਟਦਾ ਸੀ ਤੇ ਲੁਟ ਦਾ ਮਾਲ ਗ਼ਰੀਬਾਂ ਵਿੱਚ ਵੰਡ ਦੇਂਦਾ ਸੀ। ਉਸ ਬ੍ਰਾਹਮਣ ਨੂੰ ਜੰਗਲ ਵਿੱਚ ਆ ਕੇ ਦੁੱਲੇ ਭੱਟੀ ਦਾ ਖ਼ਿਆਲ ਆ ਗਿਆ। ਉਹ ਦੁੱਲੇ ਦੀ ਭਾਲ ਕਰਦਾ ਹੋਇਆ ਦੁੱਲੇ ਪਾਸ ਪੁਜ ਗਿਆ ਤੇ ਆਪਣੀ ਵੇਦਨਾ ਉਹਨੂੰ ਜਾ ਸੁਣਾਈ। ਦੁੱਲੇ ਨੇ ਆਖਿਆ, “ਤੂੰ ਕੋਈ ਫ਼ਿਕਰ ਨਾ ਕਰ, ਤੇਰੀਆਂ ਧੀਆਂ ਮੇਰੀਆਂ ਧੀਆਂ ਹਨ। ਮੈਂ ਉਹਨਾਂ ਦਾ ਵਿਆਹ ਆਪਣੇ ਹੱਥੀਂ ਆਪ ਕਰਾਂਗਾ-ਤੂੰ ਨਿਸਚਿੰਤ ਹੋ ਕੇ ਆਪਣੇ ਘਰ ਨੂੰ ਮੁੜ ਜਾਹ।””

ਦੁੱਲੇ ਨੇ ਕੁੜੀਆਂ ਦੇ ਬਾਪ ਤੇ ਸਹੁਰਿਆਂ ਦਾ ਥਹੁ ਪਤਾ ਪੁਛ ਕੇ ਵਿਆਹ ਦਾ ਦਿਨ ਧਰ ਦਿੱਤਾ। ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੋਸ਼ਨੀ ਲਈ ਲੱਕੜੀਆਂ ਕੱਠੀਆਂ ਕਰਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਹਨਾਂ ਨੇ ਵੀ ਸੁੰਦਰ ਮੁੰਦਰੀ ਦੇ ਵਿਆਹ ਤੇ ਆਪਣੇ ਵਲੋਂ ਕੁਝ ਨਾ ਕੁਝ ਗੁੜ ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆਦਾਨ ਦੇਣ ਲਈ ਇਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਟੂਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲਖ ਲਖ ਸ਼ੁਕਰ ਕੀਤਾ। ਕਿਹਾ ਜਾਂਦਾ, ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।

ਲੋਹੜੀ ਦੇ ਤਿਉਹਾਰ ਨਾਲ ਮਨੁੱਖ ਦੀ ਆਪਣੀ ਵੰਸ ਨੂੰ ਚਾਲੂ ਰੱਖਣ ਦੀ ਭਾਵਨਾ ਜੁੜੀ ਹੋਈ ਹੈ। ਇਹ ਤਿਉਹਾਰ ਨਵੇਂ ਵਿਆਹੇ ਜੋੜਿਆਂ ਅਤੇ ਨਵ ਜਨਮੇਂ ਮੁੰਡਿਆਂ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਮੁੰਡਾ ਕਿਸੇ ਕਿਸਾਨ ਦੇ ਘਰ ਜਨਮੇ ਜਾਂ ਕਿਸੇ ਕਾਮੇ ਦੇ ਘਰ, ਖ਼ੁਸ਼ੀ ਸਾਰੇ ਪਿੰਡ ਲਈ ਸਾਂਝੀ ਹੁੰਦੀ ਹੈ। ਇਸ ਦਿਨ ਸਾਰੇ ਰਲ ਕੇ ਨਵ ਜਨਮੇ ਮੁੰਡੇ ਦੇ ਘਰੋਂ ਵਧਾਈਆਂ ਦਾ ਗੁੜ ਮੰਗ ਕੇ ਲਿਆਉਂਦੇ ਹਨ। ਲੋਹੜੀ ਮੰਗਦੇ ਸਮੇਂ ਕਾਮਨਾ ਕੀਤੀ ਜਾਂਦੀ ਹੈ:

ਉਖਲੀ ’ਚ ਪਰਾਲੀ
ਤੇਰੇ ਆਉਣ ਬਹੂਆਂ ਚਾਲੀ

ਸਾਡੀ ਲੋਹੜੀ ਮਨਾ ਦੋ

ਕੋਠੀ ਹੇਠ ਡੱਕਾ
ਥੋਨੂੰ ਰਾਮ ਦਊਗਾ ਬੱਚਾ
ਸਾਡੀ ਲੋਹੜੀ ਮਨਾ ਦੋ

ਭੈਣਾਂ ਨੂੰ ਵੀਰੇ ਦੇ ਵਿਆਹੇ ਜਾਣ ਤੇ ਭਤੀਜੇ ਦੇ ਜੰਮਣ ਦਾ ਚਾਅ ਹੁੰਦਾ ਹੈ। ਉਹ ਗੁੜ ਮੰਗਦੀਆਂ ਹੋਈਆਂ ਪ੍ਰਾਰਥਨਾ ਕਰਦੀਆਂ ਹਨ :

ਆ ਵੀਰਾ ਤੂੰ ਜਾਹ ਵੀਰਾ
ਵੰਨੀ ਨੂੰ ਲਿਆ ਵੀਰਾ
ਵੰਨੀ ਤੇਰੀ ਹਰੀ ਭਰੀ
ਰਾਜੇ ਦੇ ਦਰਬਾਰ ਖੜੀ
ਇਕ ਫੁਲ ਜਾ ਪਿਆ
ਰਾਜੇ ਦੇ ਦਰਬਾਰ ਪਿਆ
ਰਾਜੇ ਬੇਟੀ ਸੁੱਤੀ ਪਈ
ਸੁੱਤੀ ਨੂੰ ਜਗਾ ਲਿਆ
ਰੱਤੇ ਡੋਲੇ ਪਾ ਲਿਆ
ਰੱਤਾ ਡੋਲਾ ਚੀਕਦਾ
ਭਾਬੋ ਨੂੰ ਉਡੀਕਦਾ
ਭਾਬੋ ਕੁਛੜ ਗੀਗਾ
ਉਹ ਮੇਰਾ ਭਤੀਜਾ
ਭਤੀਜੇ ਪੈਰੀਂ ਕੁੜੀਆਂ
ਕਿਸ ਸੁਨਿਆਰੇ ਘੜੀਆਂ
ਆਸਾ ਰਾਮ ਨੇ ਘੜੀਆਂ
ਘੜਨ ਵਾਲਾ ਜੀਵੇ
ਘੜਾਉਣ ਵਾਲਾ ਜੀਵੇ
ਪਾ ਦੇ ਗੁੜ ਦੀ ਰੋੜੀ

ਦਾਨ ਕਰਨ ਨਾਲ ਸਾਰੇ ਕਾਰਜ ਰਾਸ ਆਉਂਦੇ ਹਨ। ਸਮੁੱਚੇ ਪਰਿਵਾਰ ਲਈ ਸ਼ੁਭ ਕਾਮਨਾਵਾਂ ਭੇਂਟ ਕਰਦੀਆਂ ਹੋਈਆਂ ਕੁੜੀਆਂ ਗਾਉਂਦੀਆਂ ਹਨ :

ਪਾ ਨੀ ਮਾਏਂ ਪਾ
ਕਾਲੇ ਕੁੱਤੇ ਨੂੰ ਵੀ ਪਾ
ਕਾਲਾ ਕੁੱਤਾ ਦਏ ਵਧਾਈ

ਤੇਰੀ ਜੀਵੇ ਮੱਝੀਂ ਗਾਈਂ
ਮੱਝੀਂ ਗਾਈਂ ਨੇ ਦਿੱਤਾ ਦੁੱਧ
ਤੇਰੇ ਜੀਵਣ ਸੱਤੇ ਪੁੱਤ
ਸੱਤਾਂ ਪੁੱਤਾਂ ਦੀ ਕੁੜਮਾਈ
ਸਾਨੂੰ ਸੇਰ ਸ਼ਕਰ ਪਾਈ
ਡੋਲੀ ਛਮ ਛਮ ਕਰਦੀ ਆਈ

ਜਿਸ ਘਰ ਬਾਲ ਨਹੀਂ ਹੁੰਦੇ ਉਹਨਾਂ ਦੇ ਦਰ ਅਗੇ ਜਾ ਕੇ ਬੱਚੇ ਲੋਹੜੀ ਮੰਗਦੇ ਹੋਏ ਪ੍ਰਾਰਥਨਾ ਕਰਦੇ ਹਨ :

ਕੋਠੇ ਹੇਠ ਡੱਕਾ
ਥੋਨੂੰ ਰਾਮ ਦਊਂਗਾ ਬੱਚਾ
ਸਾਡੀ ਲੋਹੜੀ ਮਨਾ ਦੋ

ਕੋਠੇ ਹੇਠ ਚਾਕੂ
ਗੁੜ ਦਊ ਮੁੰਡੇ ਦਾ ਬਾਪੂ
ਸਾਡੀ ਲੋਹੜੀ ਮਨਾ ਦੋ

ਕਲਪਨਾ ਵਿੱਚ ਹੀ ਕੁੜੀਆਂ ਲੋਹੜੀ ਦੇ ਗੀਤ ਗਾਉਂਦੀਆਂ ਹੋਈਆਂ ਨਿੱਕੇ ਕਾਕੇ ਦਾ ਵਿਆਹ ਵੀ ਰਚਾ ਦਿੰਦੀਆਂ ਹਨ। ਅਗੋਂ ਮੁੰਡੇ ਦੀ ਮਾਂ ਦਿਲ ਖੋਹਲ ਕੇ ਰਿਉੜੀਆਂ, ਦਾਣੇ ਤੇ ਸ਼ੱਕਰ ਦਿੰਦੀ ਹੈ :

ਤਿਲ ਛੱਟੇ ਛੰਡ ਛੰਡਾਏ
ਗੁੜ ਦੇਹ ਮੁੰਡੇ ਦੀਏ ਮਾਏਂ
ਅਸੀਂ ਗੁੜ ਨਹੀਂ ਲੈਣਾ ਥੋਹੜਾ
ਅਸੀਂ ਲੈਣਾ ਗੁੜ ਦਾ ਰੋੜਾ।

ਤਿਲੀ ਹਰੀਓ ਭਰੀ
ਤਿਲੀ ਮੋਤੀਆਂ ਜੜੀ
ਤਿਲੀ ਓਸ ਘਰ ਜਾਹ
ਜਿੱਥੇ ਕਾਕੇ ਦਾ ਵਿਆਹ
ਕਾਕਾ ਜੰਮਿਆ ਸੀ
ਗੁੜ ਵੰਡਿਆ ਸੀ

ਗੁੜ ਦੀਆਂ ਰੋੜੀਆਂ ਸੀ
ਭਰਾਵਾਂ ਜੋੜੀਆਂ ਸੀ।

ਲੋਹੜੀ ਵਿੱਚ ਬੱਚੇ ਵਧ ਚੜ੍ਹ ਕੇ ਭਾਗ ਲੈਂਦੇ ਹਨ। ਜਿਧਰ ਵੀ ਵੇਖੋ ਬੱਚਿਆਂ ਦੀਆਂ ਟੋਲੀਆਂ ਗੀਤ ਗਾਉਂਦੀਆਂ ਫਿਰਦੀਆਂ ਹਨ। ਵਧਾਈਆਂ ਦੇ ਗੁੜ ਤੋਂ ਬਿਨਾਂ ਬੱਚੇ ਭੂਤ ਪਿੰਨੇ, ਰਿਉੜੀਆਂ, ਤਲੂਏਂ, ਬੱਕਲੀਆਂ, ਦਾਣੇ ਤੇ ਪਾਥੀਆਂ ਘਰ ਜਾ ਜਾ ਕੇ ਗੀਤ ਗਾਉਂਦੇ ਹੋਏ ਮੰਗਦੇ ਹਨ। ਬੱਚੇ ਬੜੇ ਚਾਅ ਨਾਲ ਗੀਤ ਗਾਉਂਦੇ ਹਨ। ਦਿਨ ਖੜੇ ਹੀ ਲੋਹੜੀ ਮੰਗ ਰਹੇ ਬੱਚਿਆਂ ਦੀਆਂ ਆਵਾਜਾਂ ਸੁਣਾਈ ਦੇਣ ਲਗਦੀਆਂ ਹਨ। ਕੁੜੀਆਂ ਦੀਆਂ ਵੱਖਰੀਆਂ ਵੱਖਰੀਆਂ ਟੋਲੀਆਂ ਹੁੰਦੀਆਂ ਹਨ। ਕਈਆਂ ਨੇ ਚੁੰਨੀਆਂ ਤੇ ਪਰਨਿਆਂ ਨੂੰ ਗੱਠਾਂ ਦੇ ਕੇ ਝੋਲੇ ਬਣਾਏ ਹੁੰਦੇ ਹਨ। ਮੰਗਣ ਵਾਲੇ ਬੱਚਿਆਂ ਵਿੱਚ ਛੋਟੇ ਵੱਡੇ ਘਰਾਂ ਦਾ ਕੋਈ ਵਿਤਕਰਾ ਨਹੀਂ ਹੁੰਦਾ ਨਾ ਹੀ ਜਾਤ ਪਾਤ ਦਾ ਕੋਈ ਭੇਦ ਭਾਵ ਹੁੰਦਾ ਹੈ। ਬੱਚੇ ਸਮੂਹਕ ਰੂਪ ਵਿੱਚ ਹੀ ਗੀਤ ਗਾਉਂਦੇ ਹਨ। ਮੁੰਡਿਆਂ ਦੇ ਗੀਤਾਂ ਦਾ ਕੁੜੀਆਂ ਦੇ ਗੀਤਾਂ ਨਾਲੋਂ ਕੁਝ ਫਰਕ ਹੁੰਦਾ ਹੈ ਤੇ ਉਹਨਾ ਦੇ ਗੀਤ ਗਾਉਣ ਦਾ ਢੰਗ ਵੀ ਕੁਝ ਵਖਰਾ ਹੁੰਦਾ ਹੈ। ਮੁੰਡੇ ਰੌਲਾ ਰੱਪਾ ਬਹੁਤਾ ਪਾਉਂਦੇ ਹਨ ਤੇ ਕੁੜੀਆਂ ਬੜੇ ਸਲੀਕੇ ਨਾਲ ਗੀਤ ਗਾਉਂਦੀਆਂ ਹਨ। ਵੱਡੀਆਂ ਕੁੜੀਆਂ ਤੇ ਸੁਆਣੀਆਂ ਇੱਕਠੀਆਂ ਹੋ ਕੇ ਵਧਾਈ ਵਾਲੇ ਘਰ ਜਾ ਕੇ ਗੁੜ ਦੀ ਭੇਲੀ ਮੰਗਦੀਆਂ ਹਨ। ਉਹ ਘਰ ਦੇ ਦਲਾਨ ਵਿੱਚ ਜਾ ਕੇ ਗਿੱਧਾ ਪਾਉਂਦੀਆਂ ਹਨ। ਖੂਬ ਨੱਚਦੀਆਂ ਹਨ। ਗਿੱਧੇ ਵਿੱਚ ਵਧੇਰੇ ਕਰਕੇ ਵੀਰ ਪਿਆਰ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ :

ਵੀਰ ਘਰ ਪੁੱਤ ਜੰਮਿਆ
ਚੰਨ ਚੜਿਆ ਬਾਪ ਦੇ ਖੇੜੇ

ਚੱਕ ਕੇ ਭਤੀਜੇ ਨੂੰ
ਵੇ ਮੈਂ ਬਿਨ ਪੌੜੀ ਚੜ ਜਾਵਾਂ

ਵੀਰਾ ਵੇ ਬੁਲਾ ਸੁਹਣਿਆਂ
ਤੈਨੂੰ ਵੇਖ ਕੇ ਭੁੱਖੀ ਰੱਜ ਜਾਵਾਂ

ਮੁੰਡੇ ਆਪਣੀ ਭੇਲੀ ਮੰਗਦੇ ਹਨ। ਇਸ ਮਗਰੋਂ ਸਥ ਵਿੱਚ ਸਾਰੀਆਂ ਭੇਲੀਆਂ ਕੱਠੀਆਂ ਕਰਕੇ ਗੁੜ ਦੀਆਂ ਰੋੜੀਆਂ ਬਣਾ ਲਈਆਂ ਜਾਂਦੀਆਂ ਹਨ ਤੇ ਇਸ ਮਗਰੋਂ ਸਾਂਝੀਆਂ ਵਧਾਈਆਂ ਦਾ ਗੁੜ ਸਭ ਨੂੰ ਇਕੋ ਜਿਹਾ ਵਰਤਾ ਦਿੱਤਾ ਜਾਂਦਾ ਹੈ।
ਪਿੰਡ ਵਿੱਚ ਵੱਖ ਵੱਖ ਥਾਵਾਂ ਤੇ ਲੋਹੜੀ ਬਾਲੀ ਜਾਂਦੀ ਹੈ-ਲੱਕੜ ਦੇ ਵੱਡੇ ਵੱਡੇ ਖੁੰਢਾਂ ਨੂੰ ਅਗ ਲਾ ਕੇ ਲੋਕੀ ਸੇਕ ਰਹੇ ਹੁੰਦੇ ਹਨ ਨਾਲ ਕਿਸੇ ਵਡਾਰੂ ਪਾਸੋਂ ਕੋਈ ਰੋਚਕ ਗਲ ਸੁਣੀ ਜਾਂਦੇ ਹਨ ਨਾਲੇ ਅਗ ਉਪਰ ਤਿਲ ਸੁੱਟੀ ਜਾਂਦੇ ਹਨ। ਤਿਲ ਪਟਾਕ ਪਟਾਕ ਕੇ ਇਕ ਅਨੂਪਮ ਰਾਗ ਉਤਪਨ ਕਰਦੇ ਹਨ। ਬਲਦੀ ਲੋਹੜੀ ਤੇ ਤਿਲ ਸੁਟਣ ਦਾ ਕੁਝ ਵਿਸ਼ੇਸ਼ ਮਹੱਤਵ ਸਮਝਿਆ ਜਾਂਦਾ ਹੈ।
ਕਹਾਵਤ ਹੈ :

ਜਿੰਨੇ ਜਠਾਣੀ ਤਿਲ ਸੁਟੇਗੀ।
ਉਨੇ ਦਰਾਣੀ ਪੁਤ ਜਣੇਗੀ।

ਇਹ ਤਿਉਹਾਰ ਸਮੁੱਚੇ ਪੰਜਾਬੀਆਂ ਦੀ ਭਾਵ-ਆਤਮਕ ਏਕਤਾ ਦਾ ਪ੍ਰਤੀਕ ਹੈ।