ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਕਰੂਏ ਦੇ ਵਰਤ

ਕਰੂਏ ਦੇ ਵਰਤ

‘ਕਰੂਏ ਦੇ ਵਰਤ’ ਪੰਜਾਬ ਦੀਆਂ ਮੁਟਿਆਰਾਂ ਦਾ ਬੜਾ ਹਰਮਨ ਪਿਆਰਾ ਤਿਉਹਾਰ ਹੈ। ਇਸ ਨੂੰ 'ਕਰਵਾ ਚੌਥ' ਵੀ ਆਖਦੇ ਹਨ। ਨਵ-ਵਿਆਹੀਆਂ ਮੁੱਟਿਆਰਾਂ ਇਸ ਤਿਉਹਾਰ ਨੂੰ ਬੜਿਆਂ ਚਾਵਾਂ ਨਾਲ ਮਨਾਉਂਦੀਆਂ ਹਨ। ਕੱਤਕ ਮਹੀਨੇ ਦੇ ਪਿਛਲੇ ਪਖ ਦੀ ਚੌਥ ਨੂੰ ਕਰੂਏ ਦੇ ਵਰਤ ਰੱਖੇ ਜਾਂਦੇ ਹਨ। ਅਣਲੱਗ ਕੁੱਜੇ ਨੂੰ ਕਰੂਆ ਕਹਿੰਦੇ ਹਨ। ਹਰ ਵਿਆਹੀ ਕੁੜੀ ਚਾਹੁੰਦੀ ਹੈ ਕਿ ਉਹ ਪੇਕੀਂ ਜਾ ਕੇ ਵਰਤ ਰੱਖੇ। ਇਸੇ ਲਈ ਤਾਂ ਉਹ ਆਪਣੇ ਭਰਾ ਨੂੰ ਤਾੜਨਾ ਕਰਦੀ ਹੈ:-

ਗੱਡੀ ਜੋੜ ਕੇ ਮੰਗਾ ਨੀਂ ਮੇਰੇ ਵੀਰਨਾ
ਕਰੂਆਂ ਦੇ ਵਰਤਾਂ ਨੂੰ

ਕਿਸੇ ਕਾਰਨ ਵਸ ਉਹ ਆਪਣੀ ਭੈਣ ਨੂੰ ਵਰਤਾਂ ਨੂੰ ਲੈ ਜਾ ਨਹੀਂ ਸਕਦਾ। ਉਸ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦ ਉਸ ਦਾ ਭਰਾ ਉਸ ਨੂੰ ਮਿਲਣ ਆਉਂਦਾ ਹੈ ਤਾਂ ਉਹ ਵਰਤਾਂ ਨੂੰ ਨਾ ਲਜਾਏ ਜਾਣ ਤੇ ਉਲਾਂਭਾ ਦੇਂਦੀ ਹੈ:-

ਕਰੂਆਂ ਦੇ ਵਰਤ ਗਏ
ਕਾਹਨੂੰ ਆਇਐਂ ਬਸ਼ਰਮਾ ਵੀਰਾ

ਕਈ ਸੱਸਾਂ ਤਾਹਨੇ ਮਾਰਨੋਂ ਨਹੀਂ ਖੁੰਝਦੀਆਂ। ਆਪਣੀ ਨੂੰਹ ਦੇ ਬਹੁਤੇ ਭਰਾਵਾਂ ਦੇ ਮਾਣ ਨੂੰ ਵੀ ਸੱਟ ਮਾਰਦੀਆਂ ਹਨ:-

ਬਹੁਤਿਆਂ ਭਰਾਵਾਂ ਵਾਲੀਏ
ਤੈਨੂੰ ਕਰੂਆਂ ਨੂੰ ਲੈਣ ਨਾ ਆਏ

ਪਰ ਅੱਗੋਂ ਭੈਣ ਆਪਣੇ ਭਰਾਵਾਂ ਦਾ ਹੰਮਾ ਰਖਦੀ ਹੋਈ ਸੱਸ ਦੇ ਸੁਭਾਅ ਤੇ ਟਕੋਰ ਮਾਰਦੀ ਹੈ:-

ਸੱਸੀਏ ਬੜੇਵੇਂ ਅੱਖੀਏ
ਤੈਥੋਂ ਡਰਦੇ ਲੈਣ ਨਾ ਆਏ।

ਵਰਤ ਆਪਣੇ ਸਿਰ ਦੇ ਸਾਈਂ ਦੀ ਸਲਾਮਤੀ ਲਈ ਰੱਖੇ ਜਾਂਦੇ ਹਨ। ਇਸ ਦਿਨ ਸਵੇਰੇ ਤੜਕਸਾਰ ਔਰਤਾਂ ਪੂਰੀਆਂ ਤੇ ਕੜਾਹ ਦਾ ਸੇਵਨ ਕਰਦੀਆਂ ਹਨ ਤੇ ਫੇਰ ਸਾਰਾ ਦਿਨ ਕੁਝ ਵੀ ਨਹੀਂ ਖਾਂਦੀਆਂ ਤੇ ਰਾਤ ਨੂੰ ਚੰਦ ਚੜ੍ਹੇ ਤੇ ਹੀ ਵਰਤ ਖੋਲ੍ਹਿਆ ਜਾਂਦਾ ਹੈ।

ਪੰਜਾਬ ਦੇ ਪਿੰਡਾਂ ਵਿੱਚ ਇਹ ਤਿਉਹਾਰ ਬੜੇ ਰੌਚਕ ਢੰਗ ਨਾਲ ਮਨਾਇਆ ਜਾਂਦਾ ਹੈ। ਨਵੀਆਂ ਵਿਆਹੀਆਂ ਦਾ ਤਾਂ ਚਾਅ ਝੱਲਿਆ ਨਹੀਂ ਜਾਂਦਾ। ਜੇ ਵਿਆਹੀ ਕੁੜੀ ਸਹੁਰੀਂ ਹੋਵੇ ਤਾਂ ਉਹਦੇ ਲਈ ਉਹਦੇ ਮਾਪੇ ਪੂਰੀਆਂ, ਕੜਾਹ, ਸੂਟ ਅਤੇ ਕੋਈ ਬਰਤਨ ਲੈ ਕੇ ਆਉਂਦੇ ਹਨ। ਸੱਸ ਤੇ ਪਤੀ ਲਈ ਵੱਖਰੇ ਬਸਤਰ ਹੁੰਦੇ ਹਨ। ਜੇਕਰ ਕੁੜੀ ਪੇਕੀਂ ਹੋਵੇ ਤਾਂ ਸਹੁਰੇ ਉਹਦੇ ਲਈ ਸਰਘੀ ਲੈ ਕੇ ਜਾਂਦੇ ਹਨ।

ਸਰਘੀ ਆਮ ਕਰਕੇ ਵਿਆਹੀ ਕੁੜੀ ਦੀ ਸੱਸ, ਨਣਦ ਜਾਂ ਸਹੁਰੇ ਪਰਿਵਾਰ ਦਾ ਕੋਈ ਹੋਰ ਜੀਅ ਲੈ ਕੇ ਜਾਂਦਾ ਹੈ। ਨਾਲ ਨਾਈ ਹੁੰਦਾ ਹੈ। ਕਰੂਆਂ ਤੋਂ ਪਹਿਲੀ ਆਥਣ ਨੂੰ ਸਰਘੀਆਂ ਵਾਲੇ ਪਿੱਤਲ ਦੀਆਂ ਬਾਲਟੀਆਂ ਵਿੱਚ ਕੜਾਹ ਪੂਰੀਆਂ ਲਈ ਜਾਂਦੇ ਆਮ ਨਜ਼ਰੀਂ ਪੈਂਦੇ ਹਨ। ਉਹ ਪਿੰਡ ਪਿੰਡ ਨਵੀਆਂ ਵਿਆਹੀਆਂ ਦੇ ਘਰ ਪੁਛਦੇ ਹਨ:-

ਘਰ ਪੁਛਦੇ ਸਰਘੀਆਂ ਵਾਲੇ
ਨਵੀਆਂ ਵਿਆਹੀਆਂ ਦੇ

ਸਰਘੀ ਵਿੱਚ ਪੂਰੀਆਂ ਕੜਾਹ, ਮਠਿਆਈ, ਸੂਟ ਤੇ ਉਹਦੇ ਲਈ ਕੋਈ ਸੋਨੇ ਦੀ ਟੂਮ ਹੁੰਦੀ ਹੈ। ਸਜ-ਵਿਆਹੀਆਂ ਮੁਟਿਆਰਾਂ ਪੇਕਿਆਂ ਜਾਂ ਸਹੁਰਿਆਂ ਤੋਂ ਆਈ ਸਮੱਗਰੀ ਖਾ ਕੇ ਵਰਤ ਰੱਖਦੀਆਂ ਹਨ। ਇਸ ਵਰਤ ਨੂੰ ਤੋੜਨਾ ਅਪਸ਼ਗਨ ਸਮਝਿਆ ਜਾਂਦਾ ਹੈ। ਕਹਿੰਦੇ ਹਨ ਕਿ ਜੇ ਵਰਤ ਟੁਟ ਜਾਵੇ ਤਾਂ ਇਸ ਦਾ ਭੈੜਾ ਅਸਰ ਉਹਦੇ ਸਿਰ ਦੇ ਸਾਈਂ ਤੇ ਪੈਂਦਾ ਹੈ। ਵਰਤ ਦੇ ਤੋੜੇ ਜਾਣ ਬਾਰੇ ਇੱਕ ਰਵਾਇਤ ਹੈ। ਇੱਕ ਰਾਜੇ ਦੇ ਸੱਤ ਪੁੱਤ ਸਨ ਤੇ ਇੱਕ ਧੀ ਸੀ। ਉਹ ਕੁੜੀ ਆਪਣੇ ਭਰਾਵਾਂ ਨੂੰ ਬਹੁਤ ਪਿਆਰ ਕਰਦੀ ਸੀ ਤੇ ਭਰਾ ਵੀ ਉਹਨੂੰ ਪਿਆਰ ਸਨ ਤੇ ਉਹਦੇ ਬਿਨਾਂ ਰੋਟੀ ਨਹੀਂ ਸੀ ਖਾਂਦੇ। ਕੁੜੀ ਵਿਆਹੀ ਗਈ। ਉਹਨੇ ਪਹਿਲਾਂ ਕਰੂਏ ਦਾ ਵਰਤ ਰੱਖਿਆ। ਕੁੜੀ ਮਲੂਕ ਜਹੀ ਸੀ ਉਹਦੇ ਪਾਸੋਂ ਭੁੱਖ ਸਹਾਰੀ ਨਾ ਜਾਵੇ। ਉਹਦੇ ਭਰਾਵਾਂ ਕੋਲੋਂ ਉਹਦੀ ਇਹ ਹਾਲਤ ਝੱਲੀ ਨਾ ਗਈ। ਚੰਦ ਚੜ੍ਹਨ ’ਚ ਅਜੇ ਕਾਫੀ ਦੇਰ ਸੀ। ਉਹਦੇ ਭਰਾਵਾਂ ਨੇ ਉਹਨੂੰ ਆਖਿਆ ਕਿ ਉਹ ਰੋਟੀ ਖਾ ਲਵੇ। ਉਹ ਕਹਿਣ ਲੱਗੀ, " ਚੰਦ ਚੜ੍ਹੇ ਤੋਂ ਹੀ ਖਾਵਾਂਗੀ। ਆਖਰ ਉਹਦੇ ਭਰਾਵਾਂ ਨੇ ਝੂਠੀ ਮੂਠੀ ਚੰਦ ਚੜਾਉਣ ਦੀ ਤਰਕੀਬ ਬਣਾ ਲਈ। ਦੋ ਭਰਾ ਪਿੰਡ ਤੋਂ ਕਾਫੀ ਦੂਰ ਇੱਕ ਦਰੱਖਤ ਉਤੇ ਜਾ ਚੜ੍ਹੇ ਤੇ ਪੂਲੀ ਨੂੰ ਅੱਗ ਲਾ ਦਿੱਤੀ। ਦੂਜੇ ਭਰਾਵਾਂ ਨੇ ਆਪਣੀ ਭੈਣ ਨੂੰ ਕੋਠੇ ਤੇ ਚੜ੍ਹਾ ਕੇ ਆਖਿਆ, "ਔਹ ਵੇਖ ਚੰਦ ਚੜ੍ਹ ਪਿਐ।" ਕੁੜੀ ਨੇ ਸੱਚੀ ਮੁੱਚੀ ਦਾ ਚੰਦ ਚੜਿਆ ਸਮਝ ਕੇ ਆਪਣਾ ਵਰਤ ਤੋੜ ਲਿਆ। ਉਹਦੇ ਵਰਤ ਤੋੜਨ ਦੀ ਦੇਰ ਸੀ ਕਿ ਕੁੜੀ ਦੇ ਪਤੀ ਦੇ ਲੂੰ ਸੂਈਆਂ ਬਣਕੇ ਉਹਦੇ ਸਰੀਰ ਵਿੱਚ ਚੁੱਭ ਗਏ ਤੇ ਉਹ ਬੇਹੋਸ਼ ਹੋ ਕੇ ਡਿਗ ਪਿਆ। ਭਰਾ ਬੜਾ ਪਛਤਾਏ। ਉਹ ਕੁੜੀ ਆਪਣੇ ਪਤੀ ਦੀਆਂ ਸੂਈਆਂ ਸਾਰਾ ਸਾਲ ਕਢਦੀ ਰਹੀ। ਅਗਲੇ ਸਾਲ ਫੇਰ ਕਰੂਏ ਦਾ ਵਰਤ ਆਇਆ। ਕੁੜੀ ਨੇ ਵਰਤ ਪੂਰਾ ਰੱਖਿਆ ਤਾਂ ਜਾ ਕੇ ਉਹਦੇ ਪਤੀ ਨੂੰ ਹੋਸ਼ ਆਈ। "ਵਰਤ ਦੀ ਮਹੱਤਤਾ ਬਾਰੇ ਹੋਰ ਵੀ ਕਈ ਕਹਾਣੀਆਂ ਪ੍ਰਚੱਲਤ ਹਨ।

ਨਵ-ਵਿਆਹੀਆਂ ਕੁੜੀਆਂ ਤੋਂ ਉਪਰੰਤ ਦੂਜੀਆਂ ਸੁਆਣੀਆਂ ਆਪ ਹੀ ਪੂਰੀਆਂ ਕੜਾਹ ਆਦਿ ਤਿਆਰ ਕਰਕੇ ਵਰਤ ਰੱਖਦੀਆਂ ਹਨ। ਕੁਆਰੀਆਂ ਕੁੜੀਆਂ ਵੀ ਆਪਣੀਆਂ ਮਾਵਾਂ, ਭੈਣਾਂ ਤੇ ਭਾਬੀਆਂ ਨਾਲ ਵਰਤ ਰੱਖ ਲੈਂਦੀਆਂ ਹਨ।

ਵਰਤਣਾ ਕੋਈ ਨਿੱਤ ਦਾ ਕੰਮ ਨਹੀਂ ਕਰਦੀਆਂ। ਉਹ ਆਪਣਾ ਵਿਹਲਾ ਸਮਾਂ ਬਿਤਾਉਣ ਲਈ ਆਪਣੀਆਂ ਸੁੰਦਰ ਪੁਸ਼ਾਕਾਂ ਅਤੇ ਗਹਿਣੇ ਪਾ ਕੇ ਇੱਕਠੀਆਂ ਹੋ ਕੇ ਬਾਹਰ ਖੇਤਾਂ ਵਿੱਚ ਚਲੀਆਂ ਜਾਂਦੀਆਂ ਹਨ। ਉਥੇ ਉਹ ਨੱਚਦੀਆਂ ਟੱਪਦੀਆਂ ਅਤੇ ਗਿੱਧਾ ਪਾਉਂਦੀਆਂ ਹਨ। ਸੂਰਜ ਛਿਪਣ ਤੋਂ ਪਹਿਲਾਂ ਉਹ ਘਰ ਪਰਤ ਆਉਂਦੀਆਂ ਹਨ ਅਤੇ ਸੂਰਜ ਛਿਪਣ ਤੋਂ ਪਹਿਲਾਂ ਗਲੀ ਗੁਆਂਢ ਦੀਆਂ ਸੁਆਣੀਆਂ ਇੱਕਠੀਆਂ ਹੋ ਕੇ ਕਰੂਏ ਵਟਾਉਂਦੀਆਂ ਹਨ:-

ਕਰੂਏ ਵਟਾਉਂਦੀਆਂ ਹੋਈਆਂ ਨਾਲੋ ਨਾਲ ਇਹ ਗੀਤ ਗਾਉਂਦੀਆਂ ਹਨ:-

ਲੈ ਭਾਈਆਂ ਦੀ ਭੈਣ ਕਰਵੜਾ
ਲੈ ਸਰਬ ਸੁਹਾਗਣ ਕਰਵੜਾ
ਕਰਵੜਾ ਵਟਾਇਆ
ਜੀਂਵਦਾ ਝੋਲੀ ਪਾਇਆ
ਕੱਤੀਂ ਨਾ ਅਟੇਰੀਂ ਨਾ
ਝੁੰਮ ਚਰਖੜਾ ਫੇਰੀਂ ਨਾ
ਵਾਹਣ ਪੈਰ ਪਾਈਂ ਨਾ
ਸੁੱਤੇ ਨੂੰ ਜਗਾਈਂ ਨਾ

ਜਿਹਨਾਂ ਕੁਆਰੀਆਂ ਕੁੜੀਆਂ ਨੇ ਵਰਤ ਰੱਖਿਆ ਹੁੰਦਾ ਹੈ,ਉਹ ਕਰੂਏ ਕਪਾਹ ਅਤੇ ਅਨਾਜ ਦੇ ਭਰਕੇ ਬ੍ਰਾਹਮਣ ਦੇ ਘਰ ਦੇ ਆਉਂਦੀਆਂ ਹਨ ਤੇ ਤਾਰਾ ਚੜ੍ਹੇ ਤੇ ਵਰਤ ਖੋਹਲਦੀਆਂ ਹਨ।

ਸਾਰਾ ਦਿਨ ਹੱਸਣ ਕਰਕੇ ਵਰਤਣਾ ਦੀ ਭੁੱਖ ਚਮਕ ਪੈਂਦੀ ਹੈ ਤੇ ਉਹ ਚੰਦ ਚੜ੍ਹਨ ਦੀ ਉਡੀਕ ਵਿੱਚ ਕੋਠਿਆਂ ਤੇ ਜਾ ਚੜ੍ਹਦੀਆਂ ਹਨ। ਚੰਦ ਗੋਡੀ ਮਾਰਕੇ ਚੜ੍ਹਦਾ ਹੈ .... ਐਨਾ ਸਮਾ ਕੌਣ ਉਡੀਕ ਕਰੇ .... ਸਾਰਿਆਂ ਕੋਠਿਆਂ ਤੋਂ ਹੇਕਾਂ ਵਾਲੇ ਗੀਤਾਂ ਦੇ ਬੋਲ ਉਭਰਦੇ ਹਨ.... ਵੀਰ ਪਿਆਰ ਡੁਲ੍ਹ ਡੁਲ੍ਹ ਪੈਂਦਾ ਹੈ:

ਚੰਨ ਚੜਿਆ ਮਾਏਂ
ਇਹਨਾਂ ਕਿੱਕਰਾਂ ਦੇ ਸਿਖਰੇ

ਵੀਰਨ ਫਿਰਦਾ ਮਾਏ
ਮੇਰੀ ਸੱਗੀ ਦੇ ਫਿਕਰੇ
ਤੂੰ ਮੁੜ ਆ ਵੀਰਾ
ਮੇਲਾ ਹੁਣ ਭਰਿਆ।

ਭੈਣਾਂ ਦੇ ਦਿਲਾਂ ਵਿੱਚ ਵੀਰਾਂ ਲਈ ਕਿੰਨਾ ਮੋਹ ਹੈ:-

ਚੰਨ ਚੜ੍ਹਿਆ ਤੀਜ ਦਾ ਜੀ ਕੁਲ ਦੁਨੀਆਂ ਵੇਖੇ
ਵੀਰਨਾ ਵੇ ਕੁਲ ਦੁਨੀਆਂ ਵੇਖੇ
ਹੋਰਨਾਂ ਨੇ ਦੇਖਿਆ ਰੂੜੀਏਂ
ਭੈਣ ਮਹਿਲੀਂ ਵੇਖੇ ਵੇ
ਹੋਰਨਾ ਨੂੰ ਚਾਨਣ ਚੰਦ ਦਾ
ਵੀਰਨਾ ਵੇ ਮੈਨੂੰ ਚਾਨਣ ਤੇਰਾ ਵੇ
ਵਿਹੜਾ ਭਰੀਆ ਮਾਲ ਦਾ
ਵੀਰਨਾ ਵੇ ਵਿੱਚ ਤੇਰਾ ਪਹਿਰਾ
ਹੋਰਨਾ ਨੂੰ ਝੋਰਾ ਮਾਲ ਦਾ
ਮੈਨੂੰ ਵੀਰਨਾ ਤੇਰਾ ਵੇ
ਲਿੱਪਿਆ ਸਮਾਰਿਆ ਚੌਂਤਰਾ
ਝਟ ਬਹਿਕੇ ਜਾਇਓ ਵੇ
ਕਟੋਰਾ ਭਰਿਆ ਦੁੱਧ ਦਾ
ਦੁੱਧ ਦਾ ਘੁਟ ਪੀ ਕੇ ਜਾਇਓ ਵੇ

ਹੋਰ ਵੀ ਕਈ ਪਰਕਾਰ ਦੇ ਗੀਤ ਸੁਣਾਈ ਦੇਂਦੇ ਹਨ :-

ਚੜ੍ਹ ਵੇ ਚੰਦਾ ਦੇ ਦੇ ਸੁਰਖੀ
ਘਰ ਹੈਨੀ ਬਾਗ਼ ਦਾ ਮੁਣਸ਼ੀ ਵੇ
ਚੜ੍ਹ ਵੇ ਚੰਦਾ ਦੇ ਦੇ ਲਾਲੀ
ਘਰ ਹੈ ਨੀ ਬਾਗ਼ ਦਾ ਮਾਲੀ ਵੇ।

ਚੜ੍ਹ ਚੜ੍ਹ ਚੰਦਾ ਵੇ
ਚੰਦ ਚੜ੍ਹਦਾ ਕਿਉਂ ਨਾ
ਰੁਸੜਾ ਮੇਰਾ ਲਾਲ

ਵਿਹੜੇ ਵੜਦਾ ਕਿਉਂ ਨਾ
ਵਾਲੀਆਂ ਤੇ ਵਾਲੇ ਦੇ ਵਿੱਚ
ਸੋਹੇ ਬਿੰਦੀ
ਚਤਰ ਜਿਹੀ ਨਾਰ
ਨਾਲ਼ ਮੂਰਖ ਮੰਗੀ
ਵਾਲੀਆਂ ਤੇ ਵਾਲੇ ਦੇ ਵਿੱਚ
ਸੋਹੇ ਟਿੱਕਾ
ਚਤਰੇ ਦੀ ਨਾਰ ਮੂਰਖ ਵਿਆਹੁਣ ਢੁੱਕਾ
ਚਤਰੇ ਦੀ ਨਾਰ ਬੈਠੀ ਸੀਸ ਗੁੰਦਾਵੇ
ਮੂਰਖ ਦੀ ਨਾਰ ਖੋਹਲ ਗਲਾਂ ਵਿੱਚ ਪਾਵੇ
ਚਤਰੇ ਦੀ ਨਾਰ ਬੈਠੀ ਧਾਗੇ ਵਟੇ
ਮੂਰਖ ਦੀ ਨਾਰ ਬੈਠੀ ਨੀਲ ਪਲੱਟੇ
ਚਤਰੇ ਦੀ ਨਾਰ ਬੈਠੀ ਹਾਰ ਪਰੋਵੇ
ਮੂਰਖ ਦੀ ਨਾਰ ਬੈਠੀ ਛਮ ਛਮ ਰੋਵੇ।

ਕਿਸੇ ਪਾਸੇ ਕੋਈ ਬਿਰਹਾ ਕੁੱਠੀ ਪ੍ਰਦੇਸੀਂ ਗਏ ਮਾਹੀ ਨੂੰ ਯਾਦ ਕਰਦੀ ਹੈ। ਨਵੇਂ ਤੋਂ ਨਵਾਂ ਗੀਤ ਉਗਮਦਾ ਹੈ ਤੇ ਦੂਰ ਦਿਸਹੱਦੇ ਤੇ ਚੰਦ ਦੀ ਲਾਲੀ ਉਭਰਨ ਲੱਗਦੀ ਹੈ ਤੇ ਸੁਆਣੀਆਂ ਬਲਟੋਹੀ ਜਾਂ ਝੱਕਰੇ ਵਿੱਚ ਕੱਚੀ ਲੱਸੀ ਪਾ ਕੇ ਉਹਦੇ ਵਿੱਚ ਆਪਣੇ ਆਪਣੇ ਹੱਥ ਪਾ ਕੇ ਧਰਤੀ ਤੇ ਬੈਠ ਜਾਂਦੀਆਂ ਹਨ ਤੇ ਉਸ ਨੂੰ ਘੁੰਮਾਉਂਦੀਆਂ ਹੋਈਆਂ ਹੇਠ ਲਿਖਿਆ ਗੀਤ ਗਾਉਂਦੀਆਂ ਹਨ:

ਸਿਓਂ ਦਿਓ ਪਰਸੋਂ ਦਿਓ
ਸਿਓਂ ਦਿਓ ਘਰ ਬਾਰ
ਬਾਲਾ ਚੰਦਾ ਅਰਘ ਦੇ
ਜਿਉਂ ਲਾੜੇ ਘਰ ਬਾਰ
ਹਥ ਫੜ੍ਹੀ ਸਿਰ ਧਰੀ
ਸੁਹਾਗਣ ਭਾਗਣ ਅਰਘ ਦੇ
ਚੁਬਾਰੇ ਚੜ੍ਹੀ।

ਇਹ ਗੀਤ ਸੱਤ ਵਾਰੀ ਗਾਇਆ ਜਾਂਦਾ ਹੈ ਤੇ ਇਸ ਮਗਰੋਂ ਕੱਚੀ ਲੱਸੀ ਦਾ ਚੰਦ ਨੂੰ ਛਿੱਟਾ ਦੇ ਕੇ ਅਰਘ ਦਿੱਤਾ ਜਾਂਦਾ ਹੈ। ਅਰਘ ਦੇਣ ਮਗਰੋਂ ਉਹ ਸਹੁਰਿਆਂ ਜਾਂ ਪੇਕਿਆਂ ਤੋਂ ਆਈ ਸਰਘੀ ਨਾਲ਼ ਵਰਤ ਖੋਹਲਦੀਆਂ ਹਨ ਤੇ ਇੰਜ ਕਰਵਾ ਚੌਥ ਦੀ ਰਸਮ ਸਮਾਪਤ ਹੋ ਜਾਂਦੀ ਹੈ।