ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਸਾਂਝੀ ਦੇ ਗੀਤ

ਸਾਂਝੀ ਦੇ ਗੀਤ

ਸਾਂਝੀ ਮਾਈ ਜਾਂ ਸਾਂਝੀ ਦੇਵੀ ਕੁੜੀਆਂ ਦਾ ਦੁਸਹਿਰੇ ਦੇ ਦਿਨਾਂ ਦਾ ਤਿਉਹਾਰ ਹੈ। ਇਹ ਅੱਸੂ ਦੇ ਪਹਿਲੇ ਨਰਾਤੇ ਤੋਂ ਸ਼ੁਰੂ ਹੋ ਕੇ ਦੁਸਹਿਰੇ ਵਾਲੇ ਦਿਨ ਤੱਕ ਮਨਾਇਆ ਜਾਂਦਾ ਹੈ। ਕਹਿੰਦੇ ਹਨ 'ਸਾਂਝੀ ਮਾਈ' ਇੱਕ ਕੁਆਰੀ ਦੇਵੀ ਹੈ। ਇਸ ਨੂੰ ਜੇਕਰ ਕੁਆਰੀਆਂ ਕੁੜੀਆਂ ਪੂਜਣ ਤਾਂ ਉਹਨਾਂ ਨੂੰ ਸੁਸ਼ੀਲ ਤੇ ਸੁਨੱਖੇ ਵਰ ਪ੍ਰਾਪਤ ਹੁੰਦੇ ਹਨ। ਨਿੱਕੀਆਂ ਤੇ ਵੱਡੀਆਂ ਕੁੜੀਆਂ ਸਾਂਝੀ ਮਾਈ ਪਾਸ ਕਈ ਸੁੱਖਾਂ ਸੁਖਦੀਆਂ ਹਨ-ਕੋਈ ਵੀਰ ਮੰਗਦੀ ਹੈ ਕੋਈ ਭਾਬੋ ਤੇ ਕੋਈ ਭਤੀਜਾ।

ਪਹਿਲੇ ਨfਰਾਤੇ ਤੋਂ ਇੱਕ ਦੋ ਦਿਨ ਪਹਿਲਾਂ ਗਲੀ ਗੁਆਂਢ ਦੀਆਂ ਨਿੱਕੀਆਂ ਵੱਡੀਆਂ ਕੁੜੀਆਂ ਕੱਠੀਆਂ ਹੋ ਕੇ ਚੀਕਣੀ ਮਿੱਟੀ ਦੇ, ਸੈਂਕੜਿਆਂ ਦੀ ਗਿਣਤੀ ਵਿੱਚ ਚੰਦਊਏ ਜਾਂ ਤਾਰੇ ਬਣਾ ਕੇ ਧੁੱਪ ਵਿੱਚ ਸੁਕਾ ਲੈਂਦੀਆਂ ਹਨ। ਫੇਰ ਇਹਨਾਂ ਨੂੰ ਵੱਖੋ-ਵੱਖਰੇ ਰੰਗਾਂ ਨਾਲ਼ ਰੰਗਿਆ ਜਾਂਦਾ ਹੈ। ਤਾਰੇ ਅਥਵਾ ਟਿੱਕੀਆਂ ਤੋਂ ਬਿਨਾਂ ਕਈ ਸਿਆਣੀਆਂ-ਕੁੜੀਆਂ ਸਾਂਝੀ ਮਾਈ ਲਈ ਗਹਿਣੇ, ਨੱਥ ਮੱਛਲੀ, ਚੂੜਾ, ਸੱਗੀ ਫੁੱਲ, ਬਾਂਕਾਂ ਤੇ ਚੌਕ ਆਦਿ ਮਿੱਟੀ ਦੇ ਹੀ ਬਣਾਉਂਦੀਆਂ ਹਨ। ਮਿੱਟੀ ਦੇ ਹੀ ਭਾਂਡੇ, ਚੱਕਲਾ ਬੇਲਣਾ, ਤਵਾ, ਪਰਾਤ ਵੀ ਬਣਾਏ ਜਾਂਦੇ ਹਨ। ਕੋਈ ਜਣੀ ਚੰਦ ਸੂਰਜ ਤੇ ਤਾਰੇ ਆਦਿ ਬਣਾਉਂਦੀ ਹੈ, ਕੋਈ ਮੋਹਨ ਦੀ ਆਕ੍ਰਿਤੀ, ਕੋਈ ਬਾਹਮਣੀ ਦੀ ਮੂਰਤ ਬਣਾ ਲੈਂਦੀ ਹੈ, ਕੋਈ ਹੁੱਕਾ ਪੀਂਦੇ ਮਰਾਸੀ ਦੀ। ਇਹ ਮੂਰਤੀਆਂ ਬੜੀ ਰੀਝ ਨਾਲ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਪੇਂਡੂ ਕੁੜੀਆਂ ਦੀ ਲੋਕ ਕਲਾ ਰੂਪਮਾਨ ਹੋ ਉਠਦੀ ਹੈ।

ਪਹਿਲੇ ਨਰਾਤੇ ਨੂੰ ਸਵੇਰੇ ਸਵੇਰੇ ਕੁੜੀਆਂ ਨਹਾ ਧੋ ਕੇ ਗੋਹੇ ਨਾਲ ਲਿੱਪੀ ਕੰਧ ਉਤੇ ਗੋਹੇ ਨਾਲ ਸਾਂਝੀ ਮਾਈ ਦੀ ਮੂਰਤੀ ਚਿਪਕਾਉਂਦੀਆਂ ਹਨ। ਮੂਰਤੀਆਂ ਨੂੰ ਸਜਾਉਣ ਵਿੱਚ ਕੁੜੀਆਂ ਆਪਣੀ ਲੋਕ ਪ੍ਰਤਿਭਾ ਦਾ ਚਮਤਕਾਰ ਵਖਾਉਂਦੀਆਂ ਹਨ। ਇਹ ਮੂਰਤੀ ਬੜੀ ਖ਼ੂਬਸੂਰਤ ਹੁੰਦੀ ਹੈ। ਇਸ ਨੂੰ ਮਿੱਟੀ ਦੇ ਗਹਿਣਿਆਂ ਨਾਲ਼ ਸ਼ਿੰਗਾਰਿਆ ਜਾਂਦਾ ਹੈ। ਇਸ ਮੂਰਤੀ ਦੇ ਪਛੋਕੜ ਵਿੱਚ ਚੜ੍ਹ ਰਹੇ ਚੰਦ ਅਤੇ ਛਿਪ ਰਹੇ ਸੂਰਜ ਨੂੰ ਵੀ ਮੂਰਤੀ ਮਾਨ ਕੀਤਾ ਜਾਂਦਾ ਹੈ। ਕੁੜੀਆਂ ਆਪਣੇ ਆਪਣੇ ਘਰਾਂ ਵਿੱਚ ਸਾਂਝੀ ਮਾਈ ਦੀ ਮੂਰਤੀ ਆਪਣੀ ਪ੍ਰਤਿਭਾ ਅਨੁਸਾਰ ਬਣਾਉਂਦੀਆਂ ਹਨ। ਹਰ ਕੁੜੀ ਚਾਹੁੰਦੀ ਹੈ ਕਿ ਉਹਦੀ ਸਾਂਝੀ ਦੂਜੀ ਕੁੜੀ ਦੀ ਸਾਂਝੀ ਨਾਲੋਂ ਸੋਹਣੀ ਹੋਵੇ। ਇਹ ਜ਼ਰੂਰੀ ਨਹੀਂ ਕਿ ਸਾਂਝੀ ਇੱਕੋ ਪਰਕਾਰ ਦੀ ਹੋਵੇ ਕੁੜੀਆਂ ਆਪਣੀ ਆਪਣੀ ਸੂਝ ਅਤੇ ਕਲਪਨਾਂ ਅਨੁਸਾਰ ਇਸ ਦੀ ਮੂਰਤੀ ਬਣਾਉਂਦੀਆਂ ਹਨ। ਸਾਂਝੀ ਮਾਈ ਦੀਆਂ ਮੂਰਤੀਆਂ ਪੇਂਡੂ ਲੋਕ ਕਲਾ ਦਾ ਇੱਕ ਦਿਲਚਸਪ ਨਮੂਨਾ ਹੁੰਦੀਆਂ ਹਨ।

ਸਾਂਝੀ ਮਾਈ ਦੀ ਮੂਰਤੀ ਬਣਾਉਣ ਮਗਰੋਂ ਘਰਾਂ ਦੀਆਂ ਸੁਆਣੀਆਂ ਸਾਂਝੀ ਮਾਈ ਦਾ ਪ੍ਰਸ਼ਾਦ ਬਣਾਉਂਦੀਆਂ ਹਨ। ਇਹ ਪ੍ਰਸ਼ਾਦ ਆਮ ਤੌਰ ਤੇ ਆਟੇ ਨੂੰ ਭੁੰਨ ਕੇ ਵਿੱਚ ਗੁੜ ਸ਼ੱਕਰ ਰਲਾ ਕੇ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਸੁੱਕੀ ਪੰਜੀਰੀ ਆਖਦੇ ਹਨ। ਕਈ ਪੰਜੀਰੀ ਦੀ ਥਾਂ ਗੁੜ ਸ਼ੱਕਰ ਹੀ ਵੰਡ ਕੇ ਕੰਮ ਸਾਰ ਲੈਂਦੀਆਂ ਹਨ। ਸਰਦੇ ਪੁਜਦੇ ਘਰਾਂ 'ਚ ਘਿਓ ਵਾਲੀ ਵਧੀਆ ਪੰਜੀਰੀ ਤਿਆਰ ਕੀਤੀ ਜਾਂਦੀ ਹੈ।

ਸਾਂਝੀ ਮਾਈ ਦੀ ਪੂਜਾ ਬੜੇ ਦਿਲ ਖਿਚਵੇਂ ਢੰਗ ਨਾਲ਼ ਕੀਤੀ ਜਾਂਦੀ ਹੈ। ਘਰ ਘਰ ਸਾਂਝੀ ਮਾਈ ਲੱਗੀ ਹੁੰਦੀ ਹੈ! ਕੁੜੀਆਂ ਤੇ ਛੋਟੇ ਬੱਚੇ ਕੱਠੇ ਹੋ ਕੇ ਹਰ ਘਰ ਜਾਂਦੇ ਹਨ ਤੇ ਸਾਂਝੀ ਦੇ ਗੀਤ ਗਾਉਂਦੇ ਹੋਏ ਸਾਂਝੀ ਦੀ ਪੂਜਾ ਕਰਦੇ ਹਨ।

ਪਹਿਲੇ ਨਰਾਤੇ ਦੀ ਆਥਣ ਤੋਂ ਸਾਂਝੀ ਮਾਈ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਘਿਓ ਦਾ ਚਮੁੱਖੀਆ ਦੀਵਾ ਬਾਲ ਕੇ ਕੁੜੀਆਂ ਸਾਂਝੀ ਦੇ ਮੰਤਰ ਵਜੋਂ ਇਹ ਗੀਤ ਆਰੰਭਦੀਆਂ ਹਨ:

ਉਠ ਮੇਰੀ ਸਾਂਝੀ ਪਟੜੇ ਖੋਹਲ
ਕੁੜੀਆਂ ਆਈਆਂ ਤੇਰੇ ਕੋਲ

ਫੇਰ ਅਗਲਾ ਗੀਤ ਸ਼ੁਰੂ ਹੁੰਦਾ ਹੈ: -

ਜਾਗ ਸਾਂਝੀ ਜਾਗ
ਤੇਰੇ ਮੱਥੇ ਆਇਆ ਭਾਗ
ਤੇਰੇ ਪੱਟੀਆਂ ਸੁਹਾਗ।

ਇਸ ਮਗਰੋਂ ਉਹ ਸਾਂਝੀ ਨੂੰ ਖੁਸ਼ ਕਰਨ ਲਈ ਸਾਂਝੀ ਦੇ ਗੀਤ ਗਾਉਂਦੀਆਂ ਹਨ:

ਸਾਂਝੀ ਕੁੜੀਓ ਪਹਾੜ ਵਸਦੀ
ਰਾਜੇ ਰਾਮ ਦੀ ਪੋਤੀ
ਲੈਣ ਕਿਉਂ ਨੀ ਜਾਂਦਾ
ਭਾਈ ਮੋਧਨਾ ਵੇ।

ਤੇਰੀ ਲੰਮੀ ਲੰਮੀ ਬੋਦੀ
ਬੋਦੀ ਨੂੰ ਲਗੜੇ ਫੂੰਦੇ
ਤੇਰੀ ਮਖਮਲ ਦੀ ਟੋਪੀ
ਜਾਂਗੀਆਂ ਸ਼ਮਾਦੇ ਰੇਸ਼ਮੀ
ਵਿੱਚ ਸੁਚੜੇ ਮੋਤੀ।

ਉਹ ਸਾਂਝੀ ਪਾਸੋਂ ਗਾਉਂਦੀਆਂ ਹੋਈਆਂ ਪੁੱਛਦੀਆ ਹਨ:

ਸਾਂਝੀ ਦੇ ਆਲੇ ਦੁਆਲੇ
ਹਰੀਓ ਚਲਾਈ
ਮੈਂ ਤੈਨੂੰ ਪੁੱਛੀ ਸਾਂਝੀ
ਕੈ ਤੇਰੇ ਭਾਈ
ਅੱਠ ਸੱਤ ਭਤੀਜੇ ਭੈਣੋ
ਸੋਲਾਂ ਮੇਰੇ ਭਾਈ
ਸੱਤਾਂ ਦਾ ਮੈਂ ਵਿਆਹ ਰਚਾਇਆ
ਸੋਲਾਂ ਦੀ ਵਧਾਈ
ਹੋਰ
ਸਾਂਝੀ ਦੇ ਆਲੇ ਦੁਆਲੇ
ਦੋ ਚਰਖੀਰੇ
ਜੱਗ ਜਿਉਣ ਨੀ ਭੈਣ ਤੇਰੇ ਵੀਰੇ
ਸਾਂਝੀ ਦੇ ਆਲ਼ੇ ਦੁਆਲ਼ੇ
ਦੋ ਚਾਰ ਕਾਨੇ
ਜੱਗ ਜਿਉਣ ਭੈਣੇ ਤੇਰੇ ਮਾਮੇ।

ਸੁੱਖਾਂ ਸੁਖਦੀ ਭੈਣ ਨੂੰ ਸਾਂਝੀ ਨੇ ਵੀਰ ਦੇ ਦਿੱਤਾ, ਭਾਬੋ ਦੇ ਦਿੱਤੀ। ਹੁਣ ਉਹ ਸਾਂਝੀ ਦੀ ਹਰ ਲੋੜ ਪੂਰੀ ਕਰਦੀ ਹੈ: -

ਸਾਂਝੀ ਤਾਂ ਮੰਗਦੀ
ਹਰਾ ਹਰਾ ਗੋਬਰ
ਮੈਂ ਕਿੱਥੋਂ ਲਿਆਵਾਂ ਸਾਂਝੀ
ਹਰਾ ਹਰਾ ਗੋਬਰ?

ਵੀਰਨ ਮੇਰਾ ਗਊਆਂ ਦਾ ਪਾਲੀ
ਮੈਂ ਉਥੋਂ ਲਿਆਵਾਂ ਸਾਂਝੀ
ਹਰਾ ਹਰਾ ਗੋਬਰ
ਤੂੰ ਲੈ ਮੇਰੀ ਸਾਂਝੀ
ਹਰਾ ਹਰਾ ਗੋਬਰ।

ਸਾਂਝੀ ਤਾਂ ਮੰਗਦੀ
ਚਿੱਟੇ ਚਿੱਟੇ ਚਾਵਲ,
ਮੈਂ ਕਿੱਥੋਂ ਲਿਆਵਾਂ ਸਾਂਝੀ
ਚਿੱਟੇ ਚਿੱਟੇ ਚਾਵਲ?

ਵੀਰਨ ਮੇਰਾ ਧਾਨਾਂ ਦੀ ਰਾਖੀ
ਮੈਂ ਉੱਥੋਂ ਲਿਆਵਾਂ ਸਾਂਝੀ
ਚਿੱਟੇ ਚਿੱਟੇ ਚਾਵਲ

ਸਾਂਝੀ ਤਾਂ ਮੰਗਦੀ
ਸੂਹੀਆਂ ਸੂਹੀਆਂ ਚੁੰਨੀਆਂ?
ਮੈਂ ਕਿੱਥੋਂ ਲਿਆਵਾਂ ਸਾਂਝੀ
ਸੂਹੀਆਂ ਸੂਹੀਆਂ ਚੁੰਨੀਆਂ?

ਵੀਰਨ ਮੇਰਾ ਲਲਾਰੀ ਦਾ ਬੇਲੀ
ਮੈਂ ਉਥੋਂ ਲਿਆਵਾਂ ਸਾਂਝੀ
ਸੂਹੀਆਂ ਸੂਹੀਆਂ ਚੁੰਨੀਆਂ
ਤੂੰ ਲੈ ਮੇਰੀ ਸਾਂਝੀ
ਸੂਹੀਆਂ ਸੂਹੀਆਂ ਚੁੰਨੀਆਂ

ਇਸ ਗੀਤ ਦਾ ਹੋਰ ਰੁਪਾਂਤਰ ਵੀ ਹੈ:-

ਸਾਂਝੀ ਤਾ ਮੰਗਦੀ ਚੌਲਾਂ ਦੀਆਂ ਪਿੰਨੀਆਂ,
ਕਿੱਥੋਂ ਲਿਆਵਾਂ ਨੀ ਮੈਂ ਚੌਲਾਂ ਦੀਆਂ ਪਿੰਨੀਆਂ
ਵੀਰਨ ਮੇਰਾ ਧਾਨਾਂ ਦਾ ਪਾਲੀ,
ਉੱਥੋਂ ਲਿਆਵਾਂ ਨੀ ਮੈਂ ਚੌਲਾਂ ਦੀਆਂ ਪਿੰਨੀਆਂ

ਸਾਂਝੀ ਤਾਂ ਮੰਗਦੀ ਗਿਰੀਆਂ ਛੁਹਾਰੇ,
ਕਿੱਥੋਂ ਲਿਆਵਾਂ ਨੀ ਮੈਂ ਗਿਰੀਆਂ ਛੁਹਾਰੇ?
ਵੀਰਨ ਮੇਰਾ ਸੌਦਾਗਰ ਨੀ ਸਹੀਓ
ਉੱਥੋਂ ਲਿਆਵਾਂ ਨੀ ਮੈਂ ਗਿਰੀਆਂ ਛੁਹਾਰੇ।

ਸਾਂਝੀ ਤਾਂ ਮੰਗਦੀ ਚੰਬੇਲੀ ਦੇ ਫੁੱਲ ਨੀ,
ਕਿੱਥੋਂ ਲਿਆਵਾਂ ਨੀ ਮੈਂ ਚੰਬੇਲੀ ਦੇ ਫੁੱਲ ਨੀ?
ਵੀਰਨ ਮੇਰਾ ਬਾਗਾਂ ਦਾ ਮਾਲੀ,
ਉੱਥੋਂ ਲਿਆਵਾਂ ਨੀ ਮੈਂ ਚੰਬੇਲੀ ਦੇ ਫੁੱਲ ਨੀ।
ਸਾਂਝੀ ਤਾਂ ਮੰਗਦੀ ਲਾਲਾਂ ਦੀਆਂ ਲੜੀਆਂ
ਕਿੱਥੋਂ ਲਿਆਵਾਂ ਨੀ ਮੈਂ ਲਾਲਾਂ ਦੀਆਂ ਲੜੀਆਂ?
ਵੀਰਨ ਮੇਰਾ ਜੌਹਰੀ ਦੀ ਹੱਟੀ,
ਉੱਥੋਂ ਲਿਆਵਾਂ ਨੀ ਮੈਂ ਲਾਲਾਂ ਦੀਆਂ ਲੜੀਆਂ।

ਸਾਂਝੀ ਤਾਂ ਮੰਗਦੀ ਮੋਤੀਆਂ ਦੀ ਮਾਲਾ।
ਕਿੱਥੋਂ ਲਿਆਵਾਂ ਨੀ ਮੈਂ ਮੋਤੀਆਂ ਦੀ ਮਾਲਾ?
ਵੀਰਨ ਮੇਰਾ ਮਹਿਲਾਂ ਦਾ ਰਾਜਾ
ਉਥੋਂ ਅਿਲਾਵਾਂ ਨੀ ਮੈਂ ਮੋਤੀਆਂ ਦੀ ਮਾਲਾ।

ਸਾਂਝੀ ਦੇ ਗੀਤ ਗਾਉਂਦੀ ਭੈਣ ਕਲਪਨਾਂ ਵਿੱਚ ਹੀ ਆਪਣੇ ਵੀਰੇ ਦਾ ਵਿਆਹ ਰਚਾ ਦਿੰਦੀ ਹੈ। ਨਵੇਂ ਵਿਆਹਿਆਂ ਨੂੰ ਸਹੁਰਿਆਂ ਦਾ ਚਾਅ ਹੁੰਦਾ ਹੀ ਹੈ। ਉਹ ਕਈ-ਕਈ ਦਿਨ ਸਹੁਰਿਆਂ ਤੋਂ ਨਹੀਂ ਮੁੜਦਾ। ਉਹ ਸਾਂਝੀ ਦਾ ਗੀਤ ਗਾਉਂਦੀ ਹੋਈ ਵੀਰੇ ਪਾਸੋਂ ਜਵਾਬ ਮੰਗਦੀ ਹੈ :

ਬਾਜਰੇ ਦਾ ਸਿੱਟਾ ਵੀਰਾ
ਝਿਲਮਿਲ ਝਿਲਮਿਲ ਕਰਦਾ ਸੀ
ਮੈਂ ਤੈਨੂੰ ਪੁੱਛਾਂ ਵੀਰਾ
ਸਹੁਰੜੇ ਕੀ ਕਰਦਾ ਸੀ
ਸਾਲੀਆਂ ਕਸੀਦਾ ਕੱਢਣ
ਮੈਂ ਵੀ ਪੋਥੀ ਪੜ੍ਹਦਾ ਸੀ
ਸਤ ਸਤ ਕੋਠੀਏਂ

ਕਤਾਬਾਂ ਬੀਬੀ ਰੱਖਦਾ ਸੀ
ਸੋਨੇ ਦੀ ਮੇਰੀ ਕਲਮ ਦਵਾਤ
ਚਾਂਦੀ ਲੇਖਾ ਕਰਦਾ ਸੀ
ਛੋਟੀ ਸਾਲੀ ਖਰੀਓ ਪਿਆਰੀ
ਚਿਲਮਾਂ ਭਰ ਭਰ ਦਿੰਦੀ ਸੀ
ਬੜੀ ਸਾਲੀ ਦਾ ਸੁਭਰ ਪਾਟਾ
ਅੰਦਰ ਬੜ ਬੜ ਰੋਂਦੀ ਸੀ
ਪੇਕਿਆਂ ਦਾ ਨਾਈਂ ਆਇਆ
ਕਿਉਂ ਬੀਬੀ ਤੂੰ ਰੋਨੀ ਏਂ
ਮਿਠੀਆਂ ਪਕਾ ਬੀਬੀ
ਫਿਕੀਆਂ ਪਕਾ ਬੀਬੀ
ਪੇਕਿਆਂ ਦੇ ਬਾੜੇ ਬੀਬੀ ਹੋ ਹੋ

ਸਾਂਝੀ ਮਾਈ ਨੇ ਭੈਣ ਨੂੰ ਭਾਬੋ ਦੇ ਦਿੱਤੀ, ਭਤੀਜਾ ਦੇ ਦਿੱਤਾ। ਹੁਣ ਉਹ ਕੰਮ ਭਲਾ ਕਿਵੇਂ ਕਰੇ-ਭਤੀਜੇ ਦਾ ਚਾਅ ਹੀ ਝੱਲਿਆ ਨਹੀਂ ਜਾਂਦਾ:

ਨੀ ਸੁਣ ਸਾਂਝੜੀਏ
ਰੋਟੀ ਵੇਲਾ ਹੋਇਆ
ਨੀ ਸੁਣ ਸਾਂਝੜੀਏ
ਕੌਣ ਪਕਾਵੇ ਰੋਟੀ
ਨੀ ਸੁਣ ਸਾਂਝੜੀਏ
ਭਾਬੋ ਪਕਾਵੇ ਰੋਟੀ
ਨੀ ਸੁਣ ਸਾਂਝੜੀਏ
ਭਾਬੋ ਗੋਦੀ ਗੀਗਾ
ਨੀ ਸੁਣ ਸਾਂਝੜੀਏ
ਗੀਗੇ ਦੇ ਪੈਰੀਂ ਕੜੀਆਂ
ਨੀ ਸੁਣ ਸਾਂਝੜੀਏ
ਕਿਹੜੇ ਸੁਨਿਆਰ ਨੇ ਘੜੀਆਂ
ਨੀ ਸੁਣ ਸਾਂਝੜੀਏ
ਮਥਰੇ ਸੁਨਿਆਰ ਨੇ ਘੜੀਆਂ
ਨੀ ਸੁਣ ਸਾਂਝੜੀਏ।

ਇਸੇ ਗੀਤ ਦਾ ਇੱਕ ਹੋਰ ਰੂਪਾਂਤਰ ਇਸ ਪ੍ਰਕਾਰ ਹੈ: -

ਨੀ ਸੁਣ ਸਾਂਝੜੀਏ
ਤਿਓਰ ਵਿੱਚ ਤਲਾਈ
ਨੀ ਸੁਣ ਸਾਂਝੜੀਏ
ਭਾਬੋ ਗੋਦੀ ਗੀਗਾ
ਨੀ ਸੁਣ ਸਾਂਝੜੀਏ
ਗੀਗਾ ਮੇਰਾ ਪਤੀਜਾ
ਨੀ ਸੁਣ ਸਾਂਝੜੀਏ
ਗੀਗੇ ਪੈਰੀਂ ਕੜੀਆਂ
ਨੀ ਸੁਣ ਸਾਂਝੜੀਏ
ਕਿਹੜੇ ਸੁਨਿਆਰ ਨੇ ਘੜੀਆਂ
ਨੀ ਸੁਣ ਸਾਂਝੜੀਏ
ਆਸਾ ਰਾਮ ਨੇ ਘੜੀਆਂ
ਨੀ ਸੁਣ ਸਾਂਝੜੀਏ

ਵੀਰੇ ਲਈ ਭੈਣ ਸਦਾ ਸੁੱਖਾਂ ਸੁਖਦੀ ਹੋਈ ਉਹਦੇ ਪਰਿਵਾਰ ਨੂੰ ਵਧਦਾ ਫੁਲਦਾ ਅਤੇ ਆਰਥਿਕ ਪੱਖੋਂ ਉਨਤੀ ਕਰਦਾ ਵੇਖਣਾ ਲੋੜਦੀ ਹੈ। ਉਹ ਕਾਮਨਾ ਕਰਦੀ ਹੈ:

ਉਠਣ ਬੈਠਣ ਝੋਟੜੀਆਂ
ਵੀਰ ਮੇਰੇ ਦੇ ਬਾੜੇ ਮਾਂ
ਗੋਹਾ ਚੁਗਣ ਤੇਰੀਆਂ ਭੈਨੜੀਆਂ
ਭਾਈਆਂ ਦੇ ਲਿਸ਼ਕਾਰੇ ਮਾਂ
ਧਾਰਾਂ ਕੱਢਣ ਤੇਰੀਆਂ ਮਾਈਆਂ ਵੇ
ਪੁੱਤਾਂ ਦੇ ਲਲਕਾਰੇ ਮਾਂ
ਦੁੱਧ ਰਿੜਕਣ ਤੇਰੀਆਂ ਵਹੁਟੜੀਆਂ
ਚੂੜੇ ਦੇ ਛਣਕਾਟੇ ਮਾਂ

ਇਸ ਪ੍ਰਕਾਰ ਗੀਤ ਗਾਉਣ ਮਗਰੋਂ ਸਾਂਝੀ ਦੀ ਆਰਤੀ ਉਤਾਰੀ ਜਾਂਦੀ ਹੈ। ਥਾਲੀ ਵਿੱਚ ਜਗਦਾ ਦੀਵਾ ਰਖ ਕੇ ਸਾਂਝੀ ਮਾਈ ਦੀ ਮੂਰਤੀ ਦੇ ਆਲ਼ੇ ਦੁਆਲ਼ੇ ਥਾਲ ਘੁਮਾਉਂਦੇ ਹੋਏ ਗਾਉਂਦੀਆਂ ਹਨ:

ਮੇਰੀ ਆਹੇ ਦੀ ਡੋਲ
ਪੀੜ੍ਹੇ ਡਾਹੇ ਦੀ ਡੋਲ
ਗੋਦ ਘਲਾਏ ਦੀ ਡੋਲ
ਡੋਲਾ ਡੋਲੜੀਓ ਭੈਣੋ
ਡੋਲਾ ਭਰਿਆ ਕਟੋਰੀਆਂ ਨਾਲ
ਹੋਰ
ਸਾਂਝੀ ਮਾਈ ਆਰਤੀ
ਆਰਤੀ ਦਾ ਫੁਲ
ਚੰਗੇਰ ਸੌ ਡੰਡੀ
ਸੁਣੋ ਨੀ ਬਹੂਓ
ਕੰਤ ਤੁਹਾਡੇ
ਵੀਰਨ ਸਡੇ
ਲੇਫ ਤਲਾਈ ਵਿੱਚ ਬੈਠੀ
ਮੇਰੀ ਸਾਂਝੀ ਮਾਈ

ਇਸ ਮਗਰੋਂ ਹੇਠ ਲਿਖੀ ਆਰਤੀ ਪੰਜ ਵਾਰ ਗਾਈ ਜਾਂਦੀ ਹੈ:-

ਪਹਿਲੀ ਆਰਤੀ ਕਰਾਂ ਕਰਾਵਾਂ
ਜੀਵੇ ਮੇਰਾ ਵੀਰ ਪਰਾਹੁਣਾ ਅੜੀਓ
ਮੈਂ ਸ਼ਿਵ ਦੁਆਲੇ ਖੜੀਓ
ਮੈਂ ਹਰਕਾ ਦਰਸ਼ਣ ਪਾਇਆ
ਮੇਰਾ ਵੀਰ ਪਰਾਹੁਣਾ ਆਇਆ
ਖੋਹਲ ਨਰੈਣ ਅਟੜੀ
ਮੈਂ ਪੂਜਾਂ ਤੇਰੀ ਪਟੜੀ
ਮੈਂ ਪੂਜਾਂ ਹਰ ਕੇ ਪੈਰ

ਉਪਰੋਕਤ ਆਰਤੀ ਗਾਉਣ ਮਗਰੋਂ ਸੁੱਕੀ ਪੰਜੀਰੀ ਜਾਂ ਤਿਲਚੌਲੀ ਦਾ ਪ੍ਰਸ਼ਾਦ ਸਾਂਝੀ ਨੂੰ ਭੋਗ ਲੁਆਉਣ ਮਗਰੋਂ ਸਾਰੇ ਬੱਚਿਆਂ ਵਿਚਕਾਰ ਵੰਡਿਆ ਜਾਂਦਾ ਹੈ । ਇਸ ਮਗਰੋਂ ਕੁੜੀਆਂ ਅਗਲੀ ਕੁੜੀ ਦੇ ਘਰ ਜਾ ਕੇ ਪਹਿਲੀ ਰੀਤੀ ਅਨੁਸਾਰ ਮੁਢੋਂ ਸੁਢੋਂ ਮਾਈ ਦੀ ਪੂਜਾ ਕਰਦੀਆਂ ਹਨ। ਇਸ ਪਰਕਾਰ ਇੱਕ ਦਿਨ ਦਾ ਪ੍ਰੋਗਰਾਮ ਖ਼ਤਮ ਹੋ ਜਾਂਦਾ ਹੈ। ਇਹ ਪ੍ਰੋਗਰਾਮ ਨੌ ਦਿਨ ਚਲਦਾ ਰਹਿੰਦਾ ਹੈ।

ਦੁਸਹਿਰੇ ਵਾਲੇ ਦਿਨ ਸਾਰੇ ਮੁਹੱਲੇ ਦੀਆਂ ਕੁੜੀਆਂ ਸਾਂਝੀ ਮਾਈ ਦੀ ਮੂਰਤੀ ਨੂੰ ਕੰਧ ਤੋਂ ਇਹ ਗੀਤ ਗਾਉਂਦੀਆਂ ਹੋਈਆਂ ਲਾਹ ਲੈਂਦੀਆਂ ਹਨ:

ਰੁੱਸ ਨਾ ਹੋਈਂ ਸਾਂਝੜੀਏ
ਪਰ ਨੂੰ ਫੇਰ ਮੰਗਾਵਾਂਗੇ

ਸਾਂਝੀ ਦੀਆਂ ਸਾਰੀਆਂ ਮੂਰਤੀਆਂ ਨੂੰ ਇੱਕ ਸੁੱਚੀ ਟੋਕਰੀ ਵਿੱਚ ਪਾ ਕੇ ਕੁੜੀਆਂ ਇਹਨਾਂ ਨੂੰ ਪਿੰਡ ਦੇ ਲਾਗੇ ਕਿਸੇ ਟੋਭੇ ਜਾਂ ਸੂਏ ਵਿੱਚ ਜਲ ਪਰਵਾਹ ਕਰਨ ਲਈ ਟੁਰ ਪੈਂਦੀਆਂ ਹਨ। ਉਹ ਜਾਂਦੀਆਂ ਹੋਈਆਂ ਰਾਹ ਵਿੱਚ ਇਹ ਗੀਤ ਗਾਉਂਦੀਆਂ ਜਾਂਦੀਆਂ ਹਨ:

ਕਿਥੇ ਜੰਮੀ ਤੁਲਸਾਂ
ਕਿਥੇ ਜੰਮਿਆ ਰਾਮ
ਕਿਥੇ ਜੰਮਿਆ ਨੀ ਸਖੀਓ
ਮੇਰਾ ਸ੍ਰੀ ਭਗਵਾਨ
ਗੰਗਾ ਜੰਮੀ ਤੁਲਸਾਂ
ਪਹੋਏ ਜੰਮਿਆ ਰਾਮ
ਮਹਿਲੀਂ ਜੰਮਿਆ ਨੀ ਸਖੀਓ
ਮੇਰਾ ਸ੍ਰੀ ਭਗਵਾਨ
ਕਿਥੇ ਵਸੇ ਤੁਲਸਾਂ
ਤੇ ਕਿਥੇ ਵਸੇ ਰਾਮ
ਕਿਥੇ ਵਸੇ ਸਖੀਓ
ਮੇਰਾ ਸ੍ਰੀ ਭਗਵਾਨ
ਗੰਗਾ ਵਸੇ ਤੁਲਸਾਂ
ਪਹੋਏ ਵਸੇ ਰਾਮ ਮਹਿਲੀਂ ਵਸੇ ਸਖੀਓ
ਨੀ ਮੇਰਾ ਸ੍ਰੀ ਭਗਵਾਨ

ਉਪਰੋਕਤ ਗੀਤ ਗਾਉਂਦੀਆਂ ਹੋਈਆਂ ਕੁੜੀਆਂ ਕਿਸੇ ਟੋਭੇ ਜਾਂ ਸੂਏ ਤੇ ਪੁੱਜ ਜਾਂਦੀਆਂ ਹਨ। ਉਹ ਉਥੇ ਜਾ ਕੇ ਕੀੜਿਆਂ ਦੇ ਭੌਣ ਉਤੇ ਤਿਲ ਚੌਲੀ ਪਾਉਂਦੀਆਂ ਹੋਈਆਂ ਗਾਉਂਦੀਆਂ ਹਨ:-

ਕੀੜਿਓ ਮਕੌੜਿਓ
ਅੰਨ ਦਿਓ
ਧੰਨ ਦਿਓ

ਭਾਈ ਦਿਓ
ਭਤੀਜਾ ਦਿਓ
ਕੱਢਣ ਨੂੰ ਕਸੀਦਾ ਦਿਓ
ਹੋਰ ਨਾ ਕੁਛ ਲੋੜੀਏ

ਇਸ ਮਗਰੋਂ ਕੁੜੀਆਂ ਸਾਂਝੀ ਨੂੰ ਜਲ ਪਰਵਾਹ ਕਰਨ ਲੱਗੀਆਂ ਇਹ ਗੀਤ ਗਾਉਂਦੀਆਂ ਹਨ:

ਨ੍ਹਾਈਂ ਸਾਂਝੀ
ਧੋਈਂ ਸਾਂਝੀ
ਰੋਈਂ ਨਾ
ਵਰੇ ਦਿਨਾਂ ਨੂੰ ਫੇਰ ਲਾਵਾਂਗੇ

ਸਾਂਝੀ ਨੂੰ ਜਲ ਪਰਵਾਹ ਕਰਨ ਮਗਰੋਂ ਉਹ ਸਾਂਝੀ ਮਾਈ ਦੇ ਗੀਤ ਗਾਉਂਦੀਆਂ ਹੋਈਆਂ ਆਪਣੇ ਘਰਾਂ ਨੂੰ ਪਰਤ ਜਾਂਦੀਆਂ ਹਨ। ਰਾਹ ਵਿੱਚ ਜੇ ਕਿਧਰੇ ਉਹਨਾਂ ਨੂੰ ਕੋਈ ਬਾਹਮਣ ਮਿਲ ਜਾਵੇ ਤਾਂ ਝਟ ਟਕੋਰ ਲਾ ਦਿੰਦੀਆਂ ਹਨ:

ਕਾਲਾ ਬਾਹਮਣ ਖਾ ਗਿਆ
ਮਟਕਾ ਗਿਆ
ਮੇਰੀ ਸਾਂਝੀ ਦੇ ਸਿਰ ਲਾ ਗਿਆ

ਗੀਤ ਗਾ ਰਹੀਆਂ ਨਿੱਕੀਆਂ ਬੱਚੀਆਂ ਝੂਮ ਝੂਮ ਜਾਂਦੀਆਂ ਹਨ। ਦੁਸਹਿਰੇ ਦਾ ਮੇਲਾ ਵੇਖਣ ਦਾ ਚਾਅ ਉਹਨਾਂ ਦੀਆਂ ਅੱਖਾਂ ਵਿੱਚ ਲਿਸ਼ਕਣ ਲੱਗ ਪੈਂਦਾ ਹੈ।