ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਭਾਬੀਆਂ ਦਾ ਗਹਿਣਾ

ਪੰਜਾਬ ਦੇ ਲੋਕ-ਜੀਵਨ ਵਿੱਚ ਦਿਓਰ ਭਰਜਾਈ ਦਾ ਨਾਤਾ ਬੜਾ ਪਿਆਰਾ ਨਾਤਾ ਏ। ਪੰਜਾਬ ਦੀ ਗੋਰੀ ਆਪਣੇ ਜੇਠ ਅਤੇ ਸਹੁਰੇ ਤੋਂ ਸੈਆਂ ਓਹਲੇ ਰਖਦੀ ਏ, ਆਪਣੇ ਆਪ ਨੂੰ ਸਾਂਭ ਸਾਂਭ ਰੱਖਦੀ ਏ, ਲਕੋ ਲਕੋ ਰਖਦੀ ਏ, ਆਪਣੇ ਮਾਖਿਓਂ ਮਿਠੇ ਬੋਲ ਵੀ ਉਹਨਾਂ ਨਾਲ ਸਾਂਝੇ ਕਰਨੋਂ ਝਿਜਕਦੀ ਏ, ਸ਼ਰਮ ਮਹਿਸੂਸ ਕਰਦੀ ਏ। ਪਰ ਦਿਓਰ ਲਈ ਉਸ ਪਾਸ ਕੋਈ ਝਿਜਕ ਨਹੀਂ, ਸੰਗਾਅ ਨਹੀਂ। ਦੋਨਾਂ ਦਿਆਂ ਹਾਸਿਆਂ ਮਖੌਲਾਂ ਨੂੰ ਕੋਈ ਮੈਲ਼ੀ ਅਖ ਨਾਲ਼ ਨਹੀਂ ਵੇਖਦਾ, ਕਿਸੇ ਸਮਾਜੀ ਬੰਧਸ਼ ਨਾਲ ਨਹੀਂ ਜਕੜਦਾ। ਭਾਬੀਆਂ ਦਿਓਰਾਂ ਦੇ ਪਿਆਰਾਂ ਨਾਲ ਭਰੇ ਹਾਸੇ ਮਖੌਲ ਪੰਜਾਬ ਦੇ ਲੋਕ ਜੀਵਨ ਵਿੱਚ ਹਰ ਵੇਲੇ ਸੁਗੰਧੀ ਬਖੇਰਦੇ ਰਹਿੰਦੇ ਹਨ। ਕੀ ਜਵਾਨ ਕੀ ਬੁਢਾ ਆਪਣੀ ਭਰਜਾਈ ਨਾਲ ਟਿਕਚਰ ਬਾਜ਼ੀ ਕਰਕੇ, ਹਰ ਥਕੇਵੇਂ ਅਤੇ ਗ਼ਾਮ ਨੂੰ ਭੁਲ, ਨਸ਼ਿਆ ਜਾਂਦਾ ਹੈ।

ਜੇ ਭਰਜਾਈ ਦਾ ਦੇਵਰ ਛੋਟੀ ਉਮਰ ਦਾ ਹੋਵੇ ਤਾਂ ਉਹ ਉਸ ਨੂੰ ਹਰ ਵੇਲੇ ਰਝਾਉਣ ਵਿੱਚ ਮਸਤ ਰਹਿੰਦੀ ਹੈ: -

ਸੌਣ ਮਹੀਨੇ ਦਾ ਵਰ੍ਹਿਆ ਮੇਘਲਾ
ਮੋਰਾਂ ਨੇ ਪੈਲਾਂ ਪਾ ਲਈਆਂ
ਭਾਬੀ ਦਾ ਦੇਵਰ ਖਰਾ ਹੀ ਨਿਆਣਾ ਵੇ
ਖੇਲਣੇ ਨੂੰ ਮੰਗਦਾ ਚੀਚੀ ਦਾ ਛੱਲਾ
ਚੀਚੀ ਦਾ ਛੱਲਾ ਲੋਕੋ ਦੇ ਰਹੀ ਵੇ
ਦੇਵਰ ਰੁਸਿਆ ਜਾਂਵਦਾ
ਭਾਬੀ ਦਾ ਦੇਵਰ ਖਰਾ ਹੀ ਨਿਆਣਾ ਵੇ
ਖਾਣੇ ਨੂੰ ਮੰਗਦਾ ਲੈਚੀ ਦਾ ਦਾਣਾ
ਲੈਚੀ ਦਾ ਦਾਣਾ ਲੋਕੋ ਦੇ ਰਹੀ ਵੇ
ਦੇਵਰ ਰੁਸਿਆ ਜਾਂਵਦਾ
ਭਾਬੀ ਦਾ ਦੇਵਰ ਖਰਾ ਹੀ ਨਿਆਣਾ ਵੇ
ਖੇਲਣੇ ਨੂੰ ਮੰਗਦਾ ਲੱਕੜੀ ਦਾ ਗਡੀਹਰਾ
ਲੱਕੜੀ ਦਾ ਗਡੀਹਰਾ ਲੋਕੋ ਦੇ ਰਹੀ ਵੇ

ਦੇਵਰ ਰੁਸਿਆ ਜਾਂਵਦਾ

ਛੋਟੋ ਦੇਵਰ ਨੂੰ ਭਾਬੀ ਹਰ ਤਰ੍ਹਾਂ ਨਾਲ ਖੁਸ਼ ਰਖਦੀ ਹੈ, ਉਹਦੀ ਹਰ ਸੱਧਰ ਪੂਰੀ ਕਰਦੀ ਹੈ ਤੇ ਕਿਸੇ ਗਹਿਣੇ ਵਾਂਗ ਉਹਨੂੰ ਸਾਂਭ ਸਾਂਭ ਰਖਦੀ ਹੈ: -

ਛੋਟਾ ਦਿਓਰ ਭਾਬੀਆਂ ਦਾ ਗਹਿਣਾ
ਪੱਟਾਂ ਵਿੱਚ ਖੇਲਦਾ ਫਿਰੇ

ਜੇਕਰ ਦੇਵਰ ਭਾਬੀ ਦੇ ਹਾਣ ਪਰਵਾਨ ਦਾ ਹੋਵੇ ਤਾਂ ਉਹ ਬਣ ਸੰਵਰ ਕੇ ਉਸ ਨੂੰ ਰੋਟੀ (ਭੱਤਾ) ਲੈਕੇ ਜਾਂਦੀ ਹੈ: -

ਲੈ ਡੋਹੀਆ ਗੰਢੇ ਦੇ ਪੱਤ ਵਰਗਾ
ਰੋਟੀ ਲੈ ਕੇ ਦਿਓਰ ਦੀ ਚੱਲੀ

ਪਰ ਅਗੋਂ ਜੇ ਦੇਵਰ ਦੀ ਥਾਂ ਜੇਠ ਹਲ਼ ਵਾਹੁੰਦਾ ਹੋਵੇ ਤਾਂ ਉਸ ਨੂੰ ਕਿੰਨੀ ਨਿਰਾਸਤਾ ਹੁੰਦੀ ਏ :

ਰੋਟੀ ਲੈਕੇ ਦਿਓਰ ਦੀ ਚੱਲੀ
ਅਗੇ ਜੇਠ ਬੱਕਰਾ ਹਲ਼ ਵਾਹੇ

ਸ਼ਾਇਦ ਇਸੇ ਕਰਕੇ ਹੀ ਜੇਠ ਨੂੰ ਲੱਸੀ ਦੇਕੇ ਵੀ ਉਹ ਰਾਜ਼ੀ ਨਹੀਂ:

ਅਸੀਂ ਜੇਠ ਨੂੰ ਲੱਸੀ ਨਹੀਂ ਦੇਣੀ
ਦਿਓਰ ਭਾਵੇਂ ਦੁਧ ਪੀ ਲਵੇ

ਅਜੇਹੇ ਕਾਮੇ ਦਿਓਰ ਦੀ ਬਾਹਰੋਂ ਕੰਮ ਤੋਂ ਵਾਪਸ ਘਰ ਆਉਣ ਤੇ ਭਾਬੀ ਪੂਰੀ ਸੇਵਾ ਕਰਦੀ ਹੈ ਤੇ ਉਹਦਾ ਸਾਰਾ ਥਕੇਵਾਂ ਕਿਧਰੇ ਉਡ ਪੁਡ ਜਾਂਦਾ ਹੈ: -

ਬਾਹਰੋਂ ਆਈਆ ਕੱਸੀ ਲਾਕੇ
ਠੰਢਾ ਤੱਤਾ ਤੈਨੂੰ ਪਾਣੀ ਲਿਆ ਦਿਆਂ
ਵਿੱਚ ਬੱਠਲ ਦੇ ਪਾਕੇ
ਵਿੱਚ ਵਿਹੜੇ ਦੇ ਡਾਹ ਦਿਆਂ ਪਟੜਾ
ਝਾਵਾਂ ਕੋਲ ਰਖਾਕੇ
ਵਿੱਚ ਦਰਵਾਜ਼ੇ ਡਾਹ ਦਿਆਂ ਮੰਜੀ
ਉਤੇ ਦਰੀ ਬਛਾਕੇ
ਮੈਂ ਤਾਂ ਤੈਨੂੰ ਲਿਆਵਾਂ ਰੋਟੀਆਂ
ਖੰਡ ਘਿਓ ਖੂਬ ਰਲਾਕੇ
ਹਸਦਾ ਭਾਬੋ ਨੂੰ -
ਦਾਲ ਤੜਕਵੀਂ ਖਾਕੇ

ਜੇਕਰ ਅਜਿਹੀ ਭਾਬੋ ਢਿੱਲੀ ਹੋ ਜਾਵੇ ਤਾਂ ਦਿਓਰ ਵੀ ਫ਼ਿਕਰਮੰਦ ਹੋ ਜਾਂਦਾ ਹੈ:-

ਪੁਛਦਾ ਦਿਓਰ ਖੜਾ
ਤੇਰਾ ਕੀ ਦੁਖਦਾ ਭਰਜਾਈਏ

ਤੇ ਅਗੋਂ ਭਰਜਾਈ ਆਪਣੇ ਦੁਖ ਦਾ ਇਲਾਜ ਵੀ ਦਸ ਦੇਂਦੀ ਏ:-

ਸਹੁਰਿਆ ਦੇ ਅਰਜ਼ ਕਰੇਨੀ ਆਂ
ਦਰ ਵਿੱਚ ਖੂਹਾ ਲਵਾ
ਮੈਂ ਦੂਰ ਪਾਣੀ ਜਾਨੀ ਆਂ
ਜੇਠਾ ਵੇ ਅਰਜ ਕਰੇਨੀ ਆਂ
ਤ੍ਰਿੰਜਣਾ ’ਚ ਬੋਲੀਆਂ ਨਾ ਮਾਰ
ਮੈਂ ਪੇਕੇ ਉਠ ਜਾਨੀ ਆਂ
ਸੱਸੋ ਨੀ ਇਕ ਅਰਜ ਕਰੇਨੀ ਆਂ
ਭਾਈਏਂ ਗਾਲ ਨਾ ਦੇ
ਮੈਂ ਹੁਣ ਮਰ ਜਾਨੀ ਆਂ
ਦਿਓਰਾ ਵੇ ਇਕ ਅਰਜ ਕਰੇਨੀ ਆਂ
ਮਿਠੀ ਮਿੱਠੀ ਢੋਲਕੀ ਵਜਾ
ਮੈਂ ਹੁਣ ਖਿੜ ਜਾਨੀ ਆਂ

ਇਕ ਗੀਤ ਵਿੱਚ ਦਿਓਰ ਦੇ ਲਿਆਂਦੇ ਹੋਏ ਕਰੇਲੇ ਘਰ ਵਿੱਚ ਫਸਾਦ ਖੜਾ ਕਰ ਦੇਂਦੇ ਹਨ। ਨਣਦ ਭਾਬੋ ਨੂੰ ਘਰੋਂ ਬਾਹਰ ਕਢਵਾ ਦੇਂਦੀ ਹੈ, ਪਰ ਦਿਓਰ ਉਸ ਨੂੰ ਮੁੜ ਘਰ ਲੈ ਆਉਂਦਾ ਹੈ: -

ਮੇਰਾ ਦਿਓਰ ਕਰੇਲੇ ਲਿਆਇਆ ਨੀ
ਲੈ ਛਾਬੇ ਮੈਂ ਪਾਏ ਨੀ
ਮੈਂ ਘਿਓ ਦਾ ਤੜਕਾ ਲਾਇਆ ਨੀ
ਮੈਂ ਰਤੀ ਰਤੀ ਵਰਤਾਏ ਨੀ
ਨਣਦੀ ਨੂੰ ਰਹਿ ਗਏ ਥੋਹੜੇ ਨੀ
ਨਣਦੀ ਨੇ ਸਹੁਰੇ ਕੋਲ ਲਾਈਆਂ ਨੀ
ਸਹੁਰੇ ਨੇ ਸੱਸ ਕੋਲ ਲਾਈਆਂ ਨੀ
ਸਸ ਨੇ ਜੇਠ ਕੋਲ ਲਾਈਆਂ ਨੀ
ਜੇਠ ਨੇ ਵੀਰ ਕੋਲ ਲਾਈਆਂ ਨੀ
ਕੰਤਾਂ ਨੇ ਬਾਹਰ ਕਢਾਈਆਂ ਨੀ
ਦਿਓਰਾ ਨੇ ਮੋੜ ਵਸਾਈਆਂ ਨੀ

ਸੋਹਣੇ ਜਿਹੇ ਦਿਓਰ ਨੂੰ ਧੁਪ ਵਿੱਚ ਖੜਿਆਂ ਵੇਖਕੇ, ਕਿਸੇ ਸੁਹਲ ਜਹੀ ਭਾਬੀ ਦਾ ਕਾਲਜਾ ਮੱਚਣ ਲੱਗ ਜਾਂਦਾ ਹੈ। ਕਿੰਨੀ ਨਾਜ਼ਕ ਖ਼ਿਆਲੀ ਹੈ ਇਨ੍ਹਾਂ ਬੋਲਾਂ ਵਿੱਚ :-

ਦਿਓਰਾ ਤੈਨੂੰ ਧੁਪ ਲਗਦੀ
ਮੱਚੇ ਕਾਲਜਾ ਮੇਰਾ

ਭਾਬੀ ਲਈ ਦਿਓਰ ਦਾ ਵਿਛੋੜਾ ਸਹਿਣਾ ਕਠਿਨ ਹੋ ਜਾਂਦਾ ਹੈ, ਉਹ ਉਹਦੇ ਬਿਨਾਂ ਫੁੱਲ ਵਾਂਗੂੰ ਕੁਮਲਾ ਜਾਂਦੀ ਹੈ: -

<div style="text-align:left; margin-left:4em ਧਾਵੇ ਧਾਵੇ ਧਾਵੇ ਡੰਡੀਆਂ ਕਰਾ ਮਿੱਤਰਾ ਜੀਹਦੇ ਵਿੱਚ ਵੀਂ ਮੁਲਕ ਲੰਘ ਜਾਵੇ ਸੋਨੇ ਦਾ ਭਾਅ ਸੁਣ ਕੇ ਮੁੰਡਾ ਪੱਲਾ ਝਾੜਦਾ ਆਵੇ ਜੰਨ ਘੁਮਿਆਰਾਂ ਦੀ ਵਿੱਚ ਗਧਾ ਹਿਣਕਦਾ ਆਵੇ ਗਧੇ ਤੋਂ ਘੁਮਾਰੀ ਡਿਗਪੀ ਮੇਰਾ ਹਾਸਾ ਨਿਕਲਦਾ ਜਾਵੇ ਭਾਬੀ ਦਿਓਰ ਬਿਨਾਂ -

ਫੁੱਲ ਵਾਂਗੂੰ ਕੁਮਲਾਵੇ</poem>"></poem>

ਦਿਓਰ ਭਾਬੀ ਨੂੰ ਨਾਲ਼ ਮੇਲੇ ਤੇ ਲਜਾਣ ਲਈ ਉਹਦੇ ਮੁੰਡੇ ਨੂੰ ਸਾਰੇ ਰਸਤੇ ਗੋਦੀ ਚੁਕਕੇ ਜਾਣ ਦੀ ਪੇਸ਼ਕਸ਼ ਵੀ ਕਰਦਾ ਹੈ: -

ਚਲ ਚੱਲੀਏ ਜਰਗ ਦੇ ਮੇਲੇ
ਮੁੰਡਾ ਤੇਰਾ ਮੈਂ ਚਕਲੂੰ

ਭਾਬੀ ਨੂੰ ਹੋਰ ਕੀ ਚਾਹੀਦਾ ਹੈ - ਇਕ ਹੁਸੀਨ ਸਾਥ

ਪਿੰਡ ਲੰਘ ਕੇ ਕੰਘਲੀਆਂ ਪਾਈਆਂ
ਦਿਓਰ ਭਾਬੀ ਮੇਲੇ ਚੱਲੇ

ਭਾਬੀ ਅਗੋਂ ਮੇਲੇ ਉਪਰੋਂ ਆਪਣੀਆਂ ਪੱਟੀਆਂ ਵੇਖਣ ਲਈ ਸ਼ੀਸ਼ਾ ਖ਼ਰੀਦ ਲੈਂਦੀ ਹੈ ਤੇ ਦਿਓਰ ਨੂੰ ਸਾਵਧਾਨੀ ਨਾਲ ਲਿਆਉਣ ਲਈ ਚਤਾਵਨੀ ਕਰਦੀ ਹੈ: -

ਦੇਖੀਂ ਦਿੁਓਰਾ ਭੰਨ ਨਾ ਦੇਈਂ
ਮੇਰਾ ਪੱਟੀਆਂ ਦੇਖਣ ਦਾ ਸ਼ੀਸ਼ਾ

ਭਾਬੀ ਦੇ ਇਹ ਬੋਲ ਦਿਓਰ ਨੂੰ ਕਤਲ ਕਰ ਜਾਂਦੇ ਹਨ:-

ਘੁੰਡ ਕਢਕੇ ਸਲਾਮੀ ਪਾਵਾਂ
ਵਿਆਹ ਕਰਵਾ ਦਿਓਰਾ

ਤੇ ਕਈ ਵਾਰੀ ਭਾਬੀਆਂ ਆਪਣੇ ਦਿਓਰਾਂ ਨੂੰ ਵਿਆਹ ਦਾ ਲਾਲਚ ਦੇ ਆਪਣੇ ਘਰ ਦੇ ਕੰਮ ਵੀ ਕਰਵਾਉਂਦੀਆਂ ਰਹਿੰਦੀਆਂ ਹਨ: -

ਮੇਰੀ ਬੱਕਰੀ ਚਾਰ ਲਿਆ ਦਿਓਰਾ

ਮੈਂ ਨਾ ਤੇਰਾ ਹੱਕ ਰੱਖਦੀ

ਜਦੋਂ ਸੋਹਣੇ ਜਿਹੇ ਦਿਓਰ ਦੀ ਜੰਨ ਚੜ੍ਹ ਰਹੀ ਹੋਵੇ ਤਾਂ ਭਾਬੀ ਸੁਰਮੇ ਦੀ ਸਲਾਈ ਪਾਉਂਦੀ ਹੋਈ ਹਰਾ ਲਾਉਂਦੀ ਏ:-

ਪਹਿਲੀ ਸਲਾਈ ਦਿਓਰਾ ਰਸ ਭਰੀ
ਦੂਜੀ ਗੁਲ ਅਨਾਰ
ਤੀਜੀ ਸਲਾਈ ਤਾਂ ਪਾਵਾਂ
ਜੋ ਮੋਹਰਾਂ ਦੋਵੇਂ ਚਾਰ

ਤੇ ਫਿਰ ਨਵੇਂ ਤੋਂ ਨਵਾਂ ਹੇਰਾ ਉਗਮਦਾ ਹੈ:-

ਦਿਓਰਜ ਦਿਓਰਜ ਕਰ ਰਹੀ
ਤੂੰ ਮੇਰੇ ਬੁਲਾਇਆਂ ਬੋਲ
ਮੈਂ ਤੇਰੇ ਤੇ ਐਂ ਘੁਮਾਂ
ਜਿਉਂ ਲਾਟੂ ਤੇ ਘੁਮੇਂ ਡੋਰ

ਏਥੇ ਹੀ ਬਸ ਨਹੀਂ:-

ਤੇਰਾ ਵੀ ਬੋਲਿਆ ਦਿਓਰਾ ਲਿਖ ਧਰਾਂ
ਕੋਈ ਸੱਜੇ ਕੌਲ਼ੇ ਦੇ ਨਾਲ਼
ਆਉਂਦੀ ਜਾਂਦੀ ਰਹਾਂ ਵਾਚਦੀ
ਮੈਂ ਤਾਂ ਗੂੜ੍ਹੇ ਨੈਣਾਂ ਦੇ ਨਾਲ।

ਅਤੇ

ਤੇਰਾ ਵੀ ਮੇਰਾ ਦਿਓਰਾ ਇਕ ਮੰਨ
ਕੋਈ ਲੋਕਾਂ ਭਾਵੇਂ ਦੋ
ਕੰਡਾ ਧਰਕੇ ਤੋਲ ਲੈ
ਕੋਈ ਹਵਾ ਬਰਾਬਰ ਹੈ।

ਇਕ ਗੀਤ ਵਿੱਚ ਗੋਰੀ ਦਾ ਪਤੀ ਬਾਰਾਂ ਵਰ੍ਹਿਆਂ ਮਗਰੋਂ ਘਰ ਵਾਪਸ ਪਰਤਦਾ ਹੈ। ਉਸ ਦੇ ਵਿਛੋੜੇ ਵਿੱਚ ਉਹਦਾ ਰੰਗ ਪੀਲਾ ਪੈ ਜਾਂਦਾ ਹੈ। ਘਰ ਆ ਉਹ ਏਸ ਦਾ ਕਾਰਨ ਪੁਛਦਾ ਹੈ। ਉਹ ਆਪਣੇ ਪਤੀ ਦਾ ਪਰਤਾਵਾ ਲੈਣ ਲਈ ਆਖ ਦੇਂਦੀ ਹੈ ਕਿ ਓਸਦੇ ਛੋਟੇ ਭਰਾ ਨੇ ਉਹਦੇ ਰੂਪ ਨੂੰ ਖਰਾਬ ਕਰ ਦਿੱਤਾ ਹੈ। ਇਹ ਸੁਣ ਉਹ ਉਸ ਨੂੰ ਮਾਰਨ ਲਈ ਨਸਦਾ ਹੈ। ਪਰ ਉਹ ਰੋਕ ਲੈਂਦੀ ਹੈ। ਗੀਤ ਦੇ ਬੋਲ ਇਸ ਪ੍ਰਕਾਰ ਹਨ: -

ਬਾਹਰੀਂ ਬਰਸੀਂ ਆਇਆ

ਕਿ ਲੱਬੇ ਅੰਬਾਂ ਤਲੇ
ਛੋਟੀ ਭੈਨਣ ਦੇ ਮਨ ਚਾ
"ਵੀਰਨ ਮੇਰੇ ਆਓ ਘਰੇ"
"ਚਲ ਬੀਬੀ ਮੈਂ ਆਇਆ
ਭਾਬੇ ਜੀ ਨੂੰ ਖ਼ਬਰ ਕਰੋ
ਨਾਜੋਂ ਜੀ ਨੂੰ ਖ਼ਬਰ ਕਰੋ
ਲਾ ਲਵੇ ਹਾਰ ਸ਼ੰਗਾਰ
ਮਹਿਲੀਂ ਦੀਵਾ ਬਾਲ ਧਰੇ"

... ...

"ਕਿਥੇ ਛੋਡਾਂ ਘੋੜਾ
ਕਿਥੇ ਹਥਿਆਰ ਮੇਰੇ
ਕਿਥੇ ਉਤਰਾਂ ਆਪ
ਕਿਥੇ ਪਹਿਰੇਦਾਰ ਮੇਰੇ"
"ਬਾਗੀਂ ਛਡੋ ਘੋੜਾ
ਕੀਲੇ ਹਥਿਆਰ ਤੇਰੇ
ਮਹਿਲੀਂ ਉਤਰੋ ਆਪ
ਡਿਓੜੀ ਪਹਿਰੇਦਾਰ ਤੇਰੇ"
"ਮੈਂ ਤੈਨੂੰ ਪੁਛਾਂ ਗੋਰੀਏ
ਰੰਗ ਤੇਰਾ ਪੀਲਾ ਹੋਇਆ
ਕੀਹਨੇ ਤੇਰੀ ਪਕੜੀ ਐ ਬਾਂਹ
ਕੀਹਨੇ ਤੇਰਾ ਅੰਤ ਲਿਆ"
"ਮੈਂ ਤੈਨੂੰ ਦਸਦੀ ਨੌਕਰਾ
ਹਰਨੀ ਨੂੰ ਹਰਨ ਪਿਆ
ਤੁਹਾਡਾ ਛੋਟਾ ਵੀਰਾ ਚੈਂਚਲ
ਉਹਨੇ ਮੇਰਾ ਅੰਤ ਲਿਆ"
ਪੰਜੇ ਲਿਆਵੇ ਕਪੜੇ
ਪੰਜੇ ਹਥਿਆਰ ਮੇਰੇ
ਕੋਈ ਲਿਆਵੋ ਛੋਟਾ ਵੀਰ
ਉਹਨੂੰ ਅਸੀਂ ਮਾਰ ਦਈਏ"
"ਛੋਟਾ ਵੀਰ ਨਾ ਮਾਰੀਏ
ਭਾਈਆਂ ਦੀ ਬਾਂਹ ਭੱਜ ਜਾ
ਮਾਰੀਏ ਘਰ ਦੀ ਨਾਰ

ਵਿਆਹ ਹੋਰ ਕਰਵਾ ਕੇ ਲਈਏ"
"ਸ਼ਾਵਾ ਸ਼ੇ ਭਾਬੋ ਮੇਰੀਏ
ਤੈਂ ਸਾਨੂੰ ਰਖ ਲਿਆ
ਸ਼ਾਵਾ ਸ਼ੇ ਵਡਿਆ ਭਾਈਆ
ਜੀਹਨੇ ਕਹਿਣਾ ਮੰਨ ਲਿਆ"

ਇਸੇ ਪਰਕਾਰ ਦਾ ਇਕ ਹੋਰ ਲੋਕ-ਗੀਤ ਮਿਲਦਾ ਹੈ। ਨੌਕਰ ਗਿਆ ਹੋਇਆ ਪਤੀ ਆਪਣੇ ਛੋਟੇ ਵੀਰ ਨੂੰ ਨਾਲ਼ ਲੈ ਆਪਣੀ ਪਤਨੀ ਦਾ ਪਰਤਾਵਾ ਲੈਣ ਲਈ ਭੇਸ ਵਟਾਕੇ ਉਸ ਪਾਸ ਆਉਂਦਾ ਹੈ ਪਰ ਪੰਜਾਬ ਦੀ ਗੋਰੀ ਆਪਣੇ ਪਤੀ ਵਰਤਾ ਧਰਮ ਤੋਂ ਡੋਲਦੀ ਨਹੀਂ। ਗੀਤ ਇੰਜ ਟੁਰਦਾ ਹੈ: -

ਦੋ ਰਾਜੇ ਦੇ ਨੌਕਰ ਵੀ ਆਏ
ਮਹਿਲੀਂ ਮੰਗਦੇ ਨੇ ਡੇਰਾ
"ਡੇਰਾ ਤੁਹਾਨੂੰ ਨਾ ਜੀ ਦੇਵਾਂ
ਸ਼ਿਆਮ ਨਹੀਂ ਘਰ ਮੇਰਾ"
ਸ਼ਿਆਮ ਤੇਰੇ ਦਾ ਲੱਗਾਂ ਛੋਟਾ ਭਾਈ
ਤੇਰਾ ਮੈਂ ਲਗਦਾ ਨੀ ਦੇਵਰ"
"ਚੱਕਾਂ ਚਰਖਾ ਮਾਂਜਾਂ ਭਾਂਡੇ
ਰੋਸ਼ਨ ਕਰਾਂ ਜੀ ਰਸੋਈ"
"ਰੋਟੀ ਅਸੀਂ ਰਾਜੇ ਦੇ ਖਾਈਏ
ਆਣ ਸੌਈਏਂ ਘਰ ਤੋਰੇ
ਰੰਗਲਾ ਮਿੰਜੜਾ ਚਿੱਟੜਾ ਵਿਡੌਣਾ
ਡਾਹ ਨੀ ਧਰੀ ਵਿਚ ਵਿਹੜੇ"
"ਟੁਟੜੀ ਮੰਜੜੀ ਬਾਣ ਪੁਰਾਣਾ
ਡਾਹ ਜੀ ਧਰਾਂ ਪਛਵਾੜੇ"
"ਹਥੀਂ ਸਾਡੇ ਸੋਨੇ ਦੀਆਂ ਛਾਪਾਂ
ਲਾਹ ਨੀ ਪਾਈਏ ਹਥ ਤੇਰੇ"
"ਛਾਪਾਂ ਤੁਹਾਡੀਆਂ ਨਾ ਜੀ ਪਾਵਾਂ
ਸ਼ਿਆਮ ਨਹੀਂ ਘਰ ਮੇਰੇ।"

ਇਹ ਜ਼ਰੂਰੀ ਨਹੀਂ ਸਾਰੀਆਂ ਭਾਬੀਆਂ ਹੀ ਆਪਣੇ ਦਿਓਰਾਂ ਨੂੰ ਚੰਗਾ ਸਮਝਣ। ਤ੍ਰਿੰਜਨ ਦੇ ਇਕ ਗੀਤ ਵਿੱਚ ਗੋਰੀ ਆਪਣੇ ਛੋਟੇ ਦਿਓਰ ਨੂੰ ਇਕ ਸ਼ਰੀਕ ਦੇ ਸਮਾਨ ਸਮਝਦੀ ਹੈ: -

ਰਿਨ੍ਹੀ ਸੀ ਮਸਰਾਂ ਦੀ ਦਾਲ ਨੀ ਮਾਏਂ
ਜੇ ਕੋਈ ਪ੍ਰਾਹੁਣਾ ਨੀ ਆਵੇ

"ਹੋਰਨਾਂ ਦੇ ਆਗੇ ਨੇ ਲਾਲ ਨੀ ਮਾਏਂ
ਮੇਰਾ ਕਿਉਂ ਆਇਆ ਨੀ ਦੇਵਰ
ਦੇਵਰ ਨਾਲ਼ ਨਾ ਤੋਰ ਨੀ ਮਾਏ
ਦੇਵਰ ਦੀਆਂ ਅੱਖੀਆਂ ਨੀ ਗਹਿਰੀਆਂ।"

"ਐਡੇ ਬੋਲ ਨਾ ਬੋਲ ਨੀ ਧੀਏ
ਘਰ ਆਏ ਸੱਜਣ ਨਾ ਮੋੜ ਨੀ ਧੀਏ
ਨਾਲ਼ ਘੱਲੂੰ ਛੋਟੇ ਵੀਰ ਨੂੰ
ਲੰਘ ਚਲੀਂ ਬਾਬਲ ਦੇਸ਼ ਨੀ ਧੀਏ"

ਵੀਰ ਨੇ ਘੋੜਾ ਨੀ ਮੋੜਿਆ
"ਨਿੱਕੀ ਨਿੱਕੀ ਕਣੀ ਦਾ ਮੀਂਹ ਪਵੇ ਨੀ ਮਾਏਂ
ਦੇਵਰ ਤਾਂ ਤੰਬੁ ਨੀ ਤਾਣਦਾ।"
"ਤੰਬੂਆਂ ਦੇ ਅੰਦਰ ਆ ਨੀ ਭਾਬੋ
ਤੇਰੇ ਭਿਜਗੇ ਸੂਹੇ ਨੀ ਸੋਸਨੀਂ"
"ਤੰਬੂਆਂ ਦੇ ਅੰਦਰ ਨਾ ਆਵਾਂ ਵੇ ਦਿਓਰਾ
ਭਾਵੇਂ ਭਿਜ ਜਾਣ ਕੰਨਾਂ ਦੀਆਂ ਵੇ ਬਾਲੀਆਂ"
"ਕੈ ਲਖ ਦਾ ਤੇਰਾ ਹਾਰ ਨੀ ਭਾਬੋ
ਕੇ ਲਖ ਦੀਆਂ ਨੀ ਬਾਲੀਆਂ"
"ਦਸ ਲਖ ਦਾ ਮੇਰਾ ਹਾਰ ਵੇ ਦਿਓਰਾ
ਦਸ ਲਖ ਦੀਆਂ ਵੇ ਬਾਲੀਆਂ"
"ਜਦ ਜਾ ਰਹੀ ਸਹੁਰੇ ਦੇਸ਼ ਨੀ ਮਾਏਂ
ਰਾਂਝਾ ਮੱਝੀਆਂ ਸੀ ਚਾਰਦਾ"
"ਕੀ ਤੈਨੂੰ ਚੜਿਆ ਸੀ ਤਾਪ ਵੇ ਕੰਤਾ
ਕੀ ਤੈਨੂੰ ਲੜਿਆ ਸੀ ਨਾਗ ਵੇ ਕੰਤਾ
ਛੋਟਾ ਵੀਰ ਕਿਉਂ ਸੀ ਤੋਰਿਆ"
"ਨਾ ਮੈਨੂੰ ਚੜ੍ਹਿਆ ਸੀ ਤਾਪ ਨੀ ਨਾਜੋ
ਨਾ ਮੇਰੇ ਲੜਿਆ ਸੀ ਨਾਗ ਨੀ ਨਾਜੋ
ਛੋਟਾ ਵੀਰ ਨੀ ਲਾਡਲਾ,
"ਲਾਡ ਕਰੇ ਮਾਵਾਂ ਨਾਲ਼ ਵੇ ਕੰਤਾ
ਲਾਡ ਕਰੇ ਭੈਣਾਂ ਨਾਲ਼ ਵੇ ਕੰਤਾ
ਸਾਡਾ ਜਾਣੇ ਜੀ ਖੋਂਸੜਾ
ਸਾਡਾ ਲੱਗੇ ਜੀ ਸ਼ਰੀਕ।"