ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਜੇਠ-ਜਠਾਣੀ

ਪੰਜਾਬ ਦੀ ਗੋਰੀ ਨੇ ਆਪਣੇ ਗੀਤਾਂ ਵਿੱਚ ਜੇਠ ਜਠਾਣੀ ਨੂੰ ਉਹ ਥਾਂ ਨਹੀਂ ਦਿੱਤੀ ਜਿਹੜੀ ਕਿ ਪਰਿਵਾਰ ਦੇ ਕੁਝ ਦੂਜੇ ਪਾਤਰ ਲੈ ਗਏ ਹਨ। ਉਹ ਆਪਣੇ ਮਾਹੀ ਨੂੰ ਸੁਹਾਗ ਦਾ ਰੰਗ ਕਹਿੰਦੀ ਹੈ, ਦਿਓਰ ਨੂੰ ਭਾਬੀਆਂ ਦਾ ਗਹਿਣਾ ਆਖਦੀ ਹੈ ਅਤੇ ਆਪਣੇ ਬਾਬਲ ਨੂੰ ਕਸਤੂਰੀ ਦਾ ਨਾਂ ਦਿੰਦੀ ਹੈ। ਵੀਰਾਂ ਨੂੰ ਉਹ ਸਲਾਹੁੰਦੀ ਨਹੀਂ ਥਕਦੀ, ਮਾਂ ਪਿਆਰੀ ਨੂੰ ਯਾਦ ਕਰਦੀ ਨਹੀਂ ਅਕਦੀ।

ਪਰ ਸੱਸ, ਜੇਠ-ਜਠਾਣੀ ਲਈ ਉਸ ਕੋਲ ਬੋਲ ਕਬੋਲ ਹੀ ਹਨ, ਤਾਹਨੇ ਮਿਹਣੇ ਹੀ ਦਿੱਤੇ ਹਨ। ਕਾਰਨ? ਏਸ ਦਾ ਸ਼ਾਇਦ ਸਮਾਜਿਕ ਨਾ-ਬਰਾਬਰੀ ਹੀ ਹੈ। ਪਰਿਵਾਰ ਵਿੱਚ ਉਸ ਦੀ ਪੁਗਦੀ ਨਹੀਂ, ਉਨ੍ਹਾਂ ਦੀ ਕੋਈ ਸਲਾਹ ਤਕ ਨਹੀਂ ਲੈਂਦਾ:

ਰਾਂਝਾ ਰੁਲਦੂ ਬਕਰੀਆਂ ਚਾਰੇ
ਘਰ ਮੇਰੇ ਜੇਠ ਦੀ ਪੁੱਗੇ

ਵਿਆਹ ਗਈ ਨੂੰ ਪਤਾ ਲਗ ਜਾਂਦਾ ਹੈ ਕਿ ਪਰਿਵਾਰ ਵਿੱਚ ਜੇਠ ਦੇ ਨਾਲ ਜਠਾਣੀ ਦੀ ਵੀ ਪੁਗਦੀ ਹੈ। ਮੁਕਲਾਵੇ ਜਾਣ ਲਈ ਉਸ ਦਾ ਮਨ ਮੰਨਦਾ ਨਹੀਂ:-

ਪੁਗਦੀ ਜਠਾਣੀ ਦੀ
ਮਨਾਂ ਕਾਹਨੂੰ ਚੱਲਿਐਂ ਮੁਕਲਾਵੇ।

ਗੋਰੀ ਮੁਕਲਾਵੇ ਚਲੀ ਗਈ, ਅਗਲਿਆਂ ਜਾਂਦੀ ਹੀ ਕੰਮ ਕਰਨ ਲਾ ਲਈ। ਜੇਠ ਦਾ ਚੁਬਾਰਾ ਬਣ ਰਿਹਾ ਸੀ, ਜੇਠ-ਜਠਾਣੀ ਪਾਣੀ ਢੋ ਰਹੇ ਸਨ, ਓਸ ਨੂੰ ਮੁਸ਼ਕਲ ਕੰਮ, ਗਾਰਾ ਢੋਣ ਲਈ ਲਾ ਦਿੱਤਾ, ਹੁਣ ਉਹ ਬਦ-ਅਸੀਸਾਂ ਨਾ ਦੇਵੇ ਤਾਂ ਕੀ ਕਰੇ:

ਜੇਠ-ਜਠਾਣੀ ਪਾਣੀ ਢੋਂਦੇ
ਮੈਂ ਢੋਂਦੀ ਆਂ ਗਾਰਾ
ਮੇਰੀ ਹਾ ਪੈ ਜਾਏ
ਸਿਖਰੋਂ ਗਿਰੇ ਚੁਬਾਰਾ।

ਏਸ ਤਰ੍ਹਾਂ ਗੋਰੀ ਤੇ ਉਹਦਾ ਰਾਂਝਾ ਰੁਲਦੂ ਕੰਮ ਕਰਦੇ ਰਹਿੰਦੇ ਹਨ। ਜੇਠ ਘਰ ਦਾ ਮੁਖੀਆ ਹੋਣ ਦੇ ਕਾਰਨ ਬਾਹਰ ਫਿਰ ਤੁਰ ਛਡਦਾ ਹੈ। ਵੇਚ ਵਟਕ ਉਹ ਆਪ ਕਰਦਾ ਹੈ। ਸਾਰੀ ਕਮਾਈ ਜਠਾਣੀ ਸਾਂਭਦੀ ਹੈ। ਰਾਂਝੇ ਰੁਲਦੂ ਅਤੇ ਉਹਦੀ ਗੋਰੀ ਦੇ ਹੱਥਾਂ ਤੇ ਦੋ ਛਿਲੜ ਨਹੀਂ ਰੱਖੇ ਜਾਂਦੇ। ਕਪੜੇ ਉਹ ਆਪਣੇ ਹੱਥੀਂ ਆਪ ਨਹੀਂ ਖ਼ਰੀਦ ਸਕਦੇ। ਜੇਠ ਆਪਣੀ ਮਰਜ਼ੀ ਦੇ ਖ਼ਰੀਦ ਕੇ ਦੇਂਦਾ ਹੈ, ਜਠਾਣੀ ਆਪਣੀ ਮਰਜ਼ੀ ਨਾਲ ਸਭ ਕੁਝ ਕਰਦੀ ਹੈ। ਦੁਧ ਦਹੀਂ ਉਹ ਆਪ ਸਾਂਭਦੀ ਹੈ, ਗੋਹਾ ਕੂੜਾ ਦਰਾਣੀ ਚੁਕਦੀ ਹੈ। ਗਲ ਗਲ ਵਿੱਚ ਵਿਤਕਰਾ ਹੁੰਦਾ ਹੈ। ਅੰਤ ਜਠਾਣੀ ਦਰਾਣੀ ਦੀ ਗਲ ਗਲ ਤੇ ਲੜਾਈ ਸ਼ੁਰੂ ਹੋ ਜਾਂਦੀ ਹੈ। ਤੇ ਉਹ ਅਖੀਰ ਵਿੱਚ ਵਖਰੇ ਵਖਰੇ ਹੋ ਜਾਂਦੇ ਹਨ।

ਗੋਰੀ ਹੁਣ ਜੇਠ ਨਾਲੋਂ ਵਖਰੀ ਹੋ ਗਈ, ਹੁਣ ਉਹ ਉਸ ਨੂੰ ਖਰੀਆਂ ਖਰੀਆਂ ਸੁਨਾਉਣੋਂ ਨਹੀਂ ਹਟਦੀ :-

ਜਿਉਂਦੀ ਮੈਂ ਮਰ ਗਈ
ਮੈਨੂੰ ਕਢੀਆਂ ਜੇਠ ਨੇ ਗਾਲ਼ਾਂ

ਪੌੜੀ ਵਿੱਚ ਅੱਧ ਮੇਰਾ
ਅਸੀਂ ਜੇਠ ਚੜ੍ਹਣ ਨਹੀਂ ਦੇਣਾ

ਅਤੇ

ਜੇਠ ਨੂੰ ਲੱਸੀ ਨਹੀਂ ਦੇਣੀ
ਦਿਓਰ ਭਾਵੇਂ ਦੁਧ ਪੀ ਲਵੇ

ਏਥੇ ਹੀ ਬਸ ਨਹੀਂ, ਉਹ ਤਾਂ ਜੇਠ ਦੇ ਚੌਕੇ ਉਤੇ ਆ ਚੜ੍ਹਣ ਤੇ ਆਟੇ ਵਾਲ਼ੀ ਪਰਾਤ ਉਹਦੇ ਮੂੰਹ ਤੇ ਵੀ ਮਾਰ ਦਿੰਦੀ ਹੈ:-

ਚਾਰ ਟਕੇ ਦੇ ਮੈਂ ਬੈਂਗਣ ਸੀ ਲਿਆਈ
ਆਈਆਂ ਸੀ ਚਾਰ ਛਟਾਂਕਾਂ
ਨੀ ਸੁਣ ਛੋਟੀਏ ਨਣਦੇ
ਜਦ ਮੈਂ ਬੈਂਗਣ ਚੀਰਨ ਲੱਗੀ
ਸੱਸੀ ਨੇ ਫਾੜੀ ਚੁਰਾਈ
ਨੀ ਸੁਣ ਛੋਟੀਏ ਨਣਦੇ
ਜਦ ਮੈਂ ਬੈਂਗਣ ਤੜਕਣ ਲੱਗੀ
ਜੇਠ ਸ਼ੈਤਾਨ ਚੌਕੇ ਚੜ੍ਹਿਆ
ਮੈਨੂੰ ਕੀ ਜੀ ਫੁਰੀ

ਸਣੇ ਪਰਾਤ ਚੱਕਲਾ ਮਾਰਿਆ
ਭੱਜਿਆ ਭੱਜਿਆ ਬਾਹਰ ਨੂੰ ਗਿਆ
ਸੁਣ ਮੈਥੋਂ ਛੋਟਿਆ
ਤੇਰੀ ਨਾਰੀ ਨੇ ਮੈਨੂੰ ਮਾਰਿਆ
ਭਜਿਆ ਭਜਿਆ ਘਰ ਨੂੰ ਆਇਆ
ਸੁਣ ਮੈਥੋਂ ਸੋਹਣੀਏਂ
ਤੈਂ ਮੇਰਾ ਵੀਰ ਕਿਉਂ ਮਾਰਿਆ
ਦੋ ਟਕੇ ਦੇ ਮੈਂ ਬੈਂਗਣ ਸੀ ਲਏ
ਸੁਣ ਮੈਥੋਂ ਸੋਹਣਿਆਂ
ਆਈਆਂ ਸੀ ਚਾਰ ਛਟਾਂਕਾਂ
ਜਦ ਮੈਂ ਬੈਂਗਣ ਚੀਰਨ ਸੀ ਲੱਗੀ
ਸੱਸੀ ਨੇ ਫਾੜੀ ਚੁਰਾਈ
ਜਦ ਮੈਂ ਬੈਂਗਣ ਤੜਕਣ ਲੱਗੀ
ਸੁਣ ਮੈਥੋਂ ਸੋਹਣਿਆਂ
ਜੇਠ ਸ਼ੈਤਾਨ ਚੌਕੇ ਚੜ੍ਹਿਆ
ਮੈਨੂੰ ਕੀ ਜੀ ਫੁਰੀ
ਸਣੇ ਪਰਾਤ ਚੱਕਲਾ ਮਾਰਿਆ
ਭੱਜਿਆ ਭੱਜਿਆ ਬਾਹਰ ਨੂੰ ਗਿਆ
ਸੁਣ ਮੈਥੋਂ ਬੜਿਆ
ਤੇਰਾ ਕਸੂਰ ਹੈਗਾ ਸਾਰਾ

ਹੁਣ ਉਹਨੂੰ ਜੇਠ ਦੀ ਕੀ ਪਰਵਾਹ। ਕਿਤੇ ਉਹਨੂੰ ਉਹ ਬੱਕਰਾ ਆਖਦੀ ਹੈ, ਕਿਤੇ ਚੰਦਰਾ ਸਦਦੀ ਹੈ, ਕਿਤੇ ਟੁਟ ਜਾਣੇ ਦੀ ਗਾਲ਼ ਦੇਂਦੀ ਹੈ: -

ਮੇਰੇ ਚੰਦਰੇ ਜੇਠ ਦੇ ਛੋਲੇ
ਕਦੇ ਨਾ ਲਿਆਈ ਸਾਗ ਤੋੜਕੇ

ਜਾਂ

ਚੀਰਾ ਬਨ੍ਹਕੇ ਸਾਹਮਣੇ ਬਹਿੰਦਾ
ਟੁਟ ਜਾਣੇ ਜੇਠ ਦਾ ਮੁੰਡਾ

ਅਤੇ

ਰੋਟੀ ਲੈ ਕੇ ਦਿਓਰ ਦੀ ਚੱਲੀ
ਅੱਗੇ ਜੇਠ ਬੱਕਰਾ ਹਲ ਵਾਹੇ

ਹੋਰ

ਮੇਰਾ ਜੇਠ ਬੜਾ ਟੁੱਟ ਪੈਣਾ
ਹਸਦੀ ਦੇ ਦੰਦ ਗਿਣਦਾ

ਕਈ ਵਾਰੀ ਜੇਠ ਦਾ ਮੁੰਡਾ ਉਹਨੂੰ ਮਖੌਲ ਵਜੋਂ ਆਖ ਦਿੰਦਾ ਹੈ: -

ਹਾਕਾਂ ਮਾਰੇ ਜੇਠ ਦਾ ਮੁੰਡਾ
ਚਲ ਚਾਚੀ ਨੀ ਚਰ੍ਹੀ ਨੂੰ ਚੱਲੀਏ

ਪਰ ਉਹ ਕਦੋਂ ਸਹਾਰ ਸਕਦੀ ਹੈ ਜੇਠ ਦੇ ਮੁੰਡੇ ਤੋਂ ਇਹ ਮਖੌਲ: -

ਵੇ ਮੈਂ ਲਗਦੀ ਔਤਦਿਆਂ ਚਾਚੀ
ਕਰਦੈ ਮਸ਼ਕਰੀਆਂ

ਜੇਠ ਦਾ ਟੱਪ (ਛਪਰ) ਡਿਗ ਜਾਣ ਤੇ ਉਹਨੂੰ ਖੁਸ਼ੀਆਂ ਚੜ੍ਹ ਜਾਂਦੀਆਂ ਹਨ: -

ਜੇਠ ਦਾ ਟੱਪ ਢੈ ਗਿਆ
ਮੇਰਾ ਹਾਸਾ ਨਿਕਲਦਾ ਜਾਵੇ

ਥਾਲ ਪਾਉਂਦੀ ਵੀ ਉਹ ਆਪਣੇ ਜੇਠ ਦਾ ਹੀ ਮਖੌਲ ਉਡਾਂਵਦੀ ਹੈ: -

ਸਵਾ ਸੇਰ ਦਾ ਮੰਨ ਪਕਾਵਾਂ
ਰੱਖਾਂ ਗੋਡੇ ਹੇਠ
ਭਾਈਆਂ ਪਿੱਟੀ ਖਾਂਦੀ ਨੀ
ਖਾ ਗਿਆ ਦਰਵੇਸ਼
ਟੁੰਡਾ ਪਿਪਲ ਢੈ ਗਿਆ
ਮੇਰੀ ਮਛਲੀ ਆ ਗਈ ਹੇਠ
ਮੱਛਲੀ ਦੇ ਦੋ ਮਾਮੇ ਆਏ
ਤੀਆ ਆਇਆ ਜੇਠ
ਜੇਠ ਦੀ ਮੈਂ ਟਿੱਕੀ ਪਕਾਵਾਂ
ਉੱਤੇ ਪਾਵਾਂ ਤੋਰੀਆਂ
ਚਾਰੇ ਭੈਣਾਂ ਗੋਰੀਆਂ
ਚੌਹਾਂ ਦੇ ਮੁਕਾਬਲੇ ਆਏ
ਲਦ ਲਿਆਏ ਬੋਰੀਆਂ
ਆਲ਼ ਮਾਲ਼ ਪੂਰਾ ਹੋਇਆ ਥਾਲ਼

ਇਕ ਗੀਤ ਵਿੱਚ ਗੋਰੀ ਆਪਣੇ ਅਫਸਰ ਜੋਨ ਨੂੰ ਆਪਣੇ ਘਰ ਕੋਲ਼ ਆਉਣ ਤੋਂ ਰੋਕਦੀ ਹੈ: -

ਸੁਣੇਓਂ ਤਾਂ ਸੁਣੇਓਂ ਜੀ
ਸਾਡੇ ਅਫ਼ਸਰ ਜੇਠ
ਘੋੜਾ ਨਾ ਲਿਆਇਓ ਸਾਡੇ

ਮਹਿਲਾਂ ਦੇ ਹੇਠ
ਬੜੀਓ ਜਠਾਣੀ ਸਾਡੀ
ਕਰੇ ਜੀ ਕਲੇਸ਼
ਛੋਟਾ ਵੀਰਾ ਥੋਡਾ
ਗਿਆ ਜੀ ਪ੍ਰਦੇਸ਼

ਤੇ ਉਹ ਆਪ ਵੀ ਜੇਠ ਦੇ ਕੋਠੇ ਉਪਰ ਬੈਠੇ ਹੋਣ ਤੇ ਉਪਰ ਨਹੀਂ ਚੜ੍ਹਦੀ:-

ਹਰੀ ਫਲਾਹੀ ਬੈਠਿਆ ਤੋਤਿਆ
ਮੈਨਾਂ ਬੈਠੀ ਹੇਠ
ਕੋਠੇ ਡਰਦੀ ਨਾ ਚੜ੍ਹਾਂ
ਉੱਤੇ ਬੈਠਾ ਜੇਠ

ਪਰ ਇਕ ਬੋਲੀ ਵਿੱਚ ਗੋਰੀ ਆਪਣੀ ਮਾਂ ਨਾਲ ਲੜਕੇ ਆਪਣੇ ਜੇਠ ਨੂੰ ਕਰਨ ਲਈ ਵੀ ਤਿਆਰ ਹੋ ਜਾਂਦੀ ਹੈ: -

ਅੱਡੀ ਤਾਂ ਮੇਰੀ ਉਠਣੋਂ ਰਹਿਗੀ
ਗੂਠੇ ਤੇ ਬਰਨਾਵਾਂ
ਮਾਂ ਨਾਲ ਧੀ ਲੜਪੀ
ਹੁਣ ਕੀ ਲਾਜ ਬਣਾਵਾਂ
ਮਰਜੂੰ ਓਧਰੇ ਕਰਲੂੰ ਜੇਠ ਨੂੰ
ਬੈਣ ਕਦੇ ਨਾ ਪਾਵਾਂ--
ਕਿਸ਼ਨੋ ਦੇ ਮਹਿਲਾਂ ਤੇ
ਸਪ ਬਣਕੇ ਫਿਰ ਆਵਾਂ

ਇਕ ਟੱਪਾ ਹੋਰ ਜੇਠ ਦੇ ਪੱਖ ਵਿੱਚ ਜਾਂਦਾ ਹੈ: -

ਕਿਹੜੇ ਜੇਠ ਦੇ ਬਾਗ ਚੋਂ ਲਿਆਵਾਂ
ਮੁੰਡਾ ਰੋਵੇ ਅੰਬੀਆਂ ਨੂੰ

ਜਠਾਣੀ ਬਾਰੇ ਵੀ ਗੋਰੀ ਸਦ ਭਾਵਨਾ ਨਹੀਂ ਰਖਦੀ। ਦੋਨੋਂ ਹਰ ਵੇਲੇ ਝਗੜਦੀਆਂ ਰਹਿੰਦੀਆਂ ਹਨ, ਮਿਹਣੇ ਦਿੰਦੀਆਂ ਰਹਿੰਦੀਆਂ ਹਨ, ਬੋਲੀਆਂ ਮਾਰਦੀਆਂ ਰਹਿੰਦੀਆਂ ਹਨ।

ਜਠਾਣੀ ਵਲੋਂ ਮਾਰੀਆਂ ਬੋਲੀਆਂ ਦੀ ਸ਼ਕੈਤ ਗੋਰੀ ਆਪਣੇ ਮਾਹੀ ਕੋਲ ਕਰਦੀ ਹੈ ਤੇ ਮਾਹੀ ਅਗੋਂ ਗੋਰੀ ਨੂੰ ਮਾਰੀਆਂ ਬੋਲੀਆਂ ਦਾ ਪਰਤਵਾਂ ਜਵਾਬ ਦੇਣ ਲੋਈ ਆਖਦਾ ਹੈ: -

ਇਕ ਖਰਬੂਜਾ ਬਾਰਾਂ ਫਾੜੀਆਂ ਬੀਬਾ
ਸਾਨੂੰ ਦੂਰਾਂ ਤੋਂ ਆਈਆਂ

ਇਕ ਫਾੜੀ ਉਹਨੂੰ ਰੱਖੀ ਬੀਬਾ
ਜਿਹੜਾ ਅਤੀ ਪਿਆਰਾ
ਸੱਸ ਜੋ ਮੇਰੀ ਮਾਤਾ ਥੋਡੀ ਬੀਬਾ
ਸਾਨੂੰ ਬੋਲੀਆਂ ਮਾਰੇ ਵੇ
ਨਿੱਕਾ ਪੀਸੀਏ ਝੋਲ ਪਕਾਈਏ ਗੋਰੀ
ਮਾਂ ਨੂੰ ਪੀਹੜੇ ਬਹਾਈਏ ਨੀ
ਨਣਦ ਸਾਡੀ ਭੈਣ ਜੋ ਥੋਡੀ
ਸਾਨੂੰ ਬੋਲੀਆਂ ਮਾਰੇ ਵੇ
ਨਿੱਕਾ ਕਤੀਏ ਠੋਕ ਬਣਾਈਏ ਗੋਰੀ
ਨਣਦ ਨੂੰ ਸੌਹਰੀਂ ਪੁਚਾਈਏ ਨੀ
ਜਠਾਣੀ ਮੇਰੀ ਭਾਬੋ ਥੋਡੀ ਬੀਬਾ
ਸਾਨੂੰ ਬੇਲੀਆਂ ਮਾਰੇ ਵੇ
ਦੋ ਚਾਰ ਸੁਣਾਈਏ ਗੋਰੀ
ਸਾਹਮਣੇ ਪੀਹੜੀ ਡਾਹੀਏ ਨੀ

ਕਈ ਵਾਰੀ ਦੋਨਾਂ ਦਾ ਵੈਰ ਵਧੇਰੇ ਵਧ ਜਾਂਦਾ ਹੈ: -

ਨਿੱਕੇ ਹੁੰਦਿਆਂ ਦੀ ਦੋਸਤੀ
ਮਾਰੀ ਪੈਰ ਕਹੀ
ਹਾਏ ਵੇ ਰੱਬਾ
ਜਠਾਣੀ ਕਿਉਂ ਵੈਰ ਪਈ

ਜਠਾਣੀ ਆਪਣੇ ਘਰ ਦੀ ਮੁਖਤਿਆਰੀ ਵਿੱਚ ਦਰਾਣੀ ਤੋਂ ਕੰਮ ਕਰਵਾ ਕਰਵਾ ਰੜਕਾਂ ਕਢਦੀ ਹੈ। ਗੋਰੀ ਦੀ ਚੰਦਨ ਵਰਗੀ ਦੇਹੀ ਸੁਕ ਜਾਂਦੀ ਹੈ ਤੇ ਉਹਦਾ ਸਬਰ ਜਠਾਣੀ ਤੇ ਪੈ ਜਾਂਦਾ ਹੈ: -

ਮੇਰਾ ਰੰਗ ਸੀ ਸਰਹੋਂ ਦੇ ਫੁੱਲ ਵਰਗਾ
ਡੁਲ੍ਹ ਗਿਆ ਜਠਾਣੀ ਤੇ