ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਨੂੰਹ ਸੱਸ ਦਾ ਰਿਸ਼ਤਾ

ਆਖਣ ਨੂੰ ਤਾਂ ਭਾਵੇਂ ਸੱਸ ਨੂੰਹ ਦਾ ਰਿਸ਼ਤੇਦਾਰੀ ਦਾ ਰੂਪ ਮਾਵਾਂ ਧੀਆਂ ਵਾਲਾ ਹੈ ਪਰੰਤੂ ਭਾਰਤੀ ਸਮਾਜ ਦੇ ਝਰੋਖੇ ਵਿਚੋਂ ਸਾਨੂੰ ਇਹ ਰਿਸ਼ਤਾ ਨਜ਼ਰ ਨਹੀਂ ਆਇਆ। ਲੋਕ ਗੀਤ ਕਿਸੇ ਵੀ ਸਮਾਜ ਦਾ ਦਰਪਨ ਹੋਇਆ ਕਰਦੇ ਹਨ। ਸਮਾਜ ਦੇ ਜਨ ਸਮੂਹ ਦੀਆਂ ਭਾਵਨਾਵਾਂ, ਦੁੱਖਾਂ ਦਰਦਾਂ ਤੇ ਇੱਛਾਵਾਂ ਦਾ ਪ੍ਰਗਟਾਵਾ ਇਹਨਾਂ ਗੀਤਾਂ ਰਾਹੀਂ ਹੁੰਦਾ ਹੈ। ਸਾਡੇ ਪੁਰਾਤਨ ਸਮਾਜ ਤੇ ਸਭਿਆਚਾਰ ਦੇ ਅੰਸ਼ ਇਹਨਾਂ ਨੇ ਸਾਂਭੇ ਹੋਏ ਹਨ।

ਪੰਜਾਬੀ ਵਿੱਚ ਮਿਲਦੇ ਲੋਕ ਗੀਤ ਸੱਸ ਨੂੰਹ ਦੇ ਰਿਸ਼ਤੇ ਦੀ ਬੜੀ ਦੁਖ ਭਰੀ ਤਸਵੀਰ ਸਾਡੇ ਸਾਹਮਣੇ ਪੇਸ਼ ਕਰਦੇ ਹਨ। ਇਹਨਾਂ ਗੀਤਾਂ ਵਿੱਚ ਸੱਸ ਵੱਲੋਂ ਨੂੰਹ ਉਤੇ ਢਾਏ ਜਾਂਦੇ ਜ਼ੁਲਮਾਂ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ।

ਕਈ ਗੀਤ ਸੁਣ ਕੇ ਅੱਖਾਂ ਸੇਜਲ ਹੋ ਜਾਂਦੀਆਂ ਹਨ। ਇੱਕ ਜ਼ਾਲਮ ਸੱਸ ਬਾਰੇ ਗੀਤ ਹੈ: -

ਨੌਕਰ ਵੀ ਜਾਣਾ ਮਾਏਂ
ਛੋਕਰ ਵੀ ਜਾਣਾ ਨੀ
ਅੱਛੋਂ ਰੱਖੀਂ ਸਜਨ ਬੇਟੀ ਨੂੰ

ਨੌਕਰ ਵੀ ਜਾਈਂ ਪੁੱਤਾ
ਛੋਕਰ ਵੀ ਜਾਈਂ ਵੇ
ਅੱਛੋਂ ਰੱਖੂੂੰ ਸਜਨ ਬੇਟੀ ਨੂੰ

ਅੱਗੇ ਤਾਂ ਦਿੰਦੀ ਮਾਏ
ਪਾਣੀ ਦਾ ਛੰਨਾ ਨੀ
ਹੁਣ ਕਿਉਂ ਦਿੰਦੀ ਦੁਧ ਕਟੋਰੇ ਨੀ
ਅੱਗੇ ਤਾਂ ਲੱਗੇ ਨੂੰਹੇਂ ਅੱਕੋ ਵੀ ਕੌੜੀ ਨੀ

ਹੁਣ ਤਾਂ ਲੱਗੋਂ ਪੁੱਤੋਂ ਪਿਆਰੀ ਨੀ

ਅੱਗੇ ਤਾਂ ਦਿੰਦੀ ਸੱਸੇ
ਪਾਟੇ ਜੇਹੇ ਕਪੜੇ ਨੀ
ਹੁਣ ਕਿਉਂ ਦਿੰਦੀ ਸੱਸੇ
ਛੀਟਾਂ ਦਰੇਸਾਂ ਨੀ

ਅੱਗੇ ਤਾਂ ਲੱਗੇ ਨੂੰਹੇਂ ਅੱਕੋਂ ਵੀ ਕੌੜੀ ਨੀ
ਹੁਣ ਤਾਂ ਤੂੰ ਲੱਗੇ ਨੂੰਹੇ ਪੁੱਤੋਂ ਪਿਆਰੀ ਨੀ

ਅੱਗੇ ਤਾਂ ਦਿੰਦੀ ਸੱਸੇ
ਟੁੱਟੀ ਜਿਹੀ ਗੰਦੋਲੀ ਨੀ
ਹੁਣ ਕਿਉਂ ਦੇਵੇਂ
ਲਾਲ ਵਛੋਣੇ ਨੀ
ਅੱਗੇ ਤਾਂ ਲੱਗੇ ਨੂੰਹੇਂ, ਅੱਕੋਂ ਵੀ ਕੌੜੀ ਨੀ
ਹੁਣ ਤਾਂ ਤੂੰ ਲੱਗੋਂ ਨੂੰਹੇਂ
ਪੁੱਤੋਂ ਪਿਆਰੀ ਨੀ

ਅੱਗੇ ਤਾਂ ਦਿੰਦੀ ਸੱਸੇ
ਸੂਹੜੀ ਦੀ ਰੋਟੀ ਨੀ
ਹੁਣ ਕਿਉਂ ਦੇਵੇਂ
ਦਾਲ ਪਰੋਸਾ ਨੀ
ਅੱਗੇ ਤਾਂ ਲੱਗੇਂ ਨੂੰਹੇ
ਅੱਕੋਂ ਵੀ ਕੌੜੀ ਨੀ
ਹੁਣ ਤਾਂ ਤੂੰ ਲੱਗੇ ਨੂੰਹੇਂ
ਪੁੱਤੋਂ ਪਿਆਰੀ ਨੀ

ਅੱਗੇ ਤਾਂ ਦਿੰਦੀ ਸੱਸੇ
ਮੋਠਾਂ ਦਾ ਛੰਨਾ ਨੀ
ਹੁਣ ਕਿਉਂ ਦੋਵੇਂ ਸੱਸੇ
ਚੂਰੀ ਦਾ ਛੰਨਾ ਨੀ

ਸਿਰ ਵੀ ਦੁਖਦਾ ਸੱਸੇ
ਮੱਥੇ ਵੀ ਪੀੜ ਨੀ
ਕਿਥੇ ਡਾਹਾਂ ਟੁੱਟੀ ਜਿਹੀ ਮੰਜੀ ਨੀ
ਸਿਰ ਵੀ ਦੁਖਦਾ ਨੂੰਹੇਂ
ਮੱਥੇ ਵੀ ਪੀੜ ਨੀ
ਉਚੇ ਵੀ ਡਾਹ ਲੈ ਨੂੰਹੇਂ
ਲਾਲ ਪੰਘੂੜਾ ਨੀ

ਅੱਗੇ ਤਾਂ ਦਿੰਦੀ ਸੱਸੇ
ਟੁੱਟੀ ਜਿਹੀ ਮੰਜੀ ਨੀ
ਹੁਣ ਕਿਉਂ ਦੇਵੇਂ
ਲਾਲ ਪੰਘੂੜਾ ਨੀ।

ਅੱਗੇ ਤਾਂ ਲੱਗੇਂ ਨੂੰਹੇਂ
ਅੱਕੋਂ ਵੀ ਕੌੜੀ ਨੀ
ਹੁਣ ਤਾਂ ਲੱਗੇਂ ਨੂੰਹੇਂ
ਪੁਤੋਂ ਪਿਆਰੀ ਨੀ

ਨੌਕਰ ਵੀ ਆਇਆ ਮਾਏਂ
ਛੋਕਰ ਵੀ ਆਇਆ ਨੀ
ਨਜ਼ਰੇ ਨਾ ਆਉਂਦੀ ਮਾਏਂ
ਸਜਨ ਬੇਟੀ ਨੀ।

ਨੌਕਰ ਵੀ ਆਈਂ ਪੁੱਤਾ
ਛੋਕਰ ਵੀ ਆਈਂ ਵੇ
ਉਚੇ ਪਈ ਸਜਨ ਬੇਟੀ ਵੇ।

ਕੋਠੇ ਵੀ ਚੜ੍ਹ ਮਾਏਂ
ਹਾਕਾਂ ਵੀ ਮਾਰਾਂ ਨੀ
ਮੁੱਖੋਂ ਨਾ ਬੋਲੇ ਸਜਨ ਬੇਟੀ ਨੀ

ਬਾਗੀਂ ਵੀ ਜਾਵਾਂ ਮਾਏਂ
ਛਮਕੀ ਵੀ ਲਿਆਵਾਂ ਨੀ
ਛਮਕੀ ਮਾਰ ਜਗਾਵਾਂ
ਸਚਨ ਬੇਟੀ ਨੀ

ਇਕ ਛਮਕੀ ਮਾਰੀ ਮਾਏਂ
ਦੂਜੀ ਵੀ ਮਾਰੀ ਨੀ
ਸੀ ਨਾ ਕਹੇ ਸਜਨ ਬੇਟੀ ਨੀ

ਪੱਲਾ ਵੀ ਚੁੱਕਾਂ ਮਾਏਂ
ਸਜਨ ਬੇਟੀ ਮਰੀਓ ਪਈ ਨੀ
ਹਾਏ! ਮਾਏਂ ਤੇਰਾ ਭਲਾ ਨਾ ਹੋਵੇ
ਤੋਂ ਸਾਡੀ ਜੋੜੀ ਗੰਵਾਈ ਨੀ।

ਪੂਰਬ ਵੀ ਜਾਈਂ ਪੁੱਤਾ
ਪੱਛਮ ਵੀ ਜਾਈਂ ਵੇ
ਇਕ ਤੇ ਵੀ ਲਿਆਉਂ ਪੁੱਤਾ ਚਾਰ ਵੇ
ਦਿਲ ਤੇ ਨਾ ਲਿਆਈਂ ਸਜਨ ਬੇਟੀ ਵੇ।

ਪੂਰਬ ਵੀ ਜਾਈਂ ਮਾਏਂ
ਪੱਛਮ ਵੀ ਜਾਈਂ ਨੀ
ਦਿਲ ਤੋਂ ਨਾ ਜਾਏ
ਸਜਨ ਬੋਟੀ ਨੀ।
ਬਾਜ਼ਾਰ ਵੀ ਜਾਵਾਂ ਮਾਏਂ
ਲੱਠਾ ਵੀ ਲਿਆਵਾਂ ਨੀ
ਅਪਣੇ ਹੱਥੀਂ ਮਾਏਂ
ਦਾਗ ਲਾ ਜਾਵਾਂ ਨੀ

ਗੋਰੀਆਂ ਵੀ ਲਿਆਉਂ ਪੁੱਤਾ
ਕਾਲੀਆਂ ਵੀ ਲਿਆਉਂ ਵੇ
ਦਿਲ ਤੋਂ ਭੁਲਾ ਦੇ ਸਜਨ ਬੇਟੀ ਵੇ।

ਗੋਰੀਆਂ ਵੀ ਲਿਆਈਂ ਮਾਏਂ
ਕਾਲੀਆਂ ਵੀ ਲਿਆਈਂ ਨੀ
ਦਿਲ ਤੋਂ ਨਾ ਜਾਵੇ ਸਜਨ ਬੇਟੀ ਨੀ

ਸਾਧ ਵੀ ਬਣਜੂੰ ਮਾਏਂ
ਫਕੀਰ ਵੀ ਬਣਜੂੰ ਨੀ
ਏਸ ਦੇਸ ਵਿੱਚ ਨਾ ਆਊਂ
ਮੁੜਕੇ ਫੇਰ ਨੀ

ਹਾਏ! ਮਾਏਂ ਤੇਰਾ ਭਲਾ ਨਾ ਹੋਵੇ
ਜੀਹਨੇ ਸਾਡੀ ਜੋੜੀ ਗੰਵਾਈ ਨੀ।

ਸੱਸ ਵਲੋਂ ਮਾਰੇ ਬੋਲ ਨੂੰਹ ਨੂੰ ਛਾਨਣੀ ਛਾਨਣੀ ਕਰਕੇ ਰੱਖ ਦਿੰਦੇ ਹਨ। ਤਾਹਨਿਆਂ, ਮਿਹਣਿਆਂ ਨਾਲ ਨੂੰਹ ਦੀ ਆਤਮਾ ਲੀਰੋ ਲੀਰ ਹੋ ਜਾਂਦੀ ਹੈ। ਉਹ ਗੀਤ ਦੇ ਬੋਲਾਂ ਦਾ ਆਸਰਾ ਲੈ ਆਪਣਾ ਮਨ ਹੌਲਾ ਕਰਦੀ ਹੈ: -

ਘਿਓ ਵਿੱਚ ਮੈਦਾ ਥੋੜ੍ਹਾ ਪਿਆ
ਸੱਸ ਮੈਨੂੰ ਗਾਲੀਆਂ ਦੇ, ਹੋ
ਨਾ ਦੋ ਸੱਸੇ ਗਾਲੀਆਂ
ਏਥੇ ਮੇਰਾ ਕੌਣ ਸੁਣੇ, ਹੋ
ਪਿਪਲੀ ਉਹਲੇ ਮੇਰੀ ਮਾਤ ਖੜੀ
ਰੋ ਰੋ ਨੈਣ ਪਰੋਵੇ
ਨਾ ਰੋ ਮਾਤਾ ਮੇਰੀਏ
ਧੀਆਂ ਜੰਮੀਆ ਦੇ ਦਰਦ ਬੁਰੇ ਹੋ

ਨੂੰਹ ਆਪਣੇ ਸਰੀਰ ਤੇ ਸੈਆਂ ਦਰਦ ਝਲ ਸਕਦੀ ਹੈ ਪਰ ਉਹ ਆਪਣੇ ਭਰਾਵਾਂ ਨੂੰ ਦਿੱਤੀਆਂ ਗਾਲਾਂ ਸਹਾਰ ਨਹੀਂ ਸਕਦੀ। ਉਹ ਆਪਣੀ ਸੱਸ ਨੂੰ ਕਈ ਵਾਰ ਖਰੀਆਂ ਖਰੀਆਂ ਸੁਣਾਉਣ ਲਈ ਮਜਬੂਰ ਹੋ ਜਾਂਦੀ ਹੈ:

ਇੱਕ ਨਾ ਬੀਜੀਂ ਸਿੰਘਾ ਬਾਜਰਾ
ਮਾਂ ਦਿਆ ਕਾਨ੍ਹ ਚੰਨਾ
ਇੱਕ ਨਾ ਬੀਜੀਂ ਜਵਾਰ

ਖੂਨੀ ਨੈਣ ਜਲ ਭਰੋ

ਚਿੜੀਆਂ ਤਾਂ ਚੁੱਗਿਆ ਤੇਰਾ ਬਾਜਰਾ
ਕਾਵਾਂ ਨੇ ਖਾਲੀ ਜੀ ਜਵਾਰ
ਖੂਨੀ ਨੈਣ ਜਲ ਭਰੇ

ਇੱਕ ਨਾ ਦਈਂ ਸੱਸੇ ਪੀਸਣਾ
ਇੱਕ ਨਾ ਦਈਂ ਭਾਈਏਂ ਗਾਲ਼
ਖੂਨੀ ਨੈਣ ਜਲ ਭਰੇ।

ਪਿਓਕਿਆਂ ਤੋਂ ਲਿਆਈਂ ਨੂੰਹੇ ਗੋਲੀਆਂ
ਕਦੇ ਨਾ ਦੇਵਾਂ ਭਾਈਏਂ ਗਾਲ਼
ਖੂਨੀ ਲੈਣ ਜਲ ਭਰੇ।

ਧੀਆਂ ਨੂੰ ਦਈਂ ਸੱਸੇ ਗੋਲੀਆਂ
ਸੱਸ ਮੇਰੀਏ ਸਾਡੇ ਮਾਪੇ ਤਾਂ ਗਰੀਬ ਨੀ
ਖੂਨੀ ਨੈਣ ਜਲ ਭਰੇ

ਮੁਟਿਆਰ ਨੂੰਹ ਨੂੰ ਹਾਰ ਸ਼ਿੰਗਾਰ ਕਰਨ ਦਾ ਚਾਅ ਹੁੰਦਾ ਹੈ ਪਰ ਉਹਦਾ ਹਾਰ ਸ਼ਿੰਗਾਰ ਕਰਨਾ ਸੱਸ ਨੂੰ ਸੁਖਾਂਦਾ ਨਹੀਂ। ਜੇਕਰ ਉਹ ਕਿਧਰੇ ਵੰਗਾਂ ਚੜ੍ਹਾ ਵੀ ਲੱਵੇ ਤਾਂ ਉਹ ਸੜ ਕੇ ਕੋਲਾ ਹੋ ਜਾਂਦੀ ਹੈ: -

ਸਿਖਰ ਦੁਪਹਿਰੇ ਵੰਗਾਂ ਵਾਲ਼ਾ ਆਇਆ
ਹੋਕਾ ਦਿੰਦਾ ਸੁਣਾ, ਸ਼ਾਵਾ
ਸੱਸ ਨੂੰ ਵੀ ਆਖਦੀ
ਨਨਾਣ ਨੂੰ ਵੀ ਆਖਦੀ
ਵੰਗਾ ਦਿਓ ਜੀ ਚੜ੍ਹਾ, ਸ਼ਾਵਾ
ਸੱਸ ਵੀ ਨਾ ਬੋਲਦੀ
ਨਨਾਣ ਵੀ ਨਾ ਬੋਲਦੀ
ਆਪੇ ਲਈਆਂ ਮੈਂ ਚੜ੍ਹਾ, ਸ਼ਾਵਾ
ਢਲੇ ਪਰਛਾਵੇਂ ਚਰਖੜਾ ਡਾਹਿਆ
ਕੱਤਦੀ ਮੈਂ ਵੰਗਾਂ ਦੇ ਚਾਅ, ਸ਼ਾਵਾ

ਸਹੁਰੀਂ ਬੈਠੀ ਭੈਣ ਨੂੰ ਵੀਰ ਲੈਣ ਆ ਜਾਂਦਾ ਹੈ। ਉਹ ਪੇਕੀਂ ਜਾਣ ਦੀ ਆਗਿਆ ਲੈਣ ਲਈ ਸੱਸ ਪਾਸ ਜਾਂਦੀ ਹੈ, ਅੱਗੋਂ ਟਾਲਾ ਲਾਉਣ ਲਈ ਸਹੁਰੇ ਪਾਸ ਭੇਜ ਦਿੰਦੀ ਹੈ, ਸਹੁਰਾ ਘਰ ਦੇ ਬਾਕੀ ਜੀਆਂ ਪਾਸ। ਨਣਦ ਘਰ ਦੇ ਸਾਰੇ ਕਰਨ ਵਾਲੇ ਕੰਮ ਗਿਣਾ ਦਿੰਦੀ ਹੈ ਤੇ ਵਿਚਾਰੀ ਦਾ ਭਰਾ ਸਖਣਾ ਘਰ ਪਰਤ ਜਾਂਦਾ ਹੈ: -

ਸੱਸੇ ਅਟੇਰਨ ਟੇਰਦੀ ਏ
ਨੀ ਅੱਜ ਘਰ ਆਈਦਾ ਵੀਰ
ਸੋਨੇ ਦਾ ਤੀਰ
ਕੰਨ੍ਹੇ ਤਲਵਾਰ, ਘੋੜੇ ਅਸਵਾਰ
ਮੈਂ ਜਾਨੀਆਂ ਜੀ ਪਿਓਕੇ

ਮੇਰਾ ਕੀ ਪੁਛਣਾ ਨੂੰਹੇ ਨੀ
ਸਹੁਰੇ ਨੂੰ ਪੁੱਛ ਕੇ ਜਾਈਂ
ਪੁਛਾ ਕੇ ਜਾਈਂ
ਤੈਂ ਫੇਰ ਨਾ ਆਉਣਾ ਨੀ

ਸੱਸ ਤੋਂ ਸਤੀ ਹੋਈ ਨੂੰਹ ਆਖਰ ਉਸ ਦੇ ਵਿਰੁੱਧ ਬਗ਼ਾਵਤ ਕਰਨ ਲਈ ਮਜਬੂਰ ਹੋ ਜਾਂਦੀ ਹੈ। ਉਹ ਆਪਣੀ ਕੁਪੱਤੀ ਸੱਸ ਦਾ ਗਿੱਧੇ ਦੇ ਪਿੜ ਵਿੱਚ ਮਖੌਲ ਉਡਾਉਂਦੀ ਹੈ। ਮਖੌਲ ਉਡਾ ਕੇ ਉਹ ਆਪਣੇ ਦਿਲ ਦੇ ਗੁਭ ਗੁਬਾੜ ਕੱਢਦੀ ਹੈ:-

ਸੱਸ ਸੁਪੱਤੜੀ ਨੇ ਭੈਣੇ ਠੋਲ੍ਹਾ ਮਾਰਿਆ
ਓਹੀ ਠੋਲ੍ਹਾ ਭੈਣੇ ਚਾਦਰ ਪੁਰ ਡਿਗ ਪਿਆ
ਓਹੀ ਚਾਦਰ ਭੈਣੇ ਮੈਂ ਧੋਬੀ ਮੂਹਰੇ ਸੁੱਟੀ
ਧੋਬੀ ਸਪੁੱਤੜੇ ਨੇ ਲੀਰ ਲੀਰ ਕਰਤੀ
ਓਹੀ ਲੀਰ ਮੈਂ ਦਰਜੀ ਮੂਹਰੇ ਸਿੱਟੀ।
ਦਰਜੀ ਸਪੁੱਤੜੇ ਦੀ ਸੂਈ ਟੁਟ ਗਈ
ਓਹੀ ਸੂਈ ਮੇਰੀ ਅੱਡੀ ਵਿੱਚ ਲੱਗੀ
ਓਹੀ ਅੱਡੀ ਦਾ ਮੈਲ਼ਾ ਕਢਾਇਆ
ਭੈਣੇ ਮੈਲ਼ਾ ਕਢਾਇਆ
ਓਹੀ ਮੈਲ਼ੇ ਦੀਆਂ ਸਫਾ ਬਛਾਈਆਂ

ਭੈਣੇ ਸਫ਼ਾਂ ਬਛਾਈਆਂ
ਓਹੀ ਸਫ ਉਤੇ ਸੱਸ ਲਟਾਈ
ਭੈਣੇ ਸੱਸ ਲਟਾਈ
ਸੱਸ ਸਪੁੱਤੜੀ ਦੀ ਚਮੜੀ ਉਧੜ ਗਈ
ਭੈਣੇ ਚਮੜੀ ਉੱਧੜ ਗਈ
ਉਹੀ ਚਮੜੀ ਭੈਣੇ ਚਮਾਰ ਮੂਹਰੇ ਸੁੱਟੀ
ਭੈਣੇ ਚਮਾਰ ਮੂਹਰੇ ਸੁੱਟੀ
ਉਸੇ ਚਮੜੀ ਦੀ ਜੁੱਤੀ ਬਣਾਈ
ਭੈਣੇ ਜੁੱਤੀ ਬਣਾਈ
ਓਹੀ ਜੁੱਤੀ ਮੈਂ ਪੈਰਾਂ ਵਿੱਚ ਪਾਈ

ਹੁਣ ਉਹ ਸੱਸ ਦੀ ਕਦੋਂ ਪਰਵਾਹ ਕਰਦੀ ਹੈ: -

ਇੱਕ ਸਾਡੀ ਸੱਸ ਜੀ ਬੁਰੀ
ਸਾਥੋਂ ਬੇਬੇ ਜੀ ਕਹਾਵੇ
ਸਾਥੋਂ ਬੇਬੇ ਆਖਿਆ ਨਾ ਜਾਵੇ
ਸਾਥੋਂ ਬੁੜ੍ਹੀਏ ਨਿਕਲ ਜਾਵੇ
ਪਟਿਆਂ ਨੂੰ ਤੇਲ ਕਿਥੋਂ ਲਾਇਆ ਲਾਲ ਵੇ

ਸੱਸ ਦੇ ਸਤਾਰਾਂ ਕੁੜੀਆਂ
ਮੱਥਾ ਟੇਕਦੀ ਨੂੰ ਬਾਰਾਂ ਬਜ ਜਾਂਦੇ

ਨਿਮ ਦਾ ਕਰਾਦੇ ਘੋਟਣਾ
ਸੱਸ ਕੁੱਟਣੀ ਸੰਦੂਕਾਂ ਓਹਲੇ

ਜੇ ਮੈਂ ਜਾਣਦੀ ਸੱਸੇ ਨੀ ਚੱਜ ਤੇਰੇ
ਤੇਰੀ ਦਿਹਲੀ ਨਾ ਬੜਦੀ

ਮਾਪਿਆਂ ਨੇ ਰੱਖੀ ਲਾਡਲੀ
ਅੱਗੋਂ ਸੱਸ ਬਗਿਆੜੀ ਟੱਕਰੀ

ਸੱਸੇ ਤੇਰੀ ਮਹਿੰ ਮਰ ਜੇ

ਮੇਰੇ ਵੀਰ ਨੂੰ ਸੁੱਕੀ ਖੰਡ ਪਾਈ

ਜਿੱਥੇ ਮੇਰੀ ਸੱਸ ਵਰਤੇ
ਓਥੇ ਮੈਂ ਵਰਤੋਂ ਨੀ ਪਾਉਣੀ

ਸੱਸ ਮਰੀ ਦੀ ਮਗਰ ਨੀ ਜਾਣਾ
ਸਹੁਰੇ ਦਾ ਬਬਾਨ ਕੱਢਣਾ

ਤੈਨੂੰ ਸੱਸ ਦੇ ਮਰੇ ਤੋਂ ਪਾਵਾਂ
ਸੁਥਣੇ ਸੂਫ ਦੀਏ

ਆਖਰ ਨੂੰਹ ਆਪਣੀ ਸੱਸ ਨਾਲੋਂ ਅੱਡ ਹੋ ਕੇ ਰਹਿਣ ਲਈ ਕਾਮਯਾਬ ਹੋ ਜਾਂਦੀ ਹੈ - ਉਸ ਨੂੰ ਸੁਖ ਦਾ ਸਾਹ ਆਉਂਦਾ ਹੈ: -

ਸੱਗੀ ਕਰਾ ਕੇ ਦੇ ਗਿਆ
ਸਾਨੂੰ ਫੁੱਲਾਂ ਦਾ ਦੇ ਜਾਣਾ ਸੱਚ
ਸਾਡੀ ਬੁਰੀਓ ਸੁਣੀਦੀ ਸੱਸ
ਜੀ ਸਾਡੀ ਜੁਦੀਓ ਹਵੇਲੀ ਛੱਤ
ਜੀ ਸਾਨੂੰ ਲੈ ਜਾਣਾ ਨਾਲ਼ੇ
ਸਾਨੂੰ ਮਪਿਆਂ ਦੇ ਲਾਡਲੀ ਰੱਖ
ਜੰਮੂ ਦਿਆ ਵੇ ਨੌਕਰਾ

ਸਮੇਂ ਦੇ ਗੇੜ ਨਾਲ ਘਰਾਂ ਵਿੱਚ ਨੂੰਹਾਂ ਦੀ ਸਰਦਾਰੀ ਆ ਜਾਂਦੀ ਹੈ। ਉਹ ਆਪਣੀਆਂ ਸੱਸਾਂ ਤੋਂ ਗਿਣ ਗਿਣ ਕੇ ਬਦਲੇ ਲੈਂਦੀਆਂ ਹਨ: -

ਨਿੱਕਲ ਸੱਸੜੀਏ ਘਰ ਮੇਰਾ
ਤੈਂ ਬਣਜ ਲਿਆ ਬਥੇਰਾ
ਤੇਰਾ ਰੂੜੀ ਉਤੇ ਡੇਰਾ
ਨੀ ਹੁਣ ਫਿਰਕਾ ਹੋ ਗਿਆ ਮੇਰਾ

ਹੁਣ ਮਸ਼ੀਨੀ ਸਭਿਅਤਾ ਦੇ ਵਿਕਾਸ ਦੇ ਪਰਭਾਵ ਕਾਰਨ ਪੰਜਾਬ ਦੇ ਸਮਾਜਿਕ ਤੇ ਆਰਥਿਕ ਢਾਂਚੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਵਾਪਰ ਗਈਆਂ ਹਨ। ਪਿੰਡਾਂ ਵਿੱਚ ਹੁਣ ਪੜ੍ਹੀਆ ਲਿਖੀਆਂ ਕੁੜੀਆਂ ਦੀ ਗਿਣਤੀ ਵਧ ਰਹੀ ਹੈ। ਉਹ ਹੁਣ ਨੌਕਰੀਆਂ ਕਰਦੀਆਂ ਹਨ, ਆਪਣੇ ਪਤੀਆਂ ਦੇ ਨਾਲ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਸੁਖੀ ਬਨਾਉਣ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਹਨ। ਅਜ ਦੇ ਸਮਾਜ ਵਿੱਚ ਦਾਜ ਦੀ ਭੁੱਖ ਸੱਸ ਅਤੇ ਨੂੰਹ ਦੇ ਰਿਸ਼ਤੇ ਵਿੱਚ ਬਿਗਾੜ ਦਾ ਕਾਰਨ ਬਣ ਰਹੀ ਹੈ। ਬਹੁਤ ਸਾਰੀਆਂ ਸੱਸਾਂ ਆਪਣੀਆਂ ਨੂੰਹਾਂ ਨਾਲ ਕੇਵਲ ਇਸ ਕਰਕੇ ਭੈੜਾ ਸਲੂਕ ਕਰਦੀਆਂ ਹਨ ਕਿਉਂਕਿ ਉਹ ਉਹਨਾਂ ਦੀ ਇੱਛਿਆ ਅਨੁਸਾਰ ਦਾਜ ਨਹੀਂ ਲਿਆ ਸਕੀਆਂ ਹੁੰਦੀਆਂ। ਇਹੋ ਕਾਰਨ ਸੱਸ ਨੂੰਹ ਦੇ ਰਿਸ਼ਤੇ ਨੂੰ ਸੁਖਾਵਾਂ ਨਹੀਂ ਹੋਣ ਦਿੰਦਾ।

ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸੱਸ ਨੂੰਹ ਦਾ ਰਿਸ਼ਤਾ ਵਿੱਦਿਆ ਅਤੇ ਜਾਗਰਤੀ ਕਾਰਨ ਭਾਵੇਂ ਅੱਗ ਨਾਲੋਂ ਵਧੇਰੇ ਸੁਖਾਵਾਂ ਹੋ ਰਿਹਾ ਹੈ ਪਰ ਪੁਰਾਣੇ ਸਮੇਂ ਵਾਲੀ ਕੁੜੱਤਣਤਾ ਅਜੇ ਪੂਰਨ ਰੂਪ ਵਿੱਚ ਅਲੋਪ ਨਹੀਂ ਹੋ ਸਕੀ।