ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਗੋਰੀ ਦਾ ਗੱਭਰੂ

ਪੰਜਾਬ ਦੀ ਬੇਟੀ ਦੇ ਮੁਟਿਆਰ ਹੁੰਦਿਆਂ ਸਾਰ ਹੀ ਮਾਪਿਆਂ ਲਈ ਵਰ ਟੋਲਣ ਦੀ ਸੋਚ ਖੜੀ ਹੋ ਜਾਂਦੀ ਹੈ। ਧੀ ਤੋਂ ਚੋਰੀ ਮਾਂ ਬਾਪ ਆਪਣੀ ਪਿਆਰੀ ਲਾਡੋ ਲਈ ਪਿਆਰਾ ਸਾਥ ਲੱਭਣ ਦੇ ਉਪਰਾਲੇ ਕਰਦੇ ਹਨ। ਜੇ ਚੰਗਾ ਹਾਣ ਪਰਵਾਨ ਮਿਲ ਗਿਆ ਤਾਂ ਵਾਹ ਵਾਹ ਨਹੀਂ ਸੰਜੋਗਾਂ ਦਾ ਮੇਲ ਆਖ ਆਪਣੇ ਸਿਰੋਂ ਭਾਰ ਲਾਹ ਲਿਆ ਜਾਂਦਾ ਹੈ। ਧੀ ਦੀ ਕੋਈ ਰਾਏ ਤਕ ਨਹੀਂ ਲੈਂਦਾ।

ਗੋਰੀ ਦੇ ਕੰਨੀਂ ਵੀ ਏਸ ਢੂੰਡ ਦੀ ਭਿਣਕ ਪੈ ਜਾਂਦੀ ਹੈ, ਤਦ ਉਹ ਆਪਣੇ ਹੁਸੀਨ ਸਾਥ ਬਾਰੇ ਕਈ ਇਕ ਰਾਂਗਲੇ ਸੁਪਨੇ ਉਣਦੀ ਹੈ, ਲੋਕ ਗੀਤਾਂ ਦੇ ਬੋਲਾਂ ਦਾ ਸਹਾਰਾ ਲੈ ਆਪਣੇ ਮਨੋ-ਭਾਵਾਂ ਦਾ ਪ੍ਰਗਟਾ ਕਰਦੀ ਹੈ: -

ਵਰ’ ਜੁ ਟੋਲਣ ਚਲਿਆ ਪਿਓ ਮੇਰਿਆ
ਰਾਜੇ ਬਨਸੀਆ
ਪੱਲੇ ਬੰਨ੍ਹ ਲੈ ਬਾਬਲਾ ਦੰਮ ਵੇ
ਚੌਪੜ ਖੇਲਦੇ ਦੋ ਜਣੇ
ਪਿਓ ਮੇਰਿਆ ਰਾਜੇ ਬੰਸੀਆ ਵੇ
ਇਕੋ ਜੇਹੀੜੇ ਛੈਲ ਵੇ
ਇਕ ਦੇ ਹੱਥ ਬੰਸਰੀ
ਦੂਜੇ ਹੱਥ ਮੋਰ ਵੇ
ਬੱਜਣ ਲੱਗੀ ਬੰਸਰੀ
ਕੂਕਣ ਲੱਗੇ ਮੋਰ ਵੇ
ਗੋਰਾ ਗੋਰਾ ਮੈਂ ਵਰਾਂ
ਕਾਲੇ ਜੇਹੀੜੇ ਕੋਈ ਹੋਰ ਵੇ

ਜੇ ਸਾਥੀ ਕਾਲਾ ਟੱਕਰ ਜਾਵੇ ਤਾਂ ਉਹ ਉਹਨੂੰ ਅਪਣਾ ਸੀਰੀ ਦਸਦੀ ਹੈ। ਅਪਣੇ ਗੋਰੇ ਸਾਥੀ ਨੂੰ ਬੜੇ ਮਾਣ ਨਾਲ਼ ਪਟਵਾਰੀ ਆਖਦੀ ਹੈ। ਕਾਲਾ ਘਰ ਵਿੱਚ ਹਨੇਰਾ ਕਰ ਦੇਂਦਾ ਏ ਤੇ ਗੋਰਾ ਹਾਣ ਚਾਨਣ ਦਾ ਢੰਆ ਦੇਂਦਾ ਹੈ:

ਕੁੜਤੀ ਨੀ ਰੀਲ ਦੀਏ
ਕਾਲੇ ਨੂੰ ਮੈਂ ਮੰਗੀ
ਨੀ ਰੀਲ ਦੀਏ
ਕਾਲਾ ਵਿਆਹੁਣ ਆਇਆ ਨੀ
ਨੀ ਰੀਲ ਦੀਏ
ਕੁੜਤੀ ਨੀ ਰੀਲ ਦੀਏ
ਕਾਲਾ ਅੰਦਰ ਬੜਿਆ ਨੀ
ਨੀ ਰੀਲ ਦੀਏ
ਅੰਦਰ ਹਨੇਰਾ ਹੋਇਆ ਨੀ
ਨੀ ਰੀਲ ਦੀਏ
ਅੰਦਰ ਹਨੇਰਾ ਹੋਇਆ ਨੀ
ਨੀ ਰੀਲ ਦੀਏ
ਕਾਲਾ ਲੈ ਕੇ ਤੁਰਿਆ ਨੀ
ਨੀ ਰੀਲ ਦੀਏ
ਹਾਲੀ ਪਾਲੀ ਪੁੱਛਣ ਲੱਗੇ
ਇਹ ਤੇਰਾ ਕੀ ਲੱਗਦਾ ਨੀ
ਨੀ ਰੀਲ ਦੀਏ
ਰੋਂਦੀ ਕੁਰਲਾਂਦੀ ਦੱਸਣ ਲੱਗੀ
ਇਹ ਮੇਰਾ ਸੀਰੀ ਨੀ
ਨੀ ਰੀਲ ਦੀਏ
ਕੁੜਤੀ ਨੀ ਰੀਲ ਦੀਏ
ਗੋਰੇ ਨੂੰ ਮੈਂ ਮੰਗੀ
ਨੀ ਰੀਲ ਦੀਏ
ਗੋਰਾ ਵਿਆਹੁਣ ਆਇਆ ਨੀ
ਨੀ ਰੀਲ ਦੀਏ
ਅੰਦਰ ਚਾਨਣ ਹੋਇਆ ਨੀ
ਨੀ ਰੀਲ ਦੀਏ
ਗੋਰਾ ਲੈ ਕੇ ਤੁਰਿਆ ਨੀ
ਨੀ ਰੀਲ ਦੀਏ
ਰਾਹੀ ਪਾਹੀ ਪੁਛਦੇ ਮੈਨੂੰ
ਇਹ ਤੇਰਾ ਕੀ ਲੱਗਦਾ ਨੀ
ਨੀ ਰੀਲ ਦੀਏ

ਹਸਦੀ ਤੁਸਦੀ ਦੱਸਣ ਲੱਗੀ
ਇਹ ਮੇਰਾ ਪਟਵਾਰੀ ਨੀ
ਨੀ ਰੀਲ ਦੀਏ
ਕੁੜਤੀ ਨੀ ਰੀਲ ਦੀਏ
ਨੀ ਅੱਜ ਘਰ ਬਾਰਨ ਹੋਈ ਨੀ
ਕੁੜਤੀ ਨੀ ਰੀਲ ਦੀਏ

ਕਾਲਾ ਭੂੰਡ ਸਹੇੜਨ ਤੋਂ ਵੀ ਡਰਦੀ ਹੈ :-

ਕਾਲਾ ਭੂੰਡ ਨਾ ਸਹੇੜੀਂ ਮੇਰੇ ਬਾਬਲਾ
ਘਰ ਦਾ ਮਾਲ ਡਰੂ

ਕਾਲਾ ਵਰ ਲੱਭਾ ਮਾਪਿਆਂ
ਉਹਨੂੰ ਸੁਰਮਾ ਬਣਾ ਕੇ ਪਾਵਾਂ

ਗੋਰੀ ਦੀ ਮਨ ਪਸੰਦ ਤਾਂ ਹੈ: -

ਸੁੱਤੀ ਪਈ ਨੂੰ ਪੱਖੇ ਦੀ ਝੱਲ ਮਾਰੇ
ਉਹ ਵਰ ਟੋਲੀਂ ਬਾਬਲਾ

ਗੋਰੀ ਗੱਭਰੂ ਵਰ ਪਾਕੇ ਹੁਸੀਨ ਹੋ ਜਾਂਦੀ ਹੈ। ਗੀਤ ਦੇ ਬੋਲ ਹਨ: -

ਮੇਰਾ ਸਾਕ ਲਜਾਈਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਨਾਭੇ ਸ਼ਹਿਰ ਮੇਰਾ ਮੰਗਣਾ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਕਾਲਾ ਵਰ ਨਾ ਟੋਲੀਂ
ਜੈ ਕੁਰੇ ਨੀ ਨੈਣੇ
ਕੋਠੇ ਚੜ੍ਹਕੇ ਦੇਖਣ ਲੱਗੀ
ਸਾਵਣ ਦੀ ਘਟ ਆਵੇ

ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਹੁਣ ਕੀ ਲਾਜ ਬਣਾਵਾਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਛਮਕਾਂ ਦੀ ਮਾਰ ਬਰਸਾਵਾਂ
ਜੈ ਕੁਰੇ ਨੀ ਨੈਣੇ

ਨਾਭੇ ਸ਼ਹਿਰ ਮੇਰਾ ਮੰਗਣਾ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਲੰਬਾ ਵਰ ਨਾ ਟੋਲੀਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਕੋਠੇ ਚੜ੍ਹਕੇ ਦੇਖਣ ਲੱਗੀ
ਬ੍ਰਿਛ ਝੂਲਦਾ ਆਵੇ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਹੁਣ ਕੀ ਲਾਜ ਬਣਾਵਾਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਛਮਕਾਂ ਦੀ ਮਾਰ ਬਰਸਾਵਾਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ

ਮੇਰਾ ਸਾਕ ਲਜਾਈਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਨਾਭੇ ਸ਼ਹਿਰ ਮੇਰਾ ਮੰਗਣਾ
ਜੈ ਕੁਰੇ ਨੀ ਨੈਣੇ
ਮਂਧਰਾ ਵਰ ਨਾ ਟੋਲੀਂ
ਜੈ ਕੁਰੇ ਨੀ ਨੈਣੇ

ਸ਼ਾਵਾ ਜੈ ਕੁਰੇ ਨੀ ਨੈਣੇ
ਕੋਠੇ ਚੜ੍ਹਕੇ ਦੇਖਣ ਲੱਗੀ
ਰਿਹੜਾ ਰੁੜਿਆ ਆਵੇ
ਜੈ ਕੁਰੇ ਨੀ ਨੈਣੇ
ਹੁਣ ਕੀ ਲਾਜ ਬਣਾਵਾਂ
ਜੈ ਕੁਰੇ ਨੀ ਨੈਣੇ
ਛਮਕਾਂ ਦੀ ਮਾਰ ਬਰਸਾਵਾਂ
ਜੈ ਕੁਰੇ ਨੀ ਨੈਣੇ

ਸ਼ਾਵਾ ਜੈ ਕੁਰੇ ਨੀ ਨੈਣੇ
ਮੇਰਾ ਸਾਕ ਲਜਾਵੀਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਨਾਭੇ ਸ਼ਹਿਰ ਮੇਰਾ ਮੰਗਣਾ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਨਿਕੜਾ ਵਰ ਨਾ ਟੋਲੀਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਕੋਠੇ ਚੜ੍ਹਕੇ ਦੇਖਣ ਲੱਗੀ
ਗੱਡੀ ਵਿੱਚ ਰੋਂਦਾ ਆਵੇ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਹੁਣ ਕੀ ਬਣਤ ਬਣਾਵਾਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਛਮਕਾਂ ਦੀ ਮਾਰ ਬਰਸਾਵਾਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ

ਮੇਰਾ ਸਾਕ ਲਜਾਈਂ
ਜੈ ਕੁਰੇ ਨੀ ਨੈਣੇ

ਨਾਭੇ ਸ਼ਹਿਰ ਮੇਰਾ ਮੰਗਣਾਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣ
ਗੱਭਰੂ ਵਰ ਤੂੰ ਟੋਲੀ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣ
ਕੋਠੇ ਚੜ੍ਹਕੇ ਦੇਖਣ ਲੱਗੀ
ਗੱਡੀ ਵਿੱਚ ਹੱਸਦਾ ਆਵੇ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਹੁਣ ਕੀ ਕਾਜ ਰਚਾਵਾਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣ
ਫੁੱਲਾਂ ਦੀ ਸੋਜ ਬਛਾਵਾਂ
ਜੈ ਕੁਰੇ ਨੀ ਨੈਣੇ

ਲੰਬੇ ਅਤੇ ਮਧਰੇ ਬਾਰੇ ਇਕ ਹੋਰ ਬੋਲੀ ਹੈ: -

ਮਧਰਿਆ ਵੇ ਤੈਨੂੰ ਕਬਰ ਪੁਟ ਦਿਆਂ
ਲੰਬਿਆ ਵੇ ਤੈਨੂੰ ਖਾਤਾ
ਨੀਵੀਂ ਹੋ ਕੇ ਝਾਕਣ ਲੱਗੀ
ਛਾਤੀ ਪਿਆ ਜੜਾਕਾ
ਸੁਹਣੀ ਸੂਰਤ ਦਾ
ਵਿੱਚ ਕੱਲਰਾਂ ਦੇ ਵਾਸਾ

ਪਰ ਗੈਰੀ ਦੀ ਮੰਨ ਪਸੰਦ ਪੂਰੀ ਨਹੀਂ ਹੁੰਦੀ। ਰਾਂਗਲੇ ਸੁਪਨੇ ਸੁਪਨੇ ਹੀ ਰਹਿ ਜਾਂਦੇ ਹਨ ਜਦੋਂ ਨਿੱਕੜੇ ਜਹੇ ਢੋਲ ਦਾ ਲੜ ਫੜਨਾ ਪੈ ਜਾਂਦਾ ਹੈ: -

ਸੜਕੇ ਸੜਕ ਮੇਰਾ ਡੋਲਾ ਜਾਵੇ
ਰੱਥ ਦੀ ਟੁਟ ਗਈ ਫੱਟੀ
ਗੁਲਾਬ ਸਿੰਘ ਨਿੱਕਾ ਜਿਹਾ
ਮੈਂ ਮਾਝੇ ਦੀ ਜੱਟੀ
ਗੁਲਾਬ ਸਿੰਘ ਨਿੱਕਾ ਜਿਹਾ
ਅਤੇ
ਘਰ ਨੀ ਟੋਲਦੀਆਂ
ਵਰ ਨੀ ਟੋਲਦੀਆਂ

ਬਦਲੇ ਖੋਰੀਆਂ ਮਾਵਾਂ
ਨਿੱਕੇ ਜਿਹੇ ਮੁੰਡੇ ਨਾਲ ਵਿਆਹ ਕਰ ਦਿੰਦੀਆਂ
ਦੇ ਕੇ ਚਾਰ ਕੁ ਲਾਵਾਂ -
ਏਸ ਜੁਆਨੀ ਨੂੰ -
ਕਿਹੜੇ ਖੂਹ ਵਿੱਚ ਪਾਵਾਂ

ਨਿਆਣੇ ਕੰਤ ਦੀ ਨਾਰ ਉਮਰ ਕੈਦ ਦਾ ਝੋਰਾ ਮਹਿਸੂਸ ਕਰਦੀ ਹੈ:-

ਰਾਹ ਵਿੱਚ ਤੇਰੀ ਭੱਠੀ ਮਹਿਰੀਏ
ਠੱਗੀ ਦੇ ਤੰਬੂ ਤਾਣੇ
ਮਗਰੋਂ ਆਇਆਂ ਦੇ ਮੂਹਰੇ ਭੁੰਨਦੀ
ਕਰਦੀ ਦਿਲ ਦੇ ਭਾਣੇ
ਕਿਸੇ ਦੀ ਮੱਕੀ ਕਿਸੇ ਦੇ ਛੋਲੇ
ਸਾਡੇ ਮੋਠ ਪੁਰਾਣੇ
ਲੱਤ ਮਾਰ ਤੇਰੀ ਭੱਠੀ ਢਾਹ ਦਿਆਂ
ਰੇਤ ਰਲਾ ਦਿਆਂ ਦਾਣੇ
ਕੈਦਾਂ ਉਮਰ ਦੀਆਂ -
ਕੰਤ ਜਿਨ੍ਹਾਂ ਦੇ ਨਿਆਣੇ

ਅੱਗੋਂ ਨਣਦ ਦੇ ਸੈਆਂ ਤਾਹਨੇ ਗੋਰੀ ਲਈ ਆਫ਼ਤਾਂ ਖੜੀਆਂ ਕਰ ਦਿੰਦੇ ਹਨ: -

ਜੀ ਮੇਰਿਆ ਨਿਆਣਿਆਂ ਢੋਲਿਆ
ਜੀ ਮਾਂ ਨੂੰ ਖਾਣਿਆਂ ਢੋਲਿਆ
ਜੀ ਤੇਰੀ ਕੀ ਮੱਤ ਮਾਰੀ
ਜੇ ਮੈਂ ਜਾਣਾ ਨੀ ਸਈਓ
ਢੋਲਾ ਨਿਆਣਾ ਨੀ ਸਈਓ
ਪਿਓਕੀੰ ਰਹਿੰਦੀ ਨੀ ਕੁਆਰੀ
ਨੀ ਸਹੁਰੀਂ ਦਬਕੇ ਨੇ ਮਾਰੀ
ਕੰਨ ਕਰ ਲਈਂ ਜੀ ਢੋਲਿਆ
ਸਾਨੂੰ ਨਣਦੀ ਟਿਕਣ ਨਾ ਦੇਵੇ
ਜੀ ਨਣਦੀ ਮਾਰਦੀ ਐ ਤਾਹਨੇ
ਅਸੀਂ ਗਏ ਸੱਸੀ ਦੇ ਕੋਲ

ਜੀ ਸੱਸੀ ਨੇ ਇਕ ਨਾ ਮੰਨੀ
ਮਾਂ ਤੇਰੀ ਨੇ ਆਖਿਆ
ਦੇਵਾਂ ਨੀ ਤੈਨੂੰ ਧੜੀ ਨੀ ਪੀਹਣ
ਦੁਸੇਰ ਦਵਾਂ ਪੂਣੀਆਂ
ਤੈਂ ਮੇਰੇ ਪੁੱਤ ਧੀ ਪਾਇਆ ਨੀ ਬਖੇੜਾ

ਕਈ ਵਾਰੀ ਮਾਪੇ ਲਾਲਚ ਕਰਕੇ ਜਾਂ ਘਰੇਲੂ ਆਰਥਕ ਤੰਗੀਆਂ ਦੇ ਕਾਰਨ ਆਪਣੀ ਮਲੂਕ ਜਹੀ ਧੀ ਨੂੰ ਕਿਸੇ ਬੁਢੜੇ ਨਾਲ ਵਿਹਾਹੁਣ ਲੱਗੇ ਦਰੇਗ ਨਹੀਂ ਕਰਦੇ। ਇਕ ਕੂੰਜ ਆਪਣੀ ਦਾਸਤਾਨ ਇਸ ਤਰ੍ਹਾਂ ਬਿਆਨਦੀ ਹੈ: -

ਸੋਲਾਂ ਵਰਸ ਦੀ ਹੋ ਗਈ ਜਦ ਮੈਂ
ਚੜ੍ਹੀ ਜਵਾਨੀ ਘੁੰਮ ਘੁਮਾ ਕੇ
ਬਾਬਲ ਮੇਰੇ ਸੋਚਾਂ ਹੋਈਆਂ
ਨਾਨਕਿਆਂ ਘਰ ਬੈਠਾ ਜਾ ਕੇ
ਦੋਵੇਂ ਲੋਭੀ ਹੋ ਗਏ ਇਕੱਠੇ
ਟੋਲਿਆ ਬੁਢੜਾ ਜਾ ਕੇ
ਇਕ ਦਲਾਲ ਤੇ ਦੂਜਾ ਮਾਲਕ
ਲੈ ਗਏ ਦੰਮ ਟੁਣਕਾ ਕੇ
ਬੁਢੜਾ ਤੋਤਾ ਲੋੜੇ ਮਰਨ ਨੂੰ
ਰੱਖੇ ਮੂੰਹ ਚਮਕਾ ਕੇ
ਬਾਬੇ ਮੇਰੇ ਦਾ ਹਾਣੀ ਜਾਪੇ
ਬੈਠਾ ਉਮਰ ਗੰਵਾ ਕੇ
ਬੁਢੜਾ ਤੇ ਇਕ ਅੱਖੋਂ ਕਾਣਾ
ਤੁਰਦਾ ਪੈਰ ਘਸਾ ਕੇ
ਡਰਨ, ਆਉਂਦਾ ਦੇਖ ਨਿਆਣੇ
ਨਸਦੇ ਜੁੱਤੀਆ ਚਾ ਕੇ
ਬੁੱਢੀਆਂ ਨੱਢੀਆਂ ਦੇਖ ਬੁੱਢੇ ਨੂੰ
ਪਰੇ ਹੋਣ ਸ਼ਰਮਾ ਕੇ
ਮਾਪਿਆਂ ਮੇਰਿਆਂ ਨੇ
ਦੁਖੜੇ ਪਾਤੇ ਵਿਆਹ ਕੇ

ਜਦੋਂ ਗੋਰੀ ਸੁਣਦੀ ਹੈ ਕਿ ਉਹਨੂੰ ਬੁਢੜੇ ਦੇ ਲੜ ਲਾਉਣ ਲੱਗੇ ਹਨ ਤਦ ਉਹਨੂੰ ਕੁਝ ਭਾਉਂਦਾ ਨਹੀਂ, ਹਾਰ ਸ਼ਿੰਗਾਰ ਭੁਲ ਜਾਂਦੇ ਹਨ: -

ਕੁੜਤੀ ਨੀ ਰੀਲ ਦੀਏ

ਨੀ ਤੈਨੂੰ ਕਿਹੜੇ ਬਹਾਨੇ ਪਾਵਾਂ
ਕੁੜਤੀ ਨੀ ਰੀਲ ਦੀ
ਮੁੰਡਾ ਸੁਣੀਂਦਾ ਬੁਢੜਾ ਨੀ
ਕੁੜਤੀ ਨੀ ਰੀਲ ਦੀਏ
ਤੈਨੂੰ ਕਿਹੜੇ ਬਹਾਨੇ ਪਾਵਾਂ

ਬੁਢੇ ਨੂੰ ਗੋਰੀ ਵੇਚਨ ਲਈ ਤੁਰ ਪੈਂਦੀ ਹੈ, ਪਰ ਉਸ ਨੂੰ ਕੋਈ ਉਧਾਰਾ ਲੈ ਕੇ ਵੀ ਰਾਜ਼ੀ ਨਹੀਂ:-

ਕੋਠੇ ਉਤੇ ਕੋਠੜੀ
ਉਤੇ ਬੁੜ੍ਹੇ ਦੀ ਅਟਾਰੀ
ਕੋਠੇ ਚੜ੍ਹਕੇ ਦੇਖਦੀ
ਬੁੜ੍ਹਾ ਪਿਆ ਚਾਦਰ ਤਾਣੀ
ਪੱਲਾ ਚੱਕ ਕੇ ਦੇਖਦੀ
ਮੇਰੇ ਬਾਬੇ ਦਾ ਹਾਣੀ
ਪਟਿਆਰੀ ਚੱਕ ਕੇ ਤੁਰ ਪਈ
ਕੋਈ ਬੁੜ੍ਹੇ ਦਾ ਵਪਾਰੀ
ਬਾਜਾਰ 'ਚ ਹੋਕੇ ਦੇਂਵਦੀ
ਕੋਈ ਲਵੇ ਨਾ ਉਧਾਰਾ

ਗੋਰੀ ਬਗ਼ਾਵਤ ਕਰਨ ਦੇ ਵੀ ਉਪਰਾਲੇ ਕਰਦੀ ਹੈ: -

ਵੱਢ ਲਈਆਂ ਕਣਕਾਂ
ਚੱਕ ਲਏ ਦਾਣੇ
ਮੈਂ ਨੀ ਬਾਪੂ ਜਾਣਾ
ਉਹ ਤਾਂ ਪਿਓ ਪੁੱਤ ਕਾਣੇ

ਪਰ ਗੋਰੀ ਨੂੰ ਕਾਣੇ ਦੇ ਵਸਣਾ ਹੀ ਪੈਂਦਾ ਹੈ। ਇਕ ਸਬਰ ਦਾ ਘੁੱਟ ਭਰ ਕੇ ਗੋਰੀ ਬੈਠ ਜਾਂਦੀ ਹੈ: -

ਕੱਚੀ ਕੈਲ ਨੀ ਲਚਕ ਟੁਟ ਜਾਵਾਂ
ਪੱਲੇ ਪੈਗੀ ਸੂਰਦਾਸ ਦੇ
ਸ਼ਾਇਦ ਇਸੇ ਕਰਕੇ ਕਾਣੇ ਨੂੰ ਗਾਲਾਂ ਮਿਲਦੀਆਂ ਹਨ:
ਆਪੇ ਕਾਣੇ ਨੇ ਸੱਗੀ ਕਰਾਈ

ਆਪੇ ਚੜ੍ਹਾ ਲਿਆ ਥਾਣਾ
ਕਾਣਾ ਬੜਾ ਟੁਟ ਜਾਣਾ
ਨੀ ਨਣਦੀਏ
ਕਾਣਾ ਬੜਾ ਟੁੱਟ ਜਾਣਾ।

ਜੇ ਕਿਸੇ ਦੇ ਮੂਰਖ ਪੱਲੇ ਪੈ ਜਾਵੇ ਤਾਂ ਰੱਬ ਹੀ ਰਾਖਾ। ਲਾਲਾਂ ਦੀਆਂ ਲਾਲੜੀਆਂ ਮੂਰਖ ਦੇ ਹਥ ਰੁਲ ਜਾਂਦੀਆਂ ਹਨ।

ਸੈਣੇ ਸੈਧੇ ਮੇਰੀ ਆਰਸੀ
ਸ਼ੀਸ਼ਾ ਜੜਿਆ ਗੁਜਰਾਤ
ਮੁਰਖ ਪੱਲੇ ਪੈ ਗਿਆ
ਲਾਵਾਂ ਵਾਲੀ ਰਾਤ
ਅਤੇ
ਲਾਲਾਂ ਦੀ ਮੈਂ ਲਾਲੜੀ
ਮੇਰੇ ਲਾਲ ਪੱਲੇ ਪਏ
ਮੂਰਖ ਦੇ ਲੜ ਲਗਕੇ
ਮੇਰੇ ਉਹ ਵੀ ਢੁਲ੍ਹ ਗਏ

ਗੋਰੀ ਆਪਣੇ ਬੁਲ੍ਹੜ ਹਾਣੀ ਦਾ ਮਖੌਲ ਉਡਾਣ ਤੇ ਮਜਬੂਰ ਹੈ: -

ਲੋਕਾਂ ਭਾਣੇ ਬਿੱਲਾ ਕੁੱਟਿਆ
ਬੁਲ੍ਹ੍ੜਾ ਕੁੱਟਿਆ ਸੰਦੂਕਾਂ ਓਹਲੇ
ਸਿਰ ਬੰਨ੍ਹਕੇ ਸੁਨਹਿਰੀ ਸਾਫਾ
ਮੰਜੇ ਉਤੇ ਬਹਿਜਾ ਬੁਲ੍ਹ੍ੜਾ
ਤੈਨੂੰ ਦੇਖਣ ਸਾਈਆਂ ਨੇ ਆਉਣਾ
ਮੰਜੇ ਉਤੇ ਬਹਿਜਾ ਬੁਲ੍ਹੜਾ
ਮਾਏ ਨੀਂ ਕਰਾਦੇ ਸਗਲੇ
ਮੈਂ ਨਾਲ ਬੁਲ੍ਹ੍ੜ ਦੇ ਜਾਣਾ
ਮਾਏਂ ਨੀਂ ਕਰਦੇ ਸਗਲੇ
ਮੂਹਰੇ ਮੂਹਰੇ ਤੁਰ ਬੁਲ੍ਹੜਾ
ਤੇਰੇ ਮਗਰ ਛਣਕਦੀ ਆਵਾਂ
ਮੂਹਰੇ ਮੂਹਰੇ ਤੁਰ ਬੁਲ੍ਹੜਾ

ਇੰਜ ਗੋਰੀ ਨੂੰ ਆਪਣੀ ਮਰਜ਼ੀ ਦਾ ਹਾਣੀ ਨਹੀਂ ਮਿਲਦਾ ਉਹਦੀਆਂ ਕੁਆਰੀਆਂ ਸਧਰਾਂ ਮਸਲ ਦਿੱਤੀਆਂ ਜਾਂਦੀਆਂ ਹਨ। ਗੋਰੀ ਲੋਕ ਕਚਹਿਰੀ ਵਿੱਚ ਲਲਕਾਰ ਉਠਦੀ ਹੈ:

ਤੂੰ ਨੀ ਮੇਰੀ ਮਰਜ਼ੀ ਦਾ
ਤੈਨੂੰ ਵੇਚ ਆਵਾਂ ਬਾਰ੍ਹਮੇ ਦੇਸ
ਤੂੰ ਨੀ ਮੇਰੀ ਮਰਜ਼ੀ ਦਾ
ਤੇਰਾ ਵਟ ਲਾਂ ਪੰਜ ਹਜ਼ਾਰ
ਤੂੰ ਨੀ ਮੇਰੀ ਮਰਜ਼ੀ ਦਾ
ਤੇਰਾ ਕਰਾ ਲਾਂ ਗਲ਼ ਨੂੰ ਹਾਰ
ਤੂੰ ਨੀ ਮੇਰੀ ਮਰਜ਼ੀ ਦਾ
ਤੇਰਾ ਕੱਤਕੇ ਕਰਾਂਵਾਂ ਡੱਬਾ ਖੇਸ
ਤੂੰ ਨੀ ਮੇਰੀ ਮਰਜ਼ੀ ਦਾ

ਕਦੋਂ ਤੀਕਰ ਪੰਜਾਬ ਦੀ ਗੋਰੀ ਨਾਲ਼ ਇਸ ਤਰ੍ਹਾਂ ਅਨਿਆ ਹੁੰਦੇ ਰਹਿਣਗੇ? ਨਹੀਂ ਇੰਜ ਨਹੀਂ ਹੋ ਸਕਦਾ। ਧੀਆਂ ਹੁਣ ਗਊਆਂ ਨਹੀਂ ਸਮਝੀਆਂ ਜਾ ਸਕਣਗੀਆਂ। ਲੋਕ ਕਚਹਿਰੀ ਧੀਆਂ ਦਾ ਸਦਾ ਪੱਖ ਪੂਰੇਗੀ। ਅਸਾਂ ਤੇ ਕੱਲਰਾਈ ਧਰਤੀ ਤੇ ਸੂਹੇ ਗੁਲਾਬ ਖੜਾਣੇ ਹਨ। ਇਹ ਸਭ ਤਦ ਹੀ ਹੋ ਸਕੇਗਾ ਜਦੋਂ ਹੁਸੀਨ ਹਾਣੀ ਆਪਣਾ ਹੁਸੀਨ ਹਾਣ ਮਾਨਣਗੇ। ਉਦੋਂ ਇਹ ਧਰਤੀ ਸਵਰਗ ਬਣ ਜਾਏਗੀ, ਗੋਰੀ ਮੁਸਕਾਨਾਂ ਵਖੇਰੇ ਗੀ: -

ਵੇ ਮੈਂ ਤੇਰੀ ਆਂ ਨਣਦ ਦਿਆ ਵੀਰਾ
ਜੁੱਤੀ ਉਤੋਂ ਜਗ ਵਾਰਿਆ