ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਗੋਰੀ ਦਾ ਪੁੰਨੂੰ

ਗੋਰੀ ਦਾ ਪੰਨੂੰ

 ਨਾਜ਼ਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ ਸ਼ਿੰਗਾਰੇ
ਬਾਲੂ ਰੇਤ ਤਪੇ ਵਿੱਚ ਥਲ ਦੇ
ਜਿਊਂ ਜੌਂ ਭੁੰਨਣ ਭੱਠਿਆਰੇ
ਸੂਰਜ ਭੱਜ ਵੜਿਆ ਵਿੱਚ ਬਦਲੀਂ
ਡਰਦਾ ਲਿਸ਼ਕ ਨਾ ਮਾਰੇ
ਹਾਸ਼ਮ ਵੇਖ ਯਕੀਨ ਜੱਸੀ ਦਾ
ਸਿਦਕੋ ਮੂਲ ਨਾ ਹਾਰੇ।

ਸੱਸੀ ਪੁੰਨੂੰ ਸਿੰਧ ਦੇ ਇਲਾਕੇ ਦੀ ਪ੍ਰੀਤ ਕਥਾ ਹੈ। ਕਹਿੰਦੇ ਹਨ ਕੋਈ ਸੱਤ ਕੁ ਸੌ ਵਰ੍ਹੇ ਪਹਿਲਾਂ ਭੰਬੋਰ ਸ਼ਹਿਰ ਵਿਖੇ ਰਾਜਾ ਆਦਿਮ ਖਾਨ ਰਾਜ ਕਰਦਾ ਸੀ। ਬੰਦਾ ਬੜਾ ਨੇਕ ਬਖਤ ਸੀ ਪਰ ਉਸ ਦੇ ਘਰ ਔਲਾਦ ਕੋਈ ਨਾ ਸੀ। ਕਈ ਮੰਨਤਾਂ ਮੰਨ ਕੇ ਆਖਰ ਇਕ ਧੀ ਨੇ ਉਹਦੇ ਘਰ ਜਨਮ ਲਿਆ। ਧੀ ਦਾ ਨਾਂ ਉਨ੍ਹਾਂ ਸੱਸੀ ਰੱਖਿਆ। ਉਸ ਸਮੇਂ ਦੇ ਰਿਵਾਜ ਅਨੁਸਾਰ ਰਾਜੇ ਨੇ ਨਜੂਮੀਆਂ ਪਾਸੋਂ ਸੱਸੀ ਦੇ ਭਵਿਖਤ ਬਾਰੇ ਪੁੱਛਿਆ! ਉਨ੍ਹਾਂ ਵਹਿਮ ਪਾ ਦਿੱਤਾ ਕਿ ਸੱਸੀ ਆਪਣੀ ਜਵਾਨੀ ਦੇ ਦਿਨਾਂ ਵਿੱਚ ਇਕ ਮਨਚਲੇ ਨੌਜਵਾਨ ਪਿੱਛੇ ਥਲਾਂ ਵਿੱਚ ਮਰ ਜਾਵੇਗੀ। ਰਾਜੇ ਨੇ ਆਪਣੀ ਬਦਨਾਮੀ ਤੋਂ ਡਰਦਿਆਂ ਪਹਿਲਾਂ ਸੱਸੀ ਨੂੰ ਜ਼ਹਿਰ ਦੇਣਾ ਚਾਹਿਆ ਪਰ ਮਗਰੋਂ ਉਹਨੂੰ ਇਕ ਸੰਦੂਕ ਵਿੱਚ ਬੰਦ ਕਰਕੇ ਦਰਿਆ ਸਿੰਧ ਵਿੱਚ ਰੋੜ੍ਹ ਦਿੱਤਾ!

ਭੰਬੋਰ ਸ਼ਹਿਰ ਤੋਂ ਬਾਹਰ ਅੱਤਾ ਨਾਮੀ ਧੋਬੀ ਕਪੜੇ ਧੋ ਰਿਹਾ ਸੀ। ਰੁੜ੍ਹਦਾ ਜਾਂਦਾ ਸੰਦੂਕ ਉਹਦੀ ਨਿਗਾਹ ਪਿਆ। ਸੰਦੂਕ ਉਹਨੇ ਫੜ ਲਿਆ। ਕੀ ਵੇਖਦੇ ਹਨ = ਇਕ ਪਿਆਰਾ ਬੱਚਾ ਵਿੱਚ ਪਿਆ ਅਗੂਠਾ ਚੁੰਘ ਰਿਹਾ ਹੈ! ਧੋਬੀ ਦੇ ਕੋਈ ਔਲਾਦ ਨਹੀਂ ਸੀ! ਬੱਚਾ ਪ੍ਰਾਪਤ ਕਰਕੇ ਧੋਬੀ ਅਤੇ ਧੋਬਣ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਅਤੇ ਇਸ ਨੂੰ ਰੱਬੀ ਦਾਤ ਸਮਝ ਕੇ ਉਹਦੀ ਪਾਲਣਾ ਕਰਨ ਲੱਗੇ। ਉਹ ਇਹ ਨਹੀਂ ਸੀ ਜਾਣਦੇ ਕਿ ਇਹ ਭੰਬੋਰ ਦੇ ਹਾਕਮ ਦੀ ਬੇਟੀ ਹੈ।

ਸੱਸੀ ਧੋਬੀਆਂ ਦੇ ਘਰ ਜਵਾਨ ਹੋ ਗਈ। ਉਹਦੇ ਹੁਸਨ ਦੀ ਚਰਚਾ ਘਰ ਘਰ ਹੋਣ ਲੱਗ ਪਈ। ਰਾਜੇ ਦੇ ਕੰਨੀ ਵੀ ਏਸ ਦੀ ਭਣਿਕ ਪੈ ਗਈ। ਉਹਨੂੰ ਮਹਿਲੀਂ ਸੱਦਿਆ ਗਿਆ ਪਰੰਤੂ ਸੱਸੀ ਨੂੰ ਆਪੂੰ ਜਾਣ ਦੀ ਥਾਂ ਆਪਣੇ ਗਲ ਦਾ ਤਵੀਤ ਘੱਲ ਦਿੱਤਾ। ਰਾਜੇ ਨੇ ਤਵੀਤ ਪਛਾਣ ਲਿਆ। ਆਦਿਮ ਖਾਨ ਆਪ ਚਲ ਕੇ ਧੋਬੀਆਂ ਦੇ ਘਰ ਆਇਆ ਪਰ ਸੱਸੀ ਮਹਿਲੀਂ ਜਾਣ ਲਈ ਤਿਆਰ ਨਾ ਹੋਈ।

ਭੰਬੋਰ ਸ਼ਹਿਰ ਵਿੱਚ ਇਕ ਰਸੀਏ ਸੁਦਾਗਰ ਦਾ ਬੜਾ ਸ਼ਾਨਦਾਰ ਮਹਿਲ ਪਵਾਇਆ ਹੋਇਆ ਸੀ। ਉਸ ਮਹਿਲ ਦੇ ਇਕ ਕਮਰੇ ਵਿੱਚ ਸਾਰੇ ਦੇਸਾਂ ਦੇ ਸ਼ਾਹਿਜ਼ਾਦਿਆਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ। ਸਾਰਾ ਸ਼ਹਿਰ ਉਨ੍ਹਾਂ ਨੂੰ ਵੇਖ ਰਿਹਾ ਸੀ। ਸੱਸੀ ਵੀ ਆਪਣੀਆਂ ਸਹੇਲੀਆਂ ਸਮੇਤ ਉਥੇ ਪੁੱਜੀ। ਪਰ ਉਹ ਇਕ ਪਿਆਰਾ ਮੁਖੜਾ ਵੇਖ ਆਪਣਾ ਦਿਲ ਦੇ ਬੈਠੀ। ਇਹ ਤਸਵੀਰ ਬਲੋਚਿਸਤਾਨ ਦੇ ਇਲਾਕੇ ਮਿਕਰਾਨ ਦੇ ਸ਼ਾਹਜ਼ਾਦੇ ਪੁੰਨੂੰ ਦੀ ਸੀ।

ਮਕਰਾਨ ਦੇ ਸੌਦਾਗਰ ਭੰਬੋਰ ਆਮ ਵਪਾਰ ਲਈ ਆਇਆ ਕਰਦੇ ਸਨ। ਉਹ ਪੁੰਨੂੰ ਪਾਸ ਸੱਸੀ ਦੇ ਹੁਸਨ ਦੀਆਂ ਬਾਤਾਂ ਪਾਉਂਦੇ। ਪੁੰਨੂੰ ਸੱਸੀ ਨੂੰ ਬਿਨਾਂ ਵੇਖੇ ਉਸ ਤੇ ਮੋਹਤ ਹੋ ਗਿਆ ਤੇ ਇਕ ਦਿਨ ਕਾਫਲੇ ਨਾਲ ਆਪਣੇ ਮਾਪਿਆਂ ਤੋਂ ਚੋਰੀ ਭੰਬੋਰ ਆਣ ਪੁੱਜਾ ਤੇ ਸੱਸੀ ਦੇ ਬਾਪ ਕੋਲ ਆ ਨੌਕਰ ਹੋਇਆ। ਸੱਸੀ ਪੁੰਨੂੰ ਪਿਆਰ ਮਿਲਣੀਆਂ ਮਾਣਦੇ ਰਹੇ ਅਤੇ ਭੰਬੋਰ ਸ਼ਹਿਰ ਵਿੱਚ ਉਨ੍ਹਾਂ ਦਾ ਪਿਆਰ ਮਹਿਕਾਂ ਵੰਡਦਾ ਰਿਹਾ।

ਪੁੰਨੂੰ ਦੇ ਭਰਾ ਉਸ ਨੂੰ ਲੱਭਦੇ ਲੱਭਦੇ ਭੰਬੋਰ ਜਾ ਪੁੱਜੇ। ਉਹ ਰਾਤ ਸੱਸੀ ਦੇ ਘਰ ਠਹਿਰੇ। ਰਾਤ ਸਮੇਂ ਉਨ੍ਹਾਂ ਨੇ ਪੁੰਨੂੰ ਨੂੰ ਨਸ਼ੇ ਵਿੱਚ ਬੇਹੋਸ਼ ਕਰਕੇ ਉੱਠ ਤੇ ਲੱਦ ਲਿਆ ਤੇ ਰਾਤੋ ਰਾਤ ਆਪਣੇ ਸ਼ਹਿਰ ਕੀਚ ਨੂੰ ਚਾਲੇ ਪਾ ਲਏ।

ਸੱਸੀ ਦੀ ਸਵੇਰੇ ਜਾਗ ਖੁਲ੍ਹੀ। ਵੇਖਿਆ ਉਹਦਾ ਪੁੰਨੂੰ ਓਥੇ ਹੈ ਨਹੀਂ ਸੀ। ਉਹ ਮਗਰੋਂ ਡਾਚੀ ਦਾ ਖੁਰਾ ਫੜਦੀ ਨੱਸ ਤੁਰੀ ਤੇ ਸਹਿਰਾ ਦੇ ਤਪਦੇ ਰੇਤ ਵਿਚ ਪੁੰਨੂੰ ਪੁੰਨੂੰ ਕੂਕਦੀ ਮਰ ਗਈ।

ਦੂਜੇ ਬੰਨੇ ਸਵੇਰ ਸਾਰ ਪੁੰਨੂੰ ਨੂੰ ਹੋਸ਼ ਪਰਤੀ। ਉਹਨੇ ਡਾਚੀ ਉਪਰੋਂ ਛਾਲ ਮਾਰ ਦਿੱਤੀ ਤੇ ਓਸੇ ਪੈਰੀਂ ਵਾਪਸ ਮੁੜ ਪਿਆ। ਅੱਗ ਵਰ੍ਹਾਉਂਦੇ ਮਾਰੂਥਲ ਵਿੱਚ ਉਹ ਤੜਪਦੀ ਸੱਸੀ ਪਾਸ ਪੁੱਜਾ ਤੇ ਉਸ ਦੇ ਨਾਲ਼ ਹੀ ਪਰਾਣ ਤਿਆਗ ਦਿੱਤੇ।

ਪੰਜਾਬ ਦੀ ਗੋਰੀ ਦੇ ਮਨ ਉੱਤੇ ਇਸ ਦਰਦਾਂ ਭਰੀ ਕਹਾਣੀ ਦਾ ਬੜਾ ਪਰਭਾਵ ਪਿਆ ਹੈ। ਉਸ ਨੇ ਪੁੰਨੂੰ ਨੂੰ ਬੇਹੋਸ਼ ਕਰਕੇ ਸੱਸੀ ਪਾਸੋਂ ਚੋਰੀ ਜ਼ਬਰਦਸਤੀ ਲਜਾਏ ਜਾਣ ਦੇ ਵਿਰਤਾਂਤ ਨੂੰ ਬੜੇ ਦਿਲ ਵਿੰਨ੍ਹਵੇਂ ਸ਼ਬਦਾਂ ਵਿੱਚ ਉਲੀਕਿਆ ਹੈ।

ਚਰਖਾ ਕਤੇਂਦੀ ਗੋਰੀ ਨੂੰ ਆਪਣੇ ਪੁੰਨੂੰ ਦੀ ਯਾਦ ਆ ਜਾਂਦੀ ਹੈ: 

 ਲਠ ਚਰਖੇ ਦੀ ਹਿਲਦੀ ਜੁਲਦੀ
ਮਾਲ੍ਹਾਂ ਬਾਹਲੀਆਂ ਖਾਵੇ
ਸਭਨਾਂ ਸਈਆਂ ਨੇ ਭਰ ਲਏ ਛਿੱਕੂ
ਮੈਥੋਂ ਕੱਤਿਆ ਮੂਲ ਨਾ ਜਾਵੇ
ਚਰਖਾ ਕਿਵੇਂ ਕੁੱਤਾਂ
ਮੇਰਾ ਮਨ ਪੰਨੂੰ ਵਲ ਧਾਵੇ।

ਤ੍ਰਿੰਜਣ ਕੱਤਦੀਆਂ ’ਚ ਕੋਈ ਜਣੀ ਸੱਸੀ ਪੁੰਨੂੰ ਦਾ ਗੀਤ ਛੂਹ ਬਹਿੰਦੀ ਹੈ:-

 ਉੱਚੀਆਂ ਲੰਬੀਆਂ ਟਾਹਲੀਆਂ
ਵਿੱਚ ਗੁਜਰੀ ਦੀ ਪੀਂਘ ਵੇ ਮਾਹੀਆ
ਪੀਂਘ ਝੂਟੇਦੇ ਦੋ ਜਣੇ
ਆਸ਼ਕ ਤੇ ਮਾਸ਼ੂਕ ਵੇ ਮਾਹੀਆ
ਪੀਂਘ ਝੁਟੈਂਦੇ ਢਹਿ ਪਏ
ਹੋ ਗਏ ਚਕਨਾ ਚੂਰ ਵੇ ਮਾਹੀਆ
ਸੱਸੀ ਤੇ ਪੁੰਨੂੰ ਰਲ ਸੁੱਤੇ
ਮੁਖ ਤੇ ਪਾਕੇ ਰੁਮਾਲ ਵੇ ਮਾਹੀਆ
ਸੱਸੀ ਜੁ ਪਾਸਾ ਮੋੜਿਆ
ਪੁੰਨੂੰ ਤਾਂ ਹੈ ਨੀ ਨਾਲ ਵੇ ਮਾਹੀਆ
ਜੇ ਮੈਂ ਹੁੰਦੀ ਜਾਗਦੀ
ਜਾਂਦੇ ਨੂੰ ਲੈਂਦੀ ਮੋੜ ਵੇ ਮਾਹੀਆ
ਮਗਰੋਂ ਸੱਸੀ ਤੁਰ ਪਈ
ਮੈਂ ਵੀ ਚਲਸਾਂ ਤੋੜ ਵੇ ਮਾਹੀਆ

ਗੀਤ ਸੁਣ ਕੇ ਕਿਸੇ ਨਾਜੋ ਨੂੰ ਆਪਣੇ ਪੁੰਨੂੰ ਦਾ ਖ਼ਿਆਲ ਆ ਜਾਂਦਾ ਹੈ। ਮਤੇ ਉਹ ਵੀ ਉਸ ਨੂੰ ਛੱਡ ਕੇ ਕਿਧਰੇ ਤੁਰ ਜਾਵੇ। ਉਹ ਆਪਣੇ ਦਿਲ ਦੇ ਮਹਿਰਮ ਅੱਗੇ ਅਰਜੋਈ ਕਰਦੀ ਹੈ:-

 ਆਪਣੇ ਕੋਠੇ ਮੈਂ ਖੜੀ
ਪੁੰਨੂੰ ਖੜਾ ਮਸੀਤ ਵੇ
ਭਰ ਭਰ ਅੱਖੀਆਂ ਡੋਲ੍ਹਦੀ
ਨੈਣੀਂ ਲੱਗੀ ਪ੍ਰੀਤ ਵੇ



ਹਾਏ ਵੇ ਪੁੰਨੂੰ ਜ਼ਾਲਮਾ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ
ਉਠ ਨੀ ਮਾਏਂ ਸੁੱਤੀਏ
ਚੁਲ੍ਹੇ ਅੱਗ ਨੀ ਪਾ
ਜਾਂਦੇ ਪੁੰਨੂੰ ਨੂੰ ਘੇਰ ਕੇ
ਕੋਈ ਭੋਜਨ ਦਈਂ ਛਕਾ
ਹਾਏ ਵੇ ਪੁੰਨੂੰ ਜ਼ਾਲਮਾ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।
ਉਠ ਨੀ ਭਾਬੋ ਸੁੱਤੀਏ
ਦੁੱਧ ਮਧਾਣੀ ਪਾ
ਜਾਂਦੇ ਪੁੰਨੂੰ ਘੇਰ ਕੇ
ਮੱਖਣ ਦਈਂ ਛਕਾ
ਹਾਏ ਵੇ ਪੁੰਨੂੰ ਜ਼ਾਲਮਾ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ।
ਉਠ ਵੇ ਵੀਰਾ ਸੁੱਤਿਆ
ਕੋਈ ਪੱਕਾ ਮਹਿਲ ਚੁਣਾ
ਵਿੱਚ ਵਿੱਚ ਰਖ ਦੇ ਮੋਰੀਆਂ
ਦੇਖਾਂ ਪੁੰਨੂੰ ਦਾ ਰਾਹ
ਹਾਏ ਵੇ ਪੁੰਨੂੰ ਜ਼ਾਲਮਾ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੱਡਕੇ ਨਾ ਜਾਈਂ ਵੇ।
ਬਾਰਾਂ ਪਿੰਡਾਂ ਦੇ ਚੌਧਰੀ
ਕੋਠੇ ਲਵਾਂ ਚੜ੍ਹਾ
ਚੰਗੇ ਜਿਹੇ ਨੂੰ ਦੇਖ ਕੇ
ਤੈਨੂੰ ਦੇਵਾਂ ਵਿਆਹ
ਹਾਏ ਵੇ ਪੁੰਨੂੰ ਜ਼ਾਲਮਾ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ।
ਬਾਰਾਂ ਪਿੰਡਾਂ ਦੇ ਚੌਧਰੀ



 ਕੋਠੇ ਲਈਂ ਚੜ੍ਹਾ
ਚੰਗੇ ਜਿਹੇ ਨੂੰ ਦੇਖ ਕੇ
ਮੈਥੋਂ ਛੋਟੀ ਨੂੰ ਲਈਂ ਵਿਆਹ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ।

ਪਰ ਪ੍ਰਦੇਸੀ ਪੁਨੂੰ ਨੂੰ ਲਾਦੀ ਲਦਕੇ ਲੈ ਜਾਂਦੇ ਹਨ। ਗੋਰੀ ਨੂੰ ਉਸਦੀ ਮਾਂ ਪੁੰਨੂੰ ਦਾ ਪਿੱਛਾ ਕਰਨ ਤੋਂ ਹੋੜਦੀ ਹੈ:-

 ਲਾਦੀ ਲਦੇ ਗਏ
ਕੀਲੇ ਪਟ ਗਏ
ਭਾਵੇਂ ਮਾਏਂ ਸੁਣੇ
ਭਾਵੇਂ ਪਿਓ ਸੁਣੇ
ਮੈਂ ਤਾਂ ਉਠ ਜਾਣੈ
ਨਾਲ਼ ਲਾਦੀਆਂ ਦੇ
ਅੰਦਰ ਬੜ ਜਾਂ ਧੀਏ
ਗੱਲਾਂ ਕਰਲੈ ਧੀਏ
ਅਸੀਂ ਪੱਟ ਦਿੱਤੇ
ਇਨ੍ਹਾਂ ਲਾਦੀਆਂ ਨੇ
ਬੇਲਾਂ ਢੂੰਡ ਫਿਰੀ
ਅੱਖਾਂ ਲਾਲ ਹੋਈਆਂ
ਪੰਘੂੜਾ ਭੰਨ ਸੁੱਟਿਆਂ
ਲਾਲ ਬਾਰੀਆਂ ਦਾ।

ਗੋਰੀ ਕਲਾਲਾਂ ਨੂੰ ਦੁਰਾ ਸੀਸਾਂ ਦੇਂਦੀ ਹੈ ਜਿਨ੍ਹਾਂ ਨੇ ਉਸ ਦੇ ਪੁੰਨੂੰ ਨੂੰ ਸ਼ਰਾਬੀ ਕਰਕੇ ਬੇਹੋਸ਼ ਕਰਕੇ ਉਸ ਨਾਲ਼ੋਂ ਵਿਛੋੜ ਲਿਆ:-

 ਮਰਨ ਕਲਾਲ ਜਗ ਹੋਵਣ ਥੋੜੇ
ਮੇਰਾ ਪੁੰਨੂੰ ਸ਼ਰਾਬੀ ਕੀਤਾ
ਸ਼ਹਿਰ ਭੰਬੋਰ ਦੀਆਂ ਭੀੜੀਆਂ ਗਲੀਆਂ
ਪੁੰਨੂੰ ਲੰਘ ਗਿਆ ਚੁੱਪ ਕੀਤਾ



ਇਕ ਅਫ਼ਸੋਸ ਰਹਿ ਗਿਆ ਦਿਲ ਮੇਰੇ
ਹੱਥੀਂ ਯਾਰ ਵਿਦਾ ਨਾ ਕੀਤਾ

ਉਹ ਉੱਠ ਨੂੰ ਵੀ ਕੋਸਦੀ ਹੈ ਜਿਸ ਤੇ ਪੁੰਨੂੰ ਨੂੰ ਉਸ ਦੇ ਭਰਾ ਲਦ ਕੇ ਲੈ ਖੜੇ ਸਨ:-

ਵੇ ਤੂੰ ਮਰ ਜਾਏਂ ਉਠਾ ਅੜਿਆ ਵੇ
ਤੂੰ ਯਾਰ ਮੇਰਾ ਚੁਕ ਖੜਿਆ
ਬੇ-ਦਰਦਾਂ ਨੂੰ ਤਰਸ ਨਾ ਆਇਆ
ਪੁੰਨੂੰ ਵਸ ਬਲੋਚਾਂ ਪਾਇਆ
ਤੇ ਨਾਲ਼ ਰੱਸੀ ਦੇ ਕੜਿਆ
ਇਸ਼ਕ ਨਾ ਚਲਣ ਦਏ ਚਲਾਕੀ
ਏਸ ਫਸਾਇਆ ਨੂਰੀ ਖਾਕੀ
ਵਿੱਚ ਜੋ ਇਸਦੇ ਵੜਿਆ।

ਰਾਤ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਬੇਹੋਸ਼ ਕਰਕੇ ਜਦ ਪੁੰਨੂੰ ਦੇ ਭਰਾ ਪੁੰਨੂੰ ਨੂੰ ਡਾਚੀ ਉੱਤੇ ਲਟਕੇ ਆਪਣੇ ਦੇਸ਼ ਨੂੰ ਲੈ ਤੁਰਦੇ ਹਨ ਤਦ ਸਵੇਰੇ ਸੱਸੀ ਨੂੰ ਇਸ ਸਾਜ਼ਸ਼ ਦਾ ਪਤਾ ਲਗਦਾ ਹੈ। ਉਹ ਪੁੰਨੂੰ ਪੁੰਨੂੰ ਕੁਕਦੀ ਡਾਚੀ ਦਾ ਖੁਰਾ ਫੜਕੇ ਮਗਰੇ ਨੱਸ ਟੁਰਦੀ ਹੈ। ਸੱਸੀ ਦੀ ਉਸ ਸਮੇਂ ਦੀ ਬਿਰਹਾ ਦਸ਼ਾ ਨੂੰ ਪੰਜਾਬ ਦੀ ਗੋਰੀ ਇਸ ਤਰ੍ਹਾਂ ਬਿਆਨ ਕਰਦੀ ਹੈ:-

ਸੱਸੀ ਤੇਰੇ ਬਾਗ਼ ਵਿੱਚ ਉਤਰੇ ਲੁਟੇਰੇ
ਬਲੋਚਾ ਜ਼ਾਲਮਾ ਸੁਣ ਵੈਣ ਮੇਰੇ
ਤੱਤੀ ਸੀ ਰੇਤ ਸੜ ਗਏ ਪੈਰ ਮੇਰੇ
ਕਿਧਰ ਗਏ ਕੌਲ ਇਕਰਾਰ ਤੇਰੇ
ਬਲੋਚਾ ਜ਼ਾਲਮਾ ਸੁਣ ਵੈਣ ਮੇਰੇ
ਕਚਾਵਾ ਯਾਰ ਦਾ ਦੋ ਨੈਣ ਮੇਰੇ
ਬਲੋਚਾ ਜ਼ਾਲਮਾ ਸਮਝ ਨਜ਼ਰ ਨੂੰ
ਕਿ ਨਜ਼ਰਾਂ ਤੇਰੀਆਂ ਪਾੜਨ ਪੱਥਰ ਨੂੰ
ਸੱਸੀ ਤੇਰੇ ਬਾਗ ਵਿੱਚ ਮਿਰਚਾਂ ਦਾ ਬੂਟਾ
ਨੀ ਉਹ ਲੱਗਾ ਜਾਂਦੜਾ ਕੌਲਾਂ ਦਾ ਝੂਠਾ
ਸੱਸੀ ਤੇਰੇ ਬਾਗ ਵਿੱਚ ਘੁੱਗੀਆਂ ਦਾ ਜੋੜਾ



ਕਿ ਚੰਦਰੀ ਨੀਂਦ ਨੇ ਪਾਇਆ ਵਿਛੋੜਾ
ਸੱਸੀ ਤੇਰੇ ਬਾਗ ਵਿੱਚ ਉੱਤਰੇ ਵਪਾਰੀ
ਆਪੇ ਤੁਰ ਜਾਣ ਗੇ ਕਰਕੇ ਤਿਆਰੀ
ਬਲੋਚਾ ਜ਼ਾਲਮਾ ਨਾ ਮਾਰ ਤਾਹਨੇ
ਰੱਬ ਦੇ ਵਾਸਤੇ ਮਿਲ ਜਾ ਮਦਾਨੇ
ਬਲੋਚਾ ਜ਼ਾਲਮਾ ਨਾ ਮਾਰ ਸੀਟੀ
ਅੱਲਾ ਦੇ ਵਾਸਤੇ ਮਿਲ ਜਾ ਮਸੀਤੀਂ

ਪੁਨੂੰ ਦੇ ਤੁਰ ਜਾਣ ਤੇ ਸੱਸੀ ਦੀ ਮਾਂ ਸੱਸੀ ਨੂੰ ਦਿਲਾਸਾ ਦਿੰਦੀ ਹੋਈ ਸਮਝਾਉਂਦੀ ਹੈ ਕਿ ਚੰਗਾ ਹੋਇਆ ਕੌਲੇ ਦੀ ਬਲਾ ਟਲ ਗਈ ਹੈ। ਗੀਤ ਦੇ ਬੋਲ ਹਨ:-

ਮੈਂ ਵੱਟ ਲਿਆਵਾਂ ਪੂਣੀਆਂ
ਧੀਏ ਚਰਖੇ ਨੂੰ ਚਿੱਤ ਲਾ
ਜਾਂਦੇ ਪੁੰਨੂੰ ਨੂੰ ਜਾਣਦੇ
ਧੀਏ ਕੌਲੇ ਦੀ ਗਈ ਨਾ ਬਲਾ

ਅੱਗ ਲਾਵਾਂ ਤੇਰੀਆਂ ਪੂਣੀਆਂ
ਚਰਖੇ ਨੂੰ ਨਦੀ ਨੀ ਹੜ੍ਹਾ
ਜਾਨ ਤਾਂ ਮੇਰੀ ਲੈ ਗਿਆ
ਨੀ ਚੀਰੇ ਦੇ ਲੜ ਲਾ
ਜਾਂਦੇ ਪੁੰਨੂੰ ਨੂੰ ਮੋੜ ਲੈ

ਸੂਟ ਸਮਾਵਾਂ ਰੇਸ਼ਮੀ
ਚੁੰਨੀਆਂ ਦੇਵਾਂ ਨੀ ਰੰਗਾ
ਜਾਂਦੇ ਪੁੰਨੂੰ ਨੂੰ ਜਾਣਦੇ
ਧੀਏ ਕੌਲੇ ਦੀ ਗਈ ਨੀ ਬਲਾ

ਅੱਗ ਲਾਵਾਂ ਤੇਰੇ ਸੂਟ ਨੂੰ
ਚੁੰਨੀਆਂ ਦੋਵਾਂ ਨੀ ਮਚਾ
ਜਾਨ ਤਾਂ ਮੇਰੀ ਲੈ ਗਿਆ



ਚੀਰੇ ਦੇ ਲੜ ਲਾ
ਨੀ ਜਾਂਦੇ ਪੰਨੂੰ ਨੂੰ ਮੋੜ ਲੈ।

ਬੂਰੀ ਜਹੀ ਮੱਝ ਲੈ ਦਿਆਂ
ਧੀਏ ਮੱਖਣਾਂ ਨਾਲ ਟੁੱਕ ਖਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਕੌਲੇ ਦੀ ਗਈ ਨਾ ਬਲਾ

ਅੱਗ ਲਾਵਾਂ ਤੇਰੀ ਮੱਖਣੀ
ਬੂਰੀ ਨੂੰ ਅੱਗ ਨਾ ਰਲ਼ਾ
ਜਾਨ ਤਾਂ ਮੇਰੀ ਲੈ ਗਿਆ
ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਰੋਕ ਲੈ

ਗੀਤ ਦੇ ਦਰਦੀਲੇ ਬੋਲ ਸੁਣਕੇ ਕਿਸੇ ਵਿਰਹਾ ਕੁੱਠੀ ਦੇ ਨੈਣਾਂ ਵਿਚੋਂ ਮੋਤੀ ਝਰ ਝਰ ਪੈਂਦੇ ਹਨ... ਗਲਾ ਭਰ ਭਰ ਆਉਂਦਾ ਹੈ... ਕਿਧਰੇ ਹਾਉਕਾ ਉਭਰਦਾ ਹੈ ਕਿਧਰੇ ਇਕ ਚੀਸ ਪੈਦਾ ਹੁੰਦੀ ਹੈ - ਦਰਦੀਲੇ ਬੋਲਾਂ ਦਾ ਮੁੜ ਜਨਮ ਹੁੰਦਾ ਹੈ:-

ਥਲ ਵੀ ਤੱਤਾ ਮੈਂ ਵੀ ਤੱਤੀ
ਤੱਤੇ ਨੈਣਾਂ ਦੇ ਡੇਲੇ
ਰੱਬਾ ਕੇਰਾਂ ਦਸ ਤਾਂ ਸਹੀ
ਕਦੋਂ ਹੋਣਗੇ ਪੁੰਨੂੰ ਨਾਲ ਮੇਲੇ

ਮੈਂ ਪੁੰਨੂੰ ਦੀ ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਵੇ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ

ਇੰਜ ਪੰਜਾਬ ਦੀ ਗੋਰੀ ਦੇ ਹੋਠਾਂ ਤੇ ਸੱਸੀ ਪੁੰਨੂੰ ਦੀ ਗਾਥਾ ਅਗਾਂਹ ਟੁਰਦੀ ਹੈ। ਪਤਾ ਨਹੀਂ ਕਿੰਨਾ ਸਮਾਂ ਹੋਰ ਇਹ ਪੰਜਾਬ ਦੀ ਗੋਰੀ ਦਾ ਦਰਦ ਬਿਆਨ ਕਰਦੀ ਰਹੇਗੀ।