ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਝਨਾਂ ਦੀ ਨਾਇਕਾ

ਝਨਾਂ ਦੀ ਨਾਇਕਾ

ਸੋਹਣੀ ਮਹੀਂਵਾਲ ਦੇ ਦੁਖਾਂਤ ਤੋਂ ਭਲਾ ਕਿਹੜਾ ਪੰਜਾਬੀ ਜਾਣੂੰ ਨਹੀਂ? ਇਸ ਪ੍ਰੀਤ ਕਥਾ ਨੂੰ ਪੰਜਾਬੀ ਬੜੀਆਂ ਲਟਕਾਂ ਨਾਲ ਗਾਉਂਦੇ ਹਨ।

ਬਲਖ ਬੁਖਾਰੇ ਦੇ ਇਕ ਅਮੀਰ ਮਿਰਜ਼ਾ ਅਲੀ ਦਾ ਨੌਜਵਾਨ ਪੁੱਤਰ ਇਜ਼ਤ ਬੇਗ ਪੰਜਾਬ ਵਿੱਚ ਵਪਾਰ ਕਰਨ ਦੀ ਨੀਤ ਨਾਲ ਆਇਆ। ਉਹ ਗੁਜਰਾਤ ਦੇ ਇਕ ਘੁਮਾਰ ਤੁਲੇ ਦੀ ਧੀ ਸੋਹਣੀ ਤੇ ਫ਼ਿਦਾ ਹੋ ਗਿਆ। ਉਹਨੇ ਸੋਹਣੀ ਦੀ ਖਾਤਰ ਗੁਜਰਾਤ ਵਿੱਚ ਹੀ ਇਕ ਭਾਂਡਿਆਂ ਦੀ ਦੁਕਾਨ ਪਾ ਲਈ। ਉਹ ਹਰ ਰੋਜ ਸੋਹਣੀ ਨੂੰ ਤੱਕਣ ਲਈ ਭਾਂਡੇ ਖਰੀਦਣ ਦੇ ਪੱਚ ਤੁਲੇ ਦੀ ਹੱਟੀ ਤੇ ਜਾਂਦਾ। ਆਖਰ ਵਪਾਰ ਵਿੱਚ ਇਜ਼ਤ ਬੇਗ ਨੂੰ ਐਨਾ ਘਾਟਾ ਪੈ ਗਿਆ ਕਿ ਉਸ ਨੂੰ ਮਜਬੂਰ ਹੋਕੇ ਤੁੱਲੇ ਦੇ ਘਰ ਹੀ ਮੱਝਾਂ ਚਾਰਨ ਤੇ ਨੌਕਰੀ ਕਰਨੀ ਪੈ ਗਈ। ਉਹ ਹਰ ਰੋਜ਼ ਮੱਝੀਆਂ ਚਾਰਨ ਜਾਂਦਾ ਮਗਰੇ ਸੋਹਣੀ ਭੱਤਾ ਲੈ ਟੁਰਦੀ। ਇਜ਼ਤਬੇਗ ਤੋਂ ਉਹ ਹੁਣ ਮਹੀਂਵਾਲ ਬਣ ਗਿਆ ਸੀ।

ਸੋਹਣੀ ਮਹੀਂਵਾਲ ਦੀ ਹੋ ਗਈ। ਦੋਹਾਂ ਦਾ ਪਿਆਰ ਦਿਨੋਂ ਦਿਨ ਗੂੜ੍ਹਾ ਹੁੰਦਾ ਗਿਆ। ਪਰ ਇਨ੍ਹਾਂ ਦੇ ਪਿਆਰ ਨੂੰ, ਹੋਰਨਾਂ ਆਸ਼ਕਾਂ ਵਾਂਗ, ਸਮਾਜ ਨੇ ਜਰਿਆ ਨਾ। ਲੋਕਾਂ ਨੇ ਸੋਹਣੀ ਦੇ ਮਾਂ ਬਾਪ ਪਾਸ ਇਨ੍ਹਾਂ ਦੇ ਪਿਆਰ ਬਾਰੇ ਸ਼ਕਾਇਤਾਂ ਕੀਤੀਆਂ। ਉਲਾਂਭੇ ਦਿੱਤੇ। ਮਹੀਂਵਾਲ ਨੂੰ ਨੌਕਰੀਉਂ ਜਵਾਬ ਮਿਲ ਗਿਆ ਅਤੇ ਸੋਹਣੀ ਨੂੰ ਉਨ੍ਹਾਂ ਗੁਜਰਾਤ ਦੇ ਇਕ ਹੋਰ ਘੁਮਾਰਾਂ ਦੇ ਮੁੰਡੇ ਨਾਲ ਵਿਆਹ ਦਿੱਤਾ।

ਸੋਹਣੀ, ਮਹੀਂਵਾਲ ਲਈ ਦੜਫਦੀ ਰਹੀ, ਮਹੀਂਵਾਲ ਸੋਹਣੀ ਦੇ ਵੈਰਾਗ ਵਿੱਚ ਹੰਝੂ ਕੇਰਦਾ ਰਿਹਾ। ਝੂਠੀ ਲੋਕ ਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ, ਦੋ ਰੂਹਾਂ ਘਾਇਲ ਕਰ ਦਿੱਤੀਆਂ।

ਇਜ਼ਤ ਬੇਗੋਂ ਮਹੀਂਵਾਲ ਬਣਿਆਂ ਮਹੀਂਵਾਲੋਂ ਫਕੀਰ ਬਣ ਗਿਆ ਅਤੇ ਗੁਜਰਾਤ ਤੋਂ ਵਜ਼ੀਰਾ ਬਾਦ ਦੇ ਪਾਸੇ ਇਕ ਮੀਲ ਦੀ ਦੂਰੀ ਤੇ ਦਰਿਆ ਦੇ ਪਾਰਲੇ ਕੰਢੇ ਝੁੱਗੀ ਜਾ ਪਾਈ।

ਸੋਹਣੀ ਆਪਣੇ ਸਹੁਰਿਆਂ ਦੇ ਘਰੋਂ ਰਾਤ ਸਮੇਂ ਚੋਰੀ ਮਹੀਂਵਾਲ ਨੂੰ ਮਿਲਣ ਲਈ ਦਰਿਆ ਕੰਢੇ ਤੇ ਪੁੱਜ ਜਾਂਦੀ, ਮਹੀਂਵਾਲ ਦਰਿਆ ਪਾਰ ਕਰਕੇ ਉਸ ਨੂੰ ਆਣ ਮਿਲਦਾ। ਉਹ ਆਪਣੇ ਨਾਲ ਮੱਛੀ ਦਾ ਮਾਸ ਲਈ ਆਉਂਦਾ। ਕਿਹਾ ਜਾਂਦਾ ਹੈ ਕਿ ਇਕ ਦਿਨ ਮਹੀਂਵਾਲ ਨੂੰ ਮੱਛੀਆਂ ਨਾ ਮਿਲੀਆਂ, ਉਹਨੇ ਆਪਣਾ ਪੱਟ ਚੀਰਕੇ ਕਬਾਬ ਬਣਾ ਲਿਆ। ਸੋਹਣੀ ਉਸ ਦਿਨ ਤੋਂ ਆਪ ਦਰਿਆ ਪਾਰ ਕਰਕੇ ਆਪਣੇ ਮਹੀਂਵਾਲ ਦੀ ਝੁੱਗੀ ਵਿੱਚ ਜਾਣ ਲੱਗ ਪਈ। ਸੋਹਣੀ ਦੀ ਨਨਾਣ ਜਾਂ ਸੱਸ ਨੂੰ ਉਹਦੇ ਰਾਤ ਸਮੇਂ ਘੜੇ ਰਾਹੀਂ ਦਰਿਆ ਪਾਰ ਕਰਕੇ ਜਾਣ ਦਾ ਪਤਾ ਲੱਗ ਗਿਆ। ਇਕ ਰਾਤ ਉਨ੍ਹਾਂ ਪੱਕੇ ਘੜੇ ਦੀ ਥਾਂ ਕੱਚਾ ਘੜਾ ਰੱਖ ਦਿੱਤਾ। ਸੋਹਣੀ ਕੱਚੇ ਘੜੇ ਸਮੇਤ ਤੂਫਾਨੀ ਦਰਿਆ ਵਿੱਚ ਠਿਲ੍ਹ ਪਈ। ਘੜਾ ਖੁਰ ਗਿਆ ਤੇ ਸੋਹਣੀ ਅਧ ਵਿਚਕਾਰ ਡੁੱਬ ਮੋਈ। ਮਹੀਂਵਾਲ ਨੇ ਡੁਬਦੀ ਸੋਹਣੀ ਦੀ ਚੀਕ ਸੁਣੀ ਅਤੇ ਆਪ ਵੀ ਮਗਰੇ ਛਾਲ ਮਾਰ ਦਿੱਤੀ। ਦੋਨੋਂ ਪਿਆਰੇ ਝਨਾਂ ਦੀਆਂ ਤੁਫਾਨੀ ਲਹਿਰਾਂ ਵਿੱਚ ਰੁੜ੍ਹ ਗਏ ...

ਪੰਜਾਬ ਦੀ ਗੋਰੀ ਇਸ ਪ੍ਰੀਤ ਕਥਾ ਨੂੰ ਆਪਣੇ ਲੋਕ ਗੀਤਾਂ ਵਿੱਚ ਇਸ ਪਕਾਰ ਗਾਉਂਦੀ ਹੈ:

ਗੋਰੀ ਹਾਰ ਸ਼ਿੰਗਾਰ ਲਗਾ ਕੇ ਗਿੱਧੇ ਵਿੱਚ ਪੁੱਜ ਜਾਂਦੀ ਹੈ। ਉਹਦਾ ਨੱਚਦੀ ਦਾ ਚਾਅ ਝਲਿਆ ਨੀ ਜਾਂਦਾ, ਹਰ ਪਾਸੇ ਉਹਨੂੰ ਆਪਣਾ ਮਹੀਂਵਾਲ ਹੀ ਨਜ਼ਰ ਆਉਂਦਾ ਹੈ:-

ਨ੍ਹਾਵੇ ਧੋਵੇ ਸੋਹਣੀ ਪਹਿਨੇ ਪੁਸ਼ਾਕਾਂ
ਅਤਰ ਫੁਲੇਲ ਲਗਾਵੇ
ਗਿੱਧੇ ਵਿੱਚ ਉਹ ਹਸ ਹਸ ਆਵੇ
ਮਹੀਂਵਾਲ ਮਹੀਂਵਾਲ ਗਾਵੇ
ਸੋਹਣੀ ਦੀ ਠੋਡੀ ਤੇ -
ਮਛਲੀ ਹੁਲਾਰੇ ਖਾਵੇ

ਉਹ ਆਪਣੇ ਮਹੀਂਵਾਲ ਨੂੰ, ਨਿਹੁੰ ਲਾਣ ਕਰਕੇ ਜਿਹੜੇ ਦੁੱਖ ਝਲਣੇ ਪੈਂਦੇ ਹਨ, ਉਨ੍ਹਾਂ ਦੀ ਚੁਣੌਤੀ ਵੀ ਦੇ ਜਾਂਦੀ ਹੈ:

ਹਸਕੇ ਨਿਹੁੰ ਨਾ ਲਾਇਆ ਕਰ ਤੂੰ
ਸੁਣ ਲੈ ਨਿਹੁੰ ਦੇ ਝੇੜੇ
ਕੱਚਾ ਭੂਤਨਾ ਬਣਕੇ ਚਿੰਬੜਦਾ
ਨਿਹੁੰ ਨੂੰ ਜਿਹੜਾ ਛੇੜੇ
ਛੱਤੀ ਕੋਠੜੀਆਂ ਨੌਂ ਦਰਵਾਜੇ
ਜਿੱਥੇ ਨਿਹੁੰ ਦੇ ਡੇਰੇ
ਸੋਹਣੀ ਪੁੱਛੇ ਮਹੀਂਵਾਲ ਨੂੰ
ਕੀ ਹਾਲ ਆ ਗਭਰੂਆ ਤੇਰੇ

ਮਹੀਂਵਾਲ ਨੂੰ ਵੀ ਆਪਣੀ ਸੋਹਣੀ ਦੀ ਸੂਰਤ ਪਿਆਰੀ ਪਿਆਰੀ ਲਗਦੀ ਹੈ, ਚੰਗੀ ਚੰਗੀ ਲੱਗਦੀ ਹੈ:-

 ਮੱਥਾ ਤੇਰਾ ਚੌਰਸ ਖੂੰਜਾ
ਜਿਉਂ ਮੱਕੀ ਦੇ ਕਿਆਰੇ
ਉਠ ਖੜ ਸੋਹਣੀਏ ਨੀ
ਮਹੀਂਵਾਲ ਹਾਕਾਂ ਮਾਰੇ

ਉਹ ਉਸ ਨੂੰ ਜਦੋਂ ਹਸਦੀ ਵੇਖਦਾ ਹੈ ਤਾਂ ਉਹਦਾ ਮਨ ਖਿੜ ਜਾਂਦਾ ਹੈ। ਉਹਦੇ ਬੋਲ ਉਹਦੇ ਕੰਨਾਂ ਵਿੱਚ ਕੋਈ ਮਿਸ਼ਰੀ ਘੋਲ ਜਾਂਦੇ ਹਨ। ਉਹ ਸੁਆਦ ਸੁਆਦ ਹੋਇਆ ਗਾ ਉਠਦਾ ਹੈ:-

 ਤੂੰ ਹੱਸਦੀ ਦਿਲ ਰਾਜੀ ਮੇਰਾ
ਲਗਦੇ ਨੇ ਬੋਲ ਪਿਆਰੇ
ਚਲ ਕਿਧਰੇ ਦੋ ਗੱਲਾਂ ਕਰੀਏ
ਬਹਿਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪਰਗਟ ਹੋਈਆਂ
ਬਜ ਗਏ ਢੋਲ ਨਗਾਰੇ।
ਸੋਹਣੀਏਂ ਆ ਜਾ ਨੀ
ਡੁੱਬਦਿਆਂ ਨੂੰ ਰੱਬ ਤਾਰੇ

ਉਹ ਮਹੀਂਵਾਲ ਦੇ ਪੱਟ ਚੀਰਨ ਦੀ ਘਟਣਾ ਨੂੰ ਬਿਆਨਦਾ ਹੋਇਆ ਆਪਣੇ ਆਪ ਨੂੰ ਮਹੀਂਵਾਲ ਸਮਝਦਾ ਹੈ:-

 ਮਹੀਂਵਾਲ ਨੇ ਕਰੀ ਤਿਆਰੀ
ਮੋਢੇ ਜਾਲ ਟਕਾਇਆ
ਲੀੜੇ ਲਾਹਕੇ ਰੱਖੇ ਪੱਤਣ ਤੇ
ਜਾਲ ਚੁਫੇਰੇ ਲਾਇਆ
ਅੱਗੇ ਤਾਂ ਮੱਛਲੀ ਸੌ ਸੌ ਫਸਦੀ
ਅੱਜ ਲੋਹੜਾ ਕੀ ਆਇਆ
ਯਾਰ ਮੇਰੇ ਨੇ ਮੰਗਣਾ ਗੋਸ਼ਤ
ਮੈਨੂੰ ਨਹੀਂ ਥਿਆਇਆ
ਲੈਕੇ ਫਿਰ ਨਾਮ ਗੁਰਾਂ ਦਾ
ਚੀਰਾ ਪੱਟ ਨੂੰ ਲਾਇਆ
ਡੇਢ ਸੇਰ ਜਾਂ ਕੱਢ ਲਿਆ ਗੋਸ਼ਤ
ਵਿੱਚ ਥਾਲ ਦੇ ਪਾਇਆ
ਲੈ ਕੇ ਮਹੀਂਵਾਲ ਤੁਰ ਪਿਆ



 ਕੋਲ ਸੋਹਣੀ ਦੇ ਆਇਆ
ਖਾਤਰ ਸੋਹਣੀ ਦੀ
ਪੱਟ ਚੀਰ ਕਬਾਬ ਬਣਾਇਆ

ਪੰਜਾਬ ਦੀ ਗੋਰੀ ਸੋਹਣੀ ਦੇ ਕੱਚੇ ਘੜੇ ਤੇ ਦਰਿਆ ਨੂੰ ਪਾਰ ਕਰਨ ਦੇ ਵਿਰਤਾਂਤ ਨੂੰ ਬੜੇ ਦਰਦੀਲੇ ਸ਼ਬਦਾਂ ਨਾਲ ਬਿਆਨ ਕਰਦੀ ਹੈ। ਪੰਜਾਬਣਾਂ ਇਸ ਗੀਤ ਨੂੰ ਕਰੁਣਾਮਈ ਅੰਦਾਜ ਵਿੱਚ ਗਾਉਂਦੀਆਂ ਹਨ। ਗਾਉਂਣ ਸਮੇਂ ਗਲਾ ਭਰ ਭਰ ਆਉਂਦਾ ਹੈ ਤੇ ਅੱਖੀਆਂ ਸਿਮ ਸਿਮ ਜਾਂਦੀਆਂ ਹਨ.... ਸੋਹਣੀ ਮਹੀਂਵਾਲ ਦੀ ਪ੍ਰੀਤ ਕਹਾਣੀ ਨੈਣਾਂ ਅਗੇ ਲਟਕ ਲਟਕ ਜਾਂਦੀ ਹੈ ..... ਸੁਣਨ ਵਾਲਿਆਂ ਦੇ ਕਲੇਜੇ ਧਰੂਹੇ ਜਾਂਦੇ ਹਨ......... ਸੋਗ ਮਈ ਬੋਲ ਉਭਰਦੇ ਹਨ...... ਸਨਾਟਾ ਛਾ ਜਾਂਦਾ ਹੈ...... ਸਿਰਫ ਗੀਤ ਦੇ ਦਰਦ ਵਿੰਨ੍ਹੇ ਬੋਲ ਸੁਣਾਈ ਦੇਂਦੇ ਹਨ:-

 ਕਿੱਕਰੇ ਨੀ ਕੰਡਿਆਲੀਏ
ਤੇਰੀ ਠੰਡੜੀ ਛਾਂ
ਲਗ ਲਗ ਜਾਂਦੀਆਂ ਮਜਲਸਾਂ
ਬਹਿ ਬਹਿ ਜਾਣ ਦੀਵਾਨ
ਨੀਲੇ ਘੋੜੇ ਵਾਲਿਆ
ਘੋੜਾ ਸਹਿਜ ਦੁੜਾ
ਧਮਕ ਪਵੇ ਮੇਰੇ ਮਹਿਲ ਨੂੰ
ਕਜਲੇ ਪਏ ਰਵਾਲ
ਬਾਰੀ ਵਿੱਚ ਖੜੋਤੀਏ
ਸ਼ੀਸ਼ਾ ਨਾ ਲਿਸ਼ਕਾ
ਕਹਿਰ ਪਵੇ ਤੇਰੇ ਰੂਪ ਨੂੰ
ਗਿਆ ਕਲੇਜੇ ਨੂੰ ਖਾ
ਪੱਟੀਆਂ ਰੱਖ ਗੰਵਾ ਲਈਆਂ
ਨੈਣ ਗੰਵਾ ਲਏ ਰੋ
ਏਸ ਜਵਾਨੀ ਦੇ ਹਾਣ ਦਾ
ਮਹਿਰਮ ਮਿਲਿਆ ਨਾ ਕੋ
ਪੱਟੀਆਂ ਰਖ ਗੁੰਦਾ ਕੇ
ਨੈਣਾ ਨੂੰ ਸਮਝਾ
ਏਸ ਜਵਾਨੀ ਦੇ ਹਾਣ ਦਾ
ਮਹਿਰਮ ਹੈ ਮਹੀਂਵਾਲ
ਬੇਟਾ ਵੇ ਸੁਣ ਮੇਰਿਆ

ਸੋਹਣੀ ਨੂੰ ਸਮਝਾ
ਤੈਨੂੰ ਸੁੱਤਾ ਛੋੜਕੇ
ਜਾਂਦੀ ਕੋਲ ਮਹੀਂਵਾਲ
ਮਾਏ ਨੀ ਸੁਣ ਮੇਰੀਏ
ਐਡੇ ਬੋਲ ਨਾ ਬੋਲ
ਦਿਨੇ ਕਢ੍ਹੇ ਕਸੀਦੜਾ।
ਰਾਤੀਂ ਸੌਂਦੀ ਸਾਡੇ ਕੋਲ
ਨਾਰੀਆਂ ਚੰਚਲ ਹਾਰੀਆਂ
ਚੰਚਲ ਕੰਮ ਕਰਨ
ਦਿਨੇ ਡਰਨ ਥਰ ਥਰ ਕਰਨ
ਰਾਤੀਂ ਨਦੀ ਤਰਨ
ਸੱਸ ਗਈ ਘੁੰਮਿਆਰ ਦੇ
ਕੱਚਾ ਘੜਾ ਪਥਾ
ਛੇਤੀ ਜਾਕੇ ਰੱਖਿਆ
ਉਸ ਬੁਝੇ ਲਾਗੇ ਜਾ
ਆ ਸੋਹਣੀ ਲੈ ਤੁਰ ਪਈ
ਠਿਲ੍ਹ ਪਈ ਦਰਿਆ
ਕੱਚਾ ਘੜਾ ਤੇ ਖੁਰ ਗਿਆ
ਸੋਹਣੀ ਵੀ ਡੁੱਬੀ ਨਾਲ
ਮੱਛੀਓ ਨੀ ਜਲ ਰਹਿੰਦੀਓ
ਵੱਢ ਵੱਢ ਖਾਇਓ ਮਾਸ
ਇਕ ਨਾ ਖਾਵੋ ਨੈਣ ਅਸਾਡੜੇ
ਸਾਨੂੰ ਅਜੇ ਮਿਲਣ ਦੀ ਆਸ
ਦੁਥੋਂ ਦਹੀਂ ਜਮਾਇਆ
ਦਹੀਉਂ ਬਣ ਗਈ ਛਾਹ
ਅੱਜ ਨਹੀਂ ਸੋਹਣੀ ਆਂਵਦੀ
ਕਿਤੇ ਪੈ ਗਈ ਲੰਬੜੇ ਰਾਹ
ਦੁੱਧੋਂ ਦਹੀਂ ਜਮਾ ਲਿਆ
ਦਹੀਉਂ ਬਣਿਆਂ ਪਨੀਰ
ਅੱਜ ਨਹੀਂ ਸੋਹਣੀ ਆਂਵਦੀ
ਕਿਤੇ ਪੈ ਗਈ ਡੂੰਘੇ ਨੀਰ

ਗੀਤ ਦੇ ਬੋਲ ਸੋਗੀ ਵਾਵਾਂ ਵਿੱਚ ਗੁੰਮ ਹੋ ਜਾਂਦੇ ਹਨ। ਕਿਸੇ ਦੀ ਦ੍ਰਿੜਤਾ ਭਰੀ ਆਵਾਜ ਉੱਭਰਦੀ ਹੈ:

ਰਾਤ ਹਨੇਰੀ ਲਿਸ਼ਕਣ ਤਾਰੇ
ਕੱਚੇ ਘੜੇ ਤੇ ਮੈਂ ਤੁਰਦੀ
ਵੇਖੀਂ ਰੱਬਾ ਖੈਰ ਕਰੀਂ
ਤੇਰੀ ਆਸ ਤੇ ਮੂਲ ਨਾ ਡਰਦੀ

ਪਤਾ ਨਹੀਂ ਪੰਜਾਬ ਦੀਆਂ ਕਿੰਨੀਆਂ ਕੁ ਸਹੁਣੀਆਂ ਨੂੰ ਕੱਚਿਆਂ ਤੇ ਤੈਰਨਾ ਪੈਂਦਾ ਹੈ:-

ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਨੀਵਾਂ ਨੀਵਾਂ ਕਿਉਂ ਹੁੰਦਾ ਜਾਵੇਂ
ਦਰਿਆ ਠਾਠਾਂ ਮਾਰਦਾ ਏ
ਬੇਵਫ਼ਾਈ ਨਹੀਂ ਕਰਨੀ ਚਾਹੀਏ
ਖੜਕੇ ਅਧ ਵਿਚਕਾਰ ਘੜਿਆ
ਬਣ ਸਾਥੀ ਅੱਜ ਸਾਥ ਨਭਾਵੀਂ

ਰੋ ਰੋ ਸੋਹਣੀ ਪੁਕਾਰਦੀ ਸੀ
ਯਾਰ ਮਿਲਾਂਵੀਂ ਨਾ ਖੁਰ ਜਾਵੀਂ
ਆਖਾਂ ਮੈਂ ਅਰਜ਼ ਗੁਜਾਰ ਘੜਿਆ
ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਸ਼ਹੁ ਪਾਣੀ ਵਿੱਚ ਮਿੱਟੀ ਇਹ ਖੁਰਸੀ
ਮੈਂ ਇਆਣੀ ਇਹ ਨਾ ਜਾਣਦੀ ਸਾਂ
ਜੀਵਨ ਕੁਠੜੀ ਆਜਿਜ ਲੁਠੜੀ
ਆ ਗਈ ਸਾਜਨ ਵਾਲੀ ਤਾਰ ਘੜਿਆ
ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ

ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਮੂੰਹ ਜ਼ੋਰ ਪਾਣੀਆਂ ਅੱਗੇ ਕੱਚਿਆਂ ਨੇ ਕਿੱਥੇ ਠਹਿਰਨਾ ਹੋਇਆ। ਘੜਾ ਅੱਧ ਵਿਚਕਾਰ ਹੀ ਖੁਰ ਗਿਆ ਤੇ ਸੋਹਣੀ ਆਪਣੀ ਵਫ਼ਾ ਨਭਾਉਂਦੀ ਹੋਈ ਆਪਣੀ ਲਾਜ ਪਾਲ ਗਈ -

ਕੱਚੇ ਘੜੇ ਨੇ ਖੈਰ ਨਾ ਕੀਤੀ
ਡ੍ਹਾਢਾ ਜ਼ੁਲਮ ਕਮਾਇਆ
ਜਿੱਥੇ ਸੋਹਣੀ ਡੁੱਬ ਕੇ ਮਰੀ
ਉੱਥੇ ਮੱਛੀਆਂ ਨੇ ਘੇਰਾ ਪਾਇਆ

ਜਿਸ ਸਿਦਕ ਦਿਲੀ ਨਾਲ ਸੋਹਣੀ ਨੇ ਆਪਣੀ ਪ੍ਰੀਤ ਨਿਭਾਈ ਹੈ ਉਸ ਦੇ ਸਦਕੇ ਅੱਜ ਸਦੀਆਂ ਬੀਤਣ ਮਗਰੋਂ ਵੀ ਸੋਹਣੀ ਦੀ ਆਤਮਾ ਨੂੰ ਅੱਜ ਦੀ ਲੋਕ ਆਤਮਾ ਪਰਨਾਮ ਕਰਦੀ ਹੈ ਅਤੇ ਸਿਜਦੇ ਵਿੱਚ ਸਿਰ ਝੁਕਾਉਂਦੀ ਹੈ:

ਸੋਹਣੀ ਜਹੀ ਕਿਸੇ ਪ੍ਰੀਤ ਕੀ ਕਰਨੀ
ਉਹਦਾ ਪ੍ਰੀਤ ਵੀ ਪਾਣੀ ਭਰਦੀ
ਵਿੱਚ ਝਨਾਵਾਂ ਦੇ
ਸੋਹਣੀ ਆਪ ਡੁੱਬੀ ਰਹ ਤਰਦੀ

ਸ਼ਾਲਾ! ਜੁਗ ਜੁੱਗ ਜਿਉਣ ਸਾਡੀਆਂ ਸੋਹਣੀਆਂ ਤੇ ਜਵਾਨੀਆਂ ਮਾਨਣ ਸਾਡੇ ਮਹੀਂਵਾਲ!