ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਪ੍ਰੀਤ ਦਾ ਨਾਇਕ ਮਿਰਜ਼ਾ

62583ਲੋਕ ਗੀਤਾਂ ਦੀ ਸਮਾਜਿਕ ਵਿਆਖਿਆ — ਪ੍ਰੀਤ ਦਾ ਨਾਇਕ ਮਿਰਜ਼ਾਸੁਖਦੇਵ ਮਾਦਪੁਰੀ

ਪ੍ਰੀਤ ਦਾ ਨਾਇਕ-ਮਿਰਜ਼ਾ

ਸੌ ਸੌ ਕੋਹ ਤੋਂ ਚੜ੍ਹੀ ਲੁਕਾਈ
ਮਿਰਜ਼ਾ ਵੇਖਣ ਆਵੇ
ਬਈ ਮਿਰਜ਼ਾ ਖਰਲਾਂ ਦਾ
ਅਜ ਵਧਕੇ ਬੋਲੀ ਪਾਵੇ।

ਮਿਰਜ਼ਾ ਮਸੀਂ ਪੰਜ ਕੁ ਸਾਲਾਂ ਦਾ ਹੋਇਆ ਸੀ ਕਿ ਉਹਦੇ ਬਾਪ ਬਿੰਜਲ ਦੀ ਮੌਤ ਹੋ ਗਈ। ਬਿੰਜਲ ਖਰਲਾਂ ਦਾ ਸਰਦਾਰ, ਦਾਨਾਬਾਦ ਦੇ ਰਾਵੀ ਦੇ ਇਲਾਕੇ ਦਾ ਚੌਧਰੀ ਸੀ। ਮਿਰਜ਼ੇ ਦੀ ਮਾਂ ਖੀਵੀ ਦਾ ਸੰਸਾਰ ਸੁੰਨਾ ਹੋ ਗਿਆ। ਸਿਆਣੀਆਂ ਤ੍ਰੀਮਤਾਂ ਉਸ ਨੂੰ ਸੈਆਂ ਦਿਲਬਰੀਆਂ ਦਿੰਦੀਆਂ, ਢਾਰਸਾਂ ਬਨਾਉਂਦੀਆਂ:

ਮਿਰਜ਼ੇ ਦੇ ਜਵਾਨ ਹੋਣ ਦੀ ਆਸ ਖੀਵੀ ਲਈ ਬਿੰਜਲ ਦੀ ਮੌਤ ਨੂੰ ਭੁੱਲ ਜਾਣ ਦਾ ਸਾਹਸ ਦੇਣ ਲੱਗੀ।

ਮਿਰਜ਼ੇ ਦਾ ਮਾਮਾ ਖੀਵਾ ਖਾਨ ਬਾਲ ਮਿਰਜ਼ੇ ਨੂੰ ਆਪਣੇ ਪਿੰਡ ਖੀਵੇ ਲੈ ਆਇਆ। ਉਹ ਝੰਗ ਸਿਆਲ ਦਾ ਚੌਧਰੀ ਸੀ। ਮਿਰਜ਼ੇ ਦੀ ਪਾਲਣਾ ਉਹਨੇ ਆਪਣੇ ਜ਼ਿੰਮੇ ਲੈ ਲਈ।

ਕੁਝ ਵਰ੍ਹੇ ਪਹਿਲਾਂ ਖੀਵੇ ਖਾਨ ਦੀ ਘਰ ਵਾਲੀ ਦੋ ਪੁੱਤਰ ਤੇ ਇੱਕ ਧੀ ਛੱਡ ਕੇ ਮਰ ਗਈ ਸੀ ਤੇ ਉਹਨੇ ਦੂਜਾ ਵਿਆਹ ਕਰਵਾ ਲਿਆ ਹੋਇਆ ਸੀ। ਪਹਿਲੀ ਤੀਵੀਂ ਚੋਂ ਉਹਦੀ ਧੀ ਸਾਹਿਬਾਂ ਮਿਰਜ਼ੇ ਦੀ ਹਾਨਣ ਸੀ। ਪਲਾਂ ਵਿੱਚ ਦੋ ਪਿਆਰੇ ਬਾਲ ਇੱਕਮਿੱਕ ਹੋ ਗਏ। ਦੋਨਾਂ ਨੂੰ ਮਸੀਤੇ ਕਾਜ਼ੀ ਪਾਸ ਪੜ੍ਹਨੇ ਪਾ ਦਿੱਤਾ ਗਿਆ। ਦਿਨਾਂ ਦੇ ਦਿਨ, ਮਹੀਨਿਆਂ ਦੇ ਮਹੀਨੇ, ਵਰ੍ਹਿਆਂ ਦੇ ਵਰ੍ਹੇ ਗੁਜ਼ਰਦੇ ਰਹੇ। ਮਿਰਜ਼ਾ ਸਾਹਿਬਾਂ ਇੱਕ ਪਲ ਲਈ ਵੀ ਇੱਕ ਦੂਜੇ ਤੋਂ ਜੁਦਾ ਨਾ ਹੁੰਦੇ, ਕੱਠੇ ਪੜ੍ਹਦੇ, ਕੱਠੇ ਖੇਡਦੇ, ਸਾਹਿਬਾਂ ਮੁਟਿਆਰ ਹੋਣ ਲੱਗੀ। ਮਿਰਜ਼ਾ ਜਵਾਨ ਹੋਣ ਲੱਗਾ।

ਜੇ ਮਿਰਜ਼ੇ ਨੂੰ ਕੋਈ ਗੁਲਾਬ ਦਾ ਫੁੱਲ ਸੱਦਦਾ ਤਾਂ ਸਾਹਿਬਾਂ ਨੂੰ ਚੰਬੇ ਦੀ ਕਲੀ ਆਖਦਾ। ਸਾਹਿਬਾਂ ਦੇ ਤੁਲ ਪਿੰਡ ਵਿੱਚ ਕੋਈ ਹੋਰ ਮੁਟਿਆਰ ਨਾ ਸੀ ਵਖਾਈ ਦੇਂਦੀ ਤੇ ਮਿਰਜ਼ੇ ਦੇ ਮੁਕਾਬਲੇ ਦਾ ਕੋਈ ਗੱਭਰੂ ਨਜ਼ਰ ਨਹੀਂ ਸੀ ਆਉਂਦਾ। ਬਚਪਨ ਦੀ ਮੁਹੱਬਤ ਮੁਟਿਆਰ ਹੋ ਗਈ। ਮਿਰਜ਼ਾ ਸਾਹਿਬਾਂ ਨੂੰ ਚੰਗਾ ਲਗਦਾ ਸੀ ਤੇ ਸਾਹਿਬਾਂ ਮਿਰਜ਼ੇ ਨੂੰ ਪਿਆਰੀ ਲੱਗਦੀ ਸੀ। ਦੋਨੋਂ ਇੱਕ ਦੂਜੇ ਦੇ ਸਦਕੜੇ ਜਾਂਦੇ ਸਨ।

ਦੋ ਜਵਾਨੀਆਂ ਦਾ ਇੱਕ ਦੂਜੇ ਨੂੰ ਚੰਗਾ ਲਗਣਾ, ਇਸ ਬੇ-ਮੁਹੱਬਤੋ ਸਮਾਜ ਨੂੰ ਚੰਗਾ ਨਾ ਲੱਗਾ। ਉਹਨਾਂ ਮਿਰਜ਼ੇ ਸਾਹਿਬਾਂ ਦੀ ਮੁਹੱਬਤ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ।

ਤੇ ਹੁਣ ਖੀਵੇ ਨੂੰ ਮਿਰਜ਼ਾ ਸਾਹਿਬਾਂ ਦਾ ਹੱਸਣਾ, ਖੇਡਣਾ, ਉਠਣਾ, ਬੈਠਣਾ ਪਹਿਲਾਂ ਵਰਗਾ ਨਿੱਘ ਨਹੀਂ ਸੀ ਦੇਂਦਾ। ਉਸ ਆਪਣੀ ਭੈਣ ਦਾਨਾਬਾਦ ਤੋਂ ਮੰਗਵਾ ਲਈ ਤੇ ਮਿਰਜ਼ੇ ਨੂੰ ਉਹਦੇ ਨਾਲ ਤੋਰ ਦਿੱਤਾ।

ਸਾਹਿਬਾਂ ਤੋਂ ਵਿਛੜ ਜਾਣਾ ਮਿਰਜ਼ੇ ਲਈ ਸੁਖੇਰਾ ਨਹੀਂ ਸੀ। ਮਿਰਜ਼ੇ ਨੇ ਦਿਲ ਤੇ ਪੱਥਰ ਰੱਖ ਲਿਆ ਤੇ ਸਾਹਿਬਾਂ ਦੀ ਯਾਦ ਦੇ ਸਹਾਰੇ ਆਪਣੇ ਪਿੰਡ ਦਾਨਾਬਾਦ ਆ ਗਿਆ।

ਮਿਰਜ਼ੇ ਦੇ ਕੁਸ਼ਤੀ ਕਰਨ, ਨੇਜ਼ਾਬਾਜ਼ੀ ਤੇ ਸ਼ਿਕਾਰ ਆਦਿ ਖੇਡਣ ਦੇ ਸ਼ੌਕ ਵੀ ਉਹਦੇ ਮਨ ਨੂੰ ਸਾਹਿਬਾਂ ਵੱਲੋਂ ਨਾ ਮੋੜ ਸਕੇ।

ਮਿਰਜ਼ੇ ਬਿਨਾਂ ਸਾਹਿਬਾਂ ਦਾ ਜਹਾਨ ਸੁੰਨਾ ਹੋ ਗਿਆ। ਉਹ ਬੜੀ ਰੁੰਨੀ। ਮਤਰੇਈ ਮਾਂ ਦੇ ਨਿੱਤ ਦੇ ਤਾਹਨੇ ਉਹਨੂੰ ਛਲਣੀ ਕਰਨ ਲੱਗੇ।

ਤੇ ਖੀਵਾ ਖਾਨ ਸਾਹਿਬਾਂ ਦੀ ਮੰਗਣੀ ਚੰਧੜਾਂ ਦੇ ਇੱਕ ਮੁੰਡੇ ਨਾਲ ਕਰ ਆਇਆ ਤੇ ਵਿਆਹ ਦੇ ਦਿਨ ਵੀ ਧਰ ਦਿੱਤੇ। ਜਦੋਂ ਆਪਣੇ ਮੰਗਣੇ ਅਤੇ ਵਿਆਹ ਦੀ ਕਨਸੋਂ ਸਾਹਿਬਾਂ ਦੇ ਕੰਨੀਂ ਪਈ ਤਾਂ ਉਹ ਤੜਪ ਉੱਠੀ, ਹਨ੍ਹੇਰਾ ਉਹਦੀਆਂ ਅੱਖਾਂ ਅੱਗੇ ਛਾ ਗਿਆ ਤੇ ਅਗਲੀ ਭਲਕ ਉਹਨੇ ਆਪਣੇ ਪਿੰਡ ਦੇ ਕਰਮੂ ਪਰੋਹਤ ਕੋਲ ਮਿਰਜ਼ੇ ਲਈ ਸੁਨੇਹਾ ਘੱਲ ਦਿੱਤਾ।

ਸਾਹਿਬਾਂ ਦਾ ਸੁਨੇਹਾ ਮਿਲਦੇ ਸਾਰ ਹੀ ਮਿਰਜ਼ਾ ਤੜਪ ਉੱਠਿਆ। ਉਹਦੇ ਡੌਲੇ ਫਰਕੇ। ਉਹਨੇ ਆਪਣਾ ਤੀਰਾਂ ਦਾ ਤਰਕਸ਼, ਕਮਾਣ ਤੇ ਨੇਜ਼ਾ ਸੰਭਾਲਿਆ ਤੇ ਆਪਣੀ ਪਿਆਰੀ ਬੱਕੀ ਤੇ ਸਵਾਰ ਹੋਕੇ ਝੰਗ ਨੂੰ ਤੁਰ ਪਿਆ। ਬੱਕੀ ਰੇਵੀਆ ਚਾਲ ਫੜਦੀ ਹਵਾ ਨਾਲ਼ ਗੱਲਾਂ ਕਰਨ ਲੱਗੀ।

ਮਿਰਜ਼ਾ ਜਦੋਂ ਝੰਗ ਪੁੱਜਾ, ਚਾਰੇ ਬੰਨੇ ਹਨੇਰਾ ਪਸਰਿਆ ਹੋਇਆ ਸੀ। ਸਾਹਿਬਾਂ ਦੀ ਬਰਾਤ ਪਿੰਡ ਢੁੱਕ ਚੁੱਕੀ ਸੀ ਤੇ ਜਾਂਜੀ ਸ਼ਰਾਬ ਵਿੱਚ ਮਸਤ ਆਤਸ਼ਬਾਜ਼ੀਆਂ ਚਲਾ ਰਹੇ ਸਨ, ਮੁਜਰੇ ਸੁਣ ਰਹੇ ਸਨ।

ਮਿਰਜ਼ਾ ਬੀਬੋ ਨਾਇਣ ਦੇ ਘਰ ਜਾ ਪੁੱਜਾ। ਸਾਹਿਬਾਂ ਨੂੰ ਬੀਬੋ ਖ਼ਬਰ ਦੇ ਆਈ। ਉਹ ਘਰਦਿਆਂ ਪਾਸੋਂ ਅੱਖ ਬਚਾ ਕੇ ਓਥੇ ਪੁੱਜ ਗਈ। ਉਸ ਮਿਰਜ਼ੇ ਦੁਆਲੇ ਬਾਹਾਂ ਵਲ ਦਿੱਤੀਆਂ ਤੇ ਡੁਸਕਦੀ ਹੋਈ ਬੋਲੀ,

"ਮਿਰਜ਼ਿਆ ਮੈਂ ਤੇਰੇ ਬਿਨਾਂ ਕਿਸੇ ਹੋਰ ਨੂੰ ਆਪਣਾ ਨਹੀਂ ਬਣਾ ਸਕਦੀ। ਅੱਧੀ ਰਾਤ ਹੋ ਚੁੱਕੀ ਏ, ਕੁਝ ਸੋਚ, ਕੁਝ ਉਪਾ ਕਰ।"

ਬਾਹਰੋਂ ਮਿਰਜ਼ੇ ਦੀ ਬੱਕੀ ਹਿਣਹਣਾਈ।

ਤੇ ਮਿਰਜ਼ਾ ਸਾਹਿਬਾਂ ਨੂੰ ਬੱਕੀ ਤੇ ਚੜ੍ਹਾਕੇ ਦਾਨਾਬਾਦ ਨੂੰ ਨੱਸ ਟੁਰਿਆ।

ਕਾਜ਼ੀ ਹੋਰੀਂ ਨਿਕਾਹ ਪੜ੍ਹਾਉਣ ਲਈ ਪੁੱਜ ਗਏ। ਖੀਵੇ ਹੋਰਾਂ ਸਾਰਾ ਘਰ ਛਾਣ ਮਾਰਿਆ, ਸਾਹਿਬਾਂ ਕਿਧਰੇ ਵਖਾਈ ਨਾ ਦਿੱਤੀ। ਕਿਸੇ ਆਖਿਆ, "ਰਾਤੀਂ ਮੈਂ ਮਿਰਜ਼ੇ ਨੂੰ ਆਉਂਦੇ ਵੇਖਿਆ ਹੈ। ਹੋ ਸਕਦਾ ਹੈ ਉਹ ਹੀ ਸਾਹਿਬਾਂ ਨੂੰ ਉਧਾਲ ਕੇ ਲੈ ਗਿਆ ਹੋਵੇ।"

ਸਾਹਿਬਾਂ ਦੇ ਭਰਾ ਸ਼ਮੀਰ ਤੇ ਝੁਮਰਾ ਦੋ ਬਾਹਰਾਂ ਬਣਾ ਕੇ ਦਾਨਾਬਾਦ ਦੇ ਰਸਤੇ ਪੈ ਗਏ। ਘੋੜੀਆਂ ਅਤੇ ਉਠਾਂ ਦੀ ਧੂੜ ਇੱਕ ਤੁਫ਼ਾਨੀ ਹਨੇਰੀ ਵਾਂਗ ਦਾਨਾਬਾਦ ਵੱਲ ਵੱਧਣ ਲੱਗੀ।

ਓਧਰ ਮਿਰਜ਼ੇ ਦੀ ਬੱਕੀ ਸਿਰ ਤੋੜ ਦੌੜਦੀ ਦਾਨਾਬਾਦ ਦੇ ਨੇੜੇ ਪੁੱਜ ਗਈ। ਰਾਤ ਦਾ ਉਣੀਂਦਾ ਤੇ ਸਫ਼ਰ ਦਾ ਥਕੇਵਾਂ ਬੱਕੀ ਤੇ ਭਾਰੂ ਹੋ ਗਿਆ।

ਕੁਝ ਪਲ ਸਸਤਾਉਣ ਲਈ ਮਿਰਜ਼ੇ ਨੇ ਬੱਕੀ ਨੂੰ ਜੰਡ ਨਾਲ਼ ਬੰਨ੍ਹ ਦਿੱਤਾ ਤੇ ਆਪ ਸਾਹਿਬਾਂ ਦੇ ਪਟ ਦਾ ਸਰਾਹਣਾ ਲਾਕੇ ਸੌਂ ਗਿਆ।

ਘੋੜੀਆਂ ਦੀਆਂ ਟਾਪਾਂ ਨੇੜੇ ਆਉਂਦੀਆਂ ਗਈਆਂ। ਸਾਹਿਬਾਂ ਨੇ ਮਿਰਜ਼ੇ ਨੂੰ ਹਲੂਣਿਆ, "ਮਿਰਜ਼ਿਆ ਜਾਗ ਖੋਹਲ ਵੈਰੀ ਸਿਰ ਤੇ ਪੁੱਜ ਗਏ ਨੇ।"

ਦੋ ਵਾਹਰਾਂ ਦੇ ਵਿਚਕਾਰ ਉਹ ਘੇਰੇ ਗਏ। ਮਿਰਜ਼ੇ ਨੇ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ। ਉਹਦਾ ਇੱਕ ਇੱਕ ਤੀਰ ਕਈਆਂ ਦੇ ਹੋਸ਼ ਭੁਲਾ ਦਿੰਦਾ। ਸੈਆਂ ਬਾਹਵਾਂ ਦਾ ਮੁਕਾਬਲਾ ਕੱਲਾ ਕਦੋਂ ਤੱਕ ਕਰਦਾ। ਉਹਦਾ ਗੇਲੀ ਜਿਹਾ ਸੁੰਦਰ ਸਰੀਰ ਤੀਰਾਂ ਨਾਲ ਛਲਣੀ ਛਲਣੀ ਹੋ ਗਿਆ ਅਤੇ ਸਾਹਿਬਾਂ ਵੀ ਆਪਣੇ ਪੇਟ ਵਿੱਚ ਕਟਾਰ ਮਾਰ ਕੇ ਮਿਰਜ਼ੇ ਦੀ ਲੋਥ ਤੇ ਜਾ ਡਿੱਗੀ।

ਤੇ ਇੰਜ ਮਿਰਜ਼ਾ ਪੰਜਾਬ ਦੇ ਲੋਕਾਂ ਦੇ ਦਿਲਾਂ ਦਾ ਨਾਇਕ ਬਣ ਗਿਆ ਤੇ ਉਹਦੀਆਂ ਘਰ ਘਰ ਵਾਰਾਂ ਛਿੜ ਪਈਆਂ:

 ਤੇਰੀ ਮੇਰੀ ਲੱਗੀ ਦੋਸਤੀ
ਪੜ੍ਹਦਾ ਨਾਲ਼ ਪਿਆਰਾਂ
ਸਾਹਿਬਾਂ ਨਾਲ ਲੜਾਵੇ ਨੇਤਰ
ਕਹਿੰਦੇ ਲੋਕ ਹਜ਼ਾਰਾਂ
ਮਿਰਜ਼ੇ ਯਾਰ ਦੀਆਂ
ਘਰ ਘਰ ਛਿੜੀਆਂ ਵਾਰਾਂ।

ਆਪਣੇ ਪਿਆਰੇ ਮਿਰਜ਼ੇ ਲਈ ਪੰਜਾਬ ਦੀ ਗੋਰੀ ਗ਼ਮਾਂ ਦਾ ਤੰਦੂਰ ਬਾਲਦੀ ਹੈ:-

 ਹੀਰਿਆ ਹਰਨਾ ਬਾਗੀਂ ਚਰਨਾ



 ਬਾਗੀਂ ਤਾਂ ਹੋ ਗਈ ਚੋਰੀ
ਪਹਿਲੋਂ ਲੰਘ ਗਿਆ ਕੈਂਠੇ ਵਾਲਾ
ਮਗਰੋਂ ਲੰਘ ਗਈ ਗੋਰੀ
ਬੁੱਕ ਬੁੱਕ ਰੋਂਦੀ ਸਾਹਿਬਾਂ ਬਹਿਕੇ
ਜਿੰਦ ਮਾਂ ਨੇ ਖੋਰੀ
ਕੂਕਾਂ ਪੈਣਗੀਆਂ
ਨਿਹੁੰ ਨਾ ਲਗਦੇ ਜ਼ੋਰੀ।

ਗੋਰੀ ਨੂੰ ਆਪਣੇ ਮਿਰਜ਼ੇ ਤੋਂ ਬਿਨਾਂ ਹੋਰ ਕੁਝ ਵੀ ਪੋਂਹਦਾ ਨਹੀਂ:

 ਹੁਜ਼ਰੇ ਸ਼ਾਹ ਹਕੀਮ ਦੇ
ਇੱਕ ਜੱਟੀ ਅਰਜ਼ ਕਰੇ
ਮੈਂ ਬੱਕਰਾ ਦੇਨੀ ਆਂ ਪੀਰ ਦਾ
ਮੇਰੇ ਸਿਰ ਦਾ ਕੰਤ ਮਰੇ
ਪੰਜ ਸਤ ਮਰਨ ਗਵਾਂਢਣਾਂ
ਰਹਿੰਦੀਆਂ ਨੂੰ ਤਾਪ ਚੜ੍ਹੇ
ਹੱਟੀ ਢਹੇ ਕਰਾੜ ਦੀ
ਜਿੱਥੇ ਦੀਵਾ ਨਿਤ ਬਲੇ
ਕੁੱਤੀ ਮਰੇ ਫਕੀਰ ਦੀ
ਜਿਹੜੀ ਚਊਂ ਚਊਂ ਨਿਤ ਕਰੇ
ਗਲੀਆਂ ਹੋਵਣ ਸੁੰਨੀਆਂ
ਵਿੱਚ ਮਿਰਜ਼ਾ ਯਾਰ ਫਿਰੇ

ਮਿਰਜ਼ਾ ਆਪਣੀ ਪਾਕ ਮੁਹੱਬਤ ਲਈ ਕੁਰਬਾਨ ਹੋ ਗਿਆ। ਉਹਦੀ ਬਹਾਦਰੀ ਦੀਆਂ ਵਾਰਾਂ ਅੱਜ ਪੰਜਾਬ ਦੇ ਗਭਰੂਆਂ ਦੇ ਹੋਠਾਂ ਤੇ ਸਜੀਵ ਹਨ:

 ਦਖਣ ਦੇ ਵਲੋਂ ਚੜ੍ਹੀਆਂ ਨੇ ਨ੍ਹੇਰੀਆਂ
ਉਡਦੇ ਨੇ ਗਰਦ ਗਵਾਰ
ਬੁਲਬੁਲਾਂ ਵਰਗੀਆਂ ਘੋੜੀਆਂ
ਉੱਤੇ ਵੀਰਾਂ ਜਹੇ ਅਸਵਾਰ
ਹੱਥੀਂ ਤੇਗਾਂ ਨੰਗੀਆਂ
ਕਰਦੇ ਮਾਰੋ ਮਾਰ
ਵੇ ਤੂੰ ਹੇਠਾਂ ਜੰਡ ਦੇ ਸੌਂ ਗਿਐ
ਜੱਟਾ ਕਰਕੇ ਆ ਗਿਆ ਵਾਰ
ਤੈਨੂੰ ਭੱਜੇ ਨੂੰ ਜਾਣ ਨਾ ਦੇਣਗੇ
ਜੱਟਾ ਜਾਨੋ ਦੇਣਗੇ ਮਾਰ।

ਪੰਜਾਬੀ, ਮਿਰਜ਼ੇ ਦੀ ਸਾਹਿਬਾਂ ਦੇ ਭਰਾਵਾਂ ਨਾਲ਼ ਹੋਈ ਲੜਾਈ ਦਾ ਵਿਰਤਾਂਤ ਨੂੰ ਬੜੇ ਲਟਕਾਂ ਨਾਲ ਗਾਉਂਦੇ ਹਨ:

 ਭੱਥ ਚੋਂ ਕੱਢ ਲਿਆ ਜੱਟ ਨੇ ਫੋਲ ਕੇ
ਰੰਗ ਦਾ ਸੁਨਹਿਰੀ ਤੀਰ
ਮਾਰਿਆਂ ਜੱਟ ਨੇ ਮੁੱਛਾਂ ਕੋਲੋਂ ਵੱਟ ਕੇ
ਉਡ ਗਿਆ ਵਾਂਗ ਭੰਬੀਰ
ਪੰਜ ਸਤ ਲਾਹ ਲਏ ਘੋੜਿਉਂ
ਨੌਵਾਂ ਲਾਹਿਆ ਸਾਹਿਬਾਂ ਦਾ ਵੀਰ
ਸਾਹਿਬਾਂ ਡਿਗਦੇ ਭਰਾਵਾਂ ਨੂੰ ਦੇਖਕੇ
ਅੱਖੀਉਂ ਸੁੱਟਦੀ ਨੀਰ
ਆਹ ਕੀ ਕੀਤਾ ਮਿਰਜ਼ਿਆ ਖੂਨੀਆ
ਹੋਰ ਨਾ ਚਲਾਈਂ ਐਸਾ ਤੀਰ
ਅਸੀਂ ਇੱਕ ਢਿੱਡ ਲੱਤਾਂ ਦੇ ਲਈਆਂ
ਇੱਕੋ ਮਾਂ ਦਾ ਚੰਘਿਆ ਸੀਰ।

ਮਿਰਜ਼ਾ ਜੋਧਿਆਂ ਵਾਂਗ ਕੱਲਾ ਲੜਿਆ। ਉਹਦੀ ਮੌਤ ਤੇ ਪੰਜਾਬ ਦੀ ਆਤਮਾ ਕੁਰਲਾ ਉੱਠੀ:

 ਵਿੰਗ ਤੜੈਗੀਏ ਟਾਹਲੀਏ
ਤੇਰੇ ਹੋਠ ਮਿਰਜ਼ੇ ਦੀ ਡੋਰ
ਜਿੱਥੇ ਮਿਰਜ਼ਾ ਵੱਢਿਆ।
ਓਥੇ ਰੋਣ ਤਿੱਤਰ ਤੇ ਮੋਰ
ਮਹਿਲਾਂ 'ਚ ਰੋਂਦੀਆਂ ਰਾਣੀਆਂ
ਕਬਰਾਂ 'ਚ ਰੋਂਦੇ ਮੋਰ।

ਸਦੀਆਂ ਬੀਤਣ ਮਗਰੋਂ ਵੀ ਮਿਰਜ਼ਾ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਹੈ। ਮਿਰਜ਼ਾ ਸਾਹਿਬਾਂ ਦੀ ਪ੍ਰੀਤ ਕਹਾਣੀ ਪੰਜਾਬੀ ਸਾਹਿਤ ਦੇ ਵੀਰ ਕਾਵਿ ਅਤੇ ਪ੍ਰੀਤ ਸਾਹਿਤ ਵਿੱਚ ਇੱਕ ਵਿਲੱਖਣ ਸਥਾਨ ਪ੍ਰਾਪਤ ਕਰ ਗਈ ਹੈ।