ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਲੋਕ ਨਾਇਕ ਸੁੱਚਾ ਸਿੰਘ ਸੂਰਮਾ

62579ਲੋਕ ਗੀਤਾਂ ਦੀ ਸਮਾਜਿਕ ਵਿਆਖਿਆ — ਲੋਕ ਨਾਇਕ ਸੁੱਚਾ ਸਿੰਘ ਸੂਰਮਾਸੁਖਦੇਵ ਮਾਦਪੁਰੀ

ਲੋਕ ਨਾਇਕ ਸੁੱਚਾ ਸਿੰਘ ਸੂਰਮਾ

ਪੁਰਾਤਨ ਸਮੇਂ ਤੋਂ ਹੀ ਪੰਜਾਬ ਦਾ ਲੋਕ ਮਾਨਸ ਉਨ੍ਹਾਂ ਯੋਧਿਆਂ ਤੇ ਸੂਰਬੀਰਾਂ ਨੂੰ ਆਪਣੀ ਦਿਲ ਤਖ਼ਤੀ ’ਤੇ ਬਿਠਾਉਂਦਾ ਆਇਆ ਹੈ ਜੋ ਆਪਣੇ ਸਮਾਜ, ਭਾਈਚਾਰੇ, ਸਵੈ-ਅਣਖ ਤੇ ਸਵੈਮਾਨ ਲਈ ਜੂਝਦੇ ਹੋਏ ਸੂਰਮਤਾਈ ਵਾਲੇ ਕਾਰਨਾਮੇ ਕਰ ਵਿਖਾਉਂਦੇ ਰਹੇ ਹਨ। ਇਹ ਸੂਰਬੀਰ ਯੋਧੇ ਜਨ ਸਾਧਾਰਨ ਲਈ ਇਕ ਆਦਰਸ਼ ਸਨ ਤੇ ਲੋਕ ਕਵੀ ਇਨ੍ਹਾਂ ਲੋਕ ਨਾਇਕਾਂ ਦੀ ਜੀਵਨ ਕਹਾਣੀ ਆਪਣੇ ਕਿੱਸਿਆਂ ਵਿੱਚ ਬੜਿਆਂ ਲਟਕਾਂ ਨਾਲ ਬਿਆਨ ਕਰਦੇ ਰਹੇ ਹਨ। ਦੁੱਲਾ ਭੱਟੀ, ਜਿਊਣਾ ਮੌੜ, ਰਾਜਾ ਰਸਾਲੂ, ਮਿਰਜ਼ਾ ਅਤੇ ਸੁੱਚਾ ਸਿੰਘ ਸੂਰਮਾ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਨ ਹਨ।

ਸੁੱਚਾ ਸਿੰਘ ਸੂਰਮਾ ਪੰਜਾਬ ਦੇ ਮਾਲਵੇ ਦੇ ਇਲਾਕੇ ਦਾ ਪ੍ਰਸਿੱਧ ਡਾਕੂ ਹੋਇਆ ਹੈ ਜਿਸ ਨੂੰ ਹਾਲਾਤ ਨੇ ਡਾਕੇ ਮਾਰਨ ਲਈ ਮਜ਼ਬੂਰ ਕਰ ਦਿੱਤਾ ਸੀ। ਉਹ ਬੜਾ ਬਹਾਦਰ, ਨਿਰਭੈ, ਗਊ ਗ਼ਰੀਬ ਦੀ ਰੱਖਿਆ ਕਰਨ ਵਾਲਾ ਅਤੇ ਅਣਖਸਵੈਮਾਨ ਲਈ ਜਾਨ ਹੂਲਣ ਵਾਲਾ ਗੱਭਰੂ ਸੀ ਜਿਸ ਦੀਆਂ ਵਾਰਾਂ ਪੰਜਾਬੀ ਬੜੇ ਉਤਸ਼ਾਹ ਨਾਲ ਗਾਉਂਦੇ ਹਨ:

ਵਿੱਚ ਸਮਾਹਾਂ ਦੇ ਜਨਮਿਆ ਸੁੱਚਾ ਸਿੰਘ ਜੁਆਨ
ਕੱਟ ਗਿਆ ਦਿਨੇ ਚਾਰ ਜੋ ਜਾਣੇ ਕੁੱਲ ਜਹਾਨ।

ਗੱਲ ਅੰਗਰੇਜ਼ਾਂ ਦੇ ਰਾਜ ਵੇਲੇ ਦੀ ਹੈ। ਰਿਆਸਤ ਪਟਿਆਲਾ ਦੇ ਪਿੰਡ ਸਮਾਂਹ ਵਿੱਚ ਅਤਰ ਸਿੰਘ ਦੇ ਘਰ ਸੁੱਚੇ ਦਾ ਜਨਮ ਹੋਇਆ। ਬਚਪਨ ਵਿੱਚ ਹੀ ਉਹਦੇ ਮਾਂ-ਬਾਪ ਮਰ ਗਏ। ਉਹਦੇ ਵੱਡੇ ਭਰਾ ਨਰੈਣੇ ਨੇ ਉਹਦੀ ਪਾਲਣਾ ਪੋਸ਼ਣਾ ਕੀਤੀ। ਉਹ ਬਹੁਤ ਥੋੜੀ ਜ਼ਮੀਨ ਦੇ ਮਾਲਕ ਸਨ। ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਸੀ। ਰੁਲ ਖੁਲ ਕੇ ਪਲਦਾ ਸੁੱਚਾ ਜਵਾਨੀ ਦੀਆਂ ਬਰੂਹਾਂ 'ਤੇ ਪੁੱਜ ਗਿਆ ... ਗੁੰਦਵਾਂ ਤੇ ਛਾਂਟਵਾਂ ਸਰੀਰ, ਚੋ-ਚੋਂ ਪੈਂਦਾ ਗੁਲਾਬੀ ਭਾਅ ਮਾਰਦਾ ਰੰਗ ਰਾਹ ਜਾਂਦਿਆਂ ਦੇ ਦਿਲ ਧੂਹ ਕੇ ਲੈ ਜਾਂਦਾ:

ਛੈਲ ਛਬੀਲਾ ਨਿਕਲਿਆ ਸੁੱਚਾ, ਭਰਿਆ ਨਾਲ ਜਵਾਨੀ
ਸੋਹਣਾ ਰੂਪ ਸੁੰਦਰ ਸੀ ਵਸਦਾ, ਨੈਣ ਭਰੇ ਮਸਤਾਨੀ



ਨਿਕਲਿਆ ਬਾਂਕਾ ਸੂਰਮਾ ਸੁੱਚਾ,
ਪਿੰਡ ਵਿੱਚ ਨਹੀਂ ਕੋਈ ਸਾਨੀਂ
ਹੱਥ ਵਿੱਚ ਖੁੱਡਾ ਮਾਝੇ ਵਾਲਾ,
ਦਿੱਸੇ ਬੜਾ ਸੁਹਾਨੀ
ਸੁੱਚੇ ਸੂਰਮੇ ਦੀ,
ਕਰਾਂ ਕੀ ਸਿਫ਼ਤ ਜ਼ਬਾਨੀ।

(ਗੁਰਮੁਖ ਸਿੰਘ ਬੇਦੀ)

ਸਮਾਂਹ ਵਿੱਚ ਘੁੱਕਰ ਨਾਂ ਦਾ ਵੈਲੀ ਪਹਿਲਵਾਨ ਸੀ ਜਿਸ ਦੀ ਸੁੱਚੇ ਨਾਲ ਦੋਸਤੀ ਹੋ ਗਈ। ਦੋਨੋਂ ਇਕੱਠੇ ਕਸਰਤ ਕਰਦੇ, ਘੋਲ ਘੁਲਦੇ। ਘੁੱਕਰ ਨੇ ਸੁੱਚੇ ਨੂੰ ਆਪਣਾ ਪਗ-ਵੱਟ ਭਰਾ ਬਣਾ ਲਿਆ। ਉਹ ਅਕਸਰ ਸੁੱਚੇ ਦੇ ਘਰ ਆਉਣ ਲੱਗਾ। ਸੁੱਚੇ ਦੇ ਵੱਡੇ ਭਰਾ ਨਰੈਣੇ ਦੀ ਭਰ ਜੋਬਨ ਮੁਟਿਆਰ ਵਹੁਟੀ ਬੀਰੋ ਦੀ ਮਸ਼ਾਲ ਵਾਂਗ ਲਟ ਲਟ ਬਲਦੀ ਅੱਖ ਜਦੋਂ ਘੁੱਕਰ ਨਾਲ ਲੜੀ ਤਾਂ ਉਹ ਵਿਲ੍ਹਿਆਂ ਗਿਆ। ਬੀਰੇ ਨੂੰ ਪਾਉਣ ਲਈ ਉਹ ਬਿਉਂਤਾਂ ਬਨਾਉਣ ਲੱਗਾ। ਉਸ ਦਾ ਮਨ ਬੇਈਮਾਨ ਹੋ ਗਿਆ। ਉਸ ਦੇ ਲਈ ਸੁੱਚਾ ਰਾਹ ਦਾ ਰੋੜਾ ਬਣਿਆ ਖਲੋਤਾ ਸੀ। ਰੋੜਾ ਕਿਵੇਂ ਦੂਰ ਹੋਵੇ... ਮੰਦਵਾੜੇ ਦੇ ਦਿਨ ਸਨ, ਘੁੱਕਰ ਸੁੱਚੇ ਨੂੰ ਵਰਗਲਾ ਕੇ ਫੌਜ ਵਿੱਚ ਭਰਤੀ ਹੋਣ ਲਈ ਫਿਰੋਜ਼ਪੁਰ ਛਾਉਣੀ ਲੈ ਵੜਿਆ। ਸੁੱਚਾ ਤਾਂ ਭਰਤੀ ਹੋ ਗਿਆ ਪਰੰਤੁ ਘੁੱਕਰ ਬਹਾਨਾ ਘੜ ਕੇ ਵਾਪਸ ਪਿੰਡ ਆ ਗਿਆ।

ਧੋਖਾ ਕਰਿਆ ਮੱਲ ਨੇ ਸੁੱਚੇ ਦੇ ਨਾਲ ਜੀ
ਦੇ ਕੇ ਦੁਲਾਸਾ ਪਹਿਲਾਂ ਲੈ ਗਿਆ ਨਾਲ ਜੀ
ਕਿੱਡਾ ਦਗਾ ਕੀਤਾ ਨਾਲ ਪਾਜੀ ਯਾਰ ਦੇ
ਨੌਕਰ ਕਰਾਤਾ ਪਿੱਛੇ ਬੀਰੋ ਨਾਰ ਦੇ

(ਰੀਠਾ ਦੀਨ)

ਓਧਰ ਸੁੱਚਾ ਫੌਜ ਵਿੱਚ ਭਰਤੀ ਹੋ ਕੇ ਦੂਰ ਚਲਿਆ ਗਿਆ। ਏਧਰ ਘੁੱਕਰ ਨੇ ਅਤਿ ਚੁੱਕ ਲਈ। ਉਸ ਦੇ ਵੈਲਪੁਣੇ ਕਾਰਨ ਪਿੰਡ ਵਿੱਚ ਉਹਦੇ ਸਾਹਮਣੇ ਕੋਈ ਕੁਸਕਦਾ ਨਹੀਂ ਸੀ। ਉਹਨੇ ਨਰੈਣੇ ਦੀ ਪ੍ਰਵਾਹ ਨਾ ਕਰਦਿਆਂ ਬੀਰੋ ਨੂੰ ਅਜਿਹਾ ਫੁਸਲਾਇਆ ਕਿ ਉਹ ਸ਼ਰੇਆਮ ਘੁੱਕਰ ਦੇ ਘਰ ਆਉਣ ਜਾਣ ਲੱਗੀ। ਸਾਰੇ ਪਿੰਡ ਵਿੱਚ ਤੋਏ-ਤੋਏ ਹੋ ਰਹੀ ਸੀ। ਨਰੈਣੇ ਨੇ ਘੁੱਕਰ ਦੇ ਲੱਖ ਵਾਸਤੇ ਪਾਏ, ਸੁੱਚੇ ਦੀ ਵਟਾਈ ਪੱਗ ਦੀ ਲਾਜ ਪਾਲਣ ਲਈ ਆਖਿਆ। ਉਹਨੇ ਬੀਰੋ ਨੂੰ ਵੀ ਵੱਖ ਸਮਝਾਇਆ, ਘੁਰਿਆ-ਘਪਿਆ ਪਰ ਹੰਕਾਰਿਆ ਘੁੱਕਰ ਸਗੋਂ ਹੋਰ ਮਸਤ ਗਿਆ:

ਆਖਦਾ ਘੁੱਕਰ ਮੇਰੀ ਸੁਣੇ ਗੱਲ ਜੋ,
ਬੋਲਿਆ ਜਾਂ ਇਹਨੂੰ ਤੇਰੀ ਲਾਹਦੈ ਖੱਲ ਜੋ,
ਤੂੰ ਕੀ ਦੱਸ ਲਗਦਾ ਹੈਂ ਬੀਰੋ ਨਾਰ ਦਾ

ਆਖਦਾ ਘੁੱਕਰ ਭਰਿਆ ਹੰਕਾਰ ਦਾ
ਦੋਹਾਂ ਦਾ ਮੈਂ ਕੁੱਟ ਕੇ ਬਣਾ ਦੂੰ ਚੂਰਮਾ
ਉਹਨੂੰ ਵੀ ਸਦਾ ਲੈ ਜੋ ਕਹਾਵੇ ਸੂਰਮਾ
ਪੀਊ ਥੋਡੀ ਰੱਤ ਖੜ੍ਹਾ ਲਲਕਾਰਦਾ
ਆਖਦਾ ਘੁੱਕਰ ਭਰਿਆ ਹੰਕਾਰ ਦਾ

(ਰੀਠਾ ਦੀਨ)

ਘੁੱਕਰ ਨੇ ਵਟਾਈ ਪੱਗ ਦੀ ਲਾਜ ਨਾ ਰੱਖੀ। ਨਰੈਣ ਦਾ ਜੀਣਾ ਹਰਾਮ ਹੋ ਗਿਆ। ਸ਼ਰੇਆਮ ਉਹਦੀ ਵਹੁਟੀ ਘੁੱਕਰ ਦੇ ਘਰ ਵਸਦੀ ਪਈ ਸੀ। ਸੱਥ ਵਿੱਚ ਰੁਲਦੀ ਪੱਗ ਉਸ ਤੋਂ ਸਹਾਰੀ ਨਾ ਗਈ। ਉਸ ਨੇ ਆਪਣੇ ਛੋਟੇ ਵੀਰ ਸੁੱਚੇ ਨੂੰ ਖ਼ਤ ਲਿਖ ਕੇ ਸਾਰੇ ਹਾਲਾਤ ਤੋਂ ਜਾਣੂ ਕਰਵਾ ਦਿੱਤਾ।

ਸੁੱਚਾ ਨਰੈਣੇ ਦੀ ਚਿੱਠੀ ਪੜ੍ਹਦੇ ਸਾਰ ਹੀ ਤੜਫ਼ ਉੱਠਿਆ। ਉਹਦੀ ਅਣਖ ਜਾਗ ਪਈ ਤੇ ਖੂਨ ਉਬਾਲੇ ਖਾਣ ਲੱਗਾ। ਉਹਨੇ ਆਪਣੇ ਅੰਗਰੇਜ਼ ਅਫ਼ਸਰ ਕੋਲ ਜਾ ਅਰਜ਼ ਗੁਜ਼ਾਰੀ। ਅਜੇ ਕੁਝ ਦਿਨ ਪਹਿਲਾਂ ਹੀ ਸੁੱਚੇ ਨੇ ਸਾਹਿਬ ਦੇ ਬੰਗਲੇ ਨੂੰ ਜਦੋਂ ਅੱਗ ਲੱਗੀ ਹੋਈ ਸੀ, ਮੇਮ ਤੇ ਉਹਦੇ ਦੋ ਬੱਚਿਆਂ ਨੂੰ ਬਲਦੀਆਂ ਲਾਟਾਂ ਵਿਚੋਂ ਕੱਢ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਦੀ ਜਾਨ ਬਚਾਈ ਸੀ....।ਸਾਹਿਬ ਉਹਦੀ ਬਹਾਦਰੀ 'ਤੇ ਅਸ਼ ਅਸ਼ ਕਰ ਉਠਿਆ ਸੀ। ਉਸ ਨੇ ਸੁੱਚੇ ਨੂੰ ਸ਼ੁਕਰਾਨੇ ਵਜੋਂ ਇਕ ਰਾਈਫਲ ਤੇ 500 ਰੁਪਏ ਨਕਦ ਇਨਾਮ ਦੇ ਦਿੱਤੇ ਸਨ।

ਸਾਹਿਬ ਨੇ ਸੁੱਚੇ ਦੀ ਛੁੱਟੀ ਮਨਜ਼ੂਰ ਕਰ ਦਿੱਤੀ। ਉਹਨੇ ਰਾਈਫ਼ਲ ਤੇ ਕਾਰਤੂਸ ਆਪਣੇ ਬਿਸਤਰੇ ’ਚ ਬੰਨ੍ਹੇ ਤੇ ਸਮਾਂਹ ਨੂੰ ਚੱਲ ਪਿਆ। ਇਕ ਜਵਾਲਾ ਉਹਦੇ ਸੀਨੇ ’ਚ ਭੜਕ ਰਹੀ ਸੀ, ਅੱਖੀਆਂ ਅੰਗਿਆਰ ਵਰ੍ਹਾ ਰਹੀਆਂ ਸਨ।

ਕਈ ਦਿਨਾਂ ਦੇ ਸਫ਼ਰ ਮਗਰੋਂ ਸੁੱਚਾ ਸਮਾਂਹ ਪੁੱਜ ਗਿਆ। ਨਰੈਣੇ ਨੇ ਧਾ ਗਲਵੱਕੜੀ ਪਾਈ:

ਰੋ ਕੇ ਪਾ ਲਈ ਨਰੈਣੇ ਨੇ ਭਰਾ ਨੂੰ ਜਫੜੀ
ਖੁਸ਼ਕੀ ਸੇ ਹੋ ਗਈ ਐ ਪਿੰਡੇ `ਤੇ ਧਫੜੀ
ਮਰ ਗਿਆ ਸੁੱਚਾ ਸਿੰਘਾ ਪਾ ਦੇ ਠੰਢ ਵੀਰਨਾ
ਆ ਗਿਆ ਸਬੱਬੀ ਦੁੱਖ ਵੰਡ ਵੀਰਨਾ

(ਰਜਬ ਅਲੀ)

ਨਰੈਣੇ ਨੇ ਦਿਲ ਦੀਆਂ ਖੋਲ੍ਹ ਸੁਣਾਈਆਂ। ਬੀਰੋ ਉਪਰੋਂ ਉਪਰੋਂ ਸੁੱਚੇ ਦੁਆਲੇ ਅਨੇ ਪਸ਼ਨੇ ਕਰਦੀ ਫਿਰਦੀ ਸੀ। ਕਈ ਦਿਨ ਲੰਘ ਗਏ। ਸੁੱਚਾ ਅੰਦਰੋਂ ਅੰਦਰ ਵਿਸ ਘੋਲ ਰਿਹਾ ਸੀ। ਘੁੱਕਰ ਤੇ ਭਾਗ ਉਹਦੀਆਂ ਅੱਖੀਆਂ 'ਚ ਰੜਕ ਰਹੇ ਸਨ। ਕੋਈ ਸਬੱਬ ਨਹੀਂ ਸੀ ਬਣ ਰਿਹਾ।

ਆਖਰ ਇਕ ਦਿਨ ਸਬੱਬ ਬਣ ਹੀ ਗਿਆ। ਪਿੰਡ ਵਿੱਚ ਗਾਉਣ ਲੱਗਿਆ ਹੋਇਆ ਸੀ। ਘੁੱਕਰ ਹੋਰੀਂ ਸ਼ਰਾਬ ਵਿੱਚ ਮਸਤ ਹੋਏ ਚਾਂਭੜਾਂ ਪਾ ਰਹੇ ਸਨ। ਸੁੱਚਾ ਅਖਾੜੇ ਵਿੱਚ ਖੇਸ ਦੀ ਬੁੱਕਲ ਮਾਰ ਰਫਲ ਲਕੋਈ ਬੈਠਾ ਸੀ। ਬੱਕਰੇ ਬੁਲਾਉਂਦੇ ਘੁੱਕਰ ਨੂੰ ਵੇਖਦੇ ਸਾਰ ਹੀ ਸੁੱਚੇ ਨੇ ਖੇਸੀ ਪਰੇ ਵਗਾਹ ਮਾਰੀ ਤੇ ਰਫਲ ਨਾਲ ਫ਼ਾਇਰ ਕਰ ਦਿੱਤਾ। ਅਖਾੜੇ ਵਿੱਚ ਹਫੜਾ ਦਫੜੀ ਪੈ ਗਈ ਤੇ ਉਹਨੇ ਘੁੱਕਰ ਨੂੰ ਜਾ ਘੇਰਿਆ:

ਰਾਤ ਦਿਨ ਭੋਗ ਕੇ ਪਰਾਈਆਂ ਤੀਵੀਆਂ
ਸੂਰਮਾ ਸਦਾਮੇਂ ਅੱਖਾਂ ਪਾਵੇਂ ਨੀਵੀਆਂ
ਪਾਈ ਨਾ ਕਦਰ ਲਾਲ ਦੀ ਪਰਖ ਕੇ
ਲਾਲ ਸੂਹਾ ਹੋ ਗਿਆ ਸੁਰਮਾ ਹਰਖ ਕੇ
ਮੋਢੇ ਨਾਲ ਲਾਵੇ ਚੱਕ ਕੇ ਮਸ਼ੀਨ ਨੂੰ
ਪੇਚ ਨੂੰ ਨਕਾਲ ਭਰੇ ਮੈਗਜ਼ੀਨ ਨੂੰ
ਮੱਲ ਵੰਨੀ ਛੱਡੇ ਜੋੜ ਜੋੜ ਸ਼ਿਸ਼ਤਾਂ
ਦੇਰ ਨਾ ਲਗਾਵੇ ਤਾਰ ਦੇਵੇ ਕਿਸ਼ਤਾਂ
ਰਜਬ ਅਲੀ ਘੜੀ ਵਿਚ ਉੜਾਤੀ ਗਰਦ ਐ
ਆਖਰ ਸ਼ਰਮ ਜੀਹਦੇ ਜਾਣੋ ਮਰਦ ਐ

ਘੁੱਕਰ ਮੱਲ ਨੂੰ ਗੋਲੀਆਂ ਨਾਲ ਭੁੰਨ ਕੇ ਸੁੱਚੇ ਨੇ ਭਾਗ ਨੂੰ ਆ ਘੇਰਿਆ ਤੇ ਉਸ ਦੇ ਗੋਲੀ ਮਾਰ ਦਿੱਤੀ। ਇਸ ਮਗਰੋਂ ਉਹਨੇ ਘਰੋਂ ਜਾ ਕੇ ਬੀਰੋ ਨੂੰ ਧੂਹ ਲਿਆਂਦਾ ਤੇ ਦੋਹਾਂ ਲੋਥਾਂ ਕੋਲ ਲਿਆ ਕੇ ਉਹ ਨੂੰ ਵੀ ਪਾਰ ਬੁਲਾ ਦਿੱਤਾ। ਤਿੰਨਾਂ ਨੂੰ ਮਾਰਨ ਮਗਰੋਂ ਸੁੱਚਾ ਬੱਕਰੇ ਬੁਲਾਉਂਦਾ ਹੋਇਆ ਬੋਤੇ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਸਾਰੇ ਇਲਾਕੇ ਵਿਚ 'ਸੁੱਚਾ' ‘ਸੁੱਚਾ' ਹੋਣ ਲੱਗੀ। ਇਕ ਪਠਾਣ ਉਹਦਾ ਪਿੱਛਾ ਕਰਦਾ ਹੋਇਆ ਆਪਣੀ ਜਾਨ ਗੰਵਾ ਬੈਠਾ। ਪੁਲੀਸ ਦੇ ਉਹ ਹੱਥ ਨਾ ਲੱਗਾ ਤੇ ਬੀਕਾਨੇਰ ਦੇ ਇਲਾਕੇ ਵਿੱਚ ਡਾਕੂਆਂ ਨਾਲ ਜਾ ਰਲਿਆ। ਡਾਕ ਦੇ ਰੂਪ ਵਿੱਚ ਉਹਦੀ ਥਾਂਕ ਪੈ ਗਈ। ਕਈ ਰੱਜੇ ਪੁੱਜੇ ਸੂਦਖੋਰ ਸ਼ਾਹੂਕਾਰ ਉਹਨੇ ਲੁੱਟੇ। ਉਹ ਗ਼ਰੀਬ ਦਾ ਦਰਦੀ ਸੀ, ਲੁੱਟ ਦਾ ਮਾਲ ਉਹ ਗਰੀਬਾਂ ਵਿੱਚ ਵੰਡ ਦਿੰਦਾ। ਉਹਦੀ ਬਹਾਦਰੀ ਦੀਆਂ ਧੁੰਮਾਂ ਪਈਆਂ ਹੋਈਆਂ ਸਨ ਜਿਸ ਕਰਕੇ ਪੁਲੀਸ ਉਹਦੇ ਨਾਲ ਟਾਕਰਾ ਕਰਨੋਂ ਕੰਨੀ ਕਤਰਾਉਂਦੀ ਸੀ। ਉਹ ਆਮ ਲੋਕਾਂ ਦੇ ਘਰੀਂ ਜਾ ਲੁਕਦਾ। ਇਕ ਦਿਨ ਉਹਨੇ ਇਕ ਮਾਈ ਦੇ ਆਖਣ 'ਤੇ ਪੰਜ ਬੁੱਚੜਾਂ ਨੂੰ ਮਾਰ ਕੇ ਕਈ ਗਊਆਂ ਦੀ ਜਾਨ ਬਚਾਈ। ਸਾਰੇ ਇਲਾਕੇ ਵਿੱਚ ਸੱਚੇ ਦੀ ਬੱਲੇ ਬੱਲੇ ਸੀ। ਉਹ ਲੁਕਵੇਂ ਰੂਪ ਵਿਚ ਆਪਣੇ ਇਲਾਕੇ ਵਿੱਚ ਗੇੜਾ ਮਾਰਦਾ। ਇਕ ਦਿਨ ਉਹਦੇ ਚਾਚੇ ਦੇ ਪੁੱਤ ਬਸੰਤ ਨੇ ਜੋ ਗਹਿਰੀ ਦਾ ਰਹਿਣ ਵਾਲਾ ਸੀ, ਸੱਚੇ ਅੱਗੇ ਆ ਦੁੱਖ ਰੋਇਆ ਕਿ ਉਹਦੀ ਚਾਚੀ ਰਾਜੋ ਉਸੇ ਪਿੰਡ ਦੇ ਇਕ ਵੈਲੀ ਜੱਟ ਗੱਜਣ ਨੇ ਧੱਕੇ ਨਾਲ ਸਾਂਭੀ ਹੋਈ ਹੈ। ਗਹਿਰੀ ਜਾ ਕੇ ਸੁੱਚੇ ਨੇ ਖੇਤਾਂ ਵਿੱਚ ਹਾੜ੍ਹੀ ਵੱਢਦੇ ਗੱਜਣ ਨੂੰ ਗੋਲੀ ਮਾਰੀ ਤੇ ਮਗਰੋਂ ਰਾਜੋ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ।

ਅਣਖੀਲੇ ਸੂਰਮੇ ਸੁੱਚਾ ਸਿੰਘ ਦੀ ਬਹਾਦਰੀ ਦੇ ਚਰਚੇ ਸਾਰੇ ਇਲਾਕੇ ਵਿੱਚ ਹੋ ਰਹੇ ਸਨ। ਨਮੋਸ਼ੀ ਦੀ ਮਾਰੀ ਪੁਲੀਸ ਉਸ ਨੂੰ ਫੜਨੋਂ ਅਸਮਰਥ ਸੀ। ਸਰਕਾਰ ਨੇ ਸੁੱਚੇ ਨੂੰ ਫੜਾਉਣ ਲਈ ਇਨਾਮ ਵੀ ਐਲਾਨਿਆ ਹੋਇਆ ਸੀ।

ਲਾਲਚ ਮਿੱਤਰਾਂ ਨੂੰ ਵੀ ਡੁਲਾ ਦਿੰਦਾ ਹੈ। ਆਖਰ ਇਕ ਦਿਨ ਲਾਲਚ-ਵਸ ਸੁੱਚੇ ਦੇ ਮਿੱਤਰ ਮਹਾਂ ਸਿੰਘ ਨੇ, ਜਦੋਂ ਉਹ ਸੰਗਤਪੁਰੇ ਉਹਦੇ ਘਰ ਸੁੱਤਾ ਹੋਇਆ ਸੀ, ਪੁਲੀਸ ਨੂੰ ਬੁਲਾ ਕੇ ਉਹਨੂੰ ਫੜਾ ਦਿੱਤਾ। ਨਿਹੱਥਾ ਸੂਰਮਾ ਕਚੀਚੀਆਂ ਵੱਟਦਾ ਰਹਿ ਗਿਆ।

ਮੁਕੱਦਮਾ ਚੱਲਿਆ। ਪਟਿਆਲੇ ਦੇ ਰਾਜੇ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਪੰਜਾਬ ਦਾ ਅਣਖੀਲਾ ਗੱਭਰੂ ਹੱਸਦਾ ਹੱਸਦਾ ਫਾਂਸੀ 'ਤੇ ਲਟਕ ਗਿਆ ਤੇ ਲੋਕ-ਕਵੀਆਂ ਨੇ ਇਸ ਸੂਰਮੇ ਦੀ ਜੀਵਨ ਕਹਾਣੀ ਨੂੰ ਕਿੱਸਿਆਂ ਦੇ ਰੂਪ ਵਿੱਚ ਸਾਂਭ ਲਿਆ। ਰੀਠਾ ਦੀਨ, ਰਜਬ ਅਲੀ, ਗੁਰਮੁਖ ਸਿੰਘ ਬੇਦੀ, ਸ਼ਿਆਮ ਸਿੰਘ ਤੇ ਛੱਜੂ ਸਿੰਘ ਨੇ ਸੁੱਚਾ ਸਿੰਘ ਸੂਰਮੇ ਬਾਰੇ ਕਿੱਸੇ ਰਚੇ ਹਨ ਜਿਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਲੋਕ ਬੜੇ ਚਾਵਾਂ ਨਾਲ ਪੜ੍ਹ ਕੇ ਆਨੰਦ ਮਾਣਦੇ ਹਨ ਅਤੇ ਅਣਖੀ ਸੂਰਮੇ ਨੂੰ ਸੈਆਂ ਸਲਾਮਾਂ ਕਰਦੇ ਹਨ।