ਪੰਜਾਬ ਦੇ ਲੋਕ ਨਾਇਕ/ਦੁੱਲਾ ਭੱਟੀ

ਵਾਚਨ - Jagseer S Sidhu
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49470ਪੰਜਾਬ ਦੇ ਲੋਕ ਨਾਇਕ — ਦੁੱਲਾ ਭੱਟੀਸੁਖਦੇਵ ਮਾਦਪੁਰੀ

ਦੁੱਲਾ ਭੱਟੀ

ਵਿਰਲਾ ਹੀ ਕੋਈ ਪੰਜਾਬੀ ਹੋਵੇਗਾ ਜਿਸ ਨੇ ਸੁੰਦਰ ਮੁੰਦਰੀਏ ਦਾ ਗੀਤ ਨਾ ਸੁਣਿਆ ਹੋਵੇ। ਬੱਚੇ ਲੋਹੜੀ ਮੰਗਦੇ ਹੋਏ ਅਕਸਰ ਇਹ ਗੀਤ ਗਾਉਂਦੇ ਹਨ। ਇਸ ਗੀਤ ਵਿੱਚ ਦੁੱਲਾ ਭੱਟੀ ਦਾ ਜ਼ਿਕਰ ਆਉਂਦਾ ਹੈ।

ਸੁੰਦਰ ਮੁੰਦਰੀਏ-ਹੋ
ਤੇਰਾ ਕੌਣ ਵਿਚਾਰਾ——ਹੋ
ਦੁੱਲਾ ਭੱਟੀ ਵਾਲਾ——ਹੋ
ਦੁੱਲੇ ਧੀ ਵਿਆਹੀ——ਹੋ
ਸੇਰ ਸ਼ੱਕਰ ਪਾਈ——ਹੋ
ਕੁੜੀ ਦੇ ਬੋਝੇ ਪਾਈ——ਹੋ
ਕੁੜੀ ਦਾ ਲਾਲ ਪਟਾਕਾ——ਹੋ
ਕੁੜੀ ਦਾ ਸਾਲੂ ਪਾਟਾ——ਹੋ
ਸਾਲੂ ਕੌਣ ਸਮੇਟੇ——ਹੋ
ਚਾਚਾ ਗਾਲ਼ੀ ਦੇਸੇ——ਹੋ
ਚਾਚੇ ਚੂਰੀ ਕੁੱਟੀ——ਹੋ
ਜ਼ੀਮੀਂਦਾਰਾਂ ਲੁੱਟੀ——ਹੋ
ਜ਼ੀਮੀਂਦਾਰ ਸਦਾਓ——ਹੋ
ਗਿਣ ਗਿਣ ਪੋਲੇ ਲਾਓ——ਹੋ

ਦੁੱਲਾ ਭੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਹੈ। ਉਹ ਸਾਂਦਲ ਬਾਰ (ਪੱਛਮੀ ਪੰਜਾਬ ਪਾਕਿਸਤਾਨ) ਦੇ ਇਲਾਕੇ ਦਾ ਸੂਰਬੀਰ ਅਣਖੀ ਯੋਧਾ ਹੋਇਆ ਹੈ ਜਿਸ ਨੇ ਅਕਬਰ ਜਹੇ ਮੁਗ਼ਲ ਬਾਦਸ਼ਾਹ ਵਿਰੁੱਧ ਬਗ਼ਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਲੱਗਾ।

ਗੱਲ ਅਕਬਰ ਸਮਰਾਟ ਦੇ ਰਾਜ ਸਮੇਂ ਦੀ ਹੈ। ਦੁੱਲੇ ਦਾ ਬਾਪ ਫ਼ਰੀਦ ਮੁਸਲਮਾਨ ਭੱਟੀ ਰਾਜਪੂਤ ਸੀ। ਉਹ ਲਾਹੌਰ ਦੇ ਲਾਗੇ ਸਾਂਦਲ ਬਾਰ ਦੇ ਇਲਾਕੇ ਵਿੱਚ ਰਹਿੰਦਾ ਸੀ। ਉਹਦਾ ਬਾਪ ਬੜਾ ਬਹਾਦਰ ਤੇ ਅੜਬ ਸੁਭਾਅ ਦਾ ਮਾਲਕ ਸੀ। ਉਹ ਮੁਗ਼ਲ ਸਰਕਾਰ ਦੀ ਈਨ ਮੰਨਣ ਤੋਂ ਇਨਕਾਰੀ ਸਨ——ਮਾਰ ਧਾੜ ਕਰਨੀ ਉਹਨਾਂ ਦਾ ਮਨ ਭਾਉਂਦਾ ਸ਼ੁਗਲ ਸੀ। ਉਹਨਾਂ ਨੇ ਬਾਦਸ਼ਾਹ ਨੂੰ ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ——ਮੁਗ਼ਲ ਸਰਕਾਰ ਦੇ ਕਰਮਚਾਰੀਆਂ ਨੂੰ ਉਹ ਟਿੱਚ ਸਮਝਦੇ ਤੇ ਲੁੱਟ ਮਾਰ ਕਰਕੇ ਭਜਾ ਦੇਂਦੇ। ਲਗਾਨ ਦੀ ਵਸੂਲੀ ਨਾ ਹੋਣ ਕਰਕੇ ਅਤੇ ਉਹਨਾਂ ਦੀਆਂ ਮਾਰ ਧਾੜ ਦੀਆਂ ਖ਼ਬਰਾਂ ਨੇ ਅਕਬਰ ਦੇ ਗੁੱਸੇ ਦਾ ਪਾਰਾ ਚਾੜ੍ਹ ਦਿੱਤਾ। ਅਕਬਰ ਨੇ ਉਹਨਾਂ ਦੋਨਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ। ਮੁਗ਼ਲ ਫ਼ੌਜਾਂ ਨੇ ਫ਼ਰੀਦ ਤੇ ਉਹਦੇ ਬਾਪ ਨੂੰ ਜਾ ਫੜਿਆ ਤੇ ਅਕਬਰ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤਾ। ਅਕਬਰ ਨੇ ਅੱਗੋਂ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਉਹਨਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਫੂਸ ਭਰ ਕੇ ਸ਼ਹਿਰ ਦੇ ਮੁੱਖ ਦੁਆਰ ਤੇ ਪੁੱਠੀਆਂ ਲਟਕਾਉਣ ਦਾ ਹੁਕਮ ਦੇ ਦਿੱਤਾ...... ਫ਼ਰੀਦ ਅਤੇ ਉਸ ਦਾ ਬਾਪ ਬੜ੍ਹਕਾਂ ਮਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।

ਫ਼ਰੀਦ ਦੀ ਸ਼ਹਾਦਤ ਸਮੇਂ ਉਹਦੀ ਪਤਨੀ ਲੱਧੀ ਪੰਜ ਮਹੀਨੇ ਦੀ ਗਰਭਵਤੀ ਸੀ। ਫ਼ਰੀਦ ਦੀ ਮੌਤ ਤੋਂ ਚਾਰ ਮਹੀਨੇ ਪਿੱਛੋਂ ਦੁੱਲੇ ਦਾ ਜਨਮ ਹੋਇਆ। ਉਸ ਦੀ ਦਾਦੀ ਅਤੇ ਮਾਂ ਉਹਦੇ ਚਿਹਰੇ ਨੂੰ ਵੇਖ ਕੇ ਨੂਰੋ ਨੂਰ ਹੋ ਗਈਆਂ। ਇਕ ਅਨੋਖਾ ਜਲਾਲ ਉਹਦੇ ਮੱਥੇ ਤੇ ਟਪਕ ਰਿਹਾ ਸੀ। ਦਾਦੀ ਦੁੱਲੇ ਤੋਂ ਮੁਹਰਾਂ ਵਾਰ-ਵਾਰ ਵੰਡ ਰਹੀ ਸੀ। ਖ਼ੁਸ਼ੀ ਸਾਂਭਿਆਂ ਸੰਭਾਲੀ ਨਹੀਂ ਸੀ ਜਾਂਦੀ। ਇਕ ਆਸ, ਇਕ ਸੁਪਨਾ ਉਹਨਾਂ ਦੇ ਸਾਹਮਣੇ ਸਾਕਾਰ ਹੁੰਦਾ ਨਜ਼ਰੀਂ ਆ ਰਿਹਾ ਸੀ।

ਕੁਦਰਤ ਦੀ ਹੋਣੀ ਵੇਖੋ ਐਨ ਓਸੇ ਦਿਨ ਅਕਬਰ ਦੇ ਘਰ ਵੀ ਪੁੱਤ ਜੰਮਿਆ। ਉਹਦਾ ਨਾਂ ਉਹਨੇ ਸ਼ੇਖੂ ਰੱਖਿਆ ਜੋ ਵੱਡਾ ਹੋ ਕੇ ਜਹਾਂਗੀਰ ਬਾਦਸ਼ਾਹ ਬਣਿਆਂ। ਅਕਬਰ ਨੇ ਨਜੂਮੀਆਂ ਨੂੰ ਆਖਿਆ, "ਕੋਈ ਐਸਾ ਉਪਾਓ ਦੱਸੋ ਜਿਸ ਨਾਲ਼ ਸ਼ੇਖੂ ਸੂਰਬੀਰ, ਬਲਵਾਨ ਤੇ ਇਨਸਾਫ਼ਪਸੰਦ ਵਿਅਕਤੀ ਬਣੇ।"

ਇਕ ਨਜੂਮੀ ਨੇ ਆਖਿਆ, "ਬਾਦਸ਼ਾਹ ਸਲਾਮਤ ਆਪਣੇ ਰਾਜ ਦੀ ਅਜਿਹੀ ਬਹਾਦਰ, ਸਿਹਤਮੰਦ ਰਾਜਪੂਤ ਔਰਤ ਦਾ ਦੁੱਧ ਸ਼ੇਖੂ ਨੂੰ ਚੁੰਘਾਇਆ ਜਾਵੇ ਜਿਸ ਨੇ ਸ਼ੇਖੂ ਦੇ ਜਨਮ ਵਾਲ਼ੇ ਦਿਨ ਹੀ ਪੁੱਤਰ ਨੂੰ ਜਨਮ ਦਿੱਤਾ ਹੋਵੇ।"

ਅਜਿਹੀ ਸੂਰਬੀਰ ਮਾਂ ਦੀ ਭਾਲ਼ ਲਈ ਸਾਰੇ ਰਾਜ ਵਿੱਚ ਏਲਚੀ ਭੇਜੇ ਗਏ। ਕਿਸੇ ਲੱਧੀ ਬਾਰੇ ਜਾ ਆਖਿਆ ਕਿ ਉਸ ਨੇ ਪੁੱਤ ਨੂੰ ਜਨਮ ਦਿੱਤਾ ਹੈ।

ਲੱਧੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਬੁਲਾਇਆ ਗਿਆ। ਬਾਦਸ਼ਾਹ ਦਾ ਹੁਕਮ ਕਿਵੇਂ ਟਾਲ਼ਦੀ.....ਸ਼ੇਖੂ ਨੂੰ ਪਾਲਣ ਦੀ ਜ਼ੁੰਮੇਂਵਾਰੀ ਉਹਨੇ ਲੈ ਲਈ। ਮੁਗ਼ਲ ਸਰਕਾਰ ਵੱਲੋਂ ਲੱਧੀ ਦੇ ਪਿੰਡ ਹੀ ਅਨੇਕਾਂ ਸੁਖ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ। ਦੁੱਲਾ ਤੇ ਸ਼ੇਖੂ ਦੋਨੇਂ ਕੱਠੇ ਪਲਣ ਲੱਗੇ——ਦੋਨੋਂ ਲੱਧੀ ਦਾ ਸੀਰ ਚੁੰਘਦੇ। ਦੋਹਾਂ ਨੂੰ ਉਹ ਇੱਕ ਜਿਹਾ ਪਿਆਰ ਦੇਂਦੀ, ਲਾਡ ਲਡਾਉਂਦੀ। ਸਮਾਂ ਆਪਣੀ ਤੋਰੇ ਤੁਰਦਾ ਰਿਹਾ। ਬਾਰਾਂ ਵਰ੍ਹੇ ਇੰਜ ਹੀ ਬੀਤ ਗਏ.... ਸ਼ੇਖੂ ਨੇ ਆਪਣੇ ਬਾਪ ਪਾਸ ਆਖ਼ਰ ਜਾਣਾ ਹੀ ਸੀ। ਅਕਬਰ ਨੇ ਦੁੱਲੇ ਤੇ ਸ਼ੇਖੂ ਦੀ ਪ੍ਰੀਖਿਆ ਲਈ.... ਘੋੜ ਸਵਾਰੀ, ਨੇਜ਼ਾਬਾਜ਼ੀ ਤੇ ਤੀਰਅੰਦਾਜ਼ੀ ਵਿੱਚ ਦੁੱਲਾ ਸ਼ੇਖੂ ਨੂੰ ਮਾਤ ਦੇ ਗਿਆ......

ਅਕਬਰ ਨੇ ਸੋਚਿਆ ਕਿਤੇ ਲੱਧੀ ਨੇ ਦੁੱਧ ਚੁੰਘਾਉਣ 'ਚ ਵਿਤਕਰਾ ਨਾ ਕੀਤਾ ਹੋਵੇ.....

ਲੱਧੀ ਨੇ ਅਕਬਰ ਦੇ ਚਿਹਰੇ ਦੇ ਹਾਵ ਭਾਵ ਵੇਖ ਕੇ ਆਖਿਆ, "ਹਜ਼ੂਰ ਮੈਂ ਤਾਂ ਦੋਹਾਂ ਨੂੰ ਇਕੋ ਜਿੰਨਾ ਦੁੱਧ ਚੁੰਘਾਇਐ ...... ਸੱਜਾ ਮੰਮਾ ਦੁੱਲਾ ਚੁੰਘਦਾ ਸੀ ਤੇ ਖੱਬਾ ਸ਼ੇਖੂ।"

ਅਕਬਰ ਸ਼ੁਕਰਗੁਜ਼ਾਰ ਸੀ ਕਿ ਲੱਧੀ ਨੇ ਉਹਦੇ ਪੁੱਤ ਨੂੰ ਆਪਣਾ ਸੀਰ ਚੁੰਘਾ ਕੇ ਪਾਲ਼ਿਆ ਹੈ। ਉਹਨੇ ਇਨਾਮ ਵਜੋਂ ਬਹੁਤ ਸਾਰੀਆਂ ਮੋਹਰਾਂ ਲੱਧੀ ਦੀ ਝੋਲੀ ਪਾ ਕੇ ਆਖਿਆ, "ਮੈਂ ਤੇਰਾ ਦੇਣ ਤਾਂ ਨੀ ਦੇ ਸਕਦਾ। ਆਹ ਕੁਝ ਰਕਮ ਐ ਇਹਦੇ ਨਾਲ਼ ਦੁੱਲੇ ਨੂੰ ਚੰਗੀ ਤਾਲੀਮ ਦੁਆਈਂ। ਵੱਡੇ ਹੋਣ ਤੇ ਮੈਂ ਇਹਨੂੰ ਆਪਣੇ ਦਰਬਾਰ 'ਚ ਵੱਡਾ ਰੁਤਬਾ ਦਿਆਂਗਾ।"

ਲੱਧੀ ਨੇ ਅਕਬਰ ਦਾ ਸ਼ੁਕਰੀਆ ਅਦਾ ਕੀਤਾ ਤੇ ਦੁੱਲੇ ਨੂੰ ਲੈ ਕੇ ਆਪਣੇ ਘਰ ਪਰਤ ਆਈ।

ਦੁੱਲੇ ਨੂੰ ਦੀਨੀ ਸਿੱਖਿਆ ਦੇਣ ਲਈ ਕਾਜ਼ੀ ਪਾਸ ਮਸੀਤੇ ਪੜ੍ਹਨੇ ਪਾਇਆ ਗਿਆ.... ਉਹਨੂੰ ਨਿਯਮਬੱਧ ਕਰੜੀ ਸਿੱਖਿਆ ਪਸੰਦ ਨਾ ਆਈ। ਉਹ ਇਕ ਦਿਨ ਕਾਜ਼ੀ ਨੂੰ ਕੁੱਟ ਕੇ ਘਰ ਦੌੜ ਆਇਆ ਤੇ ਆਪਣੇ ਹਾਣੀਆਂ ਨਾਲ਼ ਜਾ ਕੇ ਖੇਡਣ ਲੱਗ ਪਿਆ।

ਦੁੱਲਾ ਅਲਬੇਲੇ ਸੁਭਾਅ ਦਾ ਮਾਲਕ ਸੀ...... ਖੁੱਲ੍ਹੀ ਹਵਾ ਵਿੱਚ ਚੁੰਘੀਆਂ ਭਰਨ ਵਾਲਾ ਹੀਰਾ ਹਰਨ। ਉਹਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਢਾਣੀ ਬਣਾ ਲਈ ਤੇ ਉਹਨਾਂ ਦਾ ਸਰਦਾਰ ਬਣ ਕੇ ਲੱਗਾ ਅਨੋਖੀਆਂ ਹਰਕਤਾਂ ਕਰਨ। ਉਹ ਜੰਗਲ ਬੇਲਿਆਂ ਵਿੱਚ ਘੁੰਮਦੇ, ਖਰਮਸਤੀਆਂ ਕਰਦੇ। ਸੋਲ੍ਹਾਂ ਵਰ੍ਹਿਆਂ ਦੀ ਉਮਰ ਵਿੱਚ ਉਹ ਬਾਂਕਾ ਜਵਾਨ ਨਿਕਲਿਆ..... ਸਰੂਆਂ ਵਰਗਾ ਸਰੀਰ, ਗੇਲੀ ਜਿਹਾ ਜੁੱਸਾ.... ਦਗ਼ ਦਗ਼ ਕਰਦਾ ਚਿਹਰਾ..... ਉਹਦਾ ਅਮੋੜ ਸੁਭਾਅ ਲੱਧੀ ਨੂੰ ਸੋਚਾਂ 'ਚ ਪਾ ਦੇਂਦਾ....ਉਹ ਇਹ ਜਾਣਦੀ ਸੀ ਕਿ ਉਹਦੇ ਬਾਪ ਫ਼ਰੀਦ ਦਾ ਵਿਦਰੋਹੀ ਖ਼ੂਨ ਉਹਦੀਆਂ ਰਗਾਂ 'ਚ ਦੌੜ ਰਿਹਾ ਹੈ...... ਇਹ ਖ਼ੂਨ ਕਿਸੇ ਵੇਲੇ ਵੀ ਉਬਾਲ਼ਾ ਖਾ ਸਕਦਾ ਸੀ। ਉਹਦੀਆਂ ਖਰਮਸਤੀਆਂ ਤੇ ਉਲਾਂਭੇ ਲੱਧੀ ਲਈ ਸੈਆਂ ਮੁਸੀਬਤਾਂ ਖੜੀਆਂ ਕਰ ਸਕਦੇ ਸਨ। ਦੁੱਲੇ ਦਾ ਪਾਣੀ ਭਰਦੀਆਂ ਤੀਵੀਆਂ ਦੇ ਘੜੇ ਗੁਲੇਲਾਂ ਮਾਰ ਕੇ ਭੰਨਣ ਦਾ ਸ਼ੌਂਕ ਦਿਨੋਂ ਦਿਨ ਵੱਧ ਰਿਹਾ ਸੀ..... ਨਿੱਤ ਉਲਾਂਭੇ ਮਿਲਦੇ...... ਲੱਧੀ ਨੇ ਜ਼ਨਾਨੀਆਂ ਨੂੰ ਮਿੱਟੀ ਦੀਆਂ ਗਾਗਰਾਂ ਦੇ ਬਦਲੇ ਲੋਹੇ ਦੀਆਂ ਗਾਗਰਾਂ ਲੈ ਦਿੱਤੀਆਂ। ਪਰੰਤੂ ਦੁੱਲਾ ਲੋਹੇ ਦੀਆਂ ਸਾਗਾਂ ਨਾਲ਼ ਆਪਣਾ ਸ਼ੌਂਕ ਪੂਰਾ ਕਰਦਾ ਰਿਹਾ। ਆਖ਼ਰ ਇਕ ਦਿਨ ਨੰਦੀ ਮਰਾਸਣ ਨੇ ਦੁੱਲੇ ਨੂੰ ਉਹਦੇ ਬਾਪ ਦਾਦੇ ਦਾ ਤਾਹਨਾ ਮਾਰਿਆ :-

ਬੋਲੀ ਮਾਰ ਕੇ ਨੰਦੀ ਫਨਾਹ ਕਰਦੀ
ਸੀਨਾ ਦੁੱਲੇ ਦਾ ਚਾਕ ਹੋ ਜਾਂਵਦਾ ਏ।
ਬਾਪ ਦਾਦੇ ਦਾ ਇਹ ਤੇ ਸੂਰਮਾ ਏ
ਕਾਹਨੂੰ ਨਿੱਤ ਗਰੀਬ ਦੁਖਾਂਵਦਾ ਏ।
ਏਥੇ ਜ਼ੋਰ ਦਿਖਾਂਵਦਾ ਔਰਤਾਂ ਨੂੰ
ਤੈਨੂੰ ਰਤੀ ਹਯਾ ਨਾ ਆਂਵਦਾ ਏ।
ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ
ਖੱਲਾਂ ਪੁੱਠੀਆਂ ਚਾ ਲੁਹਾਂਵਦਾ ਏ
ਖੱਲ ਭਾਹ ਦੇ ਨਾਲ਼ ਭਰਾਇਕੇ ਤੇ
ਉੱਚੇ ਬੁਰਜ ਤੇ ਚਾ ਲਟਕਾਂਵਦਾ ਏ
ਅਜ ਤੀਕ ਲਾਹੌਰ ਵਿੱਚ ਲਟਕ ਰਹੀਆਂ
ਉੱਥੇ ਜ਼ੋਰ ਨਾ ਕਾਸ ਨੂੰ ਜਾਂਵਦਾ ਏ।(ਕਿਸ਼ਨ ਸਿੰਘ ਆਰਫ਼)

ਨੰਦੀ ਮਿਰਾਸਣ ਦੇ ਮਿਹਣੇ ਨਾਲ ਦੁੱਲਾ ਝੰਜੋੜਿਆ ਗਿਆ। ਰਾਜਪੂਤੀ ਖ਼ੂਨ ਉਹਦੀਆਂ ਰਗਾਂ 'ਚ ਉਬਾਲ਼ੇ ਖਾਣ ਲੱਗਾ। ਉਹ ਸਿੱਧਾ ਆਪਣੀ ਮਾਂ ਲੱਧੀ ਕੋਲ਼ ਜਾ ਕੇ ਗਰਜਿਆ, "ਮਾਂ ਮੇਰੀਏ ਸੱਚੋ ਸੱਚ ਦੱਸ ਮੇਰੇ ਬਾਪ ਤੇ ਦਾਦੇ ਦੀ ਮੌਤ ਕਿਵੇਂ ਹੋਈ ਐ....?"

ਦੁੱਲੇ ਦੀਆਂ ਅੱਖਾਂ ਅੰਗਿਆਰ ਵਰ੍ਹਾ ਰਹੀਆਂ ਸਨ। ਉਹਦੇ ਪੈਰਾਂ ਥੱਲੇ ਅੱਗ ਮੱਚ ਰਹੀ ਸੀ।

ਲੱਧੀ ਨੇ ਸਾਰੀ ਹੋਈ ਬੀਤੀ ਦੱਸ ਕੇ, ਆਪਣੇ ਘਰ ਦੀ ਅੰਦਰਲੀ ਕੋਠੜੀ ਦਾ ਬੂਹਾ ਖੋਲ੍ਹ ਕੇ ਦੁੱਲੇ ਨੂੰ ਕਿਹਾ, "ਸੂਰਮਿਆਂ ਪੁੱਤਾ ਮੈਂ ਏਸੇ ਦਿਨ ਦੀ ਉਡੀਕ ਕਰਦੀ ਸੀ——ਕਦੋਂ ਮੇਰਾ ਪੁੱਤ ਹੋਇਆ ਗੱਭਰੂ ਆਪਣੇ ਬਾਪ ਦਾਦੇ ਦੀ ਮੌਤ ਦਾ ਬਦਲਾ ਲੈਣ ਜੋਗਾ। ਇਹ ਹਥਿਆਰ ਤੇਰੇ ਸੂਰਮੇ ਬਾਪ ਦੇ ਨੇ..... ਅਣਖ ਨੂੰ ਪਾਲ਼ੀਂ ਤੇ ਆਪਣੇ ਬਾਪ ਦੇ ਖ਼ੂਨ ਦੀ ਲਾਜ ਰੱਖੀਂ ਜੀਹਨੇ ਕਿਸੇ ਨਾਢੂ ਖ਼ਾਂ ਦੀ ਟੈਂ ਨਹੀਂ ਸੀ ਮੰਨੀ! ਕਿਸੇ ਅੱਗੇ ਸਿਰ ਨਹੀਂ ਸੀ ਝੁਕਾਇਆ।"

ਲਿਸ਼ ਲਿਸ਼ ਕਰਦੇ ਹਥਿਆਰ——ਛਭੀਆਂ, ਗੰਡਾਸੇ, ਨੇਜ਼ੇ, ਟਕੂਏ ਤੇ ਤੀਰ ਕਮਾਣ ਤੇ ਇਕ ਨਗਾਰਾ ਵੇਖ ਦੁੱਲੇ ਦਾ ਚਿਹਰਾ ਲਾਲ ਸੂਹਾ ਹੋ ਗਿਆ..... ਅਨੋਖੀਆਂ ਤਰਬਾਂ ਨੇ ਉਹਦੇ ਸਰੀਰ 'ਚ ਝਰਨਾਟਾਂ ਛੇੜ ਦਿੱਤੀਆਂ। ਸਰੀਰ ਭਾਫ਼ਾਂ ਛੱਡਣ ਲੱਗਾ..... ਨਗਾਰੇ ਤੇ ਡੱਗਾ ਮਾਰਿਆ..... ਨੰਗਾਰੇ ਦੀ ਧਮਕੇ ਲਾਹੌਰ ਦੇ ਸ਼ਾਹੀ ਮਹਿਲਾਂ ਨਾਲ਼ ਜਾ ਟਕਰਾਈ ਜੋ ਬਗਾਵਤ ਦੀ ਸੂਚਕ ਸੀ।

ਦੁੱਲੇ ਨੇ ਪਿੰਡ ਦੇ ਸਾਰੇ ਜਵਾਨ ਕੱਠੇ ਕੀਤੇ ਤੇ ਸਾਰੇ ਹਥਿਆਰ ਉਹਨਾਂ ਵਿੱਚ ਵੰਡ ਦਿੱਤੇ। ਉਹਨੇ ਆਪਣੇ ਮਨ ਨਾਲ਼ ਮੁਗ਼ਲਾਂ ਵਿਰੁੱਧ ਬਗ਼ਾਵਤ ਕਰਨ ਦਾ ਫ਼ੈਸਲਾ ਕਰ ਲਿਆ। ਹੌਲ਼ੇ ਹੌਲ਼ੇ ਪੰਜ ਸੌ ਜਵਾਨ ਉਹਦੇ ਨਾਲ਼ ਆ ਜੁੜੇ। ਸਾਂਦਲ ਬਾਰ ਦੇ ਇਲਾਕੇ ਵਿੱਚ ਉਹਨਾਂ ਥਰਥੱਲੀ ਮਚਾ ਦਿੱਤੀ। ਜਿਹੜਾ ਵੀ ਜਾਵਰ ਉਧਰੋਂ ਲੰਘਦਾ ਉਹਨੂੰ ਉਹ ਲੁੱਟ ਲੈਂਦੇ ਤੇ ਲੁੱਟ ਦਾ ਮਾਲ ਗ਼ਰੀਬਾਂ ਵਿੱਚ ਵੰਡ ਦੇਂਦੇ..... ਦੁੱਲੇ ਦੀ ਬਹਾਦਰੀ, ਨਿਡਰਤਾ, ਦਿਆਲਤਾ ਅਤੇ ਗ਼ਰੀਬ ਪਰਵਰੀ ਦੀ ਖੁਸ਼ਬੋ ਦੂਰ ਦੂਰ ਤਕ ਫੈਲ ਰਹੀ ਸੀ। ਉਹ ਬੜੀ ਨਿਡਰਤਾ ਨਾਲ਼ ਸਾਂਦਲ ਬਾਰ ਵਿੱਚ ਘੁੰਮ ਰਿਹਾ ਸੀ.... ਉਸ ਦੀ ਬਹਾਦਰੀ ਦੇ ਨਿੱਤ ਨਵੇਂ ਕਿੱਸੇ ਸੁਨਣ ਨੂੰ ਮਿਲਦੇ..... ਸਾਰਾ ਇਲਾਕਾ ਉਸ 'ਤੇ ਮਾਣ ਕਰ ਰਿਹਾ ਸੀ।

ਦੁੱਲੇ ਦੇ ਬਾਪ ਦੀ ਮੌਤ ਦੇ ਅਵਸਰ ਤੇ ਲੱਧੀ ਦੇ ਭਰਾਵਾਂ ਨੇ ਉਸ ਦੀ ਕੋਈ ਸਾਰ ਨਹੀਂ ਸੀ ਲਈ। ਇਸ ਕਰਕੇ ਉਹਨੂੰ ਆਪਣੇ ਨਾਨਕਿਆਂ ਤੇ ਰੋਸ ਸੀ। ਇਸੇ ਰੋਹ ਕਾਰਨ ਉਹਨੇ ਪਹਿਲਾ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚੰਦੜਾਂ ਤੇ ਬੋਲਿਆ.... ਤੇ ਨਾਨਕਿਆਂ ਦਾ ਵਗ ਘੇਰ ਕੇ ਆਪਣੇ ਪਿੰਡ ਲੈ ਆਇਆ ਤੇ ਲਵੇਰੀਆਂ ਗ਼ਰੀਬ ਗੁਰਬਿਆਂ ਤੇ ਲੋੜਬੰਦਾਂ 'ਚ ਵੰਡ ਦਿੱਤੀਆਂ।

ਇਕ ਵਾਰ ਅਲੀ ਨਾਂ ਦਾ ਸੁਦਾਗਰ ਪੰਜ ਸੌ ਘੋੜੇ ਖ਼ਰੀਦ ਕੇ ਲਈ ਜਾ ਰਿਹਾ ਸੀ.... ਉਹਨੂੰ ਰਾਤ ਪਿੰਡੀ ਕੱਟਣੀ ਪੈ ਗਈ। ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ ਵਿੱਚ ਵੰਡ ਦਿੱਤੇ। ਅਲੀ ਬਥੇਰਾ ਰੋਇਆ ਪਿੱਟਿਆ, ਅਕਬਰ ਦਾ ਡਰਾਬਾ ਵੀ ਦਿੱਤਾ... ਦੁੱਲੇ ਨੇ ਉਹਨੂੰ ਕੁੱਟ ਕੁੱਟ ਕੇ ਭਜਾ ਦਿੱਤਾ। ਇਸੇ ਤਰ੍ਹਾਂ ਦੁੱਲੇ ਨੇ ਮੋਦੇ ਸ਼ਾਹੂਕਾਰ ਦੀਆਂ ਦੌਲਤ ਨਾਲ਼ ਭਰੀਆਂ ਖੱਚਰਾਂ ਖੋਹ ਲਈਆਂ।

ਇਹਨਾਂ ਲੁੱਟਾਂ ਖੋਹਾਂ ਦੀਆਂ ਖ਼ਬਰਾਂ ਮੁਗ਼ਲ ਸਰਕਾਰ ਕੋਲ਼ ਪੁੱਜਦੀਆਂ ਰਹੀਆਂ। ਲੋਕਾਂ 'ਚ ਦੁੱਲੇ ਦਾ ਦਬਦਬਾ ਐਨਾ ਵੱਧ ਗਿਆ——ਉਹਨਾਂ ਨੇ ਸਰਕਾਰੀ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗ਼ਲ ਅਹਿਲਕਾਰਾਂ ਵਿੱਚ ਭਗਦੜ ਮੱਚ ਗਈ। ਅਕਬਰ ਦੇ ਦਰਬਾਰ ਵਿੱਚ ਦੁੱਲੇ ਵੱਲੋਂ ਮੁਗ਼ਲ ਦਰਬਾਰ ਵਿਰੁੱਧ ਕੀਤੀ ਬਗ਼ਾਵਤ ਦੀ ਸੂਹ ਸੂਹਈਏ ਪੁਚਾਂਦੇ ਰਹੇ। ਉਸ ਨੇ ਇਸ ਬਗ਼ਾਵਤ ਦੀ ਪੜਤਾਲ ਲਈ ਇਕ ਜਾਸੂਸ ਉਚੇਚੇ ਤੌਰ ਤੇ ਸਾਂਦਲ ਬਾਰ ਭੇਜਿਆ ਪਰੰਤੂ ਦੁੱਲੇ ਨੂੰ ਪਤਾ ਲੱਗਣ ਤੇ ਉਸ ਨੇ ਜਾਸੂਸ ਦੀਆਂ ਦਾਹੜੀ ਮੁੱਛਾਂ ਮੁੰਨ ਦਿੱਤੀਆਂ।

ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਸੁਣਾ ਦਿੱਤਾ। ਮਿਰਜ਼ਾ ਨਿਜਾਮਉੱਦੀਨ ਨੇ ਦੁੱਲੇ ਨੂੰ ਫੜ ਕੇ ਲਿਆਉਣ ਦਾ ਬੀੜਾ ਚੁੱਕ ਲਿਆ। ਮੁਗ਼ਲ ਫ਼ੌਜਾਂ ਸਾਂਦਲ ਬਾਰ ਵੱਲ ਵਧੀਆਂ।

ਚੜ੍ਹਿਆ ਸੀ ਮਿਰਜ਼ਾ ਨਿਜ਼ਾਮਦੀਨ
ਹਾਥੀਆਂ ਨੂੰ ਮੱਦਾਂ ਸੀ ਪਿਆਈਆਂ
ਭਰ ਕੇ ਦਾਰੂ ਦੀਆਂ ਬੋਤਲਾਂ ਲਿਆਂਵਦੇ
ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ
ਜਦੋਂ ਹਾਥੀਆਂ ਨੂੰ ਚੜ੍ਹੀਆਂ ਲੋਰੀਆਂ
ਮਾਰਨ ਚੀਕਾਂ ਤੇ ਖਾਣ ਕਰਲਾਈਆਂ
ਹੌਲ਼ੀ ਹੌਲ਼ੀ ਪਿੰਡੀ ਵਿੱਚ ਜਾ ਵੜੇ
ਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ
ਸਾਰੇ ਬੈਠਕਾਂ ਦਵਾਨਖ਼ਾਨੇ ਢਾਹ ਦਿੱਤੇ
ਇੱਟਾਂ ਬਣਾਂ ਦੇ ਵਿੱਚ ਖਿੰਡਾਈਆਂ
ਟਕੇ ਟਕੇ ਦੇ ਸਪਾਹੀ ਅੰਦਰ ਜਾ ਵੜੇ

ਮਾਰਨ ਛਮਕਾਂ ਤੇ ਕਰਨ ਕਰੜਾਈਆਂ....

(ਪਾਲੀ ਸਿੰਘ)

ਮੁਗ਼ਲ ਫ਼ੌਜਾਂ ਨੇ ਪਿੰਡੀ ਨੂੰ ਘੇਰ ਲਿਆ। ਐਡੀ ਭਾਰੀ ਸੈਨਾ ਦਾ ਮੁਕਾਬਲਾ ਕਰਨਾ ਦੁੱਲੇ ਲਈ ਸੁਖੇਰਾ ਨਹੀਂ ਸੀ। ਦੁੱਲੇ ਦੇ ਛੋਟੇ ਭਾਈ ਮਹਿਰੂ ਅਮਲੀ ਨੇ ਪਹਿਲੇ ਦਿਨ ਮੁਗ਼ਲਾਂ ਨਾਲ਼ ਜਾ ਲੜਾਈ ਕੀਤੀ ਤੇ ਉਹਨਾਂ 'ਚ ਭਾਜੜਾਂ ਪਾ ਦਿੱਤੀਆਂ। ਅਗਲੇ ਦਿਨ ਦੁੱਲੇ ਦਾ ਪੁੱਤਰ ਨੂਰ ਖਾਂ ਬੜੀ ਬਹਾਦਰੀ ਨਾਲ਼ ਲੜਦਾ ਹੋਇਆ ਮੁਗ਼ਲ ਫ਼ੌਜ ਦਾ ਘੇਰਾ ਤੋੜ ਕੇ ਮਿਰਜ਼ਾ ਨਿਜ਼ਾਮਉੱਦੀਨ ਦੇ ਗਲ਼ ਜਾ ਪਿਆ।

ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁੱਠੀ ਭਰ ਯੋਧਿਆਂ ਦੀ ਬਗ਼ਾਵਤ ਭਲਾ ਕਿੰਨੇ 'ਕ ਦਿਨ ਕੱਟ ਸਕਦੀ ਸੀ। ਆਖ਼ਰ ਦੁੱਲਾ ਬੜੀ ਬਹਾਦਰੀ ਨਾਲ਼ ਲੜਦਾ ਹੋਇਆ ਸ਼ਹੀਦ ਹੋ ਗਿਆ। ਉਸ ਨੇ ਮੁਗ਼ਲਾਂ ਦੀ ਈਨ ਨਾ ਮੰਨੀ ਪਰੰਤੂ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ।

ਦੁੱਲੇ ਦੇ ਅੰਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਲੜਾਈ ਵਿੱਚ ਦੁੱਲੇ ਨੇ ਮਿਰਜ਼ਾ ਨਿਜ਼ਾਮੁਉੱਦੀਨ ਦੇ ਛੱਕੇ ਛੁਡਾ ਕੇ ਉਹਨੂੰ ਬੰਦੀ ਬਣਾ ਲਿਆ। ਪਰੰਤੂ ਮਿਰਜ਼ੇ ਨੇ ਲੱਧੀ ਦੇ ਤਰਲੇ ਮਿੰਨਤਾਂ ਕਰਕੇ ਆਪਣੀ ਜਾਨ ਬਖ਼ਸ਼ਾ ਲਈ ਤੇ ਦੁੱਲੇ ਨੂੰ ਸ਼ੇਖੂ ਨਾਲ਼ ਮੁਲਾਕਾਤ ਕਰਾਉਣ ਦੇ ਬਹਾਨੇ ਆਪਣੇ ਨਾਲ਼ ਲੈ ਗਿਆ ਅਤੇ ਧੋਖੇ ਨਾਲ਼ ਸ਼ਰਾਬ ਪਲਾ ਕੇ ਉਸ ਨੂੰ ਕੈਦ ਕਰ ਲਿਆ। ਹੋਸ਼ ਆਉਣ ਤੇ ਦੁੱਲੇ ਨੇ ਕੈਦਖ਼ਾਨੇ ਵਿੱਚ ਟੱਕਰਾਂ ਮਾਰ ਮਾਰ ਆਪਣੀ ਜਾਨ ਦੇ ਦਿੱਤੀ ਤੇ ਮੁਗ਼ਲਾਂ ਅੱਗੇ ਸਿਰ ਨਾ ਝੁਕਾਇਆ।

ਭਾਵੇਂ ਪੰਜਾਬ ਦਾ ਅਣਖੀਲਾ ਸੂਰਬੀਰ ਦੁੱਲਾ ਜੰਗ ਦੇ ਮੈਦਾਨ ਵਿੱਚ ਮਾਤ ਖਾ ਗਿਆ ਪਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦਾ ਹੈ.... ਉਸ ਦੀ ਬਹਾਦਰੀ ਦੇ ਕਿੱਸੇ ਪੰਜਾਬੀ ਬੜੀਆਂ ਲਟਕਾਂ ਨਾਲ਼ ਪੜ੍ਹਦੇ ਤੇ ਗਾਉਂਦੇ ਹਨ। ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕਿੱਸਾਕਾਰਾਂ ਨੇ ਬੜੇ ਅਨੂਠੇ ਅੰਦਾਜ਼ ਵਿੱਚ ਗਾਂਵਿਆਂ ਹੈ। ਕਿਸ਼ਨ ਸਿੰਘ ਆਰਫ ਰਚਿਤ 'ਕਿੱਸਾ ਦੁੱਲਾ ਭੱਟੀ' ਅਤੇ "ਆਵਜ਼ਾਂ ਦੁੱਲਾ ਭੱਟੀ" ਰਚਿਤ ਪਾਲੀ ਸਿੰਘ ਕਵੀਸ਼ਰ ਪੰਜਾਬੀਆਂ ਦੇ ਹਰਮਨ ਪਿਆਰੇ ਕਿੱਸੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਉਹ ਦੁੱਲਾ ਭੱਟੀ ਨੂੰ ਬਾਰਮ ਬਾਰ ਸਿਜਦਾ ਕਰਦੇ ਹਨ।

ਪੰਨਾ