ਪੰਜਾਬ ਦੇ ਲੋਕ ਨਾਇਕ/ਰਾਜਾ ਰਸਾਲੂ

ਵਾਚਨ - Jagseer S Sidhu
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਰਾਜਾ ਰਸਾਲੂ

ਭਾਵੇਂ ਪੰਜਾਬ ਦੇ ਇਤਿਹਾਸ ਵਿੱਚ ਰਾਜਾ ਰਸਾਲੂ ਦਾ ਨਾਂ ਸਥਾਈ ਤੌਰ 'ਤੇ ਕਿਧਰੇ ਨਜ਼ਰ ਨਹੀਂ ਆਉਂਦਾ ਪਰੰਤੂ ਉਹ ਪੰਜਾਬ ਦੇ ਲੋਕ ਮਾਨਸ ਦਾ ਇਕ ਅਜਿਹਾ ਹਰਮਨ ਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਂ ਨਾਲ਼ ਅਨੇਕਾਂ ਦਿਲਚਸਪ ਤੇ ਰਸ ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸ ਦੇ ਜੀਵਨ ਨਾਲ਼ ਸੰਬੰਧਿਤ ਘਟਨਾਵਾਂ ਅਤੇ ਸੂਰਬੀਰਤਾ ਭਰੇ ਕਾਰਨਾਮਿਆਂ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀਆਂ ਵਾਰਾਂ ਅਤੇ ਕਿੱਸਿਆਂ ਵਿੱਚ ਗਾਂਵਿਆ ਹੈ।

ਕਹਿੰਦੇ ਹਨ ਰਾਜਾ ਰਸਾਲੂ ਸਿਆਲਕੋਟ (ਪਾਕਿਸਤਾਨ) ਦੇ ਰਾਜਾ ਸਲਵਾਨ ਦਾ ਪੁੱਤਰ ਸੀ, ਪੂਰਨ ਭਗਤ ਦਾ ਛੋਟਾ ਭਰਾ, ਜੋ ਸਲਵਾਨ ਦੀ ਢਲਦੀ ਉਮਰ ਵਿੱਚ ਰਾਣੀ ਲੂਣਾਂ ਦੀ ਕੁੱਖੋਂ ਪੂਰਨ ਦੇ ਵਰ ਨਾਲ਼ ਪੈਦਾ ਹੋਇਆ ਸੀ।

ਰਸਾਲੂ ਦਾ ਜਨਮ ਸਾਰੇ ਸਿਆਲਕੋਟ ਲਈ ਖ਼ੁਸ਼ੀਆਂ ਅਤੇ ਖੇੜਿਆਂ ਦਾ ਢੋਆ ਲੈ ਕੇ ਆਇਆ। ਸਾਰੇ ਸ਼ਹਿਰ ਵਿੱਚ ਘਿਓ ਦੇ ਦੀਵੇ ਬਾਲੇ ਗਏ, ਖ਼ੈਰਾਤਾਂ ਵੰਡੀਆਂ ਗਈਆਂ ਪਰੰਤੂ ਵਹਿਮਾਂ-ਭਰਮਾਂ 'ਚ ਗਰੱਸੇ ਸਲਵਾਨ ਨੂੰ ਕਿਸੇ ਜੋਤਸ਼ੀ ਨੇ ਆਖਿਆ, "ਰਾਜਨ ਪੂਰੇ ਬਾਰਾਂ ਵਰ੍ਹੇ ਇਹਦੇ ਮੱਥੇ ਨਾ ਲੱਗੀਂ ਨਹੀਂ ਤਾਂ ਤੇਰੀ ਮੌਤ ਹੋ ਜਾਵੇਗੀ।"

ਰਾਜਾ ਸਲਵਾਨ ਸੋਚੀਂ ਪੈ ਗਿਆ। ਆਪਣੇ ਵਜ਼ੀਰ ਨਾਲ ਸਲਾਹ-ਮਸ਼ਵਰਾ ਕਰਕੇ ਹੁਕਮ ਸੁਣਾ ਦਿੱਤਾ..... "ਰਸਾਲੂ ਨੂੰ ਬਾਰਾਂ ਵਰ੍ਹੇ ਲਈ ਭੋਰੇ 'ਚ ਪਾ ਦੇਵੋ।"

ਕੇਹਾ ਬਾਪ ਸੀ ਓਹ ਜਿਹੜਾ ਸੁਖਾਂ ਸੁੱਖ ਕੇ ਪ੍ਰਾਪਤ ਕੀਤੇ ਪੁੱਤ ਦੇ ਮੱਥੇ ਲੱਗਣੋਂ ਵੀ ਡਰ ਰਿਹਾ ਸੀ.....

ਲੂਣਾਂ ਕੁਰਲਾਉਂਦੀ ਰਹੀ.... ਲੋਰੀਆਂ ਦੇਣ ਦੀ ਉਹਦੀ ਰੀਝ ਤੜਪਦੀ ਰਹੀ.... ਕਿੰਨਾ ਚਾਅ ਹੁੰਦਾ ਹੈ ਮਾਵਾਂ ਨੂੰ ਆਪਣੇ ਪੁੱਤ ਖਿਡਾਉਣ ਦਾ.... ਅਲੂਏਂ ਜੁਆਕ ਨੂੰ ਇਕ ਵੱਖਰੇ ਮਹਿਲ ਵਿੱਚ ਭੇਜ ਦਿੱਤਾ ਗਿਆ... ਉਸ ਮਹਿਲ ਵਿੱਚ ਰਸਾਲੂ ਲਈ ਸਾਰੀਆਂ ਸੁੱਖ ਸੁਵਿਧਾਵਾਂ ਹਾਸਲ ਸਨ ਪਰੰਤੂ ਉਹਨੂੰ ਇਸ ਮਹਿਲ ਵਿੱਚੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ। ਇਕ ਤਰਖ਼ਾਣਾਂ ਦਾ ਮੁੰਡਾ ਤੇ ਇਕ ਸੁਨਿਆਰਾਂ ਦਾ ਮੁੰਡਾ ਉਹਦੇ ਨਾਲ਼ ਖੇਡਣ ਲਈ ਛੱਡੇ ਗਏ ਤੇ ਦਾਈ ਸੱਕੀ ਮਾਂ ਦੀ ਨਿਆਈਂ ਉਹਦੀ ਪਾਲਣਾ ਪੋਸ਼ਣਾ ਕਰਨ ਲੱਗੀ! ਮਾਂ ਬਾਪ ਦੀ ਮਮਤਾ ਤੋਂ ਵਿਹੂਣਾ ਰਸਾਲੂ ਦਿਨ, ਮਹੀਨੇ, ਸਾਲ ਬਿਤਾਉਂਦਾ ਹੋਇਆ ਵੱਡਾ ਹੋਣ ਲੱਗਾ। ਉਹਦੀ ਰਾਜ ਦਰਬਾਰ ਲਈ ਲੋੜੀਂਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਘੋੜਸਵਾਰੀ, ਸ਼ਸਤਰ ਸਿੱਖਿਆ, ਤੀਰ ਅੰਦਾਜ਼ੀ, ਨੇਜ਼ਾਬਾਜ਼ੀ ਅਤੇ ਤਲਵਾਰ ਚਲਾਉਣ ਦੇ ਹੁਨਰ ਵਿੱਚ ਉਹਨੇ ਮੁਹਾਰਤ ਹਾਸਲ ਕਰ ਲਈ! ਯੋਗ ਸਾਧਨਾ ਅਤੇ ਕਸਰਤ ਕਰਨ ਦੇ ਸ਼ੌਕ ਨੇ ਉਹਦੇ ਸੁੰਦਰ ਸ਼ਰੀਰ ਨੂੰ ਸੁਡੋਲ ਤੇ ਗੇਲੀ ਵਰਗਾ ਮਜਬੂਤ ਬਣਾ ਦਿੱਤਾ। ਉਹਦਾ ਲਸ਼ ਲਸ਼ ਕਰਦਾ ਬਾਂਕਾ ਸਰੀਰ, ਨੂਰਾਨੀ ਚਿਹਰਾ ਬੱਸ ਵੇਖਿਆਂ ਭੁੱਖ ਲੱਥਦੀ ਸੀ....

ਅੱਥਰੀ ਜਵਾਨੀ ਭਲਾ ਕਿੰਨੀ ਕੁ ਦੇਰ ਕਿਲ੍ਹੇ ਦੀ ਕੈਦ ਵਿੱਚ ਰਹਿ ਸਕਦੀ ਸੀ। ਰਾਜੇ ਦੇ ਸਖ਼ਤ ਹੁਕਮ ਵੀ ਉਹਨੂੰ ਰੋਕ ਨਾ ਸਕੇ ਉਹ ਗਿਆਰਾਂ ਵਰ੍ਹੇ ਦਾ ਹੋ ਗਿਆ-ਬਾਰ੍ਹਵਾਂ ਵਰ੍ਹਾ ਚੜ੍ਹ ਗਿਆ। ਰਸਾਲੂ ਨੇ ਕਿਲ੍ਹੇ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ....

ਹੁਸਨ ਦਾ ਰਸੀਆ ਅਤੇ ਸ਼ਿਕਾਰ ਖੇਡਣ ਦਾ ਸ਼ੌਕੀਨ ਰਸਾਲੂ ਆਪਣੇ ਬਾਂਕੇ ਘੋੜੇ ਤੇ ਸਵਾਰ ਹੋ ਕੇ ਸ਼ਹਿਰ ਵਿੱਚ ਗੇੜਾ ਮਰਾਨ ਲੱਗਾ .....ਕਈ ਅਵੱਲੜੇ ਸ਼ੌਕ ਉਸ ਪਾਲ਼ੇ ਹੋਏ ਸਨ। ਉਹਨੂੰ ਪਾਣੀ ਭਰਦੀਆਂ ਸੋਹਣੀਆਂ ਕੁੜੀਆਂ ਦੇ ਗੁਲੇਲਾਂ ਨਾਲ ਘੜੇ ਭੰਨ ਕੇ ਅਨੂਠਾ ਸੁਆਦ ਆਉਂਦਾ ਸੀ.... ਨਿੱਤ ਨਵੀਆਂ ਗਾਗਰਾਂ ਤੇ ਘੜੇ ਭੰਨੇ ਜਾਂਦੇ.... ਲੂਣਾਂ ਕੋਲ ਮੁਟਿਆਰਾਂ ਨੇ ਜਾ ਸ਼ਿਕਾਇਤਾਂ ਕੀਤੀਆਂ। ਰਾਣੀ ਨੇ ਉਹਨਾਂ ਨੂੰ ਪਿੱਤਲ ਤੇ ਲੋਹੇ ਦੀਆਂ ਗਾਗਰਾਂ ਲੈ ਕੇ ਦੇ ਦਿੱਤੀਆਂ ਪਰੰਤੂ ਰਸਾਲੂ ਨੇ ਤੀਰ ਕਮਾਣਾਂ ਨਾਲ਼ ਉਹਨਾਂ 'ਚ ਛੇਕ ਕਰਨੇ ਸ਼ੁਰੂ ਕਰ ਦਿੱਤੇ.... ਪਾਣੀ ਭਰਦੀਆਂ ਮੁਟਿਆਰਾਂ ਉਸ ਦੀਆਂ ਆਪਹੁਦਰੀਆਂ ਤੋਂ ਸਤੀਆਂ ਪਈਆਂ ਸਨ। ਰਾਜਾ ਸਲਵਾਨ ਦੇ ਦਰਬਾਰ ਵਿੱਚ ਰਾਜਾ ਰਸਾਲੂ ਦੀਆਂ ਆਪਹੁਦਰੀਆਂ ਹਰਕਤਾਂ ਦੀਆਂ ਸ਼ਿਕਾਇਤਾਂ ਪੁੱਜੀਆਂ ਉਹ ਉਸ ਤੋਂ ਪਹਿਲਾਂ ਹੀ ਸਤਿਆ ਪਿਆ ਸੀ। ਉਹ ਇਹ ਨਹੀਂ ਸੀ ਚਾਹੁੰਦਾ ਕਿ ਉਹਦੀ ਪਰਜਾ ਉਹਦੇ ਪੁੱਤ ਹੱਥੋਂ ਦੁਖੀ ਹੋਵੇ। ਉਸ ਤੋਂ ਛੁਟਕਾਰਾ ਪਾਉਣ ਲਈ ਸਲਵਾਨ ਨੇ ਰਸਾਲੂ ਦਾ ਪੁਤਲਾ ਬਣਾ ਕੇ ਸ਼ਹਿਰ ਦੇ ਮੁੱਖ ਦੁਆਰ ਤੇ ਖੜਾ ਕਰ ਦਿੱਤਾ।

ਰਸਾਲੂ ਜਦੋਂ ਸ਼ਿਕਾਰ ਖੇਡ ਕੇ ਵਾਪਸ ਆਪਣੇ ਸ਼ਹਿਰ ਸਿਆਲਕੋਟ ਪਰਤਿਆ ਤਾਂ ਸ਼ਹਿਰ ਦੇ ਮੁਖ ਦੁਆਰ ਤੇ ਆਪਣਾ ਪੁਤਲਾ ਵੇਖ ਕੇ ਸਮਝ ਗਿਆ ਕਿ ਇਹ ਤਾਂ ਉਹਦੇ ਲਈ ਦੇਸ਼ ਨਿਕਾਲ਼ੇ ਦਾ ਹੁਕਮ ਹੈ! ਆਪਣੇ ਰਾਜੇ ਬਾਪ ਦਾ ਹੁਕਮ ਸਿਰ ਮੱਥੇ ਤੇ ਮੰਨ ਕੇ ਰਸਾਲੂ ਉਹਨੀਂ ਪੈਰੀਂ ਵਾਪਸ ਮੁੜ ਪਿਆ। ਉਹਨੇ ਆਪਣੇ ਨਾਲ਼ ਪੰਜ ਸੱਤ ਹੋਰ ਗੱਭਰੂ ਲਏ, ਹਥਿਆਰਾਂ ਨਾਲ਼ ਲੈਸ ਹੋ ਕੇ ਘੋੜੇ 'ਤੇ ਅਸਵਾਰ ਹੋ, ਉਹ ਨਵੀਂਆਂ ਰਾਹਾਂ ਦੀ ਭਾਲ਼ ਲਈ ਤੁਰ ਪਿਆ! ਹੁਣ ਉਹਦੇ ਲਈ ਚਾਰੇ ਜਾਗੀਰਾਂ ਖੁੱਲ੍ਹੀਆਂ ਸਨ।

ਤੁਰਦੇ-ਤੁਰਦੇ ਉਹ ਜੰਗਲ ਬੀਆਬਾਨ ਵਿੱਚ ਪੁੱਜ ਗਏ.... ਸਾਂ ਸਾਂ ਕਰਦੀ ਕਾਲ਼ੀ ਬੋਲ਼ੀ ਰਾਤ। ਜੰਗਲੀ ਜਾਨਵਰਾਂ ਦੀਆਂ ਭਿਆਨਕ ਤੇ ਡਰਾਉਣੀਆਂ ਆਵਾਜ਼ਾਂ ਉਹਨਾਂ ਪਹਿਲੀ ਵਾਰ ਸੁਣੀਆਂ ਸਨ..... ਵਾਰੀ-ਵਾਰੀ ਜਾਗ-ਜਾਗ, ਰੱਬ-ਰੱਬ ਕਰਦਿਆਂ ਮਸੀਂ ਰਾਤ ਲੰਘੀ! ਸੁਨਿਆਰਾਂ ਦਾ ਮੁੰਡਾ ਤੇ ਤਰਖਾਣਾਂ ਦਾ ਮੁੰਡਾ ਰਸਾਲੂ ਨੂੰ ਅੱਧ ਵਿਚਕਾਰ ਛੱਡ ਕੇ ਵਾਪਸ ਪਰਤ ਆਏ ਪਰੰਤੂ ਸੂਰਮਾ ਰਸਾਲੂ ਨਵੇਂ ਦਿਸਹਦਿਆਂ ਦੀ ਖੋਜ ਵਿੱਚ ਅਗਾਂਹ ਟੁਰ ਗਿਆ....

ਹੁਸਨਾਂ ਦੇ ਰਸੀਏ ਰਾਜਾ ਰਸਾਲੂ ਦੀ ਸੁੰਦਰਤਾ ਅਤੇ ਅਮੋੜ ਸੁਭਾਅ ਦੇ ਕਿੱਸੇ ਆਂਢੀ ਗੁਆਂਢੀ ਰਾਜ ਦਰਬਾਰਾਂ ਦੇ ਮਹਿਲਾਂ ਤੱਕ ਫੈਲ ਗਏ ਸਨ। ਕਈ ਸ਼ਾਹਜ਼ਾਦੀਆਂ ਉਹਦਾ ਮੁਖੜਾ ਵੇਖਣ ਲਈ ਤਰਸ ਰਹੀਆਂ ਸਨ!

ਆਥਣ ਪਸਰ ਰਹੀ ਸੀ ਜਦੋਂ ਰਸਾਲੂ ਨੀਲੇ ਸ਼ਹਿਰ ਪੁੱਜਾ। ਸ਼ਹਿਰ ਦੇ ਦੁਆਰ 'ਤੇ ਉਹਨੂੰ ਇਕ ਬੁੱਢੀ ਮਿਲੀ ਜੋ ਵਿਰਲਾਪ ਕਰ ਰਹੀ ਸੀ। ਰਸਾਲੂ ਘੋੜੇ ਤੋਂ ਉਤਰਿਆ—— ਉਸ ਮਾਈ ਪਾਸ ਜਾ ਕੇ ਪੁੱਛਿਆ, "ਮਾਤਾ ਤੈਨੂੰ ਕਿਹੜਾ ਦੁੱਖ ਐ ਜੀਹਦੇ ਕਰਕੇ ਐਨਾ ਵਿਰਲਾਪ ਕਰ ਰਹੀ ਐਂ?"

"ਵੇ ਪੁੱਤ ਪਰਦੇਸੀਆ ਕੀ ਦੱਸਾਂ?" ਬੁੱਢੀ ਮਾਈ ਘੋੜਸਵਾਰ ਵੱਲ ਤਰਸੇਵੇਂ ਭਰੀਆਂ ਅੱਖਾਂ ਨਾਲ਼ ਵੇਖਦੀ ਹੋਈ ਬੋਲੀ, "ਮੈਂ ਸੱਤ ਪੁੱਤਾਂ ਦੀ ਮਾਂ ਆਂ, ਏਸ ਸ਼ਹਿਰ ਦੇ ਨਾਲ਼ ਦੀ ਨਗਰੀ ਆਦਮਖ਼ੋਰ ਦਿਓਆਂ ਦੀ ਨਗਰੀ ਐ! ਓਥੇ ਆਦਮਖ਼ੋਰਾਂ ਦਾ ਵਸੇਵੈ। ਸਾਡੇ ਸ਼ਹਿਰ ਦੇ ਹਾਕਮ ਹਰ ਰੋਜ਼ ਵਾਰੀ ਨਾਲ਼ ਇਕ ਗੱਭਰੂ ਨੂੰ ਇਕ ਆਦਮਖ਼ੋਰ ਦਾ ਖਾਜਾ ਬਨਣ ਲਈ ਭੇਜਦੇ ਨੇ.... ਵਾਰੋ ਵਾਰੀ ਮੇਰੀ ਛੇ ਪੁੱਤ ਆਦਮਖ਼ੋਰਾਂ ਦਾ ਖਾਜਾ ਬਣ ਚੁੱਕੇ ਨੇ..... ਅੱਜ ਫੇਰ ਸੱਤਵੇਂ ਦੀ ਵਾਰੀ ਐ.... ਏਸ ਲਈ ਰੋ ਰਹੀ ਆਂ ਪੁੱਤਾ!"

ਮਾਈ ਦਾ ਵਿਰਲਾਪ ਸੁਣ ਰਸਾਲੂ ਦਾ ਦਿਲ ਪਸੀਜ ਗਿਆ। ਉਹਨੇ ਮਾਈ ਨੂੰ ਧਰਵਾਸ ਦੇਂਦਿਆਂ ਆਖਿਆ, "ਮਾਤਾ ਤੂੰ ਘਬਰਾ ਨਾ ਤੇਰੇ ਪੁੱਤ ਦੀ ਵਾਰੀ ਮੈਂ ਭੁਗਤਾਂਗਾ। ਤੂੰ ਬੇਸ਼ੱਕ ਸਰਹਾਣੇ ਹੇਠ ਬਾਂਹ ਰੱਖ ਕੇ ਸੌਂ ਜਾ।"

ਮਾਈ ਨੇ ਸੁੱਖ ਦਾ ਸਾਹ ਲਿਆ ਤੇ ਰਸਾਲੂ ਨੂੰ ਸੈਆਂ ਅਸੀਸਾਂ ਦਿੱਤੀਆਂ.... ਸ਼ਹਿਰ ਦੇ ਹਾਕਮ ਰਸਾਲੂ ਨੂੰ ਆਦਮਖ਼ੋਰਾਂ ਦਾ ਖਾਜਾ ਬਣਨ ਲਈ ਲੈ ਤੁਰੇ..... ਘੋੜੇ ਤੇ ਅਸਵਾਰ ਰਸਾਲੂ ਦਾ ਜਾਹੋ ਜਲਾਲ ਝੱਲਿਆ ਨਹੀਂ ਸੀ ਜਾਂਦਾ..... ਉਸ ਨੂੰ ਵੇਖ ਆਦਮਖ਼ੋਰਾਂ ਨੂੰ ਖ਼ੁਸ਼ੀਆਂ ਚੜ੍ਹ ਗਈਆਂ .... ਇਕ ਦੀ ਥਾਂ ਦੋ ਸ਼ਿਕਾਰ ਆ ਰਹੇ ਸਨ.... ਆਦਮਖ਼ੋਰਾਂ ਦੀ ਨਗਰੀ 'ਚ ਵੜਦਿਆਂ ਹੀ ਰਸਾਲੂ ਨੇ ਤਲਵਾਰ ਮਿਆਨ ਵਿੱਚੋਂ ਧੂਹ ਲਈ ਤੇ ਲੱਗਾ ਵਾਰ ਤੇ ਵਾਰ ਕਰਨ..... ਆਦਮਖ਼ੋਰਾਂ 'ਚ ਥਰਥੱਲੀ ਮੱਚ ਗਈ.... ਕਿਸੇ ਦਾ ਸਿਰ ਵੱਢਿਆ ਗਿਆ ਕਿਸੇ ਦੀ ਬਾਂਹ..... ਉਹਨਾਂ ਦਾ ਸਰਦਾਰ ਪਹਿਲੀ ਸੱਟੇ ਮਾਰਿਆ ਗਿਆ.... ਉਹ ਹਾਲ ਦੁਹਾਈ ਪਾਉਂਦੇ ਹੋਏ ਓਥੋਂ ਭੱਜ ਗਏ..... ਲੋਕਾਂ ਨੂੰ ਹੁਣ ਕਿਸੇ ਆਦਮਖ਼ੋਰ ਦਾ ਡਰ ਨਹੀਂ ਸੀ ਰਿਹਾ। ਸਾਰੇ ਨੀਲੇ ਸ਼ਹਿਰ ਦੇ ਨਿਵਾਸੀ ਰਸਾਲੂ ਦੇ ਸ਼ੁਕਰਗੁਜ਼ਾਰ ਸਨ ਤੇ ਉਸ ਦੀ ਬਹਾਦਰੀ ਦੇ ਵਾਰੇ ਵਾਰੇ ਜਾ ਰਹੇ ਸਨ।

ਸ਼ੂਕਦੇ ਦਰਿਆ ਭਲਾ ਕਦੋਂ ਰੁੱਕਦੇ ਨੇ, ਕੁਝ ਦਿਨ ਓਸ ਸ਼ਹਿਰ ਵਿੱਚ ਠਹਿਰਨ ਮਗਰੋਂ ਰਸਾਲੂ ਨੇ ਰਾਜਾ ਹਰੀ ਚੰਦ ਦੇ ਹੋਠੀ ਨਗਰ ਵਿੱਚ ਜਾ ਪ੍ਰਵੇਸ਼ ਕੀਤਾ। ਉਸ ਦੀ ਬਹਾਦਰੀ ਦੇ ਕਿੱਸੇ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਸਨ.... ਰਾਜੇ ਇਹ ਵੀ ਜਾਣਦੇ ਸਨ ਕਿ ਉਹ ਰਾਜਾ ਸਲਵਾਹਨ ਦਾ ਅਮੋੜ ਪੁੱਤਰ ਹੈ। ਰਸਾਲੂ ਹਰੀ ਚੰਦ ਦੇ ਬਾਗ਼ ਵਿੱਚ ਸੁੱਤਾ ਪਿਆ ਸੀ। ਐਨੇ ਨੂੰ ਹਰੀ ਚੰਦ ਦੀ ਪੁੱਤਰੀ ਰਾਜਕੁਮਾਰੀ ਸੌਂਕਣੀ ਸੈਰ ਕਰਦੀ ਹੋਈ ਓਥੇ ਆ ਗਈ..... ਛੈਲ ਛਬੀਲਾ ਗੱਭਰੂ ਵੇਖ ਉਹ ਆਪਣੀ ਸੁੱਧ ਬੁੱਧ ਗੰਵਾ ਬੈਠੀ.... ਰਸਾਲੂ ਵੀ ਸੁੰਦਰਤਾ ਦੀ ਮੂਰਤ ਸੌਂਕਣੀ ਦੇ ਮੋਹ ਵਿੱਚ ਕੀਲਿਆ ਗਿਆ.... ਪਿਆਰ ਭਰੇ ਬੋਲਾਂ ਨਾਲ਼ ਦੋਹਾਂ ਨੇ ਸਾਂਝ ਪਾ ਲਈ। ਸੌਂਕਣੀ ਨੇ ਆਪਣੇ ਬਾਪ ਕੋਲ਼ ਗੱਲ ਕੀਤੀ... ਹਰੀ ਚੰਦ ਰਸਾਲੂ ਨੂੰ ਆਪਣੇ ਮਹਿਲੀਂ ਲੈ ਗਿਆ। ਸੌਂਕਣੀ ਦੇ ਵਰ ਦੀ ਭਾਲ਼ ਵਿੱਚ ਉਹਨੇ ਕਈ ਵਰ੍ਹੇ ਲੰਘਾ ਦਿੱਤੇ ਸਨ। ਪਰੰਤੂ ਉਸ ਦੇ ਮੇਚ ਦਾ ਵਰ ਉਹਨੂੰ ਕਿਧਰੇ ਨਹੀਂ ਸੀ ਟਕਰਿਆ। ਰਸਾਲੂ ਨੂੰ ਵੇਖ ਹਰੀ ਚੰਦ ਨੇ ਸੌਂਕਣੀ ਦਾ ਵਿਆਹ ਰਸਾਲੂ ਨਾਲ਼ ਕਰਨ ਦਾ ਫ਼ੈਸਲਾ ਕਰ ਲਿਆ।

ਰਸਾਲੂ ਕਾਫ਼ੀ ਸਮਾਂ ਹਰੀ ਚੰਦ ਦੇ ਮਹਿਲਾਂ ਵਿੱਚ ਟਿਕਿਆ ਰਿਹਾ, ਕਦੀ ਸ਼ਿਕਾਰ ਖੇਡਣ ਚਲਿਆ ਜਾਂਦਾ, ਕਦੀ ਦੋਹਮਨ ਨਾਂ ਦੇ ਗੱਭਰ ਨਾਲ਼ ਚੌਪਟ ਖੇਡਦਾ ਰਹਿੰਦਾ! ਰਸਾਲੂ ਇਹ ਨਹੀਂ ਸੀ ਜਾਣਦਾ ਕਿ ਸੌਂਕਣੀ ਦੋਹਮਨ ਸੁਨਿਆਰ ਤੇ ਫਿਦਾ ਹੈ! ਦੋਹਮਨ ਤੇ ਸੌਂਕਣੀ ਅਕਸਰ ਲੁੱਕ ਕੇ ਮਿਲਦੇ ਰਹਿੰਦੇ ਸਨ! ਇਕ ਦਿਨ ਰਸਾਲੂ ਮਹਿਲਾਂ ਦੇ ਬਾਹਰ ਦੋਹਮਨ ਨਾਲ਼ ਚੌਪਟ ਖੇਡ ਰਿਹਾ ਸੀ.... ਉਹਨੇ ਵੇਖਿਆ ਦੋਹਮਨ ਚੋਰੀ-ਚੋਰੀ ਅੱਖ ਬਚਾ ਕੇ ਉੱਪਰ ਮਹਿਲਾਂ ਵੱਲ ਵੇਖੀ ਜਾਂਦਾ ਹੈ। ਉਹਨੂੰ ਸ਼ੱਕ ਪਿਆ.... ਉਹਨੇ ਮਲਕ ਦੇਣੇ ਜਾ ਕੇ ਪਾਣੀ ਦਾ ਕਟੋਰਾ ਭਰ ਕੇ ਆਪਣੇ ਕੋਲ਼ ਰੱਖ ਲਿਆ... ਕੁਝ ਸਮੇਂ ਮਗਰੋਂ ਮਹਿਲ ਦੀ ਖਿੜਕੀ ਵਿੱਚ ਖੜੋਤੀ ਸੌਂਕਣੀ ਦਾ ਅਕਸ ਕਟੋਰੇ ਦੇ ਪਾਣੀ ਵਿੱਚ ਪਿਆ.... ਸ਼ੱਕ ਦੀ ਹੁਣ ਕੋਈ ਗੁੰਜ਼ਾਇਸ਼ ਹੀ ਨਹੀਂ ਸੀ ਰਹੀ.... ਰਸਾਲੂ ਨੇ ਆਪਣੇ ਮਨ ਨਾਲ ਪੱਕਾ ਫ਼ੈਸਲਾ ਕਰਕੇ ਸੌਂਕਣੀ ਦਾ ਵਿਆਹ ਦੋਹਮਨ ਨਾਲ਼ ਕਰਵਾ ਦਿੱਤਾ..... ਦੋ ਦਿਲਾਂ ਨੂੰ ਜੋੜ ਆਪ ਅਗਾਂਹ ਤੁਰ ਪਿਆ.....

ਸਮਾਂ ਬੀਤਦਾ ਗਿਆ .... ਕਈ ਵਰ੍ਹੇ ਇੰਜ ਹੀ ਬੀਤ ਗਏ। ਰਸਾਲੂ ਨੇ ਸ਼ਿਕਾਰ ਖੇਡਣ ਅਤੇ ਲੜਾਈ ਦੇ ਸ਼ੌਕ ਨੂੰ ਮਘਾਈ ਰੱਖਿਆ.... ਕਈ ਛੋਟੇ ਮੋਟੇ ਰਾਜਿਆਂ ਨਾਲ਼ ਮੁਠਭੇੜਾਂ ਹੋਈਆਂ ਅਤੇ ਕਈ ਰਾਜ ਖੋਹੇ ਤੇ ਛੱਡੇ।

ਅਟਕ ਦੇ ਪਾਰ ਦਰਿਆ ਦੇ ਕੰਢੇ 'ਤੇ ਵਸੇ ਸ਼ਹਿਰ ਸਿਰੀਕੋਟ ਦੇ ਰਾਜਾ ਸਿਰਕੱਪ ਦੀ ਕਨਸੋ ਰਾਜਾ ਰਸਾਲੂ ਦੇ ਕੰਨੀਂ ਪਈ। ਸਿਰਕੱਪ ਬੜਾ ਨਿਰਦਈ ਤੇ ਧੋਖੇਬਾਜ਼ ਰਾਜਾ ਸੀ ਜੋ ਜੂਆ ਖੇਡਣ ਦਾ ਬਹੁਤ ਸ਼ੌਕੀਨ ਸੀ। ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਤੇ ਹਾਰਨ ਵਾਲ਼ੇ ਦਾ ਸਿਰ ਵੱਢ ਲੈਂਦਾ ਸੀ। ਇਸੇ ਕਰਕੇ ਉਸ ਦਾ ਨਾਂ ਸਿਰਕੱਪ ਪਿਆ ਹੋਇਆ ਸੀ। ਰਾਜਾ ਰਸਾਲੂ ਨੇ ਸਿਰਕੱਪ ਨਾਲ ਚੌਪਟ ਖੇਡਣ ਦਾ ਫ਼ੈਸਲਾ ਕਰ ਲਿਆ ਤੇ ਸਿਰੀਕੋਟ ਪੁੱਜ ਕੇ ਰਾਜਾ ਸਿਰਕੱਪ ਦੇ ਬਾਗ਼ ਵਿੱਚ ਜਾ ਉਤਾਰਾ ਕੀਤਾ। ਜਦੋਂ ਰਸਾਲੂ ਸਿਰਕੱਪ ਦੇ ਬਾਗ਼ ਵਿੱਚ ਪੁੱਜਾ ਤਾਂ ਸਿਰਕੱਪ ਦੀ ਹੁਸ਼ਨਾਕ ਬੇਟੀ ਆਪਣੀਆਂ ਸੱਤ ਸਹੇਲੀਆਂ ਨਾਲ਼ ਪੀਂਘਾਂ ਝੂਟ ਰਹੀ ਸੀ। ਬਾਂਕੀ ਮੁਟਿਆਰ ਨੂੰ ਵੇਖ ਹੁਸਨ ਦੇ ਰਸੀਏ ਰਸਾਲੂ ਦੀਆਂ ਅੱਖੀਆਂ ਚੁੰਧਿਆ ਗਈਆਂ। ਹੁਸਨ ਮਚਲਿਆ, ਇਸ਼ਕ ਤੜਪਿਆ। ਰਾਜਕੁਮਾਰੀ ਨੇ ਰਸਾਲੂ ਵੱਲ ਵੇਖਿਆ ਤੇ ਬੁਲ੍ਹੀਆਂ 'ਚ ਮੁਸਕਰਾ ਕੇ ਬੋਲੀ, "ਅੜਿਆ ਇਕ ਪੀਂਘ ਦਾ ਝੂਟਾ ਈ ਦੇ ਛੱਡ, ਦੇਖਾਂ ਕਿੰਨਾ ਕੁ ਜ਼ੋਰ ਐ ਤੇਰੇ ਡੌਲ਼ਿਆਂ 'ਚ।"

"ਹੁਸਨ ਦੀਏ ਪਰੀਏ ਤੂੰ ਕੱਲੀ ਕੀ ਸਾਰੀਆਂ ਸਹੇਲੀਆਂ ਨੂੰ ਨਾਲ ਲੈ ਕੇ ਪੀਂਘ ਤੇ ਚੜ੍ਹ ਜਾ, 'ਕੱਠੀਆਂ ਨੂੰ ਝੂਟਾ ਦੇ ਦੇਂਦਾ ਹਾਂ।" ਰਸਾਲੂ ਨੇ ਆਪਣੇ ਡੌਲ਼ਿਆਂ 'ਤੇ ਮਾਣ ਕਰਦਿਆਂ ਆਖਿਆ।

ਰਾਜਕੁਮਾਰੀ ਆਪਣੀਆਂ ਸੱਤਾਂ ਸਹੇਲੀਆਂ ਸਮੇਤ ਪੀਂਘ ਤੇ ਚੜ੍ਹ ਗਈ, ਰਾਜਾ ਰਸਾਲੂ ਨੇ ਪੀਂਘ ਨੂੰ ਅਜਿਹਾ ਜ਼ੋਰਦਾਰ ਝੂਟਾ ਦਿੱਤਾ ਕਿ ਪੀਂਘ ਅੱਧ ਅਸਮਾਨੇ ਪੁੱਜ ਗਈ, ਮੁੜਦੀ ਹੋਈ ਪੀਂਘ ਤੇ ਰਸਾਲੂ ਨੇ ਤਲਵਾਰ ਨਾਲ਼ ਵਾਰ ਕਰਕੇ ਦੋ ਟੋਟੇ ਕਰ ਦਿੱਤੇ ਤੇ ਸਾਰੀਆਂ ਲੋਟ-ਪੋਟ ਹੋਈਆਂ ਧਰਤੀ 'ਤੇ ਡਿੱਗ ਪਈਆਂ! ਕਈਆਂ ਦੇ ਸੱਟਾਂ ਵੱਜੀਆਂ... ਰਾਜੇ ਨੂੰ ਇਸ ਘਟਨਾ ਦਾ ਪਤਾ ਲੱਗਾ। ਉਹ ਘਬਰਾ ਗਿਆ.... ਰਾਜਾ ਰਸਾਲੂ ਦੇ ਪੁੱਜਣ ਦੀ ਖ਼ਬਰ ਉਹਨੂੰ ਮਿਲ਼ ਗਈ ਸੀ! ਰਸਾਲੂ ਨੇ ਸ਼ਹਿਰ ਦੇ ਦੁਆਰ ਤੇ ਪਏ ਸਿਰਕੱਪ ਦੇ ਦਸਾਂ ਦੇ ਦਸ ਧੌਂਸੇ ਪਹਿਲਾਂ ਹੀ ਭੰਨ ਦਿੱਤੇ ਸਨ। ਰਸਾਲੂ ਸਿਰਕੱਪ ਦੇ ਦਰਬਾਰ ਵਿੱਚ ਪੁੱਜ ਗਿਆ ਤੇ ਉਹਦੇ ਨਾਲ਼ ਚੌਪਟ ਖੇਡਣ ਦੀ ਇੱਛਿਆ ਪ੍ਰਗਟਾਈ। ਸਿਰਕੱਪ ਨੇ ਆਖਿਆ ਕਿ ਜਿਹੜਾ ਹਾਰੇ ਉਹ ਆਪਣੀ ਸਾਰੀ ਦੌਲਤ, ਰਾਜ ਅਤੇ ਆਪਣਾ ਸਿਰ ਦੇਵੇਗਾ।

ਸਿਰਕੱਪ ਦੀਆਂ ਸ਼ਰਤਾਂ ਅਨੁਸਾਰ ਚੌਪਟ ਦੀ ਬਾਜ਼ੀ ਸ਼ੁਰੂ ਹੋਈ। ਸਿਰਕੱਪ ਚੌਪਟ ਖੇਡਣ ਸਮੇਂ ਆਪਣੇ ਵਿਰੋਧੀ ਦੀ ਵਿਰਤੀ ਉਖੇੜਨ ਲਈ ਕਈ ਛਲ ਤੇ ਹੱਥਕੰਡੇ ਵਰਤਦਾ ਸੀ... ਉਹਨੇ ਆਪਣੇ ਸੱਜੇ ਖੱਬੇ ਆਪਣੀਆਂ ਖੂਬਸੂਰਤ ਰਾਣੀਆਂ ਅਤੇ ਧੀਆਂ ਬਿਠਾ ਲਈਆਂ। ਜਦੋਂ ਵਿਰੋਧੀ ਖਿਡਾਰੀ ਰਾਣੀ ਵੱਲ ਧਿਆਨ ਕਰਦਾ ਤਾਂ ਧੀ ਹੌਲੇ ਦੇਣੇ ਗੋਟ ਹਲਾ ਦੇਂਦੀ ਤੇ ਜਦੋਂ ਧੀ ਵੱਲ ਧਿਆਨ ਜਾਂਦਾ ਤਾਂ ਰਾਣੀ ਵੀ ਅਜਿਹਾ ਹੀ ਕਰਦੀ——ਇਸ ਤਰ੍ਹਾਂ ਖਿਡਾਰੀ ਦਾ ਧਿਆਨ ਉੱਖੜ ਜਾਂਦਾ ਤੇ ਉਹ ਬਾਜ਼ੀ ਹਾਰ ਜਾਂਦਾ। ਰਸਾਲੂ ਦਾ ਧਿਆਨ ਖਿਡਾਉਣ ਲਈ ਵੀ ਅਜਿਹਾ ਹੀ ਕੀਤਾ ਗਿਆ ਪਰੰਤੂ ਰਸਾਲੂ ਪੂਰੇ ਧਿਆਨ ਨਾਲ਼ ਚੌਪਟ ਖੇਡਦਾ ਰਿਹਾ.... ਰਾਣੀਆਂ ਦੇ ਹੁਸਨ ਦਾ ਜਾਦੂ ਰਸਾਲੂ 'ਤੇ ਨਾ ਚੱਲਿਆ। ਉਹ ਪਹਿਲੀ ਬਾਜ਼ੀ ਜਿੱਤ ਗਿਆ...

ਦੂਜੀ ਬਾਜ਼ੀ ਸ਼ੁਰੂ ਹੋਈ.... ਸਿਰਕੱਪ ਨੇ ਰਾਣੀਆਂ ਦੀ ਥਾਂ 'ਤੇ ਆਪਣੇ ਆਲ਼ੇ-ਦੁਆਲ਼ੇ ਕਈ ਨਫਰ ਬਹਾ ਲਏ ਜੋ ਰਾਜਾ ਰਸਾਲੂ ਦਾ ਧਿਆਨ ਉਖੇੜਨ ਲਈ ਉਹਦੇ ਪਾਸੋਂ ਬੁਝਾਰਤਾਂ ਪੁੱਛਣ ਲੱਗੇ.... ਰਸਾਲੂ ਬੁਝਾਰਤਾਂ ਵੀ ਬੁੱਝਦਾ ਰਿਹਾ ਤੇ ਨਾਲ਼ੋ-ਨਾਲ਼ ਆਪਣੀ ਚਾਲ ਵੀ ਚੱਲਦਾ ਰਿਹਾ.... ਉਹ ਦੂਜੀ ਬਾਜ਼ੀ ਵੀ ਜਿੱਤ ਗਿਆ।

ਤੀਜੀ ਬਾਜ਼ੀ ਸਿਰ ਦੀ ਬਾਜ਼ੀ ਸੀ..... ਸਿਰਕੱਪ ਦਾ ਤੀਜਾ ਛਲ ਇਹ ਸੀ ਕਿ ਉਹ ਖੇਡਣ ਸਮੇਂ ਸਿਧਾਈਆਂ ਹੋਈਆਂ ਦੋ ਚੂਹੀਆਂ ਕੱਢ ਲੈਂਦਾ ਜੋ ਹੌਲੀ ਦੇਣੇ ਚੌਪਟ ਉੱਤੋਂ ਲੰਘ ਕੇ ਗੋਟਾਂ ਨੂੰ ਹਿਲਾ ਦੇਂਦੀਆਂ ਪਰੰਤੂ ਰਸਾਲੂ ਨੇ ਉਹਦਾ ਇਹ ਛਲ ਵੀ ਚੱਲਣ ਨਾ ਦਿੱਤਾ। ਉਹਨੇ ਆਪਣੀ ਜੇਬ ਵਿੱਚੋਂ ਬਲੂੰਗੜਾ ਕੱਢ ਕੇ ਆਪਣੇ ਕੋਲ਼ ਬਹਾ ਲਿਆ ਜਿਸ ਤੋਂ ਡਰ ਕੇ ਚੂਹੀਆਂ ਚੌਪਟ ਵੱਲ ਆਈਆਂ ਹੀ ਨਾ ਜਿਸ ਕਰਕੇ ਰਸਾਲੂ ਬਾਜ਼ੀ ਜਿੱਤ ਗਿਆ। ਸਿਰਕੱਪ ਸਿਰ ਦੀ ਬਾਜ਼ੀ ਹਾਰ ਗਿਆ। ਐਨ ਉਸੇ ਸਮੇਂ ਇਕ ਨੌਕਰ ਨੇ ਆ ਕੇ ਰਾਜਾ ਸਿਰਕੱਪ ਨੂੰ ਸੂਚਨਾ ਦਿੱਤੀ ਕਿ ਉਸ ਦੇ ਘਰ ਬੇਟੀ ਨੇ ਜਨਮ ਲਿਆ ਹੈ——ਰਾਜੇ ਨੇ ਤੁਰੰਤ ਹੁਕਮ ਸੁਣਾ ਦਿੱਤਾ, "ਉਸ ਮਨਹੂਸ ਕੁੜੀ ਨੂੰ ਇਸੇ ਵਕਤ ਮਾਰ ਦਿੱਤਾ ਜਾਵੇ ਜਿਸ ਦੇ ਕਾਰਨ ਮੈਂ ਸਿਰ ਦੀ ਬਾਜ਼ੀ ਹਾਰਿਆ ਹਾਂ।"

"ਰਾਜਾ ਤੈਨੂੰ ਇਹ ਹੁਕਮ ਦੇਣ ਦਾ ਕੋਈ ਅਧਿਕਾਰ ਨਹੀਂ", ਰਾਜਾ ਰਸਾਲੂ ਸਿਰਕੱਪ ਨੂੰ ਮੁਖਾਤਿਬ ਹੋ ਕੇ ਬੋਲਿਆ, "ਤੂੰ ਆਪਣਾ ਸਿਰ ਤੇ ਰਾਜ ਹਾਰ ਚੁੱਕਾ ਹੈਂ। ਤੂੰ ਆਪਣੀ ਧੀ ਨੂੰ ਨਹੀਂ ਮਾਰ ਸਕਦਾ, ਉਹ ਹੁਣ ਮੇਰੀ ਹੈ।"

ਰਾਜਾ ਸਿਰਕੱਪ ਨਿਮੋਝੂਣਾ ਹੋਇਆ ਰਸਾਲੂ ਦੇ ਸਾਹਮਣੇ ਸਿਰ ਸੁੱਟੀ ਖੜਾ ਸੀ.. ਉਹਨੂੰ ਆਪਣੀ ਮੌਤ ਨਜ਼ਰ ਆਉਂਦੀ ਪਈ ਸੀ... ਸੈਂਕੜੇ ਮੌਤਾਂ ਦਾ ਵਣਜਾਰਾ ਆਪਣੀ ਮੌਤ ਨੂੰ ਵੇਖ ਕੇ ਥਰ-ਥਰ ਕੰਬ ਰਿਹਾ ਸੀ। ਉਹਦੀਆਂ ਅੱਖਾਂ ਵਿੱਚ ਤਰਲਾ ਸੀ... ਜਾਨ ਬਖ਼ਸ਼ੀ ਲਈ ਉਹਦੇ ਬੁੱਲ੍ਹ ਕੰਬੇ।

ਦਿਆਵਾਨ ਰਸਾਲੂ ਦੇ ਮਨ ਵਿੱਚ ਦਿਆ ਆ ਗਈ, "ਤੈਨੂੰ ਇਕ ਸ਼ਰਤ 'ਤੇ ਮੁਆਫ਼ ਕਰ ਸਕਦਾ ਹਾਂ ਤੂੰ ਤੱਤੇ ਤਵੇ ਤੇ ਮੱਥੇ ਨਾਲ਼ ਲਕੀਰਾਂ ਕੱਢ ਕੇ ਬਚਨ ਦੇ ਕਿ ਤੂੰ ਅੱਗੇ ਤੋਂ ਜੂਆ ਨਹੀਂ ਖੇਡੇਂਗਾ ਅਤੇ ਨਾ ਹੀ ਕਿਸੇ 'ਤੇ ਜ਼ੁਲਮ ਕਰੇਂਗਾ।"

ਆਪਣੀ ਜਾਨ ਬਖ਼ਸ਼ੀ ਲਈ ਸਿਰਕੱਪ ਸੱਭੋ ਕੁਝ ਕਰਨ ਲਈ ਤਿਆਰ ਹੋ ਗਿਆ.... ਰਸਾਲੂ ਨੇ ਉਸ ਨੂੰ ਮੁਆਫ਼ ਕਰ ਦਿੱਤਾ.... ਰਾਜਾ ਸਿਰਕੱਪ ਨੇ ਬੜੇ ਆਦਰ ਨਾਲ ਆਪਣੀ ਨਵ ਜਨਮੀ ਧੀ ਦਾ ਡੋਲਾ ਤਿਆਰ ਕਰਵਾਇਆ ਤੇ ਇਕ ਥਾਲ਼ ਵਿੱਚ ਸ਼ਗਨ ਵਜੋਂ ਅੰਬ ਦੀ ਟਾਹਣੀ ਰੱਖ ਕੇ ਰਾਜਾ ਰਸਾਲੂ ਨੂੰ ਭੇਂਟ ਕਰ ਦਿੱਤੀ। ਰਸਾਲੂ ਨੇ ਉਸ ਮਲੂਕੜੀ ਦਾ ਨਾਂ ਕੋਕਲਾਂ ਰੱਖਿਆ!

ਕੁਝ ਦਿਨ ਰਾਜਾ ਸਿਰਕੱਪ ਦੀ ਪ੍ਰਾਹੁਣਾਚਾਰੀ ਮਾਨਣ ਪਿੱਛੋਂ ਰਾਜਾ ਰਸਾਲੂ ਅਗਾਂਹ ਜਾਣ ਦੀ ਤਿਆਰੀ ਕਰਨ ਲੱਗਾ ਤਾਂ ਉਹਨੇ ਬੰਦੀਖ਼ਾਨੇ ਵਿੱਚ ਕੈਦ ਕੈਦੀਆਂ ਦੀਆਂ ਆਹਾਂ ਸੁਣੀਆਂ। ਉਹਨੇ ਆਪ ਜਾ ਕੇ ਬੰਦੀਖਾਨੇ ਦਾ ਬੂਹਾ ਖੋਲ੍ਹ ਦਿੱਤਾ ਤੇ ਕੈਦੀ ਉਸ ਨੂੰ ਸੈਆਂ ਅਸੀਸਾਂ ਦੇਂਦੇ ਹੋਏ ਆਪਣੇ-ਆਪਣੇ ਘਰਾਂ ਨੂੰ ਚਲੇ ਗਏ!

ਸਿਰੀਕੋਟ ਤੋਂ ਵਿੱਦਾ ਹੋ ਕੇ ਰਸਾਲੂ ਨੇ ਖੇੜੀ ਮੂਰਤੀ ਦੀਆਂ ਪਹਾੜੀਆਂ ਵਿੱਚ ਆਣ ਡੇਰੇ ਲਾਏ। ਓਥੇ ਉਹਨੇ ਇਕ ਮਹਿਲ ਬਣਵਾਇਆ ਤੇ ਮਹਿਲ ਦੇ ਬਾਹਰ ਅੰਬ ਦਾ ਬੂਟਾ ਲਾ ਕੇ ਆਖਿਆ, "ਜਦੋਂ ਇਸ ਬੂਟੇ ਨੂੰ ਬੂਰ ਪਵੇਗਾ ਓਦੋਂ ਕੋਕਲਾਂ ਭਰ ਜ਼ੋਬਨ ਮੁਟਿਆਰ ਬਣ ਜਾਵੇਗੀ। ਫੇਰ ਮੈਂ ਉਸ ਨਾਲ ਸ਼ਾਦੀ ਰਚਾ ਕੇ ਉਸ ਨੂੰ ਆਪਣੀ ਰਾਣੀ ਬਣਾ ਲਵਾਂਗਾ।"

ਕੋਕਲਾਂ ਨੂੰ ਇਸ ਪਹਾੜੀ ਮਹਿਲ ਵਿੱਚ ਰੱਖਿਆ ਗਿਆ। ਉਹ ਮਹਿਲ ਮਗਰੋਂ ਰਾਣੀ ਕੋਕਲਾਂ ਦੇ ਧੌਲਰ ਦੇ ਨਾਂ ਨਾਲ ਪ੍ਰਸਿੱਧ ਹੋਇਆ.... ਕੱਲਮ ਕੱਲੀ ਉਹ ਜਵਾਨ ਹੋਣ ਲੱਗੀ। ਉਹਦੇ ਦਿਲ ਪਰਚਾਵੇ ਲਈ ਤੋਤਾ ਤੇ ਮੈਨਾ ਸਨ ਜਿਨ੍ਹਾਂ ਨਾਲ਼ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ। ਕੇਹੀ ਜ਼ਿੰਦਗੀ ਸੀ ਉਹਦੀ ਕੱਲਮ ਕੱਲੀ.... ਉਹ ਮਹਿਲ ਦੇ ਕਿੰਗਰਿਆਂ ਤੇ ਖੜ ਕੇ ਪਹਾੜੀ ਨਜ਼ਾਰਿਆਂ ਦਾ ਆਨੰਦ ਮਾਣਦੀ ਹੋਈ ਰਸਾਲੂ ਨੂੰ ਉਡੀਕਦੀ ਰਹਿੰਦੀ। ਰਸਾਲੂ ਨਿੱਤ ਨਵੀਂਆਂ ਮੁਹਿੰਮਾਂ ਤੇ ਚੜ੍ਹਿਆ ਰਹਿੰਦਾ...ਉਹਨੂੰ ਸ਼ਿਕਾਰ ਖੇਡਣ ਦਾ ਅਵੱਲੜਾ ਸ਼ੌਕ ਸੀ। ਜੰਗਲਾਂ ਬੇਲਿਆਂ 'ਚ ਘੁੰਮਦਿਆਂ ਉਹ ਕੋਕਲਾਂ ਨੂੰ ਬਿਲਕੁਲ ਹੀ ਭੁੱਲ ਜਾਂਦਾ।

ਸਮਾਂ ਬੀਤਦਾ ਗਿਆ... ਅੰਬ ਦੇ ਬੂਟੇ ਨੂੰ ਪਹਿਲਾ ਬੂਰ ਪਿਆ.... ਇਹ ਕੋਕਲਾਂ ਦੇ ਭਰੇ ਜ਼ੋਬਨ ਮੁਟਿਆਰ ਹੋ ਜਾਣ ਦਾ ਸੰਕੇਤ ਸੀ... ਮਹਿਲੋਂ ਬਾਹਰ ਅੰਬੀਆਂ ਦੀ ਸੁਗੰਧ ਫੈਲੀ ਹੋਈ ਸੀ ਤੇ ਮਹਿਲਾਂ ਦੇ ਅੰਦਰ ਕੋਕਲਾਂ ਦਾ ਭਖ ਭਖ ਕਰਦਾ ਜ਼ੋਬਨ ਲੱਪਟਾਂ ਛੱਡ ਰਿਹਾ ਸੀ। ਕੋਕਲਾਂ ਦੇ ਧੌਲਰ ਐਨੇ ਸੁਰੱਖਿਅਤ ਸਨ ਕਿ ਓਥੇ ਚਿੜੀ ਤੱਕ ਨਹੀਂ ਸੀ ਫੜਕ ਸਕਦੀ। ਕੋਕਲਾਂ ਦਾ ਜ਼ੋਬਨ ਅੰਗੜਾਈਆਂ ਭੰਨ ਰਿਹਾ ਸੀ, ਉਹਦੇ ਅੰਗ ਮਚਲ-ਮਚਲ ਜਾਂਦੇ ਸਨ..... ਇਕ ਰਸਾਲੂ ਸੀ ਜਿਸ ਨੂੰ ਆਪਣੇ ਹੋਰਨਾਂ ਸ਼ੌਕਾਂ ਤੋਂ ਹੀ ਵਿਹਲ ਨਹੀਂ ਸੀ ਮਿਲਦੀ.... ਕੋਕਲਾਂ ਕਿਸੇ ਨਾਲ਼ ਦੋ ਮਿੱਠੇ ਬੋਲ ਵੀ ਸਾਂਝੇ ਕਰਨ ਲਈ ਤਰਸ ਰਹੀ ਸੀ! ਉਹ ਆਏ ਦਿਨ, ਹਾਰ-ਸ਼ਿੰਗਾਰ ਕਰਦੀ ਤੇ ਧੌਲਰ ਦੀ ਬਾਰੀ ਵਿੱਚ ਬੈਠ ਕੇ ਰਸਾਲੂ ਨੂੰ ਉਡੀਕਦੀ।

ਇਕ ਦਿਨ ਕੀ ਹੋਇਆ ਰਾਜਾ ਰਸਾਲੂ ਆਪਣੀ ਮੁਹਿੰਮੇਂ ਚੜ੍ਹਿਆ ਹੋਇਆ ਸੀ ਕਿ ਅਚਨਚੇਤ ਸਿੰਧ ਦੇ ਰਾਜੇ ਅਟਕੀ ਮਲ ਦਾ ਨੌਜਵਾਨ ਬੇਟਾ ਰਾਜਾ ਹੋਡੀ ਸ਼ਿਕਾਰ ਖੇਡਦਾ-ਖੇਡਦਾ ਰਾਣੀ ਕੋਕਲਾਂ ਦੇ ਧੌਲਰ ਦੇ ਕੋਲ਼ ਆ ਗਿਆ। ਕੋਕਲਾਂ ਨੇ ਵੇਖਿਆ ਇਕ ਨੌਜਵਾਨ ਹੇਠਾਂ ਖੜੋਤਾ ਆਲ਼ੇ-ਦੁਆਲ਼ੇ ਵੇਖ ਰਿਹਾ ਹੈ। ਉਹਨੇ ਉੱਪਰੋਂ ਖੰਘੂਰਾ ਮਾਰ ਕੇ ਗੱਭਰੂ ਦਾ ਧਿਆਨ ਆਪਣੇ ਵੱਲ ਖਿੱਚਿਆ। ਗੱਭਰੂ ਨੇ ਨਿਗਾਹ ਉਤਾਂਹ ਘੁਮਾਈ.... ਬਾਰੀ ਵਿੱਚ ਖੜੋਤਾ ਚੰਦ ਦਾ ਟੁਕੜਾ ਉਹਨੂੰ ਵਿਖਾਈ ਦਿੱਤਾ.... ਦੋਹਾਂ ਦੇ ਨੈਣ ਮਿਲ਼ੇ .... ਕੋਕਲਾਂ ਤਾਂ ਪਹਿਲਾਂ ਹੀ ਤੜਪਦੀ ਪਈ ਸੀ.... ਹੋਡੀ ਉਹਦੇ ਹੁਸਨ ਦੀ ਤਾਬ ਨਾ ਝੱਲ ਸਕਿਆ। ਉੱਪਰ ਆਉਣ ਦਾ ਇਸ਼ਾਰਾ ਹੋਇਆ... ਮਹਿਲ ਦੇ ਦੁਆਰ ਤੇ ਬੜਾ ਭਾਰੀ ਪੱਥਰ ਪਿਆ ਸੀ ਜਿਸ ਨੂੰ ਸਰਕਾ ਕੇ ਮਹਿਲ ਅੰਦਰ ਜਾਇਆ ਜਾ ਸਕਦਾ ਸੀ.... ਹੋਡੀ ਤੋਂ ਪੱਥਰ ਪਰ੍ਹੇ ਨਾ ਹਟਾ ਹੋਇਆ.... ਧੌਲਰ ਉੱਪਰ ਜਾਣ ਲਈ ਹੋਰ ਕੋਈ ਰਸਤਾ ਨਹੀਂ ਸੀ.... ਆਖ਼ਰ ਕੋਕਲਾਂ ਨੇ ਉੱਪਰੋਂ ਕੁਮੰਦ ਸੁੱਟ ਕੇ ਉਸ ਨੂੰ ਆਪਣੇ ਕੋਲ ਸੱਦ ਲਿਆ.... ਹੁਸਨ ਤੇ ਇਸ਼ਕ ਦੇ ਮਿਲਾਪ ਨੇ ਦੋ ਰੂਹਾਂ ਨੂੰ ਸਰਸ਼ਾਰ ਕਰ ਦਿੱਤਾ.... ਦੋਨੋਂ ਮਦਹੋਸ਼ੀ ਦੇ ਆਲਮ ਵਿੱਚ ਪੁੱਜ ਗਏ.... ਕੋਕਲਾਂ ਦੀ ਤੜਪਨਾ ਸ਼ਾਂਤ ਹੋ ਗਈ ਸੀ ਤੇ ਉਹ ਰਾਜਾ ਹੋਡੀ ਦੇ ਅੰਗ-ਅੰਗ ਨੂੰ ਨਿਹਾਰ ਰਹੀ ਸੀ। ਟੁਰਨ ਲੱਗਿਆਂ ਹੋਡੀ ਨੇ ਮੁੜ ਆਉਣ ਦਾ ਇਕਰਾਰ ਕੀਤਾ ਤੇ ਕੁਮੰਦ ਰਾਹੀਂ ਮਹਿਲ ਤੋਂ ਥੱਲੇ ਉੱਤਰ ਗਿਆ.... ਤ੍ਰਿਪਤੀ ਦੇ ਅਹਿਸਾਸ 'ਚ ਖੀਵੀ ਹੋਈ ਕੋਕਲਾਂ ਬਾਰੀ ਵਿੱਚ ਖੜੋ ਕੇ ਜਾਂਦੇ ਹੋਡੀ ਨੂੰ ਉਦੋਂ ਤੱਕ ਵੇਖਦੀ ਰਹੀ ਜਦੋਂ ਤੱਕ ਉਹ ਉਹਦੀਆਂ ਨਜ਼ਰਾਂ ਤੋਂ ਉਹਲੇ ਨਾ ਹੋਇਆ।

ਰਾਜਾ ਹੋਡੀ ਨੇ ਕੋਕਲਾਂ ਦੀ ਯਾਦ ਵਿੱਚ ਤੜਪਦਿਆਂ ਮਸੀਂ ਰਾਤ ਲੰਘਾਈ ਤੇ ਅਗਲੀ ਭਲ਼ਕ ਉਸ ਦੇ ਧੌਲਰ ਨੂੰ ਆ ਸਿਜਦਾ ਕੀਤਾ। ਇਸ ਤਰ੍ਹਾਂ ਇਹ ਹੁਸਨ ਇਸ਼ਕ ਦਾ ਸਿਲਸਲਾ ਕਈ ਦਿਨ ਚੱਲਦਾ ਰਿਹਾ। ਕੋਕਲਾਂ ਉੱਪਰੋਂ ਕੁਮੰਦ ਸੁੱਟਦੀ ਤੇ ਹੋਡੀ ਉੱਪਰ ਚੱਲਿਆ ਜਾਂਦਾ। ਇਕ ਦਿਨ ਕਿਧਰੇ ਰਸਾਲੂ ਅਚਨਚੇਤ ਸਾਝਰੇ ਵਾਪਸ ਆ ਗਿਆ..... ਉਹਨੇ ਵੇਖਿਆ ਕੋਈ ਪੁਰਸ਼ ਉਹਦੇ ਮਹਿਲਾਂ ਤੋਂ ਕੁਮੰਦ ਰਾਹੀਂ ਹੇਠਾਂ ਉੱਤਰ ਰਿਹਾ ਹੈ..... ਇਹ ਕੌਣ ਸੀ ਜੀਹਨੇ ਉਹਦੇ ਮਹਿਲਾਂ ਨੂੰ ਸੰਨ੍ਹ ਲਾ ਲਈ ਸੀ.... ਹੋਡੀ ਹੇਠਾਂ ਉੱਤਰਿਆ.... ਦੋਹਾਂ ਨੇ ਇਕ ਦੂਜੇ ਨੂੰ ਲਲਕਾਰਿਆ ਤੇ ਤਲਵਾਰਾਂ ਮਿਆਨਾਂ ਵਿੱਚੋਂ ਬਾਹਰ ਕੱਢ ਲਈਆਂ.... ਦੋਹਾਂ ਨੇ ਬੜੀ ਫੁਰਤੀ ਨਾਲ਼ ਇਕ-ਦੂਜੇ 'ਤੇ ਵਾਰ ਕੀਤੇ..... ਰਾਜਾ ਰਸਾਲੂ ਦਾ ਵਾਰ ਹੀ ਅਜਿਹਾ ਸੀ ਕਿ ਹੋਡੀ ਉਹਦਾ ਵਾਰ ਨਾ ਝੱਲ ਸਕਿਆ.... ਹੋਡੀ ਦਾ ਸਿਰ ਉਹਦੀ ਧੜ ਨਾਲ਼ੋਂ ਵੱਖਰਾ ਹੋ ਗਿਆ.... ਮਹਿਲਾਂ ਉੱਪਰ ਖੜੋਤੀ ਕੋਕਲਾਂ ਹੇਠਾਂ ਦਾ ਦ੍ਰਿਸ਼ ਵੇਖਦੀ ਪਈ ਸੀ। ਰਾਜਾ ਹੋਡੀ ਦੀ ਤੜਪਦੀ ਦੇਹ ਨੂੰ ਵੇਖਦਿਆਂ ਸਾਰ ਹੀ ਉਹਨੇ ਮਹਿਲ ਦੀ ਖਿੜਕੀ ਤੋਂ ਹੇਠਾਂ ਛਾਲ਼ ਮਾਰ ਦਿੱਤੀ ਤੇ ਡਿੱਗਦਿਆਂ ਹੀ ਕੋਕਲਾਂ ਦਾ ਸਿਰ ਖਖੜੀ-ਖਖੜੀ ਹੋ ਗਿਆ ਤੇ ਉਹਦੇ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ!

ਰਾਣੀ ਕੋਕਲਾਂ ਦੇ ਧੌਲਰਾਂ ਵਿੱਚ ਸੰਨਾਟਾ ਛਾ ਗਿਆ.... ਉਹਦੀ ਮੈਨਾ ਤੇ ਪਿਆਰੇ ਤੋਤੇ ਨੇ ਖੰਭ ਫੜਫੜਾਏ ਤੇ ਅਸਮਾਨ ਵਿੱਚ ਉਡਾਰੀ ਮਾਰ ਗਏ! ਰਾਜਾ ਰਸਾਲੂ ਆਪਣੀ ਰਾਣੀ ਕੋਕਲਾਂ ਦੀ ਬੇਵਫ਼ਾਈ ਤੇ ਹੰਝੂ ਕੇਰਦਾ ਹੋਇਆ ਆਪਣੇ ਘੋੜੇ ਕੋਲ਼ ਆਇਆ। ਦੋਹਾਂ ਲਾਸ਼ਾਂ ਨੂੰ ਰੱਸੇ ਨਾਲ ਬੰਨ੍ਹ ਕੇ ਘੋੜੇ ਦੇ ਦੋਹੀਂ ਪਾਸੀਂ ਲਟਕਾ ਕੇ ਉਸ ਨੂੰ ਜੰਗਲ ਵੱਲ ਰਵਾਨਾ ਕਰ ਦਿੱਤਾ ਤੇ ਆਪ ਆਪਣੇ ਸ਼ਹਿਰ ਸਿਆਲਕੋਟ ਵੱਲ ਨੂੰ ਚਾਲੇ ਪਾ ਦਿੱਤੇ। ਕਹਿੰਦੇ ਹਨ ਮਗਰੋਂ ਹੋਡੀ ਦੇ ਭਰਾਵਾਂ ਨੇ ਰਸਾਲੂ ਨੂੰ ਸਿਆਲਕੋਟ ਆ ਘੇਰਿਆ ਤੇ ਉਹ ਉਹਨਾਂ ਨਾਲ਼ ਲੜਦਾ ਹੋਇਆ ਆਪਣੀ ਜਾਨ ਤੇ ਖੇਡ ਗਿਆ... ਸਦੀਆਂ ਬੀਤਣ ਮਗਰੋਂ ਵੀ ਪੰਜਾਬ ਦੇ ਲੋਕ ਕਵੀ ਆਪਣੇ ਸੂਰਮੇ ਪੰਜਾਬੀ ਰਾਜਾ ਰਸਾਲੂ ਦੀਆਂ ਵਾਰਾਂ ਗਾ ਕੇ ਉਸ ਨੂੰ ਯਾਦ ਕਦੇ ਹਨ।

page