ਜੀਊਣਾ ਮੌੜ

ਪੰਜਾਬ ਦੀ ਧਰਤੀ ਸੂਰਬੀਰਾਂ, ਯੋਧਿਆਂ, ਸੰਤਾਂ ਅਤੇ ਗੁਰੂਆਂ ਦੀ ਧਰਤੀ ਹੈ, ਇਹ ਯੋਧੇ ਤੇ ਗੁਰੂ-ਪੀਰ ਪੰਜਾਬ ਦੇ ਲੋਕ ਮਾਨਸ ਨੂੰ ਸਦਾ ਟੁੰਭਦੇ ਰਹੇ ਹਨ। ਇਹ ਪੰਜਾਬ ਦੀ ਅਣਖ, ਗ਼ੈਰਤ ਅਤੇ ਸਵੈਮਾਨ ਦੇ ਪ੍ਰਤੀਕ ਹਨ, ਜਿਨ੍ਹਾਂ ਤੋਂ ਪੰਜਾਬੀ ਸਦਾ ਪ੍ਰੇਰਨਾ ਲੈਂਦੇ ਰਹੇ ਹਨ।

ਮਾਲਵੇ ਦਾ ਇਲਾਕਾ ਜਿਸ ਨੂੰ ਜੰਗਲ ਦਾ ਇਲਾਕਾ ਵੀ ਆਖਦੇ ਹਨ ਇਕ ਅਜਿਹਾ ਖਿੱਤਾ ਹੈ ਜਿਸ ਨੇ ਅਣਖ ਅਤੇ ਸਵੈਮਾਨ ਦੀ ਰਾਖੀ ਕਰਨ ਵਾਲ਼ੇ ਅਜਿਹੇ ਸੂਰਮੇ ਪੈਦਾ ਕੀਤੇ ਹਨ ਜੋ ਡਾਕੂਆਂ ਦੇ ਰੂਪ ਵਿੱਚ ਵਿਚਰਦੇ ਹੋਏ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਰਹੇ ਹਨ ਅਤੇ ਅੱਜ ਵੀ ਪੰਜਾਬੀ ਉਨ੍ਹਾਂ ਦੀਆਂ ਵਾਰਾਂ ਗਾ ਕੇ ਅਥਾਹ ਖ਼ੁਸ਼ੀ ਪ੍ਰਾਪਤ ਕਰਦੇ ਹਨ। ਸੁੱਚਾ ਸਿੰਘ ਸੂਰਮਾ ਅਤੇ ਜੀਊਣਾ ਮੌੜ ਅਜਿਹੇ ਦੋ ਮਲਵਈ ਲੋਕ ਨਾਇਕ ਹਨ, ਜਿਨ੍ਹਾਂ ਦਾ ਨਾਂ ਸੁਣ ਕੇ ਪੰਜਾਬੀ ਗੱਭਰੂਆਂ ਦੇ ਡੌਲ਼ੇ ਫਰਕਣ ਲੱਗ ਜਾਂਦੇ ਹਨ ਅਤੇ ਅੱਖਾਂ ਵਿੱਚ ਅਨੂਠੀ ਚਮਕ ਡਲ੍ਹਕਾਂ ਮਾਰਨ ਲੱਗਦੀ ਹੈ।

ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌੜ ਦਾ ਜਮਪਲ ਸਧਾਰਨ ਜੱਟ ਪਰਿਵਾਰ ਦੇ ਖੜਗ ਸਿੰਘ ਦਾ ਪੁੱਤਰ ਜੀਊਣਾ ਬੜਾ ਸਾਊ ਤੇ ਨਿਮਰ ਨੌਜਵਾਨ ਸੀ ਜਿਸ ਨੂੰ ਸਮੇਂ ਦੀਆਂ ਪ੍ਰਸਥਿਤੀਆਂ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ।

ਗੱਲ ਇਸ ਤਰ੍ਹਾਂ ਹੋਈ ਇਕ ਦਿਨ ਆਥਣ ਵੇਲੇ ਜੀਊਣ ਸਿੰਘ, ਜਿਸ ਨੂੰ ਆਮ ਕਰਕੇ ਜੀਊਣਾ ਕਹਿ ਕੇ ਬੁਲਾਉਂਦੇ ਸਨ ਆਪਣੇ ਡੰਗਰਾਂ ਦੇ ਵਾੜੇ ਵਿੱਚ ਇਕੱਲਾ ਬੈਠਾ ਸੀ ਕਿ ਇਕ ਅੱਧਖੜ ਉਮਰ ਦਾ ਓਪਰਾ ਬੰਦਾ ਉਨ੍ਹਾਂ ਦੇ ਘਰ ਦਾ ਪਤਾ ਪੁੱਛਦਾ, ਪਛਾਉਂਦਾ ਉਹਦੇ ਕੋਲ਼ ਆਇਆ! ਓਸ ਓਪਰੇ ਪੁਰਸ਼ ਦਾ ਆਦਰ-ਮਾਣ ਕਰਦਿਆਂ ਜੀਊਣੇ ਨੇ ਉਸ ਨੂੰ ਆਪਣੇ ਮੰਜੇ 'ਤੇ ਬਿਠਾ ਲਿਆ। ਓਪਰਾ ਬੰਦਾ ਆਖਣ ਲੱਗਾ, "ਭਤੀਜ ਮੈਂ ਕਾਲ਼ੇ ਪਾਣੀ ਤੋਂ ਆਇਆਂ ਤੇਰੇ ਵੱਡੇ ਭਾਈ ਕਿਸ਼ਨੇ ਕੋਲ਼ੋ। ਉਹਦਾ ਸੁਨੇਹਾ ਲੈ ਕੇ, ਸਿੱਧਾ ਥੋਡੇ ਕੋਲ਼ ਆਇਆਂ। ਫਿਰ ਆਪਣੇ ਪਿੰਡ ਜਾਊਂਗਾ। ਉਹਨੇ ਕਿਹੈ ਬਈ ਜੇ ਤੂੰ ਉਹਦਾ ਭਾਈ ਮੈਂ ਤੇ ਮਾਂ ਦਾ ਸੀਰ ਚੁੰਘਿਐ ਤਾਂ ਡਸਕੇ ਆਲ਼ੇ ਡੋਗਰ ਤੋਂ ਬਦਲਾ ਲੈ ਲੈ ਉਹਨੂੰ ਮਾਰਕੇ, ਜੀਹਨੇ ਤੇਰੇ ਭਰਾ ਕਿਸ਼ਨੇ ਨੂੰ ਧੋਖੇ ਨਾਲ਼ ਪੁਲਿਸ ਨੂੰ ਫੜਾ ਕੇ, ਕਾਲ਼ੇ ਪਾਣੀ ਦੀ ਸਜ਼ਾ ਦੁਆਈ ਐ.....ਭਤੀਜ ਬੰਦਾ ਕਾਹਦੈ ਜੀਹਨੇ ਭਾਈ ਦਾ ਬਦਲਾ ਨੀ ਲਿਆ.....ਡੋਗਰ ਮੌਜਾਂ ਕਰਦੈ ਤੇ ਭਾਈ ਕਾਲ਼ੇ ਪਾਣੀ ਨਰਕ ਭੋਗਦੈ....."

ਕਿਸ਼ਨਾ ਜੀਊਣੇ ਤੋਂ ਕੁਝ ਵਰ੍ਹੇ ਵੱਡਾ ਸੀ। ਛੈਲ ਛਬੀਲਾ ਗੱਭਰੂ ਮੌਜ ਮਸਤੀ ਕਰਨ ਵਾਲ਼ਾ। ਨਵਾਂ ਨਵਾਂ ਵੈਲੀ ਬਣਿਆਂ। ਕਿਸ਼ਨੇ ਕੋਲ ਓਪਰੇ ਬੰਦੇ ਆਉਣ ਲੱਗੇ! ਘਰ ਦੀ ਕੱਢ੍ਹੀ ਰੂੜੀ ਮਾਰਕਾ ਸ਼ਰਾਬ ਤੇ ਮੁਰਗੇ ਛੱਕ ਕੇ ਓਪਰੇ ਬੰਦੇ ਉਨ੍ਹਾਂ ਦੇ ਖੂਹ 'ਤੇ ਖੜਦੁੰਮ ਮਚਾਉਂਦੇ। ਉਸ ਦੇ ਬਾਪੂ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ। ਇਸ ਲਈ ਉਸ ਨੇ ਕਿਸ਼ਨੇ ਨੂੰ ਟੋਕਣਾ ਸ਼ੁਰੂ ਕਰ ਦਿੱਤਾ। ਨਿੱਤ ਦਾ ਕਲੇਸ਼ ਰਹਿਣ ਲੱਗਾ ਜਿਸ ਕਰਕੇ ਕਿਸ਼ਨਾ ਘਰੋਂ ਭੱਜ ਕੇ ਡਸਕੇ ਦੇ ਡੋਗਰ ਅਤੇ ਖਡਿਆਲ ਦੇ ਜੈਮਲ ਨਾਲ਼ ਰਲਕੇ ਲੁੱਟਾਂ-ਖੋਹਾਂ ਕਰਨ ਲੱਗਾ। ਤਿੰਨੋਂ ਗੂੜ੍ਹੇ ਮਿੱਤਰ ਬਣ ਗਏ।

ਉਨ੍ਹਾਂ ਵੇਲ਼ਿਆਂ ਵਿੱਚ ਅੱਜ ਵਾਂਗ ਸੜਕਾਂ ਨਹੀਂ ਸਨ, ਆਵਾਜਾਈ ਦੇ ਸਾਧਨ ਘੋੜੇ, ਘੋੜੀਆਂ, ਊਠ ਆਦਿ ਸਨ। ਪੈਦਲ ਸਫ਼ਰ ਕਰਨਾ ਪੈਂਦਾ ਸੀ ਤੇ ਰਾਹ ਆਮ ਤੌਰ 'ਤੇ ਜੰਗਲਾਂ, ਬੇਲਿਆਂ ਵਿੱਚੋਂ ਹੋ ਕੇ ਜਾਂਦੇ ਸਨ। ਆਮ ਆਦਮੀ ਲਈ ਸਫ਼ਰ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਡਾਕੂ ਆਮ ਸਨ ਜੋ ਜੰਗਲਾਂ 'ਚ ਫਿਰਦੇ ਰਾਹ ਗੁਜ਼ਰੂਆਂ ਨੂੰ ਲੁੱਟ ਲੈਂਦੇ ਸਨ। ਬਰਾਤਾਂ ਆਮ ਲੁੱਟੀਆਂ ਜਾਂਦੀਆਂ ਸਨ। ਕਿਸ਼ਨੇ ਹੋਰਾਂ ਨੇ ਵੀ ਲੁੱਟਾਂ, ਖੋਹਾਂ ਦਾ ਧੰਦਾ ਅਪਣਾ ਲਿਆ। ਕਿਸ਼ਨੇ ਦੇ ਬਾਪ ਤੇ ਭਰਾ ਜੀਊਣੇ ਨੂੰ ਇਹ ਗੱਲਾਂ ਪਸੰਦ ਨਹੀਂ ਸਨ ਪਰੰਤੂ ਕਿਸ਼ਨਾ ਉਨ੍ਹਾਂ ਦੀ ਕਿੱਥੋਂ ਮੰਨਣ ਵਾਲ਼ਾ ਸੀ। ਉਸ ਦੇ ਮੂੰਹ ਨੂੰ ਤਾਂ ਖ਼ੂਨ ਲੱਗ ਚੁੱਕਾ ਸੀ।

ਇਕ ਦਿਨ ਕੀ ਹੋਇਆ ਕਿਸ਼ਨੇ ਹੋਰਾਂ ਨੇ ਆਪਣੇ ਹੀ ਪਿੰਡ ਦੇ ਬਾਣੀਆਂ ਦੀ ਬਰਾਤ ਲੁੱਟ ਲਈ। ਬਰਾਤੀਆਂ 'ਚੋਂ ਕਿਸੇ ਨੇ ਕਿਸ਼ਨੇ ਨੂੰ ਪਛਾਣ ਲਿਆ। ਸਾਰਾ ਪਿੰਡ ਕਿਸ਼ਨੇ ਦੀ ਇਸ ਵਾਰਦਾਤ 'ਤੇ ਤੋਏ-ਤੋਏ ਕਰਨ ਲੱਗਾ ਤੇ ਉਸ ਦੇ ਬਾਪ ਨੂੰ ਫ਼ਿਟਲਾਅਣਤਾਂ ਪਾਈਆਂ। ਉਹਦਾ ਬਾਪ ਪਰ੍ਹੇ 'ਚ ਬੈਠਾ ਸ਼ਰਮਸ਼ਾਰ ਹੋ ਰਿਹਾ ਸੀ। ਪਿੰਡ ਦੇ ਖਾਂਦੇ-ਪੀਂਦੇ ਮੋਹਰੀ ਵਾਸਦੇਵ ਨੇ ਕਿਸ਼ਨੇ ਦੇ ਨਾਂ 'ਤੇ ਪੁਲਿਸ ਥਾਣੇ ਰਿਪੋਰਟ ਲਿਖਵਾ ਦਿੱਤੀ। ਇਸ ਗੱਲ ਦਾ ਪਤਾ ਕਿਸ਼ਨੇ ਨੂੰ ਵੀ ਲੱਗ ਗਿਆ। ਉਹ ਕੁਝ ਦਿਨਾਂ ਮਗਰੋਂ ਮੌੜੀਂ ਆ ਕੇ ਵਾਸਦੇਵ ਨੂੰ ਗੋਲ਼ੀਆਂ ਨਾਲ਼ ਭੁੰਨ ਗਿਆ।

ਪੁਲਿਸ ਆਈ, ਕਿਸ਼ਨੇ ਦੇ ਬਾਪ ਅਤੇ ਭਰਾ ਜੀਊਣੇ ਨੂੰ ਫੜ ਲਿਆ ਗਿਆ। ਕਿਸ਼ਨੇ ਦਾ ਥਹੁ ਪਤਾ ਪੁੱਛਣ ਲਈ ਤਸੀਹੇ ਦਿੱਤੇ ਗਏ... ਘਰ-ਬਾਰ ਉਜਾੜ ਦਿੱਤਾ। ਉਹ ਭਲਾ ਕਿੱਥੋਂ ਕਿਸ਼ਨੇ ਨੂੰ ਲੱਭ ਕੇ ਲਿਆਉਂਦੇ।

ਕਿਸ਼ਨੇ ਦੀ ਕਿਹੜਾ ਘਰਦਿਆਂ ਨਾਲ਼ ਬਣਦੀ ਸੀ, ਉਹ ਲੁੱਟਾਂ-ਖੋਹਾਂ ਦਾ ਮਾਲ ਜੈਮਲ ਦੇ ਘਰ ਹੀ ਰੱਖਦਾ ਸੀ। ਕਿਸ਼ਨੇ ਦੇ ਗਲ਼ ਖ਼ੂਨ ਪੈਣ ਦੀ ਖ਼ਬਰ ਨੇ ਜੈਮਲ ਨੂੰ ਸੁਚੇਤ ਕਰ ਦਿੱਤਾ। ਕਿਸ਼ਨਾ ਉਹਦੇ ਕੋਲ਼ ਚਲਿਆ ਗਿਆ। ਉਹਨੇ ਜੈਮਲ ਨੂੰ ਆਖਿਆ, "ਯਾਰਾ ਤੂੰ ਈ ਕੋਈ ਓਹੜ ਪੋਹੜ ਕਰ। ਪੁਲਿਸ ਨੂੰ ਕੁਛ ਦੇ ਦਵਾ ਕੇ ਮੇਰਾ ਨਾਂ ਖੂਨ 'ਚੋਂ ਕਢਵਾ।"

ਜੈਮਲ ਝਟ ਪੈਂਤਰਾ ਬਦਲ ਗਿਆ। ਉਹਦਾ ਮਨ ਬੇਈਮਾਨ ਹੋ ਗਿਆ। "ਖ਼ੂਨ 'ਚ ਫਸਿਆ ਕਿਸ਼ਨਾ ਉਹਦਾ ਕੀ ਵਿਗਾੜ ਲੂਗਾ" ਉਹਨੇ ਸੋਚਿਆ ਤੇ ਕਿਹਾ, "ਕਿਸ਼ਨਿਆਂ ਤੇਰਾ ਤਾਂ ਮੇਰੇ ਕੋਲ਼ ਹੁਣ ਕੁਛ ਨੀ। ਤੂੰ ਸਾਰਾ ਮਾਲ ਵੰਡਾ ਕੇ ਲੈ ਗਿਆ ਸੀ।"

ਕਿਸ਼ਨੇ ਨੂੰ ਐਨੀ ਆਸ ਨਹੀਂ ਸੀ ਕਿ ਉਹਦਾ ਯਾਰ ਜੈਮਲ ਉਹਦੇ ਨਾਲ਼ ਈ ਮਿੱਤਰ ਮਾਰ ਕਰੇਗਾ। ਉਹ ਸਬਰ ਦਾ ਘੁੱਟ ਭਰਕੇ ਬਹਿ ਗਿਆ। ਉਹ ਉਥੋਂ ਚੁਪ ਚੁਪੀਤਾ ਕਿਸੇ ਹੋਰ ਥਾਂ ਚਲਿਆ ਗਿਆ।

ਕੁਝ ਦਿਨਾਂ ਮਗਰੋਂ ਕਿਸ਼ਨਾ ਫੇਰ ਜੈਮਲ ਕੋਲ਼ ਆਇਆ ਤੇ ਇਕ ਬਰਾਤ ਲੁੱਟਣ ਲਈ ਦੱਸ ਪਾਈ। ਬਰਾਤ ਲੁੱਟਣ ਦੇ ਲਾਲਚ ਵਸ ਜੈਮਲ ਕਿਸ਼ਨੇ ਨਾਲ਼ ਜੰਗਲ ਵਿੱਚ ਚਲਿਆ ਗਿਆ। ਲੱਗੇ ਬਰਾਤ ਉਡੀਕਣ। ਬਰਾਤ ਕਿੱਥੋਂ ਆਉਣੀ ਸੀ। ਇਹ ਤਾਂ ਕਿਸ਼ਨੇ ਨੇ ਜੈਮਲ ਨੂੰ ਸੱਦਣ ਦਾ ਬਹਾਨਾ ਹੀ ਘੜਿਆ ਸੀ। ਕਿਸ਼ਨੇ ਨੇ ਜੈਮਲ ਨੂੰ ਲਲਕਾਰਿਆ, "ਬੇਈਮਾਨਾ ਭੱਜ ਲੈ ਕਿੱਥੇ ਭੱਜਣੈ। ਤੈਂ ਮੇਰੇ ਹਿੱਸੇ ਦਾ ਮਾਲ ਹੜੱਪ ਕੇ ਮੇਰੇ ਨਾਲ ਮਿੱਤਰਮਾਰ ਕੀਤੀ ਐ।"

ਤੜਾਕ ਤੜਾਕ ਗੋਲ਼ੀਆਂ ਚੱਲੀਆਂ ਤੇ ਜੈਮਲ ਧਰਤ ਤੇ ਚੁਫਾਲ ਢੇਰੀ ਹੋ ਗਿਆ। ਕਿਸ਼ਨੇ ਨੇ ਜੈਮਲ ਦੀ ਪਤਨੀ ਨੂੰ ਸੁਨੇਹਾ ਭੇਜ ਦਿੱਤਾ ਕਿ ਉਹ ਆਪਣੇ ਬੇਈਮਾਨ ਪਤੀ ਦੀ ਲਾਸ਼ ਚੁੱਕ ਲਜਾਵੇ।

ਜੈਮਲ ਡੋਗਰ ਹੋਰਾਂ ਦਾ ਲੰਗੋਟੀਆ ਯਾਰ ਸੀ। ਕੱਠਿਆਂ ਡਾਕੇ ਮਾਰੇ ਸਨ, ਜੰਞਾਂ ਲੁੱਟਿਆਂ ਸਨ। ਜੈਮਲ ਦਾ ਕਿਸ਼ਨੇ ਹੱਥੋਂ ਮਾਰਿਆ ਜਾਣਾ ਉਸ ਤੋਂ ਬਰਦਾਸ਼ਤ ਨਾ ਹੋਇਆ.... ਕਿਸ਼ਨੇ ਨੇ ਯਾਰਮਾਰ ਕਰਕੇ ਚੰਗਾ ਨਹੀਂ ਕੀਤਾ....ਪਾਪ ਕਮਾਇਐ... ਹੁਣ ਉਹਤੇ ਵਿਸਾਹ ਕਰਨਾ ਠੀਕ ਨੀ!

ਡੋਗਰ ਨੇ ਕਿਸ਼ਨੇ ਦਾ ਬਚਾਓ ਕਰਨ ਦੇ ਪੱਜ ਉਹਨੂੰ ਸੁਨੇਹਾ ਭੇਜ ਕੇ ਡਸਕੇ ਸੱਦ ਲਿਆ। ਰਾਤ ਨੂੰ ਖ਼ੂਬ ਸੇਵਾ ਕੀਤੀ। ਨਸ਼ੇ ਵਿੱਚ ਚੂਰ ਹੋਇਆ ਕਿਸ਼ਨਾ ਬੇਸੁਰਤ ਹੋ ਕੇ ਮੰਜੇ 'ਤੇ ਸੌਂ ਗਿਆ। ਓਧਰ ਧੋਖੇਬਾਜ਼ ਡੋਗਰ ਨੇ ਘਰ ਨੂੰ ਬਾਹਰੋਂ ਜਿੰਦਰਾ ਮਾਰ ਕੇ ਬੁਡਲਾਢੇ ਦੇ ਥਾਣੇ ਜਾ ਖ਼ਬਰ ਦਿੱਤੀ.... ਅਣਗਿਣਤ ਪੁਲਿਸ ਦੇ ਸਪਾਹੀਆਂ ਨੇ ਸੁੱਤੇ ਪਏ ਕਿਸ਼ਨੇ ਨੂੰ ਆਣ ਦਬੋਚਿਆ!

ਓਦੋਂ ਅੰਗਰੇਜ਼ਾਂ ਦਾ ਰਾਜ ਸੀ।

ਮੁਕੱਦਮਾ ਚੱਲਿਆ। ਮਲਕਾ ਨੇ ਕਿਸ਼ਨੇ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਕਾਲ਼ੇ ਪਾਣੀ ਦੀ ਜੇਲ੍ਹ ਵਿੱਚ ਭੇਜ ਦਿੱਤਾ।

ਡੋਗਰ ਨੇ ਧੋਖੇ ਨਾਲ ਮਿੱਤਰ ਮਾਰ ਕਰਕੇ ਆਪਣੇ ਯਾਰ ਕਿਸ਼ਨੇ ਨੂੰ ਕਾਲ਼ੇ ਪਾਣੀ ਦੀ ਸਜ਼ਾ ਕਰਵਾ ਦਿੱਤੀ ਸੀ। ਕਿਸ਼ਨਾ ਕਾਲ਼ੇ ਪਾਣੀ ਸਜ਼ਾ ਭੁਗਤ ਰਿਹਾ ਡੋਗਰ ਦੇ ਸੀਰਮੇ ਪੀਣ ਲਈ ਕਚੀਚੀਆਂ ਵੱਟ ਰਿਹਾ ਸੀ ਤੇ ਬਦਲਾ ਲੈਣ ਲਈ ਉਹਨੇ ਜੀਊਣੇ ਨੂੰ ਸੁਨੇਹਾ ਭੇਜਿਆ ਸੀ।

ਆਪਣੇ ਵੱਡੇ ਭਰਾ ਕਿਸ਼ਨੇ ਦਾ ਸੁਨੇਹਾ ਸੁਣਦੇ ਸਾਰ ਹੀ ਜੀਊਣਾ ਝੰਜੋੜਿਆ ਗਿਆ। ਇਕ ਆਹ ਸੀਨਿਓਂ ਪਾਰ ਹੋ ਗਈ....ਓਪਰਾ ਬੰਦਾ ਜਲ ਪਾਣੀ ਛਕ ਕੇ ਆਪਣੇ ਰਾਹ ਪਿਆ ਤੇ ਜੀਊਣੇ ਦੇ ਚਿੱਤ ਨੂੰ ਚਿਤਮਣੀ ਲਗ ਗਈ। ਉਹ ਅਜੀਬ ਬੇਚੈਨੀ ਦਾ ਸ਼ਿਕਾਰ ਹੋ ਗਿਆ।

ਜੀਊਣੇ ਮੌੜ ਸੁਣੀ ਗੱਲ ਲੱਗੀ ਕਾਲਜੇ ਨੂੰ ਸੱਲ,
ਅਜ ਕੱਲ੍ਹ ਲਵਾਂ ਵੈਰ ਐਨ ਫੇਰ ਖਾਵਾਂ ਰੱਜ ਕੇ।
ਏਹੋ ਆਉਂਦੀ ਦਲੇਰੀ ਜਗ ਜਮਣਾ ਨਾ ਦੂਜੀ ਵੇਰੀ,
ਮੇਰੀ ਹੈ ਸਲਾਹ ਮਾਰਾਂ ਅਹਿਮਦ ਨੂੰ ਭੱਜ ਕੇ।(ਭਗਵਾਨ ਸਿੰਘ)

ਇਕ ਜਵਾਲਾ ਜੀਊਣੇ ਦੇ ਸੀਨੇ 'ਚ ਮਘ ਰਹੀ ਸੀ। ਉਹਨੇ ਘਰੋਂ ਗੰਡਾਸੀ ਚੁੱਕੀ ਅਤੇ ਚੁੱਪ-ਚਾਪ, ਆਪਣੇ ਖੇੜੇ ਨੂੰ ਸਿਰ ਨਿਵਾ ਕੇ, ਜੰਗਲ ਵੱਲ ਨੂੰ ਤੁਰ ਪਿਆ। ਅਗਾਂਹ ਉਹਨੂੰ ਜੰਗਲ 'ਚ ਸ਼ਿਕਾਰ ਖੇਡਦਾ ਇਕ ਅੰਗਰੇਜ਼ ਟੱਕਰਿਆ ਜਿਸ ਪਾਸੋਂ ਉਹਨੇ ਝਪਟਾ ਮਾਰ ਕੇ ਉਹਦੀ ਰਫ਼ਲ ਖੋਹ ਲਈ ਤੇ ਉਸ ਨੂੰ ਭਜਾ ਦਿੱਤਾ।

ਅਗਾਂਹ ਡਾਕੂਆਂ ਦੀ ਇਕ ਟੋਲੀ ਟੱਕਰ ਗਈ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਬਈ ਜੀਊਣਾ ਕਿਸ਼ਨੇ ਦਾ ਭਰਾ ਐ ਤਾਂ ਖ਼ੁਸ਼ੀ-ਖ਼ੁਸ਼ੀ ਉਹਨੂੰ ਆਪਣਾ ਭਾਈਵਾਲ ਬਣਾ ਲਿਆ।

ਜੀਊਣਾ ਡਾਕੇ ਮਾਰਨ ਲੱਗਾ। ਇਕ ਸ਼ਰਤ ਇਹ ਲਾਈ——ਕਿਸੇ ਦੀ ਨੂੰਹ-ਧੀ ਨੂੰ ਮੈਲ਼ੀ ਅੱਖ ਨਾਲ਼ ਨਹੀਂ ਵੇਖਣਾ, ਨਾ ਹੀ ਮੌੜੀਂ ਜਾ ਕੇ ਡਾਕਾ ਮਾਰਨਾ ਹੈ। ਗ਼ਰੀਬ ਗੁਰਬੇ ਦੀ ਮਦਦ ਕਰਨੀ ਐ.......।

ਆਏ ਦਿਨ ਜੀਊਣੇ ਮੌੜ ਦੀਆਂ ਲੁੱਟਾਂ-ਖੋਹਾਂ, ਮਾਰ-ਧਾੜ, ਬਰਾਤਾਂ ਡੱਕਣ, ਸੂਦਖੋਰਾਂ ਤੇ ਸੁਨਿਆਰਾਂ ਨੂੰ ਲੁੱਟਣ ਦੀਆਂ ਖ਼ਬਰਾਂ ਆਉਣ ਲੱਗੀਆਂ। ਪੁਲਿਸ ਉਹਦਾ ਪਿੱਛਾ ਕਰਦੀ। ਜੀਊਣਾ ਡਾਹ ਨਾ ਦੇਂਦਾ। ਪੁਲਿਸ ਨਮੋਸ਼ੀ ਦੀ ਮਾਰੀ ਪਈ ਸੀ। ਸਾਰੇ ਇਲਾਕੇ ਵਿੱਚ ਜੀਊਣੇ ਦੀ ਬੱਲੇ-ਬੱਲੇ ਸੀ। ਪੁਲਿਸ ਉਹਦੀ ਸੂਰਮਤਾਈ ਤੋਂ ਡਰਦੀ ਉਹਨੂੰ ਹੱਥ ਨਹੀਂ ਸੀ ਪਾਉਂਦੀ। ਉਸ ਨੂੰ ਫੜਨ ਲਈ ਉਹਦੇ ਸਿਰ ਦਾ ਇਨਾਮ ਸਰਕਾਰ ਨੇ ਐਲਾਨਿਆ ਹੋਇਆ ਸੀ। ਧੀ-ਭੈਣ ਦੀ ਇੱਜ਼ਤ ਦਾ ਸਾਂਝੀਵਾਲ ਹੋਣ ਕਾਰਨ ਤੇ ਗਊ ਗ਼ਰੀਬ ਦਾ ਰੱਖਿਅਕ ਹੋਣ ਕਰਕੇ ਪਿੰਡ ਦੇ ਲੋਕ ਉਸ ਨੂੰ ਹੱਥੀਂ ਛਾਵਾਂ ਕਰਦੇ ਸਨ। ਪੁਲਿਸ ਆਈ ਤੇ ਉਹ ਕਿਸੇ ਦੇ ਵੀ ਘਰ ਲੁੱਕ ਸਕਦਾ ਸੀ।

ਕਈ ਦਿਲਚਸਪ ਤੇ ਅਲੋਕਾਰ ਘਟਨਾਵਾਂ ਤੇ ਕਹਾਣੀਆਂ ਉਹਦੇ ਨਾਂ ਨਾਲ਼ ਜੁੜੀਆਂ ਹੋਈਆਂ ਹਨ।

ਉਹ ਆਪਣੀ ਮਾਰ-ਧਾੜ ਦਾ ਲੁੱਟਿਆ ਮਾਲ ਕੰਡਿਆਲ ਪਿੰਡ ਦੇ ਕਾਂਸ਼ੀ ਰਾਮ ਬਾਣੀਏਂ ਕੋਲ਼ ਰੱਖਿਆ ਕਰਦਾ ਸੀ। ਇਕ ਦਿਨ ਬਾਣੀਏਂ ਦਾ ਦਿਲ ਬੇਈਮਾਨ ਹੋ ਗਿਆ, ਉਸ ਨੇ ਜੀਊਣੇ ਨੂੰ ਫੜਾ ਕੇ ਉਹਦਾ ਮਾਲ ਹੜੱਪ ਕਰਨ ਬਾਰੇ ਮਨ ਬਣਾ ਲਿਆ ਤੇ ਪੁਲਿਸ ਨੂੰ ਖ਼ਬਰ ਦੇ ਦਿੱਤੀ ਬਈ ਭਲਕੇ ਜੀਊਣੇ ਨੇ ਆਉਣੈ। ਪੁਲਿਸ ਆ ਗਈ! ਜੀਊਣਾ ਅਜੇ ਆਇਆ ਨਹੀਂ ਸੀ ਇਕ ਬੁੱਢੀ ਨੱਸੀ-ਨੱਸੀ ਗਈ ਤੇ ਪਿੰਡੋਂ ਬਾਹਰ ਹੀ ਜੀਊਣੇ ਨੂੰ ਬਾਣੀਏ ਦੀ ਕਰਤੂਤ ਬਾਰੇ ਦੱਸ ਦਿੱਤਾ। ਉਹ ਉਸੇ ਪਲ ਪਿਛਾਂਹ ਮੁੜ ਗਿਆ। ਜਦੋਂ ਪੁਲਿਸ ਚਲੀ ਗਈ, ਜੀਊਣੇ ਨੇ ਆਕੇ ਕਾਂਸ਼ੀ ਰਾਮ ਦਾ ਖ਼ੂਬ ਬੜ੍ਹਾਂਗਾ ਕੀਤਾ। ਬਾਣੀਏਂ ਨੇ ਮਸੀਂ ਮਿੰਨਤਾਂ, ਤਰਲੇ ਕਰਕੇ ਆਪਣੀ ਜਾਨ ਬਖ਼ਸ਼ਾਈ ਤੇ ਅਗਾਂਹ ਤੋਂ ਬੇਈਮਾਨੀ ਕਰਨ ਤੋਂ ਤੋਬਾ ਕੀਤੀ।

ਸਾਉਣ ਦਾ ਮਹੀਨਾ ਸੀ। ਲੌਂਗੇਵਾਲ ਦੇ ਗੋਰੇ ਤੀਆਂ ਪੈ ਰਹੀਆਂ ਸਨ... ਜੀਊਣੇ ਮੌੜ ਦੀ ਟੋਲੀ ਓਥੇ ਆ ਪੁੱਜੀ। ਜੀਊਣੇ ਨੇ ਜ਼ਮੀਨ ਤੇ ਚਾਦਰਾ ਵਛਾ ਕੇ ਆਖਿਆ, "ਕੁੜੀਓ ਆਪਣੀਆਂ ਟੂੰਮਾਂ ਲਾਹ ਦੋ।" ਡਰਦੀਆਂ ਮਾਰੀਆਂ ਕੁੜੀਆਂ-ਬਹੂਆਂ ਆਪਣੀਆਂ ਟੂੰਮਾਂ ਲਾਹ-ਲਾਹ ਚਾਦਰੇ 'ਤੇ ਸੁੱਟੀ ਜਾਣ। ਉਹ ਚਾਦਰਾ ਵਲ੍ਹੇਟਣ ਹੀ ਲੱਗਾ ਸੀ ਕਿ ਇਕ ਕੁੜੀ ਹੌਸਲਾ ਕਰਕੇ ਬੋਲੀ, "ਵੇ ਵੀਰਿਆ ਮੇਰੇ ਤਾਂ ਸਹੁਰੇ ਬੜੇ ਅਵੈੜੇ ਐ ਉਹ ਤਾਂ ਮੇਰੇ ਹੱਡਾਂ 'ਚੋਂ ਟੂੰਮਾਂ ਕਢ ਲੈਣਗੇ। ਮੇਰੇ ਪਿਉਕੇ ਬੜੇ ਗ਼ਰੀਬ ਐ। ਉਨ੍ਹਾਂ ਮਸੀਂ ਮੇਰਾ ਵਿਆਹ ਕੀਤੈ ਜ਼ਮੀਨ ਧਰਕੇ। ਉਨ੍ਹਾਂ 'ਚ ਦੁਬਾਰਾ ਟੂੰਮਾਂ ਘੜਾਉਣ ਦੀ ਪਰੋਖੋਂ ਨੀ। ਵੇ ਵੀਰਾ ਮੈਂ ਤੇਰੀ ਭੈਣ ਵਰਗੀ ਆਂ!"

ਕੁੜੀ ਦਾ ਤਰਲਾ ਹੀ ਅਜਿਹਾ ਸੀ ਕਿ ਜੀਊਣੇ ਦਾ ਦਿਲ ਪਸੀਜ ਗਿਆ——ਉਹਨੇ ਝੱਟ ਚਾਦਰੇ ਦੀ ਗੰਢ ਖੋਲ੍ਹ ਦਿੱਤੀ ਤੇ ਆਖਿਆ, "ਕੁੜੀਓ ਲੈ ਜੇ ਆਪੋ ਆਪਣੀਆਂ ਟੂੰਮਾਂ।"

ਤੇ ਚਾਦਰਾ ਝਾੜ ਕੇ ਅਗਾਂਹ ਟੁਰ ਗਿਆ। ਇਸ ਘਟਨਾ ਤੋਂ ਮਗਰੋਂ ਉਹਨੇ ਆਪਣੇ ਸਾਥੀਆਂ ਨੂੰ ਤੀਆਂ ਲੁੱਟਣ ਤੋਂ ਸਦਾ ਲਈ ਵਰਜ ਦਿੱਤਾ।

ਇਕ ਦਿਨ ਰਾਹ ਜਾਂਦਿਆਂ ਜੀਊਣੇ ਨੂੰ ਭੁੱਖ ਲੱਗ ਗਈ। ਉਸ ਵੇਖਿਆ ਇਕ ਕੁੜੀ ਖੇਤ ਨੂੰ ਭੱਤਾ ਲਈ ਜਾਂਦੀ ਹੈ। ਉਹਨੇ ਕੁੜੀ ਨੂੰ ਰੋਕ ਕੇ ਆਖਿਆ, "ਭੈਣੇ ਰੋਟੀ ਖੁਆਏਂਗੀ?"

"ਆਹੋ ਵੀਰ" ਆਖ ਕੁੜੀ ਨੇ ਸਿਰ ਤੋਂ ਛਿੱਕੂ ਲਾਹ ਕੇ, ਲੱਸੀ ਦੀ ਝੱਕਰੀ ਧਰਤੀ ਤੇ ਰੱਖੀ ਤੇ ਪੋਣੇ 'ਚੋਂ ਦੋ ਮਿੱਸੀਆਂ ਰੋਟੀਆਂ ਕੱਢਕੇ, ਉੱਤੇ ਅੰਬ ਦੇ ਆਚਾਰ ਦੀ ਫਾੜੀ ਤੇ ਗੰਢਾ ਧਰਕੇ ਉਹਦੇ ਹੱਥ ਫੜਾ ਦਿੱਤੀਆਂ।

ਜੀਊਣੇ ਨੇ ਰੋਟੀ ਖਾ ਕੇ ਕੁੜੀ ਦੇ ਹੱਥ 25 ਰੁਪਏ ਰੱਖਕੇ ਉਹਦਾ ਸਿਰ ਪਲੋਸਿਆ ਤੇ ਅਗਾਂਹ ਟੁਰ ਗਿਆ।

ਕੁਝ ਦਿਨਾਂ ਮਗਰੋਂ ਜੀਊਣੇ ਮੌੜ ਨੇ ਦੌਲੇਆਲ ਪਿੰਡ ਵਿੱਚੋਂ ਇਕ ਵਧੀਆ ਨਸਲ ਦਾ ਘੋੜਾ ਜਾ ਖੋਲ੍ਹਿਆ। ਪਿਛਾੜੀ ਖਿੱਚੀ ਜਾਣ ਕਰਕੇ ਕਿੱਲਾ ਉਖੜਕੇ ਉਹਦੇ ਨੱਕ ਤੇ ਜਾ ਵੱਜਾ ਤੇ ਜ਼ਖ਼ਮ ਦਾ ਨਿਸ਼ਾਨ ਪੈ ਗਿਆ।

ਜੀਊਣੇ ਮੌੜ ਦੇ ਸਖੀਪਣੇ ਅਤੇ ਸੂਰਮਤਾਈ ਦੀਆਂ ਕਈ ਹੋਰ ਵੀ ਕਹਾਣੀਆਂ ਹਨ।

ਇਕ ਵਾਰ ਉਨ੍ਹਾਂ ਨੇ ਇਕ ਝੜੀ ਵਿੱਚ ਇਕ ਬਰਾਤ ਰੋਕ ਲਈ ਤੇ ਬਹੂ ਦੇ ਸਾਰੇ ਗਹਿਣੇ ਲੁਹਾ ਕੇ ਜਾਂਜੀਆਂ ਦੇ ਖੀਸੇ ਵੀ ਖ਼ਾਲੀ ਕਰਵਾ ਲਏ। ਉਹਦੇ ਨੱਕ ਦੇ ਨਿਸ਼ਾਨ ਤੋਂ ਜੱਟ ਨੇ ਪਛਾਣ ਲਿਆ ਬਈ ਇਹ ਤਾਂ ਜੀਊਣਾ ਮੌੜ ਐ। ਉਹਨੇ ਜੀਊਣੇ ਅੱਗੇ ਹੱਥ ਜੋੜ ਕੇ ਆਖਿਆ——

"ਭੋਇ ਧਰਕੇ ਇਕ ਮੁੰਡਾ ਵਿਆਹਿਆ
ਬਹੂ ਨੂੰ ਟੂਮ ਛੱਲਾ ਮੰਗ ਕੇ ਪਾਇਆ
ਵਾਸਤਾ ਈ ਰੱਬ ਦਾ ਤੂੰ ਸਾਡਾ ਜੱਟ ਭਾਈ
ਲੁੱਟ ਸ਼ਾਹੂਕਾਰਾਂ ਨੂੰ ਜਿਨ੍ਹਾਂ ਲੁੱਟ ਮਚਾਈ।"(ਭਗਵਾਨ ਸਿੰਘ)

ਜੀਊਣੇ ਨੇ ਸਾਰਾ ਟੂਮ ਟੱਲਾ ਮੋੜ ਕੇ, ਪਲਿਓਂ ਹੋਰ ਹਜ਼ਾਰ ਰੁਪਿਆ ਪਾ ਕੇ ਬਰਾਤ ਅਗਾਂਹ ਤੋਰ ਦਿੱਤੀ।

ਜੀਊਣੇ ਮੌੜ ਦੀ ਸਾਰੇ ਇਲਾਕੇ ਵਿੱਚ ਦਹਿਸ਼ਤ ਹੀ ਐਨੀ ਸੀ ਕਿ ਕਈ ਬਦਮਾਸ਼ ਆਪਣੇ ਆਪ ਨੂੰ ਜੀਊਣਾ ਮੌੜ ਦੱਸ ਕੇ ਲੁੱਟਮਾਰ ਕਰਨ ਲੱਗ ਪਏ ਸਨ। ਇਕ ਵਾਰੀ ਇਕ ਬ੍ਰਾਹਮਣ ਆਪਣੀ ਧੀ ਨੂੰ ਸਹੁਰਿਆਂ ਤੋਂ ਲਈਂ ਆ ਰਿਹਾ ਸੀ। ਰਾਹ ਜੰਗਲ 'ਚੋਂ ਹੋ ਕੇ ਜਾਂਦਾ ਸੀ। ਜਦੋਂ ਉਹ ਜੰਗਲ 'ਚ ਵੜੇ ਅੱਗੋਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ। ਬ੍ਰਾਹਮਣ ਥਰ-ਥਰ ਕੰਬ ਰਿਹਾ ਸੀ ਅਤੇ ਕੁੜੀ ਦੀਆਂ ਲੇਰਾਂ ਨਿਕਲ ਰਹੀਆਂ ਸਨ। ਅਚਾਨਕ ਜੀਊਣਾ ਮੌੜ ਉਧਰੋਂ ਆ ਨਿਕਲਿਆ। ਉਸ ਨੇ ਆਉਂਦੇ ਸਾਰ ਹੀ ਬਦਮਾਸ਼ਾਂ ਨੂੰ ਲਲਕਾਰਾ ਮਾਰਿਆ।

"ਤੂੰ ਕੌਣ ਹੁਨੈ ਸਾਨੂੰ ਰੋਕਣ ਵਾਲ਼ਾ?" ਇਕ ਮਾੜਕੂ ਜਿਹਾ ਬਦਮਾਸ਼ ਬੋਲਿਆ।

"ਮੈਂ ਆਂ ਥੋਡੀ ਧੀ ਦਾ ਖਸਮ, ਥੋਡਾ ਜਮਾਈ ਜੀਊਣਾ ਮੌੜ।"

ਜੀਊਣਾ ਮੌੜ ਦਾ ਨਾਂ ਸੁਣਦੇ ਸਾਰ ਹੀ ਬਰਸਾਤੀ ਬਦਮਾਸ਼ਾਂ ਦੇ ਹੋਸ਼ ਉਡ ਗਏ। ਜੀਊਣੇ ਨੇ ਜੁੱਤੀਆਂ ਮਾਰ-ਮਾਰ ਉਨ੍ਹਾਂ ਨੂੰ ਭਜਾ ਦਿੱਤਾ ਅਤੇ ਮਗਰੋਂ ਆਪ ਜਾ ਕੇ ਬ੍ਰਾਹਮਣ ਤੇ ਉਹਦੀ ਧੀ ਨੂੰ ਉਹਦੇ ਘਰ ਛੱਡ ਕੇ ਆਇਆ।

ਬ੍ਰਾਹਮਣ ਜੀਊਣੇ ਮੌੜ ਨੂੰ ਅਸੀਸਾਂ ਦੇਂਦਾ ਨਹੀਂ ਸੀ ਥੱਕਦਾ!

ਕਹਿੰਦੇ ਨੇ ਸੰਗਰੂਰ ਕੋਲ ਇਕ ਪਿੰਡ ਗੋਡੀ ਕਰਦੇ ਇਕ ਗ਼ਰੀਬ ਜੱਟ ਕੋਲ ਉਹਦੀ ਮੁਟਿਆਰ ਧੀ ਰੋਟੀ ਲੈ ਕੇ ਆਈ। ਦੇਵਨੇਤ ਨਾਲ਼ ਘੁੰਮਦਾ ਘੁਮਾਉਂਦਾ ਜੀਊਣਾ ਮੌੜ ਵੀ ਉਥੇ ਆ ਗਿਆ। ਵਿਆਹੁਣ ਯੋਗ ਕੁੜੀ ਵੱਲ ਵੇਖ ਕੇ ਜੀਊਣੇ ਨੇ ਜੱਟ ਨੂੰ ਪੁੱਛਿਆ, "ਬਈ ਸਰਦਾਰਾ ਧੀ ਕਿਤੇ ਮੰਗੀ ਵਿਆਹੀ ਬੀ ਹੋਈ ਐ।"

ਜੱਟ ਨੇ ਮਸੋਸਿਆ ਜਿਹਾ ਮੂੰਹ ਕਰਕੇ ਕਿਹਾ, "ਜੀਊਣ ਸਿਆਂ, ਅਸੀਂ ਧੀ ਵਿਆਹੁਣ ਜੋਗੇ ਕਿੱਥੇ ਆਂ, ਮਸੀਂ ਗੁਜ਼ਾਰਾ ਤੁਰਦੈ-ਸਾਰੀ ਪੈਲੀ ਮਾਰੂ ਆ।"

ਜੀਊਣੇ ਮੌੜ ਨੇ ਉਸੇ ਵੇਲੇ ਆਪਣੇ ਲੱਕ ਨਾਲੋਂ ਖੋਲ੍ਹ ਕੇ ਸੌ-ਸੌ ਦੀਆਂ ਪੰਜ ਵਾਸਣੀਆਂ ਜੱਟ ਦੇ ਹਵਾਲੇ ਕਰਕੇ ਆਖਿਆ, "ਕਰ ਧੀ ਦਾ ਨਾਤਾ ਗੱਜ ਵੱਜ ਕੇ....ਦੇਖੀਂ ਕਿਤੇ ਕਿਸੇ ਹੋਰ ਪਾਸੇ ਵਰਤ ਲਏਂ।"

ਅੱਜ ਦੇ ਸਮੇਂ ਇਹ ਹਜ਼ਾਰਾਂ ਦੀ ਰਾਸ਼ੀ ਸੀ। ਜੱਟ ਜੀਊਣੇ ਮੌੜ ਦੀ ਸਖਾਵਤ ਦੇ ਬਾਰੇ ਬਾਰੇ ਜਾ ਰਿਹਾ ਸੀ।

ਹੋਰ ਵੀ ਅਨੇਕਾਂ ਕਿੱਸੇ ਜੀਊਣੇ ਮੌੜ ਦੇ ਨਾਂ ਨਾਲ਼ ਜੁੜੇ ਹੋਏ ਹਨ। ਉਸ ਦੀ ਬਹਾਦਰੀ, ਸੂਰਮਗਤੀ, ਦਰਿਆ ਦਿਲੀ ਅਤੇ ਸਖਾਵਤ ਦਾ ਜ਼ਿਕਰ ਲੋਕ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਵਿੱਚ ਕੀਤਾ ਹੈ—

ਜੀਊਣਾ ਮੌੜ ਸਾਧ ਗਊ ਗ਼ਰੀਬ ਦੀ ਕਰੇ ਸੇਵਾ,
ਖੱਬੀ ਖਾਨਾਂ ਦੀ ਅਲਖ ਮੁਕਾਉਂਦਾ ਜੀ।
ਜੇਹੜੇ ਬਾਦਸ਼ਾਹ ਦੇ ਘਰ ਕਰੇ ਚੋਰੀ,
ਪਰਚਾ ਛਾਪ ਕੇ ਪਹਿਲਾਂ ਲਗਾਉਂਦਾ ਜੀ।
ਸ਼ੀਹਣੀ ਮਾਂ ਨੇ ਜੰਮਿਆ ਸ਼ੇਰ ਜੀਉਣਾ,
ਨਹੀਂ ਲੁੱਕ ਕੇ ਵਕਤ ਲੰਘਾਉਂਦਾ ਜੀ।(ਭਗਵਾਨ ਸਿੰਘ)

ਜਿਸ ਮਕਸਦ ਲਈ ਜੀਊਣਾ ਡਾਕੂ ਬਣਿਆਂ ਸੀ ਉਹ ਅਜੇ ਪੂਰਾ ਨਹੀਂ ਸੀ ਹੋਇਆ। ਡੋਗਰ ਨੂੰ ਮਾਰਕੇ ਆਪਣੇ ਭਰਾ ਦਾ ਬਦਲਾ ਲੈਣ ਦਾ ਨਿਸ਼ਾਨਾ ਉਹਦੇ ਸਾਹਮਣੇ ਸੀ। ਨਿਸ਼ਾਨਾ ਪੂਰਾ ਹੋਣ 'ਤੇ ਹੀ ਉਹਦੇ ਕਲੇਜੇ ਠੰਢ ਪੈਣੀ ਸੀ।

ਇਕ ਦਿਨ ਘੋੜੀ 'ਤੇ ਸਵਾਰ ਹੋ ਕੇ ਜੀਊਣਾ ਮੌੜ ਅਹਿਮਦ ਡੋਗਰ ਦੇ ਪਿੰਡ ਡਸਕੇ ਜਾ ਪੁੱਜਾ। ਉਹਨੇ ਪਾਲੀ ਹੱਥ ਡੋਗਰ ਨੂੰ ਸੁਨੇਹਾ ਭੇਜਿਆ, "ਤੇਰਾ ਜਮਾਈ ਆਪਣੇ ਭਰਾ ਕਿਸ਼ਨੇ ਦਾ ਬਦਲਾ ਲੈਣ ਆਇਐ....ਤੈਂ ਮੇਰੇ ਭਾਈ ਨੂੰ ਧੋਖੇ ਨਾਲ਼ ਫੜਾਇਆ ਸੀ.....ਜੇ ਤੂੰ ਅਸਲੀ ਬਾਪ ਦਾ ਤੁਖਮ ਐਂ ਤਾਂ ਸਾਹਮਣੇ ਆ ਜਾ। ਪਾਜੀਆ ਫੇਰ ਨਾ ਆਖੀਂ।"

ਜੀਊਣੇ ਮੌੜ ਦਾ ਸੁਨੇਹਾ ਸੁਣਦੇ ਸਾਰ ਹੀ ਡੋਗਰ ਦੀਆਂ ਅੱਖਾਂ ਵਿੱਚ ਲਾਲ ਸੂਹੇ ਡੋਰੇ ਡਲ੍ਹਕ ਪਏ। ਉਹਨੇ ਕਾਰਤੂਸਾਂ ਦੀ ਪੇਟੀ ਆਪਣੇ ਮੋਢੇ ਨਾਲ਼ ਲਮਕਾਈ ਤੇ ਹੱਥ 'ਚ ਰਫ਼ਲ ਫੜ ਕੇ ਘੋੜੇ 'ਤੇ ਸਵਾਰ ਹੁੰਦਾ ਬੋਲਿਆ, "ਜਦੋਂ ਗਿੱਦੜ ਦੀ ਮੌਤ ਆਉਂਦੀ ਐ ਉਹ ਨਿਆਈਆਂ ਵੱਲ ਨੂੰ ਭਜਦੈ। ਅੱਜ ਵੱਡਾ ਸੂਰਮਾ ਜੀਊਣਾ ਮੇਰੇ ਕੋਲ਼ੋਂ ਬਚ ਕੇ ਨੀ ਜਾ ਸਕਦਾ।"

ਡੋਗਰ ਦੀ ਘਰ ਵਾਲ਼ੀ ਨੇ ਉਸ ਨੂੰ ਰੋਕਿਆ ਵੀ ਪਰ ਡੋਗਰ ਦੇ ਸਿਰ ਖ਼ੂਨ ਸਵਾਰ ਹੋਇਆ ਹੋਇਆ ਸੀ। ਉਹ ਪਿੰਡੋਂ ਬਾਹਰ ਮੈਦਾਨ ਵਿੱਚ ਜਾ ਪੁੱਜਾ ਜਿੱਥੇ ਖੜਾ ਜੀਊਣਾ ਮੌੜ ਖੌਰੂ ਪਾ ਰਿਹਾ ਸੀ।

ਜੀਊਣੇ ਨੇ ਡੋਗਰ ਨੂੰ ਲਲਕਾਰਿਆ, "ਡੋਗਰਾ ਮੈਂ ਤੇਰੇ ਅਰਗਾ ਪਾਜੀ ਨੀ। ਸੂਰਮਾ ਕਿਸੇ ਨੂੰ ਧੋਖੇ ਨਾਲ਼ ਨੀ ਮਾਰਦਾ। ਪਹਿਲਾ ਵਾਰ ਤੇਰੈ।"

ਡੋਗਰ ਨੇ ਪਹਿਲਾ ਫ਼ਾਇਰ ਕੀਤਾ। ਜੀਊਣੇ ਦੀ ਘੋੜੀ ਧਰਤੀ 'ਤੇ ਨਿਮ ਗਈ। ਗੋਲ਼ੀ ਉਪਰੋਂ ਲੰਘ ਗਈ। ਦੂਜਾ ਫ਼ਾਇਰ ਵੀ ਫੋਕਾ ਹੀ ਗਿਆ। ਜੀਊਣੇ ਮੌੜ ਨੇ ਅਜਿਹੀ ਸਿਸਤ ਬੰਨ੍ਹੀਂ ਕਿ ਪਹਿਲੇ ਫ਼ਾਇਰ ਨਾਲ਼ ਹੀ ਡੋਗਰ ਨੂੰ ਪਾਰ ਬੁਲਾ ਦਿੱਤਾ।

ਡੋਗਰ ਦੀ ਲਾਸ਼ ਧਰਤੀ 'ਤੇ ਪਈ ਤੜਪ ਰਹੀ ਸੀ। ਡੋਗਰ ਦੇ ਘਰ ਹਾਹਾਕਾਰ ਮੱਚ ਗਈ।

ਕਿਸੇ ਮੌੜੀਂ ਜਾ ਦੱਸਿਆ "ਜੀਊਣੇ ਨੇ ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈ ਲਿਐ।" ਸਾਰਾ ਪਿੰਡ ਉਸ ਦੇ ਬਲਿਹਾਰੇ ਜਾ ਰਿਹਾ ਸੀ।

ਡੋਗਰ ਦੇ ਮਰਨ ਦੀ ਖ਼ਬਰ ਸਾਰੇ ਇਲਾਕੇ ਵਿੱਚ ਅੱਗ ਵਾਂਗ ਫ਼ੈਲ ਗਈ... ਘਰੇ ਘਰ ਜੀਊਣੇ ਮੌੜ ਦੀਆਂ ਗੱਲਾਂ ਹੋ ਰਹੀਆਂ ਸਨ......ਹਰ ਕੋਈ ਉਸ ਅਣਖੀ ਸੂਰਮੇ ਦੀਆਂ ਗੱਲਾਂ ਕਰ ਰਿਹਾ ਸੀ।

ਘਰ ਘਰ ਪੁੱਤ ਜੰਮਦੇ
ਜੀਊਣਾ ਮੌੜ ਨੀ ਕਿਸੇ ਬਣ ਜਾਣਾ

ਬੁਡਲਾਢੇ ਦੀ ਪੁਲਿਸ ਨੇ ਜੀਊਣੇ ਮੌੜ ਨੂੰ ਫੜਨ ਦੀ ਸਿਰਤੋੜ ਕੋਸ਼ਿਸ਼ ਕੀਤੀ ਪਰੰਤੂ ਉਹ ਉਨ੍ਹਾਂ ਦੇ ਹੱਥ ਆਉਣ ਵਾਲ਼ਾ ਕਿੱਥੇ ਸੀ। ਪੁਲਿਸ ਤਾਂ ਉਸ ਪਾਸੋਂ ਥਰ-ਥਰ ਕਬੰਦੀ ਸੀ। ਉਹਦੇ ਸਾਹਮਣੇ ਹੋਣ ਦਾ ਹੌਂਸਲਾ ਨਹੀਂ ਸੀ ਕਰਦੀ। ਪੂਰੀ ਸ਼ਾਨ ਨਾਲ਼ ਜੀਊਣਾ ਮੌੜ ਆਪਣੇ ਇਲਾਕੇ ਵਿੱਚ ਵਿਚਰ ਰਿਹਾ ਸੀ।

ਜੀਊਣਾ ਅਲਬੇਲੇ ਸੁਭਾਅ ਦਾ ਮਾਲਕ ਸੀ, ਅੱਲੋਕਾਰ ਗੱਲਾਂ ਕਰਨ ਵਾਲ਼ਾ। ਇਕ ਵਾਰ ਉਸ ਨੂੰ ਕੀ ਸੁੱਝੀ——ਉਹਨੇ ਨਾਭੇ ਦੇ ਰਾਜੇ ਹੀਰਾ ਸਿੰਘ ਦੇ ਮਹਿਲਾਂ ਵਿੱਚ ਜਾ ਕੇ ਘੋੜੀ ਖੋਲ੍ਹ ਲਈ। ਗੋਲ਼ੀ ਸਿੰਨ੍ਹ ਕੇ ਸੰਤਰੀ ਨੂੰ ਆਖਿਆ, "ਕਹਿਦੀਂ ਆਪਣੇ ਰਾਜੇ ਨੂੰ ਜੀਊਣਾ ਮੌੜ ਲੈ ਗਿਆ ਤੇਰੀ ਘੋੜੀ।"

ਲੋਕੀਂ ਵਾਰੇ ਵਾਰੇ ਜਾ ਰਹੇ ਸਨ ਜੀਊਣੇ ਮੌੜ ਦੇ, ਜਿਸ ਨੇ ਰਾਜੇ ਦੀ ਘੋੜੀ ਖੋਲ੍ਹ ਲਈ ਸੀ। ਰਾਜੇ ਨੇ ਆਪਣੀ ਪੁਲਿਸ ਉਹਦੇ ਮਗਰ ਲਾ ਦਿੱਤੀ। ਆਖ਼ਰ ਸੁੱਤਾ ਪਿਆ ਜੀਊਣਾ ਮੌੜ ਫੜਿਆ ਗਿਆ, ਕਹਿੰਦਾ "ਮੈਂ ਤਾਂ ਚਾਲ ਵੇਖਣ ਲਈ ਹੀ ਚੁਰਾਈ ਸੀ।"

ਉਸ ਨੂੰ ਨਾਭਾ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਪਰੰਤੂ ਉਹ ਅਗਲੀ ਰਾਤ ਹੀ ਜੇਲ੍ਹ ਭੰਨ ਕੇ ਨਸ ਆਇਆ.......

ਜੀਊਣਾ ਮੌੜ ਨੈਣਾਂ ਦੇਵੀ ਦਾ ਸ਼ਰਧਾਲੂ ਸੀ। ਉਸ ਨੂੰ ਵਿਸ਼ਵਾਸ਼ ਸੀ ਕਿ ਉਹ ਉਸ ਦੀ ਹਰ ਪਲ ਰੱਖਿਆ ਕਰਦੀ ਹੈ। ਉਹਨੇ ਨੈਣਾਂ ਦੇਵੀ ਦੇ ਮੰਦਿਰ ਤੇ ਜਾ ਕੇ ਸੋਨੇ ਦਾ ਛਤਰ ਚੜ੍ਹਾਉਣ ਦਾ ਐਲਾਨ ਕਰ ਦਿੱਤਾ——

ਉਸ ਨੇ ਖ਼ਬਰਾਂ ਭੇਜੀਆਂ ਸਾਰੇ ਰਾਜਿਆਂ ਨੂੰ,
ਨੈਣਾਂ ਦੇਵੀ ਦੇ ਮੰਦਰ ਤੇ ਜਾਉਂਗਾ ਮੈਂ।
ਜੀਹਦੇ ਆਸਰੇ ਫੌਜਾਂ ਦੇ ਨੱਕ ਮੋੜੇ,
ਛਤਰ ਸੋਨੇ ਦਾ ਚਾੜ੍ਹ ਕੇ ਆਊਂਗਾ ਮੈਂ।

ਜ਼ੋਰ ਲਾ ਕੇ ਆਜਿਓ ਫੜਨ ਮੈਨੂੰ,
ਨਹੀਂ ਮਰਨ ਤੋਂ ਮੁੱਖ ਭਵਾਊਂਗਾ ਮੈਂ।

ਨੈਣਾਂ ਦੇਵੀ ਦੇ ਦਰਸ਼ਨਾਂ ਨੂੰ ਜਾਂਦਿਆਂ ਜੀਊਣੇ ਮੌੜ ਨੇ ਪਟਿਆਲਾ ਸ਼ਹਿਰ ਵਿੱਚ ਜਾ ਕੇ ਪੁਲਿਸ ਦੇ ਹੌਲਦਾਰ ਦਾ ਭੇਸ ਧਾਰ ਕੇ ਕਿਲ੍ਹਾ ਮੁਬਾਰਕ ਦੀ ਕੰਧ ਉੱਤੇ ਲਿਖ ਕੇ ਕਾਗਜ਼ ਲਾ ਦਿੱਤਾ, "ਜੀਊਣਾ ਮੌੜ ਅਦਾਲਤ ਬਾਜ਼ਾਰ 'ਚ ਫਿਰਦੈ, ਫੜ ਲਓ, ਆਥਣੇ ਸੱਤ ਵਜੇ ਉਹ ਨੈਣਾਂ ਦੇਵੀ ਨੂੰ ਜਾਣ ਖ਼ਾਤਰ ਗੱਡੀ ਚੜੂਗਾ।"

ਥਾਂ-ਥਾਂ ਪੁਲਿਸ ਟੱਕਰਾਂ ਮਾਰਦੀ ਰਹੀ ਪਰੰਤੂ ਜੀਊਣਾ ਮੌੜ ਸਾਧੂ ਦਾ ਭੇਸ ਧਾਰ ਕੇ ਨੈਣਾਂ ਦੇਵੀ ਲਈ ਗੱਡੀ 'ਤੇ ਸਵਾਰ ਹੋ ਗਿਆ। ਰੇਲ ਦੇ ਕੱਲੇ-ਕੱਲੇ ਡੱਬੇ 'ਚ ਭਾਲ਼ ਕੀਤੀ ਗਈ ਪਰੰਤੂ ਸਾਧ ਬਣਿਆਂ ਜੀਊਣਾ ਮੌੜ ਕਿਸੇ ਤੋਂ ਪਛਾਣ ਨਾ ਹੋਇਆ।

ਜੀਊਣਾ ਮੌੜ ਸਾਧ ਦੇ ਭੇਸ ਵਿੱਚ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਨੈਣਾਂ ਦੇਵੀ ਦੇ ਮੰਦਿਰ ਪੁੱਜ ਗਿਆ। ਪੁਲਿਸ ਭੇਸ ਬਦਲ ਕੇ ਮੰਦਿਰ ਦੇ ਅੰਦਰ-ਬਾਹਰ ਸਤੱਰਕ ਖੜੋਤੀ ਹੋਈ ਸੀ। ਜੀਊਣੇ ਮੌੜ ਨੇ ਸਾਧੂ ਦੇ ਭੇਸ ਵਿੱਚ ਨੈਣਾਂ ਦੇਵੀ ਦੇ ਖੁੱਲ੍ਹੇ ਦੀਦਾਰ ਕੀਤੇ ਤੇ ਸ਼ਰਧਾ ਨਾਲ਼ ਸੋਨੇ ਦਾ ਛਤਰ ਦੇਵੀ ਦੀ ਮੂਰਤੀ ਤੇ ਚੜ੍ਹਾ ਆਂਦਾ। ਜੀਊਣੇ ਮੌੜ ਨੇ ਛਤਰ ਚੜ੍ਹਾਇਆ ਹੀ ਸੀ ਕਿ ਇਕ ਸਿਪਾਹੀ ਨੇ ਉਸ ਨੂੰ ਉਹਦੇ ਨੱਕ ਦੇ ਨਿਸ਼ਾਨ ਤੋਂ ਪਛਾਣ ਲਿਆ। ਪੁਲਿਸ ਨੇ ਘੇਰਾ ਤੰਗ ਕਰਕੇ ਉਸ ਨੂੰ ਘੇਰ ਲਿਆ। ਨਿਹੱਥਾ ਹਥਿਆਰ ਬੰਦ ਪੁਲਿਸ ਦਾ ਮੁਕਾਬਲਾ ਉਹ ਕਦੋਂ ਤੱਕ ਕਰਦਾ। ਆਖ਼ਰ ਜੀਊਣਾ ਮੌੜ ਪੁਲਿਸ ਦੇ ਕਾਬੂ ਆ ਗਿਆ। ਬੇਵੱਸ ਸ਼ੇਰ ਚੰਘਾੜਦਾ ਰਿਹਾ।

ਜੀਊਣੇ ਮੌੜ ਨੂੰ ਫ਼ਿਰੋਜ਼ਪੁਰ ਦੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਮੁਕੱਦਮਾ ਚੱਲਿਆ। ਵਲਾਇਤ ਦੀ ਮਲਕਾ ਨੇ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ। ਪੰਜਾਬ ਦਾ ਇਹ ਸੂਰਬੀਰ ਅਣਖੀਲਾ ਯੋਧਾ ਅਣਖ ਅਤੇ ਗ਼ੈਰਤ ਲਈ ਆਪਣੀ ਜਿੰਦੜੀ ਘੋਲ ਘੁਮਾ ਗਿਆ। ਉਹ ਹੱਸਦਿਆਂ-ਹੱਸਦਿਆਂ ਫਾਂਸੀ ਦੇ ਤਖ਼ਤੇ 'ਤੇ ਝੂਲ ਗਿਆ। ਪੰਜਾਬ ਦੇ ਲੋਕ ਕਵੀਆਂ ਨੇ ਉਹਦੀ ਜੀਵਨ ਕਹਾਣੀ ਨੂੰ ਆਪਣੇ ਸ਼ਬਦਾਂ ਦੀਆਂ ਲੜੀਆਂ 'ਚ ਪਰੋਇਆ ਹੈ ਤੇ ਪੰਜਾਬ ਦਾ ਲੋਕ ਮਾਣਸ ਉਸ ਦੀਆਂ ਪਾਈਆਂ ਪੈੜਾਂ ਨੂੰ ਬਾਰਮ-ਬਾਰ ਪ੍ਰਣਾਮ ਕਰਦਾ ਹੈ......

ਰਾਤ ਦਿਨ ਭੋਗ ਕੇ ਪਰਾਈਆਂ ਤੀਵੀਂਆਂ
ਸੂਰਮਾਂ ਸਦਾਵੇਂ ਅੱਖਾਂ ਪਾਵੇਂ ਨੀਵੀਆਂ
ਪਾਈ ਨਾ ਕਦਰ ਲਾਲ ਦੀ ਪਰਖ ਕੇ।
ਲਾਲ ਸੂਹਾ ਹੋ ਗਿਆ ਸੂਰਮਾ ਹਰਖ ਕੇ
ਮੋਢੇ ਨਾਲ਼ ਲਾਵੇ ਚਕ ਕੇ ਮਸ਼ੀਨ ਨੂੰ
ਪੇਚ ਨੂੰ ਨਕਾਲ਼ ਭਰੇ ਮੈਗਜ਼ੀਨ ਨੂੰ
ਮੱਲ ਵੰਨੀਂ ਛੱਡੇ ਜੋੜ ਜੋੜ ਸ਼ਿਸ਼ਤਾਂ
ਦੇਰ ਨਾ ਲਗਾਵੇ ਤਾਰ ਦੇਵੇ ਕਿਸ਼ਤਾਂ
ਰਜਬ ਅਲੀ ਘੜੀ ਵਿੱਚ ਉੜਾਤੀ ਗਰਦ ਐ
ਆਖ਼ਰ ਸ਼ਰਮ ਜੀਹਦੇ ਜਾਣੋਂ ਮਰਦ ਐ

ਪੰਨਾ