ਵਾਪਸੀ

ਗੌਰਵ ਨੇ ਚੁੱਪ-ਚਾਪ ਸੀਟ ਮੱਲੀ ਤੇ ਗੱਡੀ ਦੀ ਖਿੜਕੀ ਬੰਦ ਕਰ ਦਿੱਤੀ।

ਡਰਾਈਵਰ ਨੇ “ਚਲੋ” ਸੁਣਨ ਲਈ ਉਸ ਵੱਲ ਵੇਖਿਆ, ਪਰ ਉਹ ਚੁੱਪ ਰਿਹਾ।

ਡਰਾਈਵਰ ਨੇ ਹਾਲਾਤ ਭਾਂਪ ਕੇ ਗੱਡੀ ਤੋਰ ਲਈ।

ਗੌਰਵ ਹਾਲੀਂ ਆਪਣੀਆਂ ਬੇਕਾਬੂ ਹੋਈਆਂ ਅੱਖਾਂ ਨੂੰ ਟਿਕਾਉਣ ਲਈ ਕੋਈ ਚੀਜ਼ ਲੱਭ ਹੀ ਰਿਹਾ ਸੀ ਕਿ ਉਸ ਦੀ ਨਜ਼ਰ ਅੰਦਰਲੇ ਸ਼ੀਸ਼ੇ ਤੇ ਪਈ। ਵਨੀਤਾ ਦਾ ਚਿਹਰਾ ਹਾਲੀਂ ਵੀ ਮੁਰਝਾਇਆ ਹੋਇਆ ਸੀ। ਨਵਾਂ ਨੀਲਾ ਸੂਟ ਇੰਝ ਲੱਗ ਰਿਹਾ ਸੀ ਜਿਵੇਂ ਸੂਟ ਦਾ ਉਸਦੇ ਸ਼ਰੀਰ ਨਾਲ ਕੋਈ ਮੇਲ ਨਾ ਹੋਵੇ।

ਗੌਰਵ ਜਦੋਂ ਇਹ ਸੂਟ ਪਟਿਆਲੇ ਤੋਂ ਲਿਆਇਆ ਸੀ ਤਾਂ ਵਨੀਤਾ ਅੱਗੇ ਸੂਟ ਕਰਦਿਆਂ ਉਸਨੇ ਕਿਹਾ ਸੀ, “ਆਹ ਚੱਕ ! ਹੁਣ ਤਾਂ ਖੁਸ਼ ਐਂ ਨਾ!”

ਵਨੀਤਾ ਨੇ ਵਰਾਛਾਂ ਫੈਲਾਈਆਂ ਸਨ, ਜਿਵੇਂ ਮੁਸਕੁਰਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ।

ਬਾਹਰ ਜਾਣ ਤੋਂ ਬਾਅਦ ਗੌਰਵ ਨੂੰ ਮੰਮੀ ਦੀ ਮੱਧਮ ਆਵਾਜ਼ ਸੁਣਾਈ ਦਿੱਤੀ ਸੀ, “ਚੰਗੈ! ਚੱਲ, ਕੁਸ਼ ਤਾਂ ਲੈ ਕੇ ਆਇਐ!'

“ਆਏਂ ਤਾਂ, ਇਹ ਇਸ ਗੱਲੋਂ ਨਹੀਂ ਮਾੜੇ! ਪਿਛਲੀ ਵਾਰ ਸ਼ਿਮਲੇ ਤੋਂ ਪਰਸ ਲਿਆਏ ਸੀ।”

ਤੇ ਅੱਗੋਂ ਮੰਮੀ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। “ਕਹਿ ਰਹੇ ਹੋਣਗੇ, ਕਦੋਂ ਤੱਕ ਇਹਨਾਂ ਭੁਲੇਖਿਆਂ ਨੂੰ ਪਾਲੇਂਗੀ!” ਗੌਰਵ ਨੇ ਅੰਦਾਜ਼ਾ ਲਾਇਆ।

ਹਰ ਵਾਰ ਟੂਰ ਦੌਰਾਨ ਸਾਰਾ ਸਟਾਫ ਪਤਨੀਆਂ ਤੇ ਬੱਚਿਆਂ ਲਈ ਤੋਹਫੇ ਖਰੀਦਦਾ ਸੀ। ਗੌਰਵ ਵੀ ਕੁਝ ਨਾ ਕੁਝ ਲੈ ਲੈਂਦਾ-ਕਦੇ ਸੂਟ, ਕਦੇ ਪਰਸ ਤੇ ਕਦੇ ਕੁੱਝ ਹੋਰ। ਇਸ ਤਰ੍ਹਾਂ ਨਾ ਕਰਨਾ ਉਸ ਨੂੰ ਅਜੀਬ ਲੱਗਦਾ ਸੀ।

“ਉਹਨੂੰ, ਆਪਣੀ ਮਾਂ ਨੂੰ, ਬਥੇਰਾ ਕੁਸ਼ ਖਵਾਈ ਜਾਂਦੈ।” ਗੌਰਵ ਨੇ ਮੰਮੀ ਦੇ ਇਹ ਬੋਲ ਆਪਣੀ ਪਿੱਠ ਪਿੱਛੋਂ ਕਈ ਵਾਰ ਸੁਣੇ ਸਨ। ਜਵਾਨ ਤੇ ਕਮਾਊ ਪੁੱਤ ਦੇ ਮੁੰਹ ਤੇ ਇਹ ਗੱਲਾਂ ਆਖਣ ਦੀ ਮੰਮੀ ਵਿੱਚ ਹਿੰਮਤ ਨਹੀਂ ਸੀ।

ਹਿੰਮਤ ਤਾਂ ਗੌਰਵ ਵਿੱਚ ਵੀ ਨਹੀਂ ਸੀ ਕਿ ਉਹ ਮੰਮੀ ਦੀ ਕਿਸੇ ਗੱਲ ਦਾ ਮੋੜਵਾਂ ਜਵਾਬ ਦੇ ਸਕੇ। ਨਾ ਹੀ ਕਦੇ ਉਸਨੇ ਵਨੀਤਾ ਨੂੰ ਉੱਚਾ ਬੋਲਿਆ ਸੀ।

ਸਿਰਫ਼ ਇਕ ਵਾਰ ਉਸਨੇ ਡੈਡੀ ਨੂੰ, ਰੋਟੀ ਖਾਂਦਿਆਂ, ਇੰਨਾ ਹੀ ਆਖਿਆ ਸੀ, “ਇਹ ਇੰਡੀਅਨ ਔਰਤਾਂ ਵੀ ਘਰਵਾਲੇ ਨਾਲ ਚਿਪਕੀਆਂ ਈ ਰਹਿੰਦੀਆਂ ਨੇ !”

ਮਜ਼ਾਕ ਭਰੇ ਜਵਾਬ ਦੀ ਉਡੀਕ ਵਿੱਚ ਉਹ ਡੈਡੀ ਵੱਲ ਝਾਕਿਆ ਸੀ।

ਡੈਡੀ ਨੇ ਮੂੰਹ ਵਿੱਚ ਬੁਰਕੀ ਪਾਈ ਤੇ ਉਸ ਵੱਲ ਝਾਕੇ। ਕੁਝ ਦੇਰ ਸੋਚਣ ਤੋਂ ਬਾਅਦ ਬੋਲੇ, “ਹਾਲੀਂ, ਪੁੱਤ, ਤੈਨੂੰ ’ਗਾਂਹ ਜਾ ਕੇ ਪਤਾ ਲੱਗੂ!”

ਤੇ ਗੌਰਵ ਦੀ ਰੋਟੀ ਦਾ ਸਵਾਦ ਬਕਬਕਾ ਹੋ ਗਿਆ ਸੀ।

“ਕਦੇ ਹੱਸ ਵੀ ਪਿਆ ਕਰ !” ਅਕਸਰ ਹੀ ਉਹ ਵਨੀਤਾ ਨੂੰ ਕਹਿੰਦਾ ਰਹਿੰਦਾ।

ਵਨੀਤਾ ਮੁਸਕੁਰਾਉਣ ਲਈ ਵਰਾਛਾਂ ਤਾਂ ਖਿਲਾਰਦੀ, ਪਰ ਉਸਦੀਆਂ ਅੱਖਾਂ ਤੇ ਚਿਹਰਾ ਸਾਥ ਨਾ ਦਿੰਦੇ।

“ਏਸ ਘਰ 'ਚ ਤਾਂ ਆਹੀ ਕੁਸ਼ ਰਹੂ।” ਗੌਰਵ ਨਿਰਾਸ਼ ਹੋ ਕੇ ਕਮਰੇ ਵਿੱਚੋਂ ਬਾਹਰ ਨਿਕਲ ਜਾਂਦਾ।

“ਇਹ ਸਭ ਉਸ ਡੈਣ ਦਾ ਕੀਤਾ ਕਰਾਇਐ! ਉਸੇ ਕਰਕੇ ਤਾਂ ਇਹਨੇ ਬਠਿੰਡੇ ਬਦਲੀ ਕਰਵਾਈ ਐ!" ਮੰਮੀ ਅਕਸਰ ਕੁੜ੍ਹਦੀ ਰਹਿੰਦੀ ਸੀ।

ਅੱਜ ਗੌਰਵ ਦਾ ਚਿਹਰਾ ਕੁਝ ਮੁਰਝਾਇਆ ਲੱਗ ਰਿਹਾ ਸੀ।

ਰਾਤ ਪਹਿਲੀ ਵਾਰ ਗੌਰਵ ਦੇ ਮੂੰਹ 'ਚੋਂ ਸ਼ਰਾਬ ਦੀ ਬਦਬੂ ਆਈ ਸੀ। ਵਿਆਹ ਤੋਂ ਬਾਅਦ ਅੱਜ ਤੱਕ ਤਾਂ ਵਨੀਤਾ ਨੇ ਉਸਨੂੰ ਇੱਕ-ਦੋ ਵਾਰ ਸਿਰਫ ਬੀਅਰ ਪੀਂਦਿਆਂ ਹੀ ਵੇਖਿਆ ਸੀ।

ਬਠਿੰਡੇ ਤੋਂ ਵੀ ਰਾਤੀਂ ਉਹ ਛੇਤੀ ਹੀ ਮੁੜ ਆਇਆ ਸੀ। "ਇਹ, ਸਾਲੀ, ਔਰਤ ਜਾਤ ਹੈ ਈ ਬੇਵਫਾ...!" ਕਿੰਨੀ ਦੇਰ ਉਹ ਬੁੜਬੁੜਾਉਂਦਾ ਰਿਹਾ ਸੀ।

"ਆਹ ਗੱਡੀ ਕਸ਼ਯਪ ਭਾਅ ਜੀ ਦੀ ਨੀ? ....," ਡਰਾਇਵਰ ਨੇ ਗੱਡੀ ਵਿਚਲੀ ਚੁੱਪ ਤੋੜੀ, “... ਮੂਹਰੇ ਆਲੀ ਟਾਕੀ ਖੁੱਲ੍ਹੀ ਐ!"

“ਹਾਂ! ਲੱਗਦਾ ਤਾਂ ਕਸ਼ਯਪ ਈ ਐ।” ਗੌਰਵ ਨੇ ਗੌਰ ਨਾਲ ਵੇਖਣ ਦੀ ਕੋਸ਼ਿਸ਼ ਕੀਤੀ।

ਕਸ਼ਯਪ ਦੀ ਪਤਨੀ ਅੱਗੇ ਵਾਲੀ ਸੀਟ ਤੇ ਬੈਠੀ ਸੀ, ਕਸ਼ਯਪ ਕਾਰ ਚਲਾ ਰਿਹਾ ਸੀ।

ਗੌਰਵ ਦਾ ਹੱਥ ਕਾਹਲੀ ਨਾਲ ਪੈਂਟ ਦੀ ਜੇਬ ਵਿੱਚ ਗਿਆ। ਮੋਬਾਈਲ ਕੱਢਦਿਆਂ ਹੀ ਉਸ ਨੇ ਨੰਬਰ ਫਰੋਲਣੇ ਸ਼ੁਰੂ ਕਰ ਦਿੱਤੇ।

“ਕਸ਼ਯਪ ਸਾਹਿਬ! ਲੱਗਦੈ, ਅੱਜ ਆਪਣੀ ਮੈਡਮ ਨੂੰ ਸੁੱਟਣ ਚੱਲੇ ਓਂ!...," ਫੋਨ ਮਿਲਦਿਆਂ ਹੀ ਗੌਰਵ ਨੇ ਬੋਲਣਾ ਸ਼ੁਰੂ ਕੀਤਾ, “ਪਰ ਲੱਖ ਜਨਾਨੀਆਂ ਲੱਭ ਲਿਉ, ਘਰਵਾਲੀ ਦੀ ਆਪਣੀ ਹੁੰਦੀ ਐ!...."

ਫੋਨ ਬੰਦ ਕਰਕੇ ਗੌਰਵ ਨੇ ਮੁੜ ਅੰਦਰਲੇ ਸ਼ੀਸ਼ੇ ਰਾਹੀਂ ਵਨੀਤਾ ਤੇ ਨਜ਼ਰ ਮਾਰੀ।

“.... ਸਰ, ਹੁਣ ਤਾਂ ਲੋਕਲ ਬ੍ਰਾਂਚ ‘ਚ ਬਦਲੀ ਕਰਵਾ ਲੋ", ਡਰਾਈਵਰ ਨੇ ਬਿਨਾ ਗੌਰਵ ਵੱਲ ਤੱਕਿਆਂ ਕਿਹਾ,"... ਤੁਸੀਂ ਕਹਿ ਰਹੇ ਸੀ, ਨਾ, ਲੋਕਲ ਬਾਂਚ ਖਾਲੀ ਪਈ ਐ..." "ਹਾਂ, ਯਾਰ, ਬੱਸ ਸੋਮਵਾਰ ਨੂੰ ਐਪਲੀਕੇਸ਼ਨ ਭੇਜਦਾ ਆਂ!... ਦੂਜੇ ਸ਼ਹਿਰ 'ਚ ਕਿਉਂ ਧੱਕੇ ਖਾਣੇ ਐ!"

"ਕਸ਼ਯਪ ਭਾਅ ਜੀ ਤਾਂ ਗੁਰਦਾਸ ਮਾਨ ਬਣੀ ਫਿਰਦੇ ਨੇ!" ਵਨੀਤਾ ਕਹਿ ਕੇ ਚੁੱਪ ਕਰ ਗਈ।

ਗੌਰਵ ਨੇ ਇੱਕ ਵਾਰ ਫਿਰ ਸ਼ੀਸ਼ੇ ਰਾਹੀਂ ਉਸ ਤੇ ਨਜ਼ਰ ਮਾਰੀ।

ਸਾਰੀ ਗੱਡੀ ਵਿੱਚ ਹਾਸਾ ਛਿੜ ਪਿਆ।