51008ਪਾਕਿਸਤਾਨੀ — ਕਲੋਨੀਮੁਹੰਮਦ ਇਮਤਿਆਜ਼

ਕਲੋਨੀ

‘ਤੜੱਕ ਦੀ ਜ਼ੋਰਦਾਰ ਆਵਾਜ਼!... ਤੇ ਦਵਿੰਦਰ ਸਾਰੀ ਗੱਲ ਸਮਝ ਗਿਆ।

"ਇਹਨਾਂ ਕੋਠੀ ਆਲਿਆਂ ਦੀ...।" ਉਸ ਨੂੰ ਅੰਦਰਲੀ ਨਫ਼ਰਤ ਜਿੱਡੇ ਸ਼ਬਦ ਨਹੀਂ ਲੱਭੇ।

ਨਹਾਉਣਾ ਵਿੱਚੇ ਛੱਡ ਕੇ ਉਸ ਨੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। "ਇਹ ਸਮਝਦੇ ਕੀ ਨੇ ਆਪਣੇ ਆਪ ਨੂੰ...!... ਅੱਜ ਤਾਂ ਇਹਨਾਂ ਤੋਂ ... ਇਹ ਖੇਲ੍ਹਣ ਆਲਾ ਗਰੌਂਡ ਐ ਕੋਈ...!"

ਜਿਸ ਦਿਨ ਦਾ ਦਵਿੰਦਰ ਹੁਰਾਂ ਨੇ ਇਥੇ ਰਹਿਣਾ ਸ਼ੁਰੂ ਕੀਤਾ ਸੀ, ਇਹੋ ਸਿਲਸਿਲਾ ਚਲਦਾ ਆ ਰਿਹਾ ਸੀ।

ਦਵਿੰਦਰ ਦੇ ਇਥੇ ਮਕਾਨ ਪਾ ਲੈਣ ਤੋਂ ਤਾਂ ਸਾਰੀ ਕਲੋਨੀ ਹੀ ਦੁਖੀ ਸੀ, ਪਰ ਸਾਹਮਣੀ ਕੋਠੀ ਵਾਲਿਆਂ ਨੇ ਤਾਂ ਜਿਵੇਂ ਉਹਨਾਂ ਨਾਲ ਆਢਾ ਹੀ ਲਾ ਰੱਖਿਆ ਸੀ। ਕਦੇ ਗੇਂਦ ਮਾਰ ਕੇ ਸ਼ੀਸ਼ਾ ਤੋੜ ਦਿੱਤਾ, ਕਦੇ ਕੂੜਾ ਸੁੱਟਣ ਪਿੱਛੇ ਬੋਲਣ ਲੱਗ ਪਏ, ਕਦੇ ਗੱਡੀ ਪਾਰਕ ਕਰਨ ਪਿੱਛੇ ਰੌਲਾ ਪਾ ਲਿਆ... ਕਦੇ ਕੁਝ ਤੇ ਕਦੇ ਕੁਝ!

ਅਸਲ ਵਿੱਚ, ਸਾਰੀ ਕਲੋਨੀ ਨੂੰ ਦਵਿੰਦਰ ਹੁਰ੍ਹਾਂ ਤੋਂ ਇਸ ਕਰਕੇ ਚਿੜ੍ਹ ਸੀ ਕਿ ਉਹਨਾਂ ਦੀਆਂ ਕੋਠੀਆਂ ਵਿਚਕਾਰ ਇੱਕ ਡਰਾਇਵਰ ਨੇ ਮਕਾਨ ਪਾ ਲਿਆ ਸੀ। ਮਕਾਨ ਭਾਵੇਂ ਛੋਟਾ ਸੀ, ਪਰ ਅਮੀਰਾਂ ਦੀ ਕਲੋਨੀ ਵਿੱਚ ਸੀ। ਇਥੇ ਜਾਂ ਤਾਂ ਕੋਈ ਵੱਡਾ ਕਾਰਖ਼ਾਨੇਦਾਰ ਰਹਿੰਦਾ ਸੀ, ਜਾਂ ਡਾਕਟਰ, ਜਾਂ ਕੋਈ ਇੰਜੀਨੀਅਰ, ਤੇ ਜਾਂ ਫਿਰ ਕੋਈ ਵੱਡਾ ਅਫ਼ਸਰ।

ਦਵਿੰਦਰ ਨੂੰ ਆਪਣੇ ਮਕਾਨ ਦਾ ਬਹੁਤ ਮਾਣ ਸੀ। ਉਹਦੀ ਸਾਰੀ ਜ਼ਿੰਦਗੀ ਦੀ ਕਮਾਈ ਖ਼ਰਚ ਹੋ ਚੁੱਕੀ ਸੀ, ਪਰ ਹਾਲੀਂ ਵੀ ਮਕਾਨ ਦਾ ਕਾਫੀ ਕੰਮ ਬਾਕੀ ਰਹਿੰਦਾ ਸੀ। ਇਹ ਤਾਂ ਸ਼ੁਕਰ ਸੀ ਕਿ ਉਹ ਦੇ ਸਹੁਰਿਆਂ ਨੇ ਉਹਦੇ ਮੋਢੇ ਨਾਲ ਮੋਢਾ ਲਾਇਆ ਸੀ।

ਇੰਨੀ ਵੱਡੀ ਕਲੋਨੀ ਵਿੱਚ ਦੋ-ਚਾਰ ਕਮਰੇ ਪਾ ਲੈਣੇ ਵੀ ਖੇਡ ਨਹੀਂ ਸਨ। ਇਸੇ ਕਰਕੇ ਦਵਿੰਦਰ ਦਾ ਹੁਣ ਯੂਨੀਅਨ ਵਿੱਚ ਅਸਰ-ਰਸੂਖ਼ ਵਧ ਗਿਆ ਸੀ। ਹੋ ਸਕਦਾ ਸੀ ਕਿ ਉਹ ਆਉਂਦੀ ਇਲੈਕਸ਼ਨ ਵਿੱਚ ਪ੍ਰਧਾਨ ਬਣ ਜਾਂਦਾ।

ਪਰ ਜਿਸ ਦਿਨ ਤੋਂ ਉਸ ਦੇ ਪਰਿਵਾਰ ਨੇ ਘਰ ਵਿੱਚ ਸਾਮਾਨ ਰੱਖਿਆ ਸੀ, ਉਸੇ ਦਿਨ ਤੋਂ ਉਹਨਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਸੀ।

ਦਵਿੰਦਰ ਗੁਸਲਖ਼ਾਨੇ 'ਚੋਂ ਨਿਕਲਿਆ ਤਾਂ ਉਸ ਦੀ ਘਰਵਾਲੀ ਬੁੜਬੁੜਾਉਂਦੀ ਹੋਈ ਫਰਸ਼ ’ਤੋਂ ਕੱਚ ਸਾਫ ਕਰ ਰਹੀ ਸੀ। ਖਿੜਕੀ ਦਾ ਪੂਰਾ ਸ਼ੀਸ਼ਾ ਚੂਰ-ਚੂਰ ਹੋ ਗਿਆ ਸੀ। ਇੰਨਾ ਚੰਗਾ ਕਿ ਘਰ 'ਚੋਂ ਕਿਸੇ ਦੇ ਸੱਟ ਨਹੀਂ ਵੱਜੀ ਸੀ।

"ਆਉਣ ਦੇ ਗੇਂਦ ਲੈਣ... ਦੱਸਦਾਂ, ਇਹਨਾਂ ਨੂੰ ...!" ਗੇਂਦ ਚੁੱਕ ਕੇ ਦਵਿੰਦਰ ਬਾਹਰ ਆ ਗਿਆ।

ਬਾਹਰ ਮੁੰਡੇ ਕ੍ਰਿਕੇਟ ਵਾਲਾ ਬੱਲਾ ਚੱਕੀ ਗੇਂਦ ਦੀ ਆਸ ਵਿੱਚ ਖੜ੍ਹੇ ਸਨ।

"ਕੀਹਨੇ ਮਾਰੀ ਐ, ਓਏ, ਇਹ ...?" ਦਵਿੰਦਰ ਨੇ ਅੱਖਾਂ ਕੱਢੀਆਂ।

‘‘ਸੌਰੀ, ਅੰਕਲ!" ਮੁੰਡਿਆਂ ਵਿੱਚੋਂ ਇੱਕ ਨੇ ਰਸਮੀ ਜਿਹੇ ਬੋਲ ਬੋਲੇ।

"ਲੱਗਦੇ ਸੌਰੀ ਦੇ!... ਜੇ ਕਿਸੇ ਦ ਸਿਰ ਪਾੜ ਜਾਂਦਾ, ਫੇਰ? ...ਨਾਲੇ, ਸ਼ੀਸ਼ਾ ਕੌਣ ਪਵਾਊ, ਜਿਹੜਾ ਭੰਨਿਐ?" ਦਵਿੰਦਰ ਨੇ ਪੱਕੀ ਧਾਰ ਲਈ ਸੀ ਕਿ ਅੱਜ ਉਹ ਇਹਨਾਂ ਨਾਲ ਨਿਬੇੜ ਕੇ ਹੀ ਰਹੇਗਾ।

"ਤੁਸੀਂ ਗੇਂਦ ਦੇਣੀ ਐ ਕੁ ਨਹੀਂ?" ਇੱਕ ਲੰਮਾ ਜਿਹਾ ਮੁੰਡਾ ਆਕੜ ਨਾਲ ਬੋਲਿਆ।

ਦਵਿੰਦਰ ਨੂੰ ਹੱਤਕ ਮਹਿਸੂਸ ਹੋਈ।"ਨਹੀਂ ਦਿੰਦਾ! ਕੀ ਕਰ ਲੇਂਗਾ...?"

"ਜਾ, ਓਏ! ਦੋ ਗੇਂਦਾਂ ਨਵੀਆਂ ਫੜ ਲਿਆ", ਉਸ ਨੇ ਦਸਾਂ-ਸਾਂ ਦੇ ਦੋ ਨੋਟ ਕੱਢ ਕੇ ਨਾਲ ਦੇ ਮੁੰਡੇ ਨੂੰ ਫੜਾਏ, ਤੇ ਫਿਰ ਦਵਿੰਦਰ ਨੂੰ ਸੰਬੋਧਿਤ ਹੋਇਆ, "ਸ਼ੀਸ਼ਾ ਜਿੰਨੇ ਦਾ ਵੀ ਆਊਗਾ, ਮੇਰੇ ਡੈਡੀ ਤੋਂ ਲੈ ਲਿਉ!"

ਦਵਿੰਦਰ ਨੂੰ ਲੱਗਿਆ, ਜਿਵੇਂ ਉਸ ਨੂੰ ਕਿਸੇ ਨੇ ਉਚਾਈ ਤੋਂ ਧੱਕਾ ਦਿੱਤਾ ਹੋਵੇ। ਉਸ ਨੂੰ ਆਤਮ-ਗਿਲਾਨੀ ਮਹਿਸੂਸ ਹੋਈ।

"ਆਪਣੇ ਡੈਡੀ ਤੋਂ ਪੁੱਛ ਕੇ ਤਾਂ ਦੇਖ, ਕਮਾਈ ਕਰਨੀ ਕਿੰਨੀ ਔਖੀ ਐ!... ਆਹ ਫੜ," ਉਸ ਨੇ ਗੇਂਦ ਲੰਮੇ ਮੁੰਡੇ ਨੂੰ ਫੜਾ ਦਿੱਤੀ, "ਜੇ ‘ਗਾਂਹ ਨੂੰ ਮਾਰੀ ਐ ਤਾਂ ਦੇਖ ਲਿਉ ਫੇਰ! ... ਲੱਗਦੇ ਡੈਡੀ ਦੇ!"

"ਗੇਂਦ ਕਿਉਂ ਦੇ ’ਤੀ? ਘਰਵਾਲੀ ਬੁੜਬੁੜਾਈ।

"ਓ ਚੱਲ! ਬੱਚੇ ਨੇ!... ਮਿੰਨਤਾਂ ਕਰਨ ਲੱਗ ਪੇ...! ਨਾਲੇ, ਆਪਣੇ ਜਬਾਕ ਵੀ ਤਾਂ ਏਥੇ ਈ ਖੇਡਦੇ ਰਹਿੰਦੇ ਨੇ!