ਹੱਥ ਦਾ ਛਾਲਾ

ਬਾਹਰ ਨਿਕਲਦਿਆਂ ਹੀ ਰੁਪਿੰਦਰ ਨੇ ਪਹਿਲਾਂ ਆਪਣੀ ਹਥੇਲੀ ਵੱਲ ਮੁੜ ਤੋਂ ਦੇਖਿਆ ਤੇ ਫਿਰ ਕਲੀਨਿਕ ਦੇ ਬੋਰਡ ਤੇ ਲਿਖੇ ਡਾਕਟਰ ਦੇ ਨਾਂ ਨੂੰ ਦੁਬਾਰਾ ਪੜ੍ਹਿਆ। ਡਾਕਟਰ ਦੇ ਨਾਂ ਹੇਠ ਐਮ. ਬੀ. ਬੀ. ਐਸ. ਤੇ ਇੱਕ ਮੈਡੀਕਲ ਡਿਪਲੋਮਾ ਲਿਖਿਆ ਹੋਇਆ ਸੀ। ਰੁਪਿੰਦਰ ਨੂੰ ਹਾਲੀਂ ਵੀ ਡਾਕਟਰ ਦੀਆਂ ਗੱਲਾਂ ਨਾਲ ਤਸੱਲੀ ਨਹੀਂ ਸੀ ਹੋਈ। ਸਾਰੀ ਰਾਤ ਤਾਂ ਉਸ ਦੀ ਪਾਸੇ ਲੈਂਦਿਆਂ ਲੰਘੀ ਸੀ ਤੇ ਡਾਕਟਰ ਨੂੰ ਕੁਝ ਵੀ ਜ਼ਿਆਦਾ ਸਮੱਸਿਆਜਨਕ ਨਹੀਂ ਸੀ ਨਜ਼ਰ ਆ ਰਿਹਾ।

ਰਾਣੀ ਨੇ ਪਹਿਲਾਂ ਜਦੋਂ ਉਸਨੂੰ ਇਸ ਡਾਕਟਰ ਕੋਲ ਜਾਣ ਲਈ ਕਿਹਾ ਸੀ, ਉਦੋਂ ਰੁਪਿੰਦਰ ਨੇ ਬਹੁਤਾ ਗੌਲਿਆ ਨਹੀਂ ਸੀ। ਪਰ ਰਾਤੀਂ, ਪਤਾ ਨਹੀਂ ਕਿਉਂ, ਡੈਡੀ ਦੇ ਕਹੇ ਸ਼ਬਦ ਉਸ ਦੇ ਕੰਨਾਂ ਵਿੱਚ ਮੁੜ-ਮੁੜ ਗੂੰਜਦੇ ਰਹੇ ਤੇ ਹੱਥ ਵਿੱਚ ਚੀਸਾਂ ਪੈਂਦੀਆਂ ਮਹਿਸੂਸ ਹੁੰਦੀਆਂ ਰਹੀਆਂ।

"ਵੈਸੇ, ਡਾਕਟਰ ਦੀ ਗੱਲ ਠੀਕ ਵੀ ਹੋ ਸਕਦੀ ਐ।" ਤੇ ਰੁਪਿੰਦਰ ਨੂੰ ਇੱਕ ਕਿਤਾਬ ’ਚ ਪੜ੍ਹੀ ਇੱਕ ਬੰਦੇ ਦੀ ਕਹਾਣੀ ਯਾਦ ਆ ਗਈ, ਜਿਸਨੂੰ ਸ਼ੱਕ ਸੀ ਕਿ ਉਸਨੂੰ ਦਿਲ ਦੀ ਬਿਮਾਰੀ ਸੀ ਤੇ ਵੱਖ-ਵੱਖ ਡਾਕਟਰਾਂ ਤੋਂ ਚੈਕ ਕਰਵਾਉਣ ਤੋਂ ਬਾਅਦ ਵੀ ਉਹਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਸ ਦੀ ਰਿਪੋਰਟ ਬਿਲਕੁਲ ਠੀਕ-ਠਾਕ ਆ ਰਹੀ ਸੀ। ਰੁਪਿੰਦਰ ਹਾਲੀਂ ਵੀ ਆਖ਼ਰੀ ਨਤੀਜੇ ਤੇ ਨਹੀਂ ਸੀ ਪਹੁੰਚਿਆ ਕਿ ਡਾਕਟਰ ਠੀਕ ਕਹਿ ਰਿਹਾ ਸੀ ਜਾਂ ਨਹੀਂ। "ਸ਼ਾਇਦ ਅਮਨ ਕਰਕੇ ਹੀ ਬੇਚੈਨੀ ਮਹਿਸੂਸ ਹੋ ਰਹੀ ਹੋਵੇ!" ਅਮਨ ਦਾ ਖ਼ਿਆਲ ਆਉਂਦਿਆਂ ਹੀ ਚਾਚੇ ਬਾਰੇ ਡੈਡੀ ਦੇ ਕਹੇ ਸ਼ਬਦ ਉਸ ਦੇ ਕੰਨਾਂ ਵਿੱਚ ਫਿਰ ਤੋਂ ਗੂੰਜੇ, "ਕਰਤਾਰ ਤਾਂ ਮੇਰੇ ਹੱਥ ਦਾ ਛਾਲਾ ਬਣ ਗਿਐ!!"

ਰਾਤੀਂ ਜਦੋਂ ਰੁਪਿੰਦਰ ਨੇ ਹਿੰਮਤ ਇਕੱਠੀ ਕਰਕੇ ਅਮਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਨ ਲਾਵੇ ਵਾਂਗ ਫੁੱਟ ਪਿਆ, "ਮੈਨੂੰ ਨ੍ਹੀ ਲੋੜ ਪੜ੍ਹਾਈ ਦੀ!....... ਮੈਨੂੰ ਜੋ ਠੀਕ ਲੱਗੂ, ਮੈਂ ਉਹੀ ਕਰੂੰ!"

ਪਹਿਲਾਂ ਜਦੋਂ ਵੀ ਉਸ ਨੇ ਰਾਣੀ ਕੋਲ ਅਮਨ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਨੇ ਅਣਗੌਲਿਆਂ ਕਰ ਦਿੱਤਾ ਸੀ। "ਸ਼ਾਇਦ ਉਹ ਵੀ ਮੰਮੀ ਵਾਂਗ ਸੋਚਦੀ ਐ!"

ਰੁਪਿੰਦਰ ਚੁੱਪ ਕਰ ਗਿਆ ਸੀ। "ਮੇਰੇ ਬੜੇ ਮੁੰਡੇ ਦਾ ਤਾਂ ਜਮ੍ਹੀਂ ਚਿੜੀ ਜਿੰਨਾਂ ਦਿਲ ਐ!" ਮੰਮੀ ਰੁਪਿੰਦਰ ਬਾਰੇ ਕਿਹਾ ਕਰਦੀ ਸੀ।

ਕਈ ਵਾਰ ਅਮਨ ਦਾ ਵਰਤਾਰਾ ਵੇਖ ਕੇ ਰੁਪਿੰਦਰ ਦੀਆਂ ਅੱਖਾਂ ਅੱਗੇ ਕਾਲਜ 'ਚ ਯੂਨੀਅਨ ਵਾਲੇ ਮੁੰਡੇ ਘੁੰਮ ਜਾਂਦੇ ਸੀ। ਵਿਦਿਆਰਥੀਆਂ ਦੀ ਹੜਤਾਲ ਸਮੇਂ ਰੁਪਿੰਦਰ ਨੇ ਉਹਨਾਂ ਤੇ ਪੁਲਿਸ ਦੀ ਕੁੱਟ ਪੈਂਦੀ ਆਪਣੇ ਅੱਖੀਂ ਵੇਖੀ ਸੀ। ਕਈਆਂ ਤੇ ਸੱਚੇ-ਝੂਠੇ ਕੇਸ ਵੀ ਬਣ ਗਏ ਸਨ।

ਅਮਨ ਵੀ ਕਈ ਵਾਰ ਉਹਨਾਂ ਜਿਹੀਆਂ ਹਰਕਤਾਂ ਕਰਨ ਲੱਗ ਪੈਂਦਾ ਸੀ। "ਆਪਾਂ ਨੇ ਵੀ, ਬਾਈ, ਭਗਤ ਸਿੰਘ ਆਂਗੂੰ ਮਹਾਨ ਕੰਮ ਕਰਕੇ ਜਾਣੈ ਜੱਗ ਤੋਂ!" ਅਮਨ ਇੱਕ ਦਿਨ ਆਪਣੇ ਇੱਕ ਦੋਸਤ ਕੋਲ ਕਹਿ ਰਿਹਾ ਸੀ।

ਅਮਨ ਦੀ ਗੱਲ ਸੁਣਕੇ ਰੁਪਿੰਦਰ ਤੋਂ ਚੁੱਪ ਨਾ ਰਿਹਾ ਗਿਆ ਤੇ ਉਸ ਨੇ ਆਪਣਾ ਗੁਬਾਰ ਰਾਣੀ ਕੋਲ ਕੱਢਿਆ। "ਏਹ ਮੁੰਡਾ ਗਲਤ ਰਾਹ ਤੇ ਤੁਰ ਪਿਐ, ਮੈਂ ਤੈਨੂੰ ਦੱਸਾਂ!" ਉਸ ਦੀਆਂ ਗੱਲਾਂ ਸੁਣ ਕੇ ਰਾਣੀ ਹੱਸ ਪਈ ਸੀ, "ਭਗਤ ਸਿੰਘ ਤਾਂ ਫੈਸ਼ਨ ਬਣ ਗਿਐ ਅੱਜ-ਕੱਲ੍ਹ!"

ਜਦੋਂ ਤੋਂ ਅਮਨ ਦੀ ਥਾਣੇ 'ਚ ਸ਼ਿਕਾਇਤ ਵਾਲੀ ਘਟਨਾ ਹੋਈ ਸੀ, ਰੁਪਿੰਦਰ, ਰਾਣੀ ਰਾਹੀਂ ਹੀ ਉਸ ਨਾਲ ਗੱਲ ਕਰਨ 'ਚ ਭਲਾਈ ਸਮਝਦਾ ਸੀ। ਅਮਨ ਬਜ਼ਾਰ 'ਚ ਕਿਸੇ ਮੁੰਡੇ ਨਾਲ ਲੜ ਪਿਆ ਸੀ ਤੇ ਮਾਮਲਾ ਥਾਣੇ ਪਹੁੰਚ ਗਿਆ ਸੀ। ਬੜੀ ਮੁਸ਼ਕਿਲ ਰਾਜ਼ੀਨਾਮਾ ਹੋਇਆ ਸੀ।

ਘਰ ਪਹੁੰਚ ਕੇ ਰੁਪਿੰਦਰ ਨੇ ਅਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, "ਕੀ ਲੋੜ ਸੀ ਤੈਨੂੰ ਪੰਗਾ ਲੈਣ ਦੀ? ......."

"........ ਅੱਖਾਂ ਕਿਵੇਂ ਕੱਢਦਾ ਸੀ ਉਹ!.......", ਅੱਗੋਂ ਅਮਨ ਜਿਵੇਂ ਭਰਿਆ-ਪੀਤਾ ਬੈਠਾ ਸੀ, "......... ਮੈਥੋਂ ਨੀ ਧੌਂਸ ਝੱਲੀ ਜਾਂਦੀ ਕਿਸੇ ਦੀ!" ਅਮਨ 'ਚੋਂ ਰੁਪਿੰਦਰ ਨੂੰ ਚਾਚੇ ਦਾ ਝਲਕਾਰਾ ਪਿਆ ਸੀ।........

ਉਦੋਂ ਰੁਪਿੰਦਰ ਚੌਥੀ ’ਚ ਪੜ੍ਹਦਾ ਸੀ।........

"ਕਿਹੜੀ ਮਾਂ ਦਾ ਦੁੱਧ ਪੀਤੈ, ਤੈਂ, ਜ਼ੋਰਾ ਸਿੰਹਾਂ! ਦੁਸ਼ਮਣ ਥੋਡੇ ਸੀਨੇ ਤੋਂ ਟੱਪ ਕੇ ਲੰਘ ਗਿਆ, ਤੇ ਖੂਨ ਤੱਕ ਨੀ ਖੌਲਿਆ ਥੋਡੇ ਵਰਗਿਆਂ ਦਾ।" ਡੈਡੀ ਅੱਗੇ ਅੱਖ ਤੱਕ ਨਾ ਚੁੱਕਣ ਵਾਲਾ ਚਾਚਾ ਹੌਲੀ-ਹੌਲੀ ਬਰਾਬਰ ਬੋਲਣ ਲੱਗ ਪਿਆ ਸੀ।

ਅਖੀਰ ਚਾਚਾ ਘਰੋਂ ਦੌੜ ਗਿਆ ਸੀ। ਕਈ ਵਾਰ ਉਹ ਡੈਡੀ ਦੀ ਗੈਰਹਾਜ਼ਰੀ 'ਚ ਰੁਪਿੰਦਰ ਨੂੰ ਵੇਖਣ ਆ ਜਾਂਦਾ ਸੀ। "ਚਾਚੇ ਦੇ ਹੁੰਦੇ ਮੇਰੇ ਸ਼ੇਰ ਨੂੰ ਕਿਸੇ ਤੋਂ ਡਰਨ ਦੀ ਲੋੜ ਨੀ!" ਚਾਚਾ ਤਾਂ ਭਾਵੇਂ ਕਹਿ ਦਿੰਦਾ ਪਰ ਪਹਿਲਾਂ ਵਾਂਗੂੰ ਸਾਈਕਲ ਤੇ ਘੁਮਾਉਣ ਦੀ ਥਾਂ ਉਸ ਦਾ ਇਸ ਤਰ੍ਹਾਂ ਮਿਲਣਾ ਕਈ ਵਾਰ ਰੁਪਿੰਦਰ ਨੂੰ ਡਰਾ ਦਿੰਦਾ ਸੀ।

"ਕਰਤਾਰਿਆ! ਰਾਜੇ, ਮਹੌਲ ਠੀਕ ਨੀ.......... ਬਚਕੇ ਰਿਹਾ ਕਰ!........ ਘਰ ਮੁੜ ਆ, ਮੈਂ ਤਾਂ ਕਹਿਨੀ ਆਂ!" ਮੰਮੀ ਚਾਚੇ ਨੂੰ ਸਮਝਾਉਂਦਿਆਂ ਥੱਕ ਗਈ ਸੀ। "ਸ਼ੇਰ ਹਵਾਵਾਂ ਦਾ ਰੁਖ ਦੇਖ ਕੇ ਨੀ ਡਰਿਆ ਕਰਦੇ, ਭਾਬੀ!".........

ਰੁਪਿੰਦਰ ਨੂੰ ਚਾਚੇ ਦੀ ਮੌਤ ਵਾਲਾ ਦਿਨ ਯਾਦ ਆ ਗਿਆ... ਤੇ ਉਹਨਾਂ ਦੇ ਘਰ ਦੇ ਬਾਹਰ ਜਮ੍ਹਾਂ ਹੋਈ ਭੀੜ ਵੀ।.......

ਪਿੰਡ ਦੇ ਗਵਾਂਢੀ ਮੁੰਡੇ ਉਸਨੂੰ ਸਕੂਲੋਂ ਛੇਤੀ ਛੁੱਟੀ ਕਰਵਾ ਲਿਆਏ ਸਨ।...... ਜਦੋਂ ਉਹ ਡੌਰ-ਭੌਰ ਹੋਇਆ ਘਰ ਅੰਦਰ ਵੜਿਆ ਸੀ ਤਾਂ ਉਸਨੂੰ ਬੁੱਢੀਆਂ ਦੇ ਵੈਣ ਸੁਣਾਈ ਦਿੱਤੇ ਸੀ......... ਵਰਾਂਢੇ ਵਿੱਚ ਚਾਚੇ ਦੀ ਲੋਥ ਸਫੈਦ ਕੱਪੜੇ 'ਚ ਲਪੇਟੀ ਪਈ ਸੀ।

ਡੈਡੀ, ਸਰਪੰਚ ਤੇ ਕਈ ਹੋਰ ਬੰਦੇ ਥਾਣੇ 'ਚੋਂ ਵਾਪਿਸ ਆਏ ਸੀ ਤੇ ਕੁਝ ਪੁਲਿਸ ਵਾਲੇ ਲਿਖਤ-ਪੜ੍ਹਤ ’ਚ ਰੁਝੇ ਹੋਏ ਸੀ। ‘ਮੁਕਾਬਲਾ' ਸ਼ਬਦ ਰੁਪਿੰਦਰ ਨੇ ਕਈਆਂ ਦੇ ਮੂੰਹੋਂ ਸੁਣਿਆ ਸੀ।........

......... ਉਸ ਦਿਨ ਗੱਡੀ ਦੇ ਪਿਛਲੇ ਪਾਸੇ ‘ਬਾਬੇ' ਦੀ ਤਸਵੀਰ ਲੱਗੀ ਵੇਖ ਕੇ ਰੁਪਿੰਦਰ ਉਸੇ ਤਰ੍ਹਾਂ ਕੰਬ ਗਿਆ ਸੀ। ਉਹਨੇ ਆਪਣਾ ਗੁਬਾਰ ਰਾਣੀ ਕੋਲ ਕੱਢਿਆ ਸੀ, "ਇਹਨੂੰ ਕਹਿ, ਅੱਗੇ ਅਡਮਿਸ਼ਨ ਲੈ-ਲੈ ਐਮ. ਏ. ’ਚ!...... ਨਹੀਂ ਤਾਂ, ਮੈਂ ਇਹਨੂੰ ਘਰੋਂ ਕੱਢ ਦੇਣੈ।........"

ਰਾਣੀ ਨੇ ਪਾਣੀ ਦਾ ਗਲਾਸ ਉਹਦੇ ਅੱਗੇ ਕੀਤਾ ਸੀ, "ਪਹਿਲਾਂ ਸ਼ਾਂਤੀ ਨਾਲ ਬੈਠ ਕੇ ਪਾਣੀ ਪੀਓ!....... ਬਹੁਤਾ ਅਪ-ਸੈਟ ਅਮਨ ਉਦੋਂ ਦਾ ਹੋਇਐ, ਜਦੋਂ ਤੋਂ ਪ੍ਰੋਫੈਸਰ ਦਾ ਮੁੰਡਾ ਲੈਫਟੀਨੈਂਟ ਲੱਗਿਐ!"

ਰੁਪਿੰਦਰ ਨੂੰ ਇੰਨਾ ਤਾਂ ਪਤਾ ਸੀ ਕਿ ਸੀ.ਡੀ.ਐਸ. 'ਚੋਂ ਦੋ ਵਾਰ ਰਿਜੈਕਟ ਹੋ ਜਾਣ ਤੋਂ ਬਾਅਦ ਅਮਨ ਨੇ ਪੜ੍ਹਾਈ ਤੋਂ ਮੂੰਹ ਮੋੜ ਲਿਆ ਸੀ। ਕਾਲਜ 'ਚ ਅਮਨ ਸ਼ੁਦਾਈਆਂ ਵਾਂਗ ਐਨ.ਸੀ.ਸੀ. ਦੀਆਂ ਪਰੇਡਾਂ ਕਰਦਾ ਰਿਹਾ ਸੀ। ਕੈਂਪ ਲਾਉਣ ਕਦੇ ਇਧਰ ਤੇ ਕਦੇ ਉਧਰ ਤੁਰਿਆ ਰਹਿੰਦਾ, ਪਰ ਐਨ.ਸੀ.ਸੀ. ਦੇ ਇੰਚਾਰਜ ਪ੍ਰੋਫੈਸਰ ਦੇ ਮੁੰਡੇ ਦੀ ਅਸਰ-ਰਸੂਖ ਦੇ ਬਲਬੂਤੇ ਫੌਜ 'ਚ ਦਾਖਲੇ ਦਾ ਰੁਪਿੰਦਰ ਨੂੰ ਰਾਣੀ ਕੋਲੋਂ ਹੁਣ ਹੀ ਪਤਾ ਲੱਗਿਆ ਸੀ।......... ਇਸੇ ਲਈ ਰਾਤੀਂ ਉਸ ਨੇ ਪਿਆਰ ਨਾਲ ਅਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ।.......

ਰਸੋਈ ਦੀ ਖਿੜਕੀ 'ਚੋਂ ਰਾਣੀ ਦਾ ਚਿਹਰਾ ਨਜ਼ਰੀਂ ਪੈਂਦਿਆਂ ਹੀ ਰੁਪਿੰਦਰ ਨੇ ਇੱਕ ਵਾਰ ਫਿਰ ਆਪਣੀ ਹਥੇਲੀ ਵੱਲ ਵੇਖਿਆ।

ਕਮਰੇ ਅੰਦਰ ਵੜਦਿਆਂ ਰਾਣੀ ਦੀ ਆਵਾਜ਼ ਨਾਲ ਉਸਦੀਆਂ ਸੋਚਾਂ ਦੀ ਲੜੀ 'ਚ ਵਿਘਨ ਪਿਆ, "ਕੀ ਕਹਿੰਦਾ ਡਾਕਟਰ?"

ਰੁਪਿੰਦਰ ਉਸਦੀ ਗੱਲ ਗੌਲੇ ਬਿਨਾਂ ਸੋਫੇ ਤੇ ਬੈਠ ਗਿਆ।

ਰਾਣੀ ਕਮਰੇ ਦੇ ਦਰਵਾਜ਼ੇ ’ਚ ਖੜ੍ਹੀ ਸੀ।

ਰੁਪਿੰਦਰ ਨੇ ਖਿਆਲਾਂ ਦੇ ਘੇਰੇ ਅੰਦਰੋਂ ਹੀ ਪੁੱਛਿਆ, "ਅਮਨ.......?" "........ ਚਲਾ ਗਿਆ ਯੂਨੀਵਰਸਿਟੀ। ਫੀਸ ਵੀ ਲੈ ਗਿਆ......!" ਰਾਣੀ ਸਫਲਤਾ ਦੇ ਰੌਂਅ ’ਚ ਮੁਸਕਰਾਈ।

ਰੁਪਿੰਦਰ ਦੇ ਕਸੇ ਹੋਏ ਭਰਵੱਟੇ ਢਿੱਲੇ ਹੋਏ ਤੇ ਉਸਨੇ ਰਾਣੀ ਵੱਲ ਵੇਖਿਆ, "........ਡਾਕਟਰ ਕਹਿੰਦਾ ਛਾਲਾ ਤਾਂ ਲੱਗਭਗ ਸੁੱਕਿਆ ਪਿਐ।"

"....... ਮੈਂ ਤਾਂ ਤੁਹਾਨੂੰ ਪਹਿਲਾਂ ਈ ਕਿਹਾ ਸੀ, ਬਈ, ਦਰਦ ਤਾਂ ਥੋਡਾ ਵਹਿਮ ਐ!"

"......... ਜ਼ਖਮ ਡੂੰਘਾ ਸੀ, ਰਾਣੀ,......... ਮੈਨੂੰ ਡਰ ਸੀ ਦੁਬਾਰਾ ਨਾ ਉਚੜ ਪਏ........!"