੨

ਰਾਜੇ ਦਾ ਮੁੰਡਾ ਤੇ ਮਣੀ

ਪੁਰਾਣੇ ਸਮੇਂ ਦੀ ਗੱਲ ਹੈ ਕਿ ਕਿਸੇ ਦੇਸ਼ ਵਿਚ ਇਕ ਰਾਜਾ ਰਾਜ ਕਰਦਾ ਸੀ। ਉਸ ਦਾ ਸਿਰਫ ਇਕੋਂ ਇਕ ਪੁੱਤਰ ਸੀ।

ਰਾਜੇ ਦਾ ਮੁੰਡਾ ਬੜਾ ਸੁੱਸਤ ਸੀ। ਜਦੋਂ ਉਸ ਨੂੰ ਪੜਨ ਭੇਜਿਆ ਜਾਂਦਾ ਤਾਂ ਉਹ ਰਸਤੇ ਵਿਚੋਂ ਘਰ ਮੁੜ ਆਉਂਦਾ ਤੇ ਜੇ ਸਕੂਲ ਜਾਂਦਾ ਵੀ ਤਾਂ ਕੰਮ ਕਦੇ ਨਹੀਂ ਸੀ ਕਰਦਾ। ਉਹ ਹਰ ਸਾਲ ਫੇਲ ਹੀ ਹੁੰਦਾ ਰਹਿੰਦਾ। ਅਖੀਰ ਪ੍ਰੈਮਰੀ ਵਿਭਾਗ ਵਿੱਚ ਹੀ ਨੂੰ ਉਸ ਦੀ ਉਮਰ ਵੱਡੀ ਹੋ ਗਈ।

ਰਾਜੇ ਨੇ ਗੱਲ ਜਾਂਚ ਲਈ, ਕਿ ਹੁਣ ਇਸ ਨੇ ਪੜ੍ਹਨਾ ਨਹੀਂ। ‌‌‍ਰਿਾਜੇ ਨੇ ਆਪਣੀ ਰਾਣੀ ਨਾਲ ਰਾਇ ਕਰ ਲਈ ਕਿ ਆਪਾਂ ਮੁੰਡੇ ਨੂੰ ਕਸੇ ਬਿਉਪਾਰ ਵਿਚ,ਪਾ ਦੇਈਏ। ਰਾਜੇ ਨੇ ਜਦੋਂ ਆਪਣੇ ਮੁੰਡੇ ਨੂੰ ਪੜ੍ਹਾਈ ਛੱਡ ਕੇ ਬਿਉਪਾਰ ਕਰਨ ਲਈ ਕਿਹਾ ਤਾਂ ਉਹ ਰਜ਼ਾਮੰਦ ਹੋ ਗਿਆ ਪਰ ਉਸ ਨੇ ਸ਼ਰਤ ਇਹ ਰੱਖੀ ਕਿ ਮੈਂ ਆਪਣਾ ਕਾਰੋਬਾਰ ਕਿਸੇ ਬਾਹਰ ਸ਼ਹਿਰ ਵਿਚ ਚਾਲੂ ਕਰਾਂਗਾ।

ਰਾਜਾ ਅਤੇ ਰਾਣੀ ਰਜ਼ਾਮੰਦ ਹੋ ਗਏ। ਮੁੰਡੇ ਨੇ ਚਾਰ ਸ ਰੁਪੈ ਮੰਗੇ। ਰਾਜੇ ਨੇ ਚਾਰ ਸੌ ਰੁਪੈ ਦੇ ਦਿੱਤੇ। ਉਨ੍ਹਾਂ ਦਿਨਾਂ ਵਿਚ ਚਾਰ ਸੌ ਰੁਪੈ ਦਾ ਬਹੁਤ ਕੁਝ ਆ ਜਾਂਦਾ ਸੀ।

ਰਾਜੇ ਦੇ ਮੁੰਡੇ ਨੇ ਤਿੰਨ ਸੌ ਰੁਪੈ ਤਾਂ ਲੈ ਕੇ ਘਰ ਦਿਆਂ ਤੋਂ ਚੋਰੀ ਲੁਕੋ ਕੇ ਘਰ ਹੀ ਰੱਖ ਦਿਤੇ। ਸੌ ਰੁਪੀਈਆ ਲੈ ਕੇ ਬਾਹਰ ਚਲਾ ਗਿਆ। ਜਦੋਂ ਉਹ ਅਗਲੇ ਪਿੰਡ ਵਿਚ ਗਿਆ ਤਾਂ ਅਗੇ ਮਦਾਰੀ ਤਮਾਸ਼ਾ ਕਰ ਰਿਹਾ ਸੀ। ਰਾਜੇ ਦਾ ਮੁੰਡਾ ਤਮਾਸ਼ਾ ਦੇਖ ਕੇ ਖਲੋ ਗਿਆ।

ਮਦਾਰੀ ਕੋਲ ਇਕ ਚੂਹਾ ਸੀ। ਮਦਾਰੀ ਜੋ ਵੀ ਕੰਮ ਉਸ ਚੂਹੇ ਨੂੰ ਕਰਨ ਲਈ ਆਖਦਾ ਤਾਂ ਚੂਹਾ ਉਸੇ ਕੰਮ ਨੂੰ ਫਟ ਦੇਣੇ ਕਰ ਦਿਦਾ। ਚੂਹਾ ਉਸ ਮੁੰਡੇ ਨੂੰ ਬੜਾ ਪਿਆਰਾ ਲਗਿਆ। ਉਸ ਨੇ ਮਦਾਰੀ ਤੋਂ ਪੁਛਿਆ "ਕਿਉਂ ਬਾਈ ਚੂਹਾ ਵੇਚਣੈ"

"ਵੇਚ ਦਵਾਂਗੇ" ਮਦਾਰੀ ਨੇ ਉੱਤਰ ਦਿਤਾ। ਰਾਜੇ ਦੇ ਮੁੰਡੇ ਨੇ ਪੁਛਿਆ "ਇਹਦਾ ਕੀ ਮੁੱਲ ਹੈ?"

"ਇਕ ਸੌ ਰੁਪਈਆ" ਮਦਾਰੀ ਨੇ ਉੱਤਰ ਦਿੱਤਾ।

ਰਾਜੇ ਦੇ ਮੁੰਡੇ ਨੇ ਪਾਧਾ ਨਾ ਪੁਛਿਆ। ਸੌ ਰੁਪੈ ਦੇ ਕੇ ਚੂਹਾ ਚੁੱਕ ਲਿਆ ਉਸ ਨੇ ਆਪਣੇ ਘਰ ਲੈ ਆਂਦਾ ਤੇ ਘਰ ਛੱਡ ਦਿਤਾ। ਚੂਹੇ ਨੂੰ ਉਸਨੇ ਆਖਿਆ ਤੂੰ ਏਥੇ ਹੀ ਰਹਿਣਾ ਹੋਵੇਗਾ। ਚੂਹਾ ਉਸ ਦੇ ਘਰ ਰਿਹਾ।

ਦੂਜੇ ਦਿਨ ਰਾਜੇ ਦੇ ਮੁੰਡੇ ਨੇ ਤਿੰਨ ਸੌ ਰੁਪੈ ਵਿਚੋਂ ਇਕ ਸੌ ਰੁਪਈਆ ਹੋਰ ਚੁੱਕ ਲਿਆ ਤੇ ਬਾਹਰ ਨੂੰ ਚਲਾ ਗਿਆ।

ਜਦੋਂ ਉਹ ਨਾਲ ਦੇ ਪਿੰਡ ਗਿਆ ਤਾਂ ਇਕ ਝਿਊਰ ਦੇ ਘਰ ਲੱਸੀ ਪੀਣ ਲਈ ਠਹਿਰ ਗਿਆ। ਝਿਊਰ ਨੇ ਉਸ ਨੂੰ ਲੱਸੀ ਪਿਲਾ ਦਿਤੀ। ਐਨੇ ਨੂੰ ਉਸ ਮੁੰਡੇ ਨੇ ਕੀ ਵੇਖਿਆ ਕਿ ਝਿਊਰ ਕੋਲ ਇਕ ਬਿੱਲੀ ਹੈ। ਝਿਊਰ ਉਸ ਬਿੱਲੀ ਨੂੰ ਜਿਵੇਂ ਵੀ ਆਖੇ ਉਹ ਬਿੱਲੀ ਉਸੇ ਤਰ੍ਹਾਂ ਉਸ ਦੇ ਆਖੇ ਲੱਗੇ।

ਰਾਜੇ ਦੇ ਮੁੰਡੇ ਨੂੰ ਬਿੱਲੀ ਬਹੁਤ ਪਿਆਰੀ ਲੱਗੀ। ਝਿਊਰ ਤੋਂ ਉਸ ਨੇ ਪੁਛਿਆ "ਕਿਉਂ ਬਈ ਭਗਤਾ" ਬਿੱਲੀ ਵਕਾਉ ਹੈ।"

"ਵੇਚ ਦਿਆਂਗੇ ਸਰਦਾਰ ਜੀ" ਝਿਊਰ ਨੇ ਉੱਤਰ ਦਿਤਾ!

"ਕੀ ਮੁਲ ਹੈ ਬਿੱਲੀ ਦਾ"। ਰਾਜੇ ਦੇ ਲੜਕੇ ਨੇ ਪੁਛਿਆ।

"ਇਕੋ ਗੱਲ ਕਰਾਂ ਸ੍ਰਦਾਰ ਜੀ" ਦਿਲ ਦੀ ਆਖਦੇ ਝਿਊਰ ਨੇ ਰਾਜੇ ਦੇ ਮੁੰਡੇ ਨੂੰ ਪੱਕੀ ਰਾਏ ਕਰਨੀ ਚਾਹੀ।

ਮੁੰਡਾ ਬੋਲਿਆ "ਹਾਂ ਬਈ ਇੱਕ ਗੱਲ ਕਰੀਂ ਜੋ ਕੁਝ ਲੈਣੈ।"

"ਰੁਪਈਆ ਸੌ ਲਵਾਂਗਾ।" ਝਿਊਰ ਨੇ ਗੱਲ ਮੁਕਾਂਦੇ ਕਿਹਾ।

ਰਾਜੇ ਦੇ ਮੁੰਡੇ ਨੇ ਕੋਈ ਹੀਲ ਹੁਜਤ ਨਾ ਕੀਤੀ ਬਦਲਣ ਦੀ ੧ ਸੌ ਦਾ ਨੋਟ ਕੱਢ ਕੇ ਝਿਊਰ ਨੂੰ ਦੇ ਦਿਤਾ ਅਤੇ ਬਿੱਲੀ ਲੈ ਕੇ ਘਰ ਆ ਗਿਆ। ਮੁੰਡੇ ਨੇ ਘਰੋਂ ਇਕ ਸੌ ਰੁਪੈ ਹੋਰ ਲੈ ਲਏ ਤੇ ਬਿੱਲੀ ਘਰ ਛੱਡ ਦਿੱਤੀ। ਜਦੋਂ ਉਹ ਪਿੰਡੋਂ ਨਿਕਲਿਆ ਤਾਂ ਕੀ ਵੇਖਦਾ ਹੈ ਕਿ ਉਸ ਦੇ ਅਗੇ ਅਗੇ ਦੋ ਸ਼ਿਕਾਰੀ ਜਾ ਰਹੇ ਸਨ ਜਿਨ੍ਹਾਂ ਕੋਲੋਂ ਇਕ ਕੁੱਤਾ ਸੀ ਜੋ ਕਿ ਬਹੁਤ ਹੀ ਸੋਹਣਾ ਸੀ। ਸ਼ਿਕਾਰੀ ਉਸ ਕੁੱਤੇ ਨੂੰ ਜਿਵੇਂ ਵੀ ਆਖਦੇ ਉਹ ਉਸੇ ਤਰ੍ਹਾਂ ਹੀ ਕਰਦਾ। ਰਾਜੇ ਦੇ ਮੁੰਡੇ ਨੂੰ ਉਹ ਕੁੱਤਾ ਬਹੁਤ ਚੰਗਾ ਲੱਗਾ। ਸ਼ਿਕਾਰੀਆਂ ਪਾਸੋਂ ਉਸ ਨੇ ਕੁੱਤੇ ਦਾ ਮੁੱਲ ਪੁਛਿਆ। ਸ਼ਿਕਾਰੀਆਂ ਸੌ ਰੁਪਈਆ ਮੰਗਿਆ। ਰਾਜੇ ਦੇ ਮੁੰਡੇ ਨੇ ਸੌ ਰੁਪਈਆਂ ਦੇ ਦਿਤਾ ਤੇ ਕੁੱਤਾ ਲੈ ਕੇ ਘਰ ਆ ਗਿਆ।

ਅਖੀਰ ਨੂੰ ਉਸ ਨੇ ਚੌਥਾਂ ਸੌ ਵੀ ਚੁੱਕ ਲਿਆ। ਤੇ ਜਦੋਂ ਉਹ ਨਾਲ ਦੇ ਪਿੰਡ ਗਿਆ ਤਾਂ ਉਥੇ ਇਕ ਜੋਗੀ ਖੇਡਾਂ ਕਰ ਰਿਹਾ ਸੀ। ਰਾਜੇ ਦਾ ਮੁੰਡਾ ਸੱਪ ਦੇ ਕਰਤਵ ਵੇਖ ਕੇ ਦੰਗ ਰਹਿ ਗਿਆਂ ਉਸ ਨੇ ਜੋਗੀ ਤੋਂ ਪੁਛਿਆ "ਕਿਉ ਬਈ ਭਗਤਾ। ਸੱਪ ਵੇਚਣੈ।"

"ਵੇਚ ਦਿਆਂਗੇ ਜੀ"। ਜੋਗੀ ਨੇ ਉੱਤਰ ਦਿੱਤਾ।

"ਲੈਣਾ ਦੇਣਾ ਕੀ ਕੁਸ਼ ਐ ਫੇਰ।" ਮੁੰਡੇ ਨੂੰ ਪੁਛਿਆ।

"ਇਕ ਸੌ ਰੁਪਈਆ ਲੈ ਲਵਾਂਗੇ ਸਰਦਾਰ ਜੀ ਜੇ ਤੁਸੀਂ ਸੌਦਾ ਮਾਰਨਾ ਈਂ ਏਂ।" ਜੋਗੀ ਨੇ ਆਖਿਆ।

"ਸੌ ਰੁਪਈਆ ਤਾਂ ਬਹੁਤੈ ਯਾਰ ਸੱਪਾਂ ਦਾ ਕੀ ਐ ਔਥੋਂ ਬੇਲਿਆਂ ਚੋਂ ਜਾਕੇ ਜਿਤਨੇ ਮਰਜ਼ੀ ਫੜ ਲੈ। ਮੁੰਡੇ ਨੇ ਮੁੱਲ ਘੱਟ ਕਰਨ ਲਈ ਹੀਆ ਕੀਤਾ।

"ਵੇਖੋ ਸਰਦਾਰ ਜੀ ਸਾਨੂੰ ਤਾਂ ਏਹੋ ਰਾਜ ਤਖਤ ਹੈ। ਜਿਸ ਨਾਲ ਅਸੀਂ ਫੱਕਾ ਫੱਕਾ ਦਾਣੇ ਮੰਗ ਕੇ ਪੇਟ ਪੂਜਾ ਕਰ ਲੈਣੀ ਹੋਈ।" ਜੋਗੀ ਨੇ ਆਖਿਆ ਤੇ ਗੱਲ ਵਿਚ ਦਿਲਚਸਪੀ ਘੱਟ ਕਰ ਦਿੱਤੀ।

ਪਰੰਤੂ ਰਾਜੇ ਦਾ ਮੁੰਡਾ ਸੱਪ ਖਰੀਦ ਲੈਣ ਉਤੇ ਤੁਲ ਗਿਆ ਉਸ ਨੇ ਸੌ ਰੁਪਈਆ ਦੇ ਦਿਤਾ ਅਤੇ ਸੱਪ ਲੈ ਆਂਦਾ।

ਜਦੋਂ ਮੁੰਡਾ ਘਰ ਪੁੱਜਾ ਤਾਂ ਉਸ ਨੇ ਪਟਾਰੀ ਰੱਖ ਕੇ ਆਪਣੀ ਮਾਂ ਨੂੰ ਆਖਿਆ, "ਮਾਤਾ ਜੀ ਵੇਖੋ ਅੱਗੇ ਜੋ ਮੈਂ ਤਿੰਨੇ ਜਾਨਵਰ ਲਿਆਂਦੇ ਨੇ ਉਨ੍ਹਾਂ ਨਾਲ ਤਾਂ ਜਿਦਾਂ ਮਰਜ਼ੀ ਪਿਆਰ ਕਰੀ ਜਾਣਾ, ਛੇੜੀ ਜਾਣਾ ਪਰ ਅੱਜ ਜਿਹੜਾ ਜਾਨਵਰ ਲਿਆਂਦਾ ਹੈ ਇਸ ਨੂੰ ਨਹੀਂ ਛੇੜਣਾ ਹੋਵੇਗਾ।"

"ਚੰਗਾ ਬੇਟਾ" ਮਾਤਾ ਨੇ ਆਖ ਦਿਤਾ ਤੇ ਹੈਰਾਨ ਹੋਈ। ਜੇ ਮੁੰਡਾ ਨਾ ਆਖਦਾ ਤਾਂ ਬੁੱਢੀ ਸ਼ਾਇਦ ਟੋਕਰੀ ਨਾ ਵੇਖਦੀ। ਪਰੰਤੂ ਹੁਣ ਤਾਂ ਉਸ ਦਾ ਦਿਲ ਕਰਦਾ ਸੀ ਕਿ ਕਦੋਂ ਮੁੰਡਾ ਬਾਹਰ ਨੂੰ ਜਾਵੇ ਤੇ ਕਦੋਂ ਪਟਾਰੀ ਵੇਖਾਂ।

ਅਖੀਰ ਮੁੰਡਾ ਬਾਹਰ ਨੂੰ ਚਲਾ ਗਿਆ। ਬੁੱਢੀ ਨੇ ਦਾਅ ਬਚਾ ਕੇ ਜਾ ਪਟਾਰੀ ਦਾ ਢੱਕਣ ਚੁਕਿਆ। ਸੱਪ ਨੇ ਕ੍ਰੋਧ ਨਾਲ ਫਰਾਟਾ ਮਾਰਿਆ ਤਾਂ ਬੁੱਢੀ ਬੇਹੋਸ਼ ਹੋ ਕੇ ਪਿਛੇ ਡਿੱਗ ਪਈ ਅਤੇ ਉਸ ਨੂੰ ਦੰਦਣ ਪੈ ਗਈ। ਕੁਦਰਤੀ ਮੁੰਡਾ ਵੀ ਛੇਤੀ ਹੀ ਘਰ ਵਾਪਸ ਆ ਗਿਆ ਜਦੋਂ ਉਸ ਵੇਖਿਆ ਕਿ ਬੁੱਢੇ ਨੇ ਤੇ ਪਟਾਰੀ ਖੋਲ ਲਈ ਹੈ ਤੇ ਸੱਪ ਨੇ ਡੰਗ ਮਾਰ ਦਿਤਾ ਹੈ ਉਸ ਨੇ ਭੱਜ ਕੇ ਜਾ ਬੁੱਢੀ ਨੂੰ ਚੁਕਿਆ ਤੇ ਉਸ ਦੇ ਮੂੰਹ ਵਿਚ ਪਾਣੀ ਪਾਇਆ ਤੇ ਦੰਦਣ ਭੰਨੀ।

ਬੁੱਢੀ ਹੋਸ਼ ਵਿਚ ਆਈ ਤਾਂ ਉਸ ਨੇ ਸੱਭ ਤੋਂ ਪਹਿਲਾਂ ਇਹੋ ਗੱਲ ਆਖੀ "ਪੁੱਤ ਇਸ ਜਾਨਵਰ ਨੂੰ ਤਾਂ ਵਾਪਸ ਛੱਡ ਆ ਪਹਿਲੇ ਤਿੰਨੈ ਜਾਨਵਰ ਬੜੀ ਖੁਸ਼ੀ ਨਾਲ ਰੱਖ ਲੈ।"

"ਚੰਗਾ ਮਾਤਾ" ਆਖਕੇ ਮੁੰਡੇ ਨੇ ਪਟਾਰੀ ਚੁੱਕ ਲਈ ਤੇ ਬਾਹਰ ਸੱਪ ਨੂੰ ਛੱਡਣ ਲਈ ਤੁਰ ਪਿਆ।

ਰਾਹ ਵਿਚ ਸੱਪ ਨੇ ਮੁੰਡੇ ਨੂੰ ਆਖਿਆ ਕਿ ਫੁਲਾਣੇ ਢਾਥ ਵਿਚ ਮੇਰੀ ਖੁੱਡ ਹੈ ਤੂੰ ਮੈਨੂੰ ਉਥੇ ਛੱਡ ਕੇ ਆਈਂ ਮੇਰੇ ਨਾਲ ਮੇਰੇ ਘਰ ਚਲੀ ਮੇਰੇ ਦਾਦਾ ਜੀ ਤੈਨੂੰ ਆਖਨ ਗੇ "ਬੱਚਾ ਕੀ। ਮੰਗਦਾ ਹੈਂ।" ਤੂੰ ਆਖੀਂ "ਮਹਾਰਾਜ ਮੈਨੂੰ ਮਣੀ ਦੇ ਦਿਓ।"

'ਚੰਗਾ' ਲੜਕੇ ਨੇ ਆਖਿਆ।

ਇਤਨੇ ਨੂੰ ਉਹ ਖੁਡ ਤੇ ਅਪੜ ਗਏ। ਸੱਪ ਨੇ ਆਖਿਆ। ਤੈਨੂੰ ਕਿਸੇ ਚੀਜ਼ ਤੋਂ ਡਰਨ ਦੀ ਲੋੜ ਨਹੀਂ। ਤੂੰ ਮੇਰੀ ਪੂਛ ਫੜ ਲੈ ਤੇ ਮੇਰੇ ਮਗਰ ਮਗਰ ਖੁੱਡ ਵਿਚ ਤੁਰਦਾ ਆਈਂ ਤੈਨੂੰ ਰੱਸਤੇ ਵਿਚ ਹਰ ਪ੍ਰਕਾਰ ਦੇ ਜੀਵ ਜੰਤੂ ਮਿਲਣਗੇ ਤੂੰ ਉਨ੍ਹਾਂ ਉਤੇ ਪੈਰ ਧਰਦਾ ਤੁਰਿਆ ਆਵੀਂ ਤੈਨੂੰ ਉਹ ਕੁੱਝ ਨਹੀਂ ਆਖਣਗੇ।

ਮੁੰਡੇ ਨੇ ਸੱਪ ਦੀ ਪੂਛ ਫੜ ਲਈ। ਤੇ ਏਸੇ ਤਰ੍ਹਾਂ ਹੀ ਹੋਇਆ ਜਿਵੇਂ ਸੱਪ ਨੇ ਕਿਹਾ ਸੀ। ਰਾਹ ਵਿਚ ਲੱਖਾਂ ਜੀਵ ਜੰਤੂ ਮਿਲੇ। ਮੁੰਡਾ ਉਨ੍ਹਾਂ ਨੂੰ ਮਿਧਦਾ ਹੋਇਆ ਸੱਪ ਦੀ ਪੂਛ ਫੜੀ ਤੁਰਿਆ ਗਿਆ।

ਜਦੋਂ ਸੱਪ ਘਰ ਪੁੱਜਾ ਤਾਂ ਉਸ ਦੇ ਪ੍ਰਵਾਰ ਵਿਚ ਅਨੇਕਾਂ ਖੁਸ਼ੀਆਂ ਹੋਈਆਂ। ਸੱਪ ਦੇ ਦਾਦੇ ਨੇ ਮੁੰਡੇ ਨੂੰ ਬਹੁਤ ਪਿਆਰ ਕੀਤਾ ਤੇ ਸੇਵਾ ਕੀਤੀ ਆਖੀਰ ਆਂਦੇ ਸਮੇਂ ਉਸ ਨੂੰ ਕਿਹਾ 'ਮੰਗ ਬਚਾ ਕੀ ਮੰਗਦਾ ਹੈ।'

'ਬੱਸ ਜੀ ਤੁਹਾਡਾ ਦਿਤਾ ਸੱਭ ਕੁਝ ਹੈ।' ਮੁੰਡੇ ਦੇ ਮੂੰਹੋਂ ਸੁਭਾਵਕ ਹੀ ਨਿਕਲ ਗਿਆ।

ਦੂਜੀ ਬਾਰ ਦਾਦੇ ਨੇ ਫੇਰ ਕਿਹਾ। ਅਤੇ ਰਾਜੇ ਦੇ ਮੁੰਡੇ ਨੇ ਵੀ ਏਹੀ ਜਵਾਬ ਹੀ ਦਿਤਾ।

ਆਖੀਰ ਸੱਪ ਦੇ ਦਾਦੇ ਨੇ ਆਖਿਆ 'ਬੱਚਾ ਤੀਸਰਾ ਬਚਨ ਹੈ ਪਤਾ ਨਹੀਂ ਜੋਗੀ ਨੇ ਏਸ ਨੂੰ ਅਤੇ ਕਿੰਨਾ ਚਿਰ ਦੀ ਕੈਦ ਵਿਚ ਰੱਖਣਾ ਸੀ।'

'ਚੰਗਾ ਜੀ ਫੇਰ ਮੈਨੂੰ ਮਣੀ ਦੇ ਦਿਓ।' ਸੱਪ ਦੇ ਦਾਦੇ ਨੇ ਤੀਸਰੇ ਬਚਨ ਤੇ ਇਹ ਗੱਲ ਆਖੀ ਸੀ। ਇਸ ਕਰਕੇ ਰਾਜੇ ਦੇ ਮੁੰਡੇ ਦੀ ਜੋ ਵੀ ਮੰਗ ਹੁੰਦੀ ਉਸ ਨੂੰ ਪੂਰੀ ਕਰਨੀ ਪੈਣੀ ਸੀ ਕਿਉਂ ਜੋ ਇਹ ਉਨ੍ਹਾਂ ਦੀ ਰੀਤੀ ਸੀ।

'ਊਂ ਅਸੀ ਮਣੀ ਨਹੀਂ ਦਿੰਦੇ ਹੁੰਦੇ ਜਾਨ ਦਿੰਦੇ ਹਾਂ।' ਪਰ ਤੈਨੂੰ ਆਖ ਚੁਕੇ ਹਾਂ।' ਸੱਪ ਦੇ ਦਾਦੇ ਨੇ ਉਸ ਨੂੰ ਮਣੀ ਦਿਤੀ ਤੇ ਸੱਪ ਨੂੰ ਆਖਿਆ ਕਿ ਇਸ ਨੂੰ ਜਾ ਕੇ ਬਾਹਰ ਛੱਡ ਆ। ਸੱਪ ਨੇ ਏਸੇ ਤਰ੍ਹਾਂ ਹੀ ਕੀਤਾ ਰਸਤੇ ਵਿਚ ਉਸ ਨੂੰ ਮਣੀ ਦੇ ਵਰਨਣ ਦਾ ਢੰਗ ਵੀ ਦੱਸ ਦਿਤਾ। ਸਪ ਜਦੋਂ ਰਾਜੇ ਦੇ ਮੁੰਡੇ ਨੂੰ ਛੱਡ ਕੇ ਵਾਪਸ ਪਰਤਣ ਲੱਗਾ ਤਾਂ ਸੱਪ ਨੇ ਆਖਿਆ। 'ਹੇ ਮਹਾਰਾਜ ਇਸ ਮਣੀ ਨੂੰ ਸੱਦਾ ਸੁੱਚੀ ਥਾਂ ਤੇ ਰੱਖਣਾ। ਜਦੋਂ ਕਿਸੇ ਚੀਜ਼ ਦੀ ਲੋੜ ਪਵੇ ਜਾਂ ਤਕਲੀਫ਼ ਪਵੇ ਤਾਂ ਤਾਜ਼ੇ ਪਾਣੀ ਨਾਲ ਨ੍ਹਾ ਕੇ ਗੁਗਲ ਦੀ ਧੂਫ ਇਸ ਮਣੀ ਨੂੰ ਦੇ ਕੇ ਇਸ ਅਗੇ ਪ੍ਰਾਰਥਨਾ ਕਰਦੇ ਹੋਏ ਆਪਣੇ ਮਨ ਦੀ ਇਛਾ ਪਰਗਟ ਕਰੋ। ਤੁਹਾਡਾ ਕੰਮ ਸ਼ੁਧ ਅਤੇ ਮਨ ਦੀ ਮੁਰਾਦ ਪੂਰੀ ਹੋਵੇਗੀ।

ਸੱਪ ਐਤਨੀ ਗੱਲ ਆਖਕੇ ਵਾਪਸ ਚਲਾ ਗਿਆਂ। ਰਾਜੇ ਦੇ ਮੁੰਡੇ ਨੇ ਏਸ ਚੀਜ਼ ਦਾ ਪਰਤਿਆਵਾ ਲੈਣ ਲਈ ਰਾਹ ਵਿਚ ਮਿੱਟੀ ਦੀਆਂ ਚਾਰ ਇੱਟਾਂ ਲੈ ਆਂਦੀਆਂ। ਸੱਪ ਦੇ ਕਹਿਣ ਅਨੁਸਾਰ ਘਰ ਪੁੱਜਕੇ ਮਣੀ ਰੱਖ ਕੇ ਬਚਨ ਕੀਤਾ 'ਕਿ ਇਹ ਇਟਾਂ ਸੋਨੇ ਦੀਆਂ ਬਣ ਜਾਣ।' ਇੱਟਾਂ ਸੋਨੇ ਦੀਆਂ ਬਣ ਗਈਆਂ।

ਰਾਜੇ ਦਾ ਮੁੰਡਾ ਫੁਲਿਆ ਨਾ ਸਮਾਵੇ। ਦਿਨਾਂ ਵਿਚ ਹੀ ਉਸ ਨੇ ਘਰ ਦੀਆਂ ਕੰਧਾਂ ਸੋਨੇ ਦੀਆਂ ਬਣਾ ਦਿਤੀਆਂ ਮੁੰਡੇ ਦਾ ਪਿਓ ਹਰ ਥਾਂ ਹਿੱਕ ਕੱਢ ਕੇ ਗੱਲ ਕਰਨ ਲੱਗ ਪਿਆ। ਹੁਣ ਇਸ ਮੁੰਡੇ ਦੀ ਮਸ਼ਹੂਰੀ ਦੂਰ ਦੂਰ ਰਾਜਿਆਂ ਵਿਚ ਹੋ ਗਈ। ਕਈ ਰਿਸ਼ਤੇ ਕਰਨ ਵਾਲੇ ਆਉਣ ਲੱਗੇ। ਅਖੀਰ ਰਾਜੇ ਦੇ ਮੁੰਡੇ ਦਾ ਮੰਗਣਾ ਇਕ ਹੋਰ ਦੇਸ਼ ਦੇ ਰਾਜੇ ਦੀ ਲੜਕੀ ਨਾਲ ਹੋ ਗਿਆ। ਉਹ ਰਾਜਾ ਵੀ ਬਹੁਤ ਵੱਡੀ ਜਾਇਦਾਦ ਦਾ ਮਾਲਕ ਸੀ। ਜਦੋਂ ਉਸਨੇ ਆਪਣੀ ਨਾਲ ਵਿਆਹ ਧਰਿਆ ਤਾਂ ਚਾਰ ਦਿਨ ਅਗੋਂ ਇਕ ਸਰ੍ਹੋਂ ਦੀ ਬੋਰੀ ਭੇਜ ਦਿਤੀ ਕਿ ਜੇ ਮੁੰਡੇ ਵਿਚ ਕਰਾਮਾਤ ਹੈ ਤਾਂ ਜੰਝ ਵਿਚ ਇਸ ਬੋਰੀ ਦੇ ਦਾਣਿਆਂ ਜਿਤਨੇ ਬੰਦੇ ਆਉਣ ਅਤੇ ਹਰ ਕਿਸਮ ਦੀ ਸਵਾਰੀ ਜ਼ਰੂਰ ਨਾਲ ਹੋਵੇ।

ਰਾਜੇ ਦੇ ਮੁੰਡੇ ਲਈ ਤਾਂ ਮਾਮੂਲੀ ਜਹੀ ਗੱਲ ਸੀ। ਜੰਝ ਜਾਣ ਤੋਂ ਇਕ ਦਿਨ ਅਗੋਂ ਉਸ ਨੇ ਸਾਰੀ ਚੀਜ਼ ਤਿਆਰ ਕਰ ਲਈ ਹਰ ਕਿਸਮ ਦੀਆਂ ਸਵਾਰੀਆਂ, ਰੇਲਾਂ, ਮੋਟਰਾਂ, ਰੱਥ, ਹਵਾਈ ਜਹਾਜ਼ ਆਦਿ ਸੱਭ ਸਵਾਰੀਆਂ ਕਾਇਮ ਕਰ ਲਏ।

ਜੰਝ ਢੁੱਕ ਪਈ। ਰਾਤ ਨੂੰ ਰਾਜੇ ਦੇ ਮੁੰਡੇ ਤੇ ਉਸ ਦੀ ਮੰਗੇਤ੍ਰ ਨੂੰ ਇਕ ਸਪੈਸ਼ਲ ਕਮਰਾ ਗੱਲਾਂ ਕਰਨ ਲਈ ਦਿੱਤਾ ਗਿਆ ਜਿਵੇਂ ਕਿ ਉਸ ਸਮੇਂ ਰਾਜਿਆਂ ਦੇ ਆਮ ਰਵਾਜ਼ ਹੁੰਦਾ ਸੀ ਰਾਜੇ ਦੇ ਮੁੰਡੇ ਨੇ ਮਣੀ ਉਸ ਵੇਲੇ ਚੀਚੀ ਵਿਚ ਪਾਈ ਹੋਈ ਸੀ। ਰਾਤ ਨੂੰ ਲੜਕੀ ਨੇ ਪੁਛਿਆ 'ਜੀ ਐਹ ਕੀ ਚੀਜ਼ ਹੋਈ'

ਇਹ ਸਾਰੀਆਂ ਏਸੇ ਦੀਆਂ ਹੀ ਮਿਹਰਬਾਨੀਆਂ ਨੇ।' ਰਾਜੇ ਦੇ ਮੁੰਡੇ ਨੇ ਕੁਝ ਘੁਮੰਡ ਜੇਹੇ ਨਾਲ ਕਰਿ ਦਿਤਾ ਆਖੀਰ ਉਸ ਨੇ ਕੁੜੀ ਦੇ ਪੁੱਛਣ ਤੇ ਉਤੇ ਬਚਨ ਕਰਨ ਦੇ ਸਾਰੇ ਢੰਗ ਦਸ ਦਿਤੇ।

ਰਾਜੇ ਦੀ ਕੁੜੀ ਦੀ ਉਸ ਸ਼ਹਿਰ ਦੇ ਇਕ ਸੁਨਿਆਰ ਨਾਲ ਗਲਬਾਤ ਸੀ। ਰਾਤ ਨੂੰ ਜਦੋਂ ਰਾਜੇ ਦਾ ਮੁੰਡਾ ਸੌਂ ਗਿਆ ਤਾਂ ਉਹ ਸੁਨਿਆਰ ਕੋਲ ਗਈ ਤੇ ਉਸ ਨੇ ਉਸ ਨੂੰ ਸਾਰੀ ਕਹਾਣੀ ਸੁਣਾਈ। ਸੁਨਿਆਰ ਬਹੁਤ ਖੁਸ਼ ਹੋਇਆ। ਉਨ੍ਹਾਂ ਨੇ ਇਕ ਆਜੜੀ ਕੋਲੋਂ ਜਾਕੇ ਇਕ ਨਿੱਕਾ ਜੇਹਾ ਪਠਾਰੂ ਲੈ ਆਂਦਾ ਤੇ ਉਸ ਨੂੰ ਝੱਟਕ ਕੇ ਨਿੱਕੀਆਂ ਨਿੱਕੀਆਂ ਬੋਟੀਆਂ ਕਰ ਲਈਆਂ। ਮਣੀ ਉਸ ਦੇ ਹੱਥ ਵਿਚੋਂ ਕੱਢ ਲਈ। ਬੋਟੀਆਂ ਉਸ ਦੇ ਮੰਜੇ ਤੇ ਖਿੰਡਾ ਦਿਤੀਆਂ। ਰਾਜੇ ਦੀ ਕੁੜੀ ਨੇ ਇਸ਼ਨਾਨ ਕੀਤਾ। ਇਕ ਪਲੰਘ ਉਤੇ ਸੁਨਿਆਰ ਨੂੰ ਬੈਠਾ ਲਿਆ ਤੇ ਆਪ ਬੈਠ ਗਈ। ਮਣੀ ਨੂੰ ਧੂਫ ਦੇ ਕੇ ਬਚਨ ਕੀਤਾ।

'ਹੇ ਬਾਸ਼ਕ ਨਾਗ ਦੀਏ ਮਣੀਏਂ! ਸਾਡਾ ਪਲੰਘ ਸਮੁੰਦਰ ਤੋਂ ਪਾਰ ਚਲਾ ਜਾਵੇ।' ਪਲੰਘ ਹਵਾਈ ਜਹਾਜ਼ ਵਾਂਗ ਬੜੀ ਤੇਜ਼ੀ ਨਾਲ ਉੱਡ ਕੇ ਸਮੁੰਦਰ ਤੋਂ ਪਾਰ ਪੁੱਜ ਗਿਆ।

ਏਧਰ ਦਿਨ ਚੜਿਆ। ਬਰਾਤ ਉਠੀ ਅਨੰਦ ਕਾਰਜ ਲਈ ਲੜਕਾ ਅਤੇ ਲੜਕੀ ਨੂੰ ਸੱਦਾ ਭੇਜਿਆ। ਜਦੋਂ ਕਮਰੇ ਵਿਚ ਜਾ ਕੇ ਵੇਖਿਆ ਤਾਂ ਰਾਜੇ ਦਾ ਮੁੰਡਾ ਮੰਜੇ ਉਤੇ ਬੈਠਾ ਬਿਤਰ ਬਿਤਰ ਵੇਖ ਰਿਹਾ ਸੀ। ਮਾਸ ਦੀਆਂ ਬੋਟੀਆਂ ਉਸ ਦੇ ਮੰਜੇ ਤੇ ਪਈਆਂ ਸਨ। ਹੌਲੀ ਹੌਲੀ ਇਹ ਗੱਲ ਉਸ ਕੁੜੀ ਦੇ ਪਿਉ ਕੋਲੇ ਚਲੀ ਗਈ। ਉਸ ਨੇ ਸਾਰੀ ਜੰਞ ਨੂੰ ਵਾਪਸ ਭੇਜ ਦਿੱਤਾ ਅਤੇ ਰਾਜੇ ਦੇ ਮੁੰਡੇ ਨੂੰ ਫੜਕੇ ਹਵਾਲਾਤ ਵਿਚ ਦੇ ਦਿੱਤਾ।

ਰਾਜਾ ਆਪ ਰੋਂਦਾ ਪਿਟਦਾ ਬੂਟੀਆਂ ਪੁਟਦਾ ਘਰ ਆਣ ਵੜਿਆ। ਰੰਗ ਵਿਚ ਭੰਗ ਪੈ ਗਿਆ। ਮੁੰਡੇ ਦੀ ਮਾਂ ਨੇ ਆਖਿਆ 'ਮਹਾਰਾਜ ਅਗੇ ਇਕ ਜਾਨਵਾਰ ਨੇ ਪਿਟਣੇ ਪਾਏ ਨੇ ਇਹ ਤਿੰਨ ਜਾਨਵਰ ਵੀ ਆਪਾਂ ਬਾਹਰ ਛੱਡ ਆਉ।

ਰਾਜਾ ਉਹਨਾਂ ਜਾਨਵਰਾਂ ਨੂੰ ਬਾਹਰ ਛੱਡ ਆਇਆ। ਜਾਨਵਰ ਤਿੰਨ ਬਹੁਤ ਸਿਆਣੇ ਸਨ। ਉਹ ਸਾਰੀਆਂ ਗੱਲਾਂ ਸੁਣਦੇ ਰਹੇ ਸਨ। ਉਹ ਤਿੰਨ ਜਣੇ ਤੁਰਦੇ ਤੁਰਦੇ ਉਸ ਜੇਲ੍ਹ ਕੋਲੋਂ ਪੁਜ ਗਏ ਜਿਥੇ ਉਨ੍ਹਾਂ ਦਾ ਮਾਲਕ ਹਵਾਲਾਟ ਕਰ ਦਿਤਾ ਸੀ।

ਕੁੱਤੇ ਨੇ ਚੂਹੇ ਨੂੰ ਭੇਜਿਆ ਕਿ ਤੂੰ ਖਬਰ ਲੈ ਕੇ ਆ। ਚੂਹਾ ਗਿਆ ਤੇ ਜਾ ਕੇ ਆਪਣੇ ਮਾਲਕ ਦੇ ਹੱਥ ਤੇ ਬੈਠ ਗਿਆ ਮਾਲਕ ਨੇ ਉਸ ਨੂੰ ਪਿਆਰ ਦੇ ਕੇ ਪੁਛਿਆ 'ਕਿਉਂ ਹੋ ਕੋਈ ਉਪਾ?

'ਉਪਾ ਕਰਨ ਖਾਤਰ ਜਾ ਰਹੇ ਹਾਂ।' ਆਖਕੇ ਚੂਹਾ ਤੁਰ ਪਿਆ ਤੇ ਬਾਹਰ ਕੁੱਤੇ ਹੋਰਾਂ ਕੋਲੇ ਪੁੱਜ ਗਿਆ। ਉਹ ਤੁਰ ਪਏ ਕਈ ਦਿਨ ਤੁਰਦੇ ਗਏ। ਅਖੀਰ ਇਕ ਸਮੁੰਦਰ ਦਾ ਕਿਨਾਰਾ ਆ ਗਿਆ। ਕੁੱਤੇ ਨੇ ਚੂਹੇ ਅਤੇ ਬਿੱਲੀ ਨੂੰ ਆਪਣੀ ਪਿੱਠ ਤੇ ਬਠਾ ਲਿਆ ਅਤੇ ਸਮੁੰਦਰ ਵਿਚ ਤਰਨਾ ਸ਼ੁਰੂ ਕਰ ਦਿਤਾ।

ਉਹ ਸਮੁੰਦਰ ਲੰਘ ਗਏ। ਅਖੀਰ ਉਨ੍ਹਾਂ ਜਾਂਦਿਆਂ ਨੂੰ ਇਕ ਕੋਠੀ ਕੋਲ ਰਾਤ ਪੈ ਗਈ ਜੋ ਕੋਠੀ ਉਸ ਥਾਂ ਨਵੇਕਲੀ ਜੇਹੀ ਥਾਂ ਤੇ ਸੀ। ਉਹ ਤਿੰਨੇ ਜਣੇ ਕੋਠੀ ਦੇ ਪਿਛੇ ਬੈਠ ਗਏ ਤੇ ਅੰਦਰੋਂ ਗੱਲਾਂ ਦੀਆਂ ਇਉਂ ਅਵਾਜ਼ਾਂ ਆ ਰਹੀਆਂ ਸਨ।

'ਜੀ ਤੁਸੀਂ ਮਣੀ ਕਿੱਥੇ ਰਖਦੇ ਹੁੰਦੇ ਹੋ।' ਔਰਤ ਦੀ ਆਵਾਜ਼ ਸੀ। ਉਹ ਤਾਂ ਆਪ ਦੀ ਚੀਹਚੀ ਵਿਚ ਰੱਖਦਾ ਹੁੰਦਾ ਸੀ।

'ਮੈਂ ਤਾਂ ਸੰਘ ਵਿਚ ਰਖਦਾ ਹਾਂ।' ਆਦਮੀ ਦੀ ਆਵਾਜ਼ ਸੀ।

ਤਿੰਨੇ ਜਾਨਵਰ ਬੜੇ ਸਿਆਣੇ ਸਨ। ਉਨ੍ਹਾਂ ਨੇ ਸਾਰੀ ਵਿਥਿਆ ਸਮਝ ਲਈ। ਚੂਹੇ ਨੇ ਆਖਿਆ ਹੁਣ ਕੀ ਉਪਾ ਬਣੇ। ਕੁੱਤਾ ਤੇ ਬਿੱਲੀ ਸੋਚੀਂ ਪੈ ਗਏ। ਅਖੀਰ ਚੂਹੇ ਨੂੰ ਸੁੱਝ ਪਈ। ਚੂਹਾ ਬੋਲਿਆ-ਮੈਂ ਤੇ ਬਿੱਲੀ ਜਾਵਾਂਗੇ। ਜਦੋਂ ਉਹ ਸੌਂ ਗਏ ਤਾਂ, ਮੈਂ ਉਸ ਆਦਮੀ ਜਿਸ ਦੇ ਸੰਘ ਵਿਚ ਮਣੀ ਹੈ, ਦੀ ਹਿੱਕ ਤੇ ਬੈਠ ਕੇ ਨੱਕ ਵਿਚ ਪੂਛ ਦੇ ਦੇਵਾਂਗਾ। ਉਸ ਨੂੰ ਨਿੱਛ ਆਵੇਗੀ। ਮਣੀ ਨਿਕਲ ਕੇ ਬਾਹਰ ਡਿੱਗ ਪਵੇਗੀ। ਬਿੱਲੀ ਚੁੱਕ ਲਵੇਗੀ ਤੇ ਅਸੀਂ ਬਾਹਰ ਆ ਜਾਵਾਂਗੇ। ਤਿੰਨੇ ਜਣੇ ਰਜ਼ਾਮੰਦ ਹੋ ਗਏ।

ਕੋਈ ਪਹਿਰ ਕੁ ਰਾਤ ਲੰਘੀ, ਅੰਦਰੋ ਘੁਰਾੜਿਆਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਚੂਹਾ ਤੇ ਬਿੱਲੀ ਦੋਵੇਂ ਅੰਦਰ ਗਏ। ਚੂਹੇ ਨੇ ਏਸ ਤਰ੍ਹਾਂ ਹੀ ਕੀਤਾ। ਜਦੋਂ ਹਿੱਕ ਤੇ ਬੈਠ ਕੇ ਉਸ ਦੇ ਨੱਕ ਵਿਚ ਪੂਛ ਦਿਤੀ ਤਾਂ ਉਸ ਨੂੰ ਨਿੱਛ ਆਈ। ਮਣੀ ਨਿਕਲ ਕੇ ਬਾਹਰ ਡਿੱਗ ਪਈ, ਬਿੱਲੀ ਨੂੰ ਮਣੀ ਲੱਭ ਨਾ ਸਕੀ। ਚੂਹੇ ਨੇ ਝੱਟ ਉਤਰ ਕੇ ਮਣੀ ਚੁੱਕੀ ਅਤੇ ਬਾਹਰ ਆ ਗਏ। ਉਹ ਬਹੁਤ ਖੁਸ਼ ਸਨ। ਚੂਹੇ ਨੇ ਮਣੀ ਕੁੱਤੇ ਨੂੰ ਫੜਾ ਦਿਤੀ ਉਹ ਤੁਰ ਪਏ ਆਖੀਰ ਉਸੇ ਸਮੁੰਦਰ ਤੇ ਆ ਗਏ ਜਿਸ ਨੂੰ ਉਹ ਲੰਘਕੇ ਗਏ ਸਨ। ਕੁੱਤੇ ਨੇ ਉਸੇ ਤਰ੍ਹਾਂ ਬਿੱਲੀ ਚੂਹੇ ਨੂੰ ਆਪਣੀ ਪਿੱਠ ਤੇ ਬੈਠਾ ਲਿਆ। ਮਣੀ ਕੁੱਤੇ ਦੇ ਮੂੰਹ ਵਿਚ ਸੀ। ਜਦੋਂ ਉਹ ਕਿਨਾਰੇ ਦੇ ਕੋਲ ਪੁੱਜੇ ਤਾਂ ਅੱਗੇ ਇਕ ਹੋਰ ਕੁੱਤਾ ਖਲੋਤਾ ਸੀ। ਕੁੱਤਾ ਉਸ ਕੁੱਤੇ ਨੂੰ ਵੇਖ ਕੇ ਭੌਂਕ ਉਠਿਆ ਮਣੀ ਮੂੰਹ ਵਿਚੋਂ ਨਿਕਲ ਕੇ ਸਮੁੰਦਰ ਵਿਚ ਡਿੱਗ ਪਈ।

ਚੂਹੇ ਨੇ ਦੋ ਟੁੱਭੀਆਂ ਲਾਈਆਂ। ਪਰ ਮਣੀ ਨਾ ਨਿਕਲ ਸਕੀ। ਤੀਜੀ ਟੁਬੀ ਨੂੰ ਚੂਹਾ ਮਣੀ ਕੱਢ ਲਿਆਇਆ। ਜਦੋਂ ਉਸ ਕੁੱਤੇ ਨੂੰ ਫੜਾਣ ਲੱਗਾ ਤਾਂ ਇਕ ਇਲ੍ਹ ਆਈ ਉਹ ਮਣੀ ਖੋਹਕੇ ਲੈ ਗਈ। ਹੁਣ ਉਨ੍ਹਾਂ ਦੇ ਹੌਂਸਲੇ ਕੁਝ ਮੱਠੇ ਪੈ ਗਏ। ਪ੍ਰੰਤੂ ਉਨ੍ਹਾਂ ਨੇ ਇਲ੍ਹ ਵਲ ਅੱਖ ਰੱਖੀ।

ਇਲ੍ਹ ਥੋੜੀ ਦੀ ਦੂਰ ਜਾ ਕੇ ਇਕ ਦਰਖ਼ਤ ਤੇ ਬੈਠ ਗਈ ਚੂਹੇ ਨੇ ਕੁੱਤੇ ਨੂੰ ਕਿਹਾ ਕਿ ਜੇ ਤੂੰ ਦਰਖ਼ਤ ਤੇ ਚੜ੍ਹਿਆ ਜੇ ਬਿੱਲੀ ਚੜ੍ਹੀ ਤਾਂ ਉਹ ਉਡ ਜਾਵੇਗੀ ਜੇ ਮੈਂ ਗਿਆ ਤਾਂ ਭੋਜਨ ਬਣ ਜਾਵੇਗਾ। ਅਖੀਰ ਚੂਹੇ ਨੂੰ ਸੁਝ ਪਈ। ਚੂਹੇ ਨੇ ਆਖਿਆ ਕਿ ਔਹ ਦੋ ਕੋਲੇ ਕੋਲੇ ਝਾੜੀ ਹਨ। ਮੈਂ ਉਨ੍ਹਾਂ ਦੇ ਵਿਚਕਾਰ ਸਾਹ ਘੜੀਸਕੇ ਪੈ ਜਾਂਦਾ ਹਾਂ। ਇਲ੍ਹ ਮੈਨੂੰ ਖਾਣ ਲਈ ਚੁੱਕਣ ਆਵੇਗੀ ਤੁਸੀਂ ਝਾੜੀਆਂ ਉਹਲੇ ਲੁਕ ਕੇ ਬੈਠ ਜਾਵੇ ਜਦੋਂ ਇਲ੍ਹ ਆਵੇ ਤੁਸੀਂ ਦੱਬ ਲੈਣਾ।

ਏਸੇ ਤਰ੍ਹਾਂ ਹੋਇਆ ਚੂਹਾ ਪੈ ਗਿਆ। ਬਿੱਲੀ ਤੇ ਕੁੱਤਾ ਝਾੜੀਆਂ ਉਹਲੇ ਛੁਪ ਕੇ ਬੈਠ ਕੇ ਜਦੋਂ ਇਲ੍ਹ ਆਈ ਤਾਂ ਬਿੱਲੀ ਨੇ ਛਾਲ ਮਾਰ ਕੇ ਝੱਠ ਲਈ ਅਤੇ ਗਰਦਨ ਮਰੋੜ ਸੁੱਟੀ। ਮਣੀ ਕੱਢ ਲਈ ਤੇ ਚਲਦੇ ਬਣੇ।

ਆਪਣੇ ਮਾਲਕ ਕੋਲੇ ਪੁੱਜ ਗਏ ਸਾਰੀ ਵਿਥਿਆ ਦੱਸੀ ਉਸ ਨੇ ਚੂਹੇ ਨੂੰ ਚੁੱਕ ਕੇ ਗਲ ਨਾਲ ਲਗਾ ਲਿਆ ਤੇ ਉਸ ਦੀਆਂ ਅੱਖਾਂ ਵਿਚੋਂ ਦੋ ਹੰਝੂ ਡਿੱਗ ਪਏ। ਰਾਜੇ ਦੇ ਮੁੰਡੇ ਨੇ ਗੁਗਲ ਲਿਆਣ ਲਈ ਕਿਹਾ ਚੂਹਾ ਇਕ ਹੱਟੀ ਵਿਚ ਗਿਆ ਤੇ ਉਥੋਂ ਗੁਗਲ ਵਾਲੀ ਡੱਬੀ ਖਿੱਚ ਲਿਆਇਆ। ਏਸੇ ਤਰ੍ਹਾਂ ਦੀਆਂ ਸਲਾਈ ਦੀ ਡੱਬੀ ਲੈ ਆਇਆ ਤੇ ਸੁੱਕੇ ਹੋਏ ਸਰਕੜੇ ਦੇ ਚਾਰ ਡਾਲ ਅੱਗ ਲਗਾਣ ਲਈ ਕਿਤੇ ਮਾਲਕ ਨੂੰ ਲਿਆ ਕੇ ਦਿਤੇ।

ਰਾਜੇ ਦੇ ਮੁੰਡੇ ਨੇ ਸੰਤਰੀ ਨੂੰ ਆਖਕੇ ਪਾਣੀ ਦੀ ਬਾਲਟੀ ਮੰਗਵਾਈ ਅਤੇ ਨਹਾ ਕੇ ਮਣੀ ਤੇ ਬਚਨ ਕਰ ਦਿਤਾ ਕਿ 'ਇਹ ਜੇਲ੍ਹ ਟੁੱਟ ਜਾਵੇ ਜੱਦੋਂ ਵੀ ਬੱਝੇ ਟੁੱਟ ਜਾਵੇ।' ਜੇਲ ਟੁੱਟ ਗਈ ਰਾਜੇ ਨੇ ਕਈ ਵਾਰ ਬੰਦੋਬਸਤ ਕੀਤਾ ਜੇਲ੍ਹ, ਫਿਰ ਟੁੱਟ ਜਾਵੇ। ਆਖੀਰ ਰਾਜੇ ਨੂੰ ਪਤਾ ਲੱਗਾ ਉਸੇ ਲੜਕੇ ਦੀ ਸ਼ਰਾਰਤ ਹੈ। ਰਾਜੇ ਨੇ ਲੜਕੇ ਨੂੰ ਕੋਲ ਬੁਲਾਇਆ ਤੇ ਪੁਛਿਆ 'ਕੀ ਇਹ ਤੇਰੀ ਕਰਤੂਤ ਹੈ।' ਮੁੰਡੇ ਨੇ ਜੋਸ਼ ਵਿਚ ਆ ਕੇ ਆਖਿਆ 'ਹਾਂ ਜਨਾਬ ਮੇਰੀ'।

'ਮੈਂ ਤੈਨੂੰ ਫਾਂਸੀ ਲਾ ਦੇਵਾਂਗਾ।' ਬਾਦਸ਼ਾਹ ਨੇ ਧਮਕੀ ਦਿਤੀ।

ਮੁੰਡੇ ਨੂੰ ਰੋਹਬ ਆ ਗਿਆ ਉਹ ਬੋਲਣ ਤੋਂ ਨਾ ਰਹਿ ਸਕਿਆ।' ਮੇਰੇ ਵਿਚ ਬਾਦਸ਼ਾਹ! ਐਤਨੀ ਸ਼ਕਤੀ ਹੈ ਕਿ ਸ਼ਹਿਰ ਨੂੰ ਉਲਟਾ ਮਕਦਾ ਹਾਂ। ਤੇਰੀ ਉਹੀ ਲੜਕੀ ਜਿਸ ਦੀਆਂ ਕਰਤੂਤਾਂ ਬਦਲੇ ਇਹ ਸਜਾ ਭੁਗਤ ਰਿਹਾ ਹਾਂ। ਜੋ ਤੇਰੋਂ ਕੋਲੇ ਹਾਜ਼ਰ ਕਰਾਂ ਤਾਂ ਫੇਰ ਮੰਨੇ।

ਰਾਜਾ ਹੈਰਾਨ ਹੋਕੇ ਕਹਿਣ ਲਗਾ 'ਮੈਂ ਤੈਨੂੰ ਬਰੀ ਕਰਕੇ ਆਪਣੀ ਗੱਤੀ ਤੇ ਬਿਠਾਵਾਂਗਾ ਜੇ ਇਹ ਗੱਲ ਹੋਵੇ।'

ਉਸ ਨੇ ਨਹਾਵਣ ਦੀ ਸਾਮਿਗਰੀ ਮੰਗਵਾਈ ਤੇ ਬਚਨ ਕੀਤਾ ਇਕ ਘੰਟੇ ਦੇ ਅੰਦਰ ਅੰਦਰ ਸੁਨਿਆਰ ਅਤੇ ਰਾਜੇ ਦੀ ਕੁੜੀ ਦਾ ਪਲੰਘ ਜਹਾਜ ਵਾਂਜ ਘੁੱਕਦਾ ਆ ਗਿਆ। ਬਾਦਸ਼ਾਹ ਦੀਆਂ ਨਜ਼ਰਾਂ ਨੀਵੀਆਂ ਪੈ ਗਈਆਂ। ਉਸ ਨੇ ਉਸ ਲੜਕੇ ਨੂੰ ਬਰੀ ਕਰਕੇ ਆਪਣੀ ਛੋਟੀ ਲੜਕੀ ਨਾਲ ਵਿਆਹ ਕਰ ਦਿਤਾ। ਵੱਡੀ ਕੁੜੀ ਅਤੇ ਸੁਨਿਆਰੇ ਨੂੰ ਟੋਇਆਂ ਵਿਚ ਗੱਡ ਕੇ ਕੁਤਿਆਂ ਤੋਂ ਪੜਵਾ ਦਿਤਾ। ਰਾਜੇ ਨੇ ਉਸ ਲੜਕੇ ਨੂੰ ਰਾਜ ਗੱਦੀ ਸੰਭਾਲ ਦਿੱਤੀ।

ਹੁਣ ਉਸ ਰਾਜੇ ਦਾ ਮੁੰਡਾ ਰਾਜਾ ਬਣ ਗਿਆ। ਵਿਆਹ ਹੋ ਗਿਆ। ਆਪਣੇ ਮਾਤਾ ਪਿਤਾ ਨੂੰ ਕੋਲ ਬੁਲਾ ਲਿਆ। ਤਿੰਨਾਂ ਜਾਨਵਰਾਂ ਨੂੰ ਸੋਨੇ ਦੇ ਪਿੰਜਰਿਆਂ ਵਿਚ ਬੰਦ ਕਰ ਦਿਤਾ ਉਂਝ ਉਨ੍ਹਾਂ ਨੂੰ ਪੂਰੀ ਅਜ਼ਾਦੀ ਸੀ।