ਸਿਆਣਾ ਬਘਿਆੜ ਤੇ ਅਧਰਮੀ ਰਾਜਾ

ਬਹੁਤ ਸਮੇਂ ਦੀ ਗੱਲ ਹੈ, ਕਿ ਕਿਸੇ ਸ਼ਹਿਰ ਵਿਚ ਇਕ ਰਾਜੇ ਦਾ ਮੰਦਰ ਸੀ। ਉਸ ਮੰਦਰ ਦੀ ਵਲਗਣ ਕਈ ਮੀਲਾਂ ਤੀਕ ਲੰਮੀ ਸੀ। ਉਸ ਮੰਦਰ ਦੁਆਲੇ ਇਕ ਲੰਮਾ ਚੌੜਾ ਬਾਗ ਸੀ। ਉਸ ਬਾਗ ਵਿਚ ਇਕ ਮੈਨਾ ਰਹਿੰਦੀ ਸੀ ਜੋ ਰਾਜੇ ਦੀ ਰਖਿਆ ਲਈ ਸਹਾਇਕ ਰਹਿੰਦੀ ਸੀ। ਰਾਜੇ ਦੇ ਭੈੜੇ ਵਤੀਰੇ ਕਾਰਨ ਉਸ ਦੇਸ਼ ਦੇ ਲੋਕ ਖੁਸ਼ ਨਹੀਂ ਸਨ। ਕਿਉਂ ਜੋ ਉਹ ਲੋਕਾਂ ਤੇ ਜ਼ੁਲਮ ਕਰਦਾ ਰਹਿੰਦਾ ਅਤੇ ਆਪਣੀ ਪਰਜਾ ਨਾਲ ਨਾਜਾਇਜ਼ ਸਲੂਕ ਕਰਦਾ ਸੀ।

ਇਕ ਵਾਰੀ ਲੋਕਾਂ ਨੇ ਮੁਜ਼ਾਹਿਰਾ ਕਰ ਦਿਤਾ ਕਿ ਬਾਦਸ਼ਾਹ ਹੁਣ ਰਾਜ ਕਰਨ ਦੇ ਕਾਬਲ ਨਹੀਂ ਰਿਹਾ। ਹੁਣ ਬਾਦਸ਼ਾਹ ਦੇ ਪੁੱਤਰ ਨੂੰ ਰਾਜ ਦਾ ਹੱਕਦਾਰ ਹੋਣਾ ਚਾਹੀਦਾ ਹੈ। ਬਾਦਸ਼ਾਹ ਨੇ ਆਪਣੀ ਹੱਤਕ ਸਮਝੀ ਅਤੇ ਏਸ ਬਗਾਵਤ ਦੇ ਆਗੂਆਂ ਨੂੰ ਸਖਤ ਸਜ਼ਾਵਾਂ ਦਿਤੀਆਂ।

ਅਖੀਰ ਬਾਦਸ਼ਾਹ ਨੇ ਆਪਣੀ ਮਰਜ਼ੀ ਨਾਲ ਹੀ ਰਾਜਤਖਤ ਆਪਣੇ ਪੁੱਤਰ ਨੂੰ ਦੇ ਦਿਤਾ। ਬਾਦਸ਼ਾਹ ਹੁਣ ਵਿਹਲਾ ਹੀ ਰਿਹਾ ਕਰਦਾ ਸੀ। ਜਾਂ ਕਦੇ ਕਦੇ ਸ਼ਿਕਾਰ ਕਰਨ ਲਈ ਚਲਿਆ ਜਾਂਦਾ।

ਇਕ ਵਾਰੀ ਬਾਦਸ਼ਾਹ ਸ਼ਿਕਾਰ ਕਰਨ ਲਈ ਗਿਆ। ਨਾਲ ਆਪਣੇ ਚੰਗੇ ਸਿਪਾਹੀ ਨਾਲ ਲੈ ਗਿਆ। ਬਾਦਸ਼ਾਹ ਦੀ ਨਜ਼ਰ ਇਕ ਸੁਨਹਿਰੀ ਹਿਰਨ ਤੇ ਪਈ। ਉਸ ਨੇ ਸਿਪਾਹੀਆਂ ਨੂੰ ਆਖਿਆ ਕਿ ਤੁਸੀਂ ਐਥੇ ਠਹਿਰੋ ਮੈਂ ਇਸ ਹਿਰਨ ਦਾ ਪਿਛਾ ਕਰਦਾ ਹੈ। ਸਿਪਾਹੀ ਠਹਿਰ ਗਏ। ਹਿਰਨ ਭੱਜਾ ਗਿਆ ਰਾਜਾ ਵੀ ਆਪਣੇ ਘੋੜੇ ਨੂੰ ਹਿਰਨ ਦੇ ਮਗਰ ਮਗਰ ਦੁੜਾਈ ਗਿਆ।

ਸਿਪਾਹੀਆਂ ਦੀਆਂ ਨਜ਼ਰਾਂ ਤੋਂ ਛੇਤੀ ਹੀ ਹਿਰਨ ਤੇ ਰਾਜਾ ਉਹਲੇ ਹੋ ਗਏ। ਘੋੜਾ ਸਿਰ ਤੋੜ ਭੱਜਿਆ ਜਾ ਰਿਹਾ ਸੀ। ਰਾਹ ਵਿਚ ਇਕ ਵੱਡਾ ਨਾਲਾ ਆ ਗਿਆ। ਹਿਰਨ ਤਾਂ ਛਾਲ ਮਾਰ ਕੇ ਲੰਘ ਗਿਆ। ਘੋੜੇ ਦਾ ਪੈਰ ਅੜ੍ਹਕ ਗਿਆ ਘੋੜਾ ਅਤੇ ਰਾਜਾ ਦੋਨੋਂ ਹੀ ਨਾਲੇ ਵਿਚ ਡਿਗ ਪਏ।

ਐਨੇ ਨੂੰ ਇਕ ਬਘਿਆੜ ਆਇਆ। ਉਸ ਨੇ ਰਾਜੇ ਦੇ ਮੂੰਹ ਨੂੰ ਸੁੰਘਿਆ ਅਤੇ ਪਿਛੇ ਹਟ ਕੇ ਖਲੋ ਗਿਆ। ਫਿਰ ਉਸ ਨੇ ਅੱਗੇ ਨੂੰ ਹੋਕੇ ਰਾਜੇ ਦੇ ਹੱਥਾਂ ਨੂੰ ਸੁੰਘਿਆ ਅਤੇ ਪਿਛੇ ਹਟਕੇ ਖਲੋ ਗਿਆ। ਫਿਰ ਉਸ ਨੇ ਕੁਝ ਚਿਰ ਠਹਿਰ ਕੇ ਰਾਜੇ ਦੀਆਂ ਲੱਤਾਂ ਨੂੰ ਸੁੰਘਿਆ ਅਤੇ ਫਿਰ ਪਿਛੇ ਹਟਕੇ ਖਲੋ ਗਿਆ। ਬਘਿਆੜ ਨੂੰ ਭੁੱਖ ਬਹੁਤ ਲੱਗੀ ਪਰੰਤੂ ਉਸ ਨੇ ਰਾਜੇ ਨੂੰ ਖਾਣਾ ਠੀਕ ਨਾ ਸਮਝਿਆ। ਉਹ ਪਿਛੇ ਨੂੰ ਮੁੜ ਚਲਿਆ।

ਜਦੋਂ ਬਘਿਆੜ ਪਿਛੇ ਮੁੜਿਆ ਤਾਂ ਨੇੜੇ ਹੀ ਦੋ ਸਾਧੂ ਦਰਖਤ ਦੇ ਹੇਠਾਂ ਖਲੋਤੇ ਸਾਰੀ ਕਹਾਣੀ ਵੇਖ ਰਹੇ ਸਨ। ਬਘਿਆੜ ਨੂੰ ਆਖਣ ਲੱਗੇ। "ਠਹਿਰ ਜਾਹ ਬਈ!" ਇਕ ਗੱਲ ਦੱਸ ਕਿ ਤੈਨੂੰ ਐਤਨੀ ਭੁੱਖ ਲੱਗੀ ਹੋਈ ਹੈ ਤੇ ਤੂੰ ਉਸ ਆਦਮੀ ਨੂੰ ਖਾਧਾ ਕਿਉਂ ਨਹੀਂ ਜਦ ਕਿ ਉਹ ਤੇਰਾ ਖਾਣਾ।

ਬਘਿਆੜ ਬੋਲਿਆ "ਮਹਾਰਾਜ ਤੁਸੀਂ ਵੀ ਤਾਂ ਜਾਣੀ ਜਾਣ ਹੋ।"

"ਨਹੀਂ ਨਹੀਂ ਬਈ ਤੂੰ ਹੀ ਦਸ" ਸਾਧੂ ਬੋਲੇ।

ਬਘਿਆੜ ਬੋਲਿਆ, "ਮਹਾਰਾਜ ਮੂੰਹ ਤਾਂ ਮੈਂ ਇਸ ਦਾ ਤਦ ਨਹੀਂ ਖਾਧਾ ਕਿ ਇਸ ਦੇ ਮੂੰਹ ਤੋਂ ਕਦੇ ਭਲੀ ਗੱਲ ਨਹੀਂ ਸਰੀ ਅਤੇ ਨਾ ਹੀ ਕਦੇ ਇਸ ਨੇ ਪ੍ਰਮਾਤਮਾ ਨੂੰ ਹੀ ਯਾਦ ਕੀਤਾ ਹੈ। ਇਹ ਸਦਾ ਮੰਦ ਬੋਲੀ ਹੀ ਬੋਲਦਾ ਰਹਿੰਦਾ ਸੀ।

ਹੱਥ ਮਹਾਰਾਜ ਮੈਂ ਇਸ ਦੇ ਤਦ ਨਹੀਂ ਖਾਧੇ ਕਿ ਕਦੇ ਇਸ ਨੇ ਦਸਾਂ ਨੌਹਾਂ ਦੀ ਕਿਰਤ ਨਹੀਂ ਕੀਤੀ ਅਤੇ ਨਾ ਹੀ ਹੱਥਾਂ ਨਾਲ ਕਦੇ ਕੋਈ ਚੰਗਾ ਕੰਮ ਕੀਤਾ ਹੈ।

ਪੈਰ ਇਸ ਦੇ ਮੈਂ ਤਦ ਨਹੀਂ ਖਾਧੇ ਕਿ ਕਦੇ ਇਹ ਤੁਰਕੇ ਚੰਗੇ ਕੰਮ ਲਈ ਨਹੀਂ ਗਿਆ। ਕਿਸੇ ਸਤ-ਸੰਗ ਵਿਚ ਨਹੀਂ ਗਿਆ ਸੀ। ਗੱਲ ਕੀ ਮਹਾਰਾਜ ਇਸ ਨੂੰ ਚੰਗੀ ਭਾਵਣਾ ਕਦੇ ਨਹੀਂ ਫੁਰੀ ਸਦਾ ਮੰਦੇ ਖਿਆਲ ਹੀ ਇਸ ਦੇ ਮਨ ਵਿਚ ਭਾਉਂਦੇ ਰਹਿੰਦੇ।

ਮੈਂ ਇਸ ਦੇ ਮਾਸ ਨੂੰ ਖਾਕੇ ਆਪਣੇ ਤਨ ਨੂੰ ਕੁਸ਼ਟੀ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਸਾਧੂਆਂ ਨੇ ਬਘਿਆੜ ਨੂੰ ਥਾਪੀ ਦਿਤੀ ਅਤੇ ਆਪ ਅਲੋਪ ਹੋ ਗਏ।