ਵਿਚਕਾਰਲੀ ਭੈਣ/ਪਰਿਣੀਤਾ!/੯.
੯.
ਉਸ ਦਿਨ ਸ਼ੇਖਰ ਕਈ ਚਿਰ ਤੱਕ ਰਾਹ ਵਿਚ ਹੀ ਘੁਮਦਾ ਰਿਹਾ ਤੇ ਘਰ ਜਾਕੇ ਸੋਚਣ ਲੱਗਾ, “ਇਹ ਗੁੱਡੀਆਂ ਪਟੋਲਿਆਂ ਨਾਲ ਖੇਡਣ ਵਾਲੀ ਲਲਿਤਾ, ਇਹ ਗੱਲਾਂ ਕਿੱਥੋਂ ਸਿਖ ਗਈ? ਇਸ ਤਰ੍ਹਾਂ ਖੁਲ੍ਹ ਕੇ ਉਹ ਮੇਰੇ ਸਾਹਮਣੇ ਕਿੱਦਾਂ ਬੋਲਣ ਲਗ ਪਈ?"
ਅੱਜ ਲਲਿਤਾ ਦੇ ਵਰਤਾਵੇ ਤੋਂ ਉਹ ਸੱਚੀਂ ਮੁੱਚੀ ਹੀ ਬੜਾ ਗੁੱਸੇ ਹੋ ਰਿਹਾ ਸੀ। ਪਰ ਜੇ ਉਹ ਠੰਡੇ ਦਿਲ ਨਾਲ ਸੋਚ ਕੇ ਵੇਖਦਾ ਤਾਂ ਉਸ ਦਾ ਗੁੱਸਾ ਲਲਿਤਾ ਤੇ ਨਹੀਂ ਸੀ ਬਣ ਸਕਦਾ, ਸਗੋਂ ਆਪਣੇ ਆਪ ਤੇ ਬਣਦਾ ਸੀ। ਕਿਉਂਕਿ ਇਹ ਸਭ ਉਸੇ ਦੀ ਕਾਰਸਤਾਨੀ ਸੀ।
ਲਲਿਤਾ ਨੂੰ ਛੱਡ ਕੇ, ਇਸ ਇਕ ਮਹੀਨੇ ਦੇ ਪ੍ਰਦੇਸ ਰੱਟਨ ਸਮੇਂ, ਉਹਨੇ ਆਪਣਿਆਂ ਖਿਆਲਾਂ ਵਿਚ ਆਪਣੇ ਆਪ ਨੂੰ ਬੰਨ ਲਿਆ ਸੀ। ਸਿਰਫ ਬਾਲਪਨ ਦੇ ਦੁਖ ਸੁਖ ਦਾ ਹਿਸਾਬ ਲਾਕੇ ਹੀ ਉਹ ਸੋਚ ਰਿਹਾ ਸੀ ਕਿ ਲਲਿਤਾ ਦਾ ਉਹਦੇ ਜੀਵਨ ਵਿਚ ਕਿਨਾ ਕੁ ਹਿੱਸਾ ਹੈ। ਅੱਗੇ ਆਉਣ ਵਾਲੀ ਉਮਰ ਵਿਚ, ਲਲਿਤਾ ਦਾ ਉਸ ਨਾਲ ਕਿੰਨਾ ਨਾ ਟੁੱਟ ਸਕਣ ਵਾਲਾ ਸਬੰਧ ਪੈਦਾ ਹੋ ਚੁੱਕਾ ਹੈ। ਉਸਦੇ ਨਾ ਹੋਣ ਨਾਲ ਇਸਦਾ ਜੀਉਣਾ ਕਠਨ ਹੋ ਜਾਇਗਾ। ਲਲਿਤਾ ਛੋਟੇ ਹੁੰਦਿਆਂ ਹੀ ਉਸ ਨਾਲ ਘੁਲ ਮਿਲ ਗਈ ਸੀ। ਇਸ ਕਰਕੇ ਉਹ ਉਹਨੂੰ ਨਾ ਤਾਂ ਪਿਉ ਜੈਸਾ ਤੇ ਨਾ ਹੀ ਭਰਾ ਜੈਸਾ ਜਾਣ ਸਕੀ ਸੀ। ਇਸੇ ਤਰ੍ਹਾਂ ਸ਼ੇਖਰ ਵੀ ਉਸ ਨਾਲ ਪਿਆਰ ਕਰਦਾ ਹੋਇਆ ਆਪਣੇ ਪਿਆਰ ਦੇ ਦਰਜੇ ਨੂੰ ਨਹੀਂ ਸੀ ਸਮਝ ਸਕਿਆ। ਉਹ ਨੂੰ ਖਿਆਲ ਸੀ ਕਿ ਸ਼ਾਇਦ ਉਹ ਲਲਿਤਾ ਨੂੰ ਨਹੀਂ ਹਾਸਲ ਕਰ ਸਕੇਗਾ।ਸੋ ਪ੍ਰਦੇਸ ਜਾਣ ਤੋਂ ਪਹਿਲਾਂ ਉਹ ਉਹਦੇ ਗੱਲ ਵਿਚ ਹਾਰ ਪਾਕੇ, ਉਸ ਨਾਲ ਆਤਮਕ ਸਬੰਧ ਜੋੜ ਗਿਆ ਸੀ ਤੇ ਇਸ ਵਿੱਥ ਨੂੰ ਮੇਲ ਗਿਆ ਸੀ।
ਬਾਹਰ ਪ੍ਰਦੇਸ ਵਿਚ ਬੈਠਾ, ਗੁਰਚਰਨ ਦੇ ਧਰਮ ਬਦਲਣ ਨੂੰ ਸੁਣਕੇ ਉਹ ਇਹੋ ਚਿੰਤਾ ਕਰਦਾ ਰਹਿੰਦਾ ਸੀ ਕਿ ਕਿਤੇ ਸੱਚ ਮੁਚ ਹੀ ਲਲਿਤਾ ਹੱਥੋਂ ਨ ਚਲੀ ਜਾਏ। ਔਖੀ ਹੋਵੇ ਜਾਂ ਸੌਖੀ, ਉਹ ਇਸ ਹੀ ਦੁਬਧਾ ਵਿਚ ਪਿਆ ਹੋਇਆ ਸੀ। ਅੱਜ ਲਲਿਤਾ ਦੇ ਸਾਫ ਸਾਫ ਕਹਿਣ ਤੇ ਉਸਨੇ ਵਿਚਾਰਾਂ ਨੂੰ ਉਲਟ ਕੇ ਬਿਲਕੁਲ ਦੂਜੇ ਪਾਸੇ ਬਦਲ ਦਿਤਾ। ਪਹਿਲੇ ਤਾਂ ਉਸ ਨੂੰ ਚਿੰਤਾ ਸੀ ਕਿ ਸ਼ਾਇਦ ਲਲਿਤਾ ਨ ਮਿਲ ਸਕੇ ਪਰ ਹੁਣ ਚਿੰਤਾ ਸੀ ਕਿ ਸ਼ਾਇਦ ਇਹ ਬਿੱਜ ਗਲੋਂ ਨਾ ਹੀ ਲਹਿ ਸਕੇ।
ਸਿਆਮ ਬਾਜ਼ਾਰ ਵਾਲਾ ਸਾਕ ਵੀ ਰਹਿ ਚੁੱਕਾ ਸੀ। ਸ਼ਾਇਦ ਉਹ ਲੋਕ ਐਨਾ ਰੁਪਇਆ ਦੇਣ ਵਾਸਤੇ ਤਿਆਰ ਨਹੀਂਂ ਸਨ। ਸ਼ੇਖਰ ਦੀ ਮਾਂ ਨੂੰ ਵੀ ਉਹ ਲੜਕੀ ਪਸੰਦ ਨਹੀਂ ਆਈ ਸੀ ਭਾਵੇਂ ਸ਼ੇਖਰ ਨੂੰ ਉਸ ਬਲਾ ਪਾਸੋਂ ਛੁਟਕਾਰਾ ਮਿਲ ਗਿਆ ਸੀ, ਪਰ ਨਵੀਨ ਰਾਏ ਦਸ ਵੀਹ ਹਜ਼ਾਰ ਦੇ ਸੁਪਨੇ ਹਾਲੀ ਵੀ ਲੈ ਰਹੇ ਸਨ। ਤੇ ਉਹਨਾਂ ਨੂੰ ਇਸ ਸਾਕ ਦੇ ਟੁਟ ਜਾਣ ਦਾ ਯਕੀਨ ਵੀ ਨਹੀਂ ਸੀ। ਸ਼ੇਖਰ ਸੋਚ ਰਿਹਾ ਸੀ ਕੀ ਕੀਤਾ ਜਾਏ। ਉਹਦਾ ਉਸ ਦਿਨ ਦਾ ਉਹ ਮਖੌਲ ਜਿਹਾ ਇਹ ਸ਼ਕਲ ਫੜ ਲਏਗਾ ਤੇ ਲਲਿਤਾ ਸਚ ਮੁੱਚ ਹੀ ਸਮਝ ਲਏਗੀ ਕਿ ਉਸ ਦਾ ਵਿਆਹ ਹੋ ਚੁਕਾ ਹੈ, ਉਸ ਨੂੰ ਇਸ ਦੀ ਬਿਲਕੁਲ ਆਸ ਨਹੀਂ ਸੀ। ਲਲਿਤਾ ਸਮਝ ਲਏਗੀ ਕਿ ਕਿਸੇ ਸਬੰਧ ਨਾਲ ਵੀ ਇਸ ਤਰ੍ਹਾਂ ਦੇ ਵਿਆਹ ਵਿਚ ਫਰਕ ਨਹੀਂ ਪੈ ਸਕਦਾ, ਇਹ ਸਾਰੀਆਂ ਗੱਲਾਂ ਸ਼ੇਖਰ ਨੇ ਪਹਿਲਾਂ ਨਹੀਂ ਸਨ ਸੋਚੀਆਂ। ਇਹ ਵੀ ਉਹ ਆਪਣੇ ਮੂੰਹੋਂ ਕਹਿ ਚੁਕਾ ਸੀ ਕਿ 'ਜੋ ਹੋਣਾ ਹੈ ਹੋ ਚੁਕਾ, ਹੁਣ ਤਾਂ ਨਾ ਤੂੰ ਹੀ ਪਲਾ ਛੁਡਾ ਸਕਦੀ ਏ ਤੇ ਨਾ ਮੈਂ ਹੀ ਛੱਡ ਸਕਦਾ ਹਾਂ।' ਪਰ ਅੱਜ ਜਿਦਾਂ ਉਹ ਵਿਚਾਰ ਕੇ ਵੇਖ ਰਿਹਾ ਹੈ ਨਾ ਤਾਂ ਉਸ ਦਿਨ ਉਸ ਵਿਚ ਐਨੀ ਵਿਚਾਰਨ ਦੀ ਸ਼ਕਤੀ ਹੀ ਸੀ ਤੇ ਨਾ ਹੀ ਹੌਂਸਲਾ।
ਉਸ ਵੇਲੇ ਸਿਰ ਤੇ ਚੰਦ ਦੀ ਚਾਨਣੀ ਤੇ ਠੰਡੀ ਰਾਤ ਸੀ। ਸਭ ਪਾਸੇ ਅਨੰਦ ਹੀ ਅਨੰਦ ਖਿੜਿਆ ਹੋਇਆ ਸੀ। ਗਲ ਵਿਚ ਫੁਲਾਂ ਦੀ ਮਾਲਾ ਪਿਆਰੀ ਦਾ ਕੋਮਲ ਮੁਖੜਾ ਆਪਣੀ ਛਾਤੀ ਤੇ ਰੱਖ ਕੇ ਉਸ ਦੀਆਂ ਬੁਲ੍ਹੀਆਂ ਦੀ ਛੋਹ ਦਾ ਨਸ਼ਾ, ਜਿਹਨੂੰ ਸ਼ੰੰਗਾਰ ਰਸ ਵਾਲਿਆਂ ‘ਅੰਮਿਤ' ਆਖਿਆ ਹੈ, ਪੀਕੇ ਉਹ ਮਸਤ ਹੋ ਰਿਹਾ ਸੀ। ਉਸ ਵੇਲੇ ਆਪਣੀਆਂ ਓੜਾਂ ਥੋੜਾਂ ਜਾਂ ਭਲਾਈ ਬੁਰਾਈ ਦਾ ਕੋਈ ਖਿਆਲ ਨਹੀਂ ਸੀ। ਨਾ ਆਪਣੇ ਪੈਸੇ ਦੇ ਪੁਤ੍ਰ ਪਿਓ ਦੀ ਭੈੜੀ ਸ਼ਕਲ ਹੀ ਅੱਖਾਂ ਅਗੇ ਆਈ ਸੀ, ਸੋਚਿਆ ਸੀ ਕਿ ਮਾਂ ਤਾਂ ਲਲਿਤਾ ਨੂੰ ਪਿਆਰ ਕਰਦੀ ਹੈ, ਉਹਨੂੰ ਮਨਾ ਲੈਣ ਵਿਚ ਕੋਈ ਔਖਿਆਈ ਨਹੀਂ ਆਉਣ ਲਗੀ। ਪਿਤਾ ਜੀ ਨੂੰ ਮਾਂ ਦੀ ਰਾਹੀਂ ਮਨਾ ਲਿਆ ਜਾਵੇਗਾ। ਇਸ ਤੋਂ ਬਿਨਾਂ ਗੁਰਚਰਨ ਨੇ ਆਪਣਾ ਧਰਮ ਬਦਲ ਕੇ ਇਹਨਾਂ ਦੋਹਾਂ ਦੇ ਰਾਹ ਵਿਚ ਪੱਥਰ ਨਹੀਂ ਸਨ ਰੱਖ ਦਿਤੇ। ਉਸ ਵੇਲੇ ਇਹ ਸਭ ਕੁਝ ਠੀਕ ਤੇ ਸੌਖਾ ਲਗਦਾ ਸੀ।
ਅਸਲ ਵਿਚ ਸ਼ੇਖਰ ਨੂੰ ਫਿਕਰ ਕਰਨ ਦੀ ਕੋਈ ਖਾਸ ਲੋੜ ਨਹੀਂ ਸੀ। ਹੁਣ ਉਹ ਸਮਝ ਰਿਹਾ ਸੀ ਕਿ ਪਿਤਾ ਨੂੰ ਮਨਾਉਣਾ ਤਾਂ ਇਕ ਪਾਸੇ ਰਿਹਾ, ਮਾਂ ਨੂੰ ਹੀ ਨਹੀਂ ਮਨਾਇਆ ਜਾ ਸਕਣਾ। ਇਹ ਵਿਆਹ ਦੀ ਗੱਲ ਤਾਂ ਹੁਣ ਉਹ ਮੂੰਹੋ ਹੀ ਨਹੀਂ ਸੀ ਕੱਢ ਸਕਦਾ।
ਸ਼ੇਖਰ ਨੇ ਇਕ ਠੰਢਾ ਹੌਕਾ ਲੈਕੇ ਫੇਰ ਗੱਲ ਨੂੰ ਦੁਹਰਾਇਆ, ਕੀ ਕੀਤਾ ਜਾਏ, ਉਹ ਲਲਤਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਉਸਨੇ ਇਹਨੂੰ ਆਪ ਹੀ ਬਚਾਇਆ ਹੈ-ਇਕ ਵਾਰੀ ਜਿਸਨੂੰ ਉਹ ਧਰਮ ਸਮਝਕੇ ਅੰਗੀਕਾਰ ਕਰ ਚੁੱਕੀ ਹੈ ਉਹਨੂੰ ਕਿਦਾਂ ਛੱਡ ਦੇਵੇ। ਉਹ ਸਮਝੀ ਬੈਠੀ ਹੈ ਕਿ ਮੈਂ ਸ਼ੇਖਰ ਦੀ ਧਰਮਪਤਨੀ ਹਾਂ, ਇਸੇ ਕਰਕੇ ਉਹ ਅੰਨ੍ਹੇਰੇ ਵਿਚ ਉਹਦੇ ਪਾਸ ਛਾਤੀ ਨਾਲ ਮੂੰਹ ਲਾਕੇ ਆ ਖੜੀ ਹੋਈ ਸੀ।
ਗਿਰੀ ਨੰਦ ਨਾਲ ਉਸਦੇ ਵਿਆਹ ਦੀ ਗਲ ਬਾਤ ਤਾਂ ਹੋ ਰਹੀ ਹੈ, ਪਰ ਕੋਈ ਵੀ ਉਸ ਨੂੰ ਇਸ ਗੱਲ ਵਾਸਤੇ ਰਾਜੀ ਨਹੀਂ ਕਰ ਸਕਦਾ। ਹੁਣ ਤਾਂ ਉਹ ਕਿਸੇ ਤਰ੍ਹਾਂ ਵੀ ਚੁੱਪ ਨਹੀਂ ਰਹਿ ਸਕੇਗੀ। ਹੁਣ ਉਹ ਸਭ ਕੁਝ ਪ੍ਰਗਟ ਕਰ ਦੇਵੇਗੀ ਸ਼ੇਖਰ ਦਾ ਮੂੰਹ ਤੇ ਅੱਖਾਂ ਚਮਕ ਪਈਆਂ। ਅਸਲ ਵਿਚ ਗੱਲ ਵੀ ਠੀਕ ਹੈ, ਉਹ ਸਿਰਫ ਹਾਰ ਪਾਕੇ ਹੀ ਬੱਸ ਨਹੀਂ ਸੀ ਕਰ ਗਿਆ,ਉਸਨੇ ਉਹਨੂੰ ਚੁੰਮਿਆ ਵੀ ਸੀ ਤੇ ਛਾਤੀਨਾਲ ਵੀ ਲਾਇਆ ਸੀ ਉਸ ਨੂੰ ਏਸਦਾ ਬੀ ਹੱਕ ਸੀ, ਲਲਿਤਾ ਨੇ ਕੋਈ ਨਾਂਹ ਨਕਰ ਨਹੀਂ ਸੀ ਕੀਤੀ। ਇਸੇ ਕਰਕੇ ਨਹੀਂ ਸੀ ਕੀਤੀ ਕਿ ਇਸ ਵਿਚ ਉਸਦਾ ਕੋਈ ਕਸੂਰ ਨਹੀਂ ਸੀ।ਇਸਦਾ ਉਸ ਨੂੰ ਪਤਨੀ ਦੇ ਰੂਪ ਵਿਚ ਅਖਤਿਆਰ ਸੀ, ਇਸੇ ਕਰਕੇ ਉਸਨੇ ਨਾਂਹ ਨੁਕਰ ਨਹੀਂ ਸੀ ਕੀਤੀ। ਹੁਣ ਇਹਨਾਂ ਗੱਲਾਂ ਦਾ ਉਹ ਕਿਸੇ ਦੇ ਸਾਹਮਣੇ ਕੀ ਜਵਾਬ ਦੇਵੇਗਾ?
ਇਹ ਵੀ ਪੱਕੀ ਹੈ ਕਿ ਬਿਨਾਂ ਮਾਂ ਬਾਪ ਨੂੰ ਰਾਜ਼ੀ ਕੀਤੇ ਦੇ ਉਹ ਲਲਿਤਾ ਨਾਲ ਵਿਆਹ ਨਹੀਂ ਕਰਵਾ ਸਕਦਾ। ਪਰ ਗਿਰੀ ਨੰਦ ਨਾਲ ਲਲਿਤਾ ਦਾ ਵਿਆਹ ਨਾ ਹੋਣ ਵਿਚ ਉਹ ਘਰ ਬਾਹਰ ਕਿੱਦਾਂ ਮੂੰਹ ਦਿਖਾ ਸਕੇਗਾ।