੧੦.

ਨਾ ਹੋ ਸਕਣ ਦੇ ਖਿਆਲ ਨਾਲ ਸ਼ੇਖਰ ਨੇ ਲਲਿਤਾ ਦੀ ਆਸ ਬਿਲਕੁਲ ਹੀ ਲਾਹ ਛਡੀ ਸੀ। ਸ਼ੁਰੂ ਵਿਚ ਉਹ ਕੁਝ ਦਿਨ ਮਨ ਵਿਚ ਡਰਦਾ ਰਿਹਾ ਕਿ ਜੇ ਕਿਤੇ ਅਚਾਨਕ ਉਹ ਆ ਜਾਏ ਤਾਂ ਸਾਰੀਆਂ ਗੱਲਾਂ ਪ੍ਰਗਟ ਨਾ ਕਰ ਦੇਵੇ। ਇਸ ਤੇ ਉਹਨੂੰ ਸਾਰਿਆਂ ਦੇ ਸਾਹਮਣੇ ਜਵਾਬ ਦੇਣਾ ਨਾ ਪੈ ਜਾਏ। ਪਰ ਕਿਸੇ ਨੇ ਉਸ ਪਾਸੋਂ ਕੁਝ ਨਹੀਂ ਪੁਛਿਆ। ਕੋਈ ਗਲ ਨਹੀਂ ਹੋਈ, ਇਥੋਂ ਤਕ ਕਿ ਇਸ ਘਰ ਵਾਲਿਆਂ ਦਾ ਉਸ ਘਰ ਆਉਣਾ ਜਾਣਾ ਵੀ ਨਹੀਂ ਹੋ ਸਕਿਆ।

ਸ਼ੇਖਰ ਦੇ ਕਮਰੇ ਦੇ ਸਾਹਮਣੇ ਜੋ ਖੁਲ੍ਹੀ ਹੋਈ ਛੱਤ; ਹੈ, ਉਸਤੇ ਖੜੇ ਹੋਣ ਨਾਲ ਲਲਿਤਾ ਦੇ ਘਰ ਦੀ ਛੱਤ ਦਾ ਬਹੁਤ ਸਾਰਾ ਹਿੱਸਾ ਦਿੱਸਦਾ ਹੈ। ਕਿਤੇ ਲਲਿਤਾ ਮੱਥੇ ਨਾ ਲੱਗ ਜਾਏ, ਏਸ ਡਰ ਦੇ ਮਾਰਿਆਂ ਸ਼ੇਖਰ ਛੱਤ ਤੇ ਵੀ ਖੜਾ ਨਹੀਂ ਹੁੰਦਾ। ਪਰ ਜਦੋਂ ਬਿਨਾਂ ਕਿਸੇ ਵਿਘਨ ਦੇ ਮਹੀਨਾ ਲੰਘ ਗਿਆ ਤਾਂ ਉਹ ਬੇਫਿਕਰੀ ਦਾ ਸਾਹ ਲੈ ਕੇ ਮਨ ਹੀ ਮਨ ਵਿਚ ਆਖਣ ਲੱਗਾ, ਭਾਵੇਂ ਕੁਝ ਵੀ ਹੈ, ਔਰਤਾਂ ਦੀ ਸ਼ਰਮ ਦੀ ਪ੍ਰਸਿੱਧੀ ਹੀ ਹੈ। ਉਹ ਇਹ ਸਾਰੀਆਂ ਗੱਲਾਂ ਕਦੇ ਵੀ ਪ੍ਰਗਟ ਨਹੀਂ ਕਰ ਸਕਦੀ। ਸ਼ੇਖਰ ਨੇ ਸੁਣ ਰਖਿਆ ਸੀ ਕਿ ਔਰਤਾਂ ਦੀ ਛਾਤੀ ਭਾਵੇਂ ਫੱਟ ਜਾਏ, ਪਰ ਇਹ ਮੂੰਹੋ ਨਹੀਂ ਫੁੱਟ ਦੀਆਂ। ਇਸ ਗਲ ਦਾ ਉਹਨੂੰ ਪੱਕਾ ਯਕੀਨ ਹੋ ਗਿਆ ਹੈ। ਰੱਬ ਨੇ ਉਨ੍ਹਾਂ ਨੂੰ ਐਨਾਂ ਸਿਦਕ ਦਿਤਾ ਹੈ। ਇਸ ਗੱਲ ਦੀ ਉਹਨੇ ਮਨ ਹੀ ਮਨ ਵਿਚ ਵਡਿਆਈ ਵੀ ਕੀਤੀ। ਪਰ ਫੇਰ ਵੀ ਉਹ ਸ਼ਾਂਤ ਨ ਹੋ ਸਕਿਆ। ਜਦੋਂ ਤੋਂ ਉਹ ਸਮਝ ਗਿਆ ਹੈ ਕਿ ਹੁਣ ਕੋਈ ਡਰ ਦੀ ਗੱਲ ਨਹੀਂ, ਉਸ ਵੇਲੇ ਤੋਂ ਉਸਦੀ ਛਾਤੀ ਵਿਚ ਇਕ ਅਸਹਿ ਜਲਨ ਹੋ ਰਹੀ ਹੈ। ਰਹਿ ਰਹਿ ਕੇ ਉਸਦਾ ਦਿਲ ਇਸ ਤੜਪ ਨਾਲ ਤੜਪ ਉਠਦਾ ਹੈ। ਕੀ ਹੁਣ ਲਲਿਤਾ ਕੁਝ ਨਹੀਂ ਆਖੇਗੀ? ਹੋਰ ਕਿਸੇ ਦੇ ਹੱਥ ਵਿਚ ਆਪਣੇ ਆਪ ਨੂੰ ਸੌਂਪਣ ਵੇਲੇ ਤਕ ਉਹ ਚੁੱਪ ਹੀ ਕਰ ਰਹੇਗੀ? ਇਹ ਸੋਚਕੇ ਕਿ ਉਹਦਾ ਵਿਆਹ ਹੋ ਚੁਕਿਆ ਹੈ, ਉਹ ਆਪਣੇ ਪਤੀ ਦੇ ਘਰ ਚਲੀ ਗਈ ਹੈ, ਉਸਦੇ ਤਨ, ਮਨ ਨੂੰ ਅਗ ਕਿਉਂ ਲੱਗ ਜਾਂਦੀ ਹੈ?

ਪਹਿਲਾਂ ਇਹ ਬਾਹਰ ਨੂੰ ਨਾ ਜਾਣ ਕਰਕੇ ਛੱਤ ਤੇ ਹੀ ਟਹਿਲ ਲਿਆ ਕਰਦਾ ਸੀ, ਹੁਣ ਵੀ ਉਹ ਛੱਤ ਤੇ ਟਹਿਲਣ ਲਗਾ ਹੈ, ਪਰ ਕਿਸੇ ਦਿਨ ਵੀ ਉਹਨੂੰ ਉਸ ਘਰ ਦਾ ਕੋਈ ਵੀ ਨਹੀਂ ਦਿਸਿਆ। ਸਿਰਫ ਇਕ ਦਿਨ 'ਕਾਲੀ' ਕਿਸੇ ਕੰਮ ਛੱਤ ਤੇ ਆਈ ਸੀ। ਉਹਨੇ ਅੱਖਾਂ ਨੀਵੀਆਂ ਪਾ ਲਈਆਂ ਤੇ ਸ਼ੇਖਰ ਦੇ ਇਰਾਦਿਆਂ ਕਰਦਿਆਂ ਕਰਦਿਆਂ ਉਹ ਇਹਨੂੰ ਬੁਲਾਏ ਜਾਂ ਕੇ ਨਾ ਬੁਲਾਏ, ਉਹ ਅੱਖਾਂਤੋਂ ਦੂਰ ਹੋ ਗਈ, ਉਸਨੇ ਸਮਝ ਲਿਆ ਕਿ ਅਸਾਂ ਜੋ ਛੱਤ ਦਾ ਰਾਹ ਬੰਦ ਕਰ ਲਿਆ ਹੈ, ਇਸ ਦਾ ਮਤਲਬ ਛੋਟੀ ਜਹੀ ਕਾਲੀ ਵੀ ਸਮਝ ਗਈ ਹੈ।

ਇਕ ਮਹੀਨਾ ਹੋਰ ਲੰਘ ਗਿਆ।

ਇਕ ਦਿਨ ਭਵਨੇਸ਼ਰੀ ਨੇ ਆਖਿਆ, 'ਏਧਰ ਤੂੰ ਲਲਿਤਾ ਨੂੰ ਵੇਖਿਆ ਹੈ ਸ਼ੇਖਰ ਸ਼ੇਖਰ ਨੇ ਸਿਰ ਹਿਲਾਕੇ ਆਖਿਆ, ਨਹੀਂ ਕੀ ਗੱਲ ਹੈ।

ਮਾਂ ਨੇ ਕਿਹਾ, ਦੋ ਮਹੀਨਿਆਂ ਪਿਛੋਂ ਮੈਂ ਕਲ ਉਹਨੂੰ ਕੋਠੇ ਚੜ੍ਹਕੇ ਵੇਖਿਆ ਸੀ ਤਾਂ ਮੈਂ ਸੱਦਿਆ। ਪਤਾ ਨਹੀਂ ਕੁੜੀ ਨੂੰ ਕੀ ਹੋ ਗਿਆ ਹੈ, ਮਾੜੀ ਜਹੀ ਹੋ ਗਈ ਹੈ, ਇਉਂ ਮਲੂਮ ਹੁੰਦਾ ਹੈ, ਜਿਦਾਂ ਦੱਸ ਸਾਲ ਵੱਡੀ ਹੋ ਗਈ ਹੈ। ਐਨੀ ਸਿਆਣੀ ਜਹੀ ਤੇ ਕੋਈ ਨਹੀਂ ਆਖ ਸਕਦਾ ਜੋ ਇਹ ਚੌਦਾਂ ਸਾਲਾਂ ਦੀ ਕੁੜੀ ਹੈ, ਆਖਦਿਆਂ ਆਖਦਿਆਂ ਉਹਦੀਆਂ ਅੱਖਾਂ ਭਰ ਆਈਆਂ, ਹੱਥਾਂ ਨਾਲ ਅੱਖਾਂ ਪੂੰਝਦੀ ਹੋਈ ਕਹਿਣ ਲੱਗੀ, ਮੈਲੀ ਜਹੀ ਧੋਤੀ ਪਹਿਨੀ ਹੋਈ, ਪੱਲੇ ਤੇ ਟਾਕੀ ਲੱਗੀ ਹੋਈ। ਮੈਂ ਪੁਛਿਆ ਤੇਰੇ ਕੋਲ ਹੋਰ ਧੋਤੀ, ਕੋਈ ਨਹੀਂ?

ਉਸਨੇ ਆਖਿਆ ਹੈ, ਪਰ ਮੈਨੂੰ ਯਕੀਨ ਨਾ ਆਇਆ ਕਦੇ ਵੀ ਉਸਨੇ ਆਪਣੇ ਮਾਮੇ ਦੇ ਦਿੱਤੇ ਹੋਏ ਕਪੜੇ ਨਹੀਂ ਸਨ ਪਾਏ, ਮੈਂ ਹੀ ਕਪੜੇ ਦੇਂਦੀ ਹੁੰਦੀ ਸਾਂ, ਸੋ ਮੈਂ ਛੇਆਂ ਸੱਤਾਂ ਮਹੀਨਿਆਂ ਤੋਂ ਕੁਝ ਦੇ ਵੀ ਨਹੀਂ ਸਕੀ, ਇਸ ਤੋਂ ਅਗੋਂ ਉਸ ਪਾਸੋਂ ਕੁਝ ਵੀ ਨ ਬੋਲਿਆ ਗਿਆ ਉਹ ਪਲੇ ਨਾਲ ਅਖਾਂ ਪੂੰਝਣ ਲਗ ਪਈ, ਅਸਲ ਵਿੱਚ ਉਹ ਲਲਿਤਾ ਨੂੰ ਆਪਣੀ ਧੀ ਵਾਂਗ ਹੀ ਪਿਆਰ ਕਰਦੀ ਸੀ।

ਸ਼ੇਖਰ ਦੂਜੇ ਪਾਸੇ ਧਿਆਨ ਕਰਕੇ ਚੁੱਪ ਚਾਪ ਬੈਠਾ ਰਿਹਾ।

ਕਈਆਂ ਚਿਰਾਂ ਪਿਛੋਂ ਮਾਂ ਫਿਰ ਆਖਣ ਲੱਗੀ, ਮੇਰੇ ਬਿਨਾਂ ਉਸਨੇ ਹੋਰ ਕਿਸੇ ਪਾਸੋਂ ਕੁਝ ਮੰਗਿਆ ਵੀ ਨਹੀਂ ਸੀ ਕਦੇ ਵੇਲੇ ਕੁਵੇਲੇ ਭੁੱਖ ਲੱਗੇ ਤਾਂ ਉਹ ਮੂੰਹੋਂ ਕਦੇ ਕਿਸ ਪਾਸੋਂ ਕੁਝ ਨਹੀਂ ਸੀ ਮੰਗਦੀ, ਮੈਂ ਹੀ ਉਹਨੂੰ ਖਾਣ ਨੂੰ ਦੇਂਂਦੀ ਹੁੰਦੀ ਸਾਂ, ਉਹ ਮੇਰੇ ਲਾਗੇ ਚਾਗੇ ਹੀ ਘੁੰਮਦੀ ਰਹਿੰਦੀ ਸੀ, ਮੈਂ ਉਹਦਾ ਮੂੰਹ ਵੇਖਕੇ ਹੀ ਸਮਝ ਜਾਂਦੀ ਸਾਂ ਕਿ ਇਹ ਭੁੱਖੀ ਹੈ ਜਾਂ ਰੱਜੀ ਹੋਈ ਹੈ, ਮੈਨੂੰ ਹੁਣ ਵੀ ਖਿਆਲ ਆਉਂਦਾ ਹੈਕਿ ਸ਼ਾਇਦ ਉਹ ਹੁਣ ਵੀ ਉਸੇਤਰਾਂ ਭੁੱਖੀਪਈ ਫਿਰਦੀ ਹੋਵੇਗੀ, ਪਰ ਕਿਸੇ ਨੂੰ ਉਸਦਾ ਕੁਝ ਖਿਆਲ ਨਹੀਂ ਆਉਂਦਾ ਹੋਵੇਗਾ ਨ ਤਾਂ ਕੋਈ ਉਹਦੀ ਗੱਲ ਹੀ ਸਮਝ ਸਕਦਾ ਹੈ ਤੇ ਨਾ ਹੀ ਕੋਈ ਪੁੱਛਦਾ ਹੈ, ਮੈਨੂੰ ਹੀ ਉਹ 'ਮਾਂ' ਆਖਦੀ ਹੁੰਦੀ ਸੀ ਤੇ ਮਾਂ ਵਾਂਗੂੰ ਹੀ ਸਮਝਦੀ ਹੁੰਦੀ ਸੀ।

ਸ਼ੇਖਰ ਨੇ ਹੌਂਸਲਾ ਕੀਤਾ ਕਿ ਉਹ ਮਾਂ ਦੇ ਮੂੰਹ ਵੱਲ ਵੇਖ ਸਕੇ, ਪਰ ਨ ਵੇਖ ਸਕਿਆ,ਜਿਸ ਪਾਸੇ ਵੇਖ ਰਿਹਾ ਸੀ ਉਧਰ ਹੀ ਵੇਖਦਾ ਹੋਇਆ ਕਹਿਣ ਲੱਗਾ, ਮੰਨਿਆਂ ਲਾਲੇ ਹਰਾਂ ਔਖੇ ਹੋਕੇ ਇਕ ਗਲ ਤਾਂ ਕਰ ਲਈ ਹੈ, ਅਸੀਂ ਲੋਕ ਤਾਂ ਬਗਾਨੇ ਨਹੀਂ ਹੋ ਗਏ। ਚਾਹੀਦਾ ਤਾਂ ਇਹ ਸੀ ਕਿ ਕੁਝ ਪ੍ਰਾਸਚਿਤ ਕਰਵਾ ਕੇ ਮੁਆਮਲੇ ਨੂੰ ਅੰਦਰੇ ਅੰਦਰ ਹੀ ਦਬਾ ਦੇਂਦੇ। ਇਹ ਤਾਂ ਕੀਤਾ ਨਹੀਂ ਸਗੋਂ ਤੋੜਕੇ ਪਿਛਾਂਹ ਬਿਠਾ ਦਿਤਾ ਹੈ। ਸੱਚ ਤਾਂ ਇਹ ਹੈ ਕਿ ਬਾਬੂ ਜੀ ਹੋਰਾਂ ਪਾਸੋਂ ਹੀ ਤੰਗ ਆਕੇ ਵਿਚਾਰੇ ਨੂੰ ਦੀਨੋਂ ਬੇਦੀਨ ਹੋਣਾ ਪਿਆ ਹੈ। ਲੜਾਈ ਹਰ ਵੇਲੇ ਦੀ ਲੜਾਈ-ਜੇ ਦਿਲ ਪਾਟ ਜਾਣ ਤਾਂ ਆਦਮੀ ਸਭ ਕੁਝ ਕਰ ਦੇਂਦਾ ਹੈ! ਮੈਂ ਤਾਂ ਆਖਦਾ ਹਾਂ ਕਿ ਉਹਨੇ ਇਕ ਗਲੋਂ ਚੰਗਾ ਹੀ ਕੀਤਾ ਹੈ। ਉਹ ਗਰੀਨ ਲੜਕਾ ਕਿਤੇ ਉਹਨੂੰ ਸਾਡੇ ਨਾਲੋਂ ਜ਼ਿਆਦਾ ਸਕਾ ਹੈ? ਜੇ ਉਸ ਨਾਲ ਲਲਿਤਾ ਦਾ ਵਿਆਹ ਹੋ ਜਾਵੇ ਤਾਂ....... ਸੱਚ ਮਾਂ ਲਲਿਤਾ ਨੂੰ ਸਦ ਕੇ ਪੁੱਛ ਕਿਉਂ ਨਹੀਂ ਲੈਂਦੇ। ਕਿ ਉਸ ਨੂੰ ਕੀ ਕੀ ਚਾਹੀਦਾ ਹੈ?

ਪਰ ਉਹ ਲਏਗੀ ਨਹੀਂ, ਮੈਂ ਵੀ ਕਿਸ ਮੂੰਹ ਨਾਲ ਆਖਾਂ, ਲਾਲੇ ਹੋਰਾਂ ਤਾਂ ਉਹਨਾਂ ਦੇ ਆਉਣ ਜਾਣ ਦਾ ਰਾਹ ਹੀ ਬੰਦ ਕਰ ਦਿੱਤਾ ਹੈ।

ਸੁਣਿਆਂ ਹੈ ਕਿ ਅਗਲੇ ਮਹੀਨੇ ਵਿਆਹ ਹੋ ਜਾਇਗਾ।

ਇਕ ਵਾਰੀ ਹੀ ਸ਼ੇਖਰ ਨੇ ਮਾਂ ਵੱਲ ਮੂੰਹ ਕਰਕੇ ਆਖਿਆ, ਸੱਚ! ਅਗਲੇ ਮਹੀਨੇ ਹੋ ਜਾਇਗਾ?

'ਸੁਣ ਤਾਂ ਏਦਾਂ ਹੀ ਰਹੀ ਹਾਂ।'

ਸ਼ੇਖਰ ਨੇ ਹੋਰ ਕੁਝ ਨ ਪੁਛਿਆ।

ਮਾਂ ਕੁਝ ਚਿਰ ਚੁਪ ਰਹਿਕੇ ਆਖਣ ਲੱਗੀ, "ਲਲਿਤਾ ਦੇ ਮੂੰਹੋਂ ਹੀ ਸੁਣਿਆਂ ਸੀ ਕਿ ਉਸਦੇ ਮਾਮੇ ਦੀ ਤਬੀਅਤ ਅੱਜ ਕੱਲ ਠੀਕ ਨਹੀਂ ਰਹਿੰਦੀ। ਇਹ ਠੀਕ ਈ ਹੋਣਾ ਹੈ। ਇੱਕ ਤਾਂ ਉਹਦਾ ਮਨ ਅੱਗੇ ਦੁਖੀ ਹੈ, ਦੂਜਾ ਘਰ ਵਿੱਚ ਹਰ ਵੇਲੇ ਰੋਣਾ ਪਿੱਟਣਾ ਪਿਆ ਰਹਿੰਦਾ ਹੈ। ਵਿਚਾਰੇ ਨੂੰ ਇੱਕ ਮਿੰਟ ਵੀ ਤਾਂ ਸ਼ਾਂਤੀ ਨਹੀਂ ਮਿਲਦੀ।"

ਸ਼ੇਖਰ ਚੁੱਪ ਚਾਪ ਸੁਣ ਰਿਹਾ ਸੀ ਤੇ ਉਹ ਹੁਣ ਵੀ ਚੁੱਪ ਕਰ ਰਿਹਾ। ਥੋੜੇ ਚਿਰ ਪਿੱਛੋਂ ਉਹ ਉਠਕੇ ਆਪਣੇ ਬਿਸਤਰੇ ਤੇ ਜਾ ਪਿਆ ਤੇ ਲਲਿਤਾ ਦੀ ਬਾਬਤ ਸੋਚਣ ਲੱਗਾ।

ਜਿਸ ਗਲੀ ਵਿਚ ਸ਼ੇਖਰ ਦਾ ਮਕਾਨ ਸੀ, ਉਹ ਐਨੀ ਖੁਲ੍ਹੀ ਨਹੀਂ ਸੀ ਕਿ ਉਸ ਵਿਚ ਦੋ ਗੱਡੀਆਂ ਸੌਖੀ ਤਰ੍ਹਾਂ ਜਾ ਸਕਣ। ਇਕ ਗੱਡੀ ਜਿਨਾਂ ਚਿਰ ਚੰਗੀ ਤਰ੍ਹਾਂ ਇੱਕ ਪਾਸੇ ਅੜਕੇ ਨਾ ਖਲੋ ਜਾਵੇ, ਦੂਜੀ ਗੱਡੀ ਉਸਦੇ ਪਾਸ ਦੀ ਨਹੀਂ ਸੀ ਗੁਜ਼ਰ ਸਕਦੀ। ਅੱਠਾਂ ਦਸਾਂ ਦਿਨਾਂ ਪਿੱਛੋਂ ਇੱਕ ਦਿਨ ਸ਼ੇਖਰ ਦੀ ਦਫਤਰ ਦੀ ਗੱਡੀ ਕਿਸੇ ਰੋਕ ਦੇ ਕਾਰਨ, ਗੁਰਚਰਨ ਦੇ ਮਕਾਨ ਦੇ ਸਾਹਮਣੇ ਰੁੱਕ ਕੇ ਖਲੋ ਗਈ। ਸ਼ੇਖਰ ਦਫਤਰੋਂ ਆ ਰਿਹਾ ਸੀ ਉਤਰ ਕੇ ਪੁਛਣ ਤੇ ਪਤਾ ਲਗਾ ਕਿ ਡਾਕਟਰ ਆਇਆ ਹੈ।

ਉਸਨੇ ਕੁਝ ਦਿਨ ਪਹਿਲਾਂ ਮਾਂ ਪਾਸੋਂ ਸੁਣਿਆਂ ਸੀ ਕਿ ਗੁਰਚਰਨ ਦੀ ਤਬੀਅਤ ਠੀਕ ਨਹੀਂ। ਇਸ ਗਲ ਦਾ ਖਿਆਲ ਕਰਕੇ ਉਹ ਆਪਣੇ ਘਰ ਨਹੀਂ ਗਿਆ। ਸਿੱਧਾ ਗੁਰਚਰਨ ਦੇ ਕਮਰੇ ਵਿੱਚ ਜਾ ਪਹੁੰਚਾ। ਗਲ ਬਿਲਕੁਲ ਸੱਚੀ ਨਿਕਲੀ ਗੁਰਚਰਨ ਮੁਰਦਿਆਂ ਵਾਂਗੂੰ ਬਿਸਤਰੇ ਉੱਤੇ ਪਿਆ ਹੋਇਆ ਸੀ। ਇਕ ਪਾਸੇ ਲਲਿਤਾ ਤੇ ਗਿਰੀਨੰਦ ਸੁੱਕੇ ਮੂੰਹਾਂ ਨਾਲ ਬੈਠੇ ਹੋਏ ਹਨ ਦੂਜੇ ਪਾਸੇ ਡਾਕਟਰ ਬੈਠਾ ਰੋਗੀ ਨੂੰ ਵੇਖ ਰਿਹਾ ਹੈ।

ਗੁਰਚਰਨ ਨੇ ਉਸਨੂੰ ਲੜ ਖੜਾਉਂਦੀ ਹੋਈ ਅਵਾਜ਼ ਵਿਚ ਬਹਿਣ ਲਈ ਕਿਹਾ ਤੇ ਲਲਿਤਾ ਜਰਾ ਪੱਲਾ ਠੀਕ ਕਰਕੇ ਦੂਜੇ ਪਾਸੇ ਮੂੰਹ ਕਰਕੇ ਬੈਠ ਗਈ।

ਡਾਕਟਰ ਮਹੱਲੇ ਦਾ ਹੀ ਹੈ ਤੇ ਸ਼ੇਖਰ ਨੂੰ ਜਾਣਦਾ ਹੈ। ਰੋਗੀ ਨੂੰ ਵੇਖ ਕੇ ਤੇ ਦਵਾ ਆਦਿ ਦੱਸ ਕੇ ਉਹ ਬਾਹਰ ਸ਼ੇਖਰ ਪਾਸ ਆ ਕੇ ਬਹਿ ਗਿਆ ਹੈ। ਪਿੱਛੋਂ ਗਿਰੀ ਨੰਦ ਜਦ ਰੂਪੈ ਦੇਕੇ ਡਾਕਟਰ ਨੂੰ ਵਿਦਿਆ ਕਰਨ ਲੱਗਾ ਤਾਂ ਉਸਨੇ ਸਾਰਿਆਂ ਨੂੰ ਸਵਾਧਾਨ ਕਰਦੇ ਹੋਏ ਨੇ ਕਿਹਾ ਕਿ ਬੀਮਾਰੀ ਹਾਲੀ ਜ਼ਿਆਦਾ ਨਹੀਂ ਵਧੀ ਇਸ ਵੇਲੇ ਹਵਾ ਬਦਲਣ ਦੀ ਲੋੜ ਹੈ।

ਡਾਕਟਰ ਦੇ ਚਲੇ ਜਾਣ ਤੇ ਦੋਵੇਂ ਫੇਰ ਗੁਰਚਰਨ ਦੇ ਪਾਸ ਆਕੇ ਖਲੋ ਗਏ, ਲਲਿਤਾ ਇਸ਼ਾਰੇ ਨਾਲ ਗਿਰੀ ਨੰਦ ਨੂੰ ਬੁਲਾ ਕੇ ਹੌਲੀ ਹੌਲੀ ਕੁਝ ਕਹਿਣ ਲੱਗੀ।

ਸ਼ੇਖਰ ਸਾਹਮਣੇ ਦੀ ਕੁਰਸੀ ਤੇ ਬਹਿ ਕੇ ਸੁੰਨ ਹੋਕੇ ਗੁਰਚਰਨ ਵੱਲ ਵੇਖਦਾ ਰਿਹਾ।

ਗੁਰਚਰਣ ਪਹਿਲਾਂ ਤੋਂ ਹੀ ਸ਼ੇਖਰ ਵੱਲ ਪਾਸਾ ਮੋੜ ਕੇ ਸੌਂ ਰਹੇ ਸਨ। ਸ਼ੇਖਰ ਦੇ ਦੁਬਾਰਾ ਆਉਣ ਦੀ ਉਹਨਾਂ ਨੂੰ ਕੁਝ ਪਤਾ ਨਹੀਂ ਸੀ।

ਥੋੜਾ ਚਿਰ ਚੁਪ ਚਾਪ ਬਹਿ ਕੇ ਸ਼ੇਖਰ ਉਠ ਕੇ ਤੁਰ ਗਿਆ। ਤਦੋਂ ਤੱਕ ਗਿਰੀ ਨੰਦ ਤੇ ਲਲਿਤਾ ਉਸੇ ਤਰ੍ਹਾਂ ਹੌਲੀ ਹੌਲੀ ਆਪੋ ਵਿਚ ਦੀ ਘੁਸਰ ਮਸੋਰੀਆਂ ਕਰ ਰਹੇ ਸਨ। ਨਾ ਤਾਂ ਉਸਨੂੰ ਕਿਸੇ ਬਹਿਣ ਵਾਸਤੇ ਹੀ ਆਖਿਆ ਤੇ ਨਾ ਹੀ ਕਿਸੇ ਉਹਨਾਂ ਦੀ ਵਾਤ ਹੀ ਪੁਛੀ। ਅਜ ਉਹ ਚੰਗੀ ਤਰ੍ਹਾਂ ਸਮਝ ਗਿਆ ਕਿ ਲਲਿਤਾ ਨੇ ਹੁਣ ਉਸਨੂੰ ਉਸ ਨਾ ਟੁੱਟ ਸਕਣ ਵਾਲੇ ਬੰਧਨ ਤੋਂ ਖਲਾਸੀ ਦੇ ਦਿੱਤੀ ਹੈ। ਹੁਣ ਉਹ ਅਰਾਮ ਦਾ ਸਾਹ ਲੈ ਸਕਦਾ ਹੈ। ਹੁਣ ਕੋਈ ਸ਼ੱਕ ਨਹੀਂ। ਹੁਣ ਲਲਿਤਾ ਉਹਨੂੰ ਕਦੇ ਨਾ ਫਸਾਏਗੀ। ਘਰ ਆ ਕੇ ਉਹਨੂੰ ਘੜੀ ਮੁੜੀ ਖਿਆਲ ਆਉਣ ਲੱਗੇ, ਉਹ ਆਪਣੀ ਅੱਖੀਂ ਵੇਖ ਆਇਆ ਸੀ ਕਿ ਗਿਰੀ ਨੰਦ ਹੀ ਉਹਨਾਂ ਦੇ ਘਰ ਦਾ ਸੱਕਾ ਸੋਧਰਾ ਹੈ। ਸਾਰਿਆਂ ਦਾ ਭਰੋਸਾ ਉਸੇ ਤੇ ਹੈ,ਲਲਿਤਾ ਦੀ ਆਉਣ ਵਾਲੀ ਜ਼ਿੰਦਗੀ ਦਾ ਵੀ ਉਹੋ ਸਹਾਰਾ ਹੈ। ਹੁਣ ਮੈਂ ਉਹਦਾ ਕੋਈ ਨਹੀਂ ਲਗਦਾ ਇਹੋ ਜਹੀ ਔਖਿਆਈ ਵੇਲੇ ਲਲਿਤਾ ਮੇਰੀ ਸਲਾਹ ਦੀ ਵੀ ਜ਼ਰੂਰਤ ਨਹੀਂ ਸਮਝਦੀ।

ਉਹ ਇਕ ਵਾਰੀ ਹੀ ‘ਆਹ!' ਆਖਕੇ ਇਕ ਗੱਦੀ ਦਾਰ ਕੁਰਸੀ ਤੇ ਸਿਰ ਝੁਕਾ ਕੇ ਬੈਠ ਗਿਆ। ਲਲਿਤਾ ਨੇ ਉਹਨੂੰ ਵੇਖ ਕੇ, ਮੱਥੇ ਦਾ ਪੱਲਾ ਨੀਵਾਂ ਕਰਕੇ ਮੂੰਹ ਭੁਆ ਲਿਆ ਸੀ, ਜਾਣੀਦਾ ਉਹ ਬਿਲਕੁਲ ਹੀ ਓਪਰਾ ਸੀ। ਫੇਰ ਉਸੇ ਦੇ ਸਾਹਮਣੇ ਗਰੀਨ ਨੂੰ ਬੁਲਾ ਕੇ ਪਤਾ ਨਹੀਂ ਕੀ ਸਲਾਹਾਂ ਹੁੰਦੀਆਂ ਰਹੀਆਂ ਸਨ। ਸੁਵਾਦ ਦੀ ਗੱਲ ਇਹ ਕਿ ਇਕ ਦਿਨ ਉਸੇ ਦੇ ਨਾਲ ਥੀਏਟਰ ਜਾਣ ਤੋਂ ਲਲਿਤਾ ਨੂੰ ਰੋਕ ਦਿੱਤਾ ਸੀ।

ਉਸ ਨੇ ਫੇਰ ਇਕ ਵਾਰੀ ਸੋਚਣ ਦੀ ਕੋਸ਼ਸ਼ ਕੀਤੀ ਕਿ ਸ਼ਾਇਦ ਉਸਨੇ ਆਪੋ ਵਿਚ ਦੀ ਗੁਪਤ ਸਬੰਧ ਹੋ ਜਾਣ ਦੇ ਕਾਰਨ ਸ਼ਰਮ ਦੇ ਮਾਰਿਆਂ ਇਹ ਸਲੂਕ ਕੀਤਾ ਹੋਵੇਗਾ। ਪਰ ਇਹ ਵੀ ਕਿੱਦਾਂ ਹੋ ਸਕਦਾ ਸੀ। ਕੀ ਉਹ ਐਨਾ ਹੋ ਜਾਣ ਤੇ ਕਿਸੇ ਬਹਾਨੇ ਇਕ ਗਲ ਵੀ ਉਸ ਪਾਸੋਂ ਨਹੀਂਂ ਪੁਛ ਸਕਦੀ?

ਅਚਨਚੇਤ ਹੀ ਦਰਵਾਜ਼ੇ ਦੇ ਬਾਹਰੋਂ ਮਾਂ ਦੀ ਅਵਾਜ਼ ਸੁਣੀ ਗਈ। ਉਹ ਅਵਾਜ਼ਾਂ ਮਾਰ ਰਹੀ ਸੀ, "ਕਿਥੇ ਹੈਂ ਤੂੰ ਅਜੇ ਤਕ ਹਥ ਮੂੰਹ ਵੀ ਨਹੀਂ ਧੋਤਾ। ਰਾਤ ਪੈ ਰਹੀ ਹੈ।"

ਸ਼ੇਖਰ ਛੇਤੀ ਨਾਲ ਉੱਠ ਖਲੋਤਾ ਤੇ ਝੱਟ ਮੂੰਹ ਭੁਆ ਕੇ ਇਸ ਢੰਗ ਨਾਲ ਥੱਲੇ ਉਤਰ ਗਿਆ, ਜਿਦਾਂ ਕਿ ਮਾਂ ਉਹਦਾ ਚਿਹਰਾ ਨਾ ਵੇਖ ਸਕੇ।

ਏਧਰ ਕਈਆਂ ਦਿਨਾਂ ਤੋਂ ਉਹਦੇ ਮਨ ਅੰਦਰ ਕਈ ਗੱਲਾਂ ਕਈ ਤਰ੍ਹਾਂ ਦਾ ਰੂਪ ਧਾਰ ਕੇ ਆ ਰਹੀਆਂ ਹਨ। ਪਰ ਉਹ ਇਕੋ ਗੱਲ ਹੀ ਨਹੀਂ ਸੋਚਦਾ ਕਿ ਕਸੂਰ ਕਿਸਦਾ ਹੈ। ਨਾ ਇਕ ਗੱਲ ਆਸ਼ਾ ਦੀ ਉਸਨੇ ਕਹੀ ਤੇ ਨਾ ਕਹਿਣ ਦਾ ਮੌਕਾ ਦਿੱਤਾ। ਸਗੋਂ ਏਸ ਡਰ ਨਾਲ ਕਿ ਉਹ ਕਿਤੇ, ਭਾਂਡਾ ਨਾ ਭੰਨ ਦੇਵੇ ਜਾਂ ਦਾਅਵਾ ਨਾ ਕਰ ਦੇਵੇ, ਉਹ ਪੱਥਰ ਵਾਗੂੰ ਗੁਮਰੁੱਠ ਜਿਹਾ ਹੋ ਰਿਹਾ ਸੀ। ਫੇਰ ਵੀ ਸਾਰਾ ਕਸੂਰ ਲਲਿਤਾ ਦੇ ਮੱਥੇ ਮੜ ਕੇ ਉਹ ਇਸ ਗੱਲ ਨੂੰ ਵਿਚਾਰ ਰਿਹਾ ਸੀ ਆਪਣੀ ਹੀ ਅੱਗੇ ਵਿਚ ਆਪ ਸੜ ਰਿਹਾ ਸੀ। ਸ਼ਾਇਦ ਏਸੇ ਤਰ੍ਹਾਂ ਸਾਰੇ ਪੁਰਸ਼ ਇਸਤਰੀਆਂ ਦਾ ਵਿਚਾਰ ਕਰਦੇ ਹਨ ਤੇ ਆਪਣੀ ਅੱਗ ਵਿਚ ਆਪ ਹੀ ਸੜਦੇ ਰਹਿੰਦੇ ਹਨ।

ਇਸ ਤਰ੍ਹਾਂ ਸੜਦਿਆਂ ਭੁਜਦਿਆਂ ਉਸ ਦੇ ਸੱਤ ਦਿਨ ਲੰਘ ਗਏ। ਅੱਜ ਵੀ ਉਹ ਆਪਣੇ ਇਕੱਲੇ ਕਮਰੇ ਵਿਚ ਬੈਠਾ ਇਸ ਅਗ ਵਿਚ ਸੜ ਰਿਹਾ ਸੀ। ਅੱਚਨਚੇਤ ਹੀ ਦਰਵਾਜ਼ੇ ਦੇ ਖੜਾਕ ਨੂੰ ਸੁਣ ਕੇ ਤੇ ਉਸ ਵੱਲ ਵੇਖ ਕੇ ਉਸ ਦਾ ਹਿਰਦਾ ਉੱਛਲ ਪਿਆ। ਕਾਲੀ ਦਾ ਹੱਥ ਫੜੀ ਲਲਿਤਾ ਆਕੇ ਥੱਲੇ ਗਰੀਲੇ ਤੇ ਬਹਿ ਗਈ। ਕਾਲੀ ਨੇ ਆਖਿਆ,"ਸ਼ੇਖਰ ਬਾਬੂ ਅਸੀਂ ਦੋਵੇਂ ਤਹਾਨੂੰ ਪ੍ਰਨਾਮ ਕਰਨ ਆਈਆਂ ਹਾਂ, ਕੱਲ ਅਸਾਂ ਚਲੀਆਂ ਜਾਣਾ ਹੈ।’’

ਸ਼ੇਖਰ ਦੇ ਮੂੰਹੋਂ ਕੋਈ ਗੱਲ ਨਾ ਨਿਕਲ ਸਕੀ, ਉਹ ਇਕ ਟੱਕ ਨੀਝ ਲਾਈ ਵੇਖਦਾ ਰਿਹਾ।

ਕਾਲੀ ਨੇ ਆਖਿਆ, “ਸ਼ੇਖਰ ਬਾਬੂ! ਤੇਰੇ ਚਰਨਾਂ ਵਿਚ ਰਹਿ ਕੇ ਕਈ ਕਸੂਰ ਕੀਤੇ ਹਨ, ਸਭ ਭੁਲ ਜਾਣੇ।"

ਸ਼ੇਖਰ ਸਮਝ ਗਿਆ ਕਿ ਇਸ ਵਿਚ ਇਕ ਗਲ ਵੀ ਕਾਲੀ ਦੀ ਆਪਣੀ ਨਹੀਂ ਹੈ। ਉਹ ਸਿਖਾਈ ਹੋਈ ਬੋਲ ਰਹੀ ਹੈ, ਉਸਨੇ ਪੁਛਿਆ, ਕੱਲ ਤੁਸੀਂ ਕਿਉਂ ਜਾ ਰਹੇ ਹੋ?

'ਬਾਬੂ ਜੀ ਨੂੰ ਲੈਕੇ ਅਸੀਂ ਸਭ ਮੁੰਗੇਰ ਜਾ ਰਹੇ ਹਾਂ' ਉਥੇ ਗਰੀਨ ਬਾਬੂ ਦਾ ਮਕਾਨ ਹੈ। ਬਾਬੂ ਜੀ ਦੇ ਹੱਛਿਆਂ ਹੋ ਜਾਣ ਤੇ ਵੀ ਅਸੀਂ ਸ਼ਾਇਦ ਇੱਥੇ ਨ ਆ ਸਕੀਏ। ਡਾਕਟਰ ਜੀ ਨੇ ਕਿਹਾ ਹੈ ਕਿ 'ਇੱਥੇ ਬਾਬੂ ਜੀ ਦੀ ਤਬੀਅਤ ਕਦੇ ਠੀਕ ਨਹੀਂ ਹੋ ਸਕਦੀ।'

ਸ਼ੇਖਰ ਨੇ ਪੁਛਿਆ, 'ਹੁਣ ਉਹਨਾਂ ਦੀ ਤਬੀਅਤ ਕਿਹੋ ਜਹੀ ਹੈ?'

‘ਕੁਝ ਚੰਗੀ ਹੈ।' ਕਹਿਕੇ ਕਾਲੀ ਨੇ ਪੱਲਿਓ ਕਈ ਸਾੜ੍ਹੀਆਂ ਕੱਢਕੇ ਵਿਖਾਉਂਦੀ ਹੋਈ ਨੇ ਕਿਹਾ, 'ਇਹ ਤਾਈ ਜੀ ਨੇ ਦਿੱਤੀਆਂ ਹਨ।'

ਲਲਿਤਾ ਹੁਣ ਤੱਕ ਚੁੱਪ ਬੈਠੀ ਸੀ, ਮੇਜ਼ ਤੇ ਚਾਬੀਆਂ ਰਖ ਕੇ ਕਹਿਣ ਲੱਗੀ, “ਇਸ ਅਲਮਾਰੀ ਦੀ ਚਾਬੀ ਕਈਆਂ ਦਿਨਾਂ ਤੋਂ ਮੇਰੇ ਪਾਸ ਹੀ ਸੀ, ਪਰ ਰੁਪਇਆ ਏਸ ਵਿੱਚ ਇਕ ਵੀ ਨਹੀਂ ਸੀ, ਸਭ ਖਰਚ ਹੋ ਗਏ ਹਨ।’

ਸ਼ੇਖਰ ਚੁੱਪ ਕਰ ਗਿਆ।

ਕਾਲੀ ਨੇ ਆਖਿਆ, 'ਚੱਲ ਬੀਬੀ ਹੁਣ ਰਾਤ ਪੈ ਰਹੀ ਹੈ।'

ਲਲਿਤਾ ਦੇ ਕੁਝ ਕਹਿਣ ਤੋਂ ਬਿਨਾ ਹੀ, ਸ਼ੇਖਰ ਕੁਝ ਕਾਹਲਾ ਜਿਹਾ ਪੈਕੇ ਬੋਲ ਪਿਆ, ਕਾਲੀ ਜਰਾ ਥੱਲਿਓ ਮੇਰੇ ਵਾਸਤੇ ਪਾਨ ਤਾਂ ਲੈ ਆ!

ਲਲਿਤਾ ਨੇ ਉਹਦਾ ਹੱਥ ਘੁੱਟ ਕੇ ਆਖਿਆ, 'ਤੂੰ ਇਥੇ ਬਹੁ ਕਾਲੀ ਮੈਂ ਲਿਆ ਦੇਂਦੀ ਹਾਂ। ਇਹ ਆਖਕੇ ਛੇਤੀ ਨਾਲ ਥੱਲੇ ਚਲੀ ਗਈ। ਥੋੜਾ ਚਿਰ ਪਿਛੋਂ ਪਾਨ ਲਿਆਕੇ ਉਹਨੇ ਕਾਲੀ ਨੂੰ ਫੜਾ ਦਿਤੇ ਤੇ ਉਸਨੇ ਅਗਾਂਹ ਫੜਾ ਦਿਤੇ।'

ਪਾਨ ਹੱਥ ਵਿੱਚ ਫੜਕੇ ਸ਼ੇਖਰ ਬੁੱੱਤ ਜਿਹਾ ਬਣਕੇ ਬਹਿ ਗਿਆ।

'ਚਲਦੀਆਂ ਸ਼ੇਖਰ ਬਾਬੂ' ਕਹਿਕੇ ਕਾਲੀ ਨੇ ਪੈਰਾਂ ਦੇ ਪਾਸ ਆਕੇ ਪ੍ਰਨਾਮ ਕੀਤੀ ਤੇ ਲਲਿਤਾ ਨੇ ਜਿਥੇ ਖੜੀ ਸੀ ਉਥੋਂ ਹੀ ਪ੍ਰਨਾਮ ਕੀਤੀ। ਫੇਰ ਦੋਵੇਂ ਹੌਲੀ ਹੌਲੀ ਚਲੀਆਂ ਗਈਆਂ।

ਸ਼ੇਖਰ ਆਪਣੀ ਭਲਿਆਈ ਬੁਰਿਆਈ ਲੈਕੇ, ਆਤਮ ਸਨਮਾਨ ਲੈਕੇ, ਬੁੱਤ ਵਾਂਗੂ ਚੁਪ ਚਾਪ ਬੈਠਾ ਰਿਹਾ। ਲਲਿਤਾ ਆਈ ਤੇ ਜੋ ਕੁਝ ਆਖਣਾ ਸੀ ਆਖਕੇ ਹਮੇਸ਼ਾ ਵਾਸਤੇ ਚਲੀ ਗਈ,ਏਸਤਰਾਂ ਉਹ ਵਕਤ ਲੰਘ ਗਿਆ ਜਾਣੀ ਦਾ ਉਸ ਪਾਸ ਆਖਣ ਵਾਸਤੇ ਕੁਝ ਵੀ ਨਹੀਂ ਸੀ। ਇਸ ਗਲ ਨੂੰ ਸ਼ੇਖਰ ਮਨ ਹੀ ਮਨ ਵਿਚ ਸਮਝ ਗਿਆ ਸੀ ਕਿ ਲਲਿਤਾ ਜਾਣਕੇ ਹੀ ਕਾਲੀ ਨੂੰ ਨਾਲ ਲਿਆਈ ਸੀ ਤਾਂ ਜੋ ਕੋਈ ਫਸਾਦ ਨ ਖੜਾ ਹੋ ਜਾਏ, ਉਸ ਤੋਂ ਪਿਛੋਂ ਓਹਦਾ ਸਾਰਾ ਸਰੀਰ ਸੁੰਨ ਜਿਹਾ ਹੋਣ ਲਗ ਪਿਆ। ਜੀ ਕੱਚਾ ਹੋਣ ਲੱਗਾ ਤੇ ਸਿਰ ਨੂੰ ਚੱਕਰ ਆਉਣ ਲਗ ਪਏ। ਅਖੀਰ ਨੂੰ ਉਹ ਉੱਠਕੇ ਬਿਸਤਰੇ ਤੇ ਜਾ ਪਿਆ ਤੇ ਅੱਖਾਂ ਬੰਦ ਕਰਕੇ ਸੌਂਂਗਿਆ।