ਵਿਚਕਾਰਲੀ ਭੈਣ/ਪਰਿਣੀਤਾ!/੮.
੮.
ਤਿੰਨਾਂ ਕੁ ਮਹੀਨਿਆਂ ਪਿੱਛੋਂ ਇਕ ਦਿਨ ਗੁਰਚਰਨ ਉਦਾਸ ਜਿਹਾ ਮੂੰਹ ਬਣਾ ਕੇ ਨਵੀਨ ਰਾਏ ਦੇ ਫਰਸ਼ ਤੇ ਬੈਠਨਾ ਹੀ ਚਾਹੁੰਦਾ ਸੀ ਕਿ ਨਵੀਨ ਬਾਬੂ ਨੇ ਉੱਚੀ ਸਾਰੀ ਆਖਿਆ, “ਨਹੀਂ ਨਹੀਂ ਇੱਥੇ ਨਾ ਬਹੋ, ਪਰ੍ਹਾਂ ਜਾਕੇ ਚੌਕੀ ਤੇ ਬੈਠੋ। ਮੇਰੇ ਪਾਸੋਂ ਇਸ ਵਕਤ ਨ੍ਹਾਤਾ ਨਹੀਂ ਜਾਣਾ, ਕਿਉਂ ਤੂੰ ਠੀਕ ਹੀ ਜਾਤੋਂ ਬੇਜ਼ਾਤ ਹੋਗਿਆ ਏਂਂ?
ਗੁਰਚਰਨ ਦੂਰ ਇਕ ਚੌਂਕੀ ਤੇ ਨੀਵੀਂ ਪਾਈ ਬਹਿ ਗਿਆ। ਚਾਰ ਦਿਨ ਪਹਿਲਾਂ ਉਹ ਨਿਯਮ ਅਨੁਸਾਰ ਉਪਦੇਸ਼ ਲੈਕੇ ਬ੍ਰਹਮ ਹੋਗਿਆ ਹੈ। ਅੱਜ ਇਹੋ ਗਲ ਕਈਆਂ ਵਰਨਾਂ ਵਿਚੋਂ ਦੀ ਘੁਮ ਘੁਮਾ ਕੇ ਕੱਟੜ ਹਿੰਦੂ 'ਨਵੀਨ' ਦੇ ਕੰਨੀਂ ਪਈ ਹੈ। ਨਵੀਨ ਦੀਆਂ ਅੱਖਾਂ ਵਿਚੋਂ ਚੰਗਿਆੜੇ ਨਿਕਲਣ ਲੱਗ ਪਏ, ਪਰ ਗੁਰਚਰਨ ਉਸੇ ਤਰ੍ਹਾਂ ਨੀਵੀਂ ਪਾਈ ਬੈਠਾ ਰਿਹਾ। ਉਹਨੇ ਕਿਸੇ ਨੂੰ ਬਿਨਾਂ ਪੁਛੇ ਹੀ, ਇਹ ਕੰਮ ਕਰ ਸੁਟਿਆ ਸੀ। ਇਸ ਕਰਕੇ ਇਹਦੇ ਆਪਣੇ ਘਰ ਵੀ ਰੋਣਾ ਧੋਣਾ ਪਿਆ ਹੋਇਆ ਸੀ।
ਨਵੀਨ ਰਾਏ ਫੇਰ ਗੱਜਿਆ, "ਦੱਸਦਾ ਕਿਉਂ ਨਹੀਂ, ਕੀ ਇਹ ਠੀਕ ਹੈ?"
ਗੁਰਚਰਨ ਨੇ ਪਾਣੀ ਭਰੀਆਂ ਅੱਖੀਆਂ ਨਾਲ ਸਿਰ ਉੱਚਾ ਕਰਕੇ ਕਿਹਾ, "ਜੀ ਹਾਂ ਠੀਕ ਹੈ।"
“ਇਹ ਕੰਮ ਕਰ ਸਟਿਆਂ ਹੈ?” ਤੁਹਾਡੀ ਤਨਖਾਹ ਤਾਂ ਸਭੋ ਸੱਠ ਰੁਪਏ ਹੈ। ਨਵੀਨ ਰਾਏ ਦੇ ਮੂੰਹੋਂ ਗੁਸੇ ਨਾਲ ਗਲ ਨਹੀਂ ਸੀ ਨਿਕਲਦੀ।
ਗੁਰਚਰਨ ਨੇ ਅੱਖਾਂ ਪੂੰਝਦੇਹੋਏ ਨੇ ਕਿਹਾ,ਕੋਈਸਮਝਨਹੀਂ ਸੀ। ਦੁੱਖੀ ਜਾਨ ਸੀ,ਫਾਹਾ ਲੈਕੇ ਮਰ ਜਾਵਾਂ ਜਾਂ ਬ੍ਰਹਮਸਮਾਜੀ ਹੋ ਜਾਵਾਂ, ਉਸ ਵਕਤ ਦਿਮਾਗ ਫੈਸਲਾ ਨਹੀਂ ਕਰ ਸਕਿਆ ਸੋ ਬ੍ਰਹਮ ਸਮਾਜੀ ਹੋ ਗਿਆ। ਇਹ ਆਖਕੇ ਗੁਰਚਰਨ ਅਖਾਂ ਪੂੰਝਦਾ ਹੋਇਆ ਬਾਹਰ ਚਲਿਆ ਗਿਆ।
ਨਵੀਨ ਉੱਚੀ ਸਾਰੀ ਕਹਿਣ ਲੱਗਾ। ਚੰਗਾ ਕੀਤਾ ਆਪਣੇ ਗਲ ਫਾਹ ਨ ਲੈਕੇ ਜਾਤ ਦੇ ਗਲ ਫਾਹ ਪਾ ਦਿੱਤਾ, ਚੰਗਾ ਜਾਉ ਅੱਜ ਤੋਂ ਪਿਛੋਂ ਸਾਡੇ ਲੋਕਾਂ ਦੇ ਸਾਹਮਣੇ ਆਪਣਾ ਕਾਲਾ ਮੂੰਹ ਲੈਕੇ ਨ ਆਉਣਾ। ਹੁਣ ਜਿਹੜੇ ਲੋਕ ਸਲਾਹ ਕਾਰ ਮੰਤਰੀ ਬਣੇ ਹੋਏ ਹਨ ਉਨ੍ਹਾਂ ਦੇ ਕੋਲ ਹੀ ਰਹਿਣਾ, ਲੜਕੀਆਂ ਨੂੰ ਡੂੰਮ ਚਮਿਆਰਾਂ ਦੇ ਘਰ ਵਿਆਹ ਦੇਣਾ। ਇਹ ਆਖਕੇ ਉਹਨਾਂ ਗੁਰਚਰਨ ਨੂੰ ਵਿਦਿਆ ਕਰਕੇ ਮੂੰਹ ਭੁਆ ਲਿਆ।
ਨਵੀਨ ਗੁੱਸੇ ਤੇ ਅਭਿਮਾਨ ਕਰਕੇ ਕੋਈ ਫੈਸਲਾ ਨ ਕਰ ਸਕੇ ਕਿ ਕੀ ਕਰਨਾ ਚਾਹੀਦਾ ਹੈ, ਗੁਰਚਰਨ ਉਨ੍ਹਾਂ ਦੇ ਹੱਥ ਵਿਚੋਂ ਨਿਕਲ ਚੁੱਕਾ ਸੀ ਤੇ ਮੁੜ ਕੇ ਹੱਥਾਂ ਵਿਚ ਆਉਣ ਦੀ ਆਸ ਵੀ ਨਹੀਂ ਸੀ, ਏਸ ਕਰਕੇ ਐਵੇਂ ਵਾਧੂ ਦਾ ਗੁਸਾ ਕੱਢਣ ਲੱਗੇ, ਗੁਰਚਰਨ ਨੂੰ ਰੋਜ ਤੰਗ ਕਰਨ ਦੀ ਹੋਰ ਕੋਈ ਤਰਕੀਬ ਨ ਬਣ ਸਕਣ ਤੇ ਰਾਜ ਨੂੰ ਸੱਦ ਕੇ ਕੋਠੇ ਤੇ ਕੰਧ ਕਰਵਾ ਦਿੱਤੀ ਤਾਂ ਜੋ ਆਉਣ ਜਾਣ ਦਾ ਰਾਹ ਬੰਦ ਹੋ ਜਾਏ। ਦੂਰ ਬੈਠੀ ਭਵਨੇਸ਼ਵਰੀ ਨੇ ਜਦ ਇਹ ਗੱਲ ਸੁਣੀ ਤਾਂ ਉਹ ਰੋ ਪਈ, ਲੜਕੇ ਨੂੰ ਕਹਿਣ ਲੱਗੀ, ਸ਼ੇਖਰ ਪਤਾ ਨਹੀਂ ਉਹਨਾਂ ਨੂੰ ਇਹੋ ਜਹੀ ਮਤ ਕਿਸਨੇ ਦੇ ਦਿਤੀ ਹੈ।
ਇਹ ਖੋਟੀ ਮੱਤ ਜਿਨ ਦਿਤੀ ਸੀ, ਸ਼ੇਖਰ ਉਸ ਨੂੰ ਸਮਝ ਗਿਆ ਸੀ, ਪਰ ਗੱਲ ਖੋਲ੍ਹਕੇ ਨ ਦਸਦੇ ਹੋਏ ਨੇ ਕਿਹਾ, ਮਾਂ ਦੋਂਹ ਚੌਹ ਦਿਨਾਂ ਨੂੰ ਤੁਸਾਂ ਆਪ ਹੀ ਤਾਂ ਉਹਨਾਂ ਨੂੰ ਜਾਤ ਵਿਚੋਂ ਛੇਕ ਕੇ ਅਡ ਕਰ ਦੇਣਾ ਸੀ। ਐਨੀਆਂ ਕੁੜੀਆਂ ਦਾ ਵਿਆਹ ਉਹ ਕਿਦਾਂ ਕਰ ਸਕਦਾ, ਮੇਰੀ ਸਮਝ ਵਿਚ ਤਾਂ ਕੁਝ ਨਹੀਂ ਆਉਂਦਾ।
ਭਵਨੇਸ਼ਵਰੀ ਨੇ ਸਿਰ ਹਿਲਾਉਂਦੀ ਹੋਈ ਨੇ ਕਿਹਾ, ਕੋਈ ਕੰਮ ਵੀ ਨਹੀਂ ਰੁਕਿਆ ਰਹਿ ਸਕਦਾ, ਸ਼ੇਖਰ! ਜੇ ਇਸ ਗਲਬਦਲੇ ਹੀ ਜ਼ਾਤ ਤਿਆਗ ਦੇਣੀ ਪੈਂਦੀ ਤਾਂ ਅਜੇ ਤੱਕ ਕਈ ਦੀਨੋਂ ਬੇਦੀਨ ਹੋ ਗਏ ਹੁੰਦੇ। ਰੱਬ ਨੇ ਜਿਨਾਂ ਨੂੰ ਦੁਨੀਆਂ ਵਿੱਚ ਪੈਦਾ ਕੀਤਾ ਹੈ, ਸਭ ਦਾ ਫਿਕਰ ਉਸਨੂੰ ਹੈ।
ਸ਼ੇਖਰ ਚੁੱਪ ਕਰ ਰਿਹਾ। ਭਵਨੇਸ਼ਵਰੀ ਅੱਖਾਂ ਪੂੰਝਦੀ ਹੋਈ ਕਹਿਣ ਲੱਗੀ, ਲਲਿਤਾ ਨੂੰ ਜੇ ਨਾਲ ਲੈ ਆਉਂਦੀ ਤਾਂ ਉਹਦਾ ਸਬੰਧ ਮੈਨੂੰ ਹੀ ਕਰਨਾ ਪੈਣਾ ਸੀ ਤੇ ਮੈਂ ਕਰ ਵੀ ਦੇਂਦੀ। ਪਰ ਮੈਨੂੰ ਨਹੀਂ ਸੀ ਪਤਾ ਕਿ ਗੁਰਚਰਨ ਨੇ ਇਸੇ ਕਰਕੇ ਹੀ ਉਹਨੂੰ ਨਹੀਂ ਸੀ ਭੇਜਿਆ, ਮੈਂ ਤਾਂ ਸੋਚਦੀ ਸਾਂ ਕਿ ਸੱਚ ਮੁੱਚ ਹੀ ਉਸਦੀ ਕੁੜਮਾਈ ਹੋਣ ਵਾਲੀ ਹੈ।
ਸ਼ੇਖਰ ਮਾਂ ਦੇ ਮੂੰਹ ਵੱਲ ਵੇਖਕੇ ਕੁਝ ਸ਼ਰਮਿੰਦਾ ਜਿਹਾ ਹੋਕੋ ਬੋਲਿਆ ਠੀਕ ਹੈ ਮਾਂ, ਹੁਣ ਘਰ ਜਾਕੇ ਏਦਾਂ ਹੀ ਕਰਨੀ, ਉਹ ਤਾਂ ਬ੍ਰਹਮ ਸਮਾਜੀ ਨਹੀਂ ਹੋਈ ਉਹਦਾ ਮਾਮਾ ਹੀ ਹੋਇਆ ਹੈ, ਜੇ ਸੱਚ ਪੁਛੋ ਤਾਂ ਇਹ ਵੀ ਕੋਈ ਉਸਦੇ ਆਪਣੇ ਨਹੀਂ। ਲਲਿਤਾ ਦਾ ਕੋਈ ਵੀ ਨਹੀਂ ਤਾਂ ਹੀ ਤਾਂ ਇਹਨਾਂ ਦੇ ਘਰ ਪਲ ਰਹੀ ਹੈ।
ਭਵਨੇਸ਼ਵਰੀ ਨੇ ਸੋਚ ਵਿਚਾਰਕੇ ਆਖਿਆ, ਇਹ ਤਾਂ ਠੀਕ ਹੈ ਪਰ ਤੇਰੇ ਬਾਬੂ ਜੀ ਦਾ ਮਿਜਾਜ਼ ਕੁਝ ਹੋਰ ਹੈ। ਉਹ ਕਦੇ ਵੀ ਰਾਜ਼ੀ ਨਹੀਂ ਹੋਣਗੇ। ਇਹ ਵੀ ਹੋ ਸਕਦਾ ਹੈ ਕਿ ਉਹਉਨ੍ਹਾਂ ਲੋਕਾਂ ਨਾਲੋਂ ਮੇਲ ਮਿਲਾਪ ਹੀ ਨ ਬੰਦ ਕਰ ਦੇਣ।
ਸ਼ੇਖਰ ਦੇ ਮਨ ਹੀ ਮਨ ਵਿਚ ਇਸ ਗੱਲ ਦੀ ਵੱਡੀ ਆਸ ਸੀ ਸੋ ਉਸਨੇ ਹੋਰ ਕੁਝ ਨ ਕਿਹਾ ਤੇ ਕਿਧਰੇ ਬਾਹਰ ਚਲਿਆ ਗਿਆ।
ਇਹਦੇ ਪਿਛੋਂ ਇੱਕ ਮਿੰਟ ਵਾਸਤੇ ਵੀ ਉਹਦਾ ਪ੍ਰਦੇਸ ਵਿਚ ਦਿਲ ਨ ਲੱਗਾ। ਦੋ ਤਿੰਨ ਦਿਨ ਉਦਾਸ ਜਿਹਾ ਹੋਕੇ, ਐਧਰ ਊਧਰ ਫਿਰ ਫਿਰਾਕੇ ਇਕ ਦਿਨ ਰਾਤ ਨੂੰ ਮਾਂ ਨੂੰ ਕਹਿਣ ਲੱਗਾ, “ਮਾਂ ਹੁਣ ਕੁਝ ਵੀ ਚੰਗਾ ਨਹੀਂ ਲਗਦਾ, ਚਲ ਘਰ ਨੂੰ ਚਲੀਏ।"
ਘਰ ਆ ਕੇ ਮਾਂ ਪੁੱਤ ਦੋਹਾਂ ਨੇ ਵੇਖਿਆ ਕਿ ਜਿਹੜਾ ਇਕ ਦੂਜੇ ਦੇ ਘਰ ਆਉਣ ਜਾਣ ਦਾ ਰਾਹ ਸੀ ਉਥੇ ਕੰਧ ਕੱਢ ਦਿਤੀ ਹੈ। ਇਹ ਗੱਲ ਦੋਹਾਂ ਮਾਂ ਪੁੱਤਾਂ ਨੂੰ ਬਿਨਾਂ ਪੁਛਿਆਂ ਗਿਛਿਆਂ ਹੀ ਸੁਝ ਗਈ ਕਿ ਗੁਰਚਰਨ ਨਾਲ ਕਿਸੇ ਤਰ੍ਹਾਂ ਦਾ ਸਬੰਧ ਰਖਣਾ, ਇਥੋਂ ਤੱਕ ਖਾਲੀ ਗਲ ਬਾਤ ਕਰਨਾ ਵੀ ਨਵੀਨ ਰਾਏ ਨ ਸਹਾਰ ਸਕੇਗਾ।
ਰਾਤ ਨੂੰ ਸ਼ੇਖਰ ਦੇ ਰੋਟੀ ਖਾਣ ਸਮੇਂ ਉਸ ਪਾਸ ਉਸਦੀ ਮਾਂ ਮੌਜੂਦ ਸੀ। ਦੋ ਤਿੰਨਾਂ ਗੱਲਾਂ ਪਿਛੋਂ ਉਸ ਆਖਿਆ ਮਾਂ, "ਮਲੂਮ ਹੁੰਦਾ ਹੈ ਕਿ ਲਲਿਤਾ ਦੀ ਮੰਗਣੀ ਗਿਰੀਨ ਬਾਬੂ ਦੇ ਨਾਲ ਹੀ ਹੋ ਰਹੀ ਹੈ। ਮੈਂ ਇਹ ਗਲ ਪਹਿਲਾਂ ਹੀ ਜਾਣਦਾ ਸਾਂ।"
ਸ਼ੇਖਰ ਨੇ ਬਿਨਾਂ ਸੁਰ ਚੁੱਕੇ ਹੀ ਕਿਹਾ, ਕਿੰਨ ਆਖਿਆ ਹੈ?"
"ਉਹਦੀ ਮਾਮੀ ਨੇ।" ਕਲ ਦੁਪਹਿਰ ਨੂੰ, ਜਦੋਂ ਤੇਰੇ ਬਾਬੂ ਜੀ ਸੌਂ ਗਏ ਸਨ, ਮੈਂ ਆਪੇ ਉਨ੍ਹਾਂ ਦੇ ਘਰ ਮਿਲਣ ਗਈ ਸਾਂ। ਉਹਨੇ ਰੋ ਰੋ ਕੇ ਅੱਖਾਂ ਸੁਜਾ ਲਈਆਂ ਹਨ।" ਥੋੜਾ ਚਿਰ ਚੁੱਪ ਰਹਿਕੇ ਪੱਲੇ ਨਾਲ ਅੱਖਾਂ ਪੂੰਝ ਕੇ ਉਹ ਬੋਲੀ!” ਕਿਸਮਤ ਹੈ, ਕਿਸਮਤ! ਕਿਸਮਤ ਦਾ ਲਿਖਿਆ ਕੋਈ ਨਹੀਂ ਮੇਟ ਸਕਦਾ। ਕਿਹਨੂੰ ਦੋਸ਼ ਦੇਈਏ? ਫੇਰ ਵੀ ਗਰੀਨ ਚੰਗਾ ਮੁੰਡਾ ਹੈ! ਪੈਸੇ ਵਾਲਾ ਹੈ ਲਲਿਤਾ ਨੂੰ ਕੋਈ ਤਕਲੀਫ ਨਹੀਂ ਹੋਵੇਗੀ।" ਇਹ ਆਖ ਕੇ ਉਹ ਚੁੱਪ ਹੋ ਗਈ।
ਜਵਾਬ ਵਿਚ ਸ਼ੇਖਰ ਨੇ ਕੁਝ ਨਹੀਂ ਆਖਿਆ। ਨੀਵੀਂ ਪਾਈ ਥਾਲੀ ਵਿਚ ਚੀਜ਼ਾਂ ਐਧਰ ਊਧਰ ਕਰਨ ਲੱਗ ਪਿਆ। ਥੋੜੇ ਚਿਰ ਪਿਛੋਂ ਮਾਂ ਦੇ ਉਠ ਜਾਣ ਨਾਲ ਉਹ ਵੀ ਉਠ ਬੈਠਾ ਤੇ ਹੱਥ ਮੂੰਹ ਧੋਕੇ ਬਿਸਤਰੇ ਤੇ ਜਾ ਪਿਆ।
ਦੂਜੇ ਦਿਨ ਜ਼ਰਾ ਟਹਿਲਣ ਲਈ ਉਹ ਸੜਕ ਤੇ ਨਿਕਲਿਆ ਸੀ। ਉਸ ਵੇਲੇ ਗੁਰਚਰਨ ਦੀ ਬਾਹਰ ਵਾਲੀ ਬੈਠਕ ਵਿਚ ਰੋਜ਼ ਵਾਂਗੂੰ ਚਾਹ-ਪਾਨ ਦੀ ਸਭਾ ਬੈਠੀ ਹੋਈ ਸੀ, ਬੜੇ ਜੋਸ਼ ਨਾਲ ਹਾਸਾ ਠੱਠਾ ਤੇ ਗਪ ਸ਼ੱਪ ਹੋ ਰਹੀ ਸੀ। ਇਹ ਰੌਲਾ ਸੁਣਕੇ ਸ਼ੇਖਰ ਨੇ ਕੁਝ ਚਿਰ ਸੋਚਿਆ ਤੇ ਫੇਰ ਅੱਗੇ ਵਧਕੇ ਉਨ੍ਹਾਂ ਸ਼ਬਦਾਂਨੂੰ ਚੇਤੇ ਕਰਦਾ ਹੋਇਆ ਗੁਰਚਰਨ ਦੀ ਬਾਹਰ ਵਾਲੀ ਬੈਠਕ ਵਿਚ ਜਾ ਵੜਿਆ। ਉਹਦੇ ਪਹੰਚਦਿਆਂ ਹੀ ਸਭ ਦੇ ਸਿਰ ਪਾਣੀ ਪੈ ਗਿਆ ਤੇ ਸਭ ਰੌਲਾ ਬੰਦ ਹੋ ਗਿਆ। ਉਹਦੇ ਮੂੰਹ ਵੱਲ ਵੇਖਦਿਆਂ ਹੀ ਸਭ ਦੇ ਮੂੰਹ ਫਿੱਕੇ ਪੈ ਗਏ।
ਲਲਿਤਾ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ ਸੀ ਕਿ ਸ਼ੇਖਰ ਆਗਿਆ ਹੈ। ਅੱਜ ਇੱਥੇ ਗਿਰੀ ਨੰਦ ਤੋਂ ਬਿਨਾ ਇਕ ਹੋਰ ਸਜਣ ਵੀ ਆਏ ਹੋਏ ਸਨ। ਉਹ ਹੈਰਾਨਗੀ ਨਾਲ ਸ਼ੇਖਰ ਦੇ ਮੂੰਹ ਵੱਲ ਵੇਖਣ ਲੱਗ ਪਏ। ਗਿਰੀ ਨੰਦ ਦਾ ਚਿਹਰਾ ਬਹੁਤ ਹੀ ਗੰਭੀਰ ਹੋਗਿਆ। ਉਹ ਦੀਵਾਰ ਵੱਲੇ ਵੇਖਣ ਲੱਗ ਪਿਆ। ਸਭ ਨਾਲੋਂ ਬਹੁਤ ਹੀ ਖੱਪ ਗੁਰਚਰਨ ਖੁਦ ਪਾ ਰਿਹਾ ਸੀ, ਉਹਦਾ ਚਿਹਰਾ ਵੀ ਇਕ ਵਾਰੀ ਹੀ ਪੀਲਾ ਪੈ ਗਿਆ। ਲਲਿਤਾ ਉਸ ਪਾਸ ਬੈਠੀ ਚਾਹ ਬਣਾ ਰਹੀ ਸੀ। ਉਹਨੇ ਇਕ ਵੇਰਾਂ ਸਿਰ ਚੁਕ ਕੇ ਵੇਖਿਆ ਤੇ ਫੇਰ ਨੀਵੀਂ ਪਾ ਲਈ।
ਸ਼ੇਖਰ ਨੇ ਅਗਾਂਹ ਹੋਕੇ ਸਿਰ ਨਵਾਕੇ ਸਾਰਿਆਂ ਨੂੰ ਪ੍ਰਨਾਮ ਕੀਤੀ। ਇਕ ਪਾਸੇ ਬਹਿਕੇ ਹਸਦਾ ਹਸਦਾ ਬੋਲਿਆ, “ਕੀ ਗੱਲ ਹੈ, ਇਕ ਵਾਰੀ ਸਾਰੇ ਕਿਉਂ ਚੁਪ ਹੋ ਗਏ ਹੋ?"
ਗੁਰਚਰਨ ਨੇ ਹੌਲੀ ਜਹੀ,ਖਬਰੇ ਅਸ਼ੀਰਵਾਦ ਦਿਤੀ, ਪਤਾ ਕੁਝ ਨਾ ਲਗ ਸਕਿਆ।
ਉਹਦੇ ਮਨ ਦਾ ਭਾਵ ਸ਼ੇਖਰ ਸਮਝ ਗਿਆ। ਇਸ ਕਰਕੇ ਉਹਨੂੰ ਆਪਣਾ ਆਪ ਸੰਭਾਲਣ ਦਾ ਮੌਕਾ ਦੇਣ ਲਈ ਉਸ ਆਪ ਹੀ ਗਲ ਛੇੜੀ। ਸਵੇਰ ਦੀ ਗੱਡੀ ਆ ਜਾਣ ਦੀਆਂ ਗੱਲਾਂ, ਮਾਂ ਦੀ ਬੀਮਾਰੀ ਨੂੰ ਆਰਾਮ ਆ ਜਾਣ ਦੀਆਂ ਗੱਲਾਂ, ਪਛਮ ਦੀ ਜਲ ਪੌਣ ਦੇ ਅਸਰ ਦੀਆਂ ਗਲਾਂ ਤੇ ਏਸ ਤਰ੍ਹਾਂ ਹੋਰ ਬਹੁਤ ਸਾਰੀਆਂ ਗੱਲਾਂ ਇਕ ਵਾਰੀ ਹੀ ਛੇੜ ਬੈਠਾ। ਅਖੀਰ ਨੂੰ ਉਸ ਅਨਜਾਣੇ ਗੱਭਰੂ ਦੇ ਮੂੰਹ ਵੱਲ ਵੇਖ ਕੇ ਚੁਪ ਹੋਗਿਆ।
ਗੁਰਚਰਨ ਨੇ ਹੁਣ ਤਕ ਆਪਣੇ ਆਪ ਨੂੰ ਸੰਭਾਲ ਲਿਆ ਸੀ। ਉਸ ਲੜਕੇ ਦੀ ਸਿਆਣ ਦਸਦਾ ਹੋਇਆ ਬੋਲਿਆ, "ਇਹ ਸਾਡੇ ਗਿਰੀਨ ਬਾਬੂ ਦੇ ਦੋਸਤ ਹਨ। ਇਕ ਹੀ ਥਾਂ ਦੇ ਰਹਿਣ ਵਾਲੇ ਹਨ। ਇਕਠੇ ਹੀ ਪੜ੍ਹਦੇ ਰਹੇ ਹਨ। ਬਹੁਤ ਹੀ ਚੰਗੇ ਲਾਇਕ ਹਨ, ਸ਼ਾਮ ਬਾਜ਼ਾਰ ਰਹਿੰਦੇ ਹਨ। ਫੇਰ ਵੀ ਸਾਡੇ ਨਾਲ ਜਾਣ ਪਛਾਣ ਹੋਣ ਕਰਕੇ ਕਦੇ ਕਦੇ ਆ ਕੇ ਮਿਲ ਗਿਲ ਜਾਂਦੇ ਹਨ।
ਸ਼ੇਖਰ ਸਿਰ ਹਿਲਾਕੇ ਮਨ ਹੀ ਮਨ ਵਿਚ ਕਹਿਣ ਲੱਗਾ, ਹਾਂ ਬਹੁਤ ਹੀ ਚੰਗੇ ਤੇ ਲਾਇਕ ਹਨ ਕੁਝ ਚਿਰ ਚੁਪ ਰਹਿਕੇ ਬੋਲਿਆ, ਚਾਚਾ ਜੀ ਹੋਰ ਤਾਂ ਸਭ ਠੀਕ ਠਾਕ ਹੈ ਨਾਂ?
ਗੁਰਚਰਨ ਨੇ ਕੋਈ ਜੁਵਾਬ ਨਾ ਦਿਤਾ। ਨੀਵੀਂ ਪਾਈ ਚੁਪ ਚਾਪ ਬੈਠਾ ਰਿਹਾ। ਸ਼ੇਖਰ ਨੂੰ ਉਠ ਕੇ ਜਾਂਦਾ ਵੇਖ ਕੇ ਰੋਣ ਹਾਕਾ ਹੋ ਕੇ ਬੋਲਿਆ, "ਕਦੇ ਕਦੇ ਆ ਜਾਇਆ ਕਰੋ ਬੱਚਾ, ਬਿਲਕੁਲ ਹੀ ਨਾ ਛੱਡ ਦੇਣਾ। ਸਭ ਗਲ ਬਾਤ ਸੁਣ ਤਾਂ ਲਈ ਹੋਵੇਗੀ?"
"ਹਾਂ ਸੁਣੀ ਕਿਉਂ ਨਹੀਂ। ਇਹ ਆਖ ਕੇ 'ਸ਼ੇਖਰ' ਘਰ ਚਲਿਆ ਗਿਆ।
ਦੂਜੇ ਪਲ ਹੀ ਅੰਦਰੋਂ ਗੁਰਚਰਨ ਦੀ ਘਰ ਵਾਲੀ ਦੀ ਰੋਣ ਦੀ ਅਵਾਜ਼ ਆਉਣ ਲੱਗ ਪਈ। ਬਾਹਰ ਬੈਠੇ ਗੁਰਚਰਨ ਧੋਤੀ ਦੇ ਪਲੇ ਨਾਲ ਆਪਣਾ ਮੂੰਹ ਪੂੰਝਣ ਲਗ ਪਏ। ਗਿਰੀਨੰਦ ਦੋਸ਼ੀ ਵਾਂਗੂੰ ਮੂੰਹ ਬਣਾ ਕੇ ਬਾਰੀ ਵੱਲ ਵੇਖਦੇ ਰਹੇ। ਲਲਿਤਾ ਪਹਿਲਾਂ ਹੀ ਉਠਕੇ ਚਲੀ ਗਈ ਸੀ।
ਕੁਝ ਚਿਰ ਪਿਛੋਂ ਸ਼ੇਖਰ ਰਸੋਈ ਪਾਸੇ ਦੀ ਹੋਕੇ, ਬਰਾਂਡੇ ਵਿਚੋਂ ਲੰਘਕੇ ਵਿਹੜੇ ਵਿਚ ਦਾਖਲ ਹੋ ਰਿਹਾ ਸੀ। ਵੇਖਿਆ ਕਿ ਹਨੇਰੇ ਵਿਚ ਬੂਹੇ ਦੇ ਉਹਲੇ ਲਲਿਤਾ ਖੜੀ ਹੈ। ਉਹਨੇ ਧਰਤੀ ਤੇ ਮੱਥਾ ਟੇਕਕੇ ਪ੍ਰਨਾਮ ਕੀਤੀ ਤੇ ਉਠ ਕੇ ਖਲੋ ਗਈ। ਉਹਦਾ ਮੂੰਹ ਸ਼ੇਖਰ ਦੀ ਛਾਤੀ ਦੇ ਬਿਲਕੁਲ ਨੇੜੇ ਪਹੁੰਚ ਗਿਆ ਸੀ। ਉਹ ਪਲ ਕੁ ਖਲੋਤੀ ਪਤਾ ਨਹੀਂ ਕੀ ਸੋਚਦੀ ਰਹੀ। ਫੇਰ ਪਿਛੇ ਹਟਦੀ ਹੋਈ ਬੋਲੀ, “ਮੇਰੀ ਚਿਠੀ ਦਾ ਜਵਾਬ ਕਿਉਂ ਨਹੀਂ ਦਿਤਾ?"
‘‘ਕਦੋਂ ਮੈਨੂੰ ਤਾਂ ਕੋਈ ਚਿਠੀ ਨਹੀਂ ਮਿਲੀ ਕੀ ਲਿਖਿਆ ਸੀ?"
ਲਲਿਤਾ ਨੇ ਆਖਿਆ, 'ਕਈ ਗੱਲਾਂ, ਖੈਰ ਜਾਣ ਦਿਓ। ਸਾਰੀਆਂ ਗੱਲਾਂ ਸੁਣ ਤਾਂ ਲਈਆਂ ਹਨ ਉਹ ਤੁਸੀਂ ਹੀ ਦਸੋ ਤੁਹਾਡੀ ਕੀ ਆਗਿਆ ਹੈ।"
ਸ਼ੇਖਰ ਨੇ ਅਸਚਰਜ ਭਰੀ ਅਵਾਜ਼ ਵਿਚ ਆਖਿਆ, ਮੇਰੀ ਆਗਿਆ! ਮੇਰੀ ਆਗਿਆ ਨਾਲ ਕੀ ਹੋਵੇਗਾ?
ਲਲਿਤਾ ਸ਼ੱਕ ਦੀਆਂ ਨਜ਼ਰਾਂ ਨਾਲ ਉਸਨੂੰ ਦੇਖਦੀ ਹੋਈ ਬੋਲੀ, ਕਿਉਂ?
ਹੋਰ ਕੀ! ਲਲਤਾ ਮੈਂ ਕਿਸ ਨੂੰ ਆਗਿਆ ਦੇਵਾਂ?
ਮੈਨੂੰ ਹੋਰ ਕਿਸ ਨੂੰ!
ਤੈਨੂੰ ਕੀ ਆਖਾਂ ਜੇ ਆਖਾਂ ਵੀ ਤਾਂ ਤੂੰ ਕਦੋਂ ਮੰਨਣ
ਹੁਣ ਤਾਂ ਲਲਿਤਾ ਆਪਣੇ ਮਨ ਵਿਚ ਹੋਰ ਵੀ ਡਰ ਗਈ। ਫੇਰ ਇਕੋ ਵੇਰਾਂ ਬਿਲਕੁਲ ਪਾਸ ਆਕੇ ਰੋਣ ਵਾਲੀ ਅਵਾਜ਼ ਨਾਲ ਬੋਲੀ, 'ਜਾਓ ਏਸ ਵੇਲੇ ਤੁਹਾਡਾ ਮਖੌਲ ਚੰਗਾ ਨਹੀਂ ਲਗਦਾ। ਤੁਹਾਡੇ ਪੈਰਾਂ ਤੇ ਪੈਨੀ ਹਾਂ ਕਿਵੇਂ ਹੋਵੇਗੀ, ਇਹ ਤਾਂ ਦਸੋ ਮੈਨੂੰ ਤਾਂ ਰਾਤ ਫਿਕਰ ਨਾਲ ਨੀਂਦ ਵੀ ਨਹੀਂ ਆਉਂਦੀ।'
ਫਿਕਰ ਤੇ ਡਰ ਕਿਸ ਗੱਲ ਦਾ ਹੈ?
ਤੁਸੀਂ ਚੰਗੇ ਹੋ! ਡਰ ਨ ਆਵੇ ਤਾਂ ਹੋਰ ਕੀ ਹੋਵੇ, ਤੁਸੀਂ ਕੋਲ ਨਹੀਂ ਸਾਓ। ਮਾਂ ਵੀ ਇਥੇ ਨਹੀਂ ਸੀ। ਪਿਛੋਂ ਪਤਾ ਨਹੀਂ ਮਾਮਾ ਜੀ ਕੀ ਕਰ ਬੈਠੇ। ਹੁਣ ਜੇ ਮੈਨੂੰ ਮਾਂ ਆਪਣੇ ਘਰ ਨ ਲਵੇ ਤਾਂ ਫੇਰ?
ਸ਼ੇਖਰ ਪਲਕੁ ਪਿਛੋਂ ਬੋਲਿਆ, ਇਹ ਤਾਂ ਠੀਕ ਹੈ ਮਾਂ ਹੁਣ ਨਹੀਂ ਲੈਣਾ ਚਾਹੇਗੀ। ਤੁਹਾਡੇ ਮਾਮੇ ਨੇ ਦੂਜੇ ਪਾਸੋਂ ਰੁਪੈ ਲਏ ਹਨ-ਇਹ ਸਭ ਗੱਲਾਂ ਉਹਨੂੰ ਮਲੂਮ ਹੋ ਗਈਆਂ ਹਨ, ਇਸ ਤੋਂ ਬਿਨਾਂ ਤੂੰ ਹੁਣ ਬ੍ਰਹਮ ਸਮਾਜੀ ਹੋ ਗਈ ਹੈਂ, ਅਸੀਂ ਹਿੰਦੂ ਹਾਂ।
ਅੱਨਾਕਾਲੀ ਨੇ ਉਸੇ ਵੇਲੇ ਰਸੋਈ ਵਿਚੋਂ ਅਵਾਜ਼ ਦਿੱਤੀ, ਬੀਬੀ ਜੀ ਏਧਰ-ਆਉਣਾ ਮਾਂ ਜੀ ਸਦੇ ਰਹੇ ਹਨ।
ਲਲਿਤਾ ਨੇ ਉੱਚੀ ਸਾਰੀ ਕਿਹਾ, 'ਮੈਂ ਹੁਣੇ ਆਉਂਦੀ ਹਾਂ।' ਫੇਰ ਹੌਲੀ ਜਹੀ ਅਵਾਜ਼ ਵਿਚ ਕਿਹਾ, 'ਮਾਮਾ ਭਾਵੇਂ ਕੁਝ ਬਣ ਜਾਵੇ, ਜੋ ਤੂੰ ਏਂ ਸੋ ਮੈਂ ਹਾਂ ਤੇ ਜੋ ਮੈ ਹਾਂ ਸੋ ਤੂੰ ਏਂ! ਜੇ ਮਾਂ ਤੈਨੂੰ ਨਹੀਂ ਛੱਡ ਸਕਦੀ ਤਾਂ ਮੈਨੂੰ ਕਿਦਾਂ ਛਡ ਸਕੇਗੀ? ਬਾਕੀ ਰਹਿ ਗਈ ਗਰੀਨ ਬਾਬੂ ਦੇ ਰੁਪਇਆਂ ਵਾਲੀ ਗਲ ਸੋ ਉਸਦੇ ਰੁਪੈ ਮੋੜ ਦਿੱਤੇ ਜਾਣਗੇ, ਕਰਜ ਦਾ ਰੁਪਇਆ, ਇਕ ਦਿਨ ਪਹਿਲਾਂ ਹੋਇਆ ਜਾ ਪਿਛੋਂ ਦੇਣਾ ਤਾਂ ਪਏਗਾ ਹੀ।
ਸ਼ੇਖਰ ਨੇ ਪੁਛਿਆ, 'ਐਨੇ ਰੁਪੈ ਕਿਥੋਂ ਮਿਲਣਗੇ?'
ਲਲਿਤਾ ਸ਼ੇਖਰ ਦੇ ਮੂੰਹ ਵਲ ਵੇਖਦੀ ਹੋਈ ਪਲਕੁ ਚੁਪ ਰਹਿਕੇ ਬੋਲੀ ਜਾਣਦੇ ਨਹੀਂ ਤੀਵੀਆਂ ਨੂੰ ਰੁਪੈ ਕਿਥੋਂ ਮਿਲਦੇ ਹਨ ਤੇ ਮੈਨੂੰ ਵੀ ਤਾਂ ਕਿਤਿਓਂ ਮਿਲ ਹੀ ਜਾਣਗੇ।
ਹੁਣ ਤੱਕ 'ਸ਼ੇਖਰ’ ਦਾ ਦਿਲ ਗੱਲਾਂ ਕਰਦਾ ਕਰਦਾ ਹੀ ਸੜ ਰਿਹਾ ਸੀ। ਹੁਣ ਮਖੌਲ ਨਾਲ ਕਹਿਣ ਲੱਗਾ,ਮਾਮਾ ਜੀ ਨੇ ਤੁਹਾਨੂੰ ਵੇਚ ਤਾਂ ਦਿੱਤਾ ਹੈ।
ਲਲਿਤਾ ਅੰਨ੍ਹੇਰੇ ਵਿਚ ਸ਼ੇਖਰ ਦੇ ਚਿਹਰੇ ਦਾ ਭਾਵ ਤਾਂ ਨ ਦੇਖ ਸਕੀ, ਪਰ ਬਦਲੀ ਹੋਈ ਅਵਾਜ਼ ਨੂੰ ਸਮਝ ਗਈ। ਉਸਨੇ ਵੀ ਉਸੇ ਤਰਾਂ ਹੀ ਪੱਕੇ ਇਰਾਦੇ ਨਾਲ ਜਵਾਬ ਦਿੱਤਾ, ‘ਇਹ ਸਭ ਝੂਠ ਹੈ! ਮੇਰੇ ਮਾਮੇ ਵਰਗੇ ਆਦਮੀ ਦੁਨੀਆਂ ਵਿੱਚ ਬਹੁਤ ਘਟ ਹਨ, ਉਹਨਾਂ ਦਾ ਮਖੌਲ ਨ ਉਡਾਉ। ਉਨ੍ਹਾਂ ਦੇ ਦੁਖੀ ਦਿਲ ਤੋਂ ਤੁਸੀਂ ਭਾਵੇਂ ਵਾਕਿਫ ਨਾ ਹੋਵੋ, ਪਰ ਦੁਨੀਆਂ ਜਾਣਦੀ ਹੈ।' ਇਹ ਆਖਕੇ ਇਕ ਘੁਟ ਜਿਹਾ ਭਰਕੇ ਫੇਰ ਬੋਲੀ, ਇਸਤੋਂ ਬਿਨਾਂ ਉਨ੍ਹਾਂ ਰੁਪੈ ਮੇਰੇ ਵਿਆਹ ਤੋਂ ਪਹਿਲਾਂ ਲਏ ਹਨ। ਮੈਨੂੰ ਵੇਚਣ ਦਾ ਉਨ੍ਹਾਂ ਨੂੰ ਕੋਈ ਹੱਕ ਨਹੀਂ ਤੇ ਨਾ ਉਨ੍ਹਾਂ ਨੇ ਵੇਚਿਆ ਈ ਹੈ। ਇਹ ਅਖਤਿਆਰ ਤੁਹਾਨੂੰ ਹੈ, ਤੁਸੀਂ ਜੇ ਚਾਹੋ ਤਾਂ ਮੈਨੂੰ ਰੁਪੈ ਦੇਣ ਦੇ ਡਰ ਤੋਂ ਵੇਚ ਸਕਦੇ ਹੋ।
ਇਹ ਆਖਕੇ ਉਹ ਜਵਾਬ ਉਡੀਕਣ ਤੋਂ ਬਿਨਾਂ ਹੀ ਚਲੀ ਗਈ।