੯.

ਗੁਰਚਰਨ ਦਾ ਟੁੱਟਾ ਹੋਇਆ ਸਰੀਰ ਮੁੰਗੇਰ ਦੇ ਜਲ ਪਾਣੀ ਨਾਲ ਵੀ ਨਾ ਗੰਢਿਆ ਜਾ ਸਕਿਆ। ਸਾਲ ਭਰ ਪਿਛੋਂ ਉਹ ਆਪਣੇ ਦੁੱਖਾਂ ਦੀ ਪੰਡ ਸਿਰੋਂ ਲਾਹਕੇ ਹਮੇਸ਼ਾ ਵਾਸਤੇ ਸੁੱਖ ਦੀ ਨੀਂਦ ਸੌਂ ਗਏ। ਗਰੀਨ ਸੱਚ ਮੁੱਚ ਹੀ ਉਹਨਾਂ ਨੂੰ ਚੰਗਾ ਜਾਣਨ ਲੱਗ ਪਿਆ ਸੀ। ਅਖੀਰ ਦਮ ਤੱਕ ਉਹ ਇਹਨਾਂ ਦੇ ਬਚਾਉਣ ਦੀ ਕੋਸ਼ਸ਼ ਕਰਦਾ ਰਿਹਾ ਪਰ ਕੁਝ ਨ ਹੋ ਸਕਿਆ।

ਮਰਨ ਤੋਂ ਕੁਝ ਚਿਰ ਪਹਿਲਾਂ ਗੁਰਚਰਨ ਨੇ ਗਿਰੀ ਨੰਦ ਦਾ ਹੱਥ ਫੜਕੇ ਅਥਰੂਆਂ ਭਰੀ ਅਵਾਜ਼ ਨਾਲ ਕਿਹਾ ਸੀ ਕਿ ਤੂੰ ਵੀ ਕਿਸੇ ਦਿਨ ਨੂੰ ਓਪਰਾ ਨ ਹੋ ਜਾਵੀਂ। ਇਹ ਗੰਭੀਰ ਰਿਸ਼ਤਾ ਰੱਬ ਕਰੇ ਆਤਮਕ ਤੌਰ ਤੇ ਅੱਤ ਨੇੜੇ ਹੋਕੇ ਨਿਭ ਸਕੇ। ਉਹ ਆਪਣੀਆਂ ਅੱਖਾਂ ਨਾਲ ਇਹ ਨ ਵੇਖ ਸਕੇ। ਬੀਮਾਰੀ ਦੇ ਟੰਟਿਆਂ ਨੇ ਉਹਨਾਂ ਨੂੰ ਮੋਹਲਤ ਨਹੀਂ ਸੀ ਦਿੱਤੀ, ਉਹਨਾਂ ਦੇ ਸੁਰਗ ਵਿਚੋਂ ਦੇਖ ਲਿਆ ਕਿ ਉਸ ਵੇਲੇ ਗਿਰੀ ਨੰਦ ਨੇ ਖੁਸ਼ੀ ਖੁਸ਼ੀ ਤੇ ਸੱਚੇ ਦਿਲੋਂ ਹੀ ਉਹਨਾਂ ਨੂੰ ਬਚਨ ਦਿਤਾ ਸੀ।

ਗੁਰਚਰਨ ਦੇ ਕਲਕਤੇ ਵਾਲੇ ਮਕਾਨ ਵਿਚ ਜੋ ਕਰਾਏ ਦਾਰ ਸਨ ਉਹ ਉਹਨਾਂ ਦੀ ਰਾਹੀਂ ਭੁਵਨੇਸ਼ਵਰੀ ਨੂੰ ਕਦੀ ਕਦੀ ਇਹਦਾ ਪਤਾ ਮਿਲਦਾ ਰਹਿੰਦਾ ਸੀ। ਗੁਰਚਰਨ ਦੇ ਮਰਨ ਦੀ ਖਬਰ ਵੀ ਇਸਨੂੰ ਕਰਾਏਦਾਰਾਂ ਪਾਸੋਂ ਹੀ ਮਿਲ ਸਕੀ ਸੀ।

ਇਸ ਤੋਂ ਪਿਛੋਂ ਇਕ ਜ਼ਬਰਦਸਤ ਘਟਨਾ ਹੋਈ। ਨਵੀਨ ਰਾਏ ਵੀ ਅਚਨਚੇਤ ਹੀ ਮਰ ਗਿਆ। ਭਵਨੇਸ਼ਵਰੀ ਦੁੱਖ ਨਾਲ ਪਾਗਲ ਜਹੀ ਹੋਕੇ ਨੋਂਹ ਨੂੰ ਘਰ ਦਾ ਭਾਰ ਸੌਂਪ ਕੇ ਆਪ ਕਾਂਸ਼ੀ ਚਲੀ ਗਈ, ਜਾਂਦੀ ਹੋਈ ਆਖ ਗਈ, ਆਵਣ ਵਾਲੇ ਸਾਲ ਵਿਚ ਮੈਂ ਸਭ ਕੁਝ ਠੀਕ ਕਰਕੇ ਸ਼ੇਖਰ ਦਾ ਵਿਆਹ ਕਰ ਜਾਵਾਂਗੀ।

ਵਿਆਹ ਦਾ ਪ੍ਰਬੰਧ ਨਵੀਨ ਰਾਏ ਖੁਦ ਹੀ ਕਰ ਗਏ ਸਨ। ਹੁਣ ਤੱਕ ਵਿਆਹ ਹੋ ਜਾਣਾ ਸੀ ਪਰ ਉਹਨਾਂ ਦੀ ਅਚਾਨਕ ਮੌਤ ਨੇ ਵਿਆਹ ਨੂੰ ਇਕ ਸਾਲ ਹੋਰ ਪਿਛੇ ਪਾ ਦਿੱਤਾ। ਪਰ ਧੀ ਵਾਲੇ ਹੁਣ ਕੁਝ ਜ਼ਿਆਦਾ ਦੇਰ ਨਹੀਂ ਸਨ ਕਰ ਸਕਦੇ। ਉਹ ਕਲ ਆਪ ਆਕੋ ਲੜਕੇ ਨੂੰ ਅਸ਼ੀਰਬਾਦ ਕਰ ਗਏ ਸਨ, ਕਿਉਂਕਿ ਉਸੇ ਮਹੀਨੇ ਵਿਆਹ ਹੋ ਜਾਣਾ ਸੀ ਸੋ ਸ਼ੇਖਰ ਮਾਂ ਨੂੰ ਲਿਆਉਣ ਦੀਆਂ ਤਿਆਰੀਆਂ ਕਰ ਰਿਹਾ ਸੀ, ਅਲਮਾਰੀ ਵਿਚੋਂ ਚੀਜਾਂ ਕੱਢ ਬਕਸ ਵਿਚ ਸਜਾ ਰਿਹਾ ਸੀ।

ਕਈਆਂ ਦਿਨਾਂ ਪਿਛੋਂ ਸ਼ੇਖਰ ਨੂੰ ਅਜ ਲਲਿਤਾ ਦੀ ਯਾਦ ਫੇਰ ਆਈ। ਕਿਉਂਕਿ ਇਹ ਸਭ ਕੰਮ ਲਲਿਤਾ ਹੀ ਕਰਿਆ ਕਰਦੀ ਸੀ।

ਤਿੰਨ ਸਾਲ ਤੋਂ ਜ਼ਿਆਦਾ ਚਿਰ ਹੋਗਿਆ ਉਹ ਸਾਰੇ ਇਥੋਂ ਚਲੇ ਗਏ ਸਨ। ਇਨੇ ਲੰਮੇ ਸਮੇਂ ਵਿਚ ਉਸਨੂੰ ਇਹਨਾਂ ਦਾ ਕੋਈ ਪਤਾ ਹੀ ਨ ਮਿਲ ਸਕਿਆ ਮਲੂਮ ਕਰਨ ਦੀ ਕੋਸ਼ਸ਼ ਵੀ ਨਹੀਂ ਕੀਤੀ ਤੇ ਸ਼ਾਇਦ ਹੁਣ ਉਹਨੂੰ ਕੋਈ ਦਿਲਚਸਪੀ ਵੀ ਨਹੀਂ ਸੀ ਰਹੀ। ਲਲਿਤਾ ਨਾਲ ਉਹਨੂੰ ਹੌਲੀ ਹੌਲੀ ਘਿਰਣਾ ਜਹੀ ਹੁੰਦੀ ਜਾਂਦੀ ਸੀ, ਪਰ ਅਜ ਅਚਾਨਕ ਹੀ ਉਹਦੇ ਮਨ ਵਿਚ ਆਈ, ਚੰਗਾ ਹੁੰਦਾ ਜੇ ਉਹਦੀ ਖਬਰ ਮਿਲ ਜਾਂਦੀ। ਕੋਈ ਕਿਸਤਰਾਂ ਰਹਿ ਰਿਹਾ ਹੈ, ਹਾਲਾਂ ਕਿ ਉਹ ਇਹ ਗਲ ਜਾਣਦਾ ਸੀ ਕਿ ਉਹ ਸਾਰੇ ਖੁਸ਼ਹੀ ਹੋਣਗੇ, ਕਿਉਂਂਕਿ ਗਿਰੀਨੰਦ ਦੇ ਕੋਲ ਰੁਪਿਆ ਹੈ। ਲਲਿਤਾ ਨੂੰ ਕੋਈ ਤਕਲੀਫ ਨਾ ਹੋਵੇਗੀ। ਫੇਰ ਵੀ ਉਹਦਾ ਇਹ ਸੁਣਨ ਨੂੰ ਜੀ ਕਰਦਾ ਸੀ ਕਿ ਉਹਦਾ ਵਿਆਹ ਕਦੋਂ ਹੋਇਆ ਗਿਰੀ ਨੰਦ ਦੇ ਨਾਲ ਉਹ ਕਿੱਦਾਂ ਰਹਿ ਰਹੀ ਹੈ, ਆਦਿ।

ਗੁਰਚਰਨ ਦੇ ਮਕਾਨ ਵਿਚ ਹੁਣ ਕੋਈ ਕਰਾਏਦਾਰ ਨਹੀਂ ਰਹਿੰਦਾ। ਦੋਂਹ ਮਹੀਨਿਆਂ ਤੋਂ ਮਕਾਨ ਖਾਲੀ ਪਿਆ ਹੈ। ਸ਼ੇਖਰ ਦੇ ਮਨ ਵਿਚ ਆਈ ਕਿ ਇਕ ਵੇਰਾਂ ਚਾਰੂ ਦੇ ਪਿਉ ਕੋਲੋਂ ਜਾਕੇ ਹੀ ਪੁਛ ਆਵੇ। ਕਿਉਂਕਿ ਉਸਨੂੰ ਗਿਰੀ ਨੰਦ ਦੀ ਸਾਰੀ ਗਲ ਬਾਤ ਦਾ ਜ਼ਰੂਰ ਪਤਾ ਹੋਵੇਗਾ। ਪਰ ਕੁਝ ਚੀਜ਼ਾਂ ਬਕਸ ਵਿਚ ਪਾਉਣੋ ਰੋਕਕੇ ਉਹ ਇਕੇ ਟੱਕ ਦਰਵਾਜ਼ਿਓਂ ਬਾਹਰ ਵੱਲ ਵੇਖਦਾ ਰਿਹਾ ਤੇ ਇਹੋ ਹੀ ਸੋਚਦਾ ਰਿਹਾ। ਏਨੇ ਚਿਰ ਨੂੰ ਦਰਵਾਜ਼ੇ ਵਿਚੋਂ ਪੁਰਾਣੀ ਮਹਿਰੀ ਆਕੇ ਬੋਲੀ, 'ਛੋਟੇ ਬਾਬੂ ਕਾਲੀ ਦੀ ਮਾਂ ਨੇ ਤੁਹਾਨੂੰ ਇਕ ਵਾਰ ਸਦਿਆ ਹੈ।'

ਸ਼ੇਖਰ ਨੇ ਮੂੰਹ ਭੁਆਕੇ ਉਸ ਵਲ ਵੇਖਕੇ ਆਖਿਆ, 'ਕਾਲੀ ਦੀ ਮਾਂ?' ਮਹਿਰੀ ਨੇ ਹੱਥ ਨਾਲ ਗੁਰਚਰਨ ਦੇ ਮਕਾਨ ਵੱਲ ਇਸ਼ਾਰਾ ਕਰਦੀ ਨੇ ਕਿਹਾ, ‘ਆਪਣੀ ਕਾਲੀ ਦੀ ਮਾਂ, ਛੋਟੇ ਬਾਬੂ ਉਹ ਕਲ ਰਾਤ ਨੂੰ ਸਭ ਮੂਗੇਰ ਤੋਂ ਵਾਪਸ ਆ ਗਏ ਹਨ।'

'ਚਲ ਮੈਂ ਆਉਂਦਾ ਹਾਂ।' ਇਹ ਆਖਕੇ ਉਹ ਉਸਵੇਲੇ ਉਠਕੇ ਚਲਿਆ ਗਿਆ। ਉਸਵੇਲੇ ਦਿਨ ਢਾਲੇ ਪੈਰਿਹਾ ਸੀ। ਸ਼ੇਖਰ ਦੇ ਘਰ ਪਹੁੰਚਦਿਆਂ ਹੀ ਉਥੋਂ ਦਿਲ ਪਾੜ ਦੇਣ ਵਾਲੇ ਰੋਣ ਕੁਰਲਾਣ ਦੀ ਆਵਾਜ਼ ਆਈ। ਵਿਧਵਾ ਦੇ ਕਪੜੇ ਪਾਈ ਗੁਰਚਰਣ ਦੀ ਘਰ ਵਾਲੀ ਪਾਸ ਇਹ ਭੁੰਜੇ ਜਾਕੇ ਬੈਠ ਗਿਆ ਤੇ ਧੋਤੀ ਦੇ ਪਲੇ ਨਾਲ ਚੁਪਚਾਪ ਆਪਣੀਆਂ ਅਖਾਂ ਪੂੰਝਣ ਲੱਗ ਪਿਆ। ਸਿਰਫ ਗੁਰਚਰਨ ਵਾਸਤੇ ਹੀ ਨਹੀਂ, ਆਪਣੇ ਪਿਉ ਦੀ ਯਾਦ ਆਕੇ ਉਹ ਫੇਰ ਇਕ ਵਾਰੀ ਬੇਚੈਨ ਹੋਗਿਆ।

ਸ਼ਾਮ ਹੋਣ ਤੇ ਲਲਿਤਾ ਆਕੇ ਦੀਵਾ ਜਗਾ ਗਈ। ਦੂਰੋਂ ਹੀ ਗਲ ਵਿਚ ਪੱਲਾ ਪਾਕੇ ਸ਼ੇਖਰ ਨੇ ਉਸਨੂੰ ਸਲਾਮ ਕੀਤਾ,ਪਲਕੁ ਖਲੋਕੇ ਉਹ ਹੌਲੀ ਹੌਲੀ ਚਲੀ ਗਈ। ਸ਼ੇਖਰ ਸਤਾਰਾਂ ਸਾਲ ਦੀ ਮੁਟਿਆਰ ਬਗਾਨੀ ਇਸਤਰੀ ਵਲ ਅੱਖਾਂ ਉੱਚੀਆਂ ਕਰਕੇ ਵੀ ਨ ਵੇਖ ਸਕਿਆ ਤੇ ਨਾ ਹੀ ਉਹਨੂੰ ਸਦ ਕੇ ਉਸ ਨਾਲ ਕੋਈ ਗਲ ਬਾਤ ਹੀ ਕਰ ਸਕਿਆ। ਫੇਰ ਵੀ ਹੋਰ ਅੱਖਾਂ ਨਾਲ ਉਹ ਜਿੰਨਾਂ ਕੁ ਵੇਖ ਸਕਿਆ ਉਸਨੂੰ ਇਹੋ ਪਤਾ ਲਗਾ ਕਿ ਉਹ ਅਗੇ ਨਾਲੋਂ ਹੋਰਵੀ ਦੁਬਲੀ ਹੋਗਈ ਹੈ।

ਬਹੁਤ ਰੋਣ ਪਿੱਟਣ ਦੇ ਪਿਛੋਂ ਗੁਰਚਰਨ ਦੀ ਵਿਧਵਾ ਇਸਤਰੀ ਨੇ ਜੋ ਕੁਝ ਆਖਿਆ ਉਹਦਾ ਸਿੱਟਾ ਇਹ ਸੀ ਕਿ ਇਸ ਮਕਾਨ ਨੂੰ ਵੇਚਕੇ ਉਹ ਮੁੰਗੇਰ ਵਿਚ ਆਪਣੇ ਜੁਆਈ ਪਾਸ ਰਹੇਗੀ, ਇਹੋ ਉਹਨਾਂ ਦਾ ਖਿਆਲ ਹੈ। ਮਕਾਨ ਕਈਆਂ ਚਿਰਾਂ ਤੋਂ ਸ਼ੇਖਰ ਦੇ ਪਿਤਾ ਖਰੀਦਣ ਦਾ ਇਰਾਦਾ ਰਖਦੇ ਸਨ। ਉਸ ਵੇਲੇ ਮੁਨਾਸਬ ਕੀਮਤ ਤੇ ਖਰੀਦ ਲੈਣ ਨਾਲ ਮਕਾਨ ਘਰ ਦਾ ਘਰ ਰਹਿ ਜਾਣਾ ਸੀ। ਇਹਨਾਂ ਨੂੰ ਕਿਸੇ ਤਰਾਂ ਦਾ ਦੁਖ ਨਹੀਂ ਸੀ ਹੋਣਾ ਤੇ ਅਗਾਂਹ ਜੇ ਕਦੇ ਆਉਂਦੇ ਤਾਂ ਦੋ ਚਾਰ ਦਿਨ ਲਈ ਸਿਰ ਲੁਕਾਵਾ ਵੀ ਕਰ ਸਕਦੇ। ਸ਼ੇਖਰ ਨੇ ਆਖਿਆ 'ਮਾਂ ਪਾਸੋਂ ਪੁਛਕੇ ਇਸ ਵਾਸਤੇ ਜੋ ਹੋ ਸਕੇ ਕੋਸ਼ਸ਼ ਕਰਾਂਗਾ।' ਇਸਤੇ ਉਹਨੇ ਅੱਥਰੂ ਪੂੰਝਦੀ ਹੋਈ ਨੇ ਕਿਹਾ, 'ਕੀ ਬੀਬੀ ਇਸ ਵਿੱਚ ਆ ਜਾਇਗੀ? ਕਦੇ ਨਹੀਂ ਸ਼ੇਖਰ।'

ਸ਼ੇਖਰ ਨੇ ਦਸਿਆ ਕਿ ਅਜ ਰਾਤ ਨੂੰ ਹੀ ਮੈਂ ਉਹਨਾਂ ਨੂੰ ਲੈਣ ਜਾ ਰਿਹਾ ਹਾਂ, ਇਸਤੋਂ ਪਿਛੋਂ ਉਹਨਾਂ ਇਕ ਇਕ ਕਰਕੇ ਘਰ ਦੀਆਂ ਸਾਰੀਆਂ ਗਲਾਂ ਬੁਝ ਲਈਆਂ। ਸ਼ੇਖਰ ਦਾ ਵਿਆਹ ਕਦੋਂ ਹੈ, ਕਿੱਥੇ ਢੁਕਾ ਹੋਣਾ ਹੈ, ਕਿੱਨਾ ਗਹਿਣਾ ਪਾਉਣਾ ਹੈ, ਕੀ ਦਾਜ ਮਿਲਣਾ ਹੈ, ਕਿੰਨਾ ਖਰਚ ਆਵੇਗਾ, ਜੇਠ ਜੀ ਕਿੱਦਾਂ ਮਰੇ ਸਨ, ਬੀਬੀ ਜੀ ਨੇ ਕੀ ਕੀਤਾ ਤੇ ਇਹੋ ਜਹੀਆਂ ਹੋਰ ਕਈ ਗੱਲਾਂ ਪੁਛੀਆਂ ਤੇ ਉਹਦੇ ਉੱਤਰ ਲਏ।

ਸ਼ੇਖਰ ਨੂੰ ਜਦੋਂ ਇਸ ਪਾਸਿਓਂ ਛੁਟਕਾਰਾ ਮਿਲਿਆ। ਤਾਂ ਚੰਦ ਦੀ ਚਾਨਣੀ ਚੰਗੀਤਰਾਂ ਫੈਲ ਚੁਕੀ ਸੀ। ਇਸ ਵੇਲੇ | ਗਿਰੀਨੰਦ ਉਤੋਂ ਉਤਰਕੇ ਸ਼ਾਇਦ ਆਪਣੀ ਭੈਣ ਵਲ ਜਾ ਰਿਹਾ ਸੀ। ਗੁਰਚਰਨ ਦੀ ਵਿਧਵਾ ਪਤਨੀ ਉਹਨੂੰ ਵੇਖਕੇ - ਸ਼ੇਖਰ ਨੂੰ ਆਖਣ ਲਗੀ, 'ਮੇਰੇ ਜਵਾਈ ਨਾਲ ਤੇਰੀ ਗਲ ਬਾਤ ਨਹੀਂ ਹੋਈ ਸ਼ੇਖਰ ! ਇਹੋ ਜਿਹਾ ਲੜਕਾ ਦੁਨੀਆਂ ਵਿਚ ਮਿਲਣਾ ਮੁਸ਼ਕਲ ਹੈ ।'

ਸ਼ੇਖਰ ਨੇ ਆਖਿਆ, 'ਬੇਸ਼ਕ ਇਹ ਠੀਕ ਹੈ । ਮੇਰੀ ਗੱਲ ਬਾਤ ਉਸ ਨਾਲ ਹੋ ਚੁਕੀ ਹੈ।' ਇਹ ਆਖਕੇ ਉਹ ਬਾਹਰ ਚਲਿਆ ਗਿਆ। ਪਰ ਬਾਹਰ ਦੀ ਬੈਠਕ ਦੇ ਕੋਲ ਆਕੇ ਉਹਨੂੰ ਅਚਾਨਕ ਹੀ ਠਹਿਰਨਾ ਪੈਗਿਆ | ਹਨੇਰੇ ਵਿਚ ਦਰਵਾਜੇ ਦੇ ਪਿਛੇ ਲਲਿਤਾ ਖੜੀ ਸੀ। ਉਸਨੇ, ਕਿਹਾ, 'ਖਲੋ ਜਾਓ ! ਸੁਣੋ ਮਾਂ ਨੂੰ ਲੈਣ ਅੱਜ ਹੀ ਜਾ ਰਹੇ ਹੋ?'

ਸ਼ੇਖਰ ਨੇ ਆਖਿਆ, ਹਾਂ।

ਉਹ ਕੀ ਬਹੁਤ ਜ਼ਿਆਦਾ ਘਬਰਾ ਗਈ ਹੈ ?

'ਹਾਂ ਲਗਪਗ ਪਾਗਲ ਸੀ ਹੋ ਗਈ ਹੈ।'

'ਤੁਹਾਡੀ ਤਬੀਅਤ ਕਿਹੋ ਜਹੀ ਹੈ?'

ਚੰਗੀ ਹੈ ਆਖਕੇ ਸ਼ੇਖਰ ਝਟਪਟ ਉਥੋਂ ਚਲਿਆ ਗਿਆ ।

ਰਾਹ ਵਿਚ ਆ ਕੇ ਉਹ ਸਿਰ ਤੇ ਪੈਰਾਂ ਤਕ ਲੱਜਾ ਤੇ ਘਿਰਣਾ ਨਾਲ ਕੰਬ ਉਠਿਆ, ਉਹਨੂੰ ਇਉਂ ਮਲੂਮ ਹੋਇਆ ਕਿ ਲਲਿਤਾ ਦੇ ਕੋਲ ਖਲੋਕੇ ਉਸਦਾ ਸਾਰਾ ਸਰੀਰ ਅਪਵਿਤ੍ਰ ਹੋਗਿਆ ਹੈ । ਘਰ ਆਕੇ ਉਹਨੇ ਸਭ ਕੁਝ ਪਾਕੇ ਬਕਸ ਬੰਦ ਕਰ ਦਿਤਾ ਤੇ ਗਡੀ ਵਿੱਚ ਅਜੇ ਦੇਰ ਸੀ ਸੋ ਉਹ ਮੰਜੇ ਤੇ ਲੰਮਾ ਪੈ ਗਿਆ ।

ਲਲਿਤਾ ਦੀ ਵਿਸਾਹ ਘਾਤਕ ਯਾਦ ਨੂੰ ਨਸ਼ਟ ਕਰਨ ਵਾਸਤੇ ਉਸਨੇ ਆਪਣੇ ਮਨ ਅੰਦਰ ਸਾੜੇ ਦੇ ਭਾਂਬੜ ਬਾਲ ਲਏ। ਸਾੜ ਸੁਟਣ ਦੇ ਖਿਆਲ ਨਾਲ ਉਸਨੇ ਮਨ ਹੀ ਮਨ ਵਿਚ ਉਹਨੂੰ ਕਈ ਗਾਲਾਂ ਕਢੀਆਂ ਤੇ ਨਿਰਾਦਰੀ ਕੀਤੀ। ਏਥੋਂ ਤਕ ਕਿ ਉਹ ਉਸਨੂੰ ਬਜਾਰੀ ਔਰਤ ਵੀ ਕਹਿਣੋ ਨ ਸੰਗਿਆ। ਗੁਰਚਰਨ ਦੀ ਘਰ ਵਾਲੀ ਨੇ ਗਲਾਂ ਹੀ ਗਲਾਂ ਵਿਚ ਆਖਿਆ ਸੀ ਕਿ ਲੜਕੀ ਦਾ ਵਿਆਹ ਕੋਈ ਖੁਸ਼ੀਆਂ ਦਾ ਵਿਆਹ ਥੋੜਾ ਸੀ । ਏਸ ਵਾਸਤੇ ਖਿਆਲ ਨਹੀਂ ਆਇਆ, ਨਹੀਂ ਤਾਂ ਲਲਿਤਾ ਨੇ ਤਾਂ ਤੁਹਾਨੂੰ ਸਾਰਿਆਂ ਨੂੰ ਬੁਲਾਉਣ ਲਈ ਆਖਿਆ ਸੀ। ਲਲਿਤਾ ਦੀ ਇਹ ਬੇਵਕੂਫੀ ਸਾਰੀ ਘਿਰਣਾ ਦੀ ਅੱਗ ਉਤੇ ਲਾਟਾਂ ਬਣਕੇ ਉੱਚੀ ਉੱਡਣ ਲੱਗੀ।