ਲੋਕ ਬੁਝਾਰਤਾਂ/ਘਰਾਂ ਵਿਚ ਖੇਤਾਂ ਵਿਚ
ਘਰਾਂ ਵਿਚ ਖੇਤਾਂ ਵਿਚ
ਬੁਝਾਰਤ ਪਾਣ ਲਗਿਆਂ ਬੁਝਾਰਤ ਪਾਣ ਵਾਲਾ ਸਦਾ ਇਹ ਖਿਆਲ ਰੱਖਦਾ ਹੈ ਕਿ ਬੁਝਾਰਤ ਦਾ ਉੱਤਰ ਉਸ ਦੇ ਆਲੇ ਦੁਆਲੇ ਵਿਚੋਂ ਹੀ ਮਿਲ ਜਾਵੇ, ਉੱਤਰ ਦੇਣ ਵਾਲਾ ਜਦ ਬੁਝਾਰਤ ਬੁਝ ਨਾ ਸਕੇ ਤਾਂ ਪੁੱਛਦਾ ਹੈ ਕੀ ਇਹ ਚੀਜ਼ ਘਰ ਵਿਚ ਹੈ ਜਾਂ ਨਹੀਂ? ਜੇ ਹੋਵੇ ਤਾਂ ਘਰ ਦੀਆਂ ਸਾਰੀਆਂ ਵਸਤੂਆਂ ਅਨੁਮਾਨੀਆਂ ਜਾਂਦੀਆਂ ਹਨ। ਇਹੀ ਇਕ ਵੱਡਾ ਕਾਰਨ ਹੈ ਕਿ ਘਰਾਂ ਦੀਆਂ ਵਸਤੂਆਂ ਬਾਰੇ ਸਭ ਤੋਂ ਜ਼ਿਆਦਾ ਬੁਝਾਰਤਾਂ ਮਿਲਦੀਆਂ ਹਨ:-
ਰੁਪਿਆ ਇਕ ਅਜੇਹੀ ਵਸਤੂ ਹੈ ਜਿਸ ਤੋਂ ਬਿਨਾਂ ਅਜ ਦੀ ਦੁਨੀਆਂ ਵਿਚ ਇਕ ਪਲ ਵੀ ਲੰਘਾਇਆ ਨਹੀਂ ਜਾ ਸਕਦਾ। ਇਹਨੂੰ ਵੱਡੇ ਤੋਂ ਨਿੱਕੇ ਤੀਕਰ ਪਿਆਰਦੇ ਹਨ।
ਚਿੱਟੀ ਕੁਕੜੀ
ਚਿੱਟੇ ਪੈਰ
ਚਲ ਮੇਰੀ ਕੁਕੜੀ
ਸ਼ਹਿਰੋ ਸ਼ਹਿਰ
(ਚਾਂਦੀ ਦਾ ਰੁਪਿਆ)
ਅਤੇ
ਚਿੱਟੀ ਮੁਰਗੀ
ਚਿੱਟੇ ਆਂਡੇ
ਭੀੜ ਪਈ
ਦਰਵਾਜ਼ੇ ਲਿਆਂਦੇ
(ਰੁਪਿਆ)
ਚਾਰ ਤੇਰੇ ਪਾਵੇ
ਤੂੰ ਪਲੰਘ ਏਂ
ਅੱਠ ਤੇਰੀਆਂ ਗੋਪੀਆਂ
ਤੂੰ ਕਾਹਨ ਏਂ
ਸੋਲਾਂ ਤੇਰੇ ਚੇਲੇ
ਤੂੰ ਸੰਤ ਏਂ
ਚਵਾਨੀਆਂ ਨੂੰ ਪਾਵੇ ਦੁਆਨੀਆਂ ਨੂੰ ਗੋਪੀਆਂ ਅਤੇ ਆਨਿਆਂ ਨੂੰ ਚੇਲਿਆਂ ਦਾ ਨਾਂ ਦਿੱਤਾ ਗਿਆ ਹੈ ਇਸੇ ਪ੍ਰਕਾਰ ਦੀ ਇੱਕ ਹੋਰ ਵੀ ਬੁਝਾਰਤ ਹੈ:-
ਅੱਠ ਮੇਰੀਆਂ ਰਾਣੀਆਂ
ਮੈਂ ਰਾਜਾ ਵੀ ਨਹੀਂ
ਸੋਲਾਂ ਮੇਰੇ ਚੇਲੇ
ਮੈਂ ਗੁਰੂ ਵੀ ਨਹੀਂ
(ਰੁਪਿਆ)
ਚਾਂਦੀ ਦਾ ਰੁਪਿਆ ਹੁੰਦਾ ਵੀ ਤਾਂ ਦੁੱਧ ਹੀ ਏ:-
ਰੜੇ ਮੈਦਾਨ ਵਿਚ
ਦੁਧ ਦਾ ਛਿੱਟਾ
(ਚਾਂਦੀ ਦਾ ਰੁਪਿਆ)
ਦੀਵਾ ਵੀ ਤਾਂ ਅਨਿੱਖੜਵਾਂ ਅੰਗ ਹੈ ਇਕ ਘਰ ਦਾ। ਦੀਵੇ ਦੀ ਥਰਥਰਾਂਦੀ ਲਾਟ ਕਿੰਨੀ ਚੰਗੀ ਲਗਦੀ ਹੈ:-
ਬਾਲ ਦਿਓ
ਤਾਂ ਸਭ ਨੂੰ ਭਾਵੇ
ਵੱਡਾ ਹੋਇਆ
ਕਿਸੇ ਕੰਮ ਨਾ ਆਵੇ
ਬਲਦਾ ਦੀਵਾ ਹੀ ਤਾਂ ਚੰਗਾ ਲਗਦਾ ਹੈ ਹਰ ਕੋਈ ਖੁਸ਼ ਹੁੰਦਾ ਹੈ ਇਸ ਨੂੰ ਤੱਕਕੇ, ਵੱਡਾ ਹੋਣ ਦਾ ਮਤਲਬ ਬੁੱਝੇ ਹੋਏ ਦੀਵੇ ਤੋਂ ਹੈ। ਬੁਝਿਆ ਹੋਇਆ ਦੀਵਾ ਕਿਸੇ ਦੇ ਕੀ ਕੰਮ ਆ ਸਕਦੈ।
ਐਨਾ ਕੁ ਬੇਲੂਆ
ਡੁਬ ਡੁਬ ਕਰਦਾ
ਹੱਸ ਨੀ ਪਿਆਰੀਏ,
ਰੋ ਰੋ ਮਰਦਾ
(ਦੀਵਾ)
ਤੇਲ ਖ਼ਤਮ ਹੋਏ ਤੇ ਦੀਵੇ ਨੇ ਬੁਝ ਹੀ ਜਾਣਾ ਹੋਇਆ ਨਾ:-
ਟੇਬੜੀ ਸੁਕ ਗੀ
ਭੂਟੋ ਮਰ ਗੀ
(ਦੀਵਾ)
ਛੋਟਾ ਜਿਹਾ ਦੀਵਾ ਵੱਡੇ ਸਾਰੇ ਘਰ ਵਿਚ ਚਾਨਣ ਕਰ ਦੇਂਦਾ ਹੈ:-
ਐਤਨੀ ਕ ਟਾਂਡ
ਕੋਠਾ ਭੋ ਦਾ
(ਦੀਵਾ)
ਦੀਵਟ ਤੇ ਪਿਆ ਦੀਵਾ ਇੰਝ ਜਾਪਦੈ ਜਿੱਦਾਂ ਕੋਈ ਕਬੂਤਰ ਬੈਠਾ ਹੋਵੇ:-
ਥੜੇ ਤੇ ਥੜਾ
ਉਤੇ ਲਾਲ ਕਬੂਤਰ ਖੜਾ
(ਦੀਵਾ)
ਕਾਲਾ ਕੌਂ ਕਲੱਟ ਦਾ
ਰੱਸਾ ਪਾਵਾਂ ਪੱਟ ਦਾ
ਅਸਮਾਨ ਉੱਡਿਆ ਜਾਵੇ
ਮੂਹਰੇ ਆਇਆ ਦਰਿਆ
ਦਰਿਆ ਪੀਤਾ ਪਾਣੀ
ਅਜੇ ਵੀ ਤਰਹਾਇਆ
(ਦੀਵਾ)
ਦੀਵੇ ਬਾਰੇ ਇਕ ਹੋਰ ਅਣੋਖੀ ਜਹੀ ਬੁਝਾਰਤ ਹੈ:-
ਨੀ ਗਿਆ ਨੀ
ਉਹ ਨੀ ਹੋਣਾ
ਜੇ ਉਹ ਹੁੰਦਾ
ਤਾਂ ਜਾਂਦਾ ਕਿਉਂ
(ਦੀਵਾ)
ਦੀਵਾ ਸਲਾਈ ਤੋਂ ਬਿਨਾਂ ਕੌਣ ਦੀਵਾ ਜਲਾਣ ਲਈ ਅੱਗ ਪੈਦਾ ਕਰ ਸਕਦਾ ਹੈ। ਕਿੰਨੀ ਹਾਸੇ ਭਰੀ ਬੁਝਾਰਤ ਰਚੀ ਹੈ ਕਿਸੇ ਨੇ ਇਹਦੇ ਬਾਰੇ:-
ਹਨੇਰ ਘੁੱਪ ਹਨੇਰ ਘੁੱਪ
ਹਨੇਰ ਘੁੱਪ ਥੰਮਿਆ
ਨੂੰਹ ਨੇ ਮਾਰੀ ਲੱਤ
ਸੌਹਰਾ ਜੰਮਿਆ
(ਦੀਵਾ ਸਲਾਈ)
ਮੰਜਾ ਵੀ ਤਾਂ ਲੋੜੀਂਦੀ ਵਸਤੂ ਹੈ ਘਰ ਦੀ। ਇਸ ਬਾਰੇ ਵੀ ਕਿਉਂ ਨਾ ਬੁਝਾਰਤਾਂ ਪਾਈਆਂ ਜਾਣ:-
ਡੱਬ ਖੜੱਬੀ ਬੱਕਰੀ
ਡੱਬੀ ਉਹਦੀ ਛਾਂ
ਚਲ ਮੇਰੀ ਬੱਕਰੀ
ਕਲ ਵਾਲੇ ਥਾਂ
(ਚਾਰਪਾਈ)
ਜਿਹੜਾ ਚਾਰਾਪਾਈ ਬਾਰੇ ਗਿਆਨ ਨਹੀਂ ਰਖਦਾ ਉਹ ਨੂੰ ਤਾਂ ਬਾਂਦਰਾਂ ਦਾ ਪੁਤਰ ਸਮਝਿਆ ਜਾਂਦਾ ਹੈ:-
ਅੱਠ ਹੱਡੀਆਂ
ਥੱਬਾ ਆਂਦਰਾਂ ਦਾ
ਜਿਹੜਾ ਮੇਰੀ ਬਾਤ ਨੀ ਬੁੱਝੂ
ਓਹ ਪੁੱਤ ਬਾਂਦਰਾਂ ਦਾ
(ਚਾਰਪਾਈ)
ਜਾਂ
ਚਾਰ ਚਪਾਹੀ
ਚਾਰ ਗੰਨੇ
ਦੋਹਾਂ ਦੇ ਮੂੰਹ 'ਚ
ਦੋ ਦੋ ਥੁੱਨੇ
(ਮੰਜਾ)
ਅਤੇ
ਇਕ ਮੇਰਾ ਭਾਈ ਮੇਘਾ
ਦਿਨੇਂ ਖੜਾ ਰਾਤੀਂ ਟੇਡਾ
(ਮੰਜਾ)
ਜੇ ਟੰਗਣੇ ਨੂੰ ਮੰਜੇ ਦੀ ਮਾਸੀ ਦਾ ਪੁੱਤਰ ਆਖ ਦਿੱਤਾ ਜਾਵੇ ਤਾਂ ਇਹ ਕਹਿਣ ਵਿਚ ਕੋਈ ਗਲਤੀ ਨਹੀਂ ਹੋਵੇਗੀ। ਜਿਹੜੇ ਬਿਸਤਰੇ ਰਾਤੀਂ ਮੰਜਿਆਂ ਉੱਤੇ ਬਛਾਏ ਜਾਂਦੇ ਹਨ ਦਿਨ ਵੇਲੇ ਇਸੇ ਟੰਗਣੇ ਦੀ ਪਿਠ ਉਪਰ ਲੱਦੇ ਜਾਂਦੇ ਹਨ। ਰਾਤੀਂ ਟੰਗਣੇ ਤੋਂ ਬਿਸਤਰੇ ਆਦਿ ਚੁੱਕਣ ਲਗਿਆਂ ਕਿਸੇ ਨੂੰ ਇਹਦੇ ਬਾਰੇ ਵੀ ਬੁਝਾਰਤ ਸੁੱਝ ਗਈ:-
ਇਕ ਮੇਰਾ ਭਾਈ ਖਿਆਲੀ
ਦਿਨ ਨੂੰ ਭਰਿਆ
ਰਾਤ ਨੂੰ ਖਾਲੀ
(ਟੰਗਣਾ)
ਤਵਾ ਤੇ ਚੁੱਲ੍ਹਾ ਵੀ ਅੱਖੋਂ ਉਹਲੇ ਨਹੀਂ ਕੀਤੇ ਜਾ ਸਕਦੇ। ਕੋਈ ਰੋਟੀ ਪਕਾਂਦੀ ਪਕਾਂਦੀ ਹੋਈ ਬੁਝਾਰਤ ਘੜ ਲੈਂਦੀ ਹੈ:-
ਹੇਠਾਂ ਮਿੱਟੀ ਦਾ ਮਟੁੰਨ
ਉੱਤੇ ਲੋਹੇ ਦਾ ਘਸੁੰਨ
ਉੱਤੇ ਗੁਦ ਗੁਦੀਆ
(ਚੁੱਲ੍ਹੇ ਤੇ ਤਵਾ, ਤਵੇ ਤੇ ਰੋਟੀ)
ਆਟਾ ਛਾਨਣ ਵਾਲੀ ਛਾਨਣੀ ਬਾਰੇ ਵੀ ਕਈ ਇਕ ਬੁਝਾਰਤਾਂ ਹਨ:-
ਕੰਮ ਕਰਦੀ ਨੂੰ
ਕਿਉਂ ਮਾਰਦੀ
(ਛਾਨਣੀ)
ਜਦੋਂ ਆਟਾ ਛਾਣਿਆ ਜਾਂਦਾ ਹੈ ਤਾਂ ਛਾਨਣੀ ਦੋਨਾਂ ਹੱਥਾਂ ਦੇ ਵਿਚਕਾਰ ਬੁੜਕਾਈ ਜਾਂਦੀ ਹੈ। ਇਸ ਤਰ੍ਹਾਂ ਛਾਨਣੀ ਨੂੰ ਥਪਕੀਆਂ ਲਗਦੀਆਂ ਹਨ:-
ਟੋਏ ਟੋਏ ਬਖਾਰੇ
ਜੀਹਦਾ ਮੈਂ ਕੰਮ ਸਵਾਰਾਂ
ਉਹੀ ਮੈਨੂੰ ਮਾਰੇ
(ਛਾਨਣੀ)
ਆਟਾ ਪੀਸਣ ਦੀਆਂ ਮਸ਼ੀਨ ਚੱਕੀਆਂ ਬਣਨ ਤੋਂ ਪਹਿਲਾਂ ਆਟਾ ਹੱਥ ਚੱਕੀਆਂ ਨਾਲ ਹੀ ਪੀਸਿਆ ਜਾਂਦਾ ਸੀ ਜਾਂ ਕਿਤੇ ਕਿਤੇ ਖਰਾਸ ਲੱਗੇ ਹੁੰਦੇ ਸਨ। ਆਟਾ ਪੀਸਣ ਤੋਂ ਮਰਦ ਆਜ਼ਾਦ ਸਨ। ਮਜ਼ਲੂਮ ਇਸਤਰੀਆਂ ਨੂੰ ਹੱਥ ਚੱਕੀਆਂ ਨਾਲ ਹੀ ਆਟਾ ਪੀਸਣ ਲਈ ਘੋਲ ਕਰਨਾ ਪੈਂਦਾ ਸੀ। ਇਨ੍ਹਾਂ ਹੱਥ ਚੱਕੀਆਂ ਬਾਰੇ ਵੀ ਔਰਤਾਂ ਨੇ ਬੁਝਾਰਤਾਂ ਘੜ ਲਈਆਂ:-
ਤੇਰੀ ਮਾਂ
ਦੋ ਮੱਲਾਂ ਨਾਲ ਘੁਲਦੀ ਏ
(ਚੱਕੀ)
ਜਾਂ
ਤੇਰੀ ਮਾਂ ਨਾਲ
ਮੱਲਾ ਘੁਲੇ
(ਚੱਕੀ)
ਅਤੇ
ਨਿੱਕੀ ਜਹੀ ਛੋਕਰੀ
ਜੋ ਫਿਰਦੀ ਰਹਿੰਦੀ
ਮਣਾਂ ਮੂੰਹੀ ਖਾਂਵਦੀ
ਪਰ ਕਿਰਦੀ ਰਹਿੰਦੀ
(ਚੱਕੀ)
ਹੋਰ
ਹਥ ਕ ਲੰਬੀ
ਹਥ 'ਕ ਚੌੜੀ
ਦੇਖੋ ਪੰਚੋ
ਕਹੀ ਕ ਦੌੜੀ
(ਚੱਕੀ)
ਕੰਧ 'ਚ ਖੁਰਪੀ
ਮੈਂ ਪਾਏ ਦਾਣੇ
ਮੈਨੂੰ ਹੁਰਕੀ
(ਚੱਕੀ)
ਮਣਾਂ ਮੂੰਹੀ ਦਾਣੇ ਪੀਹਕੇ ਵੀ ਚੱਕੀ ਦੇ ਕੱਖ ਪੱਲੇ ਨਹੀਂ ਪੈਂਦਾ। ਆਟੇ ਦੀਆਂ ਅੱਗੇ ਰੋਟੀਆਂ ਬਣ ਜਾਂਦੀਆਂ ਹਨ ਪਰ ਵਿਚਾਰੀ ਚੱਕੀ .........
ਆਦਾ ਆਦਾ ਆਦਾ
ਸਾਰਾ ਟੱਬਰ ਵਿਆਹਿਆ ਗਿਆ
ਕਮਾਰਾ ਰਹਿ ਗਿਆ ਦਾਦਾ
(ਚੱਕੀ)
ਚੱਕੀ ਦੇ ਗਲੇ ਵਿਚ ਜਿਹੜਾ ਪੁੜਾਂ ਦੇ ਵਿਚਕਾਰ ਹੁੰਦਾ ਹੈ ਦਾਣੇ ਪਾਏ ਜਾਂਦੇ ਹਨ ਅਤੇ ਪੁੜਾਂ ਦੇ ਆਲੇ ਦੁਆਲੇ ਤੋਂ ਆਟਾ ਕੱਠਾ ਕੀਤਾ ਜਾਂਦਾ ਹੈ:-
ਵਿਚਾਲੇ ਬੀਜੀ
ਬਨਿਓਂ ਵੱਢੀ
(ਚੱਕੀ)
ਜਦ ਪੀਹਣ ਵਾਲੀ ਆਟਾ ਪੀਹਣ ਮਗਰੋਂ ਚੱਕੀ ਸਾਫ ਕਰਨ ਲਈ ਚੱਕੀ ਦਾ ਉਪਰਲਾ ਪੁੜ ਚੁਕਦੀ ਹੈ ਤਾਂ ਵਿੱਚੋਂ ਆਟਾ ਨਿਕਲ ਆਉਂਦਾ ਹੈ। ਇਸੇ ਆਟੇ ਨੂੰ ਕਿਸੇ ਸ਼ਰਾਰਤੀ ਮਨ ਨੇ ਸ਼ਰਾਰਤ ਭਰੀ ਬੁਝਾਰਤ ਦਾ ਰੂਪ ਦਿੱਤਾ ਹੈ:-
ਮੰਜੇ ਤੇ ਪਏ ਦੋ
ਇਕ ਨੂੰ ਮੈਂ ਹਲਾਇਆ
ਵਿੱਚੋਂ ਬੱਗਾ ਬੱਗਾ ਨਿਕਲ ਆਇਆ
(ਚੱਕੀ ਦਾ ਆਟਾ)
ਪਾਰੋਂ ਆਇਆ
ਬਾਬਾ ਲੋਧੀ,
ਛੇ ਟੰਗਾਂ
ਸਤਵੀਂ ਬੋਦੀ
(ਤੱਕੜੀ)
ਤੱਕੜੀ ਦੇ ਦੋ ਛਾਬੜਿਆਂ ਦੀਆਂ ਤਿੰਨ ਤਿੰਨ ਲੜੀਆਂ ਹੁੰਦੀਆਂ ਹਨ ਅਤੇ ਡੰਡੀ ਉਤੇ ਸਤਵੀਂ ਕਪੜੇ ਆਦਿ ਦੀ ਹੱਥੀ ਹੋਇਆ ਕਰਦੀ ਹੈ:-
ਬਾਹਰੋਂ ਆਈ
ਭੀੜ ਪੱਖ
ਛੇ ਟੰਗਾਂ
ਇਕੋ ਅੱਖ
(ਤੱਕੜੀ)
ਜਾਂ
ਦੋ ਬਾਹਮਣਾਂ ਦੀ
ਇੱਕੋ ਬੋਦੀ
(ਤੱਕੜੀ)
ਹੋਰ
ਨਾਰੀ ਨਾਰੀ ਨਾਰੀ
ਦੋ ਘਗਰੇ ਪਾਵੇ
ਛੇ ਲਮਕਾਵੇ ਨਾਲੇ
ਨੱਕ ਬੰਨ੍ਹ ਕੇ ਬੈਠੀ ਸ਼ਰਮਾਵੇ
ਫੇਰ ਕਹਾਵੇ ਨਾਰੀ
(ਤੱਕੜੀ)
ਵੀ ਬੁਝਾਰਤਾਂ ਘੜ ਲਈਆਂ:-
ਖਡ 'ਚ ਗੋਹ
ਪੂਛ ਨੰਗ ਐ
(ਕੜਛੀ)
ਜਾਂ
ਇਕ ਕੁੜੀ ਕੌਲ਼ੇ ਨਾਲ਼
ਮੂੰਹ ਲਾਈਂ ਖੜੀ ਏ
(ਕੜਛੀ)
ਅਤੇ
ਹਾਬੜ ਦਾਬੜ ਪਈ ਕੁੜੇ
ਪੜਥੱਲੋ ਕਿਧਰ ਗਈ ਕੁੜੇ
(ਕੜਛੀ)
ਸੂਹਣ ਅਤੇ ਰੜਕਾ ਵੀ ਤਾਂ ਘਰ ਦੀ ਸਫਾਈ ਦੇ ਜੁੰਮੇਵਾਰ ਹਨ:-
ਅੰਦਰ ਭੂਟੋ ਬਾਹਰ ਭੂਟੋ
ਸ਼ੂ ਭੂਟੋ
(ਸੂੰਹਣ)
ਅਤੇ
ਸਵੇਰੇ
ਸਵੇਰੇ ਸਵੇਰੇ
ਲੱਕ ਬੰਨ੍ਹ ਕੇ
ਸਪਾਹੀ ਵਿਹੜੇ ਫਿਰ ਗਿਆ
(ਰੜਕਾ)
ਉਖਲੀ ਮੋਹਲ਼ਾਂ ਵੀ ਤਾਂ ਜ਼ਨਾਨੀਆਂ ਦਾ ਲਹੂ ਪਸੀਨਾ ਇੱਕ ਕਰ ਛੱਡਦਾ
ਹੈ:ਆਰੋਂ ਲਿਆਂਦੀ ਵੱਢਕੇ
ਪਾਰੋਂ ਲਿਆਂਦੀ ਛਿਲਕੇ
ਦੋ ਰੰਨਾਂ ਮਰਗੀਆਂ ਕਿਲ੍ਹਕੇ
(ਉਖਲ਼ੀ ਮੋਹਲ਼ਾ)
ਲਜ ਡੋਲ ਦੇ ਕੰਮ ਦਾ ਵੀ ਕਿੰਨਾ ਸੋਹਣਾ ਵਰਨਣ ਕੀਤਾ ਹੈ ਕਿਸੇ ਨੇ:-
ਮਾਂ ਪਤਲੀ ਪਤੰਗ
ਪੁੱਤ ਸੁਬ ਜਿਹਾ
ਮਾਂ ਗਈ ਨਾਉਣ
ਪੁੱਤ ਡੁਬ ਗਿਆ
(ਲਾਜ ਡੋਲ)
ਪਿੰਡਾਂ ਵਿਚ ਉਠਦਿਆਂ ਸਾਰ ਹੀ ਜ਼ਨਾਨੀਆਂ ਦੁੱਧ ਸੰਭਾਲਦੀਆਂ ਹਨ। ਮਧਾਣੀ ਨਾਲ ਸਿੱਧਾ ਵਾਹ ਪੈਣ ਦੇ ਕਾਰਨ ਬਹੁਤ ਸਾਰੀਆਂ ਬੁਝਾਰਤਾਂ ਜਿਹੜੀਆਂ ਕਿ ਹਾਸ ਰਸ ਦਾ ਸੋਹਣਾ ਨਮੂਨਾ ਹਨ, ਮਿਲਦੀਆਂ ਹਨ:-
ਇਕ ਸੀ ਰੰਨ
ਲੱਕ ਬੰਨ੍ਹਕੇ
ਮੁਕੱਦਮਾ ਲੜਦੀ ਸੀ
(ਮਧਾਣੀ)
ਜਾਂ
ਘੁਮਾਰਾਂ ਵਾਲੀ ਛੱਪੜੀ
ਦਖਾਣੀ ਪਾਇਆ ਗਾਹ
ਗੁਣਾ ਗੁਣਾ ਰੋਲ਼ ਲੈ
ਹੇਠ ਵਗੇ ਦਰਿਆ
(ਚਾਟੀ 'ਚ ਮਧਾਣੀ)
ਐਨੀ ਕੁ ਕੁੜੀ ਆਕੇ ਦੀ
ਦਰ ਭੀੜਾ ਬਹੂ ਤਮਾਸ਼ੇ ਦੀ
(ਮਧਾਣੀ)
ਹੋਰ
ਇਕ ਰੰਨ
ਚਾਰ ਕੰਨ
ਲੱਕ ਬੰਨ੍ਹ ਘੁੰਮੋਂ
(ਮਧਾਣੀ)
ਜਾਂ
ਆਲੇ ਦੁਆਲੇ
ਠੀਕਰੀਆਂ ਦਾ ਬਾੜਾ
ਗੱਭੇ ਕਾਠ ਦਾ ਘੁਲਾੜਾ
ਹੇਠਾਂ ਪਾਣੀ ਉੱਤੇ ਗਾਰਾ
(ਮੱਖਣ)
ਅਤੇ
ਥਮਲੇ ਉੱਤੇ ਬੰਗਲਾ ਬਣਾਇਆ
ਜਦ ਆਈ ਦੂਜੀ ਸਵੇਰ
ਥਮਲਾ ਉੱਤੇ ਬੰਗਲਾ ਹੇਠ
(ਮਧਾਣੀ ਦੇ ਫੁੱਲ)
ਮੱਖਣ ਬਾਰੇ ਕਈ ਹੋਰ ਬੁਝਾਰਤਾਂ ਇਸ ਪ੍ਰਕਾਰ ਹਨ:-
ਕੀਹਨੇ ਕੁੰਡਾ ਖੜਕਾਇਆ
ਮੈਂ ਮਾਸੀ ਤੇਰਾ ਤਾਇਆ
ਆਓ ਜੀਜਾ ਜੀ ਬੈਠੇ
ਨਾ ਭੂਆ ਜੀ ਚਲਦੇ ਹਾਂ
(ਮੱਖਣ)
ਇਸ ਤੋਂ ਵੱਧ ਇਕ ਹਾਸ ਰਸੀ ਬੁਝਾਰਤ ਹੈ:-
ਪਹਿਲਾਂ ਜੰਮੀ ਮੈਂ
ਮਗਰੋ ਜੰਮੀ ਮਾਈ
ਰੁਲ ਖੁਲ ਕੇ ਮੇਰਾ ਪਿਓ ਜੰਮਿਆ
ਮਗਰੋਂ ਜੰਮੀ ਦਾਈ
(ਦੁਧ, ਮਲਾਈ, ਮੱਖਣ, ਲੱਸੀ)
ਅਤੇ
ਬਹੂ ਆਈ ਆਪੇ
ਚਾਰ ਲਿਆਈ ਕਾਕੇ
ਇਕ ਗੋਦੀ ਇਕ ਮੋਢੇ
ਇਕ ਬਾਪੂ ਬਾਪੂ ਆਖੇ
(ਮੱਖਣ)
ਮੱਖਣ ਤੋਂ ਘੀ ਬਨਣ ਬਾਰੇ ਵੀ ਇਕ ਬੁਝਾਰਤ ਘੜ ਲਈ ਹੈ ਕਿਸੇ ਨੇ:-
ਐਨੀ ਕੁ ਕੋਠੜੀ
ਹਰਾ ਤੋਤਾ ਨਾਉਂਦਾ
ਉੱਠ ਨੀ ਦਮੋਗਰੀ
ਨਵਾਂ ਹਾਕਮ ਆਉਂਦਾ
(ਘੀ)
ਬੁਝਾਰਤਾਂ ਨੂੰ ਪਿਆਰਨ ਵਾਲੀ ਰੂੰ ਦੇ ਗੋਹੜੇ ਕਰਵਾਣ ਲਈ ਪੇਂਜੇ ਦੇ ਘਰ ਜਾਂਦੀ ਹੈ। ਤਾੜੇ ਦੇ ਤੰਦ ਤੇ ਵਜਦੀ ਮੋਗਰੀ ਉਸ ਨੂੰ ਇਕ ਬਲੂੰਗੜਾ ਜਾਪਦੀ ਹੈ:-
ਚੰਮ ਦੀ ਪੀਂਘ
ਬਲੂੰਗੜਾ ਝੂਟੇ
(ਤਾੜਾ)
ਤੰਦ ਚੋਂ ਪੈਦਾ ਹੋਈ ਆਵਾਜ਼ ਤਾੜੇ ਦੀਆਂ ਆਹਾਂ ਜਾਪਦੀਆਂ ਹਨ:-
ਐਨੀ ਕੁ ਲੱਕੜੀ
ਟਿਆਊਂ ਟਿਆਊਂ ਪੁਕਾਰੇ
ਜਿਸ ਭੜੂਏ ਦਾ ਕੰਮ ਸਵਾਰਾਂ
ਉਹੀ ਮੈਨੂੰ ਮਾਰੇ
(ਤਾੜਾ)
ਰੂੰ ਕਰਵਾ ਕੱਤਣ ਲਈ ਚਰਖਾ ਡਾਹ ਲਿਆ ਜਾਂਦਾ ਹੈ। ਚਰਖੇ ਦੇ ਗੇੜੇ ਦੇ ਨਾਲੋ ਨਾਲ ਚਰਖੇ ਬਾਰੇ ਬੁਝਾਰਤਾਂ ਰੂਪਮਾਨ ਹੁੰਦੀਆਂ ਜਾਂਦੀਆਂ ਹਨ:-
ਇਕ ਮਰਦ ਨੇ ਮਰਦ ਬਣਾਇਆ
ਤੀਵੀਂ ਦੇ ਵੱਸ ਪਾਇਆ
ਤੀਵੀਂ ਨੇ ਐਸੀ ਕਰੀ
ਉਹਦੀ ਛਾਤੀ ਤੇ ਲੱਤ ਧਰੀ
(ਚਰਖਾ)
ਚਰਖੇ ਦੀ ਬਣਤਰ ਬਾਰੇ ਇਕ ਬੁਝਾਰਤ ਇਸ ਤਰ੍ਹਾਂ ਹੈ:-
ਤਿੰਨ ਪਏ
ਪੰਜ ਖੜੇ
ਅੱਠ ਲਿਆਵਣ ਗੇੜ੍ਹਾ
ਮੇਰੀ ਬਾਤ ਬੁਝ ਲੈ
ਨਹੀਂ ਬਣ ਜਾ ਚੇਲਾ ਮੇਰਾ
(ਚਰਖਾ)
ਸੁੱਕਾ ਠੀਕਰ
ਆਂਡੇ ਦੇਵੇ
ਜਾਂ
ਸੁੱਕਾ ਦਰੱਖਤ
ਆਂਡੇ ਦੇਵੇ
(ਨੀਚਲੇ)
ਸੂਤ ਕਤਕੇ ਅਟੇਰਿਆ ਜਾਂਦਾ ਹੈ। ਅਟੇਰਨ ਸਮੇਂ ਸਲਾਈ ਵਿਚ ਪਾਇਆ ਹੋਇਆ ਨੀਚਲਾ ਇਕ ਅਣੋਖਾ ਜਿਹਾ ਨਾਚ ਨਚਦਾ ਹੈ। ਇਹੀ ਨਾਚ ਕਿਸੇ ਦੇ ਮਨ ਨੂੰ ਭਾਅ ਜਾਂਦਾ ਹੈ:-
ਗਿਣਤੀ ਮਾਰ
ਗੜੀਚੋ ਨੱਚੋ
(ਨੀਲਾ ਤੇ ਅਟੇਰਨ)
ਅਟੇਰਨ ਤੋਂ ਬਾਅਦ ਅੱਟੀਆਂ ਬਣਾ ਕੇ ਸੂਤ ਜੁਲਾਹਿਆਂ ਦੇ ਘਰ ਭੇਜ ਦਿੱਤਾ ਜਾਂਦਾ ਹੈ। ਉਥੇ ਉਸ ਨਾਲ ਤਾਣਾ ਤਣਿਆ ਜਾਂਦਾ ਹੈ:-
ਗਿਠ ਕੁ ਕੁੜੀ
ਘਗਰੀ ਪਾ ਕੇ ਤੁਰੀ
(ਜੁਲਾਹਿਆਂ ਦੀ ਊਰੀ)
ਜੁਲਾਹਿਆਂ ਦੇ ਘਰੋਂ ਕਪੜਾ ਤਿਆਰ ਹੋ ਕੇ ਆ ਗਿਆ। ਹੁਣ ਕਪੜਾ ਸੀਣ ਲਈ ਸੂਈ ਧਾਗੇ ਦੀ ਲੋੜ ਭਾਸੀ। ਧਾਗੇ ਬਾਰੇ ਵੀ ਬੁਝਾਰਤਾਂ ਰਚ ਲਈਆਂ ਗਈਆਂ:-
ਨਿੱਕੀ ਜਿਹੀ ਕੁੜੀ
ਲੈ ਪਰਾਂਦਾ ਤੁਰੀ
(ਸੂਈ ਧਾਗਾ)
ਉਂਗਲ ਕੁ ਕੁੜੀ
ਗਜ਼ ਦਾ ਨਾਲਾ
(ਸੂਈ ਧਾਗਾ)
ਅਤੇ
ਤੇਰੀ ਮਾਂ ਭੱਜੀ ਫਿਰੇ
ਮੇਰਾ ਬਾਈ ਦੱਬੀ ਫਿਰੇ
(ਸੂਈ ਧਾਗਾ)
ਹੋਰ
ਇੰਨਾ ਕੁ ਤਿਲੀਅਰ ਤਰਦਾ ਜਾਵੇ
ਗਿਣ ਗਿਣ ਆਂਡੇ ਧਰਦਾ ਜਾਵੇ
(ਸੂਈ ਧਾਗਾ)
ਜਾਂ
ਦੁਬਲੀ ਪਤਲੀ ਗੁਣ ਭਰੀ
ਆਈ ਸੀਸ ਨਵਾਏ
ਸੌ ਨਾਰ ਜਦ ਹੱਥ ਵਿਚ ਆਵੇ
ਵਿਛੜੇ ਦਏ ਮਲਾਏ
(ਸੂਈ)
ਦਰਵਾਜੇ (ਤਖ਼ਤੇ) ਆਦਿ ਨੇ ਵੀ ਆਪਣੀ ਥਾਂ ਬੁਝਾਰਤਾਂ ਵਿਚ ਬਣਾ ਲਈ ਹੈ:-
ਧਰ ਹਿੱਲੇ
ਧਰ ਦਾ ਹਿੱਲੇ ਪੀੜ
ਯਾ ਬੁੱਝੂ ਬਾਦਸ਼ਾਹ
ਯਾ ਬੁੱਝੂ ਵਜ਼ੀਰ
(ਦਰਵਾਜ਼ਾ)
ਤੂੰ ਚਲ ਮੈਂ ਆਇਆ
(ਦਰਵਾਜ਼ਾ)
ਜਿਥੇ ਹੋਰ ਵਸਤੂਆਂ ਆਪਣੇ ਆਪਣੇ ਕੰਮ ਆਉਂਦੀਆਂ ਹਨ ਓਥੇ ਜਿੰਦਰਾ ਵੀ ਆਪਣੇ ਕੰਮ ਆਉਂਦਾ ਹੈ। ਜਿੰਦਰਾ ਤਾਂ ਘਰ ਦੀ ਰਾਖੀ ਦਾ ਜ਼ੁੰਮੇਵਾਰ ਹੈ:-
ਨਿੱਕਾ ਜਿਹਾ ਕਾਕਾ
ਘਰ ਦਾ ਰਾਖਾ
(ਜਿੰਦਰਾ)
ਜਾਂ
ਅੰਦਰ ਜਾਵਾਂ
ਬਾਹਰ ਜਾਵਾਂ
ਕਾਲੇ ਕੁੱਤੇ ਨੂੰ ਬਹਾਲ ਜਾਵਾਂ
(ਜਿੰਦਰਾ)
ਚੰਦ ਸੂਰਜ ਦੀ ਹੋਈ ਲੜਾਈ
ਮਿਰਚ ਛਡਾਉਣ ਆਈ
(ਜਿੰਦਰਾ ਕੁੰਜੀ)
ਜਾਂ
ਬਾਂਦਰ ਬੈਠਾ ਅੱਧ ਅਸਮਾਨ
ਨਾਲੇ ਮੰਗੇ ਤੀਰ ਕਮਾਨ
ਤੀਰ ਕਮਾਨ ਉਪੜੇ ਨਾ
ਬਾਂਦਰ ਹੇਠਾਂ ਉਤਰੇ ਨਾ
(ਜਿੰਦਰਾ ਕੁੰਜੀ)
ਬਾਪੂ ਦੇ ਕੰਨ 'ਚ
ਬੇਬੇ ਬੜਗੀ
(ਜਿੰਦਰਾ ਕੁੰਜੀ)
ਕਿਸੇ ਨੇ ਪੰਘੂੜੇ ਤੇ ਹੂਟਾ ਲਿਆ। ਉਸ ਬਾਰੇ ਵੀ ਉਹਨੇ ਇਕ ਅੱਧ ਬੁਝਾਰਤ ਰਚ ਲਈ:-
ਔਂਤਰਿਆਂ ਦੀ ਘੋੜੀ
ਇਕ ਚੜ੍ਹੇ ਤਾਂ ਦੌੜੇ ਨਾਹੀਂ
ਦੋ ਚੜ੍ਹੇ ਤਾਂ ਦੌੜੀ
(ਪੰਘੂੜਾ)
ਵਸੀਅਰ ਕਾਲੇ ਕੇਸ ਸੰਵਾਰਨ ਸਮੇਂ ਕੰਘੀ ਦੀ ਵਰਤੋਂ ਕੀਤੀ ਕਿਸੇ ਨੇ। ਵਰਤੋਂ ਸਮੇਂ ਇਹਦੇ ਬਾਰੇ ਵੀ ਬੁਝਾਰਤ ਘੜ ਲਈ:-
ਚਾਰ ਉਂਗਲਾਂ ਦੀ ਲਕੜੀ
ਗੱਭੇ ਉਹਦੇ ਮੁੱਠ
ਬੁਝਣੀਏਂ ਬੁੱਝ
ਨਹੀਂ ਐਥੋਂ ਉੱਠ
(ਕੰਘੀ)
ਅਤੇ
ਇਕ ਨਾਰ ਕਰਤਾਰੋ
ਓਹ ਰਾਹੇ ਰਾਹੇ ਜਾਵੇ
ਸਿਧਿਆਂ ਨਾਲ ਸਿੱਧੀ ਚੱਲੇ
ਪੁਠਿਆਂ ਨੂੰ ਸਮਝਾਵੇ
(ਕੰਘੀ)
ਤੇਰੀ ਮਾਂ ਦੀਆਂ
ਖੂਹ 'ਚ ਲੱਤਾਂ
(ਘੱਗਰਾ)
ਜੁੱਤੀ ਬਾਰੇ ਵੀ ਸੋਹਣੀਆਂ ਬੁਝਾਰਤਾਂ ਰਚੀਆਂ ਹਨ ਕਿਸੇ ਨੇ:-
ਓਹਲਣੀ ਮੋਹਲਣੀ
ਦਰਾਂ ਵਿਚ ਖੋਹਲਣੀ
(ਜੁੱਤੀ)
ਜਾਂ
ਚਾਰ ਉਂਗਲ ਦਾ ਕੋਠਾ
ਚਾਰ ਵਿਚ ਮੱਝਾਂ ਬੜੀਆਂ
ਪੰਜਵਾਂ ਬੜ ਗਿਆ ਝੋਟਾ
(ਜੁੱਤੀ)
ਹੋਰ
ਕਾਣੀ ਮੈਸ
ਕੰਡਿਆਂ ਨੂੰ ਖਾਣੀ
ਪਾਣੀ ਤੋਂ ਮੁੜ ਜਾਣੀ
(ਜੁੱਤੀ)
ਅਤੇ
ਬਾਤ ਪਾਵਾਂ ਬਾਤ ਪਾਵਾਂ
ਬਾਤ ਪਾਵਾਂ ਮੂੰਗਲੀ
ਪੈਣੇ ਤਾਂ ਪੈਜਾ
ਨਹੀਂ ਦੇਊਂ ਉਂਗਲੀ
(ਜੁੱਤੀ)
ਹਿਲਣਾ ਹਿਲਾਉਣਾ
ਹਿਲ ਠੰਢ ਪਾਉਣਾ
ਕਹਿ ਦਿਓ ਮੇਰੀ ਮਾਂ ਨੂੰ
ਹਿਲਣਾ ਪਚਾਉਣਾ
(ਪੱਖਾ)
ਘੁਮਾਰਾਂ ਦੀ ਗੂਣ ਤੱਕਕੇ ਵੀ ਕੋਈ ਬੱਚਾ ਝਟ ਆਖ ਦੇਂਦਾ ਹੈ:-
ਇਕ ਕੁੜੀ
ਦੋ ਢਿੱਡੀਆਂ
(ਘੁਮਾਰਾਂ ਦੀ ਗੂਣ)
ਝਿਊਰਾਂ ਦੀ ਮਸ਼ਕ ਤੱਕਕੇ ਵੀ ਕਿਸੇ ਨੇ ਸੋਹਣੀ ਬੁਝਾਰਤ ਰਚੀ ਹੈ:-
ਨਿੱਕੀ ਜਹੀ ਬੱਕਰੀ
ਮੋਹਲੇ ਜਿੱਡੀ ਧਾਰ
ਦੁੱਧ ਪੰਜ ਮਣ
(ਮਸ਼ਕ)
ਜੱਟ ਤਰਖਾਣਾਂ ਦੇ ਕਾਰਖਾਨੇ ਫਾਲਾ ਡੰਗਾਉਣ ਲਈ ਜਾਂਦਾ ਹੈ। ਅੱਗੇ ਤਰਖਾਣ ਚੰਮ ਦੀ ਭੂਕਣੀ ਨਾਲ ਹਵਾ ਮਾਰ ਅੱਗ ਤੇਜ਼ ਕਰ ਰਿਹਾ ਹੁੰਦਾ ਹੈ। ਭੂਕਣੀ ਦੀ ਸ਼ਕਲ ਤਕ ਉਹਨੂੰ ਸੱਸ ਨੂੰਹ ਗੁਛਮ ਗੁੱਛਾ ਹੋਈਆਂ ਚੇਤੇ ਆ ਜਾਂਦੀਆਂ ਹਨ:-
ਸੌਣ ਭਾਦੋਂ ਦੀ ਇਕੋ ਰੁੱਤ
ਸੱਸ ਨੂੰਹ ਦੀ ਇਕ ਗੁੱਤ
(ਭੂਕਣੀ)
ਇੰਨੂੰ ਜਿਹਾ
ਮਿੰਨੂੰ ਜਿਹਾ
ਦੁਧ ਦਾ ਭੇਸ
ਬੁਝਣੀਏਂ ਬੁੱਝ
ਨਹੀਂ ਲਾਹਦੇ ਖੇਸ
(ਤੰਦੀਰਾ)
ਨਵੀਂਆਂ ਨਵੇਲੀਆਂ ਵਹੁਟੀਆਂ ਸੁਰਮੇ ਦਾਨੀਆਂ ਦੀ ਵਰਤੋਂ ਵੀ ਆਮ ਕਰਦੀਆਂ ਹਨ। ਸੁਰਮੇ ਦਾਨੀ ਬਾਰੇ ਵੀ ਸੋਹਣੀ ਬੁਝਾਰਤ ਹੈ:-
ਨਿੱਕੀ ਜਹੀ ਘੜੀ
ਰਾਣੀ ਵੀ ਨਾਹਤੀ
ਰਾਜਾ ਵੀ ਨਾਹਤਾ
ਉਹ ਭਰੀ ਦੀ ਭਰੀ
(ਸੁਰਮੇਂ ਦਾਨੀ)
ਸਵੇਰੇ ਸਵੇਰੇ ਕੋਈ ਬੁਝਾਰਤਾਂ ਦਾ ਰਸੀਆ ਬਾਹਰ ਨਿਕਲਿਆ ਉਹਨੇ ਵੇਖਿਆ ਹਿੰਦੂ ਅਤੇ ਮੁਸਲਮਾਨ ਦੋਨੋਂ ਦਾਤਣ ਕਰ ਰਹੇ ਸਨ। ਹਿੰਦੂ ਰਵਾਜ ਅਨੁਸਾਰ ਹਿੰਦੂ ਨੇ ਦਾਤਣ ਬਾਅਦ ਵਿਚ ਵਿਚਾਲਿਓਂ ਪਾੜ ਦਿੱਤੀ। ਪਰ ਮੁਸਲਮਾਨ ਨੇ ਇੰਝ ਨਾ ਕੀਤਾ। ਉਹਨੇ ਦਾਤਨ ਕਰਨ ਮਗਰੋਂ ਉਸੇ ਤਰ੍ਹਾਂ ਸਾਂਭ ਕੇ ਰੱਖ ਦਿੱਤੀ। ਇਹ ਵੱਖੋ ਵੱਖਰੇ ਰਵਾਜ ਤਕ ਉਹਨੇ ਝੱਟ ਇਸੇ ਚੀਜ਼ ਨੂੰ ਆਪਣੀ ਬੁਝਾਰਤ ਦਾ ਵਿਸ਼ਾ ਬਣਾ ਲਿਆ:-
ਦਸਾਂ ਜਾਣਿਆਂ ਨੇ ਵਿਆਹ ਕੇ ਲਿਆਂਦੀ
ਬੱਤੀਆਂ ਦੀ ਨਾਰ
ਮੁਸਲਮਾਨ ਉਹਦੀ ਸੇਵਾ ਕਰਦੇ
ਹਿੰਦੂ ਦੇਂਦੇ ਮਾਰ
(ਦਾਤਣ)
ਖੇਤੀ ਬਾੜੀ ਦੇ ਸੰਦਾਂ ਬਾਰੇ ਵੀ ਕਿਸਾਨਾਂ ਨੇ ਬੁਝਾਰਤਾਂ ਰਚੀਆਂ ਹਨ। ਖੇਤੀ ਕਰਨ ਦੇ ਤਕਰੀਬਨ ਹਰ ਸੰਦ ਬਾਰੇ ਕੋਈ ਨਾ ਕੋਈ ਬੁਝਾਰਤ ਜ਼ਰੂਰ ਮਿਲਦੀ ਹੈ:-
ਨਿੱਕਾ ਜਿਹਾ ਪਿੱਦੂ
ਭੂੰ ਭੂੰ ਕਰ ਕੇ
ਜਮੀਣ 'ਚ ਬੜ ਗਿਆ
(ਹਲ਼)
ਅਤੇ
ਭੁੱਬਲ ਵਿਚ
ਦੰਦਈਆ ਨੱਚੇ
ਪੂਛ ਮੇਰੇ ਹੱਥ
(ਖੁਰਪਾ)
ਹੋਰ
ਅੰਨ੍ਹਾਂ ਝੋਟਾ
ਵਟਾਂ ਢਾਉਂਦਾ ਜਾਂਦੈ
(ਕਹੀ)
ਜਾਂ
ਐਨੀ 'ਕ ਹਰਨੀ
ਸਾਰਾ ਖੇਤ ਚਰਨੀ
ਮੀਂਗਣ ਇਕ ਨਾ ਕਰਨੀ
(ਦਾਤਰੀ)
ਸੁਹਾਗੇ ਬਾਰੇ ਤਾਂ ਕਈ ਬੁਝਾਰਤਾਂ ਮਿਲਦੀਆਂ ਨੇ:-
ਚਾਰ ਘੋੜੇ
ਦੋ ਅਸਵਾਰ
ਬੱਘੀ ਚੱਲੇ
ਮਾਰੋ ਮਾਰ
(ਸੁਹਾਗਾ)
ਬਾਹਰੋਂ ਆਇਆ ਕਰਮੂ
ਆਣ ਬਨਾਏ ਕੰਨ ਕ
ਕਰਮੂ ਟੁਰਦਾ ਵੀਹੀਂ ਟੰਗੀ
ਛੇ ਮੂੰਹ ਬਾਰਾਂ ਕੰਨ
(ਸੁਹਾਗਾ)
ਸੁਹਾਗੇ ਨੂੰ ਚਾਰ ਬਲਦ ਖਿਚਦੇ ਹਨ ਅਤੇ ਦੋ ਆਦਮੀ ਦਬਦੇ ਹਨ। ਇਸ ਤਰ੍ਹਾਂ ਸੋਲਾਂ ਬਲਦਾਂ ਦੀਆਂ ਅਤੇ ਚਾਰ ਆਦਮੀਆਂ ਦੀਆਂ ਵੀਹ ਟੰਗਾਂ ਹੋ ਜਾਂਦੀਆਂ ਹਨ, ਛੇ ਮੂੰਹ ਹੋ ਜਾਂਦੇ ਨੇ ਅਤੇ ਬਾਰਾਂ ਕੰਨ।
ਗੰਨਿਆਂ ਦਾ ਬੇਲਣਾ ਦਿਨ ਤੇ ਰਾਤੀਂ ਚਲਾਈ ਜਾਈਦਾ ਹੈ। ਸੋ ਬੇਲਣੇ ਬਾਰੇ ਬੁਝਾਰਤ ਇਸ ਤਰ੍ਹਾਂ ਘੜੀ ਹੈ ਕਿਸੇ ਨੇ:-
ਬਾਤ ਪਾਵਾਂ ਘਊ ਦੀ
ਦਿਨ ਚੜ੍ਹ ਰਾਤ ਪਊਗੀ
ਚਲਦੇ ਹਲਟ ਦਾ ਨਜ਼ਾਰਾ ਕਿਸੇ ਨੇ ਇਸ ਤਰ੍ਹਾਂ ਬੰਨਿਆ ਹੈ:-
ਆਰ ਡਾਂਗਾਂ
ਪਾਰ ਡਾਂਗਾਂ
ਵਿਚ ਟੱਲਮ ਟੱਲੀਆਂ
ਆਉਣ ਕੂੰਜਾਂ ਦੇਣ ਬੱਚੇ
ਨਦੀ ਨਾਵਣ ਚੱਲੀਆਂ।