ਲੋਕ ਬੁਝਾਰਤਾਂ/ਸਮੇਂ ਸਮੇਂ ਸਿਰ

ਸਮੇਂ ਸਮੇਂ ਸਿਰ

ਜਿਸ ਤਰ੍ਹਾਂ ਪੰਜਾਬ ਦੇ ਲੋਕ-ਗੀਤ ਇੱਕੋ ਸਮੇਂ ਨਹੀਂ ਰਚੇ ਗਏ ਉਸੇ ਤਰ੍ਹਾਂ ਪੰਜਾਬੀ ਲੋਕ-ਬੁਝਾਰਤਾਂ ਵੀ ਕਿਸੇ ਖਾਸ ਸਮੇਂ ਦੀ ਦੇਣ ਨਹੀਂ। ਪੰਜਾਬੀ ਮਨ ਤੇ ਸਮੇਂ ਸਮੇਂ ਕਿਸੇ ਵਸਤੂ ਦਾ ਪ੍ਰਭਾਵ ਪਿਆ। ਉਸੇ ਪ੍ਰਭਾਵ ਦੇ ਅਧੀਨ ਇਹ ਲੋਕ-ਬੁਝਾਰਤਾਂ ਰਚ ਲਈਆਂ ਗਈਆਂ। ਹੇਠ ਦਿੱਤੀਆਂ ਕੁਝ ਲੋਕ ਬੁਝਾਰਤਾਂ ਸਪੱਸ਼ਟ ਕਰ ਦੇਣਗੀਆਂ ਕਿ ਇਹ ਕਿਵੇਂ ਸਮੇਂ ਦੇ ਬਦਲਣ ਨਾਲ ਕਿਸੇ ਵਿਸ਼ੇਸ਼ ਵਸਤੂ ਦੇ ਪ੍ਰਭਾਵ ਥੱਲੇ ਉਤਪੰਨ ਹੁੰਦੀਆਂ ਰਹੀਆਂ ਹਨ।

ਸਭ ਤੋਂ ਪਹਿਲਾਂ ਆਉਣ ਜਾਣ ਦੇ ਸਾਧਨਾਂ ਬਾਰੇ ਰਚੀਆਂ ਬੁਝਾਰਤਾਂ ਹੇਠ ਦਿੱਤੀਆਂ ਜਾਂਦੀਆਂ ਹਨ।

ਉਹ ਵੀ ਸਮਾਂ ਸੀ ਜਦ ਮੋਟਰਾਂ, ਰੇਲ ਗੱਡੀਆਂ ਤੇ ਹਵਾਈ ਜਹਾਜ਼ ਨਹੀਂ ਸਨ। ਉਸ ਸਮੇਂ ਸਫਰ ਬੈਲ ਗੱਡੀਆਂ ਅਤੇ ਟਾਂਗਿਆਂ ਰਾਹੀਂ ਕੀਤਾ ਜਾਂਦਾ ਸੀ। ਕਿਸੇ ਨੇ ਟਾਂਗੇ ਤੇ ਸਫਰ ਕੀਤਾ, ਪੱਲਿਓਂ ਪੈਸੇ ਦਿੱਤੇ ਅਤੇ ਵਾਧੂ ਦਿਆਂ ਹਚਕੋਲਿਆਂ ਨਾਲ ਹੱਡੀਆਂ ਪਸਲੀਆਂ ਭੰਨਵਾ ਲਈਆਂ:-

ਖੜ ਖੜ ਮੰਜਾ
ਲੇਫ ਤਲਾਈ
ਬੁੱਝਣ ਵਾਲਿਆ
ਧੇਲੀ ਭਰਨੀ ਆਈ
(ਟਾਂਗਾ)

ਫੇਰ ਸਾਈਕਲ ਆ ਗਏ। ਪਹਿਲਾਂ ਪਹਿਲਾਂ ਸਾਰੇ ਪਿੰਡ ਵਿਚ ਇਕ ਅੱਧ ਹੀ ਸਾਈਕਲ ਹੋਇਆ ਕਰਦਾ ਸੀ। ਲੋਕੀਂ ਵੇਖਣ ਆਉਂਦੇ ਸਨ ਇਸ ਅਣੋਖੀ ਸਵਾਰੀ ਨੂੰ ਸਾਈਕਲ ਬਾਰੇ ਵੀ ਆਪ ਮੁਹਾਰੇ ਬੁਝਾਰਤ ਬਣ ਗਈ:

ਘੋੜਾ ਹੈ ਪਰ ਘਾਹ ਨਹੀਂ ਖਾਂਦਾ
ਖੜਾ ਕਰੋ ਤਾਂ ਡਿਗ ਡਿਗ ਜਾਂਦਾ
(ਸਾਈਕਲ)

ਉਨੀਵੀਂ ਸਦੀ ਦੇ ਮੱਧ ਵਿਚ ਰੇਲ ਗੱਡੀਆਂ ਦਾ ਪੰਜਾਬ ਵਿਚ ਜਾਲ ਜਿਹਾ ਵਿਛ ਗਿਆ। ਸਟੇਸ਼ਨ ਤੋਂ ਟੁਰਦੀ ਗੱਡੀ ਪੰਜਾਬੀਆਂ ਨੂੰ ਹੀਰ ਮਜਾਜਣ ਜਾਪੀ। ਜਿਥੇ ਉਨ੍ਹਾਂ ਨੇ ਲੋਕ-ਗੀਤ ਰਚੇ ਓਥੇ ਲੋਕ-ਬੁਝਾਰਤਾਂ ਵੀ ਰੂਪਮਾਨ ਕਰ ਲਈਆਂ:-

ਨਿੱਕੇ ਨਿੱਕੇ ਟੋਟਰੇ
ਸੰਦੂਕ ਚੱਕੀ ਜਾਂਦੇ ਨੇ
ਰਾਜਾ ਪੁੱਛੇ ਰਾਣੀ ਨੂੰ
ਕੀ ਜਨੌਰ ਜਾਂਦੇ ਨੇ
(ਰੇਲ ਗੱਡੀ)

ਜਨੌਰ ਵੀ ਅਜਿਹੇ ਜਿਨ੍ਹਾਂ ਦਾ ਮੁੱਲ ਲੱਖਾਂ ਰੁਪਏ ਹੈ:-

ਇਕ ਜਨੌਰ ਐਸਾ
ਉਸ ਦੇ ਪੈਰ ਪੈਰ ਤੇ ਪੈਸਾ
ਉਹਦੇ ਚੋਟੀ ਉੱਤੇ ਫੁੱਲ
ਉਸਦਾ ਲੱਖ ਰੁਪਿਆ ਮੁੱਲ
(ਰੇਲ ਗੱਡੀ)

ਸਟੇਸ਼ਨ ਤੋਂ ਤੁਰਨ ਲਗਿਆਂ ਗੱਡੀ ਦਾ ਇੰਜਣ ਧੂੰਆਂ ਛਡਦਾ ਹੈ। ਧੂੰਆਂ ਵੇਖ ਬੁਝਾਰਤ ਰਚਨ ਵਾਲੇ ਨੇ ਜ਼ਰਾ ਵੀ ਦੇਰ ਨਾ ਲਾਈ:-

ਇੱਕ ਜ਼ਨਾਨੀ
ਹੁੱਕਾ ਪੀਣੋਂ ਹਟਦੀ ਨਹੀਂ
(ਰੇਲ ਗੱਡੀ)

ਜਦ ਬੁਝਾਰਤ ਦਾ ਕੋਈ ਰਸੀਆ ਪਹਿਲੀ ਵਾਰੀ ਗੱਡੀ ਵਿਚ ਸਵਾਰ ਹੋਇਆ ਤਾਂ ਉਹਨੂੰ ਸਾਰੀਆਂ ਸਵਾਰੀਆਂ ਓਪਰੀਆਂ ਜਾਪੀਆਂ:

ਬਾਤ ਪਾਵਾਂ ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਕੁੰਡੇ
ਸਦਾ ਕੁੜੀ ਨੂੰ ਵਿਆਹੁਣ ਚੱਲੇ
ਚੌਹਾਂ ਕੂੰਟਾਂ ਦੇ ਮੁੰਡੇ
(ਰੇਲ ਗੱਡੀ)

ਅਤੇ

ਬਾਰਾਂ ਕੁਛੜ
ਬਾਰਾਂ ਪੇਟ
ਬਾਰਾਂ ਬੈਠੇ ਟਾਹਲੀ ਹੇਠ
ਬਾਰਾਂ ਹੋਰ ਲਿਆਉਨੀਆਂ
(ਰੇਲ ਗੱਡੀ)

ਗੱਡੀ ਵਿਚ ਵਰਤੀ ਗਈ ਲਕੜੀ ਬਾਰੇ ਧਿਆਨ ਕਰਦਿਆਂ ਕਿਸੇ ਨੇ ਬੁਝਾਰਤ ਘੜ ਲਈ:-

ਬਣ ਵਿਚ ਵੱਢੀ
ਬਣ ਵਿਚ ਟੁੱਕੀ
ਬਣ ਵਿਚ ਲਈ ਸ਼ੰਗਾਰ
ਬਾਰਾਂ ਵਰਸ ਮੈਨੂੰ ਵਿਆਹੀ ਨੂੰ ਹੋ ਗਏ
ਨਾ ਦੇਖਿਆਂ ਘਰ ਬਾਰ
(ਰੇਲ ਗੱਡੀ)

ਦੂਜੀ ਵੱਡੀ ਜੰਗ ਵਿਚ ਹਵਾਈ ਜਹਾਜ਼ਾਂ ਦੀ ਵਧੇਰੇ ਵਰਤੋਂ ਹੋਈ। ਪੰਜਾਬੀਆਂ ਨੇ ਇਸ ਨੂੰ ਅਸਮਾਨੀ ਉਡਾਰੀਆਂ ਲਾਂਦਿਆਂ ਤੇ ਅੱਖਾਂ ਤੋਂ ਓਹਲੇ ਹੁੰਦਿਆਂ ਤਕਿਆ।

ਚਿੱਟੇ ਚਿੱਟੇ ਕਪੜੇ
ਭਚਾਲੋਂ ਪਾਰ ਜਾਂਦੇ ਨੇ

ਰਾਜਾ ਪੁੱਛੇ ਰਾਣੀ ਨੂੰ
ਕੀ ਜਨੌਰ ਜਾਂਦੇ ਨੇ
(ਹਵਾਈ ਜਹਾਜ਼)

ਦੋਨੋਂ ਵੱਡੀਆਂ ਜੰਗਾਂ ਤੋਂ ਪਹਿਲਾਂ ਬਰਛੀਆਂ ਅਤੇ ਨੇਜ਼ਿਆਂ ਜਹੇ ਸੰਦਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਕਿਸੇ ਕਿਸੇ ਕੋਲ ਤੋੜੇਦਾਰ ਬੰਦੂਕ ਹੁੰਦੀ ਸੀ। ਨੇਜ਼ੇ ਬਾਰੇ ਬੁਝਾਰਤ ਇਸ ਤਰ੍ਹਾਂ ਹੈ:-

ਨਿੱਕਾ ਜਿਹਾ ਗਲਾਸ
ਵਿਚ ਬੈਠਾ ਰਾਮ ਦਾਸ
(ਨੇਜ਼ਾ)

ਨੇਜੇ ਦੀ ਭੈਣ ਬਰਛੀ ਦਾ ਵਰਣਨ ਇਸ ਤਰ੍ਹਾਂ ਹੈ:-

ਇਕ ਅਚੰਭਾ ਦੇਖੋ ਚੱਲ
ਸੁਕੀ ਲੱਕੜੀ ਲੱਗਾ ਫੁੱਲ
ਜੇ ਕੋਈ ਉਸ ਫਲ ਨੂੰ ਖਾਏ
ਪੇਟ ਪਾੜ ਉਹ ਨਸ ਹੀ ਜਾਏ
(ਬਰਛੀ)

ਦੂਜੀ ਵੱਡੀ ਜੰਗ ਤੋਂ ਮਗਰੋਂ ਲੋਕੀ ਬੰਦੂਕਾਂ ਦੀ ਵਰਤੋਂ ਕਰਨ ਲੱਗ ਪਏ। ਪੰਜਾਬੀ ਜਿਹੜੇ ਫ਼ੌਜਾਂ ਵਿਚ ਜਾ ਕੇ ਲੜਦੇ ਰਹੇ ਹਨ, ਉਨ੍ਹਾਂ ਵਿਚ ਬਹੁਤੇ ਫ਼ੌਜੀਆਂ ਨੇ ਲਾਈਸੰਸਾਂ ਤੇ ਬੰਦੂਕਾਂ ਲੈ ਲਈਆਂ ਜਿਸਦਾ ਸਦਕਾ ਪੰਜਾਬ ਦਾ ਬੱਚਾ ਬੱਚਾ ਇਨ੍ਹਾਂ ਤੋਂ ਅਤੇ ਇਨ੍ਹਾਂ ਦੀਆਂ ਗੋਲੀਆਂ ਤੋਂ ਜਾਣੂ ਹੋ ਗਿਆ। ਬੰਦੂਕਾਂ ਬਾਰੇ ਹੇਠ ਕੁਝ ਬੁਝਾਰਤਾਂ ਦਿੱਤੀਆਂ ਜਾਂਦੀਆਂ ਹਨ:-

ਦੋ ਕੁੜੀਆਂ
ਕਾਠ ਵਿਚ ਜੜੀਆਂ
ਕੂਕਾਂ ਮਾਰ ਅਸਮਾਨੀਂ ਚੜ੍ਹੀਆਂ
(ਬੰਦੂਕ)

ਜਾਂ

ਅੜੀਆਂ ਅੜੀਆਂ
ਕੂਕਾਂ ਮਾਰ ਪਹਾੜੀ ਬੜੀਆਂ
(ਬੰਦੂਕ)

ਅਤੇ

ਬਿੰਗ ਤਲਿੰਗੀ ਲਕੜੀ
ਨਗੋਜੇ ਵਰਗੇ ਦੰਦ
ਬੁੱਝਣੀਏਂ ਬੁੱਝ ਲੈ
ਨਹੀਂ ਰੁਪਏ ਧਰਦੇ ਪੰਜ
(ਬੰਦੂਕ)

ਬੰਦੂਕ ਦੀ ਗੋਲੀ ਬਾਰੇ ਦੋ ਬੁਝਾਰਤਾਂ ਇਸ ਤਰ੍ਹਾਂ ਹਨ:-

ਐਤਨੀਂ ਕੁ ਲਕੜੀ
ਅਸਮਾਣ ਕੇ ਟੱਕਰੀ
(ਗੋਲੀ)

ਅਤੇ

ਐਤਨੀਂ ਕੁ ਡੱਬੀ
ਚੜ੍ਹਗੀ ਸਬੱਬੀ
ਨਾ ਘਰ ਘੋੜਾ
ਨਾ ਘਰ ਬੱਘੀ
(ਗੋਲੀ)

ਪਿੰਡਾਂ ਚੋਂ ਜਵਾਨ ਭਰਤੀ ਹੁੰਦੇ ਗਏ। ਖਾਸ ਚੀਜ਼ ਜਿਹੜੀ ਉਹ ਆਪਣੇ ਪੇਂਡੂ ਭਰਾਵਾਂ ਨੂੰ ਦਿਖਾਣ ਲਈ ਲਿਆਂਦੇ ਸਨ, ਉਹ ਸਨ ਘੜੀਆਂ ਟਾਈਮ ਵੇਖਣ ਲਈ। ਘੜੀ ਬਾਰੇ ਕਿਸੇ ਨੇ ਇਸ ਤਰ੍ਹਾਂ ਸੋਚਿਆ:

ਨਾ ਉਹ ਹਿੱਲੇ
ਨਾ ਉਹ ਜੁੱਲੇ
ਪਰ ਦਿਨ ਰਾਤ ਚੱਲੇ
(ਘੜੀ)

ਫੋਟੋ ਖਿਚਵਾਣ ਦਾ ਰਿਵਾਜ ਵੀ ਹੁਣ ਤੋਂ ਹੀ ਪਿਆ ਹੈ ਪੇਂਡੂਆਂ ਨੂੰ। ਉਂਜ ਜੇ ਕੋਈ ਹੁਣ ਵੀ ਕਿਸੇ ਦੀ ਫੋਟੋ ਖਿਚ ਲਵੇ ਤਾਂ ਲੋਕੀ ਗਲ ਪੈ ਜਾਂਦੇ ਹਨ। ਪਰ ਪੜ੍ਹਿਆ ਲਿਖਿਆ ਤਬਕਾ ਤਾਂ ਇਸ ਬਾਰੇ ਕੋਈ ਇਤਰਾਜ਼ ਨਹੀਂ ਕਰਦਾ। ਅਨਪੜ੍ਹ ਜੋੜੇ ਕੱਠੀਆਂ ਤਸਵੀਰਾਂ ਲਾਹੁਣ ਤੋਂ ਬਹੁਤ ਝਿਜਕਦੇ ਹਨ। ਸੌ, ਵਿਚੋਂ ਇਕ ਅੱਧ ਮੌਜੀ ਜੋੜਾ ਹੀ ਫੋਟੋ ਖਿਚਵਾਂਦਾ ਹੈ। ਜੇਕਰ ਕਿਤੇ ਕੋਈ ਖਿਚਵਾ ਵੀ ਲਵੇ ਤਾਂ ਅੰਦਰ ਛੁਪਾ ਕੇ ਰੱਖ ਲੈਂਦੇ ਹਨ। ਫਰੇਮ ਵਿਚ ਜੜੀ ਫੋਟੋ ਬਾਰੇ ਇਕ ਬੁਝਾਰਤ ਹੈ:-

ਨਾ ਬੋਲ ਸਕਣ
ਨਾ ਸੁਣ ਸਕਣ
ਰਾਤੀਂ ਕਦੀ ਨਾ ਸੌਣ
ਪੁਰਸ਼ ਨਾਰ ਅਲਮਾਰੀ ਅੰਦਰ
ਚੁੱਪ ਕਰਕੇ ਬੈਠੇ ਰਹਿਣ

ਵੀਹਵੀਂ ਸਦੀ ਦੇ ਦੂਜੇ ਤੀਜੇ ਦਹਾਕੇ ਤੋਂ ਹੀ ਆਟਾ ਪੀਸਣ ਵਾਲੀਆਂ ਚੱਕੀਆਂ ਦਾ ਰਵਾਜ਼ ਹੋਇਆ ਹੈ। ਜਦ ਪਹਿਲੀ ਵਾਰੀ ਕਿਸੇ ਨੇ ਚੱਕੀ ਦੇ ਘੁੱਗੂ ਦੀ ਆਵਾਜ਼ ਸੁਣੀ ਹੋਵੇਗੀ ਤਾਂ ਉਸ ਨੇ ਇਹ ਬੁਝਾਰਤ ਘੜ ਲਈ ਹੋਵੇਗੀ:-

ਨਿੱਤ ਉਠ ਕਰੇ ਪੁਕਾਰ
ਲੋਕਾਂ ਨੂੰ ਕੂਕ ਸੁਣਾਏ
ਬਹੁਤਾ ਖਾਏ ਭੋਜਨ
ਪਰ ਪੇਟ ਵਿਚ ਨਾਹੀਂ ਜਾਏ
(ਚੱਕੀ)

ਕੱਪੜੇ ਸੀਣ ਦੀਆਂ ਮਸ਼ੀਨਾਂ ਦੀ ਪਿੰਡਾਂ ਵਿਚ ਵਰਤੋਂ ਹੋਈ। ਸੀਂਦੀ ਮਸ਼ੀਨ ਦੇ ਤੋਪੇ ਕਿਸੇ ਨੂੰ ਚੰਗੇ ਚੰਗੇ ਲੱਗੇ। ਉਸ ਨੇ ਬੁਝਾਰਤ ਇੰਜ ਰਚ ਲਈ:-

ਐਨੀ ਕ ਤਿਰੀਆ
ਤਰਦੀ ਜਾਏ
ਗਿਣ ਗਿਣ ਆਂਡੇ
ਧਰਦੀ ਜਾਏ
(ਕਪੜੇ ਸੀਣ ਦੀ ਮਸ਼ੀਨ)

ਇਨ੍ਹਾਂ ਪੰਜਾਂ ਦਸਾਂ ਸਾਲਾਂ ਤੋਂ ਹੀ ਰੇਡੀਓ ਦੀ ਵਰਤੋਂ ਆਮ ਹੋਣ ਲੱਗੀ ਹੈ। ਹੁਣ ਤਾਂ ਪਿੰਡਾਂ ਵਿਚ ਵੀ ਕਿਸੇ ਕਿਸੇ ਘਰੋਂ ਰੇਡੀਓ ਦੀ ਆਵਾਜ਼ ਸੁਣਦੀ ਹੈ। ਕਈਆਂ ਪਿੰਡਾਂ ਦੀਆਂ ਪੰਚਾਇਤਾਂ ਸਾਂਝੇ ਰੇਡੀਓ ਲੈ ਆਈਆਂ ਹਨ। ਜਦ ਪਹਿਲੀ ਵਾਰੀ ਕਿਸੇ ਨੇ ਰੇਡੀਓ ਤੋਂ ਸੋਹਣੇ ਸੋਹਣੇ ਮਿੱਠੇ ਮਿੱਠੇ ਗੀਤ ਸੁਣੇ ਤਾਂ ਉਸ ਨੇ ਰੇਡੀਓ ਬਾਰੇ ਵੀ ਬੁਝਾਰਤਾਂ ਰੱਚ ਲਈਆਂ:-

ਸਈਓ ਨੀ
ਇਕ ਆਲਾ ਡਿੱਠਾ
ਬੋਲਦਾ ਸੀ ਬਹੁਤ ਮਿੱਠਾ
(ਰੇਡੀਓ)

ਕਿਸੇ ਨੇ ਬੱਚਿਆਂ ਦੇ ਪ੍ਰੋਗਰਾਮ ਵਿਚ ਤੋਤੇ ਦੀ ਆਵਾਜ਼ ਸੁਣੀ ਹੋਵੇਗੀ:-

ਕਾਠ ਦੀ ਸੰਦੂਕੜੀ
ਵਿਚ ਤੋਤਾ ਬੋਲੇ
(ਰੇਡੀਓ)

ਨਲਕੇ ਲੱਗੇ ਤੱਕ ਕੇ ਜਿਥੇ "ਖੂਹਾਂ ਟੋਭਿਆਂ ਤੇ ਮਿਲਣੋਂ ਰਹੀਆਂ, ਚੰਦਰੇ ਲਵਾਲੇ ਨਲਕੇ" ਵਰਗੇ ਲੋਕ-ਗੀਤ ਕਿਸੇ ਨੇ ਰਚ ਲਏ ਉਥੇ ਹਾਸ ਰਸੀ ਬੁਝਾਰਤ ਰਚਣ ਵਿਚ ਵੀ ਘੱਟ ਕਮਾਲ ਨਹੀਂ ਵਖਾਇਆ:

ਬਾਬੇ ਦਾ ਬੋਕ
ਦੱਬੋ ਪੂਛ ਮਾਰੇ ਮੋਕ
(ਨਲਕਾ)

15 ਅਗਸਤ 1947 ਨੂੰ ਜਾਂਦੇ ਜਾਂਦੇ ਅੰਗੇਜ਼ ਸਾਡੇ ਭਾਰਤ ਨੂੰ ਦੋ ਹਿੱਸਿਆਂ ਵਿਚ ਵੰਡ ਗਏ। ਜਨਾਹ ਨੇ ਆਪਣੇ ਮੁਸਲਮਾਨ ਭਰਾਵਾਂ ਲਈ ਜੱਨਤ ਦਾ ਟੁਕੜਾ 'ਪਾਕਿਸਤਾਨ' ਲੈ ਲਿਆ। ਪਾਕਿਸਤਾਨ ਬਣਨ ਪਿੱਛੋਂ ਹੁੱਕੇ ਬਾਰੇ ਬੁਝਾਰਤ ਰਚ ਕੇ ਇਹ ਵਿਸ਼ੇਸ਼ ਸਬੂਤ ਦੇ ਦਿੱਤਾ ਹੈ ਕਿ ਪੰਜਾਬੀ ਬੁਝਾਰਤਾਂ ਸਮੇਂ ਸਮੇਂ ਸਿਰ ਆਪਣਾ ਰੰਗ ਵਖਾਂਦੀਆਂ ਰਹੀਆਂ ਹਨ ਅਤੇ ਵਖਾਂਦੀਆਂ ਰਹਿਣਗੀਆਂ:-

ਕਾਬਲ ਕੁੱਜਾ ਚਾੜ੍ਹਿਆ
ਅੱਗ ਲੱਗੀ ਮੁਲਤਾਨ
ਦਿੱਲੀ ਕੂਕਾਂ ਮਾਰਦੀ
ਜਲ਼ ਗਿਆ ਪਾਕਿਸਤਾਨ
(ਹੁੱਕਾ)