ਲੋਕ ਬੁਝਾਰਤਾਂ/ਮਨੁੱਖੀ ਸਰੀਰ ਬਾਰੇ

52888ਲੋਕ ਬੁਝਾਰਤਾਂ — ਮਨੁੱਖੀ ਸਰੀਰ ਬਾਰੇਸੁਖਦੇਵ ਮਾਦਪੁਰੀ

ਮਨੁੱਖੀ ਸਰੀਰ ਬਾਰੇ

ਜਿਥੇ ਪੇਂਡੂ ਜੀਵਨ ਦੀਆਂ ਹੋਰ ਵਸਤੂਆਂ ਬਾਰੇ ਬੁਝਾਰਤਾਂ ਪਾਈਆਂ ਜਾਂਦੀਆਂ ਹਨ ਓਥੇ ਆਪਣੇ ਆਪ ਬਾਰੇ ਅਰਥਾਤ ਮਨੁੱਖੀ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਵੀ ਬੁਝਾਰਤਾਂ ਦਾ ਰੂਪ ਦੇ ਦਿੱਤਾ ਜਾਂਦਾ ਹੈ।

ਮਨੁੱਖੀ ਸਰੀਰ ਦੇ ਵੱਖੋ ਵੱਖ ਅੰਗਾਂ ਬਾਰੇ ਇਸ ਪ੍ਰਕਾਰ ਬੁਝਾਰਤਾਂ ਮਿਲਦੀਆਂ ਹਨ:-

ਕੱਚ ਦਾ ਟੋਭਾ
ਕਾਨਿਆਂ ਦੀ ਬਾੜ
ਬੁੱਝਣੀਏ ਬੁੱਝ ਲੈ
ਨਹੀਂ ਰੁਪਏ ਧਰ ਦੇ ਚਾਰ
(ਅੱਖਾਂ)

ਕਿੱਥੇ ਹੋ ਸਕਦੈ ਕੱਚ ਦਾ ਟੋਭਾ ਜਿਸ ਦੇ ਆਲੇ ਦੁਆਲੇ ਕੱਖਾਂ ਕਾਹੀਆਂ ਦੀ ਬਾੜ ਹੋਵੇ। ਬੁਝਾਰਤ ਬੁੱਝਣ ਵਾਲਾ ਬੁਝਾਰਤ ਪਾਣ ਵਾਲੇ ਦੀਆਂ ਅੱਖਾਂ ਵੱਲ ਤਕਦਾ ਹੈ। ਅੱਖਾਂ ਤੱਕ ਝੱਟ ਬੁਝਾਰਤ ਦਾ ਉੱਤਰ (ਅੱਖਾਂ) ਸੁਝ ਜਾਂਦਾ ਹੈ।

ਕਿਸੇ ਸੋਹਲ ਸੁਨੱਖੇ ਮੁਖੜੇ ਤੇ ਸਵਾ ਸਵਾ ਲੱਖ ਦੀ ਇਕ ਇਕ ਅੱਖ ਭੋਲੇ ਭੋਲੇ ਗੁਟਕੂੰ ਗੁਟਕੂੰ ਕਰਦੇ ਦੋ ਕਬੂਤਰ ਜਾਪਦੇ ਹਨ:-

ਦੋ ਕਬੂਤਰ ਚੱਕਾ ਜੋੜੀ
ਰੰਗ ਉਨ੍ਹਾਂ ਦੇ ਕਾਲੇ
ਨਾ ਕੁਝ ਖਾਵਣ
ਨਾ ਕੁਝ ਪੀਵਣ

ਰੱਬ ਉਨ੍ਹਾਂ ਨੂੰ ਪਾਲੇ
(ਅੱਖਾਂ)

ਅਸੀਂ ਰੋਜ਼ਾਨਾ ਜ਼ਿੰਦਗੀ ਵਿਚ ਤਕਦੇ ਹਾਂ। ਕਈਆਂ ਦੀਆਂ ਦੋਨੋਂ ਅੱਖਾਂ ਕਿਸੇ ਦੇ ਜੀਵਨ ਨੂੰ ਸਦਾ ਲਈ ਹਨੇਰੇ ਵਿਚ ਲੈ ਜਾਂਦੀਆਂ ਹਨ। ਕਈਆਂ ਦੀ ਇੱਕ ਅੱਖ ਕਿਸੇ ਕਾਰਨ ਜਾਂਦੀ ਰਹਿੰਦੀ ਹੈ। ਅੱਖਾਂ ਦੀ ਜੋਤ ਲੱਖਾਂ ਰੁਪਏ ਖਰਚ ਕਰਕੇ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਨਿਗਾਹ ਬਾਰੇ ਕਿਸੇ ਨੇ ਇਸ ਤਰ੍ਹਾਂ ਬੁਝਾਰਤ ਰਚੀ ਹੈ:-

ਕੌਲ ਫੁੱਲ ਕੌਲ ਫੁੱਲ
ਕੌਲ ਦਾ ਹਜ਼ਾਰ ਮੁੱਲ
ਕਿਤੇ ਅੱਧਾ ਕਿਤੇ ਸਾਰਾ
ਕਿਤੇ ਹੈਨੀ ਵਿਚਾਰਾ
(ਨਿਗਾਹ)

ਨਿਗਾਹ ਬਾਰੇ ਇਕ ਹੋਰ ਬੁਝਾਰਤ ਬੰਦੇ ਇਸ ਤਰ੍ਹਾਂ ਪਾਉਂਦੇ ਹਨ:-

ਓਹ ਗਈ! ਓਹ ਗਈ
(ਨਿਗਾਹ)

ਅੱਖਾਂ ਦੀ ਅਰੋਗਤਾ ਲਈ ਅਤੇ ਮਨੁੱਖੀ ਸਰੀਰ ਲਈ ਨੀਂਦ ਵੀ ਬਹੁਤ ਲਾਭਕਾਰੀ ਸ਼ਕਤੀ ਹੈ। ਨੀਂਦ ਦੀ ਬੁੱਕਲ ਵਿਚ ਇਨਸਾਨ ਗਮਾਂ ਫਿਕਰਾਂ ਦੀ ਦੁਨੀਆਂ ਤੋਂ ਬਹੁਤ ਦੂਰ ਸਵਰਗੀ ਹੂਟੇ ਮਾਨਣ ਲੱਗ ਜਾਂਦਾ ਹੈ। ਨੀਂਦ ਆ ਜਾਂਦੀ ਹੈ। ਨੀਂਦ ਮਾਨਣ ਵਾਲੇ ਨੂੰ ਪਤਾ ਨਹੀਂ ਲੱਗਦਾ:-

ਹਰੀ ਹਰੀ ਗੰਦਲ
ਬੜੀਓ ਮਿੱਠੀ
ਆਉਂਦੀ ਹੈ
ਪਰ ਕਿਸੇ ਨਾ ਡਿੱਠੀ
(ਨੀਂਦ)

ਅੱਖਾਂ ਤੋਂ ਬਾਅਦ ਨੱਕ ਦੀ ਵਾਰੀ ਆਉਂਦੀ ਹੈ। ਨੱਕ ਬਾਰੇ ਤਾਂ ਕੁਝ vulgar ਜਹੀਆਂ ਬੁਝਾਰਤਾਂ ਹਨ- ਨੱਕ ਦੇ ਗੰਦ ਬਾਰੇ- ਪਰ ਇਨ੍ਹਾਂ ਤੋਂ ਕੀ ਬੱਚੇ, ਕੀ ਬੁੱਢੇ, ਕੀ ਜਵਾਨ ਸਭ ਪੂਰਨ ਸਵਾਦ ਮਾਣਦੇ ਹਨ:-

ਬਾਹਰੋਂ ਆਇਆ ਬਾਬਾ ਲਸ਼ਕਰੀ।
ਜਾਂਦਾ ਜਾਂਦਾ ਕਰ ਗਿਆ ਮਸ਼ਕਰੀ
(ਨੱਕ ਦੀ ਨਲੀ)

ਜਾਂ

ਐਨੀ ਕ ਲਕੜ ਬਾਂਸੇ ਦੀ
ਦਰ ਭੀੜਾ ਬਹੂ ਤਮਾਸ਼ੇ ਵੀ।

ਕਿੰਨੀ ਅਸਲੀਅਤ ਦੇ ਨੇੜੇ ਹੈ ਇਹ ਬੁਝਾਰਤ:-

ਤਿਲ੍ਹਕਣੀ ਤਲਵਾਰ
ਚੱਕ ਕੰਧ ਨਾਲ ਮਾਰ

ਦੰਦ ਦਾਹੜਾਂ ਬਾਰੇ ਵੀ ਕਈ ਬੁਝਾਰਤਾਂ ਵੇਖਣ ਵਿਚ ਆਉਂਦੀਆਂ ਹਨ। ਬੱਚੇ ਦੇ ਮੁਖ ਵਿਚ ਮੋਤੀਆਂ ਜਹੇ ਅਨਾਰ ਦੇ ਦਾਣਿਆਂ ਵਰਗੇ ਦੁਧ ਚਿੱਟੇ ਦੰਦ ਬੜੇ ਸੋਹਣੇ ਲਗਦੇ ਹਨ:-

ਇੱਕ ਡੱਬੇ ਵਿਚ ਬੱਤੀ ਦਾਣੇ
ਝਾੜਾਂ ਵਾਲੇ ਬੜੇ ਸਿਆਣੇ
(ਦੰਦ)

ਕਿਸੇ ਨੂੰ ਡੱਬੇ ਨਾਲ ਦਿੱਤੀ ਤੁਲਣਾ ਭਾਉਂਦੀ ਨਹੀਂ, ਉਹ ਮੂੰਹ ਨੂੰ ਕੰਧ ਵਿਚ ਬਣਾਏ ਹੋਏ ਆਲੇ ਵਾਂਗ ਸਮਝਦਾ ਹੈ:-

ਇਕ ਆਲੇ ਵਿਚ ਬੱਤੀ ਦਾਣੇ
ਬੁੱਝਣ ਵਾਲੇ ਬੜੇ ਸਿਆਣੇ
(ਦੰਦ)

ਕੋਈ ਦੰਦਾਂ ਦਾਹੜਾ ਨੂੰ ਠੀਕਰੀਆਂ ਅਤੇ ਟੁਕੜੇ ਆਦਿ ਸਮਝਦਾ ਹੈ:-

ਭੱਜੀ ਜਾਂਦੀ ਕਿਰਮਚੀ
ਗਿਰੀ ਦੰਦਾਂ ਦੇ ਭਾਰ

ਬੱਤੀ ਹੋਈਆਂ ਠੀਕਰਾਂ
ਟੁਕੜੇ ਹੋਏ ਚਾਰ
(ਦੰਦ ਦਾਹੜਾਂ)

ਜੀਭ ਇਕ ਅਜਿਹਾ ਅੰਗ ਹੈ ਜਿਹੜਾ ਸਾਡੇ ਮਨੋਭਾਵਾਂ ਨੂੰ ਬੋਲਾਂ ਦੇ ਸਹਾਰੇ ਦੂਜੇ ਤੀਕਰ ਪਚਾਉਂਦਾ ਹੈ। ਬਚੇ ਦੀ ਤੋਤਲੀ ਜ਼ਬਾਨ ਕਿੰਨੀ ਪਿਆਰੀ ਲਗਦੀ ਹੈ। ਬੱਚੇ ਆਪਣੇ ਕੌਡੀਆਂ ਵਰਗੇ ਦੰਦਾਂ ਨਾਲ ਸ਼ਿੰਗਾਰੇ ਹੋਏ ਮੂੰਹ ਵਿਚ ਜੀਭ ਨੂੰ ਇਸ ਘਰ ਦੀ ਰਾਣੀ ਸਮਝਦੇ ਹਨ। ਇਹ ਰਾਣੀ ਭੂਟੋ ਦਾ ਨਾਂ ਰਖਾ ਇਸ ਵਿਚ ਇਕ ਅਣੋਖਾ ਜਿਹਾ ਨਾਚ ਨਚਦੀ ਹੈ:-

ਆਲ਼ਾ ਕੌਡੀਆਂ ਵਾਲਾ
ਵਿਚ ਮੇਰੀ ਭੂਟੋ ਨਚਦੀ
(ਜੀਭ)

ਕਈਆਂ ਨੂੰ ਭੂਟੋ ਨਾਂ ਚੰਗਾ ਨਹੀਂ ਲਗਦਾ। ਉਹ ਗੁਲਾਬੋ ਨਾ ਰੱਖ ਖੁਸ਼ ਹੋ ਜਾਂਦੇ ਨੇ:-

ਐਨੀ ਕੁ ਹੱਟੀ
ਵਿਚ ਬੈਠੀ ਗੁਲਾਬੋ ਜੱਟੀ
(ਜੀਭ)

ਕਈਆਂ ਨੂੰ ਨਾ ਭੂਟੋ ਚੰਗਾ ਲਗਦਾ ਹੈ ਨਾ ਗੁਲਾਬੋ। ਉਹ ਗੁਟਕੋ ਨਾਂ ਰਖ ਲੈਂਦੇ ਨੇ:-

ਐਨਾ ਕੁ ਆਲ਼ਾ
ਵਿਚ ਗੁਟਕੋ ਬੋਲੇ
(ਜੀਭ)

ਕੋਈ ਪੱਤਿਆਂ ਨਾਲ ਵੀ ਤੁਲਨਾ ਦੇ ਦਿੰਦਾ ਹੈ:-

ਬੱਤੀ ਟਾਹਲੇ
ਇੱਕ ਪੱਤ
(ਜੀਭ)

ਮਨੁੱਖੀ ਸਰੀਰ ਦੇ ਹੋਰ ਅੰਗ ਬਾਰੇ ਕੋਈ ਬੁਝਾਰਤ ਨਹੀਂ ਮਿਲਦੀ। ਹਾਂ ਅੰਗੂਠੇ ਬਾਰੇ ਇਕ ਬੁਝਾਰਤ ਮਿਲਦੀ ਹੈ:-

ਅੰਗੂਠਾ ਰੋਸ ਪ੍ਰਗਟ ਕਰਦਾ ਹੈ ਕਿ ਮੇਰਾ ਤਾਂ ਹੱਥ ਵਿਚ ਪੰਜਵਾਂ ਹਿੱਸਾ ਹੈ ਪਰ ਮੈਨੂੰ ਅੱਧ ਵਿਚ ਕੰਮ ਕਰਨਾ ਪੈਂਦਾ ਹੈ। ਜਦ ਇਹ ਬੁਝਾਰਤ ਪਾਈ ਜਾਂਦੀ ਹੈ ਤਾਂ ਬੱਚਿਆਂ ਦੀ ਦੁਨੀਆਂ ਵਿਚ ਹਾਸਾ ਖਿਲਰ ਜਾਂਦਾ ਹੈ:-

ਅੰਮਾਂ ਅੰਮਾਂ ਮੈਂ ਜਾਨਾ
ਪੰਜਵਾਂ ਮੇਰਾ ਹਿੱਸਾ
ਮੈਂ ਅੱਧ 'ਚ ਕਮਾਨਾਂ