ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਬਾਬੇ ਨੇ ਮੱਕਾ ਫੇਰਿਆ

ਬਾਬੇ ਨੇ ਮੱਕਾ ਫੇਰਿਆ

ਪੰਜਾਬ ਦੇ ਲੋਕ ਗੀਤਾਂ ਵਿੱਚ ਭਾਂਤ ਭਾਂਤ ਦੇ ਵਿਸ਼ੇ ਮਿਲਦੇ ਹਨ। ਪਿਆਰ ਦਾ ਵਿਸ਼ਾ ਤਾਂ ਖ਼ੈਰ ਗੀਤਾਂ ਵਿੱਚ ਹੋਣਾ ਹੀ ਹੋਇਆ। ਇਸ ਤੋਂ ਬਿਨਾ ਵਿਛੋੜੇ, ਉਡੀਕਾਂ, ਅਨਜੋੜ ਪਤੀ, ਸੱਸ, ਦਿਓਰ, ਸਹੁਰਾ, ਜੇਠ, ਵੀਰ, ਮਾਂ, ਚਰਖਾ, ਕਸੀਦਾ, ਵਾਹੀ ਜੋਤੀ ਸੈਂਕੜੇ ਵਿਸ਼ੇ ਹਨ ਇਨ੍ਹਾਂ ਗੀਤਾਂ ਦੇ। ਧਰਮ ਨੂੰ ਵੀ ਇਨ੍ਹਾਂ ਗੀਤਾਂ ਵਿੱਚ ਪਿਛੇ ਨਹੀਂ ਛਡਿਆ ਗਿਆ। ਅੱਲਾ ਦੇ ਨਾਂ ਨਾਲ ਕਈ ਬੋਲੀਆਂ ਅਰੰਭ ਹੁੰਦੀਆਂ ਹਨ ਤੇ ਉਨ੍ਹਾਂ ਵਿੱਚ ਸਾਰਿਆਂ ਨੂੰ ਫ਼ਤਿਹ ਬੁਲਾਈ ਜਾਂਦੀ ਹੈ। ਵਖ ਵਖ ਧਾਰਮਕ ਪਾਤਰਾਂ ਦਾ ਵਰਨਣ ਲੋਕ ਗੀਤਾਂ ਵਿੱਚ ਇਉਂ ਆਉਂਦਾ ਹੈ।

ਪ੍ਰਮਾਤਮਾ

ਦੁਨੀਆਂ 'ਚ ਬਹੁਤ ਥੋੜੇ ਲੋਕੀ ਹੀ ਹੋਣਗੇ ਜਿਹੜੇ ਪ੍ਰਮਾਤਮਾ ਦੀ ਹੋਂਦ ਤੋਂ ਮੁਨਕਰ ਹੋਣ। ਭਾਰਤ ਵਿੱਚ ਤਾਂ ਬਹੁ-ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਹੜੇ ਰੱਬ ਦੀ ਹੋਂਦ ਵਿੱਚ ਹੀ ਵਿਸ਼ਵਾਸ਼ ਨਹੀਂ ਕਰਦੇ ਸਗੋਂ ਸ਼ਰਧਾ ਨਾਲ਼ ਪੂਜਦੇ ਵੀ ਹਨ। ਪੰਜਾਬ ਦੇ ਲੋਕ ਗੀਤਾਂ ਵਿੱਚ ਪ੍ਰਮਾਤਮਾ ਲਈ ਸ਼ਰਧਾ ਤੇ ਸਤਿਕਾਰ ਕੁਟ ਕੁਟ ਕੇ ਭਰਿਆ ਪਿਆ ਹੈ:-

ਅੱਲਾ ਵਾਹਿਗੁਰੂ ਖ਼ੁਦਾ ਦਾ ਨਾਮ ਇਕ ਹੈ
ਭਰਮਾ 'ਚ ਪੈਗੀ ਦੁਨੀਆਂ

ਪਿੰਗਲਾ ਪਹਾੜ ਚੜ੍ਹ ਜਾਵੇ
ਕਿਰਪਾ ਜੇ ਹੋਵੇ ਤੇਰੀ ਦਾਤਾ ਜੀ

ਰੋਟੀ ਦਿੰਦਾ ਹੈ ਪੱਥਰ ਵਿੱਚ ਕੀੜੇ ਨੂੰ
ਤੈਨੂੰ ਕਿਉਂ ਨਾ ਦੇਵੇ ਬੰਦਿਆ

ਢੇਰੀਆਂ ਮੈਂ ਸਭੇ ਢਾਹਕੇ

ਇਕ ਰਖ ਲੀ ਦਾਤਾ ਜੀ ਤੇਰੇ ਨਾਮ ਦੀ

ਤੇਰੇ ਨਾਮ ਦਾ ਆਸਰਾ ਭਾਰੀ
ਸੱਚਿਆ ਜੀ ਸਾਹਿਬਾ

ਤੇਰੇ ਦਰ ਤੋਂ ਬਿਨਾਂ ਨਾ ਦਰ ਕੋਈ
ਕੀਹਦੇ ਦੁਆਰੇ ਜਾਵਾਂ ਵਾਹਿਗੁਰੂ

ਝੋਲੀ ਅੱਡ ਕੇ ਦੁਆਰੇ ਤੇਰੇ ਆ ਗਿਆ
ਖੈਰ ਪਾਵੋ ਬੰਦਗੀ ਦਾ

ਜਿਥੇ ਮਨ ਡੋਲਦਾ ਦਿਸੇ
ਓਥੇ ਦੇ ਲਈਏ ਨਾਮ ਦਾ ਹੋੜਾ
 
ਤੇਰੇ ਨਾਮ ਬਿਨਾ ਨਾ ਗਤ ਹੋਵੇ
ਆਸਰਾ ਤੇਰੇ ਚਰਨਾਂ ਦਾ

ਜੂਠੇ ਬੇਰ ਭੀਲਣੀ ਦੇ ਖਾ ਕੇ
ਭਗਤਾਂ ਦੇ ਵਸ ਹੋ ਗਿਆ

ਭਗਤ ਕਬੀਰ -

ਭਗਤ ਕਬੀਰ ਜੀ ਹੋਰਾਂ ਨੇ ਪੰਜਾਬੀ ਜੀਵਨ ਵਿੱਚ ਇਤਨੀ ਵਿਸ਼ੇਸ਼ ਥਾਂ ਬਣਾ ਲਈ ਹੈ ਕਿ ਕਈ ਭੱਦਰ ਪੁਰਸ਼ ਆਪਣੇ ਕਥਨਾਂ ਦੀ ਪੁਸ਼ਟੀ ਕਰਨ ਲਈ ਕਬੀਰ ਜੀ ਦਾ ਨਾਂ ਲੈਂਦੇ ਹਨ। ਕਬੀਰ ਜੀ ਦਾ ਲੋਕ-ਗੀਤਾਂ ਵਿੱਚ ਵਰਨਣ ਹੋਣਾ ਕੁਦਰਤੀ ਹੀ ਹੈ।

ਖੜੀ ਰੋਵੇ ਕਬੀਰਾ ਤੇਰੀ ਮਾਈ
ਤਾਣਾ ਮੇਰਾ ਕੌਣ ਤਣੂ।

ਜਾਤ ਦਾ ਜੁਲਾਹਾ
ਲਾਹਾ ਨਾਮ ਵਾਲਾ ਲੈ ਗਿਆ।

ਨਾਮ ਦੇਵ ਤੇ ਧੰਨਾ -

ਨਾਮ ਦੇਵ ਜ਼ਾਤ ਦਾ ਛੀਂਬਾ ਤੇ ਧੰਨਾ ਜਟ ਸੀ। ਇਨ੍ਹਾਂ ਬਾਰੇ ਪੰਜਾਬੀ ਲੋਕ-ਸਾਹਿਤ ਵਿੱਚ ਕਈ ਲੋਕ ਕਹਾਣੀਆਂ ਮਿਲਦੀਆਂ ਹਨ। ਇਨ੍ਹਾਂ ਦੋਨਾਂ ਨੂੰ ਧੁਰ ਅਪੜੇ ਹੋਏ ਭਗਤ ਸਮਝਿਆ ਜਾਂਦਾ ਹੈ।

ਨਾਮ ਦੇਵ ਦੀ ਬਣਾਈ ਬਾਬਾ ਛਪਰੀ
ਧੰਨੇ ਦੀਆਂ ਗਉਆਂ ਚਾਰੀਆਂ

ਰੱਬ ਫਿਰਦਾ ਧੰਨੇ ਦੇ ਖੁਰ ਵਢਦਾ
ਉਹਨੇ ਕਿਹੜਾ ਕੱਛ ਪਾਈ ਸੀ

ਗੁਰੂ ਨਾਨਕ -

ਉਂਜ ਤੇ ਲੋਕ-ਕਹਾਣੀਆਂ ਵਿੱਚ ਗੁਰੂ ਨਾਨਕ ਦੀ ਆਪਣੀ ਖਾਸ ਥਾਂ ਹੈ, ਲੋਕ-ਗੀਤਾਂ ਵਿੱਚ ਆਪ ਦੀਆਂ ਕਰਾਮਾਤਾਂ ਦਾ ਵਧੇਰੇ ਵਰਨਣ ਕੀਤਾ ਜਾਂਦਾ ਹੈ:-

ਜਾਹਰੀ ਕਲਾ ਦਖਾਈ
ਬਾਬੇ ਨੇ ਮੱਕਾ ਫੇਰਿਆ

ਇਸ ਦੇ ਨਾਲ਼ ਹੀ ਆਪ ਜੀ ਨੂੰ ਅਤੇ ਮਰਦਾਨਾ ਜੀ ਨੂੰ ਭਗਤੀ ਦੀ ਸਭ ਤੋਂ ਉੱਚੀ ਪਦਵੀ ਦਿੱਤੀ ਗਈ ਹੈ:-

ਆਉਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿੱਚੋਂ ਕਾਨਾ
ਭਗਤੀ ਦੋ ਕਰ ਗਏ
ਗੁਰੂ ਨਾਨਕ ਤੇ ਮਰਦਾਨਾ

ਆਪਦੀ ਸੋਭਾ ਸੁਣਦੇ ਸੁਣਦੇ ਲੋਕੀ ਆਪ ਜੀ ਦੇ ਸ਼ਰਧਾਲੂ ਬਣਦੇ ਗਏ:-

ਮੈਂ ਸੋਭਾ ਸੁਣ ਕੇ ਆਇਆ
ਉੱਚਾ ਦਰ ਬਾਬੇ ਨਾਨਕ ਦਾ

ਗੁਰੂ ਗੋਬਿੰਦ ਸਿੰਘ -

ਆਪ ਜੀ ਬਾਰੇ ਕਾਫੀ ਲੋਕ-ਗੀਤ ਮਿਲਦੇ ਹਨ ਜਿਨ੍ਹਾਂ ਨੂੰ ਆਪ ਦੇ ਜਨਮ ਦਿਹਾੜੇ ਅਤੇ ਸਿਖ ਰਹੁ-ਰੀਤਾਂ ਨਾਲ ਹੋ ਰਹੇ ਵਿਆਹ ਸ਼ਾਦੀਆਂ ਤੇ ਬੜੀ ਸ਼ਰਧਾ ਨਾਲ਼ ਗਾਇਆ ਜਾਂਦਾ ਹੈ:-

ਨੀਲਾ ਘੋੜਾ ਬਾਂਕਾ ਜੋੜਾ
ਹੱਥ ਤੇ ਬਾਜ ਸਜਾਏ ਨੇ
ਚਲੋ ਸਿੰਘੋ ਚੱਲ ਦਰਸ਼ਨ ਕਰੀਏ
ਗੁਰੂ ਗੋਬਿੰਦ ਸਿੰਘ ਆਏ ਨੇ
ਜਨਮ ਜਿਨ੍ਹਾਂ ਦਾ ਪਟਨੇ ਸਾਹਿਬ ਦਾ

ਅਨੰਦਪੁਰ ਡੇਰੇ ਲਾਏ ਨੇ
ਪਿਤਾ ਜਿਨ੍ਹਾਂ ਦਾ ਤੇਗ਼ ਬਹਾਦਰ
ਮਾਤਾ ਗੁਜਰੀ ਜਾਏ ਨੇ
ਚਲੋ ਸਿੰਘੋ ਚਲ ਦਰਸ਼ਨ ਕਰੀਏ
ਗੁਰੂ ਗੋਬਿੰਦ ਸਿੰਘ ਆਏ ਨੇ

ਜਿਥੇ ਬੈਠਗੇ ਕਲਗੀਆਂ ਵਾਲੇ
ਧਰਤੀ ਨੂੰ ਭਾਗ ਲੱਗ ਗੇ

ਸਾਡੇ ਗੁਰਾਂ ਨੇ ਜਹਾਜ਼ ਬਣਾਇਆ
ਆ ਜਾਉ ਜਿਸ ਪਾਰ ਲੰਘਣਾ
ਚਲਦਾ ਹੈ ਬਿਨ ਬੰਬੇ
ਨਸੀਬਾਂ ਵਾਲੇ ਚੜ੍ਹ ਜਾਣਗੇ
ਰਹਿ ਜਾਣਗੇ ਨਕਰਮਣ ਬੰਦੇ

ਗੁੱਗਾ ਜ਼ਾਹਰ ਪੀਰ-

ਗੁੱਗੇ ਜ਼ਾਹਰ ਪੀਰ ਦੀ ਮਾਨਤਾ ਵੀ ਪੰਜਾਬ ਵਿੱਚ ਸ਼ਰਧਾ ਨਾਲ ਕੀਤੀ ਜਾਂਦੀ ਹੈ। ਸਾਉਣ ਭਾਦੋਂ ਦੀ ਰੁਤੇ ਗੁੱਗੇ ਪੀਰ ਦੇ ਮੇਲੇ ਲਗਦੇ ਹਨ। ਪੰਜਾਬ ਦਾ ਸਭ ਤੋਂ ਵੱਡਾ ਤੇ ਮਸ਼ਹੂਰ ਮੇਲਾ 'ਛਪਾਰ ਦਾ ਮੇਲਾ' ਗੁੱਗੇ ਦਾ ਹੀ ਮੇਲਾ ਹੈ। ਜਦ ਕਿਸੇ ਨੂੰ ਸੱਪ ਡਸ ਜਾਂਦਾ ਹੈ ਤਾਂ ਗੁਗੇ ਪੀਰ ਨੂੰ ਧਿਆਇਆ ਜਾਂਦਾ ਹੈ।

ਪੂਰਾ ਸਵਾ ਮਹੀਨਾ ਗੁੱਗੇ ਦੇ ਭਗਤ ਗੁਗੇ ਦੇ ਗੀਤ ਗਾਉਂਦੇ ਰਹਿੰਦੇ ਹਨ।

ਪੱਲੇ ਮੇਰੋ ਛਲੀਆਂ
ਮੈਂ ਗੁੱਗਾ ਮਨਾਵਣ ਚਲੀਆਂ
ਜੀ ਮੈਂ ਵਾਰੀ ਗੁੱਗਾ ਜੀ

ਪਲੇ ਮੇਰੇ ਮਠੀਆਂ
ਮੈਂ ਗੁੱਗਾ ਮਨਾਵਣ ਨਠੀਆਂ
ਜੀ ਮੈਂ ਵਾਰੀ ਗੁੱਗਾ ਜੀ

ਰੋਹੀ ਵਾਲਿਆਂ ਗੁੱਗਿਆ ਵੇ
ਭਰਿਆ ਕਟੋਰਾ ਦੁਧ ਦਾ
ਮੇਰਾ ਗੁੱਗਾ ਮਾੜੀ ਵਿੱਚ ਕੁਦਦਾ

ਜੀ ਮੈਂ ਵਾਰੀ ਗੁੱਗਾ ਜੀ
ਛੱਨਾ ਭਰਿਆ ਮਾਹਾਂ ਦਾ
ਗੁੱਗਾ ਮਹਿਰਮ ਸਭਨਾਂ ਰਾਹਾਂ ਦਾ
ਜੀ ਮੈਂ ਵਾਰੀ ਗੁੱਗਾ ਜੀ

ਭਰਿਆ ਕਟੋਰਾ ਲੱਸੀ ਦਾ
ਮੇਰਾ ਗੁੱਗਾ ਮਾੜੀ ਵਿੱਚ ਦੱਸੀਦਾ
ਛੱਨਾ ਭਰਿਆ ਤੇਲ ਦਾ
ਮੇਰਾ ਗੁੱਗਾ ਮਾੜੀ ਵਿੱਚ ਖੇਲਦਾ
ਜੀ ਮੈਂ ਵਾਰੀ ਗੁੱਗਾ ਹੋ

ਖੁਆਜਾ ਪੀਰ -

ਜਲ ਦੀ ਮਾਨਤਾ ਪੁਰਾਣੇ ਸਮੇਂ ਤੋਂ ਹੀ ਹੁੰਦੀ ਆ ਰਹੀ ਹੈ। ਸਾਡੇ ਵੱਡੇ ਵਡੇਰੇ ਜਲ ਦੀ ਪੂਜਾ ਕਰਦੇ ਹੀ ਰਹੇ ਹਨ। ਹੁਣ ਜਦ ਵੀ ਕੋਈ ਖੂਹ ਪੁਟਿਆ ਜਾਂਦਾ ਹੈ ਤਾਂ ਸਾਰੇ ਪਿੰਡ ਦੇ ਨਿਆਣੇ, ਆਦਮੀ ਤੇ ਤੀਵੀਆਂ ਖੁਆਜੇ ਪੀਰ ਦੇ ਸ਼ਗਨ ਮਹਿਲ ਉਸਰਨ ਤੇ ਚੱਕ (ਕੜਾ) ਸੁਟਣ ਤੋਂ ਪਹਿਲਾਂ ਕਰਦੇ ਹਨ। ਖੁਸ਼ੀਆਂ ਤੇ ਗੀਤ - ਜਿਹੜੇ ਵਿਆਹ ਵੇਲੇ ਗਾਏ ਜਾਂਦੇ ਹਨ - ਇਥੇ ਵੀ ਗਾਏ ਜਾਂਦੇ ਹਨ। ਖੁਆਜੇ ਦੇ ਗੀਤ ਅਜ ਕਲ ਘਟ ਹੀ ਮਿਲਦੇ ਹਨ।

ਧੋਲੀਏ ਦਾਹੜੀਏ
ਚਿੱਟੀਏ ਪੱਗੇ ਨੀ
ਮੈਂ ਅਰਜ ਕਰੋਨੀਆਂ
ਖੁਆਜੇ ਦੇ ਅੱਗੇ ਨੀ
ਸੁੱਕੀਆਂ ਬੇਲਾਂ ਨੂੰ
ਫਲ ਜੇ ਲੱਗੇ ਨੀ

ਮਾਤਾ ਰਾਣੀ -

ਚੀਚਕ ਨੂੰ ਹੀ ਆਮ ਲੋਕੀ 'ਮਾਤਾ' ਆਖਦੇ ਹਨ। ਤੇ ਮਾਤਾ ਨੂੰ ਇਕ ਦੇਵੀ ਸਮਝ ਕੇ ਪੂਜਿਆ ਜਾਂਦਾ ਹੈ। ਮੰਗਲਵਾਰ ਨੂੰ ਮਾਤਾ ਦੇ ਥਾਨਾਂ ਦੀ (ਜਿਹੜੇ ਤਿੰਨ ਚਾਰ ਇਟਾਂ ਖੜੀਆਂ ਕਰਕੇ ਬਣਾਏ ਹੋਏ ਹੁੰਦੇ ਹਨ) ਪੂਜਾ ਤੇਲ ਦੇ ਗੁਲਗੁਲੇ ਚੜ੍ਹਾ ਕੇ ਕੀਤੀ ਜਾਂਦੀ ਹੈ। ਮੁਰਗੀਆਂ ਤੇ ਬੱਕਰਿਆਂ ਦੀਆਂ ਭੇਟਾਂ ਵੀ ਕੀਤੀਆਂ ਜਾਂਦੀਆਂ ਹਨ। ਫਰਵਰੀ ਮਾਰਚ ਵਿੱਚ 'ਕੁਰਾਲੀ' ਵਿਖੇ ਮਾਤਾ ਰਾਣੀ ਦਾ ਇਕ ਬੜਾ ਭਾਰੀ ਮੇਲਾ ਲਗਦਾ ਹੈ। ਪੂਜਾ ਸਮੇਂ ਹੇਠ ਲਿਖੇ ਗੀਤ ਵੀ ਗਾਏ ਜਾਂਦੇ ਹਨ:

ਮਾਤਾ ਰਾਣੀਏ ਗੁਲਗੁਲੇ ਖਾਣੀਏ
ਬਾਲ ਬੱਚਾ ਰਾਜ਼ੀ ਰਖਣਾ।

ਮਾਤਾ ਰਾਣੀ ਦੇ ਦਰਬਾਰ
ਜਿਥੇ ਧਰੇ ਨਗਾਰੇ ਚਾਰ
ਚੌਹੀਂ ਕੂੰਟਾਂ ਤੇਰਾ ਰਾਜ
ਪਰਜਾ ਵਸੇ ਸੁਖਾਲੀ ਹੋ
ਮਾਤਾ ਰਾਣੀ ਦੇ ਦਰਬਾਰ
ਜਿਥੇ ਧਰੇ ਨਗਾਰੇ ਚਾਰ
ਚੌਹੀਂ ਕੂਟਾਂ ਤੇਰਾ ਰਾਜ
ਜੀ ਕੂੰਟਾਂ ਝੁਕ ਰਹੀਆਂ ਚਾਰੇ

ਮਾਤਾ ਰਾਣੀ ਨੂੰ ਪਰਸਣ ਮੈਂ ਚੱਲੀ
ਜੀ ਕੂੰਟਾਂ ਚਲੀਆਂ ਚਾਰੇ
ਜੀ ਜੱਗ ਚਲਿਆ ਸਾਰਾ
ਸੰਤਾਂ ਦੀਆਂ ਸੰਤਣੀਆਂ ਚੱਲੀਆਂ
ਜੀ ਬਾਹੀਂ ਚੂੜੇ ਛਣਕਣ
ਮਈਆ ਰਾਣੀ ਨੂੰ ਪਰਸਣ ਮੈਂ ਚੱਲੀ
ਜੀ ਜੱਗ ਚਲਿਆ ਸਾਰਾ
ਝੁਕ ਰਹੀਆਂ ਟਾਹਲੀਆਂ
ਜੀ ਕੂੰਟਾਂ ਝੁਕੀਆਂ ਚਾਰੇ

ਮਾਤਾ ਰਾਣੀ ਦੀਏ ਚਿੜੀਏ
ਚੰਬੇ ਵਾਂਗਰ ਖਿੜੀਏ
ਟਾਹਲੀ ਟਾਹਲੀ ਫਿਰੀਏ
ਤੂੰ ਦੇ ਨੀ ਮੁਰਾਦਾਂ ਮਿੱਠੀਆਂ
ਅਸੀਂ ਘਰਾਂ ਨੂੰ ਜੀ ਮੁੜੀਏ

ਪੂਰਨ ਭਗਤ -

ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਹੜਾ ਪੂਰਨ ਭਗਤ ਦੇ ਜੀਵਨ ਤੋਂ ਵਾਕਿਫ਼ ਨਾ ਹੋਵੇ। ਪੂਰਨ ਭਗਤ ਨੂੰ ਪੰਜਾਬੀ ਬੜੀ ਸ਼ਰਧਾ ਨਾਲ ਗਾਉਂਦੇ ਹਨ।

ਭਗਤੀ ਤੇਰੀ ਪੂਰਨਾ
ਕੱਚੇ ਧਾਗੇ ਦਾ ਸੰਗਲ ਬਣ ਜਾਵੇ

ਪੂਰਨ ਭਗਤ ਤੇ ਉਸ ਦੀ ਮਤਰੇਈ ਮਾਂ ਦਾ ਵਾਰਤਾਲਾਪ ਲੋਕ ਸੱਥਾਂ ਵਿੱਚ ਕਾਫ਼ੀ ਗਾਇਆ ਜਾਂਦਾ ਹੈ:-

ਵੇ ਮੈਂ ਬਾਗ ਲਵਾਵਾਂ ਪੂਰਨਾ
ਤੂੰ ਕਲੀਆਂ ਦੇ ਪੱਜ ਆ

ਕਲੀਆਂ ਦੇ ਪੱਚ ਨਾ ਆਵਾਂ
ਨੀ ਤੂੰ ਲਗਦੀ ਧਰਮ ਦੀ ਮਾਂ
ਨੀ ਅਕਲੋਂ ਸਮਝ ਸਿਆਣੀਏਂ

ਨਾ ਤੂੰ ਮੇਰੇ ਜਰਮਿਆ
ਵੇ ਨਾ ਮੈਂ ਗੋਦ ਖਲਾਇਆ
ਵੇ ਮੈਂ ਕਿਸ ਵਿਧ ਲਗਦੀ ਮਾਂ ਤੇਰੀ
ਵੇ ਸੋਹਣਿਆਂ ਪੂਰਨਾ ਵੇ

ਬਾਪ ਮੇਰੇ ਦੀ ਇਸਤਰੀ ਨੀ ਤੂੰ
ਇਸ ਵਿਧ ਲਗਦੀ ਮਾਂ ਮੇਰੀ
ਨੀ ਅਕਲੋਂ ਸਮਝ ਸਿਆਣੀਏਂ

ਵੇ ਮੈਂ ਖੂਹਾ ਲਵਾਵਾਂ ਪੂਰਨਾਂ
ਵੇ ਤੂੰ ਨ੍ਹਾਵਣ ਦੇ ਪੱਜ ਆ
ਵੇ ਸੋਹਣਿਆਂ ਪੂਰਨਾਂ ਵੇ

ਨ੍ਹਾਵਣ ਦੇ ਪੱਜ ਨਾ ਆਵਾਂ
ਨੀ ਤੂੰ ਲਗਦੀ ਧਰਮ ਦੀ ਮਾਂ ਮੇਰੀ
ਨੀ ਅਕਲੋਂ ਸਮਝ ਸਿਆਣੀਏਂ

ਵੇ ਨਾ ਤੂੰ ਮੇਰੇ ਜਰਮਿਆ
ਵੇ ਨਾ ਮੈਂ ਗੋਦ ਖਲਾਇਆ
ਵੇ ਮੈਂ ਕਿਸ ਵਿਧ ਲਗਦੀ ਮਾਂ ਤੇਰੀ
ਵੇ ਸੋਹਣਿਆਂ ਪੂਰਨਾਂ ਵੇ

ਰਾਜਾ ਗੋਪੀ ਚੰਦ -

ਪੰਜਾਬ ਦੀਆਂ ਲੋਕ ਕਹਾਣੀਆਂ ਵਿੱਚ ਵੀ ਰਾਜਾ ਗੋਪੀ ਚੰਦ ਦੇ ਰਾਜ ਕਾਜ ਛੱਡਣ ਅਤੇ ਜੋਗੀ ਬਨਣ ਦਾ ਵਰਨਣ ਆਉਂਦਾ ਹੈ। ਲੋਕ-ਗੀਤਾਂ ਵਿੱਚ ਵੀ ਰਾਜਾ ਗੋਪੀ ਚੰਦ ਦੀ ਆਪਣੀ ਥਾਂ ਹੈ:-

ਕਾਹਦਾ ਮਾਰਿਆ ਵੇ ਗੋਪੀ ਚੰਦਾ
ਬਣ ਗਿਆ ਵੇ ਜੋਗੀ
ਤੇਰੀ ਤਖ਼ਤ ਹਜ਼ਾਰੀ
ਭੁਲ ਗਿਆ ਬਾਦਸ਼ਾਹੀ ਵੇ
ਚੱਨਣ ਚੌਕੀ ਵੇ ਗੋਪੀ ਚੰਦਾ
ਤੇਰਾ ਸੋਨੇ ਦਾ ਗੜਵਾ
ਵੇ ਤੇਰੀ ਤਖ਼ਤ ਹਜ਼ਾਰੀ
ਭੁਲ ਗਿਆ ਬਾਦਸ਼ਾਹੀ ਵੇ
ਜਿਹੜੀ ਕਾਇਆ ਵੇ ਗੋਪੀ ਚੰਦਾ
ਚੱਨਣ ਮਲ ਨ੍ਹਾਂਵਦਾ ਸੀ
ਤੋਂ ਰੰਗ ਭਬੂਤੀ ਲਾਈ ਵੇ

ਕਨ ਪੜਵਾਏ ਨੀ ਮਾਤਾ
ਮੈਂ ਤਾਂ ਮੁੰਦਰਾਂ ਨੀ ਪਾਈਆਂ
ਮੈਂ ਤਾਂ ਦਰ ਦਰ ਅਲਖ ਜਗਾਈ ਨੀ
ਅਲਖ ਜਗਾਈ ਨੀ ਮਾਤਾ
ਸਾਡੇ ਮਹਿਲੀਂ ਨੀ ਆਈ
ਸਾਨੂੰ ਭਿਛਿਆ ਮਾਤਾ ਪਾਈਂ ਨੀ
ਸੁੱਚੇ ਮੋਤੀ ਵੇ ਗੋਪੀ ਚੰਦਾ
ਭਰ ਥਾਲ ਲਿਆਵਾਂ
ਤੈਨੂੰ ਭਿਛਿਆ ਮੈਂ ਪਾਵਾਂ
ਭੁਲ ਗਿਆ ਮੈਂ ਮਾਈ ਨੀ
ਇਹ ਤਾਂ ਮੋਤੀ ਨੀ ਮਾਤਾ
ਸਾਡੇ ਕੰਮ ਨਾ ਕੋਈ
ਸਾਨੂੰ ਸੱਚ ਦੀ ਭਿਛਿਆ
ਭਲੀਏ ਪਾਈਂ ਨੀ

ਕਾਇਆ ਤੇਰੀ ਵੇ ਗੋਪੀ ਚੰਦਾ
ਕਿਰਮ ਚਲਣ ਗੇ
ਜਿਹੜਾ ਰਾਣੀਆਂ ਨੂੰ ਕਹਿੰਦਾ
ਮਾਈ ਵੇ

ਇਕ ਹੋਰ ਲੋਕ-ਗੀਤ ਹੈ: -

ਗੋਪੀ ਚੰਦ ਨੇ ਫਕੀਰੀ ਲਾ ਲੀ
ਮੱਥੇ ਦੀਆਂ ਨਾ ਮਿੱਟੀਆਂ ਤਕਦੀਰਾਂ
ਨਾਲੇ ਘਰ ਘਰ ਅਲਖ ਜਗਾ ਲਈ
ਸ਼ੀਲਾ ਵਤੀ ਨੇ ਬੋਲ ਪਛਾਣਿਆਂ
ਭਰਕੇ ਮੋਤੀਆਂ ਦਾ ਥਾਲ ਵੀ ਲਿਆਈ
ਇਹ ਤਾਂ ਮੋਤੀ ਮਤਾ ਸਾਡੇ ਕੰਮ ਨਾ
ਸਾਨੂੰ ਭਿਛਿਆ ਤਾਂ ਪਾ ਦੇ ਮਾਈ
ਰੋਂਦੀਆਂ ਨੂੰ ਛਡ ਗਿਆ
ਕਲੇਜੇ ਤੀਰ ਗਡ ਗਿਆ
ਮੋਇਆਂ ਨੂੰ ਕਾਹਨੂੰ ਮਾਰਦੇ
ਦਿਲੋਂ ਕਿਉਂ ਵਿਸਾਰਦੇ
ਗੋਪੀ ਓ ਚੰਦ ਰਾਜਿਆ....