ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਦੇਸ ਪਿਆਰ ਦੇ ਲੋਕ ਗੀਤ
ਦੇਸ ਪਿਆਰ ਦੇ ਲੋਕ ਗੀਤ
ਪੰਜਾਬ ਦੇ ਲੋਕ ਗੀਤਾਂ ਵਿੱਚ ਮਾਤ-ਭੂਮੀ ਦਾ ਮੋਹ ਕੱਚੇ ਦੁੱਧ ਦੀਆਂ ਧਾਰਾਂ ਵਾਂਗ ਖੁਸ਼ਬੂਆਂ ਵੰਡ ਰਿਹਾ ਹੈ। ਪੰਜਾਬੀ ਇਸ ਦੇ ਚੱਪੇ ਚੱਪੇ ਨੂੰ ਪਿਆਰ ਕਰਦੇ ਹਨ, ਜ਼ੱਰੇ ਜ਼ੱਰੇ ਨੂੰ ਹਿੱਕ ਨਾਲ ਲਾਉਂਦੇ ਹਨ। ਲੋਕ ਗੀਤਾਂ ਵਿੱਚ ਪੰਜਾਬ ਦੇ ਰੁੱਖਾਂ, ਫ਼ਸਲਾਂ, ਰੁੱਤਾਂ, ਪਸ਼ੂਆਂ ਅਤੇ ਪੰਛੀਆਂ ਦਾ ਜ਼ਿਕਰ ਦੇਸ ਪ੍ਰੇਮ ਦੇ ਮੋਹ ਦੀ ਸਾਖੀ ਭਰਦਾ ਹੈ।
ਅਥਰਵ-ਵੇਦ ਦੇ ਰਿਸ਼ੀ ਕਵੀ ਦੇ ਇਕ ਸੂਤਕ ਦਾ ਭਾਵ ਹੈ:
"ਇਹ ਭੂਮੀ ਮਾਤਾ ਹੈ ਤੇ ਮੈਂ ਹਾਂ ਪ੍ਰਿਥਵੀ ਪੱਤਰ। ਪ੍ਰਿਥਵੀ ਮਾਤਾ ਨੂੰ ਪਰਣਾਮ, ਪ੍ਰਿਥਵੀ ਮਾਤਾ ਨੂੰ ਪਰਣਾਮ।" ਅਥਰਵ ਵੇਦ ਵਿੱਚ ਉਸ ਯੁੱਗ ਦੇ ਪੰਜਾਬ ਦੀ ਸੰਸਕ੍ਰਿਤੀ ਦਾ ਸਜੀਵ ਚਿਤਰ ਉਲੀਕਿਆ ਗਿਆ ਹੈ। "ਜਿਸ ਭੁਮੀ ਤੇ ਮਸਤ ਲੁਕਾਈ ਗਾਉਂਦੀ ਤੇ ਨੱਚਦੀ ਹੈ, ਜਿੱਥੇ ਗੱਭਰੂ ਪੁਰਸ਼ ਜੂਝਦੇ ਘੁਲਦੇ ਹਨ, ਜਿੱਥੇ ਯੁੱਧ ਦਾ ਨਗਾਰਾ ਵਜਦਾ ਹੈ, ਉਹ ਭੂਮੀ ਮੈਨੂੰ ਵੈਰੀਆਂ ਤੋਂ ਰਹਿਤ ਕਰ ਦੇਵੋ।" ਅਥਰਵ ਵੇਦ ਦੇ ਪ੍ਰਿਥਵੀ ਸੂਤਕ ਵਾਲੀ ਭਾਵਨਾ ਪੰਜਾਬੀ ਲੋਕ ਗੀਤਾਂ ਵਿੱਚ ਅੱਜ ਵੀ ਤੁਰ ਰਹੀ ਹੈ। ਧਰਤੀ ਨੂੰ ਪਰਣਾਮ ਕਰਨ ਦੀ ਪਰੰਪਰਾ ਦੀ ਸੁਰ ਸਾਡੇ ਗੀਤਾਂ ਵਿੱਚ ਉਭਰਦੀ ਹੈ:
ਧਰਤੀਏ ਪਿਆਰ ਕਰੇਂਦੀਏ, ਕਰ ਮਾਖਿਓਂ ਦੀ ਰੀਸ
ਕਣਕੋਂ ਕਣਕ ਵੰਡਾਈਏ, ਦੁਧੋਂ ਦੁਧ ਅਸੀਸ।
ਧਰਤੀਏ ਪਿਆਰ ਕਰੇਂਦੀਏ, ਤੇਰਾ ਮੱਥਾ ਨੂਰੋਂ ਨੂਰ
ਸਿਰ ਤੇ ਸੁਭਰ ਸੋਹੰਦਾ, ਘਗਰਾ ਹਰਾ ਕਚੂਰ
ਧਰਤੀਏ ਪਿਆਰ ਕਰੇਂਦੀਏ, ਛੰਦਾਂ ਵਿਚੋਂ ਛੰਦ
ਡਾਹ ਸੂਰਜ ਦਾ ਚਰਖੜਾ, ਰੁੱਤਾਂ ਕੱਢਣ ਤੰਦ
ਧਰਤੀਏ ਪਿਆਰ ਕਰੇਂਦੀਏ, ਕੇਹੀ ਸੂਰਜ ਦੀ ਲੋਅ
ਆਦਿ ਜੁਗਾਦੀ ਸੱਚ ਦੀ, ਜਨਮ ਜਨਮ ਜੈ ਹੋ।
ਆਦਿ ਸੱਚ ਦੀ ਜੈ ਬੁਲਾਂਦੀ ਆਤਮਾ ਆਪਣੇ ਪਿੰਡ ਦੇ ਕਣ ਕਣ ਨੂੰ ਯਾਦ ਕਰਦੀ ਹੋਈ ਆਪਣੇ ਮੋਹ ਦਾ ਪ੍ਰਗਟਾਵਾ ਕਰਦੀ ਹੈ:-
ਪਿਪਲਾ ਵੇ ਮੇਰੇ ਪਿੰਡ ਦਿਆ
ਤੇਰੀਆਂ ਠੰਢੀਆਂ ਛਾਵਾਂ।
ਢਾਬ ਤੇਰੀ ਦਾ ਗੰਧਲਾ ਪਾਣੀ
ਉਤੋਂ ਬੂਰ ਹਟਾਵਾਂ
ਸੱਭੇ ਸਹੇਲੀਆਂ ਸਹੁਰੇ ਗਈਆਂ
ਕਿਸ ਨੂੰ ਹਾਲ ਸੁਣਾਵਾਂ।
ਚਿੱਠੀਆਂ ਬਿਰੰਗ ਭੇਜਦਾ
ਕਿਹੜੀ ਛਾਉਣੀ ਲਵਾ ਲਿਆ ਨਾਵਾਂ।
ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋ ਰਹੇ ਆਪਣੇ ਗੱਭਰੂ ਨੂੰ ਪੰਜਾਬ ਦੀ ਮੁਟਿਆਰ ਹੋੜਦੀ ਹੈ:
ਜੇ ਮੁੰਡਿਆ ਸੀ ਭਰਤੀ ਹੋਣਾ
ਵਿਆਹ ਨਹੀਂ ਸੀ ਕਰਵਾਉਣਾ
ਤਿੰਨ ਤਿੰਨ ਵੇਲੇ ਕਰੌਣ ਪਰੇਟਾਂ
ਬਾਂਦਰ ਵਾਂਗ ਟਪਾਉਣਾ
ਮਾਰਨ ਗੋਲੇ ਸਿਟਣ ਮੂਧਾ
ਕੁੱਤਿਆਂ ਵਾਂਗ ਰੁਲਾਉਣਾ।
ਨੌਕਰ ਨਾ ਜਾਈਂ ਵੇ।
ਆਪਣਾ ਦੇਸ਼ ਨੀ ਥਿਆਉਣਾ।
ਦੇਸ ਪਿਆਰ ਦੀ ਭਾਵਨਾ ਕਰਕੇ ਹੀ ਤਾਂ ਉਹ ਆਪਣੇ ਮਾਪਿਆਂ ਦਾ ਦੇਸ਼ ਛੱਡ ਕੇ ਮੁਕਲਾਵੇ ਜਾਣ ਲਈ ਤਿਆਰ ਨਹੀਂ:
ਤਖ਼ਤ ਹਜ਼ਾਰਿਉਂ ਵੰਗਾਂ ਆਈਆਂ
ਬੜੇ ਸ਼ੌਕ ਨਾਲ ਪਾਵਾਂ
ਮਾਪਿਆਂ ਦਾ ਦੇਸ ਛੱਡ ਕੇ
ਮੈਂ ਕਿਵੇਂ ਮੁਕਲਾਵੇ ਜਾਵਾਂ।
ਪਰਦੇਸਾਂ ਵਿੱਚ ਖੱਟੀ ਕਰਨ ਗਏ ਗੱਭਰੂ ਨੂੰ ਉਹ ਗੋਰੀ ਹੀ ਆਖ ਸਕਦੀ ਹੈ ਜਿਸ ਦੇ ਰੋਮ ਰੋਮ ਵਿੱਚ ਦੇਸ ਪਿਆਰ ਰਮਿਆ ਹੋਵੇ:
ਵਤਨਾਂ ਦੀ ਵਾ ਭਖ ਲੈ
ਹੁਣ ਛਡਦੇ ਵਲੈਤ ਦਾ ਖਹਿੜਾ।
ਪੰਜਾਬ ਦੀਆਂ ਬਾਲੜੀਆਂ ਕਿਕਲੀ ਪਾਉਂਦੀਆਂ ਹੋਈਆਂ ਆਪਣੇ ਦੇਸ਼ ਦੇ ਕਣ ਕਣ ਦੀ ਸੁੱਖ ਸੁਖਦੀਆਂ ਹਨ:
ਬਾਤ ਪਾਵਾਂ ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਕੁੰਡੇ
ਸਦਾ ਕੁੜੀ ਨੂੰ ਵਿਆਹੁਣ ਚੱਲੇ
ਚੌਰ ਕੂੰਟਾ ਦੇ ਮੁੰਡੇ
ਮੁੰਡਿਆਂ ਦੇ ਸਿਰ ਟੋਪੀਆਂ
ਜਿਊਣ ਸਾਡੀਆਂ ਝੋਟੀਆਂ।
ਝੋਟੀਆਂ ਦੇ ਸਿਰ ਘੱਗੇ
ਜਿਊਣ ਸਾਡੇ ਢੱਗੇ।
ਢਗਿਆਂ ਗਲ ਪੰਜਾਲੀ
ਜਿਊਣ ਸਾਡੇ ਹਾਲੀ।
ਹਾਲੀ ਦੇ ਪੈਰ ਜੁੱਤੀ
ਜੀਵੇ ਸਾਡੀ ਕੁੱਤੀ
ਕੁੱਤੀ ਦੇ ਨਿਕਲਿਆ ਫੋੜਾ
ਜੀਵੇ ਸਾਡਾ ਘੋੜਾ।
ਘੋੜੇ ਤੇ ਲਾਲ ਕਾਠੀ
ਜੀਵੇ ਸਾਡਾ ਹਾਥੀ
ਹਾਥੀ ਦੇ ਸਿਰ ਝਾਫੇ
ਜਿਉਣ ਸਾਡੇ ਮਾਪੇ।
ਮਾਪਿਆਂ ਨੇ ਦਿੱਤਾ ਖੇਸ
ਜੀਵੇ ਸਾਡਾ ਦੇਸ।
ਦੇਸ ਦੀ ਆਜ਼ਾਦੀ ਲਈ ਪੰਜਾਬੀਆਂ ਨੇ ਆਪਣਾ ਸਭ ਕੁਝ ਅਰਪਣ ਕਰ ਦਿੱਤਾ। 1914-15 ਵਿੱਚ ਗਦਰ ਪਾਰਟੀ ਨੇ ਬਰਤਾਨਵੀਂ ਰਾਜ ਨੂੰ ਖ਼ਤਮ ਕਰਨ ਲਈ ਇਕ ਇਨਕਲਾਬੀ ਹੱਲਾ ਬੋਲਿਆ। ਸੈਂਕੜੇ ਪੰਜਾਬੀ ਪੰਜਾਬ ਵਿੱਚ ਆ ਗਏ। ਕਾਮਾ ਗਾਟਾ ਮਾਰੂ ਜਹਾਜ਼ ਤੇ ਬਜ ਬਜ ਘਾਟ ਤੇ ਖੂਨ ਦੀ ਹੋਲੀ ਖੇਡੀ ਗਈ। ਪੰਜਾਬ ਵਿੱਚ ਮਾਰਸ਼ਲ ਲਾਅ ਲੱਗ ਗਿਆ। ਜਲ੍ਹਿਆਂਵਾਲੇ ਬਾਗ਼ ਵਿੱਚ ਹਜ਼ਾਰਾਂ ਪੰਜਾਬੀ ਅਜ਼ਾਦੀ ਲਈ ਝੂਜਦੇ ਅੰਗਰੇਜ਼ ਸਾਮਰਾਜ ਨੇ ਗੋਲੀਆਂ ਨਾਲ ਉਡਾ ਦਿੱਤੇ। ਪੰਜਾਬ ਵਿੱਚ ਹੁਣ ਆਜ਼ਾਦੀ ਸੰਗਰਾਮ ਤੇਜ਼ੀ ਨਾਲ ਸ਼ੁਰੂ ਹੋ ਗਿਆ। ਅਕਾਲੀ ਲਹਿਰ ਉਠੀ, ਨਾ-ਮਿਲਵਰਤਨ ਤੇ ਸੱਤਿਆ ਗ੍ਰਹਿ ਦੀਆਂ ਲਹਿਰਾਂ ਚੱਲੀਆਂ, ਮੋਰਚੇ ਲੱਗੇ। ਜਲ੍ਹਿਆਂ ਵਾਲੇ ਬਾਗ ਦੇ ਖੂਨੀ ਕਾਂਡ ਬਾਰੇ ਕਲਮ ਨੇ ਖ਼ੂਨ ਦੇ ਅੱਥਰੂ ਕੇਰੇ:
ਸਾਡਾ ਮਾਹੀ ਪਿਆਰੜਾ ਵਤਨ ਸਾਡਾ
ਜਿਨੂੰ ਕੀਤਾ ਏ ਕੈਦ ਫਰੰਗੀਆਂ ਨੇ।
ਜਿਹੜਾ ਲਵੇ ਅਜ਼ਾਦੀ ਦਾ ਨਾਂ ਮੂੰਹੋਂ
ਉਸ ਦੇ ਵਾਸਤੇ ਫਾਂਸੀਆਂ ਟੰਗੀਆਂ ਨੇ
ਜਲ੍ਹਿਆਂ ਵਾਲੇ ਬਾਗ ਦੇ ਕਹਿਰ ਸੁਣਕੇ
ਨਾਦਰ ਸ਼ਾਹੀਆਂ ਵੀ ਵੇਖੋ ਕੰਬੀਆਂ ਨੇ।
ਭਗਤ ਸਿੰਘ, ਰਾਜ ਗੁਰੂ, ਸੁਖਦੇਵ ਦੀਆਂ ਕੁਰਬਾਨੀਆਂ ਨੇ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ। ਬੱਚੇ ਬੱਚੇ ਦੀ ਜ਼ਬਾਨ ਤੇ ਇਹ ਬੋਲ ਗੂੰਜਣ ਲੱਗ ਪਏ:
ਘਰ ਘਰ ਪੁੱਤ ਜੰਮਦੇ
ਭਗਤ ਸਿੰਘ ਨੀਂ ਕਿਸੇ ਬਣ ਜਾਣਾ।
ਹੋਰ
ਤੇਰਾ ਰਾਜ ਨੀ ਫਰੰਗੀਆ ਰਹਿਣਾ
ਭਗਤ ਸਿੰਘ ਕੋਹ ਸੁੱਟਿਆ
ਪੰਜਾਬ ਦੀ ਲੋਕ ਆਤਮਾ ਫਰੰਗੀਆਂ ਨੂੰ ਘਿਰਣਾ ਕਰਨ ਲੱਗੀ:
ਭਰ ਕੇ ਲਿਆਈ ਮੈਂ ਟੋਕਰਾ ਅੰਬੀਆਂ ਦਾ
ਕਿੱਥੇ ਰੱਖਾਂ ਵੇ, ਕਿੱਥੇ ਰੱਖਾਂ ਵੇ
ਰਾਜ ਫਰੰਗੀਆਂ ਦਾ
ਕਿਥੇ ਰੱਖਾਂ ਵੇ।
ਮਹਾਤਮਾ ਗਾਂਧੀ ਵਲੋਂ ਚਲਾਈਆਂ ਸਤਿਆਗ੍ਰਹਿ ਲਹਿਰਾਂ ਦਾ ਪੰਜਾਬੀ ਮਨ ਤੇ ਕਾਫ਼ੀ ਅਸਰ ਹੋਇਆ। ਪਿੰਡਾਂ ਦੇ ਪਿੰਡ ਵੰਗਾਰਨ ਲੱਗੇ:
ਅਸੀਂ ਗੀਤ ਵਤਨ ਦੇ ਗਾਵਾਂਗੇ
ਸਭ ਝਗੜੇ ਹੋਰ ਮਿਟਾਵਾਂਗੇ।
ਤੇਰੇ ਬੰਬਾਂ ਨੂੰ ਚਲਣ ਨਹੀਂ ਦੇਣਾ
ਗਾਂਧੀ ਦੇ ਚਰਖੇ ਨੇ।
...
ਆਪ ਗਾਂਧੀ ਕੈਦ ਹੋ ਗਿਆ
ਸਾਨੂੰ ਦੇ ਗਿਆ ਖੱਦਰ ਦਾ ਬਾਣਾ।
ਸਾਡੇ ਵਿਹੜੇ ਸੂਰਜ ਚੜ੍ਹਿਆ
ਸੂਰਜ ਵੇਖਣ ਆਓ ਗਾਂਧੀ
ਤੂੰ ਵੀ ਤਾਂ ਇਕ ਸੂਰਜ ਏਂ
ਸੂਰਜ ਵੇਖਣ ਆਓ ਗਾਂਧੀ।
ਕੀਕਣ ਆਵਾਂ ਭੋਲੀਏ, ਨੀ ਭੋਲੀਏ
ਮੈਨੂੰ ਕੰਮ ਹਜ਼ਾਰ
ਮੇਰੇ ਚਰਖੇ ਵਿਚੋਂ ਨਿਕਲਿਆ
ਇਕ ਲੰਮ ਸਲੰਮਾ ਤਾਰ
ਅੰਗਰੇਜ਼ ਕਹੇ ਮੈਂ ਜਾ ਰਿਹਾ
ਮੈਂ ਜਾ ਰਿਹਾ
ਗਾਂਧੀ ਆਖੇ ਬੇਲੀਆ
ਤੂੰ ਛੇਤੀ ਛੇਤੀ ਜਾ
ਅੰਗਰੇਜ਼ ਕਹੇ ਮੇਰੇ ਕੰਡਾ ਚੁੱਭਾ
ਕੰਡਾ ਚੁੱਭਾ
ਗਾਂਧੀ ਆਖੇ ਬੇਲੀਆ
ਦਸ ਕਿੱਥੇ ਚੁੱਭਾ
ਗਾਂਧੀ ਕੰਡਾ ਖਿੱਚ ਲਿਆ
ਅੰਗਰੇਜ਼ ਪੈ ਗਿਆ ਲੰਬੜੇ ਰਾਹ।
ਅੰਤ ਪੰਜਾਬ ਦੀ ਲੋਕ-ਆਤਮਾ ਗਾਂਧੀ ਜੀ ਦੀ ਜੈ ਬੁਲਾਂਦੀ ਹੈ:
ਚਿੱਟੀ ਚੁਆਨੀ ਚਾਂਦੀ ਦੀ
ਜੈ ਬੋਲੋ ਮਹਾਤਮਾ ਗਾਂਧੀ ਦੀ।
ਇੰਜ ਪੰਜਾਬ ਦੀ ਲੋਕ ਆਤਮਾ ਆਪਣੇ ਦੇਸ ਪ੍ਰਤੀ ਆਪਣੇ ਮੋਹ ਦਾ ਪ੍ਰਗਟਾਵਾ ਕਰਦੀ ਹੈ ਤੇ ਭਾਰਤ ਦੇ ਅਨੇਕਾਂ ਪ੍ਰਾਂਤਾਂ ਦੇ ਲੋਕਾਂ ਨਾਲ਼, ਬਿਨਾ ਕਿਸੇ ਵਿਤਕਰੇ ਦੇ, ਆਪਣੀ ਸੁਰ ਜੋੜਦੀ ਹੈ ਤੇ ਭਾਰਤ ਦੀ ਸਾਂਝੀ ਸੰਸਕ੍ਰਿਤੀ ਵਿੱਚ ਆਪਣੇ ਆਪ ਨੂੰ ਸਮੋ ਲੈਂਦੀ ਹੈ।