ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਦੌੜ ਰਹੀ ਅੱਗ

ਢਾਕਾ ਦੀ ਇੱਕ ਟੁੱਟੀ ਸੜਕ 'ਤੇ ਉਹ ਭੱਜੀ ਜਾ ਰਹੀ ਹੈ। ਸੜਕ ਕਿੱਧਰ ਨੂੰ ਜਾ ਰਹੀ ਹੈ, ਉਸ ਨੂੰ ਕੋਈ ਪਤਾ ਨਹੀਂ। ਉਹ ਆਪ ਕਿੱਥੋਂ ਆਈ ਹੈ, ਇਹ ਵੀ ਉਸ ਨੂੰ ਪਤਾ ਨਹੀਂ। ਉਹ ਤਾਂ ਬੱਸ ਭੱਜ ਰਹੀ ਹੈ। ਕਿਸੇ ਡਰਾਉਣੇ ਖਿਆਲ ਦਾ ਪਿੱਛਾ ਛੁਡਾਉਣ ਲਈ। ਉਹ ਪਾਗ਼ਲ ਹੈ। ਇੱਕ ਬਹੁਤ ਵੱਡੀ ਨਮੋਸ਼ੀ ਦਾ ਖਿਆਲ ਉਸ ਦਾ ਪਿੱਛਾ ਨਹੀਂ ਛੱਡ ਰਿਹਾ, ਏਸੇ ਕਰਕੇ ਤਾਂ ਉਹ ਪਾਗ਼ਲ ਹੋ ਗਈ ਹੈ।

ਗਲ-ਤੇੜ ਪਹਿਨੀ ਵੱਡੇ ਵੱਡੇ ਫੁੱਲਾਂ ਵਾਲੀ ਸਾੜ੍ਹੀ ਕਈ ਥਾਵਾਂ ਤੋਂ ਫਟੀ ਹੋਈ ਹੈ ਤੇ ਮੈਲੀ ਵੀ। ਥਾਂ ਥਾਂ 'ਤੇ ਖੂਨ ਦੇ ਧੱਬੇ। ਸਿਰ ਦੇ ਵਾਲ ਬਿਖਰੇ ਬਿਖਰੇ ਅੱਧ ਖੋਹੇ, ਅੱਧ ਟੁੱਟੇ। ਵਾਰ ਵਾਰ ਉਹ ਉਨ੍ਹਾਂ ਨੂੰ ਪਿੱਛੇ ਸੁੱਟਦੀ ਹੈ, ਪਰ ਉਹ ਫਿਰ ਮੱਥੇ 'ਤੇ ਆ ਡਿੱਗਦੇ, ਅੱਖਾਂ ਨੂੰ ਢਕ ਲੈਂਦੇ ਸਨ। ਮੂੰਹ ਧੁਆਂਖਿਆ ਹੋਇਆ ਹੈ। ਅੱਖਾਂ ਵਿਚ ਲਾਲੀ ਹੈ। ਜਿਵੇਂ ਲਹੂ ਦੇ ਅੱਥਰੁ ਰੋ ਕੇ ਹਟੀ ਹੋਵੇ। ਪੇਟ ਤੇ ਜਦ ਉਸ ਦਾ ਹੱਥ ਟਿਕਦਾ ਹੈ, ਅੰਦਰ ਦੀ ਚਿਣਗ ਹੋਰ ਭਖਦੀ ਹੈ ਤਾਂ ਉਸ ਦਾ ਧਿਆਨ ਉੱਖੜ ਜਾਂਦਾ ਹੈ ਤੇ ਪਾਗਲਪਨ ਦਾ ਦੌਰਾ ਤੇਜ਼ ਹੋ ਜਾਂਦਾ ਹੈ। ਉਹ ਹੋਰ ਤੇਜ਼ ਭੱਜਦੀ ਹੈ। ਕਿਸੇ ਦੇ ਰੋਕਿਆਂ ਉਹ ਰੁਕਦੀ ਨਹੀਂ। ਉਸ ਦੇ ਪਿੱਛੇ ਵੀ ਤਾਂ ਕੋਈ ਨਹੀਂ ਆ ਰਿਹਾ। ਭਾਰਤੀ ਫ਼ੌਜ ਦਾ ਇੱਕ ਸਿਪਾਹੀ ਉਸ ਨੂੰ ਦੇਖਦਾ ਹੈ। ਇੱਕ ਬੁੱਢੀ ਦੇ ਕਹਿਣ 'ਤੇ ਉਸ ਨੂੰ ਡੌਲਿਓਂ ਜਾ ਵੜਦਾ ਹੈ। ਉਹ ਉੱਚੀ ਦੇ ਕੇ ਚੀਕ ਮਾਰਦੀ ਹੈ ਤੇ ਸਿਪਾਹੀ ਦੀ ਬਾਂਹ 'ਤੇ ਬੁਰਕ ਭਰ ਲੈਂਦੀ ਹੈ। ਸਿਪਾਹੀ ਉਸ ਦੇ ਡੌਲੇ ਨੂੰ ਛੱਡ ਦਿੰਦਾ ਹੈ। ਹੈਰਾਨ ਹੋਇਆ ਖੜ੍ਹਾ ਦੇਖਦਾ ਰਹਿੰਦਾ ਹੈ। ਉਹ ਭੱਜੀ ਜਾ ਰਹੀ ਹੈ।

* * *

ਸਲਮਾ ਇੱਕ ਦਰਮਿਆਨੇ ਜਿਹੇ ਘਰ ਦੀ ਲੜਕੀ ਹੈ। ਉਹ ਤੇ ਉਹ ਦਾ ਵੱਡਾ ਭਰਾ ਕਾਲਜ ਵਿਚ ਪੜ੍ਹਦੇ ਸਨ। ਮੁਜੀਬ ਨੂੰ ਕੈਦ ਕਰ ਲਿਆ ਗਿਆ ਸੀ। ਤੇ ਪੂਰਬੀ ਬੰਗਾਲ ਵਿਚ ਪਾਕਿਸਤਾਨ ਫੌਜਾਂ ਆ ਗਈਆਂ ਸਨ। ਕਾਲਜਾਂ ਦੇ ਮੁੰਡੇ ਤੇ ਕੁੜੀਆਂ ਆਪਣੀ ਪੜ੍ਹਾਈ ਨੂੰ ਵਿਚੇ ਛੱਡ ਕੇ ਮੁਕਤੀ ਵਾਹਿਣੀ ਵਿਚ ਸ਼ਾਮਲ ਹੋ ਗਏ ਸਨ। ਸਲਮਾ ਤੇ ਉਸ ਦਾ ਵੱਡਾ ਭਰਾ ਵੀ। ਸਲਮਾ ਦਾ ਅੱਬਾ ਤੇ ਮਾਂ ਕਤਲ ਕਰ ਦਿੱਤੇ ਗਏ ਸਨ। ਭਰਾ ਲੜਦਾ ਹੋਇਆ ਮਾਰਿਆ ਗਿਆ ਸੀ। ਸਲਮਾ ਪਾਕਿਸਤਾਨੀ ਸਿਪਾਹੀਆਂ ਦੇ ਕਬਜ਼ੇ ਵਿਚ ਆ ਗਈ ਸੀ। ਸਲਮਾ ਵਰਗੀਆਂ ਹੋਰ ਕਿੰਨੀਆਂ ਹੀ ਲੜਕੀਆਂ।

ਸਲਮਾ ਦਾ ਅੱਬਾ ਇੱਕ ਸਕੂਲ ਟੀਚਰ ਸੀ। ਉਹ ਚਾਹੁੰਦਾ ਸੀ ਕਿ ਉਹ ਆਪਣੇ ਲੜਕੇ ਨੂੰ ਕਾਫ਼ੀ ਸਾਰਾ ਪੜ੍ਹਾ ਕੇ ਕਿਸੇ ਚੰਗੀ ਨੌਕਰੀ 'ਤੇ ਪਹੁੰਚਾਵੇਗਾ। ਸਲਮਾ ਨੂੰ ਬੀ. ਏ. ਕਰਵਾ ਕੇ ਕਿਸੇ ਅਫ਼ਸਰ ਨਾਲ ਵਿਆਹੇਗਾ। ਪਰ ਸਲਮਾ ਕਹਿੰਦੀ ਹੁੰਦੀ, "ਨਹੀਂ ਅੱਬਾ, ਮੈਂ ਬੀ. ਏ. ਤੋਂ ਬਾਅਦ ਹੋਰ ਵੀ ਪੜ੍ਹਾਗੀ। ਮੈਜਿਸਟ੍ਰੇਟ ਬਣਾਂਗੀ, ਮੈਜਿਸਟ੍ਰੇਟ।"

ਤੰਬੂਆਂ ਵਿਚ, ਮੋਰਚਿਆਂ ਵਿਚ, ਝਾੜੀਆਂ ਓਹਲੇ ਸ਼ਹਿਰ ਦੀਆਂ ਕਿੰਨੀਆਂ ਹੀ ਲੜਕੀਆਂ ਉਨ੍ਹਾਂ ਨੇ.....।

ਬੰਗਾਲੀ ਸੋਚਦੇ ਸਨ, ਹੈਰਾਨ ਸਨ, 'ਕੀ ਕਾਇਦ-ਏ ਆਜ਼ਮ ਮਿਸਟਰ ਜਿਨਾਹ ਨੇ ਏਸੇ ਪਾਕਿਸਤਾਨ ਦਾ ਸੁਪਨਾ ਕਦੇ ਲਿਆ ਸੀ? ਕੀ ਉਸ ਨੇ ਇਹ ਵੀ ਸੋਚਿਆ ਹੋਵੇਗਾ ਕਿ ਮੁਸਲਮਾਨਾਂ ਦੇ ਹੱਥੋਂ ਹੀ ਮੁਸਲਮਾਨ ਦਾ ਕਤਲ ਹੋਵੇਗਾ?'

ਟੈਗੋਰ ਨੇ ਕਿਹਾ ਸੀ, "ਓ, ਮੱਘਰ ਵਿਚ ਤੇਰੇ ਭਰੇ ਖੇਤਾਂ ਵਿਚ ਮੈਂ ਕਿਹੋ ਜਿਹਾ ਮਧੁਰ ਹਾਸਾ ਸੁਣਿਆ ਏ।'

ਤੇ ਫਿਰ-

'ਮਾਂ, ਜੇ ਤੇਰਾ ਮੁਖੜਾ ਉਦਾਸ ਹੋ ਜਾਏ ਤਾਂ ਮੈਂ ਅੱਥਰੂਆਂ ਵਿਚ ਡੁੱਬ ਜਾਂਦਾ ਹਾਂ।'

ਤੇ ਹੁਣ ਏਸੇ ਮੱਘਰ ਦੀ ਰੁੱਤ ਵਿਚ ਸਾਰਾ ਬੰਗਾਲ ਅੱਥਰੂਆਂ ਵਿਚ ਡੁੱਬਿਆ ਹੋਇਆ ਸੀ। ਮੁਕਤੀ ਵਾਹਿਣੀ ਤੇ ਭਾਰਤੀ ਫ਼ੌਜ ਹੀ ਇੱਕ ਆਸ ਸਨ।

ਸਲਮਾ ਪਾਕਿਸਤਾਨੀ ਸਿਪਾਹੀਆਂ ਨੂੰ ਹੱਥ ਵੀ ਨਹੀਂ ਸੀ, ਛੁਹਾਉਣ ਦਿੰਦੀ। ਤੇ ਫਿਰ ਉਨ੍ਹਾਂ ਨੇ ਇੱਕ ਢੰਗ ਸੋਚਿਆ ਸੀ। ਰਾਈਫ਼ਲਾਂ ਦੀਆਂ ਸਲਿੰਗਾਂ ਕੱਢ ਕੇ ਉਨ੍ਹਾਂ ਨੇ ਉਸ ਦੀਆਂ ਲੱਤਾਂ, ਬਾਹਾਂ ਇੱਕ ਦਰੱਖ਼ਤ ਨਾਲ ਨੂੜ ਦਿੱਤੀਆਂ ਸਨ। ਉਸ ਦੀ ਪਿੱਠ ਧਰਤੀ 'ਤੇ ਸੀ ਤੇ ਫਿਰ ਉਸ ਨੂੰ ਕੋਈ ਪਤਾ ਨਹੀਂ, ਉਸ ਨਾਲ ਕੀ ਹੋਇਆ ਸੀ। ਉਹ ਤਾਂ ਚੰਦਰੀ ਘੜੀ ਤੋਂ ਪਹਿਲਾਂ ਹੀ ਬੇਸੁਰਤ ਹੋ ਚੁੱਕੀ ਸੀ। ਜਦ ਉਸ ਨੂੰ ਸੁਰਤ ਆਈ ਸੀ, ਉਸ ਨੇ ਦੇਖਿਆ ਸੀ-ਇੱਕ ਸਿਪਾਹੀ ਉਸ ਦੇ ਮੂੰਹ ਵਿਚ ਪਾਣੀ ਪਾ ਰਿਹਾ ਹੈ ਤੇ ਉਸ ਦੇ ਮੱਥੇ ਨੂੰ ਧੋ ਵੀ ਰਿਹਾ ਹੈ। ਸਿਪਾਹੀ ਦੇ ਬੁੱਲ੍ਹਾਂ 'ਤੇ ਤਾਂ ਸ਼ੈਤਾਨੀ ਹਾਸਾ ਹੈ। ਉਸ ਦਾ ਬਲਾਊਜ਼ ਕਿੱਥੇ ਹੈ?

ਇੱਕ ਗੰਡਾਸੇ ਵਾਲਾ ਜੰਗ ਨਾਈ।

ਇਕ, ਗੰਡਾਸੇ ਵਾਲਾ ਗੋਂਦੀ ਬਾਹਮਣ।

ਚੌਥਾ ਮੁੰਡਾ ਕਾਲਜੀਏਟ ਹੈ, ਇੰਦਰਜੀਤ।

ਜੈਮਲ ਬੰਗਲਾ ਦੇਸ਼ ਦੀ ਗੱਲ ਛੇੜਦਾ ਹੈ। ਲੜਾਈ ਦਾ ਗੋਂਦੀ ਨੂੰ ਬਹੁਤ ਘੱਟ ਪਤਾ ਹੈ। ਇੰਦਰਜੀਤ ਸਾਰੀ ਗੱਲ ਸਮਝਾਉਂਦਾ ਹੈ। ਅਵਾਮੀ ਲੀਗ। ਸ਼ੇਖ ਮੁਜੀਬ, ਯਾਹੀਆ ਖਾਂ। ਮੁਕਤੀ ਵਾਹਣੀ। ਗੋਂਦੀ ਨੂੰ 'ਯਾਹੀਆ' ਸ਼ਬਦ ਕਹਿਣਾ ਨਹੀਂ ਆ ਰਿਹਾ। ਸਾਰੇ ਹੱਸ ਰਹੇ ਹਨ। ਗੋਂਦੀ ਉਬਾਸੀ ਲੈਂਦਾ ਹੈ। ਜੰਗ ਕੂਹਣੀ ਮਾਰਦਾ ਹੈ- 'ਬਾਹਮਣਾ, ਹੁੱਕੇ ਦੀ ਤਲਬ ਲੱਗੀ ਹੋਊ? ਜਾਹ ਘਰ ਜਾ ਕੇ ਝੁਲਸ ਆ।'

'ਤਮਾਖੂ ਦੀ ਤਾਂ ਕੋਈ ਗੱਲ ਨੀਂ। ਊਈਂ ਸਿਰ ਸਾਲਾ ਭਾਰੀ ਭਾਰੀ ਜ੍ਹਾ ਲੱਗਦੈ।" ਗੋਂਦੀ ਕਹਿੰਦਾ ਹੈ। ਸਾਹਮਣੇ ਉੱਚੇ ਚੁਬਾਰੇ ਦੀ ਕੰਧ 'ਤੇ ਡੱਬ ਖੜੱਬੇ ਚਾਨਣ ਦੀ ਝਲਕ ਵੱਜੀ ਹੈ। ਜੰਗ ਬੋਲਿਆ ਹੈ। ਚੁਬਾਰੇ ਦੀ ਕੰਧ 'ਤੇ ਚਾਨਣ ਸਾਫ਼ ਦਿਸ ਰਿਹਾ ਹੈ। ਰਜ਼ਾਈਆਂ ਨੂੰ ਗੁਦੈਲਿਆਂ 'ਤੇ ਹੀ ਛੱਡ ਕੇ ਉਨ੍ਹਾਂ ਨੇ ਖੇਸਾਂ ਦੀਆਂ ਬੁੱਕਲਾਂ ਮਾਰੀਆਂ ਹਨ ਤੇ ਉਹ ਤਿੰਨੇ ਜਣੇ ਅਗਵਾੜ ਅੰਦਰ ਨੂੰ ਚੱਲ ਪਏ ਹਨ। ਇੰਦਰਜੀਤ ਨੇ ਗੋਂਦੀ ਦਾ ਗੰਡਾਸਾ ਧਰਾ ਲਿਆ ਤੇ ਉੱਥੇ ਹੀ ਕੱਪੜਿਆਂ ਦੀ ਰਾਖੀ ਬੈਠਾ ਰਿਹਾ ਹੈ।

ਬੁੜੀਏ ਬੰਦ ਕਰ ਅੱਗ ਨੂੰ। ਸਾਰੇ ਪਿੰਡ ਨੂੰ ਮਰਵਾਏਂਗੀ?ਟ ਜੈਮਲ ਤੇਜੋ ਨੂੰ ਆਕੜਿਆ ਹੈ। 'ਵੇ ਭਾਈ, ਮੈਂ ਤਾਂ ਚਾਹ ਦੀ ਘੁੱਟ ਕੀਤੀ ਐ। ਤੇਰਾ ਤਾਇਆ ਕਦੋਂ ਦਾ ਖਊਂ ਖਊਂ ਕਰੀ ਜਾਂਦੈ। ਲੈ ਆਹ ਲੈ।' ਵਿਹੜੇ ਵਾਲੇ ਚੁੱਲ੍ਹੇ ਤੋਂ ਚਾਹ ਵਾਲੀ ਪਤੀਲੀ ਲਾਹ ਕੇ ਬੁੜ੍ਹੀ ਨੇ ਤਵਾ ਉਸ ਦੇ ਮੂਹਰੇ ਲਾ ਦਿੱਤਾ ਹੈ ਤੇ ਬੱਠਲ ਉਸ 'ਤੇ ਮੂਧਾ ਮਾਰ ਦਿੱਤਾ ਹੈ।

'ਤੈਨੂੰ ਪਤਾ ਨੀ ਨਾ ਅੰਮਾ, ਦੁਸ਼ਮਣ ਦਾ ਜਹਾਜ਼ ਪਿੰਡ 'ਤੋਂ ਲੰਘਿਆ ਜਾਂਦਾ ਹੋਇਆ, ਮਾੜ੍ਹੀ ਜ੍ਹੀ ਰੋਸ਼ਨੀ ਦਿਸੀ। ਉਦੀਂ ਸਿੱਟ ਦੇਣੈ ਗੋਲਾ। ਸਾਰਾ ਪਿੰਡ ਮਿੰਟਾਂ 'ਚ ਮਲੀਆ ਮੇਟ ਹੋਜੂ।' ਜੰਗ ਨੇ ਸਮਝਾਇਆ ਹੈ। ਤੇਜੋ ਹੱਥ ਬੰਨਦੀ ਹੈ-'ਵੇ ਭਾਈ ਅੱਜ ਹੋਗੀ। ਗਹਾਂ ਨੂੰ ਕੰਨ ਦੀ ਪੇਪੜੀ।' ਉਹ ਤਿੰਨੇ ਵਾਪਸ ਬੋਹੜ ਦੇ ਥੱਲੇ ਆ ਗਏ ਹਨ। ਹਵਾਈ ਜਹਾਜ਼ ਦੀ ਆਵਾਜ਼ ਕਿਸੇ ਪਾਸਿਓਂ ਸੁਣਾਈ ਦਿੱਤੀ ਹੈ। ਚਾਰੇ ਜਣੇ ਚੁੱਪ ਹਨ। ਆਵਾਜ਼ ਨੇੜੇ ਆ ਰਹੀ ਹੈ। ਹੋਰ ਨੇੜੇ। ਗੁੜਗਾਂਦਾ ਜਹਾਜ਼ ਪਿੰਡ ਤੋਂ ਦੀ ਲੰਘ ਗਿਆ ਹੈ। ਉਨ੍ਹਾਂ ਦੇ ਸਾਹ ਅਜੇ ਵੀ ਰੁਕੇ ਹੋਏ ਹਨ। 'ਲਗਦਾ ਤਾਂ ਪਾਕਿਸਤਾਨ ਦਾ ਈ' ਜੈਮਲ ਨੇ ਸਾਹ ਕੱਢਿਆ ਹੈ।

'ਆਪਣਾ ਵੀ ਹੋ ਸਕਦੈ।' ਇੰਦਰਜੀਤ ਨੇ ਕਿਹਾ।

'ਕਿਸੇ ਦਾ ਵੀ ਹੋਵੇ, ਕੇਰਾਂ ਤਾਂ ਕਾਲਜਾ ਹਿਲਾ 'ਤਾ, ਪੁੱਤ ਮੇਰੇ ਨੇ।' ਗੋਂਦੀ ਨੇ ਨਿਧੜਕ ਹੋ ਕੇ ਆਖਿਆ ਹੈ। ਸਾਰੇ ਜਣੇ ਹੱਸ ਪਏ ਹਨ।

ਥੋੜ੍ਹੇ ਚਿਰ ਬਾਅਦ ਹੀ ਉਨ੍ਹਾਂ ਨੇ ਤੋਪ ਦੀ ਆਵਾਜ਼ ਸੁਣੀ ਹੈ। ਮੱਧਮ ਜਿਹੀ। ਜਿਵੇਂ ਦੂਰ ਕਿਤੇ ਭੜਾਕਾ ਜਿਹਾ ਪਿਆ ਹੋਵੇ। ਇੱਕ ਆਵਾਜ਼ ਹੋਰ। ਉੱਤਰ ਵਾਲੇ ਪਾਸੇ ਇੱਕ ਲੰਮੀ ਸਾਰੀ ਅੱਗ ਦਿੱਸੀ ਹੈ। ਜਹਾਜ਼ ਫਿਰ ਉਨ੍ਹਾਂ ਦੇ ਪਿੰਡ ਵੱਲ ਆ ਰਿਹਾ ਹੈ। ਉਸ ਵਿਚੋਂ ਅੱਗ ਦੇ ਸ਼ੋਅਲੇ ਹੇਠਾਂ ਡਿੱਗ ਰਹੇ ਹਨ। ਜਹਾਜ਼ ਪਿੰਡ ਦੇ ਉੱਤੋਂ ਦੀ ਲੰਘ ਗਿਆ ਹੈ। ਤੇ ਫਿਰ ਇਕ ਭਾਂਬੜ ਜਿਹਾ ਮੱਚ ਕੇ ਧਰਤੀ 'ਤੇ ਡਿੱਗ ਪਿਆ ਹੈ, ਉਨ੍ਹਾਂ ਦਾ ਅੰਦਾਜ਼ਾ ਹੈ। ਨੇੜੇ ਦੇ 'ਰਾਡਾਰ' ਵੱਲੋਂ ਕੀਤੀ ਕਰਵਾਈ ਪਹਿਰੇਦਾਰਾਂ ਦੇ ਦਿਮਾਗ਼ ਵਿਚ ਸਾਫ਼ ਹੈ।

ਅੱਧੀ ਰਾਤ ਤੋਂ ਸ਼ਾਇਦ ਜ਼ਿਆਦਾ ਹੀ ਕੁਝ ਸਮਾਂ ਗੁਜ਼ਰ ਗਿਆ ਸੀ। ਠੰਡ ਬਹੁਤ ਵਧੀ ਹੋਈ ਹੈ। ਧੁਣੀ ਤਾਂ ਬਾਲਣੀ ਨਹੀਂ। ਉਹ ਰਜ਼ਾਈਆਂ ਨੂੰ ਆਪਣੇ ਪਿੰਡਿਆਂ ਨਾਲ ਬਿਦੇ ਬਿਦੇ ਸੰਵਾਰ ਕੇ ਘੁੱਟਦੇ ਹਨ। ਗੋਂਦੀ ਨੇ 'ਮਹਾਂ ਭਾਰਤ' ਛੋਹ ਲਿਆ ਹੈ-'ਹੇ ਅਰਜਨ...।'

ਚੰਦ ਚੜ੍ਹ ਆਇਆ ਹੈ। ਮੱਧਮ ਮੱਧਮ ਚਾਨਣੀ ਵਿਚ ਹਨੇਰਾ ਦੁਧੀਆ ਹੋ ਗਿਆ ਲੱਗਦਾ ਹੈ। ਤਾਰੇ ਠਰੇ ਠਰੇ। ਦੂਰ ਕਿਤੋਂ ਕੁੱਤੇ ਦੇ ਭੌਕਣ ਦੀ ਆਵਾਜ਼ ਆ ਰਹੀ ਹੈ। ਗੋਂਦੀ ਚੁੱਪ ਹੈ। ਇੰਦਰਜੀਤ ਨੇ ਅੱਖ ਲਾ ਲਈ ਹੈ। ਜੰਗ ਖੰਘ ਰਿਹਾ ਹੈ। ਜੈਮਲ ਹੌਲੀ ਹੌਲੀ ਮਿਰਜ਼ਾ ਗਾ ਰਿਹਾ ਹੈ ....' 'ਚੜ੍ਹਦੇ ਮਿਰਜ਼ੇ ਖਾਨ ਨੂੰ...'

ਪਹੁ ਫੁਟ ਰਹੀ ਹੈ। ਡੇਰੇ ਵਾਲੀ ਖੂਹੀ 'ਤੇ ਡੋਲ ਖੜਕਿਆ ਹੈ। ਗਧਾ ਹੀਗਿਆ ਹੈ। ਕੁੱਕੜ ਨੇ ਬਾਂਗ ਦਿੱਤੀ ਹੈ। ਕਿਸੇ ਕਿਸੇ ਘਰ ਵਿਚੋਂ ਧੂੰਆਂ ਉੱਠਿਆ ਹੈ। ਚਾਰੇ ਜਣਿਆਂ ਨੇ ਆਪਣੇ ਆਪਣੇ ਗੁਦੈਲੇ ਤਹਿ ਕੀਤੇ ਹਨ ਤੇ ਉਨ੍ਹਾਂ ਨੂੰ ਆਪਣੇ ਸਿਰਾਂ 'ਤੇ ਰੱਖ ਕੇ ਆਪੋ ਆਪਣੇ ਘਰਾਂ ਨੂੰ ਤੁਰ ਪਏ ਹਨ।