ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਇੰਤਜ਼ਾਰ

ਕੰਧਾਂ ਦੇ ਪਰਛਾਵੇਂ ਲੰਬੇ ਹੋ ਕੇ ਮੱਧਮ ਹੋ ਗਏ ਹਨ। ਦਿਨ ਮੁੱਕਣ 'ਤੇ ਆ ਗਿਆ ਹੈ। ਅਸਮਾਨ ਦਾ ਰੰਗ ਬੈਂਗਣੀ ਹੋਣ ਲੱਗਿਆ ਹੈ। ਗਵਾਂਢ ਵਿਚੋਂ ਮਸਾਲਾ ਭੁੱਜਣ ਦੀ ਤਿੱਖੀ ਵਾਸ਼ਨਾ ਆ ਰਹੀ ਹੈ। ਨੱਕ ਵਿਚ ਜਲਣ ਛੇੜ ਦੇਣ ਵਾਲੀ ਵਾਸ਼ਨਾ। ਸੁਮਿੱਤਰਾ ਦੀ ਨਿਗਾਹ ਆਪਣੇ ਚੁੱਲ੍ਹੇ ਵੱਲ ਚਲੀ ਗਈ ਹੈ। ਉਹ ਦੁਬਿਧਾ ਵਿਚ ਹੈ, ਰੋਟੀ ਪਕਾਵੇ ਜਾਂ ਨਾ?

ਅੰਦਰਲੇ ਕਮਰੇ ਵਿਚ ਮੰਜੇ 'ਤੇ ਪਈ ਉਹ ਸਾਹਮਣੇ ਦੀ ਦੀਵਾਰ ਵੱਲ ਝਾਕ ਰਹੀ ਹੈ। ਦੀਵਾਰ 'ਤੇ ਕਈ ਤਰ੍ਹਾਂ ਦੇ ਚਿੱਤਰ ਬਣਦੇ ਹਨ ਤੇ ਮਿਟ ਜਾਂਦੇ ਹਨ। ਹੌਲੀ ਹੌਲੀ ਕਮਰੇ ਵਿਚ ਹਨੇਰਾ ਪ੍ਰਵੇਸ਼ ਕਰਦਾ ਹੈ। ਦੀਵਾਰ ਵਾਲੇ ਚਿੱਤਰ ਹੁਣ ਸੁਮਿੱਤਰਾ ਦੇ ਮਨ ਵਿਚ ਉੱਤਰ ਗਏ ਹਨ। ਕਮਰੇ ਦੀ ਬਿਜਲੀ ਬੱਤੀ ਜਗਾਉਣ ਲਈ ਉਸ ਵਿਚ ਹਿੰਮਤ ਨਹੀਂ।

ਉਸ ਨੂੰ ਲੱਗਿਆ ਹੈ, ਜਿਵੇਂ ਬੰਦ ਦਰਵਾਜ਼ੇ 'ਤੇ ਦਸਤਕ ਹੋਈ ਹੋਵੇ। ਉਹ ਉੱਠੀ ਹੈ। ਜਾ ਕੇ ਦਰਵਾਜ਼ੇ ਦਾ ਅੰਦਰਲਾ ਕੁੰਡਾ ਖੋਲ੍ਹਿਆ ਹੈ। ਦੇਖਿਆ ਹੈ, ਬਾਹਰ ਕੋਈ ਨਹੀਂ। ਘਰ ਦੇ ਅੱਗੇ ਸੜਕ 'ਤੇ ਕਾਰਾਂ, ਸਕੂਟਰਾਂ ਤੇ ਸਾਈਕਲਾਂ ਦੀ ਆਵਾਜਾਈ ਘਟੀ ਹੋਈ ਹੈ। ਜੋ ਕੋਈ ਵੀ ਮਕਾਨ ਉਸ ਨੂੰ ਦਿਸਦਾ ਹੈ, ਉਸ ਦੇ ਅੰਦਰੋਂ ਬਿਜਲੀ ਦੀ ਰੋਸ਼ਨੀ ਦਿਖਾਈ ਦੇ ਰਹੀ ਹੈ। ਰਾਤ ਪੈ ਰਹੀ ਹੈ, ਪਰ ਲੋਕਾਂ ਨੇ ਆਪਣੇ ਮਕਾਨਾਂ ਅੰਦਰ ਦਿਨ ਚੜ੍ਹਾ ਲਿਆ ਹੈ। ਸੁਮਿੱਤਰਾਂ ਨੇ ਆਪਣੇ ਮਕਾਨ ਦੀ ਕੋਈ ਬੱਤੀ ਨਹੀਂ ਜਗਾਈ। ਉਹ ਵਾਪਸ ਵਿਹੜੇ ਵਿਚ ਆ ਗਈ ਹੈ। ਉਸ ਨੇ ਮਹਿਸੂਸ ਕੀਤਾ ਹੈ, ਹੁਣ ਤਾਂ ਉਹ ਆ ਹੀ ਜਾਵੇਗਾ। ਆ ਹੀ ਜਾਣਾ ਚਾਹੀਦਾ ਹੈ। ਘਰ ਵਿਚ ਸੌ ਵਾਰੀ ਤੀਵੀਂ ਆਦਮੀ ਲੜਦੇ ਨੇ, ਇਹ ਤਾਂ ਨਹੀਂ ਕਿ ਆਦਮੀ ਝਗੜ ਪਵੇ ਤੇ ਉਹ ਮੁੜ ਕੇ ਘਰ ਵੜੇ ਹੀ ਨਾ? ਹੋਰ ਜਾਵੇਗਾ ਵੀ ਕਿੱਥੇ? ਏਥੇ ਹੀ ਆਉਣਾ ਹੈ। ਪਰ ਜੇ ਨਾ ਆਇਆ? ਕੀ ਪਤਾ ਲੱਗਦਾ ਹੈ, ਬੰਦੇ ਦੇ ਤੱਤ ਦਾ? ਮਨ ਵਿਚ ਬਹੁਤੀ ਮਰੋੜੀ ਨਾ ਖਾ ਗਿਆ ਹੋਵੇ? ਮੈਂ ਵੀ ਤਾਂ ਕਿੰਨੀ ਸ਼ੱਕੀ ਹਾਂ। ਨਿੱਕੀ ਨਿੱਕੀ ਗੱਲ 'ਤੇ ਝਗੜਨ ਬੈਠ ਜਾਂਦੀ ਹਾਂ। ਵਰਾਂਡੇ ਵਿਚ ਪੀਹੜੀ 'ਤੇ ਉਦਾਸ ਬੈਠੀ ਉਹ ਆਪਣੇ ਆਪ 'ਤੇ ਖ਼ਾਮੋਸ਼ ਲਾਹਨਤਾਂ ਪਾ ਰਹੀ ਹੈ।

* * *

ਅੱਜ ਸਵੇਰੇ ਜਦ ਉਹ ਕੰਮ 'ਤੇ ਜਾਣ ਲੱਗਿਆ ਸੀ ਤਾਂ ਉਸ ਨੇ ਸ਼ਕਾਇਤ ਕੀਤੀ ਸੀ ਕਿ ਉਹ ਹਰ ਰੋਜ਼ ਹੀ ਆਲੂਆਂ ਦੀ ਸਬਜ਼ੀ ਕਿਉਂ ਬਣਾ ਲੈਂਦੀ ਹੈ? ਨਿਰ੍ਹੇ ਆਲੂਆਂ ਦੀ ਹੀ। ਹੋਰ ਨਹੀਂ ਤਾਂ ਆਲੂਆਂ ਵਿਚ ਕੁਝ ਰਲਾ ਹੀ ਲਿਆ ਕਰੇ। ਪਕੌੜੇ ਹੀ ਸਹੀ ਸੁਆਦ ਤਾਂ ਬਦਲ ਜਾਵੇ। ਨਿੱਤ ਆਲੂ ਨਿੱਤ ਆਲੂ।

'ਲਿਆ ਕੇ ਵੀ ਦਿੰਨੇ ਓਂ ਕੋਈ ਹੋਰ ਸ਼ਬਜੀ?'

'ਅੱਗੇ ਕੀ ਮੈਂ ਹੀ ਲਿਆਉਂਦਾ ਹਾਂ?'

'ਨਹੀਂ ਲਿਆਉਂਦੇ ਤਾਂ ਲੈ ਆਇਆ ਕਰੋ।'

'ਸਬਜ਼ੀ ਲਿਆਉਣ ਦਾ ਮੇਰਾ ਕੰਮ ਥੋੜ੍ਹਾ ਐ?'

'ਹਾਹੋ, ਤੁਹਾਨੂੰ ਹੋਰ ਕੰਮਾਂ ਤੋਂ ਵਿਹਲ ਵੀ ਮਿਲੇ।'

'ਹੋਰ ਕਿਹੜੇ ਕੰਮ?'

ਨਿੱਤ ਆਲੂ ਖਾ ਕੇ ਬੰਦਾ ਅੱਕ ਜਾਵੇ ਤਾਂ ਹੋਰ ਸਬਜ਼ੀ ਖਾਣ ਨੂੰ ਜੀਅ ਕਰਦਾ ਈ ਐ।'

'ਮਤਲਬ?'

'ਮਤਲਬ ਸਾਫ਼ ਐ।'

'ਬੱਸ ਠੀਕ ਐ। ਦੱਸਿਆ ਈ ਐ, ਕੀ।'

ਉਹ ਉਸ ਵੱਲ ਹੈਰਾਨਗੀ ਨਾਲ ਦੇਖਣ ਲੱਗਿਆ ਸੀ।

'ਦੱਸੋ ਚਾਹ ਦਾ ਕੱਪ ਬਣਾਵਾਂ ਇੱਕ, ਜੇ ਪੀਣੀ ਐ?'

ਕੋਈ ਲੋੜ ਨਹੀਂ ਚਾਹ ਦੀ। ਪਹਿਲਾਂ ਮਤਲਬ ਦੱਸ ਤੇਰਾ ਕੀ ਐ?'

ਉਹ ਚੁੱਪ ਸੀ ਤੇ ਛੋਟੇ ਤੁਸਕ ਵਿਚ ਪਾਣੀ ਦਾ ਗਲਾਸ ਪਾ ਕੇ ਅੰਗੀਠੀ 'ਤੇ ਧਰਨ ਲੱਗੀ ਸੀ ਕਿ ਉਹ ਜਾਣ ਲਈ ਉੱਠ ਖੜ੍ਹਾ ਹੋਇਆ। ਉਸ ਦੀਆਂ ਅੱਖਾਂ ਵਿਚ ਗਹਿਰਾਈ ਉਤਰ ਆਈ ਸੀ। ਉਸ ਦਾ ਗੁੱਸਾ ਚੁੱਪ ਵਿਚ ਹੀ ਬਦਲ ਗਿਆ ਸੀ ਜਾਂ ਸ਼ਾਇਦ ਗੰਭੀਰ ਸ਼ਬਦਾਂ ਦਾ ਸੰਗ੍ਰਹਿ ਉਸ ਦੇ ਦਿਮਾਗ਼ ਵਿਚ ਬਣ ਰਿਹਾ ਹੋਵੇ। ਉਹ ਦਰਵਾਜ਼ੇ ਵੱਲ ਵਧ ਰਿਹਾ ਭੜਕਿਆ ਸੀ-'ਐਨੇ ਸਾਲਾਂ ਵਿਚ ਵੀ ਤੂੰ ਮੈਨੂੰ ਨਹੀਂ ਸਮਝੀ? ਸੰਭਾਲ ਆਪਣਾ ਘਰ। ਤੇਰੇ ਵਰਗੀ ਔਰਤ ਨਾਲੋਂ ਤਾਂ ਬੰਦਾ ਨਿੱਧਰਾ ਚੰਗਾ।'

'ਚੰਗਾ, ਬਾਬਾ, ਚਾਹ ਰੱਖੀ ਹੋਈ ਐ। ਸੁਮਿੱਤਰਾ ਨੇ ਉੱਠ ਕੇ ਉਸ ਦਾ ਮੋਢਾ ਫੜਨਾ ਚਾਹਿਆ ਸੀ। ਪਰ ਉਸ ਨੇ ਉਸ ਨੂੰ ਧੱਕਾ ਦੇ ਕੇ ਪਰ੍ਹਾਂ ਕਰ ਦਿੱਤਾ ਸੀ ਤੇ ਕਿਹਾ ਸੀ, "ਗੱਲ ਕਹਿ ਤਾਂ ਦਿੰਨੀ ਐਂ, ਸਾਬਤ ਵੀ ਕਰਿਆ ਕਰ।'

'ਹਾਹੋ, ਤੁਸੀਂ ਤਾਂ ਐਵੇਂ ਹੀ ਗੁੱਸੇ ਹੋ ਜਾਨੇ ਓਂ।'

'ਚੰਗਾ ਮੈਂ ਨਹੀਂ ਆਉਣਾ ਸ਼ਾਮ ਨੂੰ ਉਸ ਨੇ ਕਿਹਾ ਸੀ ਤੇ ਘਰ ਤੋਂ ਬਾਹਰ ਹੋ ਗਿਆ ਸੀ।

'ਆਓਂਗੇ ਤਾਂ ਰੋਟੀ ਪੱਕੂਗੀ। ਨਹੀਂ ਤਾਂ...।'

ਉਹ ਉਸ ਦੀ ਆਵਾਜ਼ ਤੋਂ ਦੂਰ ਜਾ ਚੁੱਕਿਆ ਸੀ।

***
ਉਹ ਸੋਚ ਰਹੀ ਹੈ, ਹੁਣ ਤੀਕ ਤਾਂ ਉਸ ਨੇ ਜ਼ਰੂਰ ਹੀ ਆ ਜਾਣਾ ਸੀ। ਇਹ ਵੇਲਾ ਤਾਂ ਉਸ ਨੇ ਕਦੇ ਵੀ ਨਹੀਂ ਸੀ ਕੀਤਾ? ਦਰਵਾਜ਼ਾ ਫਿਰ ਖੜਕਿਆ ਹੈ। ਉਹ ਬੂਹੇ ਵੱਲ ਗਈ ਹੈ। ਬਾਹਰੋਂ ਕੋਈ ਆਵਾਜ਼ ਆਈ ਹੈ। ਇਹ ਆਵਾਜ਼ ਉਸ ਦੀ ਤਾਂ ਨਹੀਂ। ਉਸ ਨੇ ਕੁੰਡਾ ਖੋਲ੍ਹਿਆ ਹੈ, ਦੁੱਧ ਵਾਲਾ ਮੁੰਡਾ ਹੈ। ਉਹ ਅੰਦਰ ਲੰਘ ਆਇਆ ਹੈ। ਦੁੱਧ ਪਵਾਉਣ ਵਾਸਤੇ ਬਰਤਨ ਲੈਣ ਉਹ ਰਸੋਈ ਵਿਚ ਗਈ ਹੈ। ਰਸੋਈ ਵਾਲੀ ਬੱਤੀ ਵੀ ਜਗਾ ਲਈ ਹੈ। 'ਬਾਉ ਜੀ?' ਦੁੱਧ ਵਾਲੇ ਮੁੰਡੇ ਨੇ ਪੁੱਛਿਆ ਹੈ।

'ਬਜ਼ਾਰ ਗਏ ਹੋਏ ਨੇ। ਸੁਮਿੱਤਰਾ ਨੇ ਜਵਾਬ ਦਿੱਤਾ ਹੈ।

'ਰੋਟੀ ਅੱਜ ਹੋਟਲ 'ਤੇ ਖਾ ਕੇ ਆਊਂਗੇ? ਕਹਿਕੇ ਦੁੱਧ ਵਾਲਾ ਮੁੰਡਾ ਹੱਸਿਆ ਹੈ। ਸੁਮਿੱਤਰਾ ਵੀ ਮੁਸਕਰਾਈ। ਬਨਾਵਟੀ ਜਿਹਾ। ਦੁੱਧ ਪਾ ਕੇ ਮੁੰਡਾ ਚਲਿਆ ਗਿਆ ਹੈ। ਸੁਮਿੱਤਰਾ ਨੇ ਵਿਹੜੇ ਦੀ ਬੱਤੀ ਵੀ ਆਨ ਕਰ ਦਿੱਤੀ ਹੈ। ਉਸ ਨੇ ਫ਼ੈਸਲਾ ਕਰ ਲਿਆ ਹੈ ਕਿ ਉਹ ਰੋਟੀ ਪਕਾ ਹੀ ਲਵੇ। ਉਹ ਨਾ ਆਇਆ ਤਾਂ ਪਈ ਰਹੇਗੀ ਪੱਕੀ ਪਕਾਈ, ਇਕੱਲੀ, ਪਰ ਉਹ ਨਹੀਂ ਖਾਵੇਗੀ। ਉਹ ਸੋਚ ਰਹੀ ਹੈ। ਉਸ ਦੀ ਮਨ ਪਸੰਦ ਸਬਜ਼ੀ ਕਿਹੜੀ ਹੈ? ਆਲੂ? ਉਹ ਆਪਣੇ ਆਪ ਮੁਸਕਰਾਈ ਹੈ। ਨਹੀਂ, ਬੰਦ ਗੋਭੀ ਉਸ ਨੂੰ ਬਹੁਤ ਪਸੰਦ ਹੈ। ਪਸੰਦ ਤਾਂ ਉਸ ਨੂੰ ਆਲੂ ਮਟਰ ਵੀ ਹਨ, ਪਰ ਮਟਰਾਂ ਵਿਚ ਆਲੂ ਦੇਖ ਕੇ ਫਿਰ ਚਿੜੇਗਾ। ਬੰਦ ਗੋਭੀ ਹੀ ਠੀਕ ਹੈ। ਬਣ ਵੀ ਛੇਤੀ ਛੇਤੀ ਹੀ ਜਾਵੇਗੀ। ਨਿੱਕਾ ਜਿਹਾ ਥੈਲਾ ਲੈ ਕੇ ਉਹ ਘਰ ਤੋਂ ਬਾਹਰ ਹੋ ਗਈ ਹੈ।

* * *

ਦਰਵਾਜ਼ੇ ਦਾ ਬਾਹਰਲਾ ਕੁੰਡਾ ਲੱਗਿਆ ਦੇਖ ਕੇ ਉਹ ਹੈਰਾਨ ਹੋਇਆ ਹੈ। ਇਸ ਵੇਲੇ ਕਿੱਥੇ ਗਈ ਹੈ ਉਹ? ਖ਼ੈਰ, ਉਸ ਨੇ ਕੁੰਡਾ ਲਾਹਿਆ ਤੇ ਦਰਵਾਜ਼ਾ ਖੋਲ੍ਹ ਕੇ ਅੰਦਰ ਵਿਹੜੇ ਵਿਚ ਚਲਿਆ ਗਿਆ ਹੈ। ਸੁਮਿੱਤਰਾ ਦਾ ਨਾਂ ਲੈ ਕੇ ਉਸ ਨੇ ਹਾਕ ਮਾਰੀ ਹੈ। ਇਹ ਵੀ ਪਤਾ ਹੈ, ਬਾਹਰਲਾ ਕੁੰਡਾ ਤਾਂ ਲੱਗਿਆ ਹੋਇਆ ਹੈ। ਬੇਫ਼ਾਇਦਾ ਜਿਹਾ ਉਹ ਰਸੋਈ ਵਿਚ ਝਾਕਿਆ ਹੈ ਤੇ ਫਿਰ ਕਮਰੇ ਵਿਚ ਆ ਕੇ ਕੁਰਸੀ 'ਤੇ ਬੈਠ ਗਿਆ ਹੈ। ਬੂਟਾਂ ਦੇ ਤਸਮੇਂ ਖੋਲ੍ਹਣ ਲੱਗਿਆ ਹੈ।

ਕਿੰਨੀਆਂ ਹੀ ਸਟੇਟਮੈਂਟਾਂ ਮੁਕੰਮਲ ਕਰਕੇ ਉਸ ਦੇ ਅਫ਼ਸਰ ਨੇ ਕੱਲ ਨੂੰ ਚੰਡੀਗੜ੍ਹ ਹੈੱਡ ਆਫ਼ਿਸ ਵਿਚ ਜਾਣਾ ਹੈ। ਏਸੇ ਲਈ ਉਸ ਨੇ ਉਸ ਨੂੰ ਤੇ ਕਈ ਹੋਰ ਕਲਰਕਾਂ ਨੂੰ ਦਫ਼ਤਰ ਵਿਚ ਓਵਰ ਟਾਈਮ ਬਿਠਾ ਲਿਆ ਸੀ। ਪਰ ਐਨਾ ਲੇਟ ਆਉਣ ਕਰਕੇ ਉਹ ਮਨ ਵਿਚ ਮਿੰਨ੍ਹਾ ਮਿੰਨ੍ਹਾ ਖੁਸ਼ ਵੀ ਹੈ।ਤੜਕੇ ਵਾਲਾ ਗੁੱਸਾ ਵੀ ਪੂਰਾ ਹੋ ਗਿਆ, ਪਰ ਉਹ ਗਈ ਕਿੱਧਰ?

ਚੜ੍ਹੇ ਸਾਹ ਨਾਲ ਓਹੀ ਦੁੱਧ ਵਾਲਾ ਮੁੰਡਾ ਆਇਆ। ਦੱਸਿਆ ਹੈ-'ਇੱਕ ਮੋਟਰ ਸਾਈਕਲ ਨਾਲ ਬੀਬੀ ਜੀ ਦੀ ਟੱਕਰ ਹੋ ਗਈ। ਕਿਸ਼ੋਰੀ ਸਬਜ਼ੀ ਵਾਲੇ ਦੀ ਦੁਕਾਨ ਕੋਲ। ਮੂੰਹ ਵਿਚੋਂ ਲਹੂ ਵਗ ਰਿਹੈ। ਛੇਤੀ ਆਓ।'

ਖੁੱਲ੍ਹੇ ਤਸਮਿਆਂ ਵਾਲੇ ਬੂਟਾਂ ਸਮੇਤ ਹੀ ਉਹ ਕਿਸ਼ੋਰੀ ਸਬਜ਼ੀ ਵਾਲੇ ਦੀ ਦੁਕਾਨ ਵੱਲ ਦੌੜ ਰਿਹਾ ਹੈ।♦