ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਚਿੱਥੜਾ

ਆਪਣੇ ਬਾਹਰਲੇ ਘਰ ਮੈਂ ਗਿਆ ਹਾਂ। ਦੋ ਕੋਠੜੇ ਹਨ। ਇੱਕ ਵਿਚ ਪਸ਼ੂ ਬੱਝਦੇ ਹਨ, ਇੱਕ ਵਿਚ ਤੂੜੀ ਰੱਖੀ ਹੋਈ ਹੈ। ਵਾਹੀ ਖੇਤੀ ਦਾ ਨਿੱਕਾ ਮੋਟਾ ਸਮਾਨ ਵੀ ਤੇ ਦੋ ਚਾਰ ਬੋਰੀਆਂ ਕਣਕ ਦੀਆਂ ਵੀ। ਦੋਵੇਂ ਕੋਠੜੀਆਂ ਵਿਚਕਾਰ ਇੱਕ ਚੌੜਾ ਸਾਰਾ ਵਿਹੜਾ ਹੈ। ਵਿਹੜੇ ਦੇ ਇੱਕ ਪਾਸੇ ਡੂੰਘਾ ਟੋਆ ਹੈ। ਟੋਏ ਵਿਚ ਰੂੜੀ ਲੱਗੀ ਹੋਈ ਹੈ।

ਕਣਕ ਦੀ ਇੱਕ ਬੋਰੀ ਵਿਚ ਚੂਹੀਆਂ ਨੇ ਮੋਰੀ ਕਰ ਲਈ ਹੈ। ਮੋਰੀ ਵਿਚ ਦੀ ਕਣਕ ਦੀ ਲੱਪ ਸਾਰੀ ਧਰਤੀ 'ਤੇ ਡਿੱਗ ਪਈ ਹੈ। ਮਨ ਵਿਚ ਮੈਂ ਚੂਹੀਆਂ ਨੂੰ ਗਾਲ ਕੱਢੀ ਹੈ।

'ਕਿਉਂ ਪਾਪਾ ਜੀ, ਦੀਵਾਲੀ ਵੇਲੇ ਮੈਨੂੰ ਕਿੰਨੇ ਪੈਸਿਆਂ ਦੇ ਪਟਾਕੇ ਲੈ ਕੇ ਦਿਓਗੇ?' ਅਚਾਨਕ ਹੀ ਬਾਹਰਲੇ ਘਰ ਆਇਆ ਮੇਰਾ ਛੋਟਾ ਕਾਕਾ ਮੈਥੋਂ ਪੁੱਛਦਾ ਹੈ।

'ਪਟਾਕੇ?'

'ਹੋਰ...' ਕਹਿ ਕੇ ਉਸ ਨੇ ਸੁੱਕਾ ਰੋਣਾ ਰੋਇਆ ਹੈ।

'ਅੱਛਾ, ਪਹਿਲਾਂ ਲੀਰ ਭਾਲ ਲਈ ਕੋਈ ਐਥੋਂ ਕਿਤੋਂ। ਮੇਰੀ ਬੰਦ ਕਰੀਏ।' ਮੈਂ ਕੋਠੜੇ ਦੇ ਖੂੰਜਿਆਂ ਵਿਚੋਂ ਕੋਈ ਕੱਪੜਾ ਲੱਭਣ ਲੱਗਦਾ ਹਾਂ। ਕੋਈ ਨਹੀਂ ਲੱਭ ਰਿਹਾ। ਕਾਕਾ ਵੀ ਮੇਰੀ ਮੱਦਦ ਕਰ ਰਿਹਾ ਹੈ। ਕੋਠੜੇ ਵਿਚੋਂ ਉਹ ਬਾਹਰ ਹੋ ਗਿਆ ਹੈ। ਕਿੱਲੇ 'ਤੇ ਟੰਗੀ ਪਈ ਇੱਕ ਪੁਰਾਣੀ ਸੁੱਥਣ ਨਾਲੋਂ ਲੀਰ ਪਾੜਨ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ। ਜਿੱਥੋਂ ਲੀਰ ਪਾੜਨੀ ਸ਼ੁਰੂ ਕੀਤੀ ਹੈ, ਉਸ ਤੋਂ ਅੱਗੇ ਇੱਕ ਦੂਹਰੀ ਸਿਉਣ ਆ ਗਈ ਹੈ। ਲੀਰ ਨਹੀਂ ਫਟ ਰਹੀ। ਮੈਂ ਵਾਧੂ ਦਾ ਜ਼ੋਰ ਲਾ ਰਿਹਾ ਹਾਂ। ਕਾਕਾ ਰੂੜੀ ਤੋਂ ਇੱਕ ਈਨੂੰ ਜਿਹਾ ਚੁੱਕ ਲਿਆਇਆਹੈ। "ਲਓ ਪਾਪਾ ਜੀ, ਅਹਿਦੇ ਨਾਲੋਂ ਪਾੜੋ!!" ਮੈਲਾ ਕੁਚੈਲਾ, ਪਾਂਡੂ ਨਾਲ ਲਿੱਬੜਿਆ ਇਹ ਨੀਲੀ ਪਾਪਲੀਨ ਦਾ ਬੁਸ਼ਰਟ ਹੈ। ਕਾਲਰ ਫਿੱਸੇ ਹੋਏ, ਬਾਹਾਂ ਲੀਰੋ ਲੀਰ, ਪਿੱਠ ਤੋਂ ਬੁਰਕ ਨਿਕਲੇ ਹੋਏ, ਬਟਨ ਕੋਈ ਨਹੀਂ।

* * *

ਚੌਦਾਂ ਸਾਲ ਪੁਰਾਣੀ ਗੱਲ ਹੈ।

ਸੀਤਲ ਤੇ ਮੈਂ ਇਕੱਠੇ ਰਹਿੰਦੇ ਸਾਂ। ਸੀਤਲ ਇੱਕ ਕੁੜੀ ਨੂੰ ਪਿਆਰ ਕਰਦਾ ਸੀ। ਨਿੱਤ ਮੈਨੂੰ ਉਸ ਦੀਆਂ ਗੱਲਾਂ ਸੁਣਾਇਆ ਕਰਦਾ। ਮੇਰਾ ਜੀਅ ਕਰਦਾ ਮੈਂ ਵੀ ਕਰਾਂ ਕਿਸੇ ਨੂੰ ਪਿਆਰ।

ਸੀਤਲ ਦੀ ਪ੍ਰੇਮਿਕਾ ਆਪਣੀ ਇੱਕ ਸਹੇਲੀ ਨੂੰ ਸੀਤਲ ਦੀਆਂ ਗੱਲਾਂ ਸੁਣਾਇਆ ਕਰਦੀ। ਸੀਤਲ ਕੋਲ ਮੈਂ ਆਪਣੀ ਇੱਛਾ ਪ੍ਰਗਟ ਕੀਤੀ। ਸੀਤਲ ਨੇ ਆਪਣੀ ਪ੍ਰੇਮਿਕਾ ਕੋਲ ਤੇ ਫਿਰ ਉਸ ਨੇ ਆਪਣੀ ਸਹੇਲੀ ਉਰਵਸ਼ੀ ਕੋਲ। ਉਵਰਸ਼ੀ ਮੇਰੀ ਪ੍ਰੇਮਿਕਾ ਬਣ ਗਈ। ਬਣਾ ਦਿੱਤੀ ਗਈ।

ਅਸੀਂ ਪਿਆਰ ਦਾ ਨਾਟਕ ਰਚਨ ਲੱਗੇ।

ਇੱਕ ਦਿਨ ਉਸ ਨੇ ਪੀਲੀ ਪਾਪਲੀਨ ਦਾ ਇੱਕ ਟੋਟਾ ਮੈਨੂੰ ਲਿਆ ਕੇ ਦਿੱਤਾ। ਮੇਰੇ ਬੁਸ਼ਰਟ ਲਈ। ਹਦਾਇਤ ਸੀ-ਜਦ ਕਦੇ ਮੈਂ ਉਸ ਨੂੰ ਮਿਲਾਂ, ਇਹੀ ਬੁਸ਼ਰਟ ਪਾਇਆ ਹੋਵੇ। ਓਦੋਂ ਤਾਂ ਹਾਸੀ ਆਇਆ ਕਰਦੀ ਸੀ। 'ਬੁਸ਼ਰਟ ਐ ਕਿ ਸਕੂਲ ਦੀ ਵਰਦੀ। ਨਹੀਂ ਪਾਈ ਤਾਂ ਹੋ ਜਾਓ ਕਮਰਿਓਂ ਬਾਹਰ।

ਉਰਵਸ਼ੀ ਮੈਥੋਂ ਦੂਰ ਹੋ ਗਈ ਸੀ।

ਸ਼ਾਇਦ ਮੈਂ ਹੀ ਉਸ ਤੋਂ ਦੂਰ ਹੋ ਗਿਆ ਸੀ।

ਵਰ੍ਹੇ ਬੀਤ ਗਏ।

ਬੁਸ਼ਰਟ ਨੂੰ ਹੰਢਾ ਕੇ ਮੈਂ ਕਿੱਲੇ 'ਤੇ ਬੰਨ੍ਹ ਦਿੱਤਾ ਸੀ। ਮੇਰੀ ਪਤਨੀ ਕਈ ਵਾਰ ਇਸ ਨੂੰ ਖੋਲ੍ਹਦੀ ਤੇ ਕੂੜੇ ਵਾਲੇ ਬੱਠਲ ਵਿਚ ਦੇ ਮਾਰਦੀ। ਮੇਰੇ ਮਨ ਵਿਚ ਪਤਾ ਨਹੀਂ ਕੀ ਚੰਗਿਆੜੀ ਜਿਹੀ ਬਲਦੀ, ਬੱਠਲ ਵਿਚੋਂ ਚੁੱਕ ਕੇ ਮੈਂ ਉਸ ਨੂੰ ਕਿਤੇ ਲੁਕੋ ਦਿੰਦਾ। ਪੰਜੀਂ ਚੌਹੀਂ ਮਹੀਨੀਂ ਬੁਸ਼ਰਟ ਜੀ ਮਹਾਰਾਜ ਫਿਰ ਪ੍ਰਗਟ ਹੋ ਜਾਂਦੇ। ਪਤਨੀ ਨੂੰ ਉਸ ਦੇ ਰਹੱਸਯ ਦਾ ਕੋਈ ਪਤਾ ਨਾ ਹੁੰਦਾ। ਉਹ ਉਸ ਨਾਲ ਚਰਖੇ ਤੋਂ ਗਰਦ ਝਾੜਦੀ, ਤੌੜੇ ਪੂੰਝਦੀ, ਤਵਾ ਰਗੜਦੀ ਤੇ ਆਖ਼ਰ ਬੱਠਲ ਵਿਚ ਕੂੜੇ ਦੇ ਢੇਰ 'ਤੇ ਸੁੱਟ ਦਿੰਦੀ ਦੋ ਵਾਰ ਮੈਂ ਉਸ ਨੂੰ ਰੂੜੀ ਤੋਂ ਚੁੱਕ ਕੇ ਲਿਆਂਦਾ ਸੀ।

***

ਚੌਦਾਂ ਸਾਲ ਪੁਰਾਣਾ ਚਿੱਥੜਾ!

ਸੁੱਥਣ ਨਾਲੋਂ ਹੀ ਅਖ਼ੀਰ ਇੱਕ ਲੀਰ ਪਾੜ ਕੇ ਬੋਰੀ ਵਿਚ ਕੀਤੀ ਗਲੀ ਨੂੰ ਮੈਂ ਬੰਦ ਕਰ ਦਿੱਤਾ ਹੈ। ਅੰਦਰਲੇ ਘਰ ਆਇਆ ਹਾਂ। ਪਤਨੀ ਘਰ ਨਹੀਂ ਕਾਕਾ ਅਜੇ ਵੀ ਪਟਾਕਿਆਂ ਦੀ ਰਿਹਾੜ ਪਿਆ ਹੋਇਆ ਹੈ। ਜਿੰਨੇ ਮਰਜ਼ੀ, ਰੇਲੂ ਦੀ ਹੱਟੀ ਤੋਂ ਲੈ ਆਈ। ਆਪੇ ਦੇ ਦਿਆਂਗੇ, ਪੈਸੇ। ਕੰਨ ਨਾ ਖਾ, ਐਵੇਂ, ਮੈਂ ਉਸ ਨੂੰ ਕਹਿ ਦਿੱਤਾ ਹੈ। ਅੱਖਾਂ ਵਿਚ ਹੱਸਦਾ, ਕੁਦਾੜੀਆਂ ਮਾਰਦਾ, ਉਹ ਮੇਰੇ ਕੋਲੋਂ ਬਾਹਰ ਦੌੜ ਗਿਆ ਹੈ।

ਸਾਬਣ ਦੀ ਟਿੱਕੀ ਲੈ ਕੇ ਮੈਂ ਚਿੱਥੜੇ ਨੂੰ ਧੋਤਾ ਹੈ। ਜੰਗਲੇ ਤੇ ਉਸ ਨੂੰ ਸੁੱਕਣਾ ਪਾ ਦਿੱਤਾ ਹੈ। ਪਤਨੀ ਬਾਹਰੋਂ ਆਈ ਹੈ। ਮੈਂ ਪਾਗ਼ਲ ਹਾਂ। ਉਹ ਹੱਸ ਰਹੀ ਹੈ।

ਪਤਨੀ ਤੋਂ ਚੋਰੀਓਂ ਇੱਕ ਦਿਨ ਚਿੱਥੜੇ ਨੂੰ ਮੈਂ ਕੁਰਸੀ ਦੀ ਗੱਦੀ ਵਿਚ ਭਰਵਾ ਲਿਆ ਹੈ।