੧੩.

ਸੰਸਾਰ ਵਿਚ ਰਾਜ ਦੀ ਪਦਵੀ ਸਭ ਤੋਂ ਉਚੀ ਹੈ। ਇਹ ਪਵਿਤਰ ਵਸਤੂ ਹੈ। ਗ੍ਰੰਥਾਕਾਰ ਕਹਿੰਦੇ ਹਨ ਕਿ ਰਾਜਾ ਉਹੀ ਬਣਦਾ ਏ, ਜਿਸ ਨੇ ਪਿਛਲੇ ਜਨਮ ਵਿਚ ਕੋਈ ਬਹੁਤ ਵੱਡਾ ਤਪ ਕੀਤਾ ਹੋਵੇ: ਪ੍ਰੰਤੂ ਰਾਜੇ ਵਿਚ ਜਿਹੜੇ ਸਾਰੇ ਗੁਣ ਹੋਣੇ ਚਾਹੀਦੇ ਹਨ, ਉਹ ਕਿਸੇ ਕਿਸੇ ਵਿਚ ਹੀ ਹੁੰਦੇ ਹਨ। ਹਕੂਮਤ ਲਈ ਜਿਥੇ ਰਾਜਾ ਨੂੰ ਪਰਜਾ ਪਾਲਕ ਤੇ ਹਰਮਨ ਪਿਆਰਾ ਹੋਣਾ ਜ਼ਰੂਰੀ ਹੈ, ਉਥੇ ਰਾਜ ਪ੍ਰਬੰਧ ਤੇ ਅਹਿਲਕਾਰਾਂ ਨੂੰ ਜ਼ਾਬਤੇ ਵਿਚ ਰਖਣ ਦਾ ਗੁਣ ਵੀ ਉਸ ਵਿਚ ਹੋਣਾ ਜ਼ਰੂਰੀ ਹੈ। ਰਾਜੇ ਨੂੰ ਜਿਥੇ ਅਹਿਲਕਾਰਾਂ ਦੇ ਸੁਖ ਦਾ ਖਿਆਲ ਰਖਣਾ ਚਾਹੀਦਾ ਹੈ, ਉਥੇ ਇਸ ਗਲ ਦਾ ਭੀ ਧਿਆਨ ਰਖਣਾ ਲਾਜ਼ਮ ਹੈ ਕਿ ਕੋਈ ਅਹਿਲਕਾਰ ਆਪਣੇ ਅਧਿਕਾਰਾਂ ਤੋਂ ਅਗੇ ਨਾ ਵਧੇ ਤੇ ਕਿਸੇ ਨੂੰ ਅਜੇਹੀ ਪੁਜ਼ੀਸ਼ਨ ਹਾਸਲ ਨਾ ਹੋਵੇ ਕਿ ਉਹ ਰਾਜ ਨਾਲ ਗੱਦਾਰੀ ਕਰਨ ਲਈ ਸਮਰਥ ਹੋ ਸਕੇ। ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ ਵਿਚ ਪਾਤਸ਼ਾਹਾਂ ਵਾਲੇ ਸਾਰੇ ਗੁਣ ਸਨਪਰ ਨੌਕਰਾਂ ਨੂੰਜ਼ਾਬਤੇ ਵਿਚ ਰਖਣ ਦਾ ਖਿਆਲ ਉਸਨੇ ਬਹੁਤ ਘੱਟ ਰਖਿਆ। ਆਪਣੇ ਵਾਂਗ ਉਹ ਸਾਰਿਆਂ ਨੂੰ ਸਾਫ ਦਿਲ ਸਮਝਦੇ ਸਨ, ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਨਿਮਕ ਹਰਾਮ ਨੌਕਰ ਇਕ ਦਿਨ ਉਸ ਦੀ ਔਲਾਦ ਤੇ ਉਸ ਦੀ ਸਲਤਨਤ ਲਈ ਬੁਕਲ ਦੇ ਸੱਪ ਸਾਬਤ ਹੋਣਗੇ। ਇਸ ਖਿਆਲ ਨੂੰ ਕਦੇ ਸ਼ੇਰੇ ਪੰਜਾਬ ਨੇ ਦਿਲ ਵਿਚ ਥਾਂ ਹੀ ਨਹੀਂ ਦਿਤੀ ਸੀ ਤੇ ਡੋਗਰਾ ਸਰਦਾਰਾਂ ਨੂੰ ਮਿਟੀ ਤੋਂ ਚੁਕ ਕੇ ਅਸਮਾਨ ਤਕ ਪੁਜਾ ਦਿਤਾ ਸੀ। ਇਸ ਨਿਸਚੇ ਨਾਲ ਕਿ ਉਸ ਤੋਂ ਪਿਛੋਂ ਉਹ ਉਸ ਦੇ ਵਾਰਸਾਂ ਦੇ ਵਫਾਦਾਰ ਰਹਿ ਕੇ ਸਿਖ ਸਲਤਨਤ ਕਾਇਮ ਰਖਣ ਤੇ ਵਧਾਉਣ ਵਿਚ ਸਹਾਇਤਾ ਕਰਨਗੇ। ਭੋਲੇ ਸ਼ੇਰੇ ਪੰਜਾਬ ਨੂੰ ਕੀ ਪਤਾ ਸੀ ਕਿ ਉਸ ਦੇ ਅਖਾਂ ਮੀਟਦੇ ਹੀ ਇਹ ਡਾਢੀ ਬੇਸ਼ਰਮੀ ਨਾਲ ਗੱਦਾਰੀ ਦਾ ਨੰਗਾ ਨਾਚ ਸ਼ੁਰੂ ਕਰ ਦੇਣਗੇ।

ਸਿਆਣੇ ਕਹਿੰਦੇ ਹਨ, ਨੌਕਰ ਨੂੰ ਸਿਰੇ ਨਾ ਚੜ੍ਹਾਓ, ਫੇਰ ਉਸਨੂੰ ਹੇਠਾਂ ਲਾਹੁਣਾ ਔਖਾ ਹੋ ਜਾਂਦਾ ਏ, ਇਹੋ ਗਲ ਡੋਗਰੇ ਸਰਦਾਰਾਂ ਤੇ ਸਿਖ ਪਾਤਸ਼ਾਹ ਬਾਰੇ ਕਹੀ ਜਾ ਸਕਦੀ ਏ। ਡੋਗਰੇ ਸਰਦਾਰਾਂ ਨੂੰ ਮਹਾਰਾਜਾ ਸ਼ੇਰੇ ਪੰਜਾਬ ਨੇ ਇਤਨਾ ਸਿਰ ਚੜ੍ਹਾ ਲਿਆ ਸੀ ਕਿ ਉਸ ਦੇ ਵਾਰਸਾਂ ਦੇ ਲਖ ਯਤਨ ਭੀ ਉਨ੍ਹਾਂ ਤੋਂ ਤਾਕਤ ਖੋਹ ਨਹੀਂ ਸਕੇ। ਉਨ੍ਹਾਂ ਤੋਂ ਅਧਿਕਾਰ ਖੋਹਣ ਦੀ ਗਲ ਕਰਨ ਪਰ ਹੀ ਮਹਾਰਾਜਾ ਖੜਕ ਸਿੰਘ ਦਾ ਪਿਆਰਾ ਸਾਥੀ ਚੇਤ ਸਿੰਘ ਬਕਰੇ ਵਾਂਗ ਹਲਾਲ ਕੀਤਾ ਗਿਆ ਤੇ ਮਹਾਰਾਜਾ ਖੜਕ ਸਿੰਘ ਨੂੰ ਮਿਠਾ ਮੋਹਰਾ ਦੇ ਕੇ ਜੀਉਂਦਾ ਮੋਇਆਂ ਸਮਾਨ ਕਰ ਦਿਤਾ ਗਿਆ, ਪਤਾ ਨਹੀਂ ਕੈਦ ਦੀ ਹਾਲਤ ਵਿਚ ਉਹ ਕਿਸ ਸਮੇਂ ਪ੍ਰਾਣ ਦੇ ਦੇਵੇ। ਇਸ ਸਮੇਂ ਤਾਂ ਗਰੀਬ ਆਪਣੇ ਜਿਗਰ ਦੇ ਟੁਕੜੇ ਨੌਨਿਹਾਲ ਸਿੰਘ ਤੇ ਆਪਣੇ ਹਿਰਦੇ ਦੀ ਰਾਣੀ ਚੰਦ ਕੌਰਾਂ ਨੂੰ ਇਕ ਵਾਰ-ਅੰਤਮ ਵਾਰ ਵੇਖਣ ਲਈ ਸ਼ਾਹੀ ਕਿਲੇ ਵਿਚ ਤੜਫਦਾ ਹੋਇਆ ਜ਼ਿੰਦਗੀ ਦੇ ਆਖਰੀ ਸਾਸ ਗਿਣ ਰਿਹਾ ਹੈ। ਜੇ ਸ਼ੇਰੇ ਪੰਜਾਬ ਰਾਜਾ ਧਿਆਨ ਸਿੰਘ, ਉਸਦੇ ਭਰਾਵਾਂ ਤੇ ਉਸਦੇ ਪੁਤਰ ਨੂੰ ਇਤਨਾ ਸਿਰ ਨਾ ਚੜ੍ਹਾ ਜਾਂਦਾ ਤਦ ਮਹਾਰਾਜਾ ਖੜਕ ਸਿੰਘ ਨੂੰ ਇਸ ਬਦਨਸੀਬੀ ਦਾ ਕਦੇ ਸਾਹਮਣਾ ਨਾ ਕਰਨਾ ਪੈਂਦਾ।

ਮਹਾਰਾਜਾ ਨੌਨਿਹਾਲ ਸਿੰਘ ਦੀ ਉਮਰ ਹਾਲਾਂ ਵੀਹਾਂ ਸਾਲਾਂ ਦੀ ਪੂਰੀ ਨਹੀਂ ਹੋਈ ਸੀ ਪਰ ਉਸਨੇ ਬਹੁਤ ਵੱਡਾ ਕੰਮ ਹੱਥ ਵਿਚ ਲੈ ਲਿਆ ਸੀ। ਸਿਖ ਰਾਜ ਦੀ ਸਹੀ ਤਾਕਤ ਡੋਗਰਿਆਂ ਦੇ ਹੱਥੋਂ ਕਢ ਕੇ ਉਹ ਪੂਰੀ ਤਰ੍ਹਾਂ ਆਪਣੇ ਹੱਥਾਂ ਵਿਚ ਲੈ ਲੈਣੀ ਚਾਹੁੰਦਾ ਸੀ ਤੇ ਇਸ ਦੇ ਮੰਨਣ ਵਿਚ ਕਿਸੇ ਨੂੰ ਇਨਕਾਰ ਨਹੀਂ ਹੋ ਸਕਦਾ ਕਿ ਆਪਣੇ ਯਤਨਾਂ ਵਿਚ ਉਹ ਬਹੁਤ ਹਦ ਤਕ ਸਫਲ ਹੋ ਚੁਕਿਆ ਸੀ। ਰਾਜ ਪ੍ਰਬੰਧ ਲਈ ਸਲਾਹਕਾਰ ਕੌਂਸਲ ਕਾਇਮ ਕਰਕੇ ਬੜੇ ਸੁਚੱਜੇ ਢੰਗ ਨਾਲ ਇਕ ਤਰ੍ਹਾਂ ਉਹ ਰਾਜਾ ਧਿਆਨ ਸਿੰਘ ਦੇ ਅਧਿਕਾਰ ਵਾਪਸ ਲੈਣ ਵਿਚ ਸਫਲ ਹੋ ਗਿਆ। ਖਾਲਸਾ ਫੌਜ ਭੇਜ ਕੇ ਉਸ ਦੇ ਭਰਾ ਗੁਲਾਬ ਸਿੰਘ ਤੋਂ ਜੋ ਜੰਮੂ ਤੇ ਕਸ਼ਮੀਰ ਦਾ ਖੁਦ ਮੁਖਤਾਰ ਹੁਕਮਰਾਨ ਬਣੀ ਬੈਠਾ ਸੀ, ਉਹ ਮਾਮਲਾ ਉਗਰਾਹ ਚੁਕਿਆ ਸੀ, ਜਿਸ ਦਾ ਨਤੀਜਾ ਇਹ ਹੋਇਆ ਸੀ ਕਿ ਡੋਗਰਾ ਸਰਦਾਰਾਂ ਦਾ ਰੋਹਬ ਦਾਬ ਬਹੁਤ ਘਟ ਹੋ ਚੁਕਿਆ ਸੀ। ਹੁਣ ਰਾਜ ਦਰਬਾਰ ਤੇ ਖਾਲਸਾ ਫੌਜ ਦੇ ਸਰਦਾਰਾਂ ਦਾ ਤਕੜਾ ਹਿੱਸਾ ਉਨ੍ਹਾਂ ਦਾ ਦੁਸ਼ਮਨ ਸੀ ਪਰ ਹਾਲਾਂ ਪੂਰੀ ਤਰ੍ਹਾਂ ਉਨ੍ਹਾਂ ਨੂੰ ਅਧਿਕਾਰਾਂ ਤੇ ਤਾਕਤ ਤੋਂ ਵਾਂਝਿਆ ਨਹੀਂ ਕੀਤਾ ਜਾ ਸਕਿਆ ਸੀ। ਉਂਞ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਮਹਾਰਾਜਾ ਨੌਨਿਹਾਲ ਸਿੰਘ ਥੋੜੇ ਸਮੇਂ ਵਿਚ ਹੀ ਉਨ੍ਹਾਂ ਨੂੰ ਬਿਲਕੁਲ ਨਕਾਰਾ ਕਰਨ ਵਿਚ ਸਫਲ ਹੋ ਜਾਵੇਗਾ।

ਮਹਾਰਾਜਾ ਨੌਨਿਹਾਲ ਸਿੰਘ ਤੇ ਉਸਦੇ ਵਫਾਦਾਰ ਸ੍ਰਦਾਰਾਂ ਦੇ ਦਿਲ ਵਿਚ ਗੱਲ ਬੈਠ ਚੁਕੀ ਸੀ ਕਿ ਜਦ ਤਕ ਡੋਗਰਾ ਗਰਦੀ ਨੂੰ ਖਤਮ ਨਹੀਂ ਕੀਤਾ ਜਾਂਦਾ, ਤਦ ਤਕ ਸਿਖ ਰਾਜ ਦੀ ਖੈਰ ਨਹੀਂ ਤੇ ਉਹ ਪੂਰੀ ਤਾਕਤ ਤੇ ਪੂਰੀ ਸਿਆਣਪ ਨਾਲ ਇਸ ਕੰਮ ਵਿਚ ਜੁਟੇ ਹੋਏ ਸਨ।

ਦੂਜੇ ਪਾਸੇ ਰਾਜਾ ਧਿਆਨ ਸਿੰਘ ਵੀ ਚੁਪ ਨਹੀਂ ਬੈਠਾ ਹੋਇਆ, ਉਹ ਮਹਾਰਾਜਾ ਨੌਨਿਹਾਲ ਸਿੰਘ, ਸੰਧਾਵਾਲੀਆਂ ਅਤੇ ਹੋਰ ਸਰਦਾਰਾਂ ਦੀਆਂ ਚਾਲਾਂ ਤੋਂ ਪੂਰੀ ਤਰ੍ਹਾਂ ਖਬਰਦਾਰ ਏ ਤੇ ਸਿਆਣੇ ਘੁਲਾਟੀਏ ਵਾਂਗ ਸੋਚ ਰਿਹਾ ਹੈ ਕਿ ਕਿਹੜਾ ਦਾਅ ਵਰਤ ਕੇ ਉਨ੍ਹਾਂ ਸਾਰਿਆਂ ਦੀ ਪਿਠ ਲਾਵੇ। ਗੁਲਾਬ ਸਿੰਘ ਪਾਸੋਂ ਮਹਾਰਾਜਾ ਨੌਨਿਹਾਲ ਸਿੰਘ ਨੇ ਖਾਲਸਾ ਫੌਜ ਦੁਵਾਰਾ ਮਾਮਲਾ ਕੀ ਉਗਰਾਇਆ, ਡੋਗਰਾ ਸ੍ਰਦਾਰਾਂ ਦੇ ਦਿਲਾਂ ਵਿਚ ਬਦਲੇ ਦੇ ਭਾਂਬੜ ਬਾਲ ਦਿਤੇ ਤੇ ਉਹ ਵਧੇਰੇ ਸਰਗਰਮੀ ਨਾਲ ਲਾਹੌਰ ਦੇ ਰਾਜ ਤਖਤ ਪਰ ਕਬਜ਼ਾ ਕਰਨ ਤੇ ਰਾਜ ਘਰਾਣੇ ਨੂੰ ਖਤਮ ਕਰਨ ਦੀਆਂ ਗੋਂਦਾਂ ਗੁੰਦਣ ਵਿਚ ਰੁਝ ਗਏ। ਰਾਜਾ ਗੁਲਾਬ ਸਿੰਘ ਭੀ ਜਮੂੰ ਤੋਂ ਲਾਹੌਰ ਆ ਟਿਕਿਆ। ਰਾਜਾ ਸੁਚੇਤ ਸਿੰਘ ਤੇ ਰਾਜਾ ਹੀਰਾ ਸਿੰਘ ਸਨ ਹੀ ਉਥੇ। ਜਨਰਲ ਗਾਰਡਨਰ ਤੇ ਕੁਝ ਹੋਰ ਡੋਗਰਾ ਸ੍ਰਦਾਰ ਉਨ੍ਹਾਂ ਦਾ ਪੂਰੀ ਤਰ੍ਹਾਂ ਹਥ ਠੋਕਾ ਬਣੇ ਹੋਏ ਸਨ। ਜਨਰਲ ਗਾਰਡਨਰ ਇਕ ਯੂਰਪੀਨ ਜਰਨੈਲ ਸੀ। ਇਤਿਹਾਸਕਾਰ ਕਹਿੰਦੇ ਹਨ ਕਿ ਉਹ ਅੰਗ੍ਰੇਜ਼ਾਂ ਦੇ ਇਸ਼ਾਰੇ ਪਰ ਰਾਜ ਘਰਾਣੇ ਦੀ ਬਰਬਾਦੀ ਲਈ ਧਿਆਨ ਸਿੰਘ ਦਾ ਸਾਥ ਦੇ ਰਿਹਾ ਸੀ। ਇਹ ਗੱਲ ਸੱਚੀ ਹੈ ਜਾਂ ਨਹੀਂ, ਅਸੀਂ ਇਥੇ ਇਸ ਬਹਿਸ ਵਿਚ ਨਹੀਂ ਪੈਂਦੇ ਪਰ ਇਹ ਗਲ ਸਪਸ਼ਟ ਹੈ ਕਿ ਫੌਜ ਵਿਚ ਜਨਰਲ ਗਾਰਡਨਰ ਹੀ ਉਸਦਾ ਇਕ ਮਾਤਰ ਸਹਾਰਾ ਸੀ, ਜੇ ਉਹ ਉਸ ਦਾ ਸਾਥ ਨਾ ਦਿੰਦਾ ਤਾਂ ਨਹੀਂ ਕਿਹਾ ਜਾ ਸਕਦਾ ਕਿ ਡੋਗਰਾ ਸਰਦਾਰਾਂ ਦੀ ਕੋਈ ਵੀ ਸਾਜ਼ਸ਼ ਸਿਰੇ ਚੜ੍ਹ ਸਕਦੀ।

ਸੁਖ, ਮਹਾਰਾਜਾ ਨੌਨਿਹਾਲ ਸਿੰਘ, ਸ਼ਾਹੀ ਪ੍ਰਵਾਰ ਤੇ ਬਾਕੀ ਸਿਖ ਸਰਦਾਰਾਂ ਦੇ ਉਹ ਜਾਨੀ ਦੁਸ਼ਮਨ ਬਣ ਚੁਕੇ ਹਨ ਤੇ ਸਿਖ ਰਾਜ ਪਰ ਹੱਥ ਸਾਫ ਕਰਨ ਲਈ ਖੂਨ ਦੀ ਨਦੀ ਵਿਚ ਤਰਨ ਦੀਆਂ ਗੋਂਦਾਂ ਗੁੰਦ ਰਹੇ ਹਨ। ਰਾਜਾ ਧਿਆਨ ਸਿੰਘ ਦੇ ਮਹੱਲ ਵਿਚ ਦਿਨੇ ਰਾਤ ਗੁਪਤ ਸਭਾਵਾਂ ਹੁੰਦੀਆਂ ਹਨ। ਰਾਜਾ ਗੁਲਾਬ ਸਿੰਘ ਤੇ ਰਾਜਾ ਧਿਆਨ ਸਿੰਘ ਤਾਂ ਅਧੀ ਅਧੀ ਰਾਤ ਤਕ ਬੰਦ ਕਮਰੇ ਵਿਚ ਡੂੰਘੀਆਂ ਸਲਾਹਾਂ ਵਿਚ ਪਏ ਰਹਿੰਦੇ ਹਨ ਪਰ ਪ੍ਰਗਟ ਤੌਰ ਪਰ ਉਹ ਚੁਪ ਦਿਸਦੇ ਹਨ। ਆਮ ਲੋਕਾਂ ਦਾ ਖਿਆਲ ਹੈ ਕਿ ਨਵਾਂ ਮਹਾਰਾਜਾ ਉਨ੍ਹਾਂ ਨੂੰ ਦਬਾਉਣ ਵਿਚ ਸਫਲ ਹੋ ਗਿਆ ਏ ਪਰ ਸਿਆਣੇ ਨੀਤੀਵੇਤਾ ਸਮਝ ਰਹੇ ਹਨ ਕਿ ਉਨ੍ਹਾਂ ਦੀ ਚੁਪ ਉਸ ਖਾਮੋਸ਼ੀ ਜਿਹੀ ਏ, ਜੋ ਕਿਸੇ ਤਕੜੇ ਤੂਫਾਨ ਤੋਂ ਪਹਿਲਾਂ ਵੇਖੀ ਜਾਂਦੀ ਏ। ਮਹਾਰਾਜਾ ਨੌਨਿਹਾਲ ਸਿੰਘ ਤੇ ਉਸ ਦੇ ਸਰਦਾਰ ਭੀ ਇਸ ਤੋਂ ਅਵੇਸਲੇ ਨਹੀਂ ਹਨ ਪਰ ਉਹ ਸਾਰਾ ਕੰਮ ਨਿਹਾਇਤ ਸਵਾਧਾਨੀ, ਸਿਆਣਪ ਤੇ ਨਰਮੀ ਨਾਲ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਕਾਰਵਾਈ ਵਿਚ ਜਿਤਨੀ ਦਲੇਰੀ ਦੀ ਲੋੜ ਹੈ, ਉਤਨੀ ਨਜ਼ਰ ਨਹੀਂ ਆਉਂਦੀ।

ਲੜਾਈ ਦੇ ਢਾਈ ਫਟ ਹੁੰਦੇ ਹਨ। ਸਿਆਣੇ ਆਖਦੇ ਹਨ ਕਿ ਬੀਮਾਰੀ ਤੇ ਦੁਸ਼ਮਨ ਨੂੰ ਜੰਮਦੋ ਹੀ ਖਤਮ ਕਰੋ। ਪਿਛੋਂ ਨਾ ਕੇਵਲ ਇਨ੍ਹਾਂ ਨੂੰ ਖਤਮ ਕਰਨਾ ਹੀ ਮੁਸ਼ਕਲ ਹੋ ਜਾਂਦਾ ਏ; ਸਗੋਂ ਉਹ ਉਲਟੇ ਜਾਨ ਦੇ ਲਾਗੂ ਬਣ ਜਾਂਦੇ ਹਨ, ਮਹਾਰਾਜਾ ਨੌਨਿਹਾਲ ਸਿੰਘ ਦੇ ਦਿਲ ਵਿਚ ਇਹ ਗਲ ਬਹਿ ਤਾਂ ਗਈ ਹੈ ਪਰ ਇਸਨੂੰ ਅਮਲੀ ਰੂਪ ਦੇਣ ਲਈ ਜਿਸ ਫੁਰਤੀ ਦੀ ਲੋੜ ਹੈ, ਉਹ ਉਸਦੇ ਅਮਲ ਵਿਚ ਨਹੀਂ ਦਿਸਦੀ।

ਦੂਜੇ ਪਾਸੇ ਡੋਗਰਾ ਸਰਦਾਰਾਂ ਦੇ ਦਿਲ ਵਿਚ ਕੀ ਏ? ਇਸ ਦਾ ਕਿਸੇ ਨੂੰ ਠੀਕ ਪਤਾ ਨਹੀਂ। ਕੋਈ ਨਹੀਂ ਜਾਣਦਾ ਕਿ ਉਹ ਕੀ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਨੇ ਸਿਖ ਰਾਜ ਦੇ ਇਤਿਹਾਸ ਵਿਚ ਜਿਹੜਾ ਖੁੂਨੀ-ਕਾਂਡ ਸੁਰੂ ਕਰ ਰਖਿਆ ਏ, ਉਸਦਾ ਅੰਤ ਕਦ ਹੋਵੇਗਾ। ਹਾਂ, ਉਨ੍ਹਾਂ ਦੀ ਪੁਰਮਾਅਨੀ ਚੁਪ ਨਾਲ ਕਈ ਤਰ੍ਹਾਂ ਦੀ ਚਰਚਾ ਹੋ ਰਹੀ ਏ।

ਅਜ ਅਸੀਂ ਰਾਵੀ ਦੇ ਕੰਢੇ ਦੋਹਾਂ ਡੋਗਰਾ ਭਰਾਵਾਂ ਗੁਲਾਬ ਸਿੰਘ ਤੇ ਧਿਆਨ ਸਿੰਘਨੂੰ ਟਹਿਲਦੇ ਹੋਏ ਵੇਖ ਰਹੇ ਹਾਂ, ਭਾਵੇਂ ਉਨ੍ਹਾਂ ਦੇ ਨੇੜੇ ਕੋਈ ਨਹੀਂ ਪਰ ਤਦ ਵੀ ਉਹ ਨਿਹਾਇਤ ਹੌਲੀ ਹੌਲੀ ਗੱਲਾਂ ਕਰ ਰਹੇ ਹਨ, ਜਿਨ੍ਹਾਂ ਨੂੰ ਸੁਣਨਾ ਅਸੰਭਵ ਹੈ। ਇਸ ਤਰ੍ਹਾਂ ਉਹ ਕੋਈ ਘੰਟਾ ਸਵਾ ਘੰਟਾ ਏਧਰ ਤੋਂ ਓਧਰ ਘੁੰਮਦੇ ਰਹੇ। ਉਨ੍ਹਾਂ ਦੇ ਚੇਹਰਿਆਂ ਤੋਂ ਇਉਂ ਭਾਸਦਾ ਸੀ, ਮਾਨੋ ਭਿਆਨਕ ਕੰਮ ਕਰਨ ਦਾ ਬਾਨਣੂ ਬੰਨ ਰਹੇ ਹਨ। ਇਸ ਗਲ ਕਥ ਦੇ ਪਿਛੋਂ ਡੋਗਰੇ ਭਰਾ ਘੋੜਿਆਂ ਪਰ ਸਵਾਰ ਹੋ ਕੇ ਸ਼ਹਿਰ ਨੂੰ ਮੁੜੇ। ਹੁਣ ਉਹ ਨਿਸਚਿੰਤ ਜਿਹੇ ਭਾਸਦੇ ਸਨ। ਮਲੂਮ ਹੁੰਦਾ ਸੀ ਕਿ ਉਹ ਕੋਈ ਕਤੱਈ ਫੈਸਲਾ ਕਰਕੇ ਬੇ-ਫਿਕਰ ਹੋ ਚੁਕੇ ਹਨ। ਗੁਲਾਬ ਸਿੰਘ ਕਹਿ ਰਿਹਾ ਸੀ- ‘‘ਧਿਆਨ ਸਿੰਘਾ ਤੇਰੀ ਸਲਾਹ ਮੇਰੇ ਮਨ ਲਗੀ ਏ।’’ ‘‘ਇਸ ਤੋਂ ਬਿਨਾ ਚਾਰਾ ਹੀ ਕੋਈ ਨਹੀਂ ਭਾਈਆ।’’ ਧਿਆਨ ਸਿੰਘ ਨੇ ਉਤਰ ਦਿਤਾ।

‘‘ਪਰ ਕੰਮ ਵਧੇਰੇ ਇਹਤਿਆਤ ਨਾਲ ਕਰਨਾ। ਮੇਰੀ ਸਲਾਹ ਏ ਮੈਂ ਹਾਲਾਂ ਜਮੂੰ ਚਲਿਆ ਜਾਵਾਂ, ਤਾਕਿ ਜੇ ਗਲ ਵਿਗੜ ਜਾਵੇ ਤਾਂ ਕੋਈ ਹੋਰ ਪ੍ਰਬੰਧ ਕਰ ਸਕਾਂ।’’ ਗੁਲਾਬ ਸਿੰਘ ਨੇ ਇਹ ਗਲ ਕੁਝ ਹੌਲੀ ਜਿਹੀ ਕਹੀ।

‘‘ਸਿਆਣੀ ਗਲ ਏ ਭਾਈਆ ਪਰ ਬਹੁਤਾ ਫਿਕਰ ਨਹੀਂ ਕਰਨਾ। ਤੁਹਾਡੇ ਧਿਆਨ ਸਿੰਘ ਦੇ ਸਾਹਮਣੇ ਅਖ ਉਚੀ ਕਰਨ ਵਾਲਾ ਕੋਈ ਪੁਤ ਹਾਲਾਂ ਤਕ ਕਿਸੇ ਮਾਂ ਨੇ ਨਹੀਂ ਜੰਮਿਆਂ।’’ ਧਿਆਨ ਸਿੰਘ ਨੇ ਬੜੇ ਠਰੰਮੇ ਦੇ ਜੋਸ਼ ਨਾਲ ਕਿਹਾ।

ਇਸ ਦੇ ਪਿਛੋਂ ਇਨ੍ਹਾਂ ਏਧਰ ਓਧਰ ਦੀਆਂ ਗੱਲਾਂ ਛੋਹ ਦਿਤੀਆਂ ਤੇ ਵੇਖਦੇ ਹੀ ਵੇਖਦੇ ਸ਼ਹਿਰ ਵਿਚ ਵੜ ਕੇ ਅਖਾਂ ਤੋਂ ਉਹਲੇ ਹੋ ਗਏ।

---੦---