੧੪.

ਜਦ ਤੋਂ ਮਹਾਰਾਜਾ ਖੜਕ ਸਿੰਘ ਨੂੰ ਸ਼ਾਹੀ ਕਿਲੇ ਵਿਚ ਕੈਦ ਕੀਤਾ ਗਿਆ ਸੀ, ਹੁਣ ਤਕ ਉਸ ਦੇ ਅੰਦਰ ਕਿਸੇ ਨੂੰ ਆਉਣ ਦੀ ਆਗਿਆ ਨਹੀਂ ਦਿਤੀ ਗਈ ਸੀ। ਧਿਆਨ ਸਿੰਘ ਤੇ ਉਸ ਦੇ ਇਤਬਾਰੀ ਆਦਮੀਆਂ ਤੋਂ ਬਿਨਾਂ ਕਿਸੇ ਨੇ ਭੀ ਮਹਾਰਾਜਾ ਖੜਕ ਸਿੰਘ ਦੇ ਦਰਸ਼ਨ ਨਹੀਂ ਸਨ ਕੀਤੇ ਪਰ ਅਜ ਸਵਾ ਕੁ ਸਾਲ ਦੇ ਪਿਛੋਂ ਅਸੀਂ ਕਿਲੇ ਦੇ ਦਰਵਾਜ਼ੇ ਖੁਲ੍ਹੇ ਵੇਖ ਰਹੇ ਹਨ। ਰਾਜਾ ਧਿਆਨ ਸਿੰਘ ਨੇ ਅਜ ਮਹਾਰਾਜਾ ਨੌਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਪਾਸ ਉਚੇਚੇ ਪੁਜ ਕੇ ਬੇਨਤੀ ਕੀਤੀ ਹੈ ਕਿ ਮਹਾਰਾਜਾ ਖੜਕ ਸਿੰਘ ਉਨ੍ਹਾਂ ਨੂੰ ਯਾਦ ਕਰਦਾ ਏ।

ਆਓ ਮਹਾਰਾਜਾ ਖੜਕ ਸਿੰਘ ਦੇ ਬੰਦੀ ਖਾਨੇ ਵਿਚ ਚਲੀਏ। ਮਹਾਰਾਜਾ ਮੰਜੇ ਵਿਚ ਨਿਢਾਲ ਪਿਆ ਏ, ਜ਼ਬਾਨ ਰੁਕੀ ਹੋਈ ਏ ਤੇ ਅਖਾਂ ਤਾੜੇ ਲਗੀਆਂ ਹੋਈਆਂ ਹਨ। ਇਉਂ ਮਲੂਮ ਹੁੰਦਾ ਏ ਕਿ ਉਸ ਦੀ ਆਤਮਾ ਹੁਣ ਕੁਝ ਪਲਾਂ ਦੀ ਪ੍ਰਾਹੁਣੀ ਹੈ। ਰਾਜਾ ਧਿਆਨ ਸਿੰਘ ਉਸ ਦੇ ਪਲੰਘ ਪਾਸ ਕੁਰਸੀ ਡਾਹ ਕੇ ਬੈਠਾ ਹੋਇਆ ਏ ਤੇ ਕੁਝ ਹਕੀਮ ਫਰਸ਼ ਪਰ ਬੈਠੇ ਦਵਾਈਆਂ ਬਣਾ ਰਹੇ ਹਨ। ਇਸ ਸਮੇਂ ਮਹਾਰਾਜਾ ਨੌਨਿਹਾਲ ਸਿੰਘ ਆਪਣੀ ਮਾਤਾ ਮਹਾਰਾਣੀ ਚੰਦ ਕੌਰ ਸਮੇਤ ਅੰਦਰ ਆਇਆ। ਮਹਾਰਾਜਾ ਖੜਕ ਸਿੰਘ ਦੀ ਹਾਲਤ ਵੇਖ ਕੇ ਮਹਾਰਾਜਾ ਨੌਨਿਹਾਲ ਸਿੰਘ ਦੀਆਂ ਅਖਾਂ ਵਿਚੋਂ ਹੰਝੂਆਂ ਦੇ ਦਰਯਾ ਵਹਿ ਤੁਰੇ। ਪਿਤਾ ਦੇ ਪਿਆਰ ਨੇ ਉਛਾਲਾ ਖਾਧਾ ਤੇ ਧਾਹ ਮਾਰ ਕੇ ਪਿਤਾ ਦੀ ਛਾਤੀ ਨਾਲ ਜਾ ਲਗਾ। ਮਹਾਰਾਜਾ ਖੜਕ ਸਿੰਘ ਦੀਆਂ ਅਖਾਂ ਪੁਤਰ ਦਾ ਇਹ ਪਿਆਰ ਵੇਖ ਕੇ ਇਕ ਵਾਰ-ਅਖੀਰੀ ਵਾਰ ਚਮਕ ਉਠੀਆਂ! ਉਸਦੀਆਂ ਸੁਕੀਆਂ ਹੋਈਆਂ ਬਾਹਵਾਂ ਉਪਰ ਉਠੀਆਂ ਤੇ ਉਸ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਗਲਵਕੜੀ ਵਿਚ ਲੈ ਰਿਹਾ। ਜ਼ਬਾਨ ਨੇ ਬੋਲਣ ਦਾ ਯਤਨ ਕੀਤਾ ਪਰ ਅਸਫਲ। ਗੁਣ ਗੁਣ ਤੋਂ ਬਿਨਾਂ ਇਕ ਵੀ ਸ਼ਬਦ ਮਹਾਰਾਜਾ ਖੜਕ ਸਿੰਘ ਦੇ ਮੂੰਹੋਂਂ ਨਹੀਂ ਨਿਕਲ ਸਕਿਆ ਪਰ ਇਹ ਗੁਣ ਗੁਣ ਬੰਦ ਨਹੀਂ ਹੁੰਦੀ ਸੀ। ਮਲੂਮ ਹੁੰਦਾ ਸੀ ਕਿ ਉਸ ਦੀ ਛਾਤੀ ਵਿਚ ਕੋਈ ਤਕੜਾ ਭੇਦ ਏ, ਜਿਸ ਨੂੰ ਉਹ ਪ੍ਰਗਟ ਕਰਨ ਦਾ ਯਤਨ ਕਰ ਰਿਹਾ ਏ ਪਰ ਕਰ ਨਹੀਂ ਸਕਦਾ। ਦੁਸ਼ਮਨਾਂ ਨੇ ਉਸਦੀ ਜ਼ਬਾਨ ਪਰ ਕਦੇ ਨਾ ਖੁਲਣ ਵਾਲਾ ਜਿੰਦਰਾ ਲਾ ਰਖਿਆ ਹੈ।

ਏਧਰ ਮਹਾਰਾਜਾ ਖੜਕ ਸਿੰਘ ਤੇ ਮਹਾਰਾਜਾ ਨੌਨਿਹਾਲ ਸਿੰਘ ਦੀ ਇਹ ਹਾਲਤ ਹੈ ਤੇ ਦੂਜੇ ਪਾਸੇ ਮਹਾਰਾਣੀ ਚੰਦ ਕੌਰ ਛਾਤੀ ਪਿਟ ਕੇ ਰਹਿ ਗਈ ਸੀ। ਇਕ ਸਾਲ ਵਿਚ ਹੀ ਉਸਦੇ ਪਤੀ ਦੀ ਇਹ ਹਾਲਤ ਹੋ ਜਾਵੇਗੀ ਤੇ ਉਸ ਨੂੰ ਪਤਾ ਤਕ ਨਹੀਂ ਲਗਣ ਦਿਤਾ ਜਾਵੇਗਾ ਇਸ ਦਾ ਉਸਨੂੰ ਖਿਆਲ ਤਕ ਨਹੀਂ ਸੀ, ਅਜ ਆਪਣੇ ਸੁੰਦਰ ਪਤੀ ਦੀ ਥਾਂ ਪਲੰਘ ਪਰ ਇਕ ਜੀਊਂਦੀ ਲਾਸ਼ ਵੇਖਕੇ ਉਸਦੀ ਖਾਨਿਓਂਂ ਗਈ, ਉਸ ਤੋਂ ਨਹੀਂ ਰਿਹਾ ਗਿਆ। ਧਾਹ ਮਾਰ ਕੇ ਕਹਿਣ ਲਗੀ——‘‘ਇਹ ਕੀ ਕਹਿਰ ਗੁਜ਼ਾਰਿਆ ਈ ਧਿਆਨ ਸਿੰਘਾ!’’ ਇਸ ਵੇਲੇ ਮਹਾਰਾਣੀ ਚੰਦ ਕੌਰ ਗੁਸੇ ਤੇ ਗਮ ਨਾਲ ਥਰ ਥਰ ਕੰਬ ਰਹੀ ਸੀ। ਚਿਹਰਾ ਲਾਲ ਸੁਰਖ ਹੋ ਗਿਆ, ਮਾਨੋ ਸਰੀਰ ਦਾ ਸਾਰਾ ਖੂਨ ਚਿਹਰੇ ਵਿਚ ਆ ਇਕੱਠਾ ਹੋਇਆ ਏ ਤੇ ਗੁਸੇ ਦਾ ਰੂਪ ਧਾਰ ਕੇ ਉਸ ਦੇ ਸੁੰਦਰ ਨੈਣਾਂ ਵਿਚੋਂ ਦੀ ਵਹਿ ਜਾਣਾ ਚਾਹੁੰਦਾ ਏ, ਉਸ ਦੀਆਂ ਅਖਾਂ ਲਾਲ ਸੁਰਖ ਹੈ ਚੁਕੀਆਂ ਸਨ।

ਧਿਆਨ ਸਿੰਘ ਨੇ ਮਹਾਰਾਣੀ ਦੀ ਗਲ ਦਾ ਕੋਈ ਉਤਰ ਨਹੀਂ ਦਿਤਾ, ਉਸ ਨੇ ਸੁਣੀ ਅਣਸੁਣੀ ਕਰ ਛੱਡੀ। ਮਹਾਰਾਣੀ ਧਾਹਾਂ ਮਾਰਦੀ ਹੋਈ ਪਤੀ ਦੇ ਪਲੰਘ ਵਲ ਵਧੀ ਤੇ ਉਸ ਦਾ ਹੱਥ ਜਾ ਫੜਿਆ। ਮਹਾਰਾਜਾ ਖੜਕ ਸਿੰਘ ਨੇ ਉਸਦਾ ਹੱਥ ਫੜ ਕੇ ਛਾਤੀ ਪਰ ਰਖ ਲਿਆ। ਇਸ ਸਮੇਂ ਮਹਾਰਾਜਾ ਨੌਨਿਹਾਲ ਸਿੰਘ ਤੇ ਉਸਦੀ ਮਾਂ ਮਹਾਰਾਣੀ ਚੰਦ ਕੌਰ ਮਹਾਰਾਜਾ ਖੜਕ ਸਿੰਘ ਨਾਲ ਚਮੜ ਜ਼ਾਰ ਜ਼ਾਰ ਰੋ ਰਹੇ ਸਨ। ਰਾਜਾ ਧਿਆਨ ਸਿੰਘ ਗੰਭੀਰ ਰੂਪ ਵਿਚ ਲਾਗੇ ਕੁਰਸੀ ਪਰ ਬੈਠਾ ਸੀ, ਆਖਰ ਉਸ ਨੇ ਮਹਾਰਾਜਾ ਨੌਨਿਹਾਲ ਸਿੰਘ ਨੂੰ ਸੰਬੋਧਨ ਕਰਕੇ ਕਿਹਾ——"ਮਹਾਰਾਜ! ਰੋਣ ਦਾ ਕੀ ਲਾਭ, ਮਰਦ ਹੋ ਕੇ ਦਿਲ ਨਾ ਛਡੋ। ਦਵਾ ਦਾਰੂ ਕਰ ਹੀ ਰਹੇ ਹਾਂ, ਆਸ ਹੈ ਰਾਜ਼ੀ ਹੋ ਜਾਣਗੇ।’’

"ਰਾਜ਼ੀ ਹੋ ਜਾਣਗੇ?—— ਤੁਸਾਂ ਤਾਂ ਇਨ੍ਹਾਂ ਨੂੰ ਸਦਾ ਲਈ, ਰਾਜ਼ੀ ਕਰ ਦਿਤਾ ਏ, ਹੱਛਾ!’’ ਮਹਾਰਾਜਾ ਨੌਨਿਹਾਲ ਸਿੰੰਘ ਭੁਬ ਮਾਰ ਕੇ ਆਖਿਆ।

ਮਹਾਰਾਜਾ ਨੌਨਿਹਾਲ ਸਿੰਘ ਦੇ ਇਹ ਸ਼ਬਦ ਉਸ ਦੇ ਹਿਰਦੇ ਦੀ ਤਸਵੀਰ ਸਨ। ਨਿਰਾਸਤਾ, ਗੁਸੇ ਤੇ ਬਦਲੇ ਦੀ ਅੱਗ ਉਸ ਵਿਚ ਭਰੀ ਹੋਈ ਸੀ। ਇਸ ਸਮੇਂ ਉਹ ਇਤਨੇ ਗੁਸੇ ਵਿਚ ਸੀ ਕਿ ਰਾਜਾ ਧਿਆਨ ਸਿੰਘ ਨੂੰ ਉਸ ਦੇ ਸਾਹਮਣੇ ਅਖ ਉਚੀ ਕਰਨ ਦਾ ਹੌਸਲਾ ਨਹੀਂ ਪਿਆ, ਅਜ ਉਹ ਉਸ ਤਰ੍ਹਾਂ ਥਰ ਥਰ ਕੰਬ ਰਿਹਾ ਸੀ, ਜਿਸ ਤਰ੍ਹਾਂ ਸ਼ੇਰੇ ਪੰਜਾਬ ਦੇ ਸਾਹਮਣੇ ਕੰਬਿਆ ਕਰਦਾ ਸੀ। ਫਰਕ ਕੇਵਲ ਇਤਨਾ ਸੀ ਕਿ ਉਸ ਸਮੇਂ ਕਾਂਬੇ ਦੇ ਨਾਲ ਆਜਜ਼ੀ ਤੇ ਡਰ ਹੁੰਦਾ ਸੀ ਪਰ ਇਸ ਕਾਂਬੇ ਵਿਚ ਡਰ ਥੋੜਾ ਸੀ, ਆਜਜ਼ੀ ਉਕੀ ਹੀ ਨਹੀਂ ਸੀ ਤੇ ਉਸ ਦੀ ਥਾਂ ਗੁਸੇ ਨੇ ਆ ਮੱਲੀ ਸੀ। ਇਸ ਸਮੇਂ ਉਸਦਾ ਮੂੰਹ ਬਹੁਤ ਭਿਆਨਕ ਨਜ਼ਰ ਆ ਰਿਹਾ ਸੀ ਪਰ ਉਸ ਵਲ ਖਿਆਲ ਕਿਸ ਦਾ ਨਹੀਂ ਸੀ, ਸਾਰਿਆਂ ਦਾ ਧਿਆਨ ਮਹਾਰਾਜਾ ਖੜਕ ਸਿੰਘ ਵਲ ਲਗਿਆ ਹੋਇਆ ਸੀ, ਜੋ ਪਲੰਘ ਪਰ ਨਿਢਾਲ ਪਿਆ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਿਹਾ ਸੀ। ਧਿਆਨ ਸਿੰਘ ਇਸ ਸਮੇਂ ਮਿਟੀ ਦਾ ਬੁਤ ਬਣਿਆ ਬੈਠਾ ਸੀ।

ਅਚਾਨਕ ਮਹਾਰਾਜਾ ਖੜਕ ਸਿੰਘ ਦੀਆਂ ਅੱਖਾਂ ਇਕ ਵਾਰ ਫੇਰ ਚਮਕ ਉਠੀਆਂ, ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਬੁਝਣ ਤੋਂ ਪਹਿਲਾਂ ਦੀਵਾ ਵਧੇਰ ਜ਼ੋਰ ਨਾਲ ਬਲਦਾ ਏ। ਉਸ ਨੇ ਇਕ ਹੱਥ ਵਿਚ ਮਹਾਰਾਣੀ ਚੰਦ ਕੌਰ ਤੇ ਦੂਜੇ ਹੱਥ ਵਿਚ ਮਹਾਰਾਜਾ ਨੌਨਿਹਾਲ ਸਿੰਘ ਦਾ ਹੱਥ ਲੈ ਲਿਆ; ਜ਼ਬਾਨ ਨੇ ਬੋਲਣ ਦਾ ਯਤਨ ਕੀਤਾ ਪਰ ‘‘ਮੇਂ ਮੇਂ.........?" ਕਰਕੇ ਰਹਿ ਗਈ, ਅਗੇ ਨਹੀਂ ਚਲ ਸਕੀ। ਉਸਨੂੰ ਲਗਾ ਜੰਦਰਾ ਖੁਲ ਨਹੀਂ ਸਕਿਆ ਪਰ ਅਖਾਂ ਬਰਾਬਰ ਆਪਣਾ ਕੰਮ ਕਰ ਰਹੀਆਂ ਸਨ। ਮਾਨੋ ਆਪਣੀ ਦੁਖਤ-ਕਹਾਣੀ ਮਹਾਰਾਜਾ ਖੜਕ ਸਿੰਘ ਅਖਾਂ ਰਾਹੀਂ ਇਸਤਰੀ ਤੇ ਪੁਤਰ ਦੇ ਦਿਲ ਤਕ ਪੁਚਾ ਦੇਣੀ ਚਾਹੁੰਦਾ ਹੈ ਪਰ ਇਸ ਦੀ ਲੋੜ ਨਹੀਂ ਸੀ, ਉਹ ਬਿਨਾਂ ਦੱਸਣ ਤੋਂ ਸਭ ਕੁਝ ਸਮਝ ਗਏ ਸਨ। ਮਹਾਰਾਜਾ ਖੜਕ ਸਿੰਘ ਦੀ ਇਸ ਦੁਰਦਸ਼ਾ ਦੇ ਪਿਛੋਂ ਕਿਸੇ ਦੇ ਕੁਝ ਕਹਿਣ ਦੀ ਲੋੜ ਨਹੀਂ ਸੀ; ਉਹ ਧਿਆਨ ਸਿੰਘ ਦੇ ਦੁਸਟਪੁਣੇ ਦੀ ਜੀਉਂਦੀ ਜਾਗਦੀ ਤਸਵੀਰ ਸੀ। ਇਸ ਸਮੇਂ ਮਹਾਰਾਜਾ ਨੌਨਿਹਾਲ ਸਿੰਘ ਤੇ ਉਸ ਦੀ ਮਾਤਾ ਦੇ ਹਿਰਦੇ ਵਿਚ ਰਾਜਾ ਧਿਆਨ ਸਿੰਘ ਵਿਰੁਧ ਨਫਰਤ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ, ਉਨ੍ਹਾਂ ਬੰਨੇ ਤੋੜ ਕੇ ਬਾਹਰ ਨਿਕਲਣ ਤੋਂ ਰੋਕੀ ਰਖਣ ਦਾ ਯਤਨ ਕੀਤਾ, ਕਿਸੇ ਹੋਰ ਸਮੇਂ ਲਈ; ਪਰ ਇਸ ਵਿਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੇ। ਕੁਝ ਗੱਲਾਂ ਉਨ੍ਹਾਂ ਦੇ ਮੂੰਹੋਂ ਨਿਕਲ ਹੀ ਗਈਆਂ।

ਮਹਾਰਾਜਾ ਖੜਕ ਸਿੰਘ ਦੀ ਹਾਲਤ ਥੋੜੀ ਜਿਹੀ ਸੁਧਰ ਕੇ ਫੇਰ ਖਰਾਬ ਹੋਣ ਲਗੀ। ਉਸ ਦੇ ਹੱਥ ਬੇ-ਹਰਕਤ ਹੋ ਕੇ ਹੇਠ ਡਿਗ ਪਏ, ਅਖਾਂ ਦੀ ਜੋਤੀ ਮਧਮ ਹੋਣ ਲਗੀ ਤੇ ਨਬਜ਼ ਬੰਦ ਹੋ ਗਈ। ਇਸ ਸਮੇਂ ਮਹਾਰਾਜਾ ਖੜਕ ਸਿੰਘ ਦੀ ਇਕ ਨਬਜ਼ ਪਰ ਉਸ ਦੇ ਪੁਤਰ ਤੇ ਦੂਜੇ ਪਰ ਉਸਦੀ ਰਾਣੀ ਦਾ ਹੱਥ ਸੀ। ਨਬਜ਼ ਟੁਟਣ ਦੇ ਨਾਲ ਹੀ ਉਸ ਦੀਆਂ ਅਖਾਂ ਵਿਚ ਵਿਚ ਦੋ ਮੋਟੇ ਮੋਟੇ ਅਥਰੂ ਡਿਗੇ, ਮੂੰਹ ਵਿਚੋਂ ਇਕ ਠੰਡਾ ਹਾਉਕਾ ਨਿਕਲਿਆ ਤੇ ਸ਼ੇਰੇ ਪੰਜਾਬ ਦਾ ਜੇਠਾ ਪੁਤਰ ਤੇ ਪੰਜਾਬ ਦਾ ਵਾਲੀ ਮਹਾਰਾਜਾ ਖੜਕ ਸਿੰਘ ਸਦਾ ਦੀ ਨੀਂਦੇ ਸੌਂ ਗਿਆ, ਜਿਸ ਤੋਂ ਹਾਲਾਂ ਤਕ ਕੋਈ ਉਠਿਆ ਨਹੀਂ। ਉਸ ਦੀ ਰੂਹ ਧਿਆਨ ਸਿੰਘ ਦੇ ਜ਼ੁਲਮ ਦੀ ਮਾਰ ਤੋਂ ਬਹੁਤ ਦੂਰ ਜਾ ਚੁਕੀ ਸੀ। ਮਹਾਰਾਜਾ ਖੜਕ ਸਿੰਘ ਦੀ ਮੌਤ ਪਰ ਮਹਾਰਾਜਾ ਨੌਨਿਹਾਲ ਸਿੰਘ ਦੀਆਂ ਧਾਹਾਂ ਤੇ ਮਹਾਰਾਣੀ ਚੰਦ ਕੌਰ ਦੇ ਵੈਣ ਅਕਾਸ਼ ਤਕ ਨੂੰ ਕੰਬਾ ਰਹੇ ਸਨ, ਉਨ੍ਹਾਂ ਨੂੰ ਸੁਣ ਕੇ ਪਥਰ ਤਕ ਮੋਮ ਹੋ ਚੁਕੇ ਹਨ। ਇਓਂ ਮਲੂਮ ਹੁੰਦਾ ਸੀ ਕਿ ਮਾਂ ਪੁਤਰ ਹੰਝੂਆਂ ਦੇ ਸਾਰੇ ਮੋਤੀ ਮਹਾਰਾਜਾ ਖੜਕ ਸਿੰਘ ਦੀ ਯਾਦ ਵਿਚ ਲੁਟਾ ਦੇਣਾ ਚਾਹੁੰਦੇ ਹਨ। ਹਿਰਦੇ ਦੀ ਸਾਰੀ ਅਗ ਹਾਉਕਿਆਂ ਰਾਹੀਂ ਬਾਹਰ ਕਢਕੇ ਪਾਪੀਆਂ ਨੂੰ ਸਾੜ ਕੇ ਸਵਾਹ ਕਰ ਦੇਣਾ ਚਾਹੁੰਦੇ ਹਨ। ਉਨ੍ਹਾਂ ਦੇ ਰੁਦਨ ਨਾਲ ਪਥਰ ਪਿਗਲ ਰਹੇ ਸਨ ਪਰ ਧਿਆਨ ਸਿੰਘ ਮੋਨ-ਧਾਰੀ ਮਸਤ ਬੈਠਾ ਸੀ, ਉਹ ਧਿਆਨ ਸਿੰਘ ਜਿਹੜਾ ਸ਼ੇਰੇ ਪੰਜਾਬ ਦੀ ਮੌਤ ਪਰ ਧਾਹਾਂ ਮਾਰ ਕੇ ਰੋਇਆ ਸੀ, ਅਜ ਉਸ ਦੇ ਜੇਠੇ ਪੁਤਰ ਮਹਾਰਾਜਾ ਖੜਕ ਸਿੰਘ ਦੀ ਮੌਤ ਪਰ ਉਸ ਦੀਆਂ ਅਖਾਂ ਵਿਚ ਇਕ ਭੀ ਅਥਰੂ ਨਹੀਂ ਸੀ, ਮਲੂਮ ਹੁੰਦਾ ਸੀ ਕਿ ਉਸ ਦੀ ਛਾਤੀ ਵਿਚ ਮਾਸ ਦੇ ਟੁਕੜੇ ਦੀ ਥਾਂ ਕਿਸੇ ਨੇ ਪਥਰ ਦਾ ਦਿਲ ਲਿਆ ਰਖਿਆ ਹੈ।

---੦---