੧੨.

ਮਹਾਰਾਜਾ ਨੌਨਿਹਾਲ ਸਿੰਘ ਦੇ ਰਾਜ ਪ੍ਰਬੰਧ ਤੇ ਉਸ ਦੇ ਡੋਗਰਾ ਸਰਦਾਰਾਂ ਦੀ ਤਾਕਤ ਨੂੰ ਘਟਾਉਣ ਦੇ ਯਤਨਾਂ ਦਾ ਵਰਨਣ ਪਿਛਲੇ ਕਾਂਡ ਵਿਚ ਭਲੀ ਪ੍ਰਕਾਰ ਆ ਚੁਕਿਆ ਏ। ਹੁਣ ਅਸੀਂ ਪਾਠਕਾਂ ਨੂੰ ਲਾਹੌਰ ਦੇ ਸ਼ਾਹੀ ਕਿਲੇ ਦੇ ਉਸ ਹਿਸੇ ਵਿਚ ਲੈ ਚਲਦੇ ਹਾਂ, ਜਿਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜੇਠਾ ਪੁਤਰ ਤੇ ਮਹਾਰਾਜਾ ਨੌਨਿਹਾਲ ਸਿੰਘ ਦਾ ਪਿਤਾ ਮਹਾਰਾਜਾ ਖੜਕ ਸਿੰਘ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਕੈਦੀ ਦੀ ਹਾਲਤ ਵਿਚ ਕਟ ਰਿਹਾ ਹੈ। ਸਾਲ ਕੁ ਪਹਿਲਾਂਂ ਜਦ ਅਸਾਂ ਉਸ ਨੂੰ ਸ਼ਾਹੀ ਮਹੱਲ ਵਿਚ ਸ: ਚੇਤ ਸਿੰਘ ਦੇ ਕਤਲ ਸਮੇਂ ਵੇਖਿਆ ਸੀ ਤਾਂ ਉਹ ਰਿਸ਼ਟ ਪੁਸ਼ਟ ਜਵਾਨ ਸੀ ਪਰ ਅਜ ਮੰਜੇ ਪਰ ਪਿਆ ਦਿਸਦਾ ਨਹੀਂ, ਸਰੀਰ ਸੁਕ ਕੇ ਤੀਲਾ ਹੋ ਚੁਕਿਆ ਹੈ। ਚਿਹਰੇ ਪਰ ਸੁਰਖੀ ਤੇ ਸੁਫੈਦੀ ਦੀ ਥਾਂ ਪਲੱਤਣ ਨੇ ਮੱਲ ਲਈ ਹੈ। ਅਖਾਂ ਵਿਚ ਵੜ ਗਈਆਂ ਹਨ ਤੇ ਸਰੀਰ ਪਰ ਝੁਰੀਆਂ ਪਈਆਂ ਹੋਈਆਂ ਹਨ। ਜਿਸ ਨੇ ਇਕ ਸਾਲ ਪਹਿਲਾਂ ਮਹਾਰਾਜਾ ਖੜਕ ਸਿੰਘ ਨੂੰ ਵੇਖਿਆ ਹੈ, ਉਹ ਉਸਨੂੰ ਅਜ ਵੇਖ ਕੇ ਕਦੇ ਵੀ ਇਹ ਨਹੀਂ ਕਹਿ ਸਕਦਾ ਕਿ ਇਹ ਉਹੋ ਮਹਾਰਾਜਾ ਖੜਕ ਸਿੰਘ ਹੈ।

ਮਹਾਰਾਜਾ ਖੜਕ ਸਿੰਘ ਨੂੰ ਕੀ ਬੀਮਾਰੀ ਹੈ? ਇਸਦਾ ਨਿਰਣਾ ਅਜ ਤਕ ਕੋਈ ਡਾਕਟਰ ਨਹੀਂ ਕਰ ਸਕਿਆ, ਉਂਂਞ ਹਕੀਮ ਤੇ ਡਾਕਟਰ ਆਉਂਦੇ ਹਨ ਤੇ ਦਵਾਈ ਦੇ ਕੇ ਚਲ ਜਾਂਦੇ ਹਨ ਪਰ ਦਵਾਈਆਂ ਦਾ ਅਸਰ ਉਲਟਾ ਹੀ ਹੁੰਦਾ ਏ, ਇਉਂ ਮਲੂਮ ਹੁੰਦਾ ਏ ਕਿ ਮਹਾਰਾਜਾ ਨੂੰ ਦਵਾਈ ਤੰਦਰੁਸਤੀ ਲਈ ਨਹੀਂ; ਸਗੋਂ ਮੌਤ ਲਈ ਦਿਤੀ ਜਾ ਰਹੀ ਏ। ਉਸ ਦੇ ਚੇਹਰੇ ਵਲ ਗਹੁ ਨਾਲ ਤੱਕਣ ਤੋਂ ਇਹ ਗਲ ਲੁਕੀ ਨਹੀਂਂ ਰਹਿੰਦੀ ਕਿ ਮਹਾਰਾਜਾ ਖੜਕ ਸਿੰਘ ਨੂੰ ਜ਼ਹਿਰ ਦਿਤੀ ਜਾ ਚੁਕੀ ਏ, ਕੋਈ ਅਜੇਹੀ ਮਿਠੀ ਜ਼ਹਿਰ ਜਿਸ ਨਾਲ ਉਹ ਘੁਲ ਘੁਲ ਕੇ ਜਾਨ ਦੇਵੇ। ਇਹੋ ਕਾਰਨ ਹੈ ਕਿ ਇਕ ਸਾਲ ਦੇ ਪਿਛੋਂ ਅਜ ਭੀ ਅਸਾਂ ਉਸ ਨੂੰ ਸ਼ਾਹੀ ਕਿਲੇ ਵਿਚ ਜੀਉਂਦਾ ਵੇਖ ਲਿਆ ਹੈ——ਪਰ ਮੋਇਆਂ ਤੋਂ ਪਰਲੇ ਪਾਰ।

ਇਸ ਸਮੇਂ ਅਸੀਂ ਰਾਜਾ ਧਿਆਨ ਸਿੰਘ ਨੂੰ ਮਹਾਰਾਜਾ ਖੜਕ ਸਿੰਘ ਦੇ ਪਾਸ ਬੈਠਾ ਹੋਇਆ ਵੇਖ ਰਹੇ ਹਾਂ। ਸ਼ਾਹੀ ਹਕੀਮ ਹੁਣੇ ਹੀ ਦਵਾਈ ਦਾ ਨਵਾਂ ਨੁਸਖਾ ਤਜਵੀਜ਼ ਕਰਕੇ ਕਹਿ ਗਿਆ ਏ ਕਿ ਮਹਾਰਾਜਾ ਸਾਹਿਬ ਛੇਤੀ ਹੀ ਤੰਦਰੁਸਤ ਹੋ ਜਾਣਗੇ। ਹਕੀਮ ਦੇ ਜਾਣ ਪਿਛੋਂ ਅਸੀਂ ਮਹਾਰਾਜਾ ਖੜਕ ਸਿੰਘ ਤੇ ਰਾਜਾ ਧਿਆਨ ਸਿੰਘ ਵਿਚ ਹੇਠ ਲਿਖੀ ਗਲ ਬਾਤ ਸੁਣ ਰਹੇ ਹਾਂ।

‘‘ਮਹਾਰਾਜ! ਦਿਲ ਨਾ ਛਡੋ, ਪ੍ਰਮਾਤਮਾਂ ਤੁਹਾਨੂੰ ਛੇਤੀ ਹੀ ਤੰਦਰੁਸਤ ਕਰਨਗੇ।’’ ਧਿਆਨ ਸਿੰਘ ਨੇ ਕਿਹਾ।

ਧਿਆਨ ਸਿੰਘ ਦੀ ਇਹ ਗੱਲ ਸੁਣ ਕੇ ਮਹਾਰਾਜਾ ਖੜਕ ਸਿੰਘ ਚੌਕਿਆ। ਮਾਨੋ ਕਿਸੇ ਗਹਿਰੀ ਨੀਂਦ ਵਿਚੋਂ ਉਠਿਆ ਹੋਵੇ, ਉਸ ਨੇ ਹੌਲੀ ਜਿਹੀ ਕਿਹਾ- ‘‘ਧਿਆਨ ਸਿੰਘਾ! ਮੈਂਂ ਤੰਦਰੁਸਤ ਹੋ ਹੀ ਰਿਹਾ ਹਾਂ। ਤੇਰੀ ਕਿਰਪਾ ਨਾਲ ਹੁਣ ਵਧੇਰੇ ਦਿਨ ਮੰਜੇ ਪਰ ਨਹੀਂ ਰਹਾਂਗਾ। ਧੰਨਵਾਦੀ ਹਾਂ ਤੇਰਾ।’’

ਧਿਆਨ ਸਿੰਘ ਨੂੰ ਮਹਾਰਾਜੇ ਦੀ ਇਹ ਗਲ ਚੰਗੀ ਨਹੀਂ ਲਗੀ। ਉਸ ਨੇ ਕਿਹਾ- ‘‘ਮਹਾਰਾਜ ਮੇਰੀ ਬਦ ਕਿਸਮਤੀ ਏ, ਜੋ ਤੁਸੀਂ ਇਹੋ ਜਿਹੀਆਂ ਟਕੋਰਾਂ ਲਾਉਂਦੇ ਹੋ। ਨਹੀਂ ਤਾਂ ਮੈਂ ਤੁਹਾਡਾ ਪੂਰੀ ਤਰ੍ਹਾਂ ਵਫਾਦਾਰ ਹਾਂ।’’

"ਮੈਂ ਕਦ ਕਿਹਾ ਏ ਤੂੰ ਵਫਾਦਾਰ ਨਹੀਂ। ਤੂੰ ਤਾਂ ਇਤਨਾ ਵਫਾਦਾਰ ਏਂ ਕਿ ਤੇਰੇ ਹੁੰਦਿਆਂ ਨਾ ਕਿਸੇ ਹੋਰ ਸਜਣ ਦੀ ਲੋੜ ਏ ਤੇ ਨਾ ਹੀ ਕਿਸੇ ਦੁਸ਼ਮਨ ਦੀ, ਠੀਕ ਏ ਨਾ।’’ ਮਹਾਰਾਜੇ ਨੇ ਕਿਹਾ।

ਧਿਆਨ ਸਿੰਘ ਨੇ ਇਸ ਦਾ ਕੋਈ ਉਤਰ ਨਹੀਂ ਦਿਤਾ, ਅੰਦਰ ਹੀ ਅੰਦਰ ਜ਼ਹਿਰੀ ਸੱਪ ਵਾਂਗੂੰ ਵਿਸ ਘੋਲਣ ਲਗਾ। ਮਹਾਰਾਜਾ ਖੜਕ ਸਿੰਘ ਟਿਕ ਲਾ ਕੇ ਉਸ ਦੇ ਚੇਹਰੇ ਵਲ ਵੇਖ ਰਿਹਾ ਸੀ। ਪਾਪੀ ਦਾ ਹਿਰਦਾ ਬੜਾ ਦੁਰਬਲ ਹੁੰਦਾ ਏ, ਧਿਆਨ ਸਿੰਘ ਦੇ ਚੇਹਰੇ ਪਰ ਇਕ ਰੰਗ ਆਉਂਦਾ ਸੀ ਤੇ ਇਕ ਜਾਂਦਾ। ਇਸ ਸਮੇਂ ਉਸ ਦਾ ਚੇਹਰਾ ਉਸ ਦੇ ਦਿਲ ਦੀ ਤਸਵੀਰ ਬਣਿਆ ਹੋਇਆ ਸੀ। ਜਿਹੜਾ ਭੀ ਉਸ ਨੂੰ ਇਸ ਸਮੇਂਂ ਵੇਖਦਾ, ਉਹ ਹੀ ਉਹ ਦੇ ਪਾਪਾਂ ਨੂੰ ਜਾਣ ਲੈਂਦਾ ਪਰ ਮਹਾਰਾਜਾ ਖੜਕ ਸਿੰਘ ਤੋਂ ਬਿਨਾਂ ਇਸ ਸਮੇਂ ਵਖਣ ਵਾਲਾ ਕੋਈ ਨਹੀਂ ਸੀ ਤੇ ਮਹਾਰਾਜਾ ਖੜਕ ਸਿੰਘ ਸਭ ਕੁਝ ਜਾਣਦਾ ਹੋਇਆ ਭੀ-ਕੁਝ ਕਰਨ ਤੋਂ ਅਸਮਰਥ ਸੀ, ਓਧਰ ਰਾਜਾ ਧਿਆਨ ਸਿੰਘ ਨੂੰ ਉਸ ਦੇ ਅੰਦਰੋਂ ਫਿਟਕਾਰ ਪੈ ਰਹੀ ਸੀ, ਜਿਸ ਕਰਕੇ ਉਸ ਲਈ ਉਥੇ-ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਬਹਿਣਾ ਅਸੰਭਵ ਜਿਹਾ ਹੋ ਰਿਹਾ ਸੀ। ਉਸ ਨੇ ਕਈ ਵਾਰ ਬੋਲਣ ਦਾ ਯਤਨ ਕੀਤਾ ਪਰ ਜਬਾਨ ਨੇ ਸਾਥ ਨਹੀਂ ਦਿਤਾ। ਆਖਰ ਬੜੀ ਮੁਸ਼ਕਲ ਨਾਲ ਉਸ ਨੇ ਕਿਹਾ ‘‘ਮਹਾਰਾਜ! ਮੇਨੂੰ ਛੁਟੀ ਦਿਓ, ਕੋਈ ਸੇਵਾ ਹੈ ਤਾਂ ਹੁਕਮ ਕਰੋ।’’

‘‘ਧਿਆਨ ਸਿੰਘਾ! ਸੇਵਾ ਦੀ ਤੂੰ ਕਿਹੜੀ ਕਸਰ ਰਖੀ ਏ।’’

ਧਿਆਨ ਸਿੰਘ ਮਹਾਰਾਜਾ ਖੜਕ ਸਿੰਘ ਦੀ ਇਸ ਟਕੋਰ ਨਾਲ ਕੋਲੇ ਹੋ ਗਿਆ ਤੇ ਉਠ ਕੇ ਤੁਰ ਪਿਆ।

ਮਹਾਰਾਜਾ ਖੜਕ ਸਿੰਘ ਨੇ ਪੁਕਾਰਿਆ, ਧਿਆਨ ਸਿੰਘ ਫੇਰ ਉਸ ਦੇ ਪਲੰਘ ਪਾਸ ਕੁਰਸੀ ਪਰ ਆ ਬੈਠਾ, ਜਿਥੋਂ ਹੁਣੇ ਉਠਿਆ ਸੀ। ‘‘ਹੁਕਮ?’’ ਉਸ ਨੇ ਪੁਛਿਆ।

‘‘ਧਿਆਨ ਸਿੰਘਾ! ਵੇਖ ਮੈਂ ਜ਼ਿੰਦਗੀ ਦੇ ਆਖਰੀ ਦਿਨ ਗਿਣ ਰਿਹਾ ਹਾਂ। ਨੌਨਿਹਾਲ ਸਿੰਘ ਮੇਰਾ ਲਖ ਦੁਸ਼ਮਨ ਸਹੀ ਪਰ ਆਖਰ ਤਾਂ ਮਰਾ ਪੁਤਰ ਏ, ਇਕ ਵਾਰ ਉਸਨੂੰ ਮਿਲਾ ਦੇ। ਮੈਂ ਇਹ ਤੈਥੋਂ ਅੰਤਮ ਭਿਖਿਆ ਮੰਗਦਾ ਹਾਂ। ਇਸ ਤੋਂ ਪਹਿਲਾਂ ਕਿਤਨੀ ਵਾਰ ਮੈਂ ਤੈਨੂੰ ਕਿਹਾ ਏ?’’ ਮਹਾਰਾਜਾ ਖੜਕ ਸਿੰਘ ਨੇ ਨਿਹਾਇਤ ਅਧੀਨਗੀ ਨਾਲ ਕਿਹਾ, ਜਿਸ ਤਰ੍ਹਾਂ ਠੀਕ ਹੀ ਭਿਖਿਆ ਮੰਗ ਰਿਹਾ ਹੋਵੇ। ਸਮੇਂ ਦੇ ਰੰਗ ਹਨ, ਦਿਨ ਸਨ ਜਦ ਸਾਰਾ ਪੰਜਾਬ ਮਹਾਰਾਜਾ ਖੜਕ ਸਿੰਘ ਦੇ ਪੈਰਾਂ ਹੇਠ ਅਖਾਂ ਵਿਛਾਉਂਦਾ ਸੀ ਤੇ ਦਿਨ ਹਨ, ਜਦ ਉਹ ਆਖਰੀ ਸਾਹ ਗਿਣਦਾਂ ਹੋਇਆ,ਆਪਣੇ ਇਕਲੌਤੇ ਪੁੱਤਰ ਨੂੰ ਵੇਖਣ ਲਈ ਤਰਸ ਰਿਹਾ ਏ।

ਧਿਆਨ ਸਿੰਘ ਨੇ ਕੁਝ ਸਮਾਂ ਚੁਪ ਰਹਿਣ ਦੇ ਪਿਛੋਂ ਉਤਰ ਦਿਤਾ——"ਮੇਰੇ ਮਾਲਕ ਮੈਂ ਤੁਹਾਡੇ ਚਰਨਾਂ ਦੀ ਸੁਗੰਧ ਖਾ ਕੇ ਕਹਿੰਦਾ ਹਾਂ ਕਿ ਮਹਾਰਾਜਾ ਨੌਨਿਹਾਲ ਸਿੰਘ ਪਾਸ ਇਸ ਤੋਂ ਪਹਿਲਾਂ ਹਜ਼ਾਰ ਵਾਰ ਬੇਨਤੀ ਕਰ ਚੁਕਿਆ ਹਾਂ ਕਿ ਤੁਹਾਡੇ ਪਾਸ ਆਉਣ ਪਰ ਦੁਸ਼ਮਨਾਂ ਨੇ ਪਤਾ ਨਹੀਂ ਉਸ ਦੇ ਦਿਲ ਵਿਚ ਕੀ ਬਿਠਾ ਦਿਤਾ ਏ ਕਿ ਇਕ ਨਹੀਂ ਸੁਣਦਾ।"

‘‘ਧਿਆਨ ਸਿੰਘਾ! ਵੇਖ ਤੂੰ ਵੀ ਪੁਤਰਾਂ ਵਾਲਾ ਏ।’’

‘‘ਪਰ ਮਹਾਰਾਜ ਮੈਂ ਕੀ ਕਰਾਂ ਮਹਾਰਾਜਾ ਨੌਨਿਹਾਲ ਸਿੰਘ ਇਨ੍ਹੀ ਦਿਨੀ ਸੰਧਾਵਾਲੀਆਂ ਤੇ ਮਜੀਠੀਆ ਦੀ ਹੱਥੀਂ ਚੜ੍ਹਿਆ ਹੋਇਆ ਏ, ਮੇਰੀ ਇਕ ਨਹੀਂ ਸੁਣਦਾ, ਜਦ ਹੀ ਮੈਂ ਕਹਿੰਦਾ ਹਾਂ, ਉਲਟੀ ਝਾੜ ਪੈਂਦੀ ਏ।’’ ਧਿਆਨ ਸਿੰਘ ਬੋਲਿਆ ‘‘ਮੈਂ ਨਹੀਂ ਮੰਨਦਾ, ਮੇਰਾ ਨੌਨਿਹਾਲ ਸਿੰਘ.....!’’ ਬੋਲਦੇ ਬੋਲਦ ਮਹਾਰਾਜਾ ਖੜਕ ਸਿੰਘ ਦੀ ਜ਼ਬਾਨ ਰੁਕ ਗਈ।

‘‘ਮਹਾਰਾਜ! ਤੁਹਾਡੇ ਪ੍ਰਵਾਰ ਲਈ ਖੂਨ ਪਸੀਨਾ ਇਕ ਕਰਨ ਦਾ ਇਹੋ ਫਲ ਮਿਲਣਾ ਸੀ, ਜੋ ਸਾਡੀ ਨੀਤ ਪਰ ਇਸ ਤਰ੍ਹਾਂ ਸ਼ਕ ਕੀਤਾ ਜਾ ਰਿਹਾ ਏ।’’ ਧਿਆਨ ਸਿੰਘ ਨੇ ਮਥੇ ਪਰ ਤੀਊੜੀ ਪਾ ਕੇ ਕਿਹਾ।

ਮਹਾਰਾਜਾ ਖੜਕ ਸਿੰਘ ਸਹਿਮ ਜਿਹਾ ਗਿਆ। ਥੋੜਾ ਜਿਹਾ ਰੁਕ ਕੇ ਉਸ ਨੇ ਫੇਰ ਕਿਹਾ——"ਧਿਆਨ ਸਿੰਘਾ! ਮੇਰੇ ਅੰਤਮ ਸਮੇਂ ਸਾਰੀਆਂ ਕਦੂਰਤਾਂ ਦਿਲੋਂ ਕਢ ਦੇ। ਜੇ ਮੈਂ ਕੋਈ ਗੁਨਾਹ ਕੀਤਾ ਏ ਤਾਂ ਮਾਫ ਕਰ ਦੇ, ਇਕ ਵਾਰ ਕੰਵਰ ਨੌਨਿਹਾਲ ਸਿੰਘ ਤੇ ਉਸ ਦੀ ਮਾਂ ਚੰਦ ਕੌਰ ਨੂੰ ਜ਼ਰੂਰ ਮਿਲਾ।"

‘‘ਮਹਾਰਾਜ! ਮੈਂ ਫੇਰ ਯਤਨ ਕਰਦਾ ਹਾਂ ਪਰ ਆਸ ਬੜੀ ਘਟ ਏ, ਝੂਠ ਬੋਲਣ ਦੀ ਮੈਨੂੰ ਆਦਤ ਨਹੀਂ।’’ ਧਿਆਨ ਸਿੰਘ ਨੇ ਉਤਰ ਦਿਤਾ।

‘‘ਚੰਗਾ ਧਿਆਨ ਸਿੰਘਾ ਤੇਰੀ ਮਰਜ਼ੀ ਪਰ ਯਾਦ ਰਖ, ਮੈਨੂੰ ਅੰਤਮ ਸਮੇਂ ਦੁਖੀ ਕਰਨ ਦਾ ਫਲ ਤੈਨੂੰ ਵੀ ਜ਼ਰੂਰ ਭੁਗਤਣਾ ਪਵੇਗਾ।’’ ਮਹਾਰਾਜਾ ਖੜਕ ਸਿੰਘ ਨੇ ਨਿਰਾਸਤਾ ਦੇ ਵਹਿਣ ਵਿਚ ਵਹਿੰਦੇ ਹੋਏ ਕਿਹਾ।

‘‘ਸੋ ਤਾਂ ਮੈਨੂੰ ਪਤਾ ਹੀ ਹੈ, ਤੁਹਾਡੀ ਵਫਾਦਾਰੀ ਦਾ ਫਲ ਬਦ-ਅਸੀਸਾਂ ਦੇ ਰੂਪ ਵਿਚ ਹੀ ਤਾਂ ਮਿਲਣਾ ਸੀ।’’ ਧਿਆਨ ਸਿੰਘ ਨੇ ਉਤਰ ਦਿਤਾ।

ਮਹਾਰਾਜਾ ਖੜਕ ਸਿੰਘ ਨੇ ਹੁਣ ਹੋਰ ਕੁਝ ਨਹੀਂ ਕਿਹਾ, ਨਫਰਤ ਨਾਲ ਉਸ ਨੇ ਮੂੰਹ ਦੂਜੇ ਪਾਸੇ ਫੇਰ ਲਿਆ।