ਭੁਚਾਲ ਕੋਇਟਾ

ਮਈ ਉਨੀਂ ਸੌ ਪੈਂਤੀ ਦੀ ਰਾਤ ਤ੍ਹੀਵੀਂ,
ਸੁਤਾ ਨਾਲ ਸੀ ਅਮਨ ਅਮਾਨ ਕੋਇਟਾ।
ਕੀ ਪਤਾ ਸੀ ਕਿਸੇ ਨੂੰ ਜਗ ਉਤੇ,
ਸੁਭਾ ਰਹੂ ਨਾ ਨਾਮ ਨਿਸ਼ਾਨ ਕੋਇਟਾ।
ਤਾਰੇ ਕੰਬਦੇ ਸੀ ਥਰ ਥਰ ਅੰਬਰਾਂ ਤੇ,
ਡਿਠਾ ਜਿਨਾਂ ਨੇ ਹੁੰਦਾ ਵਿਰਾਨ ਕੋਇਟਾ।
ਸੂਰਜ ਵੇਖ ਹੱਕਾ ਬੱਕਾ ਰਹਿ ਗਿਆ ਸੀ,
ਸੁਭਾ ਸ਼ਹਿਰ ਬਨਿਆ ਕਬਰਸਤਾਨ ਕੋਇਟਾ।

ਮੇਲ ਗੇਲ ਸੁਤਾ ਮਹਿੰਦੀ ਲਾ ਕਿਧਰੇ,
ਕਿਧਰੇ ਗੌਂਕੇ ਮਾਤਾ ਸੁਹਾਗ, ਸੁਤੀ।
ਸੁਰਮਾਂ ਦੇਓਰ ਨੂੰ ਪਾ ਭਰਜਾਈ ਕਿਧਰੇ,
ਕਿਧਰੇ ਗੁੰਦ ਕੇ ਭੈਨ ਸੀ ਵਾਗ ਸੁਤੀ।
ਸੁਭਾ ਲਾਵਾਂ ਦੀ, ਖੁਸ਼ੀ 'ਚ ਖਿੜੀ ਜੋੜੀ,
ਕਿਧਰੇ ਲਾਕੇ ਹਿਰਸ ਦਾ ਬਾਗ ਸੁਤੀ।
ਸੁਤੀ ਸੌਂ ਗਈ ਜੰਝ ਵਿਆਹੁਨ ਆਈ,
ਐਸੀ ਸੁਤੀ ਕਿ ਨਾ ਆਈ ਜਾਗ ਸੁਤੀ।

ਮਹਿੰਦੀ ਵਾਲਿਆਂ ਹਥਾਂ ’ਚ ਲਾਲ ਚੂੜਾ,
ਇਕ ਨਵੀਂ ਵਿਆਹੀ ਸੀ ਆਈ ਹੋਈ।
ਲੂੰ ਲੂੰ ਵਿਚ ਉਹਦੇ ਭਰੀਆਂ ਸਧਰਾਂ ਸੀ,
ਮੂੰਹ ਤੇ ਮੋਹਰ ਸੀ ਸ਼ਰਮ ਨੇ ਲਾਈ ਹੋਈ।
ਅੱਧੀ ਰਾਤ ਸੀ ਓਹਨੇ ਸੁਹਾਗ ਵਾਲੀ,
ਲੇਖਾਂ ਕਾਲਿਆਂ ਵਿਚ ਲਿਖਾਈ ਹੋਈ।
ਸੁਫਨੇ ਵਿਚ ਸ਼ੋਹਧੀ ਰਾਜ ਭੋਗ ਕੇਤੇ,
ਬਗਲ ਜ਼ਲ ਜ਼ਲੇ ਪਿਛੋਂ ਸੀ ਪਾਈ ਹੋਈ।

ਵਖਤਾਂ ਨਾਲ ਰੰਡੇਪੇ ’ਚ ਇਕ ਮਾਈ,
ਪੁਨੀ ਪੁਨੀ ਕਰਕੇ ਪੁਤਰ ਪਾਲਦੀ ਸੀ।
ਮਿੱਠੀ, ਟਲੇ ਸੁਹਾਗ ਦੀ ਯਾਦ ਅੰਦਰ,
ਲੂਨ ਵਾਂਗ ਉਹ ਆਪਨੂੰ ਗਾਲਦੀ ਸੀ।
ਔਨ ਵਾਲਿਆਂ ਸੁਖਾਂ ਦੀ ਆਸ ਉਤੇ,
ਉਹ ਬੇਆਸ ਜ਼ਿੰਦੜੀ ਜਫੇ ਜਾਲਦੀ ਸੀ।
ਐਪਰ ਵਾਂਗ ਸੁਦੈਨਾਂ ਭੁਚਾਲ ਮਗਰੋਂ,
ਇੱਟਾਂ ਵਟਿਆਂ ਚੋਂ ਲਾਲ ਭਾਲਦੀ ਸੀ।

ਇਕ ਕੜੀ ਜੇਡਾ ਸੀ ਜਵਾਨ ਮੁੰਡਾ,
ਸੋਹਨਾਂ ਰੱਜਕੇ, ਭੁਖਾ ਪਿਆਰ ਦਾ ਸੀ।
ਯਾਰ ਸਦਾ ਹੀ ਕਰਨ ਮਖੌਲ ਠੱਠੇ,
ਐਸਾ ਭੌਰ ਉਹ ਆਪਨੀ ਨਾਰ ਦਾ ਸੀ।
ਉਹਦੀ ਸੋਹਲ ਨੱਡੀ ਤੇ ਭੁਚਾਲ ਵੇਲੇ,
ਪਾਸਾ ਡਿਗਿਆ ਆਨ ਦਿਵਾਰ ਦਾ ਸੀ।
ਸੁਭਾ ਸੋਹਨੀ ਦੀ ਲਾਸ਼ ਨੂੰ ਗਲੇ ਲਾਕੇ,
ਮੁੰਡਾ ਵਾਂਗ ਕੁੜੀਆਂ ਭੁਬਾਂ ਮਾਰਦਾ ਸੀ।

ਇਕ ਧਨੀ ਕੋਇਟੇ ਅੰਦਰ ਮੁਦੱਤਾਂ ਤੋਂ,
ਸਨੇ ਬੌਹੜ ਪਰਵਾਰ ਦੇ ਵੱਸਦਾ ਸੀ।
ਇਸਦੇ ਮਹਿਲ ਦਾ ਪਤਾ ਭੂਚਾਲ ਮਗਰੋਂ,
ਉੱਚਾ ਢੇਰ ਇਕ ਮਲਬੇ ਦਾ ਦੱਸਦਾ ਸੀ।
ਓਸ ਢੇਰ ਤੇ ਇਕ ਮਾਸੂਮ ਬੱਚਾ,
ਔਂਦੇ ਜਾਂਦੇ ਦਾ ਕਾਲਜਾ ਖੱਸਦਾ ਸੀ।
ਸਾਰੇ ਰੋਂਦੇ ਸੀ ਉਸਨੂੰ ਵੇਖਕੇ ਤੇ,
ਤੇ ਓਹ ਸਾਰਿਆਂ ਨੂੰ ਵੇਖ ਹੱਸਦਾ ਸੀ।

ਗਏ ਲਖਾਂ ਹੀ ਮਨਾਂ ਦੇ ਭਾਰ ਹੇਠਾਂ,
ਜੀਂਦੇ ਸੋਹਲ ਮਲੂਕ ਇਨਸਾਨ ਦੱਬੇ।
ਕੱਠੇ ਕਾਲ ਕਸਾਈ ਨੇ, ਧੁਨੀ ਨਿਰਧਨ,
ਬੱਚੇ, ਔਰਤਾਂ, ਬੁਢੇ, ਜਵਾਨ, ਦੱਬੇ।
ਕਿਤੇ ਅਖੀਆਂ ਦੇ ਗਏ ਖਾਬ ਦੱਬੇ,
ਕਿਤੇ ਦਿਲਾਂ ਦੇ ਗਏ ਅਰਮਾਨ ਦੱਬੇ।
ਗਏ ਏਸ ਕੋਇਟੇ ਦੇ ਭੁਚਾਲ ਅੰਦਰ,
ਵੱਸੇ ਅਨਵੱਸੇ ਕਈ ਜਹਾਨ ਦੱਬੇ।

ਕੋਇਟਾ ਗ਼ਰਕ ਹੋ ਗਿਆ ਭੁਚਾਲ ਆਕੇ,
ਪਏ ਵੈਨ ਘਰ ਘਰ ਏਸ ਖਬਰ ਉੱਤੇ।
ਕੇਰੇ ਅਥਰੂ ਰਜਕੇ ਕੁਲ ਦੁਨੀਆਂ,
ਏਸ ਸਾਂਝੀ ਇਨਸਾਨ ਦੀ ਕਬਰ ਉੱਤੇ।
ਜਦੋਂ ਵਾੜ ਹੀ ਖੇਤ ਨੂੰ ਖਾਨ ਦੌੜੇ,
ਜਦੋਂ ਰੱਬ ਆਵੇ ਉਤਰ ਜਬਰ ਉੱਤੇ।
‘ਬੀਰ’ ਬੰਦੇ ਵਿਚਾਰੇ ਦਾ ਏਹੀ ਚਾਰਾ,
ਬੈਠ ਜਾਏ ਤੱਕੀਆ ਲਾਕੇ ਸਬਰ ਉੱਤੇ।