ਗੁਰੂ ਨਾਨਕ

ਲੜ ਛੱਡ ਕੇ ਸਾਰੇ ਲਟਾਕਿਆਂ ਦਾ,
ਪੱਲਾ ਪਕੜਿਆ ਇਕ ਸਰਕਾਰ ਤੇਰਾ।
ਊਨੇ ਨਸ਼ੇ ਸੰਸਾਰ ਦੇ ਵੇਖ ਸਾਰੇ,
ਆਕੇ ਮਲਿਆ ਅੰਤ ਦਵਾਰ ਤੇਰਾ।
ਇਕ ਦਿਤਿਆਂ ਨਾਮ ਦਾ ਜਾਮ ਭਰਕੇ,
ਸੋਮਾਂ ਘਟੂ ਨਾ ਘਟੂ ਖੁਮਾਰ ਤੇਰਾ।
ਮਸਤੀ ਲਹਿਨ ਨਾਹੀਂ ਦੇਈਂ ਸਖੀ ਸਾਕੀ
ਰਹਿਸਾਂ ਉਮਰ ਭਰ ਸ਼ੁਕਰ ਗੁਜਾਰ ਤੇਰਾ।
ਰਹੇ ਝੁੰਡ ਤੇਰੇ ਗਿਰਦ ਆਸ਼ਕਾਂ ਦਾ,
ਰਹੇ ਹੁਸਨ ਦਾ ਗਰਮ ਬਜਾਰ ਤੇਰਾ।
ਪੀਰ ਪੀਰਾਂ ਦੇ ਐ ਬੇ-ਨਜ਼ੀਰ ਰਹਿਬਰ,
ਜਾਗਨ ਭਾਗ ਜੇ ਹੋਏ ਦੀਦਾਰ ਤੇਰਾ।

ਸਚੀ ਪਿਤਰ ਪੂਜਾ ਦਸੀ ਹਰੀ ਭਗਤੀ,
ਹਰੀ ਭੁਲਿਆਂ ਨੂੰ ਹਰਦਵਾਰ ਜਾਕੇ।
ਇਲਮ ਨਿਉ ਨਿਊਂਕੇ 'ਅਮਲ' ਦੇ ਪੈਰ ਚੁੰਮੇ,
ਕੀਤਾ ਪੰਡਤਾਂ ਨੇ ਜੈ ਜੈ ਕਾਰ ਜਾਕੇ।
ਵਹਿਮ ਹਿੰਦੂ ਦਿਮਾਗ ਦਾ ਦੂਰ ਕਰਕੇ,
ਮੱਕੇ ਵਿਚ ਮੁਸਲਿਮ ਦਿਤੇ ਤਾਰ ਜਾਕੇ।
ਦਿਤਾ ਦੀਨ ਦੇ ਰੁਕਨ ਦਾ ਤੋੜ ਸਾਰਾ,
ਪਰੇਮ ਨਿਮਰਤਾ ਨਾਲ ਹੰਕਾਰ ਜਾਕੇ।
ਜਦੋਂ ਕਾਬੇ ਨੇ ਰੱਬ ਦਾ ਨੂਰ ਡਿੱਠਾ,
ਵਜਦ ਵਿੱਚ ਭੋਂਕੇ ਖੋਲ੍ਹ ਭੇਦ ਦੱਸੇ।
ਮੇਰੇ ਵਿਚ ਲੋਕਾਂ ਜਿਸਨੂੰ ਕੈਦ ਕੀਤਾ,
ਉਹ ਖੁਦਾ ਸੱਚਾ ਸਭੀ ਜਗ੍ਹਾ ਵੱਸੇ।

ਬਾਬਰ ਹੈਂਕੜੀ ਜਿੱਤ ਕੇ ਦੁਸ਼ਮਨਾਂ ਨੂੰ,
ਕਰਾਮਾਤ ਤਲਵਾਰ ਨੂੰ ਸਮਝਦਾ ਸੀ।
ਤਖਤ ਤਾਜ ਵਾਲੀ ਪੌੜੀ ਦੇ ਡੰਡੇ,
ਨੇਜ਼ੇ, ਤੀਰ, ਕਟਾਰ ਨੂੰ ਸਮਝਦਾ ਸੀ।
ਬੇ-ਸੁਰੀ ਕੁਵੇਲੇ ਦੇ ਰਾਗ ਵਾਂਗਰ,
ਖਲਕਤ ਵਾਲੀ ਪੁਕਾਰ ਨੂੰ ਸਮਝਦਾ ਸੀ।
ਪਾਨੀ ਪੀਰਾਂ ਫਕੀਰਾਂ ਦੀ ਕਦਰ ਕੀ ਸੀ,
ਠੱਠਾ ਪਿਆ ਕਰਤਾਰ ਨੂੰ ਸਮਝਦਾ ਸੀ।
ਐਪਰ ਚੁੱਕੀਆਂ ਭੌਂਦਿਆਂ ਵੇਖ ਆਪੇ,
ਨਸ਼ਾ ਸੈਹਿਨਸ਼ਾਹੀ ਸਾਰਾ ਚੂਰ ਹੋਇਆ।
ਡਿਗ ਪਿਆ ਹਜ਼ੂਰ ਦੇ ਵਿਚ ਕਦਮਾ,
ਮਸਤੀ ਨਾਮ ਦੀ ਨਾਲ ਮਖਮੂਰ ਹੋਇਆ।

ਡਿੱਠਾ ਵਲੀ ਕੰਧਾਰੀ ਨੇ ਪਾ ਤਿਊੜੀ,
ਕੇਹੜਾ ਜਿਨੇ ਪਾਇਆ ਮੇਰੇ ਨਾਲ ਪੰਜਾ।
ਫੌਰਨ ਇਕ ਚਟਾਨ ਨੂੰ ਮਾਰਿਓ ਸੂ,
ਜ਼ੋਰ ਨਾਲ ਹੋਕੇ ਲਾਲੋ ਲਾਲ ਪੰਜਾ।
ਬਾਬਾ ਹਸਿਆ, ਤੇ ਏਸ ਵਾਰ ਤਾਂਈ,
ਰੋਕ ਲਿਆ ਅਗੋਂ ਕਰਕੇ ਢਾਲ ਪੰਜਾ।
ਸ਼ਸ਼ੋ ਪੰਜ ਅੰਦਰ ਆਏ ਵੱਲੀ ਹੋਰੀ,
ਦੰਦਾਂ ਨਾਲ ਕੱਟਨ ਬੁਰੇ ਹਾਲ ਪੰਜਾ।
ਪੰਜੇ ਸਾਹਿਬ ਅੰਦਰ, ਪੰਜੇ ਵਕਤ ਪੰਜਾ,
ਪੰਜਾਂ ਉਂਗਲਾਂ ਨਾਲ ਸਮਝਾਂਵਦਾ ਏ।
ਖਾਂਦੇ ਆਏ ਨੇ ਸਿਰ ਮਗਰੂਰ ਠੇਡੇ,
ਮਾਨ ਰੱਬ ਨੂੰ ਮੂਲ ਨਾ ਭਾਂਵਦਾ ਏ।