ਮਾਤਾ ਹਰੀ/ਜੀਵਣ ਦੀਆਂ ਠੋਕਰਾਂ


“ਮੈਂ ਮਾਡਲ ਬਣਨ ਨੂੰ ਤਿਆਰ ਹਾਂ’’, ਮਾਤਾ ਹਰੀ ਨੇ ਆਰਟਿਸਟ ਨੂੰ ਆਖਿਆ।
“ਬਹੁਤ ਅੱਛਾ! ਮੈਨੂੰ ਤੇਰਾ ਸਰੀਰ ਵੇਖ ਲੈਣ ਦੇ।”

"ਏਹ ਨਹੀਂ। ਮੈਂ ਕੇਵਲ ਸਿਰ ਲਈ ‘ਪੋਜ’ ਕਰਾਂਗੀ ', ਮਾਤਾ ਹਰੀ ਦਾ ਅਜੀਬ ਉੱਤਰ ਸੀ। “ਮੈਂ ਸੁਰਗਵਾਸੀ ਕਰਨੈਲ ਦੀ ਵਿਧਵਾ ਹਾਂ। ਉਹ ਇੰਡੀਜ ਵਿਚ ਮੋਇਆ। ਪਿਛੇ ਦੋ ਲੜਕੇ ਛਡ ਗਿਆ ਹੈ। ਮੈਂ ਉਨ੍ਹਾਂ ਦੀ ਪਾਲਣਾ ਕਰਨੀ ਹੈ। ਪਰ ਪੈਸਾ ਕੋਲ ਕੋਈ ਨਹੀਂ।

“ਤਾਂ ਫਿਰ ਤੈਨੂੰ ਕੁਝ ਪੈਸੇ ਮਿਲ ਜਾਣੇ ਚਾਹੀਦੇ ਹਨ, ਪਰ ਮੇਰੇ ਖਿਆਲ ਵਿਚ ਜੇਕਰ ਤੂੰ ਸਾਰੇ ਸਰੀਰ ਲਈ ਪੋਜ ਕਰੇ ਤਾਂ ਬਹੁਤ ਲਾਭ ਹੋਵੇਗਾ। ਮੇਰੇ ਖ਼ਿਆਲ ਵਿਚ ਤੇਰਾ ਸਰੀਰ ਸੋਹਣਾ ਹੈ। ਪਰ ਮੈਂ ਜੋਰ ਨਹੀਂ ਦੇਂਦਾ।"

"ਮੈਨੂੰ ਸਾਰੇ ਸਰੀਰ ਦੀ ਪੋਜ ਕਰਨ ਵਿਚ ਲਜਿਆ ਆਉਂਦੀ ਹੈ", ਮਾਤਾ ਹਰੀ ਆਖਿਆ "ਕਿਉਂਕਿ ਏਸ ਤਰ੍ਹਾਂ ਸਾਡੇ ਵਡੇ ਘਰਾਣੇ ਦੀ ਬਦਨਾਮੀ ਹੁੰਦੀ ਹੈ।

ਹੋਰ ਵੀ ਕਈ ਗੱਲਾਂ ਕੀਤੀਆਂ, ਪਰ ਜਦ ਆਰਟਿਸਟ ਨੇ ਆਖਿਆ ਕਿ ਜਿਵੇਂ ਉਹਦੀ ਮਰਜੀ ਸੀ ਕਰੇ ਤਾਂ ਮਾਤਾ ਹਰੀ ਆਪਣੇ ਕਪੜੇ ਲਾਹੁਣ ਲਗ ਪਈ।

ਅਸੀਂ ਏਸ ਆਰਟਿਸਟ ਅਤੇ ਦੂਜਿਆਂ ਦੇ ਧੰਨਵਾਦੀ ਹਾਂ, ਕਿਉਂਕਿ ਉਹ ਇਕ ਗਲ ਉਤੇ ਚਾਨਣਾ ਪਾਂਦੇ ਹਨ। ਸਾਰੇ ਆਰਟਿਸਟ ਏਸ ਗਲ ਦੀ ਹਾਮੀ ਭਰਦੇ ਹਨ ਕਿ ਮਾਤਾ ਹਰੀ ਦਾ ਸਰੀਰ ਬੜਾ ਸੁੰਦਰ ਸੀ ਅਤੇ ਬਹੁਤ ਸਾਰੇ ਆਖਦੇ ਹਨ ਕਿ ਮਾਤਾ ਹਰੀ ਦੀਆਂ ਬਾਹਾਂ ਦੀ ਸੁੰਦਰਤਾ ਦਾ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ। ਪਰ ਮਾਡਲ ਬਣਨ ਲਈ ਉਹਨੂੰ ਇਕ ਗਲ ਦਾ ਬੜਾ ਹੀ ਘਾਟਾ ਸੀਉਹਦੀ ਛਾਤੀ ਏਡੀ ਸੁਹੱਪਣਤਾ ਦੀ ਮਾਲਕਾਣੀ ਨਹੀਂ ਸੀ। ਸਾਰਿਆਂ ਨਾਚਾਂ ਵਿਚ ਉਹਨੇ ਆਪਣੀਆਂ ਛਾਤੀਆਂ ਕਦੀ ਨੰਗੀਆਂ ਨਾ ਕੀਤੀਆਂ। ਕੇਵਲ ਸਰੀਰ ਦੇ ਏਸ ਹਿੱਸੇ ਉੱਤੇ ਹੀ ਕਪੜਾ ਹੁੰਦਾ ਸੀ। ਬਹੁਤ ਕਰ ਕੇ ਹੀਰਿਆਂ ਮੋਤੀਆਂ ਨਾਲ ਜੜਿਆ ਹੋਇਆ ਕਪੜਾ ਇਥੇ ਰਖਦੀ ਸੀ।

ਉਸ ਪੈਂਟਰ ਦੇ ਇਤਨੇ ਸਾਦੇ ਜਹੇ ਸ਼ਬਦਾਂ ਨੇ"ਮੈਨੂੰ ਅਫ਼ਸੋਸ ਹੈ ਕਿ ਇਹੋ ਜਿਹਾ ਹੋਣਹਾਰ ਮਾਡਲ ਮੇਰੇ ਕੰਮ ਨਹੀਂ ਆ ਸਕਿਆ"ਚੰਗਾ ਨਿਰਾ ਸਿਰ ਹੀ ਸੀ"ਮਾਤਾ ਹਰੀ ਦੇ ਅੰਦਰ ਪਤਾ ਨਹੀਂ ਕੀ ਕਰ ਦਿਤਾ। ਉਸ ਪੇਂਟਰ ਨੂੰ ਮਾਤਾ ਹਰੀ ਨੇ ਦਲਾਸਾ ਦੇਣ ਲਈ ਅਪਣੀ ਸੁਪੱਤਨੀ ਨੂੰ ਬੁਲਾਣਾ ਪਿਆ। ਉਹ ਪੇਂਟਰ ਉਸ ਸਮੇਂ "ਮੈਸੀਲੀਨਾ" ਦੀ ਪੈਂਟਿੰਗ ਕਰ ਰਿਹਾ ਸੀ। ਉਹਨੇ “ਮੈਸੀਲੀਨਾ ਦੀ ਥਾਏ ਮਾਤਾ ਹਰੀ ਦੀ ਮੂਰਤ ਬਣਾ ਦਿਤੀ। ਉਹ ਇਤਨੀ ਚੰਗੀ ਬਣੀ ਕਿ ਅਜ ਤਕ ਕਿਸੇ ਨੇ ਉਹਦੇ ਉੱਤੇ ਨੁਕਤਾਚੀਨੀ ਨਹੀਂ ਕੀਤੀ।

੧੯੦੩ ਵਿਚ ਉਹ ਪਹਿਲੀ ਵਾਰ ਨਾਚ ਕਰਨ ਲਗੀ। ਇਕ ਸਾਲ ਗੁਜ਼ਰ ਗਿਆ ਸੀ ਘਰੋਂ ਨਿਕਲਿਆਂ। ਜਦ ਉਹਦੇ ਪਤੀ ਨੇ ਸੁਣਿਆਂ ਤਾਂ ਉਹਨੇ ਬੜਾ ਗੁੱਸਾ ਕੀਤਾ ਅਤੇ ਇਕ ਖ਼ਤ ਮਾਤਾ ਹਰੀ ਵਲ ਲਿਖਿਆ ਕਿ ਜੇਕਰ ਉਹ ਇਹ ਬੇਇਜ਼ਤੀ ਦਾ ਕੰਮ ਕਰੇਗੀ ਤਾਂ ਉਹ ਉਹਨੂੰ “ਕੋਨਵੈਂਟਗਿਰਜੇ" ਵਿਚ ਦਾਖਲ ਕਰਾ ਦਏਗਾ।

ਏਸ ਅਚਾਨਕ ਆਈ ਖ਼ਬਰ ਉਤੇ ਮਾਤਾ ਹਰੀ ਦਾ ਅੰਦਰ ਅੱਥਰੂਆਂ, ਡਰ ਅਤੇ ਬਗਾਵਤ ਨਾਲ ਦੁਖ ਗਿਆ। ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਤਾਰਾਂ ਦਿਤੀਆਂ ਅਤੇ ਜੋ ਉਤਰ ਉਨ੍ਹਾਂ ਵਲੋਂ ਆਏ ਉਨ੍ਹਾਂ ਨੂੰ ਪੜ੍ਹ ਕੇ ਉਹ ਆਪ ਹੀ ਹਾਲੈਂਡ ਚਲੀ ਗਈ। ਜਾ ਕੇ ਨਾਈਮੈਗੂ ਸ਼ਹਿਰ ਦੇ ਗਿਰਜੇ ਦੀ ਚੁੱਪ ਵਿਚ ਜਾ ਵਸੀ। ਮਾਤਾ ਹਰੀ ਦੇ ਪੈਰਸ ਵਿਚ ਰਹਿੰਦੇ ਚਾਹਵਾਨਾਂ ਨੂੰ ਏਸ ਵਿਛੋੜੇ ਦਾ ਬੜਾ ਦੀ ਦੁਖ ਹੋਇਆਉਨ੍ਹਾਂ ਮਹਿਸੂਸ ਕੀਤਾ ਕਿ ਛਾਲਾਂ ਮਾਰਦੇ ਹਰਨੋਟੇ ਦੀਆਂ ਜੰਘਾਂ ਟੁੱਟ ਗਈਆਂ, ਉਡਦੇ ਪੰਛੀ ਦੇ ਖੰਭ ਕੁਤਰੇ ਗਏ।

ਮਾਤਾ ਹਰੀ ਉਸ ਥਾਂ ਨਾਲ ਘ੍ਰਿਣਾ ਕਰਦੀ ਸੀ।

“ਕੀ ਮੈਂ ਬਾਕੀ ਦੇ ਦਿਨ ਇਥੇ ਕਟਣੇ ਹਨ?" ਉਹਨੇ ਜਨਵਰੀ ੧੯੦੪ ਵਿਚ ਆਖਿਆ।

ਜਿਨ੍ਹਾਂ ਪੈਰਸ ਦੀਆਂ ਮੌਜਾਂ ਵੇਖੀਆਂ ਹਨ ਉਹ ਸਮਝ ਜਾਣਗੇ ਕਿ ਨਾਈਮੈਗੂ ਪਿੰਡ ਜਹੇ ਦੀਆਂ ਖੁਸ਼ੀਆਂ ਉਹਦੇ ਮੁਕਾਬਲੇ ਤੇ ਕੀ ਅਰਥ ਰਖ ਸਕਦੀਆਂ ਸਨ। ਇਹ ਸਚਮੁਚ ਏਸ ਸਮੇਂ ਦੀ ਕੈਦ ਸੀ ਜਿਸ ਨੇ ਉਹਨੂੰ ਦੂਜੀ ਇਨਤਹਾ ਤੇ ਲਿਜਾਣ ਲਈ ਪ੍ਰੇਰਿਆਜਦੋਂ ਉਹ ਆਜ਼ਾਦ ਹੋ ਗਈ। ਬੇਅੰਤ ਲੈਂਪਾਂ ਦੀ ਥਾਂਏ ਸੂਰਜ ਦੀ ਚਮਕ ਹੀ ਚਮਕ ਸੀ; ਨਾਚ ਵੇਖਣ ਵਾਲੀਆਂ ਬੁੱਢੀਆਂ ਠੇਰੀਆਂ ਹੀ ਸਨ, ਜਿਹੜੀਆਂ ਪੜਦੇ ਪਿਛੋਂ ਲੁਕ ਲੁਕ ਤਕਦੀਆਂ ਸਨ; ਰਾਗ ਦੀ ਥਾਂਏ ਸ਼ਹਿਰ ਕਮੇਟੀ ਦੇ ਵਜਦੇ ਘੰਟੇ ਹੀ ਸਨ!

“ਮੈਂ ਝਬਦੇ ਜਾਂ ਚਰਾਕੀ ਜਰੂਰ ਜਿਤ ਜਾਵਾਂਗੀ’’, ਉਹ ਧੁੰਧ ਜਹੀ ਵਿਚੋਂ ਚੀਖ਼ ਉਠਦੀ ਸੀ।

ਤੇ ਫੇਰ ਇਕ ਦਿਨ ਹਿੰਮਤ ਕੀਤੀ। ਉਹ ਪੈਰਸ ਵਿਚ ਇੰਝ ਉਤਰੀ ਜਿਵੇਂ ਬਿਜ਼ਲੀ ਦੀ ਕੜਕ। ਉਹ ਹੁਣ ਮਾਰਗਰੈਟ ਨਹੀਂ ਸੀ। ਹੁਣ ਪੜਦਾ ਲਾਲ ਨਾਚੀ ਲਈ ਉਠਦਾ ਹੈ।