ਭਾਰਤ ਦਾ ਸੰਵਿਧਾਨ (2024)
ਭਾਰਤ ਦੀ ਸੰਸਦ
ਭਾਗ I
65077ਭਾਰਤ ਦਾ ਸੰਵਿਧਾਨ — ਭਾਗ I2024ਭਾਰਤ ਦੀ ਸੰਸਦ

ਭਾਗ I

ਸੰਘ ਅਤੇ ਉਸ ਦਾ ਰਾਜਖੇਤਰ

1. ਸੰਘ ਦਾ ਨਾਂ ਅਤੇ ਰਾਜਖੇਤਰ। - (1) ਇੰਡੀਆ, ਅਰਥਾਤ ਭਾਰਤ, ਰਾਜਾਂ ਦਾ ਇੱਕ ਸੰਘ ਹੋਵੇਗਾ।

[1][(2) ਉਸ ਦੇ ਰਾਜ ਅਤੇ ਰਾਜਖੇਤਰ ਪਹਿਲੀ ਅਨੁਸੂਚੀ ਵਿੱਚ ਉਲਿਖਤ ਜਿਹੇ ਹੋਣਗੇ।]

(3) ਭਾਰਤ ਦੇ ਰਾਜਖੇਤਰ ਵਿੱਚ-

(ੳ) ਰਾਜਾਂ ਦੇ ਰਾਜਖੇਤਰ;
[2][(ਅ) ਪਹਿਲੀ ਅਨੁਸੂਚੀ ਵਿੱਚ ਉਲਿਖਤ ਸੰਘ ਰਾਜਖੇਤਰ; ਅਤੇ]
(ੲ) ਅਜਿਹੇ ਹੋਰ ਰਾਜਖੇਤਰ ਜੋ ਅਰਜਤ ਕੀਤੇ ਜਾਣ, ਸਮਾਵਿਸ਼ਟ ਹੋਣਗੇ।}}

2. ਨਵੇਂ ਰਾਜਾਂ ਦਾ ਦਾਖ਼ਲਾ ਜਾਂ ਸਥਾਪਨਾ। - ਸੰਸਦ ਕਾਨੂੰਨ ਦੁਆਰਾ ਅਜਿਹੇ ਨਿਬੰਧਨਾਂ ਅਤੇ ਸ਼ਰਤਾਂ ਤੇ ਜੋ ਉਹ ਉਚਿਤ ਸਮਝੇ ਨਵੇਂ ਰਾਜ ਸੰਘ ਵਿੱਚ ਦਾਖ਼ਲ, ਜਾਂ ਸਥਾਪਤ ਕਰ ਸਕੇਗੀ।

[3]2ੳ [ਸਿੱਕਮ ਦਾ ਸੰਘ ਦੇ ਨਾਲ ਸਹਿਯੁਕਤ ਹੋਣਾ] ਸੰਵਿਧਾਨ (ਛੱਤੀਵੀਂ ਸੋਧ) ਐਕਟ, 1975 ਦੀ ਧਾਰਾ 5 ਦੁਆਰਾ (26.04.1975 ਤੋਂ ਪ੍ਰਭਾਵੀ) ਨਿਰਸਤ।

3. ਨਵੇਂ ਰਾਜਾਂ ਦਾ ਬਣਾਉਣਾ ਅਤੇ ਮੌਜੂਦਾ ਰਾਜਾਂ ਦੇ ਖੇਤਰਾਂ, ਹੱਦਾਂ ਜਾਂ ਨਾਵਾਂ ਦਾ ਬਦਲਣਾ।- ਸੰਸਦ ਕਾਨੂੰਨ ਦੁਆਰਾ-

(ੳ) ਕਿਸੇ ਰਾਜ ਤੋਂ ਉਸ ਦਾ ਰਾਜਖੇਤਰ ਵੱਖ ਕਰਕੇ ਜਾਂ ਦੋ ਜਾਂ ਵੱਧ ਰਾਜਾਂ ਜਾਂ ਰਾਜਾਂ ਦੇ ਭਾਗਾਂ ਨੂੰ ਮਿਲਾ ਕੇ ਜਾਂ ਕੋਈ ਰਾਜਖੇਤਰ ਕਿਸੇ ਰਾਜ ਦੇ ਭਾਗ ਨਾਲ ਮਿਲਾ ਕੇ ਕੋਈ ਨਵਾਂ ਰਾਜ ਬਣਾ ਸਕੇਗੀ;
(ਅ) ਕਿਸੇ ਰਾਜ ਦਾ ਖੇਤਰ ਵਧਾ ਸਕੇਗੀ;
(ੲ) ਕਿਸੇ ਰਾਜ ਦਾ ਖੇਤਰ ਘਟਾ ਸਕੇਗੀ ;
(ਸ) ਕਿਸੇ ਰਾਜ ਦੀਆਂ ਹੱਦਾਂ ਬਦਲ ਸਕੇਗੀ ;
(ਹ) ਕਿਸੇ ਰਾਜ ਦਾ ਨਾਂ ਬਦਲ ਸਕੇਗੀ :
[4][ਪਰੰਤੂ ਇਸ ਪ੍ਰਯੋਜਨ ਲਈ ਕੋਈ ਬਿਲ ਰਾਸ਼ਟਰਪਤੀ ਦੀ ਸਿਫਾਰਸ਼ ਦੇ ਸਿਵਾਏ ਅਤੇ ਜਿੱਥੇ ਬਿਲ ਵਿਚਲੀ ਤਜਵੀਜ਼ ਦਾ ਪ੍ਰਭਾਵ[5] ਰਾਜਾਂ ਵਿੱਚੋਂ ਕਿਸੇ ਦੇ ਖੇਤਰ, ਹੱਦਾਂ ਜਾਂ ਨਾਂ ਤੇ ਪੈਂਦਾ ਹੋਵੇ, ਜੇਕਰ ਉਹ ਬਿਲ ਉਸ ਰਾਜ ਦੇ ਵਿਧਾਨ-ਮੰਡਲ ਨੂੰ ਉਸ ਤੇ ਆਪਣੇ ਵਿਚਾਰ, ਅਜਿਹੀ ਮੁੱਦਤ ਦੇ ਅੰਦਰ ਜਿਹੀ ਕਿ ਹਵਾਲੇ ਵਿੱਚ ਉਲਿਖਤ ਹੋਵੇ ਜਾਂ ਅਜਿਹੀ ਹੋਰ ਮੁੱਦਤ ਦੇ ਅੰਦਰ ਜਿਹੀ ਕਿ ਰਾਸ਼ਟਰਪਤੀ ਇਜਾਜ਼ਤ ਦੇਵੇ, ਪ੍ਰਗਟ ਕੀਤੇ ਜਾਣ ਲਈ ਰਾਸ਼ਟਰਪਤੀ ਦੁਆਰਾ ਹਵਾਲਾ ਨ ਕੀਤਾ ਗਿਆ ਹੋਵੇ ਅਤੇ ਇਸ ਤਰ੍ਹਾਂ ਉਲਿਖਤ ਜਾਂ ਇਜਾਜ਼ਤ ਦਿੱਤੀ ਮੁੱਦਤ ਨ ਗੁਜ਼ਰ ਗਈ ਹੋਵੇ ਸੰਸਦ ਦੇ ਕਿਸੇ ਸਦਨ ਵਿੱਚ ਪੁਰਸਥਾਪਤ ਨਹੀਂ ਕੀਤਾ ਜਾਵੇਗਾ।]
[6][ਵਿਆਖਿਆ I.- ਇਸ ਅਨੁਛੇਦ ਵਿੱਚ, ਖੰਡ (ੳ) ਤੋਂ (ਹ) ਵਿੱਚ, "ਰਾਜ" ਵਿੱਚ ਕੋਈ ਸੰਘ ਰਾਜਖੇਤਰ ਸ਼ਾਮਲ ਹੈ, ਪਰ ਪਰੰਤੁਕ ਵਿੱਚ, “ਰਾਜ” ਵਿੱਚ ਕੋਈ ਸੰਘ ਰਾਜਖੇਤਰ ਸ਼ਾਮਲ ਨਹੀਂ ਹੈ।
ਵਿਆਖਿਆ II.-ਖੰਡ (ੳ) ਦੁਆਰਾ ਸੰਸਦ ਨੂੰ ਪ੍ਰਦਾਨ ਕੀਤੀ ਗਈ ਸ਼ਕਤੀ ਵਿੱਚ ਕਿਸੇ ਰਾਜ ਜਾਂ ਸੰਘ ਰਾਜਖੇਤਰ ਦੇ ਕਿਸੇ ਭਾਗ ਨੂੰ ਕਿਸੇ ਹੋਰ ਰਾਜ ਜਾਂ ਸੰਘ ਰਾਜਖੇਤਰ ਨਾਲ ਮਿਲਾ ਕੇ ਕੋਈ ਨਵਾਂ ਰਾਜ ਜਾਂ ਸੰਘ ਰਾਜਖੇਤਰ ਬਣਾਉਣ ਦੀ ਸ਼ਕਤੀ ਸ਼ਾਮਲ ਹੈ।]

4. ਪਹਿਲੀ ਅਤੇ ਚੌਥੀ ਅਨੁਸੂਚੀਆਂ ਦੀ ਸੋਧ ਅਤੇ ਅਨੁਪੂਰਕ, ਅਨੁਸੰਗਕ ਅਤੇ ਪਰਿਣਾਮਕ ਮਾਮਲਿਆਂ ਲਈ ਉਪਬੰਧ ਕਰਨ ਲਈ ਅਨੁਛੇਦ 2 ਅਤੇ 3 ਦੇ ਅਧੀਨ ਬਣਾਏ ਗਏ ਕਾਨੂੰਨ। - (1) ਅਨੁਛੇਦ 2 ਜਾਂ ਅਨੁਛੇਦ 3 ਵਿੱਚ ਹਵਾਲਾ ਦਿੱਤੇ ਗਏ ਕਿਸੇ ਕਾਨੂੰਨ ਵਿੱਚ ਪਹਿਲੀ ਅਨੁਸੂਚੀ ਅਤੇ ਚੌਥੀ ਅਨੁਸੂਚੀ ਦੀ ਸੋਧ ਲਈ ਅਜਿਹੇ ਉਪਬੰਧ ਹੋਣਗੇ ਜਿਹੇ ਉਸ ਕਾਨੂੰਨ ਦੇ ਉਪਬੰਧਾਂ ਨੂੰ ਪ੍ਰਭਾਵੀ ਬਣਾਉਣ ਲਈ ਜ਼ਰੂਰੀ ਹੋਣ, ਅਤੇ ਉਸ ਵਿੱਚ ਅਜਿਹੇ ਅਨੁਪੂਰਕ, ਅਨੁਸੰਗਕ ਅਤੇ ਪਰਿਣਾਮਕ ਉਪਬੰਧ (ਜਿਨਾਂ ਵਿੱਚ ਅਜਿਹੇ ਕਾਨੂੰਨ ਤੋਂ ਪ੍ਰਭਾਵਤ ਰਾਜ ਜਾਂ ਰਾਜਾਂ ਦੀ ਸੰਸਦ ਵਿੱਚ ਅਤੇ ਵਿਧਾਨ-ਮੰਡਲ ਜਾਂ ਵਿਧਾਨ-ਮੰਡਲਾਂ ਵਿੱਚ ਪ੍ਰਤੀਨਿਧਤਾ ਬਾਬਤ ਉਪਬੰਧ ਸ਼ਾਮਲ ਹਨ) ਵੀ ਹੋ ਸਕਣਗੇ ਜਿਹੇ ਸੰਸਦ ਜ਼ਰੂਰੀ ਸਮਝੇ।

(2) ਉਪਰੋਕਤ ਜਿਹਾ ਕੋਈ ਕਾਨੂੰਨ ਅਨੁਛੇਦ 368 ਦੇ ਪ੍ਰਯੋਜਨਾਂ ਲਈ ਇਸ ਸੰਵਿਧਾਨ ਦੀ ਸੋਧ ਨਹੀਂ ਸਮਝਿਆ ਜਾਵੇਗਾ।

——————

  1. ਸੰਵਿਧਾਨ (ਸੱਤਵੀਂ ਸੋਧ) ਐਕਟ, 1956, ਧਾਰਾ 2 ਦੁਆਰਾ ਮੂਲ ਖੰਡ [(2) ਦੀ ਥਾਵੇਂ ਰੱਖਿਆ ਗਿਆ।
  2. ਉਪਰੋਕਤ ਦੀ ਧਾਰਾ 2 ਦੁਆਰਾ ਮੂਲ ਉਪ-ਖੰਡ (ਅ) ਦੀ ਥਾਵੇਂ ਰੱਖਿਆ ਗਿਆ।
  3. ਸੰਵਿਧਾਨ (ਪੈਂਤੀਵੀਂ ਸੋਧ) ਐਕਟ, 1974, ਧਾਰਾ 2 ਦੁਆਰਾ (1.3.1975 ਤੋਂ) ਅੰਤਰਸਥਾਪਤ।
  4. ਸੰਵਿਧਾਨ (ਪੰਜਵੀਂ ਸੋਧ) ਐਕਟ, 1955, ਧਾਰਾ 2 ਦੁਆਰਾ ਮੂਲ ਪਰੰਤੁਕ ਦੀ ਥਾਵੇਂ ਰੱਖਿਆ ਗਿਆ।
  5. ਸ਼ਬਦ ਅਤੇ ਅੱਖਰ “ਪਹਿਲੀ ਅਨੁਸੂਚੀ ਦੇ ਭਾਗ ੳ ਜਾਂ ਭਾਗ ਅ ਵਿੱਚ ਉਲਿਖਤ" ਸੰਵਿਧਾਨ (ਸੱਤਵੀਂ ਸੋਧ) ਐਕਟ, 1956, ਧਾਰਾ 29 ਅਤੇ ਅਨੁਸੂਚੀ ਦੁਆਰਾ ਲੋਪ ਕਰ ਦਿੱਤੇ ਗਏ।
  6. ਸੰਵਿਧਾਨ (ਅਠਾਰ੍ਹਵੀਂ ਸੋਧ) ਐਕਟ, 1966, ਧਾਰਾ 2 ਦੁਆਰਾ ਅੰਤਰਸਥਾਪਤ।