ਨੇਕੀ ਦਾ ਬਦਲਾ


ਚੰਨੂ ਫਾਂਸੀ ਦੀ ਕਾਲ ਕੋਠੜੀ ਵਿਚ ਬੈਠਾ ਨਿਰਾਸਤਾ ਦੇ ਹੰਝੂ ਕੇਰ ਰਿਹਾ ਸੀ । ਮੌਤ ਦਾ ਭੂਤ ਉਹਦੀਆਂ ਅੱਖੀਆਂ ਸਾਮਣੇ ਦਿਨੇ ਰਾਤ ਨੱਚਦਾ ਰਹਿੰਦਾ ਸੀ। ਉਸ ਨੂੰ ਜੇ ਥੋੜੀ ਬਹੁਤ ਆਸ ਹੈ ਸੀ ਤਾਂ ਉਹ ਸਿਰਫ ਅਪੀਲ ਦੀ, ਜੋ ਓਹਨੇ ਹਾਈ ਕੋਰਟ ਵਿਚ ਕੀਤੀ ਹੋਈ ਸੀ ।
ਓਸ ਦੀ ਤੇਰਾਂ ਤਾਲਣੀ ਪਤਨੀ "ਸੁਰੇਸ਼" ਜੋ ਸਾਰੀ ਘਟਨਾ ਦੀ ਜ਼ਿੰਮੇਵਾਰ ਸੀ. ਓਸ ਦੀ ਸਫਲਤਾ ਵਾਸਤੇ ਦੌੜ ਭੱਜ ਤਾਂ ਬਥੇਰੀ ਕਰ ਰਹੀ ਸੀ, ਪਰ ਆਸ ਦੀ ਝਲਕ ਕਿਸੇ ਪਾਸਿਓਂ ਵੀ ਨਜ਼ਰ ਨਹੀਂ ਸੀ ਆਉਂਦੀ । ਆਪਣੇ ਮਾਲਿਕ ਦੀ ਰਿਹਾਈ ਵਾਸਤੇ ਓਹਨੂੰ ਕਿਥੇ ਕਿਥੇ ਜਾਣਾ ਪਿਆ ਤੇ ਉਸ ਨੇ ਇਸ ਕੰਮ ਵਿਚ ਕਿਸ ਕਿਸ ਪਾਸੋਂ ਤੇ ਕਿਸ ਕਿਸ ਢੰਗ ਨਾਲ ਸਹਾਇਤਾ ਲਈ, ਇਹ ਇਕ ਲੰਮੀ ਵਾਰਤਾ ਹੈ, ਜਿਸ ਨੂੰ ਛਡ ਕੇ ਮੈਂ ਏਸ ਕਹਾਣੀ ਨੂੰ ਆਰੰਭ ਕਰਦਾ ਹਾਂ ।
ਸੁਰੇਸ਼ ਅਪੀਲ ਲਈ ਨਸੀ ਪਈ ਫਿਰਦੀ ਸੀ ਕਿ ਇਕ ਦਿਨ ਅਚਾਨਕ ਹੀ ਉਸ ਨੂੰ ਇਕ ਗਰੀਬ, ਬੇ-ਸਹਾਰਾ ਤੇ ਦੁਨੀਆ ਦਾ ਸਤਾਇਆ ਹੋਇਆ ਨੌਜਵਾਨ ਕ੍ਰਿਪਾਲ ਮਿਲ ਪਿਆ ।
ਹੁਸ਼ਿਆਰ ਪਰ ਦੁਖੀ ਸੁਰੇਸ਼ ਨੇ ਕ੍ਰਿਪਾਲ ਨੂੰ ਹਮਦਰਦ ਜਾਣ ਕੇ ਆਪਣੀ ਰਾਮ ਕਹਾਣੀ ਪਹਿਲੀ ਮਿਲਨੀ ਵਿਚ ਹੀ ਸੁਣਾ ਦਿੱਤੀ। ਜਿਸ ਨੂੰ ਸੁਣ ਕੇ ਕ੍ਰਿਪਾਲ ਦੇ ਦਿਲ ਵਿਚ ਹਮਦਰਦੀ, ਲੋਕ-ਸੇਵਾ ਤੇ

ਪਰਉਪਕਾਰ ਦਾ ਭਰਿਆ ਹੋਇਆ ਜਜ਼ਬਾ ਭੜਕ ਉਠਿਆ । ਓਸ ਨੇ ਸੁਰੇਸ਼ ਨੂੰ ਆਖਿਆ- “ਸੁਰੇਸ਼ ਜੀਓ ! ਆਪ ਚਿੰਤਾ ਨਾ ਕਰੋ, ਵਾਹਿਗੁਰੂ ਭਲੀ ਕਰੇਗਾ। ਮੈਂ ਗਰੀਬ ਹਾਂ, ਪਰ ਜਿਸ ਸੇਵਾ ਜੋਗ ਵੀ ਹਾਂ, ਹਰ ਵਕਤ ਹਾਜ਼ਰ ਹਾਂ । ਮੇਰੇ ਤਨ, ਮਨ ਤੇ ਧਨ ਵਿਚ ਆਪ ਨੂੰ ਜਿਸ ਚੀਜ਼ ਦੀ ਤੇ ਜਿਸ ਵੇਲੇ ਵੀ ਲੋੜ ਹੋਵੇ ਓਸ ਨੂੰ ਬੇ-ਸੰਕੋਚ ਵਰਤ ਸਕਦੇ ਹੋ।
ਸੁਰੇਸ਼ ਨੇ ਤਾੜ ਲਿਆ ਕਿ ਇਹ ਸਿਧਾ ਸਾਦਾ ਨੌਜਵਾਨ ਮੈਨੂੰ ਕਾਫੀ ਕੰਮ ਦੇਵੇਗਾ ਤੇ ਉਹ ਕ੍ਰਿਪਾਲ ਦਾ ਧੰਨਵਾਦ ਕਰ ਕੇ ਚੰਨੂ ਦੀ ਮੁਲਾਕਾਤ ਕਰਨ ਚਲੀ ਗਈ।
ਚੰਨੂ ਚਿੰਤਾ ਤੇ ਗ਼ਮਾਂ ਨਾਲ ਬਹੁਤ ਕਮਜ਼ੋਰ ਹੋ ਚੁੱਕਾ ਸੀ। ਰੱਬ ਦਾ ਇਨਸਾਫ ਓਸ ਨੂੰ ਘੂਰਦਾ ਹੋਇਆ ਨਜ਼ਰ ਆਉਂਦਾ ਸੀ ਤੇ ਜਦ ਉਹ ਚੇਤੇ ਕਰਦਾ ਸੀ ਕਿ ਮੈਂ ਏਡਾ ਵੱਡਾ ਪਾਪ ਕੀਤਾ ਹੈ, ਤਾਂ ਉਹ ਆਪਣੇ ਆਪ ਕਹਿਣ ਲੱਗ ਜਾਂਦਾ ਸੀ-“ਮੇਰਾ ਰਿਹਾ ਹੋਣਾ ਅਨਹੋਣੀ ਗੱਲ ਹੈ। ਸੁਰੇਸ਼ ਭਾਵੇਂ ਓਸ ਦੀ ਰਿਹਾਈ ਲਈ ਨਸੀ ਪਈ ਫਿਰਦੀ ਸੀ, ਪਰ ਜਦ ਉਹ ਖ਼ਿਆਲ ਕਰਦਾ ਸੀ ਕਿ ਓਹ ਏਸੇ ਪੱਜ ਨਾਲ ਦਿਨ ਰਾਤ ਅਵਾਰਗੀ ਕਰਦੀ ਹੈ ਤਾਂ ਮਲਾਕਾਤ ਕਰਨ ਆਏ ਭਰਾਵਾਂ ਨੂੰ ਕਹਿ ਦੇਂਦਾ ਸੀ-“ਜੇ ਮੈਂ ਬਚ ਗਿਆ ਤਾਂ ਵਾਹ ਭਲਾ ਪਰ ਜੇ ਫਾਂਸੀ ਲੱਗ ਗਿਆ ਤਾਂ ਤੁਸਾਂ ਸੁਰੇਸ਼ ਦੀ ਗੁੱਤ, ਨੱਕ ਤੇ ਕੰਨ ਜ਼ਰੂਰ ਵੱਢ ਦੇਣੇ । ਓਹਨੂੰ ਅਵਾਰਾ ਫਿਰਨ ਜੋਗੀ ਨਾ ਰਹਿਣ ਦੇਣਾ ।"

ਇਹ ਗੱਲਾਂ ਸੁਰੇਸ਼ ਤੀਕ ਵੀ ਪੁਜ ਜਾਂਦੀਆਂ ਸਨ ਤੇ ਇਹਨਾਂ ਨੂੰ ਸੁਣ ਕੇ ਦੁਖੀ ਵੀ ਹੁੰਦੀ ਜਾਪਦੀ ਸੀ, ਪਰ ਕਿਸੇ ਲਗਨ ਵਿਚ ਮਸਤ ਉਹ ਅਪੀਲ ਦੇ ਫ਼ੈਸਲੇ ਤੀਕ ਓਸੇ ਤਰਾਂ ਦੌੜਦੀ ਭੱਜਦੀ ਰਹੀ। ਓਹਨੂੰ ਖ਼ਿਆਲ ਸੀ ਕਿ ਜੇ ਚੰਨੂ ਰਿਹਾ ਹੋ ਗਿਆ, ਤਾਂ ਮੈਂ

ਆਪਣੀ ਚਾਲਾਕੀ ਨਾਲ ਸਾਰੀਆਂ ਗੱਲਾ ਠੀਕ ਕਰ ਲਵਾਂਗੀ ।
ਸੁਰੇਸ਼ ਕ੍ਰਿਪਾਲ ਨੂੰ ਇਹੋ ਜਹੀਆਂ ਗੱਲਾਂ ਨਹੀਂ ਸੀ ਦਸਦੀ। | ਸ਼ਾਇਦ ਇਸ ਕਰ ਕੇ ਕਿ ਓਸ ਨੇ ਇਕ ਦੋ ਮਿਲਣੀਆਂ ਵਿਚ ਹੀ ਜਾਣ ਲਿਆ ਸੀ ਕਿ ਕ੍ਰਿਪਾਲ ਦਾ ਗੁੱਸਾ ਓਸ ਦਾ ਜਨਮ-ਸਾਥੀ ਹੈ; ਮਤਾਂ ਏਸ ਤਰਾਂ ਦੀਆਂ ਗੱਲਾਂ ਦਾ ਅਸਰ ਕਿਧਰੇ ਉਲਟਾ ਹੀ ਨਾ ਪਵੇ ।

ਪਰ ਕ੍ਰਿਪਾਲ ਜਦੋਂ ਓਸ ਨੂੰ ਚਿੰਤਾਤੁਰ ਵੇਖਦਾ, ਤਾਂ ਸੁਰੇਸ਼ ਪਾਸੋਂ ਉਸ ਦੇ ਦਿਲ ਦੀ ਹਾਲਤ ਪੁੱਛਣ ਦਾ ਜਤਨ ਵੀ ਕਰਦਾ। ਇਕ ਦਿਨ ਜਦ ਕਿ ਸੁਰੇਸ਼ ਬਾਹਲੀ ਹੀ ਅਫ਼ਸੋਸੀ ਹੋਈ ਸੀ, ਕ੍ਰਿਪਾਲ ਨੇ ਪੁਛਿਆ- "ਤੁਸੀਂ ਦਿਨੋ ਦਿਨ ਘੁਲਦੇ ਕਿਉਂ ਜਾ ਰਹੇ ਹੋ ?" ਸੁਰੇਸ਼ ਨੇ ਉੱਤਰ ਦਿੱਤਾ- “ਕਾਕਾ, ਅਪੀਲ ਦੀ ਤਾਰੀਖ ਦੇ ਦਿਨ ਨੇੜੇ ਆ ਰਹੇ ਹਨ, ਪਰ ਅਮਲੀ ਕੰਮ ਕੁਝ ਵੀ ਨਹੀਂ ਹੋਇਆ। ਇਹੋ ਚਿੰਤਾ ਹੈ, ਜੋ ਮੈਨੂੰ ਦਿਨੇ ਰਾਤ ਖਾ ਰਹੀ ਹੈ ।"

ਕ੍ਰਿਪਾਲ ਨੇ ਤਸੱਲੀ ਦੇਂਦੇ ਹੋਏ ਆਖਿਆ-"ਚਿੰਤਾ ਕਰਨਾ ਫਜੂਲ ਹੈ; ਹੋਣਾ ਓਹੋ ਕੁਝ ਹੈ ਜੋ ਰੱਬ ਨੂੰ ਭਾਉਂਦਾ ਹੈ। ਤੁਸੀ ਜਾਣਦੇ ਹੀ ਹੋ ਕਿ ਆਪਣੇ ਵਲੋਂ ਅਸੀਂ ਕੋਈ ਕਸਰ ਨਹੀਂ ਰਖੀ, ਅੱਗੇ ਜਿਵੇਂ ਚੰਨੂ ਦੇ ਭਾਗ |"
“ਚੰਗਾ ਕਾਕਾ, ਰੱਬ ਰਾਖਾ !" ਸੁਰੇਸ਼ ਨੇ ਹਾਉਕਾ ਲੈ ਕੇ ਆਖਿਆ ।
ਅਗਲੇ ਹਫ਼ਤੇ ਹਾਈ ਕੋਰਟ ਵਿਚ ਅਪੀਲ ਦੀ ਤਾਰੀਖ ਸੀ, ਪਤਾ ਨਹੀਂ ਕਿੰਨੇ ਦਿਨ ਬਹਿਸ ਤੇ ਲੱਗਣ; ਏਸ ਖ਼ਿਆਲ ਨਾਲ ਸੁਰੇਸ਼ ਚੰਨੂ ਦੀ ਮੁਲਾਕਾਤ ਕਰਨ ਚਲੀ ਗਈ।
ਸੁਰੇਸ਼ ਨੇ ਮੁਲਾਕਾਤ ਸਮੇਂ ਗੱਲਾਂ ਗੱਲਾਂ ਵਿਚ ਚੰਨੂ ਨਾਲ ਕ੍ਰਿਪਾਲ ਦੀ ਜਾਣ ਪਛਾਣ ਵੀ ਕਰਾਈ ਤੇ ਓਸ ਦੀ ਸਹਾਇਤਾ ਦਾ ਜ਼ਿਕਰ

ਕਰਦੇ ਹੋਏ ਇਹ ਵੀ ਦਸਿਆ ਕਿ "ਇਹ ਗਰੀਬ ਪਰ ਤਰਸਵਾਨ ਮੁੰਡਾ ਤੇਰੀ ਅਪੀਲ ਦੇ ਸਿਲਸਿਲੇ ਵਿਚ ਬੜੀ ਦੌੜ ਭਜ ਕਰ ਰਿਹਾ ਹੈ । ਏਥੋਂ ਤੀਕ ਕਿ ਏਸ ਵਿਚਾਰੇ ਨੇ ਆਪਣਾ ਪਾਈ ਪੈਸਾ ਵੀ ਪਿਛੇ ਨਹੀਂ ਰਖਿਆ । ਏਸ ਮੇਰੀ ਉਹ ਮਦਦ ਕੀਤੀ ਹੈ, ਜਿਸ ਦਾ ਬਦਲਾ ਮੈਂ ਸਾਰੀ ਉਮਰ ਨਹੀਂ ਦੇ ਸਕਦੀ।"
ਸੁਰੇਸ਼ ਮੁਲਾਕਾਤ ਤੋਂ ਵਾਪਸ ਲਾਹੌਰ ਆ ਕੇ ਆਪਣੇ ਕੰਮ ਵਿਚ ਰੁਝ ਗਈ। ਓਹਨਾਂ ਹੀ ਦਿਨਾਂ ਵਿਚ ਕ੍ਰਿਪਾਲ ਨੂੰ ਇਕ ਚਿਠੀ ਮਿਲੀ, ਜਿਸ ਵਿਚ ਚੰਨੂ ਨੇ ਬੜੇ ਪਿਆਰੇ, ਕੋਮਲ ਤੇ ਮਿੱਠੇ ਸ਼ਬਦਾਂ ਵਿਚ ਨਿਮ੍ਰਤਾ ਸਹਿਤ ਕ੍ਰਿਪਾਲ ਦਾ ਧੰਨਵਾਦ ਕੀਤਾ ਸੀ । ਕ੍ਰਿਪਾਲ ਨੂੰ ਏਸ ਧੰਨਵਾਦ ਦੀ ਏਨੀ ਖੁਸ਼ੀ ਨਾ ਹੋਈ, ਜਿੰਨੀ ਕਿ ਓਸ ਨੂੰ ਇਕ ਦੁਖੀ ਦੀ ਸਹਾਇਤਾ ਕਰਨ ਵਿਚ ਹੋ ਰਹੀ ਸੀ ।
ਕ੍ਰਿਪਾਲ ਦੀ ਹਮਦਰਦੀ ਤੇ ਪਿਆਰ ਨੇ ਸੁਰੇਸ਼ ਦੇ ਦਿਲ ਉਤੇ ਵੇਖਣ ਨੂੰ ਏਨਾ ਅਸਰ ਕੀਤਾ ਕਿ ਸੁਰੇਸ਼ ਨੇ ਓਸ ਨੂੰ ਆਪਣੀ ਧੀ ਦਾ ਰਿਸ਼ਤਾ ਦੇਣਾ ਵੀ ਮੰਨ ਲਿਆ। ਏਥੋਂ ਤੀਕ ਕਿ ਇਕ ਦਿਨ ਕ੍ਰਿਪਾਲ ਦੇ ਭਾਈਚਾਰੇ ਵਿਚ ਸਭ ਦੇ ਸਾਮਣੇ ਸੁਰੇਸ਼ ਨੇ ਆਖਿਆ-"ਚੰਨੂ ਦੀ ਅਪੀਲ ਮਨਜ਼ੂਰ ਹੋਣ ਪਿਛੋਂ ਮੈਂ ਆਪਣੀ ਲੜਕੀ ਦੀ ਸ਼ਾਦੀ ਕ੍ਰਿਪਾਲ ਨਾਲ ਕਰ ਦਿਆਂਗੀ । ਭਾਵੇਂ ਚੰਨੂ ਬਰੀ ਹੋਵੇ ਜਾਂ ਨਾ ਹੋਵੇ, ਪਰ ਮੈਂ ਆਪਣੀ ਲੜਕੀ ਦਾ ਰਿਸ਼ਤਾ ਕ੍ਰਿਪਾਲ ਨਾਲ ਜ਼ਰੂਰ ਕਰਾਂਗੀ । ਜੋ ਏਸ ਸਾਡੀ ਸਹਾਇਤਾ ਕੀਤੀ ਹੈ, ਤਾਂ ਹੁਣ ਅਸੀਂ ਵੀ ਇਹਨੂੰ ਸਦਾ ਲਈ ਆਪਣਾ ਬਣਾ ਲਿਆ ਹੈ ।"

ਅੰਤ ਓਹ ਦਿਨ ਵੀ ਆ ਗਿਆ, ਜਦ ਚੰਨੂ ਦੀ ਕਿਸਮਤ ਦਾ ਫੈਸਲਾ ਹੋਣਾ ਸੀ । ਫਾਜ਼ਲ ਜੱਜਾਂ ਨੇ ਬੜੇ ਖ਼ਿਆਲ ਨਾਲ ਵਕੀਲਾਂ ਦੀ ਬਹਿਸ ਸੁਣੀ ਤੇ ਓਹਨਾਂ ਨੇ ਦੋ ਦਿਨਾਂ ਦੀ ਬਹਿਸ ਪਿੱਛੋਂ ਸ਼ੱਕ ਦਾ

ਫ਼ਾਇਦਾ ਦੇਦਿਆਂ ਹੋਇਆਂ ਦੋਸ਼ੀ ਨੂੰ ਬਰੀ ਕਰ ਦਿੱਤਾ ।
ਸੁਰੇਸ਼ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ, ਉਹ ਓਸੇ ਵੇਲੇ ਚੰਨੂ ਨੂੰ ਨਾਲ ਲੈ ਕੇ ਅੰਮ੍ਰਿਤਸਰ ਤੇ ਹੋਰ ਤੀਰਥਾਂ ਦੀ ਯਾਤਰਾ ਕਰਨ ਚਲੀ ਗਈ।
ਕ੍ਰਿਪਾਲ ਉਡੀਕਦਾ ਸੀ ਕਿ ਹੁਣ ਇਕਰਾਰ ਪੂਰੇ ਹੋਣਗੇ, ਪਰ ਕਈ ਦਿਨ ਬੀਤ ਗਏ, ਚੰਨੂ ਤੇ ਸੁਰੇਸ਼ ਵਿਚੋਂ ਕੋਈ ਵੀ ਓਹਦੇ ਪਾਸ ਨਾ ਆਇਆ । ਹੁਣ ਓਹਨਾਂ ਨੂੰ ਕ੍ਰਿਪਾਲ ਨਾਲ ਮਿਲਨ ਦੀ ਲੋੜ ਵੀ ਕੀ ਸੀ, ਮਤਲਬ ਨਿਕਲਨ ਪਿਛੋਂ ਤਾਂ ਜਟ ਪਿਓ ਨੂੰ ਵੀ ਹੂਰਾ ਵਿਖਾਉਣ ਲੱਗ ਜਾਂਦਾ ਏ ।
ਇਕ ਦਿਨ ਕ੍ਰਿਪਾਲ ਇਹਨਾਂ ਵਹਿਣਾਂ ਵਿਚ ਹੀ ਬੈਠਾ ਸੀ ਕਿ | ਅਚਾਨਕ ਸੁਰੇਸ਼ ਤੇ ਓਸ ਦੇ ਨਾਲ ਦੋ ਆਦਮੀ ਆ ਨਿਕਲੇ। ਸੁਰੇਸ਼ ਨੇ ਦਸਿਆ ਕਿ ਇਹ ਮੇਰੇ ਰਿਸ਼ਤੇਦਾਰ ਹਨ।
ਸੁਰੇਸ਼ ਦੀ ਗੱਲ ਬਾਤ ਤੋਂ ਸਾਫ ਪਤਾ ਲਗਦਾ ਸੀ ਕਿ ਹੁਣ ਸੁਰੇਸ਼ ਉਹ ਪਹਿਲੀ ਬਾਰ ਬਾਰ ਕ੍ਰਿਤਗਯਤਾ ਦਸਣ ਵਾਲੀ ਸੁਰੇਸ਼ ਨਹੀਂ ਸੀ ਰਹੀ।
ਸੁਰੇਸ਼ ਤੇ ਉਹ ਆਦਮੀ ਪਤਾ ਨਹੀਂ ਕਿਸ ਕੰਮ ਆਏ ਸਨ। | ਉਹ ਇਕ ਰਾਤ ਰਹਿ ਕੇ ਚਲੇ ਗਏ । ਕ੍ਰਿਪਾਲ ਦੀ ਅਕਲ ਕੰਮ ਨਹੀਂ ਸੀ ਕਰਦੀ ਕਿ ਇਹ ਕੀ ਗੋਰਖ ਧੰਦਾ ਹੈ । ਏਸ ਗੁੰਝਲ ਨੂੰ ਹੱਲ ਕਰਨ ਦਾ ਜਿੰਨਾ ਵਧੀਕ ਉਹ ਯਤਨ ਕਰਦਾ ਸੀ, ਇਹ ਓਨੀ ਵਧੇਰੀ ਉਲਝਦੀ ਤੁਰੀ ਜਾਂਦੀ ਸੀ ।
ਸੁਰੇਸ਼ ਦੀ ਸਹੇਲੀ ਗਿਆਨ ਚੰਨੂ ਦੀ ਰਿਹਾਈ ਦੀ ਖ਼ਬਰ ਸੁਣ ਕੇ ਓਹਨਾਂ ਦੇ ਪਿੰਡ ਗਈ, ਪਰ ਚੰਨੂ ਤੇ ਸੁਰੇਸ਼ ਦੋਵਾਂ ਵਿਚੋਂ ਕੋਈ ਵੀ ਨਾ ਮਿਲਿਆ | ਅਚਾਨਕ ਉਹ ਕ੍ਰਿਪਾਲ ਪਾਸ ਵੀ ਆ ਨਿਕਲੀ ਤੇ ਜਦ ਓਸ ਨੇ ਕ੍ਰਿਪਾਲ ਨੂੰ ਉਦਾਸ ਤੇ ਨਿਰਾਸ ਵੇਖਿਆ, ਤਾਂ ਉਹ

ਸਚਾਈ ਨੂੰ ਲੁਕਾ ਨਾ ਸਕੀ। ਓਹਨੇ ਲੰਮਾ ਸਾਰਾ ਸਾਹ ਲੈਂਦਿਆਂ ਕਿਹਾ-
"ਇਹਨਾਂ ਦੀ ਆਦਤ ਨਾ ਬਦਲੀ। ਇਤਨੇ ਦੁੱਖਾਂ ਵਿਚ ਲੰਘਦਿਆਂ ਹੋਇਆਂ ਵੀ ਇਹ ਦਗਾਬਾਜ਼, ਫਰੇਬੀ, ਝੂਠੇ ਤੇ ਮਕਾਰ ਹੀ ਰਹੇ । ਇਹ ਮਹਾਂ ਪਾਪੀ, ਮਹਾਂ ਅਕਿਰਤ ਘਣ ਤੇ ਮਹਾਂ ਨੀਚ ਨੇ। ਏਥੋਂ ਤੀਕ ਕਿ ਜਿਸ ਦਰਖ਼ਤ ਦੀ ਠੰਡੀ ਛਾਂ ਹੇਠ ਬੈਠਣਗੇ, ਓਸੇ ਦੀਆਂ ਜੜਾਂ ਵੱਢ ਕੇ ਸਾਹ ਲੈਣਗੇ । ਸ਼ਰਾਫ਼ਤ, ਸਚਾਈ ਤੇ ਮਨੁੱਖਤਾ ਤਾਂ ਇਹਨਾਂ ਦੇ ਕਿਤੇ ਨੇੜੇ ਵੀ ਨਹੀਂ ਢੁੱਕੀ । ਕੁੱਤੇ ਦੀ ਪੂਛ ਬਾਰਾਂ ਵਰੇ ਵੰਝਲੀ ਵਿਚ ਪਈ ਰਹੀ, ਪਰ ਉਹ ਸਿਧੀ ਫੇਰ ਵੀ ਨਾ ਹੋਈ।"
ਇਹ ਸਭ ਕੁਝ ਕ੍ਰਿਪਾਲ ਸੁਣ ਤਾਂ ਜ਼ਰੂਰ ਰਿਹਾ ਸੀ, ਪਰ ਉਸ ਦੀ ਸਮਝ ਵਿਚ ਕੁਝ ਨਾ ਆਇਆ । ਓਸ ਨੇ ਗਿਆਨ ਕੋਲੋਂ ਪੁੱਛਿਆ “ਤੁਸੀ ਇਕੇ ਸਾਹ ਕਿਸ ਦੀਆਂ ਐਨੀਆਂ ਗੱਲਾਂ ਕਰ ਗਏ ਹੋ ?"
"ਇਹ ਗੱਲਾਂ ਉਨ੍ਹਾਂ ਦੀਆਂ ਨੇ, ਜਿਨਾਂ ਨੂੰ ਮੈਂ ਅਜ ਤੀਕ ਆਪਣਾ ਮਿੱਤ੍ਰ ਸਮਝਦੀ ਸਾਂ।" ਗਿਆਨ ਨੇ ਆਖਿਆ ।
"ਜੇ ਤੁਹਾਡੀ ਮੁਰਾਦ ਚੰਨੂ ਤੇ ਸੁਰੇਸ਼ ਤੋਂ ਏ, ਤਾਂ ਮੈਂ ਨਹੀਂ ਮੰਨ ਸਕਦਾ । ਮੈਂ ਚੰਨੂ ਨੂੰ ਨਹੀਂ ਜਾਣਦਾ, ਤਾਂ ਕੀ ਹੋਇਆ, ਸੁਰੇਸ਼ ਨਾਲ ਤਾਂ ਮੈਂ ਪੰਜਾਂ ਛਿਆਂ ਮਹੀਨਿਆਂ ਤੋਂ ਖੁਲ ਕੇ ਵਰਤ ਹੀ ਰਿਹਾ ਹਾਂ ਨਾ।"
ਕ੍ਰਿਪਾਲ ਦੀਆਂ ਗੱਲਾਂ ਦਾ ਉੱਤਰ ਦੇਂਦਿਆਂ ਹੋਇਆਂ ਗਿਆਨ ਨੇ ਕਿਹਾ-"ਸੁਰੇਸ਼ ਕੈਪਟਨ................... ਦੀ ਪਤਨੀ ਸੀ । ਓਸ ਨੇ ਸੁਰੇਸ਼ ਨਾਲ ਬੁੜਾਪੇ ਵਿਚ ਦੂਜੀ ਸ਼ਾਦੀ ਕੀਤੀ। ਸੁਰੇਸ਼ ਦੀ ਜਵਾਨੀ ਅਜੇ ਹੁਲਾਰੇ ਹੀ ਲੈ ਰਹੀ ਸੀ ਕਿ ਉਸ ਦੇ ਇਹ ਪਤੀ ਦੇਵ ਮੌਤ ਦੀ ਗੋਦ ਵਿਚ ਸਦਾ ਦੀ ਨੀਂਦ ਸੌਂ ਗਏ ਤੇ ਸੁਰੇਸ਼ ਨੂੰ ਮੁਕੰਮਲ ਆਜ਼ਾਦੀ ਮਿਲ ਗਈ । ਉਸ ਤੋਂ ਪਿਛੋਂ ਸੁਰੇਸ਼ ਨੇ ਕਈ ਆਵਾਰਾ ਆਦ-

ਮੀਆਂ ਨਾਲ ਪ੍ਰੇਮ ਕੀਤਾ, ਪਰ ਉਹ ਦਿਨ ਜਦ ਕਿ ਜਵਾਨੀ ਦੀ ਜਵਾਲਾ ਜ਼ੋਰਾਂ ਤੇ ਬਲਦੀ ਹੈ, ਹਾਲਾਂ ਓਸ ਤੇ ਮੌਜੂਦ ਸਨ। ਚੰਨੂ ਓਸ ਦਾ ਅੰਤਲਾ ਪ੍ਰੇਮੀ ਸੀ, ਜੁ ਜੁਆਰੀਆ, ਸ਼ਰਾਬੀ, ਚੋਰ, ਡਾਕੂ ਤੇ ਕਾਤਲ ਸੀ। ਉਸ ਦੀ ਸੰਗਤ ਨਾਲ ਸੁਰੇਸ਼ ਵਿਚ ਵੀ ਇਹ ਸਭ ਔਗੁਣ ਆ ਗਏ ।

“ਓਹ ਕਤਲ ਜਿਸ ਵਿਚ ਚੰਨੂ ਨੂੰ ਫਾਂਸੀ ਦੀ ਸਜ਼ਾ ਮਿਲੀ ਸੀ,ਇਹ ਓਸ ਨੇ ਸੁਰੇਸ਼ ਦੇ ਇਸ਼ਾਰੇ ਨਾਲ ਹੀ ਕੀਤਾ ਸੀ | ਕਤਲ ਕਰਨ ਤੋਂ ਪੰਦਰਾਂ ਦਿਨ ਪਹਿਲਾਂ ਚੰਨੂ ਤੇ ਸੁਰੇਸ਼ ਮੇਰੇ ਪਾਸ ਆਏ ਸਨ ਤੇ ਉਹਨਾਂ ਨੇ ਆਖਿਆ ਸੀ ਕਿ "ਅਸੀਂ ਇਕ ਕਤਲ ਕਰਨ ਲਗੇ ਹਾਂ। ਗਿਆਨ ਜੀ, ਤੁਸੀਂ ਜੇਲ ਵਿਚ ਸਾਡੀ ਮੁਲਾਕਾਤ ਲਈ ਆਇਆ ਕਰੋਗੇ ?" ਉਹਨਾਂ ਦੀਆਂ ਅਜਿਹੀਆਂ ਗੱਲਾਂ ਨੂੰ ਮੈਂ ਠਠਾ ਮਸਖਰੀ ਹੀ ਸਮਝਦੀ ਸਾਂ; ਪਰ ਮੈਨੂੰ ਪਤਾ ਓਦੋਂ ਹੀ ਲਗਾ, ਜਦ ਉਹਨਾਂ ਨੇ ਕਾਰਾ ਵਰਤਾ ਵੀ ਦਿਤਾ। ਮੈਨੂੰ ਕੀ ਪਤਾ ਸੀ ਕਿ ਇਹ ਸੱਚ ਮੁੱਚ ਕਤਲ ਤੇ ਤੁਲੇ ਹੋਏ ਸਨ । ਫੇਰ ਕਤਲ ਵੀ ਕਿਸ ਦਾ, ਆਪਣੀ ਬੇ-ਗੁਨਾਹ ਪਤਨੀ ਤੇ ਮਾਸੂਮ ਬੱਚੀ ਦਾ ਤੇ ਕੀਤਾ ਗਿਆ ਸੁਰੇਸ਼ ਦੇ ਪਿਆਰ ਜਾਲ ਵਿਚ ਫਸ ਕੇ । ਕਿੰਨਾ ਰਾਖਸ਼ਸ-ਪਣਾ ਹੈ, ਕਿੰਨੀ ਨਿਰਦਾਇਤਾ ਹੈ ?"
ਇਹ ਗੱਲਾਂ ਸੁਣਕੇ ਕ੍ਰਿਪਾਲ ਦੇ ਤਾਂ ਹੋਸ਼ ਗੁੰਮ ਹੋ ਗਏ । ਉਹਦੀ ਹਾਲਤ ਇਉਂ ਸੀ ਜਿਵੇਂ ਡੌਰ ਭੌਰਾ ਹੋ ਕੇ ਕੋਈ, ਸੁਪਨਾ ਵੇਖ ਰਿਹਾ ਹੁੰਦਾ ਹੈ । ਉਹ ਇਕਾ ਇਕ ਚੀਖ਼ ਉਠਿਆ-"ਏਨੀ ਕਠੋਰਤਾ, ਏਨਾ ਜ਼ੁਲਮ, ਏਨੀ ਨਿਰਦਾਇਤਾ । ਗਿਆਨ ਜੀ, ਮੈਂ ਇਹ ਕੀ ਸੁਣ ਰਿਹਾ ਹਾਂ ?"
ਕ੍ਰਿਪਾਲ ਨੂੰ ਦੋ ਸਾਲ ਦੀ ਬੀਮਾਰੀ ਤੋਂ ਉਠਿਆਂ ਕੁਝ ਅਰਸਾ

ਹੀ ਹੋਇਆ ਸੀ, ਜਿਸ ਕਰ ਕੇ ਉਹ ਬਹੁਤ ਕਮਜ਼ੋਰ ਰਹਿੰਦਾ ਸੀ। ਓਸ ਨੇ ਜਿਸ ਵੇਲੇ ਏਹੋ ਜਿਹੀਆਂ ਗੱਲਾਂ ਸੁਣੀਆਂ, ਤਾਂ ਉਹ ਸੋਚਾਂ ਦੇ ਡੂੰਘੇ ਸਮੁੰਦਰ ਵਿਚ ਗੋਤੇ ਲਾਂਦਾ ਸੌਂ ਗਿਆ । ਦਿਨ ਚੜਿਆ ਤਾਂ ਕ੍ਰਿਪਾਲ ਦਾ ਸਰੀਰ ਬੁਖਾਰ ਨਾਲ ਅੰਗਿਆਰ ਵਾਂਗ ਬਲ ਰਿਹਾ ਸੀ । ਅਚਾਨਕ ਓਸੇ ਦਿਨ ਚੰਨੂ ਤੇ ਸੁਰੇਸ਼ ਵੀ ਆ ਗਏ ਤੇ ਆਉਣ ਸਾਰ ਗਿਆਨ ਨਾਲ ਗੱਲੀ ਲਗ ਪਏ । ਪਾਸ ਹੀ ਕ੍ਰਿਪਾਲ ਮੰਜੀ ਤੇ ਪਿਆ ਬੁਖਾਰ ਨਾਲ ਹਾਇ ਹਾਇ ਕਰ ਰਿਹਾ ਸੀ । ਦੋਹਾਂ ਵਿਚੋਂ ਕਿਸੇ ਨੂੰ ਇਤਨਾ ਵੀ ਮਹਿਸੂਸ ਨਾ ਹੋਇਆ ਕਿ ਸਾਡੇ ਪਾਸ ਕੋਈ ਬੀਮਾਰ ਪਿਆ ਹੈ । ਕ੍ਰਿਪਾਲ ਇਤਨੀ ਕਠੋਰਤਾ ਜਰ ਨਾ ਸਕਿਆ ਤੇ ਉਹ ਰੋਹ ਵਿਚ ਆ ਕੇ ਕਹਿਣ ਲਗਾ-ਮੈਂ ਬੀਮਾਰ ਪਿਆ ਹਾਂ, ਪਰ ਤੁਸੀਂ ਆਪਣੇ ਕਿੱਸੇ ਛੇੜ ਬੈਠੇ ਹੋ; ਕੀ ਮੈਂ ਤੁਹਾਡੇ ਪਾਸੋਂ ਇਨਸਾਨੀ ਹਮਦਰਦੀ ਦੀ ਆਸ ਵੀ ਨਹੀਂ ਰੱਖ ਸਕਦਾ ?"
ਸੁਰੇਸ਼ ਤਾਂ ਕੁਝ ਨਾ ਬੋਲੀ, ਪਰ ਸ਼ਰਾਬ ਨਾਲ ਅੰਨਾ ਹੋਇਆ ਚੰਨੂ ਲੜਖੜਾਉਂਦੀ ਆਵਾਜ਼ ਨਾਲ ਬੋਲਿਆ-ਤੈਨੂੰ ਕੋਈ ਗੋਲੀ ਲਗੀ ਏ ਜੋ ਅਸੀਂ ਪੱਟੀ ਕਰੀਏ ? ਹਾ ਹਾ, ਹਾ ਹਾ । ਕੀ ਤੇਰੇ ਪੇ ਦੇ ਅਸੀਂ ਨੌਕਰ ਆਂ । ਜੇ ਤੂੰ ਬੁਖਾਰ ਨਾਲ ਪਿਆ ਏਂ, ਤਾਂ ਸਾਡੀ ਜੁੱਤੀ ਤੋਂ । ਨਾਢੂ ਖਾਨ ਕਿਤੋਂ ਦਾ, ਕਹਿੰਦਾ ਏ ਮੈਨੂੰ ਬੁਖਾਰ ਚੜਿਆ ਹੋਇਐ ਤੇ ਤੁਸੀਂ ਆਪਣੀਆਂ ਰਾਮ ਕਹਾਣੀਆਂ ਛੇੜ ਬੈਠੇ ਹੋ। ਕ੍ਰਿਪਾਲ ਨੂੰ ਚਿੜਾਉਣ ਲਈ ਉਹ ਫੇਰ ਡਰਾਉਣਾ ਹਾਸਾ ਹਸਣ ਲਗ ਪਿਆ ।
ਇਹ ਗੱਲਾਂ ਕਰਨ ਵੇਲੇ ਚੰਨੂ ਦਾ ਚਿਹਰਾ ਬੜਾ ਭਿਆਨਕ ਤੇ ਡਰਾਉਣਾ ਸੀ । ਕ੍ਰਿਪਾਲ ਇਹ ਵੇਖ ਕੇ ਹੈਰਾਨ ਰਹਿ ਗਿਆ ਤੇ ਉਹ ਸੁਰੇਸ਼ ਦੇ ਮੂੰਹ ਵਲ ਤਕਣ ਲਗ ਪਿਆ।
"ਸਰੇਸ਼ ਵੱਲ ਕੀ ਤਕਨਾ ਏ ? ਇਹ ਮੇਰੇ ਹੱਥਾਂ ਦੀ ਹੀ

ਚੰਡੀ ਹੋਈ ਏ; ਇਹੋ ਹੀ ਤੈਨੂੰ ਮੇਰੇ ਹੁਨਰ ਦਾ ਜੌਹਰ ਵਿਖਾਏਗੀ।"ਚੰਨੂ ਨੇ ਬੜੀ ਆਕੜ ਨਾਲ ਆਖਿਆ।
ਚੰਨੂ, ਸੁਰੇਸ਼ ਤੇ ਗਿਆਨ ਆਪਣੀ ਰਾਮ ਕਹਾਣੀ ਫੇਰ ਛੇੜ ਬੈਠੇ । ਜਦ ਤੁਰਨ ਲਗੇ ਤਾਂ ਗਿਆਂਨ ਨੇ ਕ੍ਰਿਪਾਲ ਨੂੰ ਸਤਿ ਸ੍ਰੀ ਅਕਾਲ ਬੁਲਾਈ, ਪਰ ਚੰਨੂ ਤੇ ਸੁਰੇਸ਼ ਘੂਰਦੀਆਂ ਹੋਈਆਂ ਨਜ਼ਰਾਂ ਨਾਲ ਬੂਹਿਓਂ ਬਾਹਰ ਨਿਕਲ ਗਏ ।
ਮੈਂ ਚੰਨੂ ਦੀ ਅਪੀਲ ਵਿਚ ਸਹਾਇਤਾ ਕੀਤੀ; ਹਾਂ, ਓਸ ਚੰਨੂ ਦੀ, ਜੋ ਜੇਲ ਵਿਚੋਂ ਮੈਨੂੰ ਲਿਲਕੜੀਆਂ ਭਰੀਆਂ ਚਿਠੀਆਂ ਭੇਜਦਾ ਸੀ । ਸੁਰੇਸ਼ ਨੇ ਮੈਨੂੰ ਧੀ ਦਾ ਰਿਸ਼ਤਾ ਦੇਣ ਵਾਸਤੇ ਆਖਿਆ ਸੀ। ਚੰਨੂ ਦੀ ਅਪੀਲ ਵਾਸਤੇ ਪੰਜ ਦਸ ਨਹੀਂ, ਬਲਕਿ ਸੈਂਕੜੇ ਰੁਪਏ ਸੁਰੇਸ਼ ਮੈਥੋਂ ਲੈਂਦੀ ਰਹੀ ! ਕੀ ਉਹਨਾਂ ਪਾਸ ਮੇਰੇ ਲਈ ਓਸ ਦੇ ਬਦਲੇ ਵਿਚ ਇਨਸਾਨੀ ਹਮਦਰਦੀ ਦੇ ਦੋ ਸ਼ਬਦ ਵੀ ਨਹੀਂ ਰਹੇ ? ਕੀ ਇਹ ਸਭ ਧੋਖਾ, ਫਰੇਬ ਤੇ ਠੱਗੀ ਸੀ ? ਕੀ ਇਹ ਓਸ ਨੇਕੀ ਦਾ ਬਦਲਾ ਹੈ, ਜੋ ਮੈਂ ਚੰਨੂ ਤੇ ਸੁਰੇਸ਼ ਨਾਲ ਕਰਦਾ ਰਿਹਾ ਹਾਂ ? ਸਭ ਪੁਰਾਣੀਆਂ ਯਾਦਾਂ ਕ੍ਰਿਪਾਲ ਦੀਆਂ ਅੱਖਾਂ ਸਾਮਣੇ ਫਿਲਮ ਵਾਂਗ ਫਿਰਨ ਲਗ ਪਈਆਂ ।
ਕ੍ਰਿਪਾਲ ਦਾ ਬੁਖਾਰ ਹਰ ਸਕਿੰਟ ਪਿਛੋਂ ਵਧਦਾ ਗਿਆ ।
ਜਿਨਾਂ ਪਾਸ ਉਹ ਨੌਕਰ ਸੀ ਓਹਨਾਂ ਦੇ ਹੀ ਮਕਾਨ ਵਿਚ ਰਹਿੰਦਾ ਸੀ । ਉਸ ਦੀ ਚਿੰਤਾ ਜਨਕ ਹਾਲਤ ਵੇਖ ਕੇ ਮਾਲਿਕ ਨੇ ਡਾਕਟਰ ਨੂੰ ਸਦਿਆ ਤੇ ਡਾਕਟਰ ਨੇ ਪ੍ਰੀਖਿਆ ਕਰ ਕੇ ਆਖਿਆ-"ਏਸ ਦਾ ਬੁਖਾਰ ਭਿਆਨਕ ਸ਼ਕਲ ਧਾਰਨ ਕਰ ਗਿਆ ਹੈ। ਸ਼ਾਇਦ ਕੋਸ਼ਸ਼ ਕੀਤਿਆਂ ਬਚ ਜਾਵੇ ।" ਡਾਕਟਰ ਨੇ ਦੋ ਇੰਜੈਕਸ਼ਨ ਲਾਏ ਤੇ ਚਲਾ ਗਿਆ ।
ਤਿੰਨਾਂ ਚੌਹਾਂ ਦਿਨਾਂ ਪਿਛੋਂ ਸੁਰੇਸ਼ ਆਈ ਤੇ ਓਸ ਨੇ ਕ੍ਰਿਪਾਲ

ਨੂੰ ਬੁਖਾਰ ਦੀ ਬੇਹੋਸ਼ੀ ਵਿਚ ਪਿਆ ਵੇਖ ਕੇ ਉਸ ਦੇ ਟਰੰਕ ਵਿਚੋਂ ਕੀਮਤੀ ਕੱਪੜੇ ਤੇ ਜ਼ੇਵਰ ਕਢ ਲਏ। ਟਰੰਕ ਮੰਜੀ ਦੇ ਪਾਸ ਪਿਆ ਹੋਣ ਕਰ ਕੇ ਕ੍ਰਿਪਾਲ ਨੂੰ ਕੁਝ ਖੜਾਕ ਆਇਆ, ਤੇ ਜਦ ਬੁਖਾਰ ਦੀ ਘੂਕੀ ਵਿਚ ਓਸ ਨੇ ਬੜੀ ਮੁਸ਼ਕਲ ਨਾਲ ਅੱਖਾਂ ਪੁੱਟੀਆਂ, ਤਾਂ ਕੀ ਵੇਖਿਆ ਕਿ ਸੁਰੇਸ਼ ਗੰਢ ਬੰਨ ਰਹੀ ਹੈ। ਓਹਨੇ ਕਿਹਾ-

"ਸੁਰੇਸ਼ ਕੀ ਤੂੰ ਹੁਣ ਮੇਰਾ ਕਫਨ ਵੀ ਲਾਹਣ ਲਗੀ ਏ? ਰੱਬ ਦੇ ਵਾਸਤੇ ਮੇਰੇ ਤਨ ਢਕਣ ਲਈ ਕੱਪੜੇ ਤਾਂ ਰਹਿਣ ਦੇ?"

ਸੁਰੇਸ਼ ਨੇ ਕੋਈ ਉੱਤਰ ਨਾ ਦਿੱਤਾ ਤੇ ਗੰਢ ਚੁੱਕ ਕੇ ਤੁਰੇ ਪਈ। ਕ੍ਰਿਪਾਲ ਨੇ ਮੰਜੇ ਦੀ ਹੀਂ ਤੇ ਹੋ ਕੇ ਸੁਰੇਸ਼ ਦਾ ਹੱਥ ਫੜ ਲਿਆ। ਪਾਸ ਹੀ ਇਕ ਤਿਪਾਈ ਪਈ ਸੀ, ਜਿਸ ਤੇ ਕਲਮ ਦਵਾਤ, ਕੁਝ ਕਾਗਜ਼ ਤੇ ਇਕ ਚਾਕੂ ਪਿਆ ਸੀ। ਸੁਰੇਸ਼ ਨੇ ਓਸ ਚਾਕੂ ਨੂੰ ਚੁੱਕ ਕੇ ਬੀਮਾਰ ਕ੍ਰਿਪਾਲ ਦੀ ਛਾਤੀ ਵਿਚ ਘੋਪ ਦਿੱਤਾ ਤੇ ਉਹ ਦੁੱਖਾਂ ਦਾ ਮਾਰਿਆ ਹਾਇ ਆਖ ਕੇ ਬੇ-ਸੁਧ ਹੋ ਗਿਆ। ਸਰੇਸ਼ ਨੂੰ ਏਸ ਤੇ ਵੀ ਸਬਰ ਨਾ ਆਇਆ ਤੇ ਓਸ ਨੇ ਦੋ ਤਿੰਨ ਹੋਰ ਕਰਾਰੇ ਵਾਰੇ ਕਰ ਕੇ ਕ੍ਰਿਪਾਲ ਦਾ ਕਜ਼ੀਆ ਹੀ ਮੁਕਾ ਦਿੱਤਾ।

ਇਹ ਸੀ ਉਸ ਨੇਕੀ ਦਾ ਬਦਲਾ, ਜੋ ਓਸ ਨੂੰ ਸੁਰੇਸ਼ ਨੇ ਦਿੱਤਾ।