ਪੰਜਾਬ ਦੇ ਹੀਰੇ/ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਨਾਨਕ ਦੇਵ ਜੀ

ਪਿਤਾ ਦਾ ਨਾਂ ਕਾਲੂ ਚੰਦ ਬੇਦੀ ਖਤਰੀ। ਵਸਨੀਕ ਤਲਵੰਡੀ ਜ਼ਿਲਾ ਲਾਹੌਰ। ਆਪ ਜੀ ਦਾ ਜਨਮ ੧੫੨੬ ਬਿ: ਮੁਤਾਬਕ ੧੪੬੯ ਈ: ਵਿਚ ਹੋਇਆ।

ਬਹੁਤਿਆਂ ਦਾ ਖ਼ਿਆਲ ਹੈ ਕਿ ਆਪ ਆਪਣੇ ਨਾਨਕੇ ਜੋ ਜ਼ਿਲਾ ਸ਼ੇਖੂਪੁਰਾ ਦਾ ਇਕ ਨਿੱਕਾ ਜਿਹਾ ਪਿੰਡ ਹੈ, ਵਿਚ ਪ੍ਰਗਟ ਹੋਏ ਅਤੇ ਇਸੇ ਕਾਰਨ ਆਪ ਦਾ ਨਾਂ ਨਾਨਕ ਰਖਿਆ ਗਿਆ ਅਤੇ ਉਹ ਪਿੰਡ ਨਨਕਾਣੇ ਦੇ ਨਾਂ ਤੇ ਉੱਘਾ ਹੋ ਗਿਆ।

ਆਪ ਬਾਲ ਅਵਸਥਾ ਤੋਂ ਹੀ ਆਤਮ ਰਸੀਏ ਅਤੇ ਪਵਿਤ੍ਰ ਜੀਵਨ ਵਾਲੇ ਪੁਰਸ਼ ਸਨ, ਤਬੀਅਤ ਰੱਬ ਦੀ ਭਗਤੀ ਵਾਲੀ ਅਤੇ ਏਕਤਾ ਵਲ ਝੁਕੀ ਹੋਈ ਸੀ। ਹੋਰ ਬਚਿਆਂ ਵਾਂਗੂ ਸ਼ੋਖੀ, ਸ਼ਰਾਰਤ, ਖੇਲ ਕੁਦ ਅਤੇ ਖਾਣ ਪੀਣ ਵਲੋਂ ਉੱਕਾ ਹ7 ਉਪਰਾਮ ਸਨ।

ਰਿਵਾਜ ਅਨੁਸਾਰ ਪਿਤਾ ਜੀ ਨੇ ਆਪ ਨੂੰ ਹਿੰਦੀ ਪੜਾਣ ਲਈ ਇਕ ਪਾਂਧੇ ਪਾਸ ਬਿਠਾਇਆ। ਪਾਂਧੇ ਨੇ ਆਪ ਨੂੰ ਹਿੰਦੀ ਦੇ ਅੱਖਰ ਲਿਖ ਕੇ ਯਾਦ ਕਰਨ ਲਈ ਦਿਤੇ ਪਰ ਆਪ ਨੇ ਅਰਸ਼ਾਦ ਫਰਮਾਇਆ ਕਿ ਇਹ ਦੁਨਿਆਵੀ ਹਿਸਾਬ ਸਾਨੂੰ ਪਸੰਦ ਨਹੀਂ ਹੈ ਕਿਉਂ ਜੋ ਜਿਸ ਨੇ ਦੁਨਿਆਵੀ ਹਿਸਾਬ ਪੜ੍ਹਿਆ, ਉਸ ਨੇ ਅੰਤ ਸਮੇਂ ਨੁਕਸਾਨ ਉਠਾਇਆ। ਇਸ ਲਈ ਇਸ ਹਿਸਾਬ ਨੂੰ ਛੱਡ ਕੇ ਸੱਚਾ ਹਿਸਾਬ ਪੜਨ ਪੜ੍ਹਣ ਦੀ ਕੋਸ਼ਸ਼ ਕਰੋ। ਇਹ ਸੁਣਕੇ ਪਾਂਧੇ ਨੇ ਆਪਣੀ ਲਾਚਾਰੀ ਪ੍ਰਗਟ ਕਰਦੇ ਹੋਏ ਆਪ ਦੇ ਪਿਤਾ ਨੂੰ ਰਾਏ ਦਿੱਤੀ ਕਿ ਇਹਨਾਂ ਨੂੰ ਕਿਸੇ ਵਿਦਵਾਨ ਪੰਡਤ ਪਾਸ ਬਿਠਾਇਆ ਜਾਏ। ਸੋ ਪਿਤਾ ਜੀ ਆਪ ਨੂੰ ਲੈ ਕੇ ਇਕ ਚਤਰ ਅਤੇ ਵਿਦਿਵਾਨ ਪੰਡਤ ਪਾਸ ਪੁੱਜੇ। ਉਸ ਪੰਡਤ ਨੇ ਆਪ ਨੂੰ ਹਿੰਦੀ ਦੇ ਅੱਖਰ ਲਿਖ ਕੇ ਯਾਦ ਕਰਨ ਲਈ ਦਿਤੇ। ਆਪ ਨੇ ਪੰਡਤ ਸਾਹਿਬ ਨੂੰ ਆਖਿਆ ਕਿ ਇਹ ਵਿਖਾਵੇ ਦੀ ਵਿਦਿਆ ਕੁਝ ਨਹੀਂ ਇਸ ਲਈ ਆਪਣਾ ਸਮਾਂ ਆਤਮਕ ਖੋਜ ਅਤੇ ਤਸੱਵਫ਼ ਦੇ ਪੜ੍ਹਨ ਪੜ੍ਹਾਨ ਵਿਚ ਬਤੀਤ ਕਰੋ। ਪੰਡਤ ਜੀ ਸੁਣ ਕੇ ਅਸਚਰਜ ਹੋ ਗਏ ਅਤੇ ਸ਼ਾਇਦ ਇਸ ਖਿਆਲ ਤੇ ਕਿ ਆਪ ਹੋਰ ਬਚਿਆਂ ਨੂੰ ਨਾ ਵਰਗਲਾਣ, ਪੜ੍ਹਾਨ ਤੋਂ ਇਨਕਾਰ ਕਰ ਦਿਤਾ। ਸੋ ਆਪ ਦੇ ਪਿਤਾ ਆਪ ਨੂੰ ਮੌਲਵੀ ਸਾਹਿਬ ਪਾਸ ਲੈ ਕੇ ਪੁੱਜੇ ਤਾਂ ਜੁ ਆਪ ਉਰਦੂ ਫ਼ਾਰਸੀ ਦੀ ਵਿਦਿਆ ਪੜ੍ਹ ਸਕਣ। ਪਰ ਆਪ ਨੇ ਮੌਲਵੀ ਸਾਹਿਬ ਨੂੰ ਭੀ ਗਯਾਨ ਉਪਦੇਸ਼ ਦੇ ਕੇ ਚੁਪ ਕਰਾ ਦਿਤਾ।

ਏਸੇ ਸਾਲ ਆਪ ਨੂੰ ਜੰਝੂ ਪਾਉਣ ਲਈ ਬਾਹਮਣ ਸਦਿਆ ਗਿਆ ਪਰ ਆਪ ਨੇ ਇਸ ਤੋਂ ਭੀ ਇਨਕਾਰ ਕੀਤਾ ਅਤੇ ਆਖਿਆ ਕਿ ਇਹ ਕਪਾਹ ਦਾ ਧਾਗਾ ਮੁਕਤੀ ਦਾਤਾ ਨਹੀਂ ਹੋ ਸਕਦਾ।

ਆਪ ਦੀਆਂ ਇਹਨਾਂ ਗੱਲਾਂ ਤੋਂ ਆਪ ਦੇ ਮਾ-ਪਿਆਂ ਨੂੰ ਬੜੀ ਹੈਰਾਨੀ ਹੋਈ। ਉਹਨਾਂ ਖ਼ਿਆਲ ਕੀਤਾ ਕਿ ਸ਼ਾਇਦ ਆਪ ਦੇ ਦਿਮਾਗ਼ ਵਿਚ ਕੋਈ ਕਸੂਰ ਹੋ ਗਿਆ ਹੈ, ਇਸ ਲਈ ਲੋਕਾਂ ਦੇ ਆਖਣ ਉਤੇ ਆਪ ਦੇ ਪਿਤਾ ਨੇ ਇਕ ਹਕੀਮ ਨੂੰ ਬੁਲਾਇਆ। ਹਕੀਮ ਨੇ ਨਬਜ਼ ਵੇਖਣ ਲਈ ਆਪ ਦੀ ਬਾਂਹ ਫੜੀ ਪਰ ਆਪ ਨੇ ਹਸ ਕੇ ਫਰਮਾਇਆ:-

ਵੈਦੁ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਂਹ
ਭੋਲਾ ਵੈਦੁ ਨ ਜਾਣਹੀ ਕਰਕ ਕਲੇਜੇ ਮਾਹਿ

ਇਨ੍ਹਾਂ ਗੱਲਾਂ ਨੇ ਲੋਕਾਂ ਦੀ ਸ਼ਰਧਾ ਆਪ ਵਲ ਕਰ ਦਿਤੀ ਅਤੇ ਆਪ ਨੂੰ ਵਲੀ ਅਤੇ ਖੁਦਾ ਪ੍ਰਸਤ ਸਮਝਣ ਲਗ ਪਏ। ਇਸ ਤਰਾਂ ਆਪ ਦੀ ਸ਼ੁਹਰਤ ਦਿਨੋਂ ਦਿਨ ਵਧਦੀ ਗਈ।

ਲਗ ਭਗ ਸੋਲਾਂ ਸਾਲ ਦੀ ਉਮਰ ਸੀ, ਜਦ ੧੫੪੧ ਬਿ: ਵਿੱਚ ਆਪ ਬਾਬਾ ਫਰੀਦ ਸ਼ਕਰ ਗੰਜ ਦੇ ਉਰਸ ਲਈ ਪਾਕਪਟਨ ਤਸ਼ਰੀਫ ਲੈ ਗਏ। ਉਥੇ ਆਪ ਦੇ ਉਤਰ ਪ੍ਰਸ਼ਨ ਸ਼ੇਖ ਇਬਰਾਹੀਮ ਸੱਜਾਦਾ ਨਸ਼ੀਨ ਦਰਗਾਹ ਫ਼ਰੀਦ ਨਾਲ ਹੋਏ। ਉਹ ਉਤਰ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।

ਤਿੰਨਾਂ ਦਿਨਾਂ ਪਿਛੋਂ ਜਦ ਆਪ ਉਰਸ ਤੋਂ ਵਾਪਸ ਆਏ ਤਾਂ ਆਪ ਦੇ ਪਿਤਾ ਨੇ, ਇਸ ਖਿਆਲ ਨਾਲ ਕਿ ਆਪ ਫਕੀਰਾਂ ਦੀ ਸੰਗਤ ਨਾਲ ਕਿਧਰੇ ਫਕੀਰ ਨਾ ਹੋ ਜਾਣ, ਆਪ ਨੂੰ ਕੁਝ ਰੁਪੈ ਦੇ ਕੇ ਸੌਦਾ ਖਰੀਦਨ ਤੇ ਤਜਾਰਤ ਕਰਨ ਲਈ ਲਾਹੌਰ ਘਲਿਆ ਅਤੇ ਆਪ ਦੇ ਨਾਲ ਖਬਰਦਾਰੀ ਲਈ ਭਾਈ ਬਾਲਾ ਸੰਧੂ ਜੱਟ ਨੂੰ ਭੀ ਘਲ ਦਿਤਾ।

ਪਿਤਾ ਪਾਸੋਂ ਵਿਦਾ ਹੋ ਕੇ ਆਪ ਜਦ ਚੂਹੜਕਾਣਾ ਦੇ ਲਾਗੇ ਪਹੁੰਚੇ ਤਾਂ ਆਪ ਨੇ ਭੁਖੇ ਸਾਧਾਂ ਦੀ ਇਕ ਮੰਡਲੀ ਬੈਠੀ ਹੋਈ ਵੇਖੀ।

ਆਪ ਨੇ ਭਾਈ ਬਾਲੇ ਨੂੰ ਆਖਿਆ ਕਿ ਇਨ੍ਹਾਂ ਰੁਪਈਆਂ ਨਾਲ ਆਟਾ ਦਾਲ ਆਦਿ ਖਰੀਦ ਲਿਆਓ ਤਾਂ ਜੁ ਇਨ੍ਹਾਂ ਸਾਧੂਆਂ ਲਈ ਭੋਜਨ ਤਿਆਰ ਕੀਤਾ ਜਾਏ। ਜਦ ਇਹ ਰੁਪਏ ਸੌਦਾ ਕਰਨ ਲਈ ਮਿਲੇ ਹਨ ਤਾਂ ਫਿਰ ਇਸ ਤੋਂ ਵਧ ਸਚਾ ਸੌਦਾ ਹੋਰ ਕੀ ਹੋ ਸਕਦਾ ਹੈ।

ਇਹ ਸੌਦਾ ਕਰਕੇ ਆਪ ਵਾਪਸ ਆਏ ਜਦ ਪਿਤਾ ਜੀ ਨੂੰ ਪਤਾ ਲਗਾ ਤਾਂ, ਉਹ ਬਹੁਤ ਗੁਸੇ ਹੋਏ ਅਤੇ ਅੰਤ ਆਪ ਨੂੰ ਆਪ ਦੀ ਭੈਣ ਨਾਨਕੀ ਪਾਸ ਸੁਲਤਾਨਪੁਰ (ਕਪੂਰਥਲਾ) ਵਿੱਚ ਘਲ ਦਿਤਾ।

ਏਥੇ ਆਪ ਦੇ ਭਣਵਈਆ ਜੈ ਰਾਮ ਨੇ ਆਪ ਦੀ ਬੜੀ ਆਉ ਭਗਤ ਕੀਤੀ ਅਤੇ ਇਸ ਖਿਆਲ ਨਾਲ ਕਿ ਆਪ ਕਿਧਰੇ ਫਕੀਰੀ ਵੇਸ ਹੀ ਧਾਰਨ ਨ ਕਰ ਲੈਣ, ਨਵਾਬ ਨੂੰ ਕਹਿਕੇ ਆਪ ਨੂੰ ਮੋਦੀਖਾਨੇ ਦਾ ਕੰਮ ਸੌਂਪ ਦਿਤਾ। ਹੁਣ ਆਪ ਨੂੰ ਖਲਕ ਖੁਦਾ ਦੀ ਖਿਦਮਤ ਦਾ ਚੰਗਾ ਸਮਾਂ ਹਬ ਆਇਆ ਅਤੇ ਆਪ ਨੇ ਰਸਦਾਂ ਦੇ ਖੁਲ੍ਹੇ ਗੱਫੇ ਸੰਤ, ਸਾਧਾਂ ਅਤੇ ਫ਼ਕੀਰਾਂ ਨੂੰ ਦੇਣੇ ਸ਼ੁਰੂ ਕੀਤੇ। ਕਹਿੰਦੇ ਹਨ ਕਿ ਤੋਲਦੇ ਤੋਲਦੇ ਜਦ ਆਪ ਦੀ ਧਾਰਨ ਬਾਰਾਂ ਤੋਂ ਲੰਘ ਕੇ ਤੇਰਾਂ ਤੇ ਅਪੜਦੀ ਤਾਂ ਆਪ ਦੇ ਮੂੰਹ ਤੇ ਤੇਰਾ ਤੇਰਾ ਹੀ ਚੜ੍ਹ ਜਾਂਦਾ ਅਤੇ ਤੇਰਾ ਸਮਝਦੇ ਹੋਏ ਹੀ ਸਭ ਕੁਝ ਉਸ ਦੇ ਹਵਾਲੇ ਕਰ ਦੇਂਦੇ। ਇਉਂ ਲੁਟ ਪੈਂਦੀ ਵੇਖ ਕੇ ਲੋਕਾਂ ਨੇ ਨਵਾਬ ਪਾਸ ਸ਼ਕਾਇਤ ਕੀਤੀ ਪਰ ਜਦ ਹਿਸਾਬ ਹੋਇਆ ਤਾਂ ਨੁਕਸਾਨ ਦੀ ਥਾਂ ਨਫ਼ਾ ਸਾਬਤ ਹੋਇਆ। ੧੫੪੫ ਬਿ: ਮੁਤਾਬਕ ੧੪੮੭ ਈ: ਵਿੱਚ ਆਪ ਦੇ ਭਣਵਈਏ ਨੇ ਜ਼ਿਲਾਂ ਗੁਰਦਾਸ ਪੁਰ ਵਿੱਚ ਮੂਲ ਚੰਦ ਚੋਣਾ ਖਤਰੀ ਦੀ ਲੜਕੀ ਬੀਬੀ ਸੁਲਖਣੀ ਨਾਲ ਆਪ ਦੀ ਸ਼ਾਦੀ ਕਰ ਦਿਤੀ ਅਤੇ ੧੫੫੧ ਬਿ: ਵਿੱਚ ਆਪ ਦੇ ਘਰ ਸ੍ਰੀ ਚੰਦ ਨੇ ਅਤੇ ੧੫੫੨ ਵਿੱਚ ਲਖਮੀ ਚੰਦ ਨੇ ਜਨਮ ਲਿਆ । ਇਨ੍ਹਾਂ ਵਿਚੋਂ ਸੀ ਚੰਦ ਉਦਾਸੀਆਂ ਦੇ ਬਾਨੀ ਅਤੇ ਲਖਮੀ ਚੰਦ ਬੇਦੀ ਅਖਵਾਏ।

੧੫੫੪ ਵਿੱਚ ਆਪ ਨੇ ਮੋਦੀਖਾਨਾ ਛਡ ਕੇ ਪੂਰਨ ਦਰਵੇਸ਼ੀ ਧਾਰਨ ਕਰ ਲਈ ਅਤੇ ਲੋਕਾਂ ਵਿੱਚ ਰਬ ਦੀ ਹੋਂਦ ਦਸ ਕੇ ਉਸ ਦੇ ਨੇਕ ਹੁਕਮਾਂ ਦਾ ਉਪਦੇਸ਼ ਦੇਣ ਲਗੇ।

ਆਪ ਦੀਆਂ ਕਰਾਮਾਤਾਂ ਦੇ ਬੇਸ਼ੁਮਾਰ ਵਾਕਿਆਤ ਹਨ ਪਰ ਉਨ੍ਹਾਂ ਵਿੱਚ ਇਕ ਸਾਖੀ ਜਿਸ ਦਾ ਜ਼ਿਕਰ ਦਿਲਚਸਪੀ ਤੋਂ ਖਾਲੀ ਨਹੀਂ, ਇਉਂ ਹੈ--

ਜਦ ਆਪ ਸੈਰ ਕਰਦੇ ਕਰਦੇ ਦਿੱਲੀ ਅਪੜੋ, ਤਾਂ ਸਕੰਦਰ ਲੋਧੀ, ਜੋ ਪੀਰਾਂ ਫਕੀਰ ਤੋਂ ਬਹੁਤ ਸਤਿਆ ਹੋਇਆ ਸੀ, ਨੇ ਆਪ ਨੂੰ ਕੈਦ ਕਰ ਦਿੱਤਾ ਅਤੇ ਜੇਹਲ ਵਿਚ ਚਕੀ ਪੀਸਣ ਲਈ ਦੇ ਦਿਤੀ। ਭਾਈ ਬਾਲਾ ਅਤੇ ਮਰਦਾਨਾ ਭੀ ਆਪ ਦੇ ਨਾਲ ਸਨ ਅਤੇ ਸਭ ਨੂੰ ਇਕ ਇਕ ਮਣ ਗੱਲਾ ਪੀਸਣ ਲਈ ਦੇ ਦਿਤਾ। ਆਪ ਨੇ ਉਨ੍ਹਾਂ ਨੂੰ ਆਖਿਆ ਕਿ ਇਹ ਸਭ ਕੁਝ ਪਿਆ ਰਹਿਣ ਦਿਓ ਅਤੇ ਅਰਾਮ ਨਾਲ ਸੌਂ ਜਾਓ। ਅੰਮ੍ਰਿਤ ਵੇਲੇ ਆਪ ਨੇ ਭਾਈ ਮਰਦਾਨੇ ਪਾਸੋਂ ਰਬਾਬ ਵਜਵਾ ਕੇ ਇਹ ਸ਼ਬਦ ਪੜ੍ਹਿਆ:-

ਕੋਲੂ ਚਰਖਾ ਚਕੀ ਚਕ। ਥਲ ਵਰੋਲੇ ਬਹਤੁ ਅਨੰਤੁ
ਲਾਟੁ ਮਧਾਣੀਆ ਅਨਗਾਹ। ਪੰਖੀ ਭਉਦੀਆ ਲੈਨਿ ਨ ਸਾਹ
ਸੂਐ ਚਾੜਿ ਭਵਾਈਅਹਿ ਜੰਤ। ਨਾਨਕ ਭਉਦਿਆ ਗਣਤ ਨ ਅੰਤ

ਕਹਿੰਦੇ ਹਨ ਕਿ ਰਾਗ ਦੀ ਆਵਾਜ਼ ਸੁਣ ਕੇ ਜੇਹਲ ਦਾ ਦਾਰੋਗਾ ਅਤੇ ਹੋਰ ਆਦਮੀ ਕਠੇ ਹੋ ਗਏ ਅਤੇ ਉਨ੍ਹਾਂ ਦੀ ਹੈਰਾਨੀ ਦੀ ਹੱਦ ਨ ਰਹੀ ਜਦ ਉਨ੍ਹਾਂ ਨੇ ਵੇਖਿਆ ਕਿ ਤਿੰਨੇ ਚਕੀਆਂ ਆਪੇ ਚਲ ਰਹੀਆਂ ਸਨ। ਜਦ ਸ਼ਾਹ ਨੂੰ ਪਤਾ ਲਗਾ ਤਾਂ ਉਹ ਆਪ ਆਇਆ ਅਤੇ ਗੁਰੂ ਜੀ ਦਾ ਅਦਿਭੁਤ ਕੌਤਕ ਵੇਖ ਕੇ ਉਨ੍ਹਾਂ ਤੋਂ ਹੋਰ ਸਾਧਾਂ ਸੰਤਾਂ ਨੂੰ ਆਦਰ ਨਾਲ ਛਡ ਦਿਤਾ।

ਇਸ ਪਿਛੋਂ ਆਪ ਨੇ ਰਬੀ ਪਰਕਾਰ ਕਰਨਾ ਸ਼ੁਰੂ ਕੀਤਾ ਤੇ ਇਸੇ ਖਿਆਲ ਨਾਲ ਆਪ ਦੁਨੀਆਂ ਦੇ ਕੋਨੇ ਕੋਨੇ ਵਿੱਚ ਫਿਰਨ ਤੋਂ ਛੁਟ ਲੰਕਾ, ਸੀਸਤਾਨ, ਮੱਕਾ, ਮਦੀਨਾ ਅਤੇ ਬਗਦਾਦ ਦੇ ਵਿਚ ਗਏ।

ਦਸਿਆ ਜਾਂਦਾ ਹੈ ਕਿ ਆਪ ਇਕ ਵਾਰੀ ਬਾਬਰ ਬਾਦਸ਼ਾਹ ਦੇ ਦਰਬਾਰ ਵਿੱਚ ਗਏ। ਬਾਬਰ ਨੇ ਆਪ ਦੀ ਬਹੁਤ ਆਉ ਭਗਤ ਕੀਤੀ ਅਤੇ ਆਪ ਨੂੰ ਦਰਵੇਸ਼ ਸਮਝ ਕੇ ਸਮਰਕੰਦੀ ਭੰਗ ਪੇਸ਼ ਕੀਤੀ। ਆਪ ਨੇ ਲੈ ਕੇ ਬਾਲੇ ਦੀ ਝੋਲੀ ਪਾ ਦਿਤੀ ਅਤੇ ਪ੍ਰਸੰਨ ਹੋ ਕੇ ਸਤ ਮੁਣੀਆਂ ਭੰਗ ਦੇ ਬਦਲੇ ਸਤ ਪਾਤਸ਼ਾਹੀਆਂ ਦਾ ਵਰ ਦਿਤਾ।

ਅੰਤ ਆਪ ਲੋਕਾਂ ਵਿੱਚ ਸਚੇ ਅਸੂਲਾਂ ਅਤੇ ਨਾਮ ਦਾ ਪ੍ਰਚਾਰ ਕਰਦੇ ਹੋਏ ੬੯ ਸਾਲ ੧੦ ਮਹੀਨੇ ਅਤੇ ਦਸ ਦਿਨ ਦੀ ਉਮਰ ਭੋਗ ਕੇ ੧੫੯੬ ਬਿ: ਵਿੱਚ ਜੋਤੀ ਜੋਤ ਸਮਾ ਗਏ ਅਤੇ ਅੰਤ ਸਮੇਂ ਆਪਣੀ ਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਗਏ। ਆਪ ਦੇ ਚਲਾਣੇ ਪਿਛੋਂ ਸਮਾਧ ਬਣਾਈ ਗਈ ਜੋ ਡੇਰਾ ਬਾਬਾ ਨਾਨਕ ਦੇ ਨਾਂ ਤੋਂ ਉਘਾ ਹੈ। ਆਪ ਦੇ ਜੀਵਨ ਵਿਚੋਂ ਇਹ ਗੱਲ ਖਾਸ ਦੱਸਣ ਯੋਗ ਹੈ ਕਿ ਆਪ ਨੇ ਲਗ ਭਗ ਅੱਧੀ ਦੁਨਆਂ ਦਾ ਸਫ਼ਰ ਕੀਤਾ ਅਤੇ ਆਪ ਦਾ ਹਰ ਕੌਮ, ਹਰ ਬੋਲੀ ਅਤੇ ਹਰ ਰਸਮ ਰਵਾਜ ਨਾਲ ਵਾਹ ਪਿਆ; ਪਰ ਆਪਣੀ ਮਾਦਰੀ ਬੋਲੀ ਨਾ ਭੁਲੇ। ਸੰਸਕ੍ਰਿਤ ਦੇ ਉਤਰ ਵਿੱਚ ਸੰਸ ਕ੍ਰਿਤ, ਫਾਰਸੀ ਦੇ ਉਤਰ ਵਿੱਚ ਫਾਰਸੀ ਅਤੇ ਇਸੇ ਤਰ੍ਹਾਂ ਸਭਨਾਂ ਬੋਲੀਆਂ ਵਿੱਚ ਭੀ ਜੋ ਕੁਝ ਫਰਮਾਇਆ, ਉਹ ਪੰਜਾਬੀ ਵਿੱਚ ਰਲੀ ਮਿਲੀ ਸੀ।

ਪੰਜਾਬੀ ਬੋਲੀ ਦੀ ਇਹ ਸਭ ਤੋਂ ਵੱਡੀ ਸੇਵਾ ਹੈ, ਜੋ ਆਪ ਨੇ ਦੁਨੀਆਂ ਦੇ ਹਰ ਖਿੱਤਾ, ਹਰ ਤਬਕੇ ਅਤੇ ਹਰ ਕੌਮ ਵਿੱਚ ਜਾ ਕੇ ਸਿਰੇ ਚਾੜ੍ਹੀ ਅਤੇ ਉਨਾਂ ਦੇ ਕੰਨਾਂ ਨੂੰ ਪੰਜਾਬੀ ਦੀਆਂ ਮਿੱਠੀਆਂ ਸੁਰਾਂ ਨਾਲ ਮਸਰੂਰ ਕੀਤਾ:- ਆਪ ਦੀ ਬਾਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਹੈ-

ਵੇਖੋ ਵੰਨਗੀ:-

ਨਾਨਕ ਬਗੋਯਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ
ਤੇਰੇ ਮੰਧ ਕਟਾਰ ਜੇਵਡਾ ਤਿਨਿ ਲੋਭੀ ਲੋਭ ਲੋਭਾਇਆ
ਤੇਰੇ ਦਰਸਨ ਵਿਟਹੁ ਖੰਨੀਐ ਵੰਬਾ ਤੇਰੇ ਨਾਮ ਵਿਟਹੁ ਕੁਰਬਾਣੋ
ਜਾ ਤੂ ਤਾ ਮੈ ਮਾਣੁ ਕੀਆ ਹੈ ਤੁਝ ਬਿਨੁ ਕੇਹਾ ਮੇਰਾ ਮਾਣੋ

ਜਪੁਜੀ ਵਿਚੋਂ

ਭਰੀਐ ਹਥੁ ਪੈਰੁ ਤਨੁ ਦੇਹ, ਪਾਣੀ ਧੋਤੈ ਉਤਰਸੁ ਖੇਹ।
ਮੂਤ ਪਲੀਤੀ ਕਪੜੁ ਹੋਇ, ਦੇ ਸਾਬੂਣੁ ਲਈਐ ਓਹੁ ਧੋਇ।
ਭਰੀਐ ਮਤਿ ਪਾਪਾ ਕੈ ਸੰਗਿ, ਓਹੁ ਧੋਪੈ ਨਾਵੈ ਕੈ ਰੰਗਿ।
ਪੁੰਨੀ ਪਾਪੀ ਆਖਣੁ ਨਾਹਿ, ਕਰਿ ਕਰਿ ਕਰਣਾ ਲਿਖਿ ਲੈ ਜਾਹੁ।
ਆਪੇ ਬੀਜਿ ਆਪੇ ਹੀ ਖਾਹੁ, ਨਾਨਕ ਹੁਕਮੀ ਆਵਹੁ ਜਾਹੁ।

ਐਮਨਾਬਾਦ ਵਿੱਚ ਜਦ ਗੁਰੂ ਜੀ ਭਾਈ ਲਾਲੋ ਪਾਸ ਠਹਿਰੇ ਹੋਏ ਸਨ ਤਾਂ ਹਾਕਮ ਪਠਾਣ ਦਾ ਪੁਤ੍ਰ ਬੀਮਾਰ ਹੋ ਗਿਆ। ਤਾਂ ਮਲਕ ਭਾਗੋ ਦੀ ਸਲਾਹ ਨਾਲ ਸਭ ਫਕੀਰ ਸਣੇ ਗੁਰੂ ਨਾਨਕ ਜੀ ਫੜੇ ਗਏ। ਭਾਈ ਲਾਲੋ ਨੇ ਜਦ ਪੁਛਿਆ ਤਾਂ ਆਪ ਨੇ ਇਉਂ ਸ਼ਬਦ ਉਚਾਰਿਆ-

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰੋ ਖੁਦਾਇ ਵੇ ਲਾਲੋਂ
ਜਾਤਿ ਸਨਾਤੀ ਹੋਰਿ ਹਿਦਵਾਣੀਆ ਇਹ ਭੀ ਲੇਖੈ ਲਾਇ ਵੇ ਲਾਲੋ
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ
ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ

ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ
ਹਿੰਦੂ ਸਾਲਾਹੀ ਸਾਲਾਹਨਿ ਦਰਸਨ ਰੂਪਿ ਅਪਾਰੁ
ਤੀਰਥ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ
ਜੋਗੀ ਸੁੰਨਿ ਧਿਆਵਨ੍ਹਿ ਜੇਤੇ ਅਲਖ ਨਾਮੁ ਕਰਤਾਰੁ
ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ
ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ
ਇਕਿ ਹੋਦਾ ਖਾਇ ਚਲੇ ਐਥਾਉ ਤਿਨਾ ਭਿ ਕਾਈ ਕਾਰ
ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ
ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ
ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ
ਸਦਾ ਅਨੰਦ ਰਹਹਿ ਦਿਨੁ ਰਾਤੀ ਗੁਣਵੰਤਿਆ ਪਾਛਾਰੁ