ਪੰਜਾਬ ਦੇ ਹੀਰੇ/ਗੁਰੂ ਅੰਗਦ ਸਾਹਿਬ
ਗੁਰੂ ਅੰਗਦ ਸਾਹਿਬ
ਆਪ ਦਾ ਪਹਿਲਾ ਨਾਂ ਲਹਿਣਾ ਸੀ
ਪਿਤਾ ਜੀ ਦਾ ਨਾਂ ਫੇਰੂ ਮਲ ਖਤਰੀ। ਵਸਨੀਕ ਮਤੇ ਕੀ ਸਰਾਇ ਤਸੀਲ ਮੁਕਤਸਰ ਜ਼ਿਲਾ ਫੀਰੋਜ਼ਪੁਰ। ਆਪ ਦਾ ਜਨਮ ੧੫੬੧ ਬਿ: ਮੁਤਾਬਕ ੧੫੦੪ ਈ: ਵਿੱਚ ਸਕੰਦਰ ਲੋਧੀ ਦੇ ਸਮੇਂ ਹੋਇਆ। ੧੬ ਸਾਲ ਦੀ ਉਮਰ ਵਿੱਚ ਆਪ ਦੀ ਸ਼ਾਦੀ ਬੀਬੀ ਖੀਵੀ ਜੀ ਨਾਲ ਹੋਈ ਅਤੇ ਆਪ ਦੇ ਘਰ ਦੋ ਸਪੁਤ੍ਰ ਅਤੇ ਦੋ ਪੁਤ੍ਰੀਆਂ ਹੋਈਆਂ।
ਆਪ ਦੇਵੀ ਦੇ ਉਪਾਸ਼ਕ ਸਨ ਅਤੇ ਹਰ ਸਾਲ ਦੇਵੀ ਦੀ ਯਾਤਰਾ ਲਈ ਸਣੇ ਸਾਥੀਆਂ ਜਾਇਆ ਕਰਦੇ ਸਨ। ਇਕ ਵਾਰੀ ਆਪ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਲਈ ਰਾਹ ਵਿੱਚ ਠਹਿਰ ਗਏ। ਰਾਤ ਨੂੰ ਸੁਫ਼ਨੇ ਵਿੱਚ ਆਪ ਨੇ ਵੇਖਿਆ ਕਿ ਉਹੀ ਦੇਵੀ ਸਤਿ ਗੁਰੁ ਨਾਨਕ ਦੇਵ ਜੀ ਦੇ ਪਵਿਤਰ ਚਰਨਾਂ ਵਿੱਚ ਝਾੜੂ ਦੇ ਰਹੀ ਹੈ। ਦੇਵੀ ਨੂੰ ਸਤਿਗੁਰੂ ਜੀ ਦੇ ਚਰਨਾਂ ਤੋਂ ਢਠੀ ਵੇਖ ਕੇ ਆਪ ਭੀ ਉਨਾਂ ਦੇ ਸ਼ਰਧਾਲੂ ਹੋ ਗਏ ਅਤੇ ਸਭ ਕੁਝ ਛਡ ਕੇ ਉਨਾਂ ਦੇ ਸੇਵਕ ਬਣ ਗਏ।
ਇਕ ਵਾਰੀ ਆਪ ਚਿਕੜ ਭਰਿਆ ਘੀ ਚਕ ਕੇ ਲਿਆ ਰਹੇ ਸਨ ਕਿ ਮਾਤਾ ਸੁਲੱਖਣੀ ਜੀ ਨੇ ਤਰਸ ਵਿਚ ਆ ਕੇ ਗੁਰੂ ਨਾਨਕ ਜੀ ਨੂੰ ਆਖਿਆ ਕਿ ਤੁਸੀਂ ਇਨ੍ਹਾਂ ਪਾਸੋਂ ਏਨੀ ਸੇਵਾ ਨ ਲਿਆ ਕਰੋ, ਚਿਕੜ ਨਾਲ ਇਨ੍ਹਾਂ ਦੇ ਕਪੜੇ ਵੀ ਭਰ ਗਏ ਹਨ ਤਾਂ ਗੁਰੂ ਜੀ ਨੇ ਹੱਸ ਕੇ ਫਰਮਾਇਆ-ਭੋਲੀਏ ਇਹ ਚਿਕੜ ਨਹੀਂ, ਕੇਸਰ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਸੇਵਾ ਅਤੇ ਫਰਮਾਂਬਰਦਾਰੀ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਲਹਿਣੇ ਦੇਣ ਵਾਲਾ ਪ੍ਰਣ ਸਚਾ ਕਰਦੇ ਹੋਏ ਆਪ ਨੂੰ ਗਦੀ ਦਾ ਵਾਰਸ ਬਣਾਇਆ ਅਤੇ ਆਪ ੧੫੯੬ ਬਿ: ਵਿਚ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਣ ਪਿਛੋਂ ਸਿਖਾਂ ਦੇ ਦੂਜੇ ਗੁਰੂ ਅਖਵਾਏ।
ਆਪ ਨੇ ਪੰਜਾਬੀ ਬੋਲੀ ਨੂੰ ਇਕ ਪੱਕੀ ਬੋਲੀ ਕਰਾਰ ਦੇਦੇ ਹੋਏ ਉਸ ਲਈ ਗੁਰਮੁਖੀ ਅੱਖਰ ਬਣਾਏ। ਇਸ ਤੋਂ ਛੁਟ ੧੬੦੧ ਬਿ: ਵਿੱਚ ਆਪ ਨੇ ਭਾਈ ਬਾਲਾ ਪਾਸੋਂ ਗੁਰੂ ਨਾਨਕ ਦੇਵ ਜੀ ਦੇ ਸਫ਼ਰ ਦੇ ਅੱਖੀਂਂ ਵੇਖ ਹਾਲ ਜਨਮ ਸਾਖੀ ਦੇ ਨਾਂ ਹੇਠਾਂ ਇਕੱਤ੍ਰ ਕੀਤੇ।
ਆਪ ਨੇ ਆਪਣੇ ਲਾਇਕ ਤੇ ਫਰਾਂਮਬਰਦਾਰ ਸਿਖ ਅਮਰ ਦਾਸ ਨੂੰ ਗੱਦੀ ਬਖਸ਼ੀ ਤੇ ਆਪ ੧੬੦੬ ਬਿ: ਮੁਤਾਬਕ ੧੫੫੨ ਈ: ਵਿਚ ੪੭ ਸਾਲ ਦੋ ਮਹੀਨੇ ਅਤੇ ਦਸ ਦਿਨ ਦੀ ਉਮਰ ਭੋਗ ਕੇ ਖਡੂਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ਜਿਥੇ ਸਾਲ ਵਿਚ ਦੋ ਵਾਰੀ ਸਾਵਨ ਅਤੇ ਅਸੂ ਦੇ ਮਹੀਨੇ ਮੇਲੇ ਲਗਦੇ ਹਨ। ਆਪ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਵੇਖੋ ਵੰਨਗੀ:-
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤ ਸਹੀ ਹੋਇ
ਜਲ ਮਹਿ ਜੰਤ ਉਪਾਇਅਨੁ ਤਿਨਾ ਭੀ ਰੋਜੀ ਦੇਇ
ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ
ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ
ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸਹੀ ਹੇਇ ॥
ਗੁਰੂ ਗ੍ਰੰਥ ਸਾਹਿਬ ਵਿਚ ਆਪ ਦੀ ਬਹੁਤ ਸਾਰੀ ਬਾਣੀ ਚੜ੍ਹੀ ਹੋਈ ਹੈ, ਜਿਸ ਵਿਚ ਜ਼ੋਰ ਬਹੁਤਾ ਪੰਜਾਬੀ ਬੋਲੀ ਦਾ ਹੀ ਹੈ।