ਪੰਜਾਬ ਦੇ ਲੋਕ ਨਾਇਕ/ਸੁੱਚਾ ਸਿੰਘ ਸੂਰਮਾ

ਵਾਚਨ - Dugal harpreet
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਸੁੱਚਾ ਸਿੰਘ ਸੂਰਮਾ

ਸੁੱਚਾ ਸਿੰਘ ਸੂਰਮਾ ਪੰਜਾਬ ਦੇ ਮਾਲਵੇ ਦੇ ਇਲਾਕੇ ਦਾ ਪ੍ਰਸਿੱਧ ਡਾਕੂ ਹੋਇਆ ਹੈ ਜਿਸ ਨੂੰ ਹਾਲਾਤ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ ਸੀ। ਉਹ ਬੜਾ ਬਹਾਦਰ, ਨਿਰਭੈਅ, ਗਊ, ਗ਼ਰੀਬ ਦੀ ਰੱਖਿਆ ਕਰਨ ਵਾਲ਼ਾ ਅਤੇ ਅਣਖ-ਸਵੈਮਾਨ ਲਈ ਜਾਨ ਹੂਲਣ ਵਾਲ਼ਾ ਗੱਭਰੂ ਸੀ ਜਿਸ ਦੀਆਂ ਵਾਰਾਂ ਪੰਜਾਬੀ ਬੜੇ ਉਤਸ਼ਾਹ ਨਾਲ਼ ਗਾਉਂਦੇ ਹਨ:

ਵਿੱਚ ਸਮਾਹਾਂ ਦੇ ਜਨਮਿਆ ਸੁੱਚਾ ਸਿੰਘ ਜੁਆਨ
ਕੱਟ ਗਿਆ ਦਿਨ ਚਾਰ ਜੋ ਜਾਣੇ ਕੁੱਲ ਜਹਾਨ।

ਗੱਲ ਅੰਗਰੇਜ਼ਾਂ ਦੇ ਰਾਜ ਵੇਲ਼ੇ ਦੀ ਹੈ। ਰਿਆਸਤ ਪਟਿਆਲ਼ਾ ਦੇ ਪਿੰਡ ਸਮਾਂਹ (ਸਮਾਓਂ, ਜ਼ਿਲਾ ਮਾਨਸਾ) ਵਿੱਚ ਅਤਰ ਸਿੰਘ ਦੇ ਘਰ ਸੁੱਚੇ ਦਾ ਜਨਮ ਹੋਇਆ। ਬਚਪਨ ਵਿੱਚ ਹੀ ਉਹਦੇ ਮਾਂ-ਬਾਪ ਮਰ ਗਏ। ਉਹਦੇ ਵੱਡੇ ਭਰਾ ਨਰੈਣੇ ਨੇ ਉਹਦੀ ਪਾਲਣਾ ਪੋਸ਼ਣਾ ਕੀਤੀ। ਉਹ ਬਹੁਤ ਥੋੜ੍ਹੀ ਜ਼ਮੀਨ ਦੇ ਮਾਲਕ ਸਨ। ਗੁਜ਼ਾਰਾ ਬੜੀ ਮੁਸ਼ਕਲ ਨਾਲ਼ ਹੋ ਰਿਹਾ ਸੀ। ਰੁਲ਼ ਖੁਲ਼ ਕੇ ਪਲ਼ਦਾ ਸੁੱਚਾ ਜਵਾਨੀ ਦੀਆਂ ਬਰੂਹਾਂ 'ਤੇ ਪੁੱਜ ਗਿਆ....ਗੁੰਦਵਾਂ ਤੇ ਛਾਂਟਵਾਂ ਸਰੀਰ, ਚੋ-ਚੋ ਪੈਂਦਾ ਗੁਲਾਬੀ ਭਾਅ ਮਾਰਦਾ ਰੰਗ ਰਾਹ ਜਾਂਦਿਆਂ ਦੇ ਦਿਲ ਧੂਹ ਕੇ ਲੈ ਜਾਂਦਾ।

ਛੈਲ ਛਬੀਲਾ ਨਿਕਲਿਆ ਸੁੱਚਾ, ਭਰਿਆ ਨਾਲ਼ ਜਵਾਨੀ,
ਸੋਹਣਾ ਰੂਪ ਸੁੰਦਰ ਸੀ ਵਸਦਾ, ਨੈਣ ਭਰੇ ਮਸਤਾਨੀ,
ਨਿਕਲਿਆ ਬਾਂਕਾ ਸੂਰਮਾ ਸੁੱਚਾ,
ਪਿੰਡ ਵਿੱਚ ਨਹੀਂ ਕੋਈ ਸਾਨੀਂ,
ਹੱਥ ਵਿੱਚ ਖੁੰਡਾ ਮਾਝੇ ਵਾਲ਼ਾ,
ਦਿੱਸੇ ਬੜਾ ਸੁਹਾਨੀ,
ਸੁੱਚੇ ਸੂਰਮੇ ਦੀ,
ਕਰਾਂ ਕੀ ਸਿਫ਼ਤ ਜ਼ਬਾਨੀ।(ਗੁਰਮੁਖ ਸਿੰਘ ਬੇਦੀ)

ਸਮਾਂਹ ਵਿੱਚ ਘੁੱਕਰ ਨਾਂ ਦਾ ਵੈਲੀ ਪਹਿਲਵਾਨ ਸੀ ਜਿਸ ਦੀ ਸੁੱਚੇ ਨਾਲ਼ ਦੋਸਤੀ ਹੋ ਗਈ। ਦੋਨੋਂ ਇਕੱਠੇ ਕਸਰਤ ਕਰਦੇ, ਘੋਲ ਘੁਲਦੇ। ਘੁੱਕਰ ਨੇ ਸੁੱਚੇ ਨੂੰ ਆਪਣਾ ਪੱਗ-ਵੱਟ ਭਰਾ ਬਣਾ ਲਿਆ। ਉਹ ਅਕਸਰ ਸੁੱਚੇ ਦੇ ਘਰ ਆਉਣ ਲੱਗਾ। ਸੁੱਚੇ ਦੇ ਵੱਡੇ ਭਰਾ ਨਰੈਣੇ ਦੀ ਭਰ ਜੋਬਨ ਮੁਟਿਆਰ ਵਹੁਟੀ ਬੀਰੋ ਦੀ ਮਸ਼ਾਲ ਵਾਂਗ ਲਟ-ਲਟ ਬਲਦੀ ਅੱਖ ਜਦੋਂ ਘੁੱਕਰ ਨਾਲ਼ ਲੜੀ ਤਾਂ ਉਹ ਵਿਨ੍ਹਿਆਂ ਗਿਆ। ਬੀਰੋ ਨੂੰ ਪਾਉਣ ਲਈ ਉਹ ਬਿਉਂਤਾਂ ਬਨਾਉਣ ਲੱਗਾ। ਉਸ ਦਾ ਮਨ ਬੇਈਮਾਨ ਹੋ ਗਿਆ। ਉਸ ਦੇ ਲਈ ਸੁੱਚਾ ਰਾਹ ਦਾ ਰੋੜਾ ਬਣਿਆ ਖਲੋਤਾ ਸੀ। ਰੋੜਾ ਕਿਵੇਂ ਦੂਰ ਹੋਵੇ.....ਮੰਦਵਾੜੇ ਦੇ ਦਿਨ ਸਨ, ਘੁੱਕਰ ਸੁੱਚੇ ਨੂੰ ਵਰਗਲ਼ਾ ਕੇ ਫ਼ੌਜ ਵਿੱਚ ਭਰਤੀ ਹੋਣ ਲਈ ਫਿਰੋਜ਼ਪੁਰ ਛਾਉਣੀ ਲੈ ਵੜਿਆ। ਸੁੱਚਾ ਤਾਂ ਭਰਤੀ ਹੋ ਗਿਆ ਪਰੰਤੂ ਘੁੱਕਰ ਬਹਾਨਾ ਘੜ ਕੇ ਵਾਪਸ ਪਿੰਡ ਆ ਗਿਆ।

ਧੋਖਾ ਕਰਿਆ ਮੱਲ ਨੇ ਸੁੱਚੇ ਦੇ ਨਾਲ਼ ਜੀ
ਦੇ ਕੇ ਦੁਲਾਸਾ ਪਹਿਲਾਂ ਲੈ ਗਿਆ ਨਾਲ਼ ਜੀ
ਕਿੱਡਾ ਦਗਾ ਕੀਤਾ ਨਾਲ਼ ਪਾਜੀ ਯਾਰ ਦੇ
ਨੌਕਰ ਕਰਾਤਾ ਪਿੱਛੇ ਬੀਰੋ ਨਾਰ ਦੇ(ਰੀਠਾ ਦੀਨ)

ਓਧਰ ਸੁੱਚਾ ਫ਼ੌਜ ਵਿੱਚ ਭਰਤੀ ਹੋ ਕੇ ਦੂਰ ਚਲਿਆ ਗਿਆ। ਏਧਰ ਘੁੱਕਰ ਨੇ ਅਤਿ ਚੁੱਕ ਲਈ। ਉਸ ਦੇ ਵੈਲਪੁਣੇ ਕਾਰਨ ਪਿੰਡ ਵਿੱਚ ਉਹਦੇ ਸਾਹਮਣੇ ਕੋਈ ਕੁਸਕਦਾ ਨਹੀਂ ਸੀ। ਉਹਨੇ ਨਰੈਣੇ ਦੀ ਪ੍ਰਵਾਹ ਨਾ ਕਰਦਿਆਂ ਬੀਰੋ ਨੂੰ ਅਜਿਹਾ ਫੁਸਲਾਇਆ ਕਿ ਉਹ ਸ਼ਰੇਆਮ ਘੁੱਕਰ ਦੇ ਘਰ ਆਉਣ ਜਾਣ ਲੱਗੀ। ਸਾਰੇ ਪਿੰਡ ਵਿੱਚ ਤੋਏ-ਤੋਏ ਹੋ ਰਹੀ ਸੀ। ਨਰੈਣੇ ਨੇ ਘੁੱਕਰ ਦੇ ਲੱਖ ਵਾਸਤੇ ਪਾਏ, ਸੁੱਚੇ ਦੀ ਵਟਾਈ ਪੱਗ ਦੀ ਲਾਜ ਪਾਲਣ ਲਈ ਆਖਿਆ। ਉਹਨੇ ਬੀਰੋ ਨੂੰ ਵੀ ਵੱਖ ਸਮਝਾਇਆ, ਘੂਰਿਆ-ਘਪਿਆ ਪਰ ਹੰਕਾਰਿਆ ਘੁੱਕਰ ਸਗੋਂ ਹੋਰ ਮਸਤ ਗਿਆ:

ਆਖਦਾ ਘੁੱਕਰ ਮੇਰੀ ਸੁਣੋ ਗੱਲ ਜੋ
ਬੋਲਿਆ ਜਾਂ ਇਹਨੂੰ ਤੇਰੀ ਲਾਹਦੂੰ ਖੱਲ ਜੋ
ਤੂੰ ਕੀ ਦੱਸ ਲਗਦਾ ਹੈਂ ਬੀਰੋ ਨਾਰ ਦਾ
ਆਖਦਾ ਘੁੱਕਰ ਭਰਿਆ ਹੰਕਾਰ ਦਾ
ਦੋਹਾਂ ਦਾ ਮੈਂ ਕੁੱਟ ਕੇ ਬਣਾ ਦੂੰ ਚੂਰਮਾ
ਉਹਨੂੰ ਵੀ ਸਦਾ ਲੈ ਜੋ ਕਹਾਵੇ ਸੂਰਮਾ
ਪੀਊਂ ਥੋਡੀ ਰੱਤ ਖੜ੍ਹਾ ਲਲਕਾਰਦਾ
ਆਖਦਾ ਘੁੱਕਰ ਭਰਿਆ ਹੰਕਾਰ ਦਾ(ਰੀਠਾ ਦੀਨ)

ਘੁੱਕਰ ਨੇ ਵਟਾਈ ਪੱਗ ਦੀ ਲਾਜ ਨਾ ਰੱਖੀ। ਨਰੈਣੇ ਦਾ ਜੀਣਾ ਹਰਾਮ ਹੋ ਗਿਆ। ਸ਼ਰੇਆਮ ਉਹਦੀ ਵਹੁਟੀ ਘੁੱਕਰ ਦੇ ਘਰ ਵਸਦੀ ਪਈ ਸੀ। ਸੱਥ ਵਿੱਚ ਰੁਲਦੀ ਪੱਗ ਉਸ ਤੋਂ ਸਹਾਰੀ ਨਾ ਗਈ। ਉਸ ਨੇ ਆਪਣੇ ਛੋਟੇ ਵੀਰ ਸੁੱਚੇ ਨੂੰ ਖ਼ਤ ਲਿਖ ਕੇ ਸਾਰੇ ਹਾਲਾਤ ਤੋਂ ਜਾਣੂੰ ਕਰਵਾ ਦਿੱਤਾ।

ਸੁੱਚਾ ਨਰੈਣੇ ਦੀ ਚਿੱਠੀ ਪੜ੍ਹਦੇ ਸਾਰ ਹੀ ਤੜਫ਼ ਉੱਠਿਆ। ਉਹਦੀ ਅਣਖ ਜਾਗ ਪਈ ਤੇ ਖ਼ੂਨ ਉਬਾਲ਼ੇ ਖਾਣ ਲੱਗਾ। ਉਹਨੇ ਆਪਣੇ ਅੰਗਰੇਜ਼ ਅਫ਼ਸਰ ਕੋਲ਼ ਜਾ ਅਰਜ਼ ਗੁਜ਼ਾਰੀ। ਅਜੇ ਕੁਝ ਦਿਨ ਪਹਿਲਾਂ ਹੀ ਸੁੱਚੇ ਨੇ ਸਾਹਿਬ ਦੇ ਬੰਗਲੇ ਨੂੰ ਜਦੋਂ ਅੱਗ ਲੱਗੀ ਹੋਈ ਸੀ, ਮੇਮ ਤੇ ਉਹਦੇ ਦੋ ਬੱਚਿਆਂ ਨੂੰ ਬਲਦੀਆਂ ਲਾਟਾਂ ਵਿੱਚੋਂ ਕੱਢ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਦੀ ਜਾਨ ਬਚਾਈ ਸੀ....। ਸਾਹਿਬ ਉਹਦੀ ਬਹਾਦਰੀ 'ਤੇ ਅਸ਼-ਅਸ਼ ਕਰ ਉਠਿਆ ਸੀ। ਉਸ ਨੇ ਸੁੱਚੇ ਨੂੰ ਸ਼ੁਕਰਾਨੇ ਵਜੋਂ ਇਕ ਰਾਈਫ਼ਲ ਤੇ 500 ਰੁਪਏ ਨਕਦ ਇਨਾਮ ਦੇ ਦਿੱਤੇ ਸਨ।

ਸਾਹਿਬ ਨੇ ਸੁੱਚੇ ਦੀ ਛੁੱਟੀ ਮਨਜ਼ੂਰ ਕਰ ਦਿੱਤੀ। ਉਹਨੇ ਰਾਈਫ਼ਲ ਤੇ ਕਾਰਤੂਸ ਆਪਣੇ ਬਿਸਤਰੇ 'ਚ ਬੰਨ੍ਹੇ ਤੇ ਸਮਾਂਹ ਨੂੰ ਚੱਲ ਪਿਆ। ਇਕ ਜਵਾਲਾ ਉਹਦੇ ਸੀਨੇ 'ਚ ਭੜਕ ਰਹੀ ਸੀ, ਅੱਖੀਆਂ ਅੰਗਿਆਰ ਵਰ੍ਹਾ ਰਹੀਆਂ ਸਨ।

ਕਈ ਦਿਨਾਂ ਦੇ ਸਫ਼ਰ ਮਗਰੋਂ ਸੁੱਚਾ ਸਮਾਂਹ ਪੁੱਜ ਗਿਆ। ਨਰੈਣੇ ਨੇ ਧਾ ਗਲਵੱਕੜੀ ਪਾਈ:

ਰੋ ਕੇ ਪਾ ਲਈ ਨਰੈਣੇ ਨੇ ਭਰਾ ਨੂੰ ਜਫੜੀ
ਖੁਸ਼ਕੀ ਸੇ ਹੋ ਗਈ ਐ ਪਿੰਡੇ 'ਤੇ ਧਫੜੀ
ਮਰ ਗਿਆ ਸੁੱਚਾ ਸਿੰਘਾ ਪਾ ਦੇ ਠੰਢ ਵੀਰਨਾ
ਆ ਗਿਆ ਸਬੱਬੀ ਦੁੱਖ ਵੰਡ ਵੀਰਨਾ(ਰਜਬ ਅਲੀ)

ਨਰੈਣੇ ਨੇ ਦਿਲ ਦੀਆਂ ਖੋਲ੍ਹ ਸੁਣਾਈਆਂ। ਬੀਰੋ ਉਪਰੋਂ ਉਪਰੋਂ ਸੁੱਚੇ ਦੁਆਲ਼ੇ ਅਸ਼ਨੇ ਪਸ਼ਨੇ ਕਰਦੀ ਫਿਰਦੀ ਸੀ। ਕਈ ਦਿਨ ਲੰਘ ਗਏ। ਸੁੱਚਾ ਅੰਦਰੋਂ ਅੰਦਰ ਵਿਸ ਘੋਲ਼ ਰਿਹਾ ਸੀ। ਘੁੱਕਰ ਤੇ ਭਾਗ ਉਹਦੀਆਂ ਅੱਖੀਆਂ 'ਚ ਰੜਕ ਰਹੇ ਸਨ। ਕੋਈ ਸਬੱਬ ਨਹੀਂ ਸੀ ਬਣ ਰਿਹਾ।

ਆਖ਼ਰ ਇਕ ਦਿਨ ਸਬੱਬ ਬਣ ਹੀ ਗਿਆ। ਪਿੰਡ ਵਿੱਚ ਗਾਉਣ ਲੱਗਿਆ ਹੋਇਆ ਸੀ। ਘੁੱਕਰ ਹੋਰੀਂ ਸ਼ਰਾਬ ਵਿੱਚ ਮਸਤ ਹੋਏ ਚਾਂਭੜਾਂ ਪਾ ਰਹੇ ਸਨ। ਸੁੱਚਾ ਅਖਾੜੇ ਵਿੱਚ ਖੇਸ ਦੀ ਬੁੱਕਲ ਮਾਰ ਰਾਈਫ਼ਲ ਲਕੋਈ ਬੈਠਾ ਸੀ। ਬੱਕਰੇ ਬਲਾਉਂਦੇ ਘੁੱਕਰ ਨੂੰ ਵੇਖਦੇ ਸਾਰ ਹੀ ਸੁੱਚੇ ਨੇ ਖੇਸੀ ਪਰੇ ਵਗਾਹ ਮਾਰੀ ਤੇ ਰਾਈਫ਼ਲ ਨਾਲ਼ ਫ਼ਾਇਰ ਕਰ ਦਿੱਤਾ। ਅਖਾੜੇ ਵਿੱਚ ਹਫ਼ੜਾ ਦਫ਼ੜੀ ਪੈ ਗਈ ਤੇ ਉਹਨੇ ਘੁੱਕਰ ਨੂੰ ਜਾ ਘੇਰਿਆ:

ਰਾਤ ਦਿਨ ਭੋਗ ਕੇ ਪਰਾਈਆਂ ਤੀਵੀਆਂ
ਸੂਰਮਾ ਸਦਾਮੇਂ ਅੱਖਾਂ ਪਾਵੇਂ ਨੀਵੀਆਂ
ਪਾਈ ਨਾ ਕਦਰ ਲਾਲ ਦੀ ਪਰਖ ਕੇ
ਲਾਲ ਸੂਹਾ ਹੋ ਗਿਆ ਸੂਰਮਾ ਹਰਖ ਕੇ
ਮੋਢੇ ਨਾਲ਼ ਲਾਵੇ ਚੁੱਕ ਕੇ ਮਸ਼ੀਨ ਨੂੰ
ਪੇਚ ਨੂੰ ਨਕਾਲ਼ ਭਰੇ ਮੈਗ਼ਜ਼ੀਨ ਨੂੰ
ਮੱਲ ਵੰਨੀ ਛੱਡੇ ਜੋੜ ਜੋੜ ਸ਼ਿਸ਼ਤਾਂ
ਦੇਰ ਨਾ ਲਗਾਵੇ ਤਾਰ ਦੇਵੇ ਕਿਸ਼ਤਾਂ
ਰਜਬ ਅਲੀ ਘੜੀ ਵਿੱਚ ਉੜਾਤੀ ਗਰਦ ਐ
ਆਖ਼ਰ ਸ਼ਰਮ ਜੀਹਦੇ ਜਾਣੋਂ ਮਰਦ ਐ

ਘੁੱਕਰ ਮੱਲ ਨੂੰ ਗੋਲ਼ੀਆਂ ਨਾਲ਼ ਭੁੰਨ ਕੇ ਸੁੱਚੇ ਨੇ ਭਾਗ ਨੂੰ ਆ ਘੇਰਿਆ ਤੇ ਉਸ ਦੇ ਗੋਲ਼ੀ ਮਾਰ ਦਿੱਤੀ। ਇਸ ਮਗਰੋਂ ਉਹਨੇ ਘਰੋਂ ਜਾ ਕੇ ਬੀਰੋ ਨੂੰ ਧੂਹ ਲਿਆਂਦਾ ਤੇ ਦੋਹਾਂ ਲੋਥਾਂ ਕੋਲ਼ ਲਿਆ ਕੇ ਉਹਨੂੰ ਵੀ ਪਾਰ ਬੁਲਾ ਦਿੱਤਾ। ਤਿੰਨਾਂ ਨੂੰ ਮਾਰਨ ਮਗਰੋਂ ਸੁੱਚਾ ਬੱਕਰੇ ਬੁਲਾਉਂਦਾ ਹੋਇਆ ਬੋਤੇ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਸਾਰੇ ਇਲਾਕੇ ਵਿੱਚ 'ਸੁੱਚਾ' 'ਸੁੱਚਾ' ਹੋਣ ਲੱਗੀ। ਇਕ ਪਠਾਣ ਉਹਦਾ ਪਿੱਛਾ ਕਰਦਾ ਹੋਇਆ ਆਪਣੀ ਜਾਨ ਗੰਵਾ ਬੈਠਾ। ਪੁਲੀਸ ਦੇ ਉਹ ਹੱਥ ਨਾ ਲੱਗਾ ਤੇ ਬੀਕਾਨੇਰ ਦੇ ਇਲਾਕੇ ਵਿੱਚ ਡਾਕੂਆਂ ਨਾਲ਼ ਜਾ ਰਲ਼ਿਆ। ਡਾਕੂ ਦੇ ਰੂਪ ਵਿੱਚ ਉਹਦੀ ਧਾਂਕ ਪੈ ਗਈ। ਕਈ ਰੱਜੇ ਪੁੱਜੇ ਸੂਦਖੋਰ ਸ਼ਾਹੂਕਾਰ ਉਹਨੇ ਲੁੱਟੇ। ਉਹ ਗ਼ਰੀਬ ਦਾ ਦਰਦੀ ਸੀ, ਲੁੱਟ ਦਾ ਮਾਲ ਉਹ ਗ਼ਰੀਬਾਂ ਵਿੱਚ ਵੰਡ ਦਿੰਦਾ। ਉਹਦੀ ਬਹਾਦਰੀ ਦੀਆਂ ਧੁੰਮਾਂ ਪਈਆਂ ਹੋਈਆਂ ਸਨ ਜਿਸ ਕਰਕੇ ਪੁਲੀਸ ਉਹਦੇ ਨਾਲ਼ ਟਾਕਰਾ ਕਰਨੋਂ ਕੰਨੀ ਕਤਰਾਉਂਦੀ ਸੀ। ਉਹ ਆਮ ਲੋਕਾਂ ਦੇ ਘਰੀਂ ਜਾ ਲੁਕਦਾ। ਇਕ ਦਿਨ ਉਹਨੇ ਇਕ ਮਾਈ ਦੇ ਆਖਣ 'ਤੇ ਪੰਜ ਬੁੱਚੜਾਂ ਨੂੰ ਮਾਰ ਕੇ ਕਈ ਗਊਆਂ ਦੀ ਜਾਨ ਬਚਾਈ। ਸਾਰੇ ਇਲਾਕੇ ਵਿੱਚ ਸੁੱਚੇ ਦੀ ਬੱਲੇ ਬੱਲੇ ਸੀ। ਉਹ ਲੁਕਵੇਂ ਰੂਪ ਵਿੱਚ ਆਪਣੇ ਇਲਾਕੇ ਵਿੱਚ ਗੇੜਾ ਮਾਰਦਾ। ਇਕ ਦਿਨ ਉਹਦੇ ਚਾਚੇ ਦੇ ਪੁੱਤ ਬਸੰਤ ਨੇ ਜੋ ਗਹਿਰੀ ਦਾ ਰਹਿਣ ਵਾਲ਼ਾ ਸੀ, ਸੁੱਚੇ ਅੱਗੇ ਆ ਦੁੱਖ ਰੋਇਆ ਕਿ ਉਹਦੀ ਚਾਚੀ ਰਾਜੋ ਉਸੇ ਪਿੰਡ ਦੇ ਇਕ ਵੈਲੀ ਜੱਟ ਗੱਜਣ ਨੇ ਧੱਕੇ ਨਾਲ਼ ਸਾਂਭੀ ਹੋਈ ਹੈ। ਗਹਿਰੀ ਜਾ ਕੇ ਸੁੱਚੇ ਨੇ ਖੇਤਾਂ ਵਿੱਚ ਹਾੜ੍ਹੀ ਵੱਢਦੇ ਗੱਜਣ ਨੂੰ ਜਾ ਗੋਲ਼ੀ ਮਾਰੀ ਤੇ ਮਗਰੋਂ ਰਾਜੋ ਨੂੰ ਵੀ ਗੋਲ਼ੀਆਂ ਨਾਲ਼ ਭੁੰਨ ਦਿੱਤਾ।

ਅਣਖੀਲੇ ਸੂਰਮੇ ਸੁੱਚਾ ਸਿੰਘ ਦੀ ਬਹਾਦਰੀ ਦੇ ਚਰਚੇ ਸਾਰੇ ਇਲਾਕੇ ਵਿੱਚ ਹੋ ਰਹੇ ਸਨ। ਨਮੋਸ਼ੀ ਦੀ ਮਾਰੀ ਪੁਲੀਸ ਉਸ ਨੂੰ ਫੜਨੋਂ ਅਸਮਰਥ ਸੀ। ਸਰਕਾਰ ਨੇ ਸੁੱਚੇ ਨੂੰ ਫੜਾਉਣ ਲਈ ਇਨਾਮ ਵੀ ਐਲਾਨਿਆ ਹੋਇਆ ਸੀ।

ਲਾਲਚ ਮਿੱਤਰਾਂ ਨੂੰ ਡੁਲ੍ਹਾ ਦਿੰਦਾ ਹੈ। ਆਖ਼ਰ ਇਕ ਦਿਨ ਲਾਲਚ-ਵਸ ਸੁੱਚੇ ਦੇ ਮਿੱਤਰ ਮਹਾਂ ਸਿੰਘ ਨੇ, ਜਦੋਂ ਉਹ ਸੰਗਤਪੁਰੇ ਉਹਦੇ ਘਰ ਸੁੱਤਾ ਹੋਇਆ ਸੀ, ਪੁਲੀਸ ਨੂੰ ਬੁਲਾ ਕੇ ਉਹਨੂੰ ਫੜਾ ਦਿੱਤਾ। ਨਿਹੱਥਾ ਸੂਰਮਾ ਕਚੀਚੀਆਂ ਵੱਟਦਾ ਰਹਿ ਗਿਆ।

ਮੁਕੱਦਮਾ ਚੱਲਿਆ। ਪਟਿਆਲ਼ੇ ਦੇ ਰਾਜੇ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣ ਦਿੱਤੀ। ਪੰਜਾਬ ਦਾ ਅਣਖੀਲਾ ਗੱਭਰੂ ਹੱਸਦਾ ਹੱਸਦਾ ਫਾਂਸੀ 'ਤੇ ਲਟਕ ਗਿਆ ਤੇ ਲੋਕ-ਕਵੀਆਂ ਨੇ ਇਸ ਸੂਰਮੇ ਦੀ ਜੀਵਨ ਕਹਾਣੀ ਨੂੰ ਕਿੱਸਿਆਂ ਦੇ ਰੂਪ ਵਿੱਚ ਸਾਂਭ ਲਿਆ। ਰੀਠਾ ਦੀਨ, ਰਜਬ ਅਲੀ, ਗੁਰਮੁਖ ਸਿੰਘ ਬੇਦੀ, ਸ਼ਿਆਮ ਸਿੰਘ ਤੇ ਛੱਜੂ ਸਿੰਘ ਨੇ ਸੁੱਚਾ ਸਿੰਘ ਸੂਰਮੇ ਬਾਰੇ ਕਿੱਸੇ ਰਚੇ ਹਨ ਜਿੰਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਲੋਕ ਬੜੇ ਚਾਵਾਂ ਨਾਲ਼ ਪੜ੍ਹ ਕੇ ਆਨੰਦ ਮਾਣਦੇ ਹਨ ਅਤੇ ਅਣਖੀ ਸੂਰਮੇ ਨੂੰ ਸੈਆਂ ਸਲਾਮਾਂ ਕਰਦੇ ਹਨ।

page