ਪਾਰਸ/ਨਿਸ਼ ਕ੍ਰਿਤਿ/੭.
(੭)
ਸਿਧੇਸ਼ਵਰੀ ਦੇ ਸਭਾ ਵਿਚ ਇਕ ਵਡਾ ਭਾਰੀ ਨੁਕਸ ਸੀ, ਉਹਦਾ ਇਰਾਦਾ ਪੱਕਾ ਨਹੀਂ ਸੀ, ਇਸੇ ਕਰਨੇ ਉਹ ਕਿਸੇ ਤੇ ਪੂਰਾ ਪੂਰਾ ਯਕੀਨ ਨਹੀਂ ਸੀ ਕਰ ਸਕਦੀ। ਅੱਜ ਦਾ ਪੱਕਾ ਇਰਾਦਾ ਕਲ ਮਾਮੂਲੀ ਜਿਹੀ ਗੱਲ ਤੋਂ ਬਦਲ ਜਾਂਦਾ ਸੀ। ਸ਼ੈਲਜਾ ਤੇ ਮੁਢ ਤੋਂ ਉਸਦਾ ਪੱਕਾ ਯਕੀਨ ਸੀ। ਪਰ ਥੋੜਿਆਂ ਦਿਨਾਂ ਤੋਂ ਹੀ ਨੈਨਤਾਰਾ ਨੇ ਇਸਦੇ ਕੰਨ ਭਰ ਦਿਤੇ ਹਨ। ਇਸ ਨੂੰ ਹੁਣ ਸ਼ੱਕ ਹੋ ਗਿਆ ਹੈ ਕਿ ਸ਼ੈਲਜਾ ਨੇ ਆਪਣੀ ਹੱਥੀਂ ਰੁਪੈ ਰਖਦਿਆਂ ਕੱਢਦਿਆਂ ਕੁਝ ਜ਼ਰੂਰ ਗੜਬੜ ਕੀਤੀ ਹੈ। ਇਹਨਾਂ ਰੁਪੱਇਆਂ ਦਾ ਮੁੱਢ ਕਿਥੇ ਹੈ। ਇਹ ਲੱਭਣ ਲਗਿਆਂ ਵੀ ਉਹਨੂੰ ਜ਼ਰਾ ਔਖਿਆਈ ਨਹੀਂ ਹੋ ਸਕੀ, ਫਿਰ ਵੀ ਉਹ ਪਤੀ ਤੇ ਬਚਿਆਂ ਨੂੰ ਲੈਕੇ ਇਸੇ ਸ਼ਹਿਰ ਵਿਚ ਕਿਸੇ ਹੋਰਸ ਥਾਂ ਰਹਿਣ ਦਾ ਹੌਸਲਾ ਕਰ ਲਏਗੀ। ਇਸ ਗੱਲ ਨੂੰ ਇਹ ਨਹੀਂ ਸੀ ਜਾਣਦੀ।
ਰਾਤ ਨੂੰ ਵਡੇ ਬਾਬੂ ਅਖਾਂ ਤੋ ਐਨਕ ਲਾਹਕੇ, ਬਾਹਰ ਵਾਲੇ ਕਮਰੇ ਵਿਚ ਬੈਠੇ ਗੈਸ ਦੀ ਰੋਸ਼ਨੀ ਵਿਚ ਆਪਣੇ ਕਚਹਿਰੀ ਦੇ ਜ਼ਰੂਰੀ ਕਾਗਜ਼ ਵੇਖ ਰਹੇ ਸਨ । ਸਿਧੇਸ਼ਵਰੀ ਨੇ ਉਹਨਾਂ ਦੇ ਕਮਰੇ ਵਿਚ ਵੜਦਿਆਂ ਹੀ ਕੰਮ ਦੀ ਗਲ ਛੇੜ ਦਿਤੀ । ਕਹਿਣ ਲੱਗੀ, ਤੁਹਾਡੀ ਐਨੀ ਮਰਨ ਮਿਟੀ ਚੁੱਕਣ ਦਾ ਕੀ ਲਾਹ ? ਮੁਫਤ ਦੀ ਬਾੜ ਨੂੰ ਖੁਆਉਣ ਲਈ ਐਨੀ ਮਿਹਨਤ ਕਰਨ ਦੀ ਕੀ ਲੋੜ ?
ਗਰੀਸ਼ ਦੇ ਕੰਨੀ ਖਬਰੇ ਖੁਆਉਣ ਪਿਆਉਣ ਦੀ ਗੱਲ ਹੀ ਪੁੱਜੀ ਸੀ, ਉਸਨੇ ਸਿਰ ਉੱਚਾ ਕਰਕੇ ਆਖਿਆ, 'ਨਹੀਂ ਬਹੁਤਾ ਚਿਰ ਨਹੀ। ਆਹ ਥੋੜੇ ਜਹੇ ਕਾਗਜ਼ ਵੇਖਕੇ ਰੋਟੀ ਖਾਣ ਲਈ ਚਲਿਆ ਚਲਦਾ ਹਾਂ, ਤੁਸੀਂ ਚਲੋ।'
ਸਿਧੇਸ਼ਵਰੀ ਨੇ ਗੁੱਸੇ ਵਿਚ ਆਕੇ ਆਖਿਆ, "ਖਾਣ ਦੀ ਗੱਲ ਤੁਹਾਡੇ ਨਾਲ ਕੌਣ ਕਰ ਰਿਹਾ ਹੈ ।ਮੈਂ ਆਖਦੀ ਹਾਂ ਕਿ ਛੋਟੀ ਨੋਂਹ ਤੇ ਲਾਲਾ ਜੀ ਚੰਗੀ ਤਰ੍ਹਾਂ ਤਿਆਰੀ ਕਰਕੇ ਘਰੋਂ ਜਾ ਰਹੇ ਹਨ।
ਗ਼ਰੀਸ਼ ਕੁਝ ਸੁਚੇਤ ਹੋਕੇ ਬੋਲਿਆ, 'ਹਾਂ ਸੁਣੀ ਕਿਉਂ ਨਹੀਂ ! ਛੋਟੀ ਨੋਂਹ ਨੂੰ ਚੰਗੀ ਤਰ੍ਹਾਂ ਤਿਆਰੀ ਕਰਨ ਲਈ ਆਖ ਦਿਹ। ਨਾਲ ਹੋਰ ਕੌਣ ਕੌਣ ਜਾ ਰਿਹਾ ਏ ?.......... ਮਣੀ ਨੂੰ........।' ਮੁਕਦਮੇ ਦਿਆਂ ਕਾਗਜ਼ਾਂ ਵਿਚ ਦਿਲ ਫਸ ਜਾਣ ਕਰਕੇ ਗੱਲ ਬਾਤ ਇੱਥੋਂ ਤੱਕ ਹੀ ਰਹਿ ਗਈ ।
ਸਿਧੇਸ਼ਵਰੀ ਗੁਸੇ ਦੇ ਮਾਰਿਆਂ ਪਿੱਟ ਉਠੀ, 'ਮੇਰੀ ਇਕ ਗੱਲ ਵੀ ਤੁਸੀਂ ਧਿਆਨ ਦੇਕੇ ਨਹੀਂ ਸੁਣ ਰਹੇ । ਮੈਂ ਕੀ ਆਖਦੀ ਹਾਂ ਤੇ ਤੁਸੀਂ ਕੀ ਜਵਾਬ ਦੇ ਰਹੇ ਹੋ। ਛੋਟੀ ਨੋਂਹ ਹੋਰੀਂ ਘਰ ਛਡ ਕੇ ਜਾ ਰਹੇ ਹਨ।'
ਝਾੜ ਖਾ ਕੇ ਗਰੀਸ਼ ਹੋਰੀਂ ਚੌਂਕ ਪਏ। ਪੁਛਣ ਲੱਗੇ, ਕਿੱਥੇ ਜਾ ਰਹੇ ਹਨ ?
ਸਿਧੇਸ਼ਵਰੀ ਨੇ ਉਸੇ ਤਰ੍ਹਾਂ ਉੱਚੇ ਸੁਰ ਨਾਲ ਆਖਿਆ, 'ਮੈਨੂੰ ਕੀ ਪਤਾ ਹੈ ਕਿ ਕਿਥੇ ਜਾ ਰਹੇ ਹਨ ?'
ਗਰੀਸ਼ ਨੇ ਆਖਿਆ, "ਪਤਾ ਲਿਖ ਕੇ ਰੱਖ ਲੈ ?'
ਸਿਧੇਸ਼ਵਰੀ ਇਸ ਅਪਮਾਨ ਨੂੰ ਨਾ ਸਹਾਰਦੀ ਹੋਈ ਮੱਥੇ ਤੇ ਹੱਥ ਮਾਰ ਕੇ ਆਖਣ ਲੱਗੀ, ਮੇਰੀ ਭੈੜੀ ਕਿਸਮਤ! ਮੈਂ ਕਿਸੇ ਥਾਂ ਜੋਗੀ ਨ ਰਹਿ ਗਈ । ਮੈਂ ਹੁਣ ਉਹਨਾਂ ਦਾ ਪਤਾ ਲਿਖਣ ਜਾਵਾਂ ? ਜੇ ਮੈਂ ਚੰਗਿਆਂ ਭਾਗਾਂ ਵਾਲੀ ਹੁੰਦੀ ਤਾਂ ਤੇਰੇ ਪੱਲੇ ਹੀ ਨਾ ਪੈਂਦੀ। ਇਹਦੇ ਨਾਲੋਂ ਤਾਂ ਚੰਗਾ ਸੀ ਕਿ ਜੇ ਮਾਂ ਪਿਓ ਮੇਰੇ ਹਥ ਪੈਰ ਬੰਨ੍ਹ ਕੇ ਗੰਗਾ ਵਿਚ ਹੀ ਡੋਬ ਦੇਂਦੇ। ਇਹ ਆਖ ਕੇ ਉਹ ਰੋਣ ਲਗ ੫ਈ। ਅੱਜ ਤੇਤੀਆਂ ਸਾਲਾਂ ਪਿਛੋਂ, ਇਹ ਪਤਾ ਕਰਕੇ ਕਿ ਉਸ ਦੇ ਮਾਂ ਪਿਓ ਨੇ ਉਸ ਨੂੰ ਸੁਪਾਤ੍ਰ ਪਿੱਛੇ ਨਹੀਂ ਲਾਇਆ, ਉਹ ਬਹੁਤ ਕਲਪੀ । ਕਹਿਣ ਲੱਗੀ, ਜੇ ਅਜ ਤੂੰ ਅੱਖਾਂ ਮੀਟ ਜਾਏਂ ਤਾਂ ਮੈਂ ਕਿਤੇ ਗੋਲ-ਪੁਣਾ ਕਰਕੇ ਰੋਟੀ ਖਾ ਲਵਾਂ । ਇਹ ਮੈਂ ਜਾਣਦੀ ਹਾਂ ਕਿ ਅਖੀਰ ਨੂੰ ਮੈਨੂੰ ਇਹ ਜ਼ਰੂਰ ਕਰਨਾ ੫ਏਗਾ ੫ਰ ਮੇਰੀ "ਹਰੀ" ਤੇ "ਮਣੀ" ਦਾ ਕੀ ਬਣੇਗਾ ? ਇਹ ਆਖਦਿਆਂ ਹੋਇਆਂ, ਉਸਦੀਆਂ ਅੱਖਾਂ ਵਿਚ ਲੁਕਿਆ ਹੋਇਆ ਪਾਣੀ ਇਕ ਵੇਰਾਂ ਹੀ ਵੱਗ ਤੁਰਿਆ ।
ਮੁਕਦਮੇ ਦੇ ਜ਼ਰੂਰੀ ਕਾਗ਼ਜ਼ ਗਰੀਸ਼ ਦੇ ਦਿਮਾਗ਼ ਵਿਚੋਂ ਭੁਲ ਗਏ। ਇਸਤਰੀ ਦੇ ਕ੍ਰੋਧ ਤੇ ਦਰਦ ਨਾਲ ਅਧੀਰ ਜਹੇ ਹੋਕੇ ਉਨਾਂ ਨੇ ਅਵਾਜ਼ ਮਾਰੀ 'ਹਰੀ !' ਹਰੀ ਲਾਗਲੇ ਕਮਰੇ ਵਿਚ ਬੈਠਾ ਪੜ੍ਹ ਰਿਹਾ ਸੀ, ਅਵਾਜ਼ ਸੁਣਦਿਆਂ ਹੀ ਇਕ ਵਾਰੀ ਭੱਜਾ ਆਇਆ ।
ਗਰੀਸ਼ ਨੇ ਧਮਕਾ ਕੇ ਆਖਿਆ, 'ਫੇਰ ਜੇ ਤੂੰ ਕਿਸੇ ਨਾਲ ਝਗੜਾ ਕਰੇਂਗਾ ਤੇ ਮੈਂ ਘੋੜੇ ਦੀ ਚਾਬਕ ਨਾਲ ਚੰਮ ਉਧੇੜ ਦਿਆਂਗਾ । ਹਰਾਮਜ਼ਾਦਾ ਕਿਸੇ ਥਾਂ ਦਾ ਸਾਰੀ ਦਿਹਾੜੀ ਪੜ੍ਹਨ ਲਿਖਣ ਦਾ ਕੋਈ ਕੰਮ ਨਹੀਂ ਬਸ ਸ਼ਰਾਰਤਾਂ ਹੀ ਨਹੀਂ ਮੁਕਦੀਆਂ । ਮਣ ਕਿੱਥੇ ਹੈ ?
ਪਿਤਾ ਪਾਸੋਂ ਝਿੜਕਾਂ ਖਾਣੀਆਂ, ਬੱਚੇ ਨਹੀਂ ਸਨ ਜਾਣਦੇ । ਹਰੀ ਡਰਦਾ ਹੋਇਆ ਬੁਤ ਜਿਹਾ ਬਣ ਗਿਆ ਤੇ ਕਹਿਣ ਲੱਗਾ, ਪਤਾ ਨਹੀਂ ਕਿੱਥੇ ਚਲਿਆ ਗਿਆ ਹੈ?'
'ਪਤਾ ਕਿਉਂ ਨਹੀ' ਤੁਹਾਡੀਆਂ ਸ਼ਤਾਨੀਆਂ ਮੈਂ ਜਾਣਦਾ ਹਾਂ। ਮੇਰੀ ਸਾਰਿਆਂ ਵੱਲ ਨਿਗਾਹ ਰਹਿੰਦੀ ਹੈ । ਤੈਨੂੰ ਕੌਣ ਪੜ੍ਹਾਂਦਾ ਹੈ ? ਜਰਾ ਸੱਦ ਖਾਂ ਉਸਨੂੰ ।
ਹਰੀ ਨੇ ਆਖਿਆ, ਸਾਡੇ ਸਕੂਲ ਦੇ ਥਰਡ ਮਾਸਟਰ 'ਘੀਰੇਨ' ਬਾਬੂ ਸਵੇਰੇ ਪੜ੍ਹਾਨ ਜਾਂਦੇ ਹਨ।
"ਕਿਉਂ ਸਵੇਰੇ ਕਿਉਂ ? ਰਾਤ ਨੂੰ ਕਿਉਂ ਨਹੀਂ ਆਉਂਦੇ ?' ਮੈਂ ਇਹੋ ਜਿਹਾ ਮਾਸਟਰ ਨਹੀਂ ਚਾਹੁੰਦਾ । ਕੱਲ ਤੋਂ ਦੂਸਰਾ ਆਦਮੀ ਪੜ੍ਹਾਏਗਾ। ਜਾ ਜਾਕੇ ਦਿਲ ਲਾਕੇ ਪੜ੍ਹ।'
ਹਰੀ ਸੁਕੇ ਹੋਏ ਮੂੰਹ ਨਾਲ ਇਕ ਵਾਰੀ ਮਾਂ ਵੱਲ ਵੇਖਕੇ ਚਲਿਆ ਗਿਆ।
ਗਰੀਸ਼ ਨੇ ਘਰ ਵਾਲੀ ਵਲ ਵੇਖਕੇ ਆਖਿਆ, 'ਵੇਖੀ ਅੱਜ ਕਲ ਦਿਆਂ ਮਾਸਟਰਾਂ ਦੀ ਹਾਲਤ ? ਸਿਰਫ ਰੁਪਇਆ ਲੈਣਗੇ ਤੇ ਧੋਖੇ ਦੇਣਗੇ । ਰਮੇਸ਼ ਨੂੰ ਆਖ ਦੇਣਾ ਕਲ ਹੀ ਪ੍ਰਾਣ ਬਾਬੂ ਨੂੰ ਜਵਾਬ ਦੇ ਕੇ ਦੂਸਰਾ ਬਾਬੂ ਰੱਖ ਲਿਆ ਜਾਵੇਗਾ । ਉਸ ਨੇ ਸੋਚਿਆ ਹੋਵੇਗਾ ਕਿ ਸਾਡੇ ਅਖੀਂ ਘਟਾ ਪਾਕੇ ਉਹ ਬੱਚ ਜਾਇਗਾ ।
ਸਿਧੇਸ਼ਵਰੀ ਨੇ ਕੋਈ ਗੋਲ ਨਹੀਂ ਆਖੀ । ਉਹ ਪਤੀ ਦੇ ਚਿਹਰੇ ਤੇ ਕ੍ਰੋਧ ਭਰੀ ਤਕਣੀ ਤਕਦੀ ਹੋਈ ਬਾਹਰ ਨੂੰ ਚਲੀ ਗਈ ।
ਇਹ ਸੋਚ ਕੇ ਕਿ ਮੈਂ ਆਪਣਾ ਕਰਤਬ ਚੰਗੀ ਤਰਾਂ ਅਦਾ ਕਰ ਦਿਤਾ ਹੈ, ਬਾਬੂ ਜੀ ਬੜੇ ਪ੍ਰਸੰਨ ਹੋਏ ਤੇ ਆਪਣੇ ਕਾਰਜਾਂ ਵਿੱਚ ਰੁੱਝ ਗਏ।
ਰੁਪਇਆ ਦੁਨੀਆਂ ਵਿਚ ਬਹੁਤ ਹੀ ਲੋੜੀਂਦੀ ਚੀਜ਼ ਹੈ, ਇਕ ਗਲ ਸਿਧੇਸ਼ਵਰੀ ਜਾਣਦੀ ਸੀ । ਪਰ ਉਸ ਦਾ ਇਸ ਪਾਸੇ ਕਦੇ ਧਿਆਨ ਹੀ ਨਹੀ ਸੀ ਗਿਆ ਪਰ ਲੋਭ ਵੀ ਇਕ ਛੂਤ ਦੀ ਬੀਮਾਰੀ ਹੈ। ਨੈਨਤਾਰਾ ਦੀ ਛੋਹ ਲੱਗ ਜਾਣ ਤੇ ਹੁਣ ਇਸਦੇ ਅੰਦਰ ਵੀ ਇਹ ਬੀਮਾਰੀ ਹੌਲ ਹੌਲੀ ਧੁਖੀ ਜਾ ਰਹੀ ਹੈ।
ਅੱਜ ਹੀ ਰੋਟੀ ਟੁੱਕ ਦੇ ਪਿਛੋਂ ਸ਼ੈਲਜਾ ਇਸ ਘਰੋਂ ਚਲੀ ਜਾਇਗੀ, ਇਹ ਖਬਰ ਸੁਣ ਕੇ ਉਸਦੇ ਅੰਦਰੋਂ ਆਪਣੇ ਆਪ ਹੀ ਰੋਣ ਫੁੱਟ ੨ ਕੇ ਬਾਹਰ ਨੂੰ ਨਿਕਲਣ ਦੀ ਕਰ ਰਿਹਾ ਹੈ। ਇਹ ਇਸ ਗਲ ਨੂੰ ਰੋਕ ਕੇ ਤਾਪ ਦਾ ਬਹਾਨਾ ਕਰਕੇ ਮੰਜੀ ਤੇ ਲੇਟੀ ੫ਈ ਸੀ । ਨੈਨਤਾਰਾ ਉਸ ਪਾਸ ਆਕੇ ਬਹਿ ਗਈ । ਸਰੀਰ ਨੂੰ ਹੱਥ ਲਾ ਕੇ ਉਸਨੇ ਬੁਖਾਰ ਟੋਹਿਆ ਤੇ 'ਡਾਕਟਰ ਨੂੰ ਸੱਦਾਂ ਜਾਂ ਨਾਂ' ਇਹ ਗੱਲ ਕਹੀ ਸੁਣੀ।
ਸਿਧੇਸ਼ਵਰੀ ਨੇ ਦੂਜੇ ਪਾਸੇ ਮੂੰਹ ਭੁਆਂ ਕੇ ਥੋੜੇ ਵਿਚ ਹੀ ਜੁਵਾਬ ਦਿਤਾ, 'ਨਹੀ!'
ਨੈਨਤਾਰਾ ਨੇ ਗੁਸੇ ਦਾ ਸਬੱਬ ਜਾਣ ਕੇ ਮੁਨਾਸਬ ਦੁਆ ਦੇ ਦਿੱਤੀ। ਥੋੜੀ ਦੇਰ ਚੁਪ ਰਹਿਕੇ ਉਸਨੇ ਹੌਲੀ ਜਹੀ ਆਖਿਆ, 'ਏਸੇ ਕਰਕੈ ਮੈਂ ਸੋਚ ਰਹੀ ਸਾਂ, ਬੀਬੀ ਜੀ ! ਲੋਕੀਂ ਕਿਦਾਂ ਆਪਣੇ ਪਾਸ ਐਨੇ ਰੁਪੈ ਇਕੱਠੇ ਕਰ ਲੈਂਦੇ ਹਨ। ਆਪਣੀ ਗਲੀ ਦੇ, ਯਦੂ ਨਾਥ ਬਾਬੂ, ਗੋਪਾਲ ਬਾਬੂ, ਤੇ ਹਰਿ ਨਰਾਇਣ ਬਾਬੂ, ਕਿਸੇ ਦਾ ਵੀ ਸਾਡੇ ਜੇਠ ਨਾਲੋਂ ਅੱਧਾ ਕੰਮ ਨਹੀਂ। ਪਰ ਫੇਰ ਵੀ ਇਹਨਾਂ ਸਾਰਿਆਂ ਦਾ ਬੈਂਕ ਵਿੱਚ ਲੱਖ ਲੱਖ ਰੁਪਇਆ ਤਾਂ ਜਰੂਰ ਜਮਾ ਹੈ। ਉਹਨਾਂ ਦੀਆਂ.......ਇਸਤ੍ਰੀਆਂ ਦੇ ਹੱਥ ਵਿਚ ਵੀ ਦਸ ਵੀਹ ਹਜ਼ਾਰ ਤੋਂ ਘਟ ਦੀ ਚੀਜ਼ ਨਹੀਂ ।'
ਸਿਧੇਸ਼ਵਰੀ ਨੇ ਕੁਝ ਧਿਆਨ ਜਿਹਾ ਦੇਂਦੀ ਹੋਈ ਨੇ ਆਖਿਆ 'ਤੈਨੂੰ ਕਿੱਦਾਂ ਪਤਾ ਲੱਗਾ ?'
ਨੈਨਤਾਰਾ ਨੇ ਕਿਹਾ, 'ਇਹਨਾਂ ਨੇ ਬੈਂਕ ਦੇ ਸਾਹਿਬ ਪਾਸੋਂ ਪੁਛਿਆ ਸੀ । ਉਹ ਸਾਰੇ ਹੀ ਇਹਨਾਂ ਦੇ ਮਿੱਤ੍ਰ ਹਨ । ਕਲ ਮੇਰੀ-ਗੱਲ ਦਾ ਯਕੀਨ ਨ ਕਰਦੀ ਹੋਈ ਗੋਪਾਲ ਬਾਬੂ ਦੀ ਘਰ ਵਾਲੀ ਨੇ ਆਖਿਆ ਸੀ, ਏਦਾਂ ਕਦੇ ਹੋ ਸਕਦਾ ਹੈ ਕਿ ਤੇਰੀ ਬੀਬੀ ਕੋਲ ਕੋਈ ਰੁਪਇਆ ਨ ਹੋਵੇ ? ਘਟ ਤੋਂ ਘਟ........ ..'
ਸਿਧੇਸ਼ਵਰੀ ਆਪਣੇ ਤਾਪ ਨੂੰ ਭੁਲ ਕੇ ਇਕ ਵੇਰਾਂ ਹੀ ਉਠ ਕੇ ਬਹਿ ਗਈ । ਨੈਨਤਾਰਾ ਦੇ ਸਾਹਮਣੇ ਸੰਦੂਕ ਦੀਆਂ ਚਾਬੀਆਂ ਛਨਣ ਕਰਦੀਆਂ ਸੁਟ ਕੇ ਆਖਿਆ, 'ਸੜਾ ਸੰਦੂਕ ਆਪਣੇ ਹੱਥਾਂ ਨਾਲ ਖੋਲ ਕੇ ਵਖ ਲੈ ਖਾਂ । ਘਰ ਦੇ ਖਰਚਾਂ ਤੋਂ ਬਿਨਾਂ ਜੇ ਕੋਈ ਪੈਸਾ ਵੀ ਹੋਵੇ ਤਾਂ ਮੈਂ ਝੂਠੀ । ਮੈਨੂੰ ਕੀ ਪਤਾ ਹੈ, ਸਭ ਕੁਝ ਛੋਟੀ ਹੀ ਤਾਂ ਕਰਦੀ ਹੁੰਦੀ ਸੀ। ਮੈਂ ਐਹੋ ਜਹੀ ਦੇ ਵੱਸ ਪਈ ਸਾਂ ਕਿ ਕਦੇ ਇਕ ਪੈਸੇ ਦਾ ਮੂੰਹ ਵੀ ਨਹੀਂ ਸੀ ਵੇਖਿਆ। ਜਿਹੋ ਜਿਹਾ ਉਹ ਕਰਦੀ ਰਹੀ ਸੀ ਅਜ ਉਸਦੀ ਸਜ਼ਾ ਵੀ ਪਾ ਰਹੀ ਹੈ । ਸਾਰੇ ਟੱਬਰ ਸਮੇਤ ਘਰੋਂ ਵੀ ਤਾਂ ਉਹੋ ਨਿਕਲ ਰਹੀ ਹੈ ਨਾ। ਮੈਂ ਉਸਦਾ ਕੀ ਵਿਗਾੜ ਸਕਦੀ ਸਾਂ ? ਜੋ ਮੇਰੇ ਹੱਥ ਵੱਸ ਹੁੰਦਾ ਤਾਂ ਸਾਰਾ ਰੁਪਇਆ ਘਰ ਹੀ ਨ ਰਹਿੰਦਾ ? ਤੂੰ ਹੀ ਦੱਸ ਨਾਂ?'
ਨੈਨਤਾਰਾ ਨੇ ਸਿਰ ਹਿਲਾਕੇ ਆਖਿਆ, 'ਠੀਕ ਹੈ।'
ਸਿਧੇਸ਼ਵਰੀ ਦਾ ਮਨ ਸ਼ੈਲਜਾ ਦੇ ਵਿਰੁਧ ਫੇਰ ਸਖਤ ਹੋ ਗਿਆ, ਏਨੇ ਚਿਰ ਤੱਕ ਉਹਨੇ ਖੁਦ ਇਸਨੂੰ ਪਾਲ ਪੋਸ ਕੇ ਜਵਾਨ ਜੀਤਾ ਸੀ । ਆਪਣੇ ਸੰਦੂਕ ਦੀ ਚਾਬੀ ਉਹਨੂੰ ਸੌਂਪ ਕੇ ਖੁਦ ਨੀਵੀਂ ਬਣਕੇ ਦਿਨ ਕੱਟਦੀ ਰਹੀ ਸੀ । ਇਹ ਗੱਲ ਉਹਨੂੰ ਭੁਲ ਗਈ ਸੀ । ਕਹਿਣ ਲੱਗੀ, 'ਇਕ ਆਦਮੀ ਕਮਾਉਣ ਵਾਲਾ ਹੈ ਤੇ ਐਨੀ ਵੱਡੀ ਟੱਬਰ ਦਾਰੀ ਉਸਦੇ ਸਿਰ ਹੈ, ਇਸ ਵਿਚ ਉਹਦਾ ਕੀ ਕਸੂਰ?'
ਨੈਨਤਾਰਾ ਨੇ ਖੁਸ਼ੀ ਪ੍ਰਗਟ ਕਰਦੀ ਹੋਈ ਨੇ ਕਿਹਾ, ਇਹ ਤਾਂ ਸਾਰਿਆਂ ਨੂੰ ਪਤਾ ਹੈ।
ਥੋੜਾ ਚਿਰ ਚੁੱਪ ਚਾਪ ਰਹਿਕੇ ਨੈਨਤਾਰਾ ਹੌਲੀ ਹੌਲੀ ਆਖਣ ਲਗੀ, ਸਾਡੇ ਪਿੰਡ ਵਿੱਚ ਇਕ ਨੰਦ ਲਾਲ ਹਨ ਜੋ ਦਫਤ੍ਰ ਵਚ ਕਲਰਕੀ ਦਾ ਕੰਮ ਕਰਦੇ ਸਨ । ਛੋਟੇ ਭਰਾ ਨੂੰ ਆਦਮੀ ਬਨਾਉਣ ਤੇ ਲਿਖਾਉਣ ਪੜ੍ਹਾਉਣ ਲਈ ਬੱਚੇ ਬੱਚਿਆਂ ਦੇ ਵਿਆਹ ਕਰਾਉਣ ਲਈ, ਉਹਨਾਂ ਦੇ ਕੋਲ ਕਾਣੀ ਕੌਡੀ ਵੀ ਨਹੀਂ ਸੀ, ਜੇ ਵੱਡੀ ਨੋਂਹ ਕੁਝ ਆਖਦੀ ਤਾਂ ਉਹਨੂੰ ਤਾੜਕੇ ਆਖਦੀ ।
ਸਿਧੇਸ਼ਵਰੀ ਵਿਚੋਂ ਹੀ ਟੋਕ ਕੇ ਬੋਲੀ, ਠੀਕ ਮੇਰੇ ਵਰਗੀ ਹੀ ਹਾਲਤ ਹੋਵੇਗੀ ।
ਨੈਨਤਾਰਾ ਆਖਣ ਲੱਗੀ, ਇਹ ਗਲ ਤਾਂ ਹੋਈ ਸੀ। ਛੋਟੀ ਨੂੰਹ ਨੂੰ ਤਾੜਕੇ ਨੰਦ ਬਾਬੂ ਆਖਿਆ ਕਰਦੇ, ਤੈਨੂੰ ਇਸ ਗਲ ਦਾ ਫਿਕਰ ਹੈ? ਤੇਰਾ ਨਰੈਣ ਤਾਂ ਹੈ। ਉਹਨੂੰ ਪੜ੍ਹਾ ਲਿਖਾਕੇ ਵਕੀਲ ਬਣਾ ਦਿੱਤਾ ਹੈ ਬੁਢਾਪੇ ਵਿਚ ਉਹ ਸਾਡੇ ਲੋਕਾਂ ਦੀ ਸੇਵ ਕਰੇਗਾ ਮਨ ਵਿਚ ਸੋਚ ਲੈ, ਉਹ ਤੇਰਾ ਦੇਉਰ ਨਹੀਂ ਲੜਕਾ ਹੈ, ਪਰ ਕਲਜੁਗ ਦੀ ਗਲ ਜਮਨਾ ਹੈ ਬੀਬੀ ਜੀ, ਜਦ ਨੰਦ ਲਾਲ ਦੀਆਂ ਅੱਖਾਂ ਵਿਚ ਮੋਤੀਆ ਉਤਰ ਆਉਣ ਕਰਕੇ ਉਹ ਅੰਨ੍ਹਾ ਹੋ ਗਿਆ ਤਾਂ ਉਸੇ ਵਕੀਲ ਨੂੰ ਸਕਾ ਭਰਾ ਹੋਣ ਤੇ ਵੀ ਭਰਾ ਦੇ ਰੁਪੈ ਉਧਾਰ ਦੇਕੇ ਉਸਦੇ ਬਿਆਜ ਨਾਲ ਪਿਉ ਦਾਦੇ ਦੇ ਮਕਾਨ ਦਾ ਹਿੱਸਾ ਖੁਦ ਖਰੀਦ ਲਿਆ, ਹੁਣ ਉਹ ਵਿਚਾਰਾ ਭੀਖ ਮੰਗ ਕੇ ਢਿੱਡ ਭਰਦਾ ਹੈ, ਤੇ ਰੋ ਰੋ ਕੇ ਆਖਦਾ ਹੈ, ਕਿ ਘਰ ਵਾਲੀ ਦੀ ਗਲ ਮੰਨਣ ਕਰਕੇ ਹੀ ਉਸਦੀ ਇਹ ਹਾਲਾਤ ਹੋਈ ਹੈ। ਉਹ ਕੋਈ ਚਾਚੇ ਦਾ ਪੁੱਤ ਜਾਂ ਮਤਰੇਇਆ ਭਰਾ ਨਹੀਂ ਸੀ ਖਾਸ ਸਕਾ ਭਰਾ ਸੀ । ਸਿਧੇਸ਼ਵਰੀ ਮਨ ਹੀ ਮਨ ਵਿੱਚ ਤੜਫ ਉਠੀ, ਇਹ ਕੀ ਆਖ ਰਹੀ ਏਂ?
ਨੈਨਤਾਰਾ ਨੇ ਆਖਿਆ, ਮੈਂ ਝੂਠ ਨਹੀਂ ਆਖਦੀ, ਇਸ ਗਲ ਨੂੰ ਦੁਨੀਆਂ ਜਾਣਦੀ ਹੈ ।
ਸਿਧੇਸ਼ਵਰੀ ਫੇਰ ਕੁਝ ਬੋਲੀ, ਇਸ ਤੋਂ ਪਹਿਲਾਂ ਇਸਦੇ ਮਨ ਅੰਦਰ ਆਈ ਸੀ ਕਿ ਉਹ ਸ਼ੈਲਜਾ ਨੂੰ ਸੱਦ ਕੇ ਜਾਣ ਤੋਂ ਰੋਕ ਦੇਵੇ। ਇਹ ਵੀ ਉਹ ਘੜੀ ਮੁੜੀ ਸੋਚ ਰਹੀ ਸੀ ਕਿ ਕਿਸਤਰਾਂ ਉਸਦਾ ਜਾਣਾ ਰੁਕ ਸਕਦਾ ਹੈ ? ਪਰ ਹੁਣ ਨੰਦ ਲਾਲ ਦੀ ਵਾਰਤਾ ਸੁਣਕੇ ਉਸਦਾ ਹਿਰਦਾ ਇਕ ਵਾਰ ਬਿਆਕੁਲ ਹੋ ਗਿਆ, ਸ਼ੈਲਜਾ ਨੂੰ ਰੋਕਣ ਦਾ ਫੇਰ ਉਸਨੂੰ ਉਤਸ਼ਾਹ ਨ ਰਿਹਾ ।
ਗਰੀਸ਼ ਇਸ ਵੇਲੇ ਕਚਹਿਰੀ ਜਾਣ ਨੂੰ ਤਿਆਰ ਹੁੰਦੇ ਪਏ ਸਨ ਕਿ ਰਮੇਸ਼ ਨੇ ਆਕੇ ਕਿਹਾ, ਮੈ ਦੇਸ਼ ਵਾਲੇ ਘਰ ਜਾ ਰਹਿਣ ਨੂੰ ਸੋਚ ਰਿਹਾ ਹਾਂ ।
'ਕਿਉਂ ?'
ਕੋਈ ਨ ਰਹੇਗਾ ਤਾਂ ਘਰ ਢਹਿ ਜਾਇਗਾ । ਸਭ ਜਾਇਦਾਦ ਖਰਾਬ ਹੋ ਜਾਇਗੀ ਇਥੇ ਮੇਰਾ ਕੋਈ ਕੰਮ ਵੀ ਨਹੀਂ, ਇਸ ਕਰਕੇ ਆਖ ਰਿਹਾ ਹਾਂ ।
ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ ਇਹ ਆਖ ਕੇ ਗਰੀਸ਼ ਨੇ ਆਪਣੀ ਰਾਏ ਦੇ ਦਿੱਤੀ।
ਛੋਟੇ ਭਰਾ ਦੀ ਬੇਨਤੀ ਵਿਚ ਕਿੰਨਾ ਘਰੋਂ ਵਿਛੜਨ ਦਾ ਦਰਦ, ਕਿੰਨਾ ਮਾਨਸਕ ਦੁਖ ਛੁਪਿਆ ਹੋਇਆ ਸੀ, ਇਸਦਾ ਉਸ ਭਲੇ ਆਦਮੀ ਨੂੰ ਕੁਝ ਵੀ ਪਤਾ ਨਹੀਂ ਸੀ । ਉਸਦੇ ਕਚਹਿਰੀ ਚਲੇ ਜਾਣ ਤੇ ਸ਼ੈਲਜਾ ਨੇ ਆਪਣੀ ਜਿਠਾਲੀ ਦੇ ਕਮਰੇ ਦੇ ਸਾਹਮਣੇ, ਦਲੀਜ਼ ਤੇ ਝੁਕ ਕੇ ਜਿਠਾਣੀ ਨੂੰ ਮੱਥਾ ਟੇਕਿਆ। ਇਕ ਮਾਮੂਲੀ ਜਿਹਾ ਟ੍ਰੰਕ ਲੈ ਕੇ, ਉਹ ਚੌਂਹ ਬਚਿਆਂ ਸਮੇਤ ਬਾਹਰ ਨਿਕਲ ਗਈ।
ਸਿਧੇਸ਼ਵਰੀ ਬਿਸਤਰੇ ਤੇ ਲੱਕੜ ਵਾਂਗੂ ਪਈ ਰਹੀ ਨੈਨਤਾਰਾ ਉਪਰ ਦੀ ਮੰਜ਼ਲ ਤੇ ਜਾਕੇ ਖਿੜਕੀ ਖੋਲ੍ਹ ਕੇ ਵੇਖਦੀ ਰਹੀ।Page ਫਰਮਾ:Custom rule/styles.css has no content.Script error: No such module "Custom rule".